ਪੜਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ
ਜਿਹੜਾ ਸਬਦ ਨਾਂਵ ਦੀ ਥਾਂ ਵਰਤਿਆ ਜਾਵੇ, ਉਸ ਨੂੰ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ :- ਤੁਸੀਂ, ਉਹ, ਕਈ, ਅਹੁ, ਕੌਣ।
ਪੜਨਾਂਵ ਦੀਆਂ 6 ਕਿਸਮਾਂ ਹਨ :
1. ਪੂਰਖ-ਵਾਚਕ ਪੜਨਾਂਵ
2. ਨਿੱਜ-ਵਾਚਕ ਪੜਨਾਂਵ
3. ਨਿਸ਼ਚੇ-ਵਾਚਕ ਪੜਨਾਂਵ
4. ਅਨਿਸ਼ਚੇ-ਵਾਚਕ ਪੜਨਾਂਵ
5. ਸੰਬੰਧ-ਵਾਚਕ ਪੜਨਾਂਵ
6. ਪ੍ਰਸ਼ਨ-ਵਾਚਕ ਪੜਨਾਂਵ
1. ਪੁਰਖ-ਵਾਚਕ ਪੜਨਾਂਵ: ਜਿਹੜੇ ਸਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ `ਤੇ ਵਰਤਦੇ ਹਾਂ, ਉਹਨਾਂ ਨੂੰ ਪੁਰਖ-ਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:- ਮੈਂ, ਤੁਸੀਂ, ਉਹ ਆਦਿ।
ਪੁਰਖ-ਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ :
ਉੱਤਮ ਪੁਰਖ ਜਾਂ ਪਹਿਲਾ ਪੁਰਖ : ਜਿਹੜਾ ਪੁਰਖ ਗੱਲ ਕਰਦਾ ਹੈ, ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ, ਜਿਵੇਂ:- ਮੈਂ, ਮੈਨੂੰ, ਅਸੀਂ, ਸਾਡਾ ਆਦਿ।
ਮੱਧਮ ਪੁਰਖ : ਜਿਸ ਪੁਰਖ ਨਾਲ਼ ਗੱਲ ਕੀਤੀ ਜਾਵੇ, ਉਸ ਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ, ਜਿਵੇਂ:- ਤੂੰ, ਤੁਸੀਂ, ਤੇਰਾ, ਤੁਹਾਡਾ ਆਦਿ।
ਅਨਯ ਪੁਰਖ : ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਅਨਯ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ, ਜਿਵੇ:- ਉਹ, ਉਹਨਾਂ ਆਦਿ।
2. ਨਿੱਜ-ਵਾਚਕ ਪੜਨਾਂਵ: ਜਿਹੜਾ ਸ਼ਬਦ ਕਰਤਾ ਦੇ ਨਾਲ਼ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ, ਉਸ ਨੂੰ ਨਿੱਜ- ਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:-
ਮੈਂ ਆਪ ਉਸ ਨੂੰ ਸਮਝਾਇਆ।
ਲੜਕੇ ਆਪਸ ਵਿੱਚ ਲੜਦੇ ਹਨ।
3. ਨਿਸ਼ਚੇ-ਵਾਚਕ ਪੜਨਾਂਵ: ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਥਾਂ `ਤੇ ਵਰਤੇ ਜਾਣ, ਉਹਨਾਂ ਨੂੰ ਨਿਸਚੇਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ:-
ਅਹੁ ਕੁਝ ਬਣ ਰਿਹਾ ਹੈ।
ਇਹ ਬੜਾ ਹਾਜਰ-ਜਵਾਬ ਹੈ।
4. ਅਨਿਸਚੇ-ਵਾਚਕ ਪੜਨਾਂਵ: ਜਿਹੜੇ ਪੜਨਾਂਵ-ਸੁਬਦਾਂ ਤੋਂ ਕਿਸੇ ਵਿਅਕਤੀ, ਸਥਾਨ, ਵਸਤੂ ਆਦਿ ਦਾ ਸਪਸ਼ਟ ਜਾਂ ਨਿਸ਼ਚੇ-ਪੂਰਵਕ ਗਿਆਨ ਨਾ ਹੋਵੇ , ਉਹਨਾਂ ਨੂੰ ਅਨਿਸਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:-
ਕੋਈ ਗੀਤ ਗਾ ਰਿਹਾ ਹੈ।
ਕਈ ਆਉਂਦੇ ਹਨ।
5. ਸੰਬੰਧ-ਵਾਚਕ ਪੜਨਾਂਵ: ਜਿਹੜਾ ਸੁਬਦ ਨਾਂਵ ਸੁਬਦ ਦੀ ਥਾਂ ਵਰਤਿਆ ਜਾਵੇ ਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਉਸ
ਨੂੰ ਸੰਬੰਧ-ਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:-
ਲੋਕ ਜੇ ਆਪਸ ਵਿੱਚ ਪਿਆਰ ਕਰਦੇ ਹਨ, ਸੁਖੀ ਵੱਸਦੇ ਹਨ।
ਉਹ ਸਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ, ਫੜਿਆ ਗਿਆ।
6. ਪ੍ਰਸ਼ਨ -ਵਾਚਕ ਪੜਨਾਂਵ: ਜਿਹੜਾ ਸੁਬਦ ਨਾਂਵ ਦੀ ਥਾਂ ਵਰਤਿਆ ਜਾਵੇ ਪਰ ਨਾਲ਼ ਹੀ ਉਸ ਵੱਲੋਂ ਕੋਈ ਪੁੱਛ-ਗਿੱਛ ਕੀਤੀ ਜਾਵੇ, ਉਸ
ਨੂੰ ਪ੍ਰਸ਼ਨ-ਵਾਚਕ ਪੜਨਾਂਵ ਕਿਹਾ ਜਾਦਾ ਹੈ, ਜਿਵੇਂ:-
ਕੌਣ ਰੋ ਰਿਹਾ ਹੈ?
ਗਲਾਸ ਕਿਸ ਨੇ ਤੋੜਿਆ ਹੈ?