ਦਾਜ ਦੀ ਸਮੱਸਿਆ
ਵਿਆਹ ਮੌਕੇ ਲੜਕੀ ਦੇ ਮਾਪਿਆਂ ਵਲੋਂ ਲੜਕੇ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਨਕਦੀ, ਗਹਿਣੇ, ਕੱਪੜੇ, ਬਿਸਤਰੇ, ਫਰਨੀਚਰ, ਟੈਲੀਵੀਜ਼ਨ, ਸਕੂਟਰ-ਕਾਰ ਆਦਿ ਸਭ ਚੀਜ਼ਾਂ ਨੂੰ ਦਾਜ ਕਿਹਾ ਜਾਂਦਾ ਹੈ। ਦਾਜ ਦੇਣਾ ਇੱਕ ਬਹੁਤ ਹੀ ਪੁਰਾਣੀ ਪਰੰਪਰਾ ਹੈ। ਜੋ ਸਮੇਂ ਦੇ ਬੀਤਣ ਨਾਲ਼ ਭਿਆਨਕ ਤੇ ਹਾਨੀਕਾਰਕ ਰੂਪ ਧਾਰਨ ਕਰ ਚੁੱਕੀ ਹੈ। ਅੱਜ ਇਹ ਇੱਕ ਸਮਾਜਿਕ ਸਮੱਸਿਆ ਬਣ ਚੁੱਕੀ ਹੈ।
ਪੁਰਾਣੇ ਸਮਿਆਂ ਵਿੱਚ ਸਾਡੇ ਦੇਸ਼ ਵਿੱਚ ਲੜਕੀ ਦੇ ਵਿਆਹ ਨੂੰ ‘ਕੰਨਿਆ-ਦਾਨ’ ਸਮਝਿਆ ਜਾਂਦਾ ਸੀ। ਵਿਆਹ ’ਤੇ ਮਾਪੇ, ਰਿਸ਼ਤੇਦਾਰ, ਗੁਆਂਢੀ ਆਪਣੀ ਪਹੁੰਚ ਅਨੁਸਾਰ ਕੁਝ ਸੁਗਾਤਾਂ ਵਿਆਹੀ ਜਾ ਰਹੀ ਨਵੀਂ ਜੋੜੀ ਨੂੰ ਦਿੰਦੇ ਸਨ ਤਾਂ ਜੋ ਉਹ ਆਪਣਾ ਘਰ ਅਰਾਮ ਨਾਲ਼ ਸ਼ੁਰੂ ਕਰ ਸਕੇ। ਪਰ ਹੌਲ਼ੀ-ਹੌਲ਼ੀ ਇਹ ਰੀਤ ਐਨੀ ਪੱਕ ਗਈ ਕਿ ਹੁਣ ਲੜਕੇ ਵਾਲੇ ਲੜਕੀ ਦੀ ਦਿੱਖ, ਗੁਣ, ਵਿੱਦਿਅਕ ਯੋਗਤਾ ਆਦਿ ਨਹੀਂ ਵੇਖਦੇ ਸਗੋਂ ਦਾਜ ਦਾ ਵੇਰਵਾ ਵੇਖਦੇ ਹਨ। ਵਿਆਹ ਲੜਕੀ ਨਾਲ਼ ਨਹੀਂ ਸਗੋਂ ਦਾਜ ਨਾਲ਼ ਹੋਣ ਲੱਗ ਪਿਆ ਹੈ। ਲੜਕੇ ਵਾਲਿਆਂ ਵੱਲੋਂ ਦਾਜ ਮੂੰਹੋਂ ਮੰਗਿਆ ਜਾਣ ਲੱਗ ਪਿਆ ਹੈ। ਇਸ ਨਾਲ਼ ਅਣਜੋੜ ਵਿਆਹ ਹੁੰਦੇ ਹਨ ਜੋ ਅੱਗੋਂ ਗੰਭੀਰ ਸਮੱਸਿਆ ਧਾਰਨ ਕਰ ਜਾਂਦੇ ਹਨ। ਭਰੂਣ ਹੱਤਿਆ ਵੀ ਇਸੇ ਕੁਰੀਤੀ ਦਾ ਨਤੀਜਾ ਹੈ।
ਦਾਜ ਇੱਕ ਲਾਹਨਤ ਹੈ
ਅਮੀਰ ਲੋਕ ਲੜਕੀ ਦੇ ਵਿਆਹ ਵਿੱਚ ਦਾਜ ਦੇਣਾ ਆਪਣੀ ਇੱਜਤ ਸਮਝਦੇ ਹਨ। ਪਰ ਗ਼ਰੀਬ ਲਈ ਧੀ ਦਾ ਵਿਆਹ ਕਰਨਾ ਵੱਡੀ ਸਮੱਸਿਆ ਬਣ ਚੁੱਕੀ ਹੈ। ਕਰਜ਼ਾ ਚੁੱਕ ਕੇ ਵਿਆਹ ਕਰਨ ਮਗਰੋਂ ਵੀ ਲਾਲਚੀ ਸਹੁਰੇ ਹੋਰ ਮੰਗਾਂ ਲਈ ਲੜਕੀ ਨੂੰ ਤੰਗ ਕਰਦੇ ਹਨ। ਜਿਸ ਦਾ ਅੰਤ ਜਾਂ ਤਾਂ ਲੜਕੀ ਨੂੰ ਕਿਸੇ ਬਹਾਨੇ ਮਾਰ ਦਿੱਤਾ ਜਾਂਦਾ ਹੈ ਜਾਂ ਉਹ ਆਪ ਆਤਮਘਾਤ ਕਰ ਲੈਂਦੀ ਹੈ।
ਇੱਕ ਚੰਗੇ ਸਮਾਜ ਲਈ ਸਭ ਨੂੰ ਇਸ ਪ੍ਰਥਾ ਦਾ ਵਿਰੋਧ ਕਰਨਾ ਚਾਹੀਦਾ ਹੈ। ਨੌਜਵਾਨ ਮੁੰਡੇ-ਕੁੜੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਨਾ ਆਪਣੇ ਵਿਆਹ ’ਤੇ ਦਾਜ ਲੈਣਗੇ ਅਤੇ ਨਾ ਦਾਜ ਦੇਣਗੇ। ਸਰਕਾਰ ਨੂੰ ਵੀ ਦਾਜ ਦੇਣ ਤੇ ਲੈਣ ਵਿਰੁੱਧ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ। ਇਸ ਵਿਸ਼ੇ ’ਤੇ ਟੀ.ਵੀ., ਰੇਡੀਓ ਤੇ ਅਖ਼ਬਾਰਾਂ ਰਾਹੀਂ ਪ੍ਰਚਾਰ ਕਰਨਾ ਚਾਹੀਦਾ ਹੈ। ਇਸਤਰੀ ਨੂੰ ਮਰਦ ਦੇ ਬਰਾਬਰ ਸਨਮਾਨ-ਪੂਰਨ ਦਰਜਾ ਦੇਣਾ ਚਾਹੀਦਾ ਹੈ। ਲੜਕੀਆਂ ਦੀ ਵਿੱਦਿਆ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰਾਂ ’ਤੇ ਆਪ ਖੜ੍ਹੀਆਂ ਹੋ ਸਕਣ।
ਛੱਡੋ ਦੇਸ ਵਾਸੀਓ ਭੈੜੇ ਰਿਵਾਜ ਨੂੰ, ਸਵੇਰਿਆਂ ਦੇ ਚਾਨਣ ’ਚ ਬਦਲੋਂ ਸਮਾਜ ਨੂੰ।