ਪ੍ਰਦੂਸ਼ਣ ਦੀ ਸਮੱਸਿਆ
ਪ੍ਰਦੂਸ਼ਣ ਤੋਂ ਭਾਵ ਹੈ ਸਾਡਾ ਕੁਦਰਤੀ ਵਾਤਾਵਰਨ ਸਾਡੇ ਰਹਿਣਯੋਗ ਨਾ ਹੋਣਾ। ਮਨੁੱਖ ਦੀ ਆਧੁਨਿਕ ਦੁਨੀਆਂ ਦੀ ਚਾਹਤ ਅਤੇ ਲਾਪਰਵਾਹੀ ਕਾਰਨ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਦੂਸ਼ਣ ਕਾਰਨ ਸਾਡੇ ਆਲੇ-ਦੁਆਲੇ ਅਨੇਕਾਂ ਨਵੀਂਆਂ ਬਿਮਾਰੀਆਂ ਤੇ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਚਾਰ ਪ੍ਰਕਾਰ ਦਾ ਪ੍ਰਦੂਸ਼ਣ– ਧਰਤੀ ‘ਤੇ ਰਹਿਣ ਵਾਲ਼ੇ ਜੀਵਾਂ ਲਈ ਖ਼ਤਰਨਾਕ ਹੈ। ਪਾਣੀ ਪ੍ਰਦੂਸ਼ਣ : ਪਾਣੀ ਜੀਵਨ ਦਾ ਅਧਾਰ ਹੈ। ਪਰ ਅਜੌਕੇ ਮਨੁੱਖ ਵਲੋਂ ਕਾਰਖ਼ਾਨਿਆਂ, ਸੀਵਰੇਜ, ਘਰਾਂ ਦਾ ਗੰਦ ਦਰਿਆਂਵਾਂ, ਨਾਲ਼ਿਆਂ ਵਿਚ ਸੁੱਟ ਕੇ ਪੀਣਯੋਗ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ। ਪੋਲੀਥੀਨ ਦੀ ਵਰਤੋਂ ਨੇ ਵੀ ਪਾਣੀ ਪ੍ਰਦੂਸ਼ਣ ਕਾਰਨ ਪਾਣੀ ਵਿਚ ਰਹਿਣ ਵਾਲ਼ੇ ਜੀਵਾਂ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ। ਪਾਣੀ ਪ੍ਰਦੂਸ਼ਣ ਕਰਕੇ ਪੇਟ ਦੀਆਂ ਬਿਮਾਰੀਆਂ ਹੈਜ਼ਾ, ਮਲੇਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਹਵਾ ਪ੍ਰਦੂਸ਼ਣ : ਜੀਵਾਂ ਦੇ ਸਾਹ ਲੈਣ ਲਈ ਸ਼ੁੱਧ ਹਵਾ ਸਭ ਤੋਂ ਜ਼ਰੂਰੀ ਹੈ। ਪਰ ਕੋਲੇ, ਭਾਵ, ਡੀਜ਼ਲ ਅਤੇ ਪੈਟਰੋਲ ਨਾਲ ਚੱਲਣ ਵਾਲੇ ਇੰਜਣਾਂ ਨੇ ਉਦਯੋਗੀਕਰਨ ਦੀ ਤਰੱਕੀ ਦੇ ਨਾਲ਼ ਪ੍ਰਦੂਸ਼ਣ ਵਿਚ ਅਸੀਮ ਵਾਧਾ ਕੀਤਾ ਹੈ। ਕਾਰਖ਼ਾਨਿਆਂ ਦੀਆਂ ਚਿਮਨੀਆਂ ਚੋਂ ਨਿਕਲਣ ਵਾਲ਼ੇ ਧੂੰਏ ਨੇ ਹਵਾ ਵਿਚ ਸਲਫਰ, ਕਾਰਬਨ, ਨਾਈਟ੍ਰੋਜਨ ਆਦਿ ਤੱਤਾਂ ਵਿਚ ਵਾਧਾ ਕਰ ਹਵਾ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ।
ਭੂਮੀ ਪ੍ਰਦਸ਼ਣ : ਖੇਤੀ ਦੀ ਉਪਜ ਨੂੰ ਵਧਾਉਣ ਲਈ ਲੋੜੋਂ ਵੱਧ ਰਸਾਇਣਿਕ ਖਾਦਾਂ ਦੀ ਵਰਤੋਂ ਹੋ ਰਹੀ ਹੈ। ਇਸ ਨਾਲ ਧਰਤੀ ਤੋਂ ਪੈਦਾ ਅੰਨ ਤੇ ਸਬਜ਼ੀਆਂ ਆਦਿ ਰਾਹੀਂ ਖਾਦਾਂ ਦਾ ਜ਼ਹਿਰ ਮਨੁੱਖਾਂ ਦੇ ਅੰਦਰ ਜਾ ਰਿਹਾ ਹੈ। ਕਾਰਖ਼ਾਨਿਆਂ ਅਤੇ ਘਰਾਂ ਦਾ ਕੂੜਾ-ਕਰਕਟ ਵੀ ਭੂਮੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਭੂਮੀ ਪ੍ਰਦੂਸ਼ਣ ਕਰਕੇ ਚਮੜੀ ਦੇ ਰੋਗ ਫੈਲ ਰਹੇ ਹਨ। ਅਜਿਹੀ ਸਥਿਤੀ ਵਿੱਚ ਧਰਤੀ ‘ਤੇ ਜੀਵਨ ਅਸੰਭਵ ਹੈ ।
ਧੁਨੀ ਪ੍ਰਦਸਣ : ਆਵਾਜਾਈ ਦੇ ਸਾਧਨ, ਕਾਰਖਾਨੇ, ਜਰਨੇਟਰ, ਲਾਊਡ ਸਪੀਕਰ, ਬੰਬ ਵਿਸਫ਼ੋਟ ਲਗਾਤਾਰ ਧੁਨੀ-ਪ੍ਰਦੂਸ਼ਣ ਵਿਚ ਵਾਧਾ ਕਰ ਰਹੇ ਹਨ। ਜਿਸ ਨਾਲ਼ ਮਨੁੱਖ ਦੀ ਸ਼ਾਂਤੀ ਭੰਗ ਹੋ ਰਹੀ ਹੈ। ਬਲੱਡਪ੍ਰੈਸ਼ਰ, ਸਿਰ ਦਰਦ, ਚਿੜਚੜਾਪਣ, ਬੋਲਾਪਣ, ਨੀਂਦ ਨਾ ਆਉਣਾ ਆਦਿ ਕਈ ਤਰ੍ਹਾਂ ਦੇ ਰੋਗਾਂ ਵਿਚ ਵਾਧਾ ਹੋ ਰਿਹਾ ਹੈ। ਮਨੁੱਖ ਨੇ ਸਵਰਗ ਵਰਗੀ ਧਰਤੀ ’ਤੇ ਜਿਉਂਦੇ ਜੀਅ ਨਰਕ ਪੈਦਾ ਕਰ ਲਿਆ ਹੈ।
ਸੁਝਾਅ :
1. ਅਬਾਦੀ ਤੇ ਕੰਟਰੋਲ ਕਰਨਾ।
2. ਵੱਧ ਤੋਂ ਵੱਧ ਰੁੱਖ ਲਗਾਉਣੇ।
3. ਪਾਲੀਥੀਨ ਦੀ ਵਰਤੋਂ ਬੰਦ ਕਰਨੀ ।
4. ਡੰਗਰਾਂ ਦੇ ਮਲ-ਮੂਤਰ, ਕੂੜਾ-ਕਰਕਟ, ਫਾਲਤੂ ਉਦਯੋਗਿਕ ਪਦਾਰਥਾਂ ਨੂੰ ਠੀਕ ਤਰ੍ਹਾਂ ਨਾਲ ਸੰਭਾਲਣਾ।
5. ਜ਼ਹਿਰੀਲੀਆਂ ਗੈਸਾਂ ਪੈਦਾ ਕਰਨ ਵਾਲੇ ਕਾਰਖਾਨਿਆਂ ਨੂੰ ਬੰਦ ਕਰਨਾ।
6. ਆਮ ਲੋਕਾਂ ਨੂੰ ਪ੍ਰਦੂਸ਼ਣ ਦੇ ਮਾਰੂ ਖ਼ਤਰਿਆਂ ਤੋਂ ਜਾਣੂ ਕਰਵਾਉਣਾ।
7. ਪ੍ਰਦੂਸ਼ਣ ਸਬੰਧੀ ਪਾਸ ਕੀਤੇ ਗਏ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਾ।
ਪ੍ਰਦੂਸ਼ਣ ਵਰਗੀ ਸਮੱਸਿਆ ਵੱਲ ਸਮੇਂ ਸਿਰ ਉਚੇਚਾ ਧਿਆਨ ਨਾ ਦਿੱਤਾ ਗਿਆ ਤਾਂ ਉਸ ਦੇ ਬਹੁਤ ਹੀ ਭਿਆਨਕ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ।