ਪੰਦਰਾਂ ਅਗਸਤ
ਸੁਤੰਤਰਤਾ ਦਾ ਜ਼ਰੂਰਤ ਚੰਗੀ ਜ਼ਿੰਦਗੀ ਲਈ ਸੁਤੰਤਰਤਾ ਮਨੁੱਖ ਲਈ ਓਨੀ ਹੀ ਜ਼ਰੂਰੀ ਹੈ ਜਿੰਨਾ ਜਿਉਂਦੇ ਰਹਿਣ ਲਈ ਸਾਹ ਲੈਣਾ। ਕੋਈ ਵਿਅਕਤੀ ਉਦੋਂ ਹੀ ਬੋਲਣ, ਸੁਣਨ, ਘੁੰਮਣ ਆਦਿ ਸੁਤੰਰਤਾ ਦਾ ਆਨੰਦ ਮਾਣ ਸਕਦਾ ਹੈ ਜਦੋਂ ਉਹ ਸੁਤੰਤਰ ਦੇਸ਼ ਦਾ ਵਾਸੀ ਹੋਵੇ। ਗ਼ੁਲਾਮੀ ਦੇ ਜੀਵਨ ਨਾਲੋਂ ਮੌਤ ਚੰਗੀ ਹੁੰਦੀ ਹੈ।
ਅੰਗਰੇਜ਼ਾਂ ਵਿਰੁੱਧ ਸੰਘਰਸ਼ – ਭਾਰਤ ਦੇ ਲੋਕਾਂ ਨੇ ਗੁਲਾਮੀ ਦੇ ਦੁੱਖ ਨੂੰ ਬਹੁਤਾ ਅੰਗਰੇਜ਼ੀ ਰਾਜ ਵਿਚ ਹੀ ਮਹਿਸੂਸ ਕੀਤਾ। ਸਮੁੱਚੇ ਭਾਰਤ ਵਿਚੋਂ ਉੱਠੇ ਦੇਸ਼-ਭਗਤਾਂ ਨੇ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਤੇ ਸੁਤੰਤਰਤਾ ਪ੍ਰਾਪਤੀ ਲਈ ਕੁਰਬਾਨੀਆਂ ਦਿੱਤੀਆਂ। ਅਜ਼ਾਦੀ ਦੀ ਲੜਾਈ ਵਿਚ ਨਾਮਧਾਰੀ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਕਾਂਗਰਸ ਪਾਰਟੀ, ਬੱਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ, ਅਜ਼ਾਦ ਹਿੰਦ ਫੌਜ ਆਦਿ ਵਿਚ ਹਿੱਸਾ ਲੈ ਰਹੇ ਨੌਜਵਾਨਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਕਰਤਾਰ ਸਿੰਘ ਸਰਾਭਾ, ਸ : ਅਜੀਤ ਸਿੰਘ, ਗੰਗਾਧਰ ਤਿਲਕ, ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਆਦਿ ਅਜ਼ਾਦੀ ਦੀ ਲਹਿਰ ਦੇ ਪ੍ਰਸਿੱਧ ਆਗੂ ਹੋਏ ਹਨ।
ਅਜ਼ਾਦੀ ਦੀ ਪ੍ਰਾਪਤੀ – ਅੰਤ ਦੇਸ਼-ਭਗਤਾਂ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਅੱਗੇ ਝੁਕਦੇ 15 ਅਗਸਤ, 1947 ਈ: ਨੂੰ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤੇ ਭਾਰਤ ਵਿਚ ਅਜ਼ਾਦੀ ਦੀਆਂ ਸੁਨਹਿਰੀ ਕਿਰਨਾਂ ਖਿਲਾਰਦਾ ਸੂਰਜ ਨਿਕਲ ਆਇਆ।
ਸੁਤੰਤਰਤਾ ਦਿਵਸ ਦੇ ਸਮਾਰੋਹ 15 ਅਗਸਤ ਦਾ ਦਿਨ ਸਮੁੱਚੇ ਭਾਰਤ-ਵਾਸੀਆਂ ਲਈ ਗੌਰਵ ਭਰਿਆ ਦਿਨ ਹੈ। ਹਰ ਸਾਲ ਭਾਰਤਵਾਸੀ ਇਸ ਦਿਨ ਨੂੰ ਇਕ ਤਿਉਹਾਰ ਵਾਂਗ ਮਨਾਉਂਦੇ ਹਨ। ਇਸ ਦਿਨ ਸਵੇਰੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਉੱਪਰ ਤਿਰੰਗਾ ਝੰਡਾ ਝੁਲਾਉਂਦੇ ਹਨ। ਉਹ ਅਜ਼ਾਦੀ ਦੇ ਯੋਧਿਆਂ ਨੂੰ ਸ਼ਰਧਾਂਜਲੀਆਂ ਭੇਟਾ ਕਰਦੇ ਹੋਏ ਕੌਮ ਦੇ ਨਾਂ ਸੰਦੇਸ਼ ਪ੍ਰਸਾਰਿਤ ਕਰਦੇ ਹਨ। ਦੇਸ਼ ਦੀਆਂ ਸੈਨਾਵਾਂ ਪਰੇਡ ਕਰਦੀਆਂ ਹਨ ਤੇ ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸਕੂਲੀ ਬੱਚੇ ਵੀ ਪਰੇਡ ਕਰਦੇ ਤੇ ਝਾਕੀਆਂ ਕੱਢਦੇ ਹਨ। ਰਾਸ਼ਟਰੀ ਗੀਤ ਗਾਇਆ ਜਾਂਦਾ ਹੈ।। ਸਾਰੇ ਦੇਸ਼ ਵਾਸੀ ਟੈਲੀਵਿਜ਼ਨ ਉੱਪਰ ਇਸ ਪ੍ਰੋਗਰਾਮ ਨੂੰ ਦੇਖਦੇ ਹਨ। ਦੇਸ਼ ਦੀ ਰਾਜਧਾਨੀ ਤੋਂ ਇਲਾਵਾ ਦੇਸ਼ ਭਰ ਵਿਚ ਭਿੰਨ-ਭਿੰਨ ਥਾਵਾਂ ਉੱਤੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਰਾਜਾਂ ਦੇ ਮੁੱਖ ਮੰਤਰੀ, ਦੂਸਰੇ ਮੰਤਰੀ ਤੇ ਜ਼ਿਲ੍ਹਾ ਅਧਿਕਾਰੀ ਭਿੰਨ-ਭਿੰਨ ਮਿੱਥੇ ਥਾਂਵਾਂ ਉੱਪਰ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ।
ਦੇਸ਼ ਪ੍ਰਤੀ ਸਾਡਾ ਫਰਜ਼ ਭਾਰਤੀਆਂ ਨੂੰ ਇਹ ਦਿਨ ਬੇਅੰਤ ਕੁਰਬਾਨੀਆਂ ਤੇ ਸੈਂਕੜੇ ਸ਼ਹੀਦੀਆਂ ਪਿੱਛੋਂ ਪ੍ਰਾਪਤ ਹੋਇਆ ਹੈ। ਅੱਜ ਸਾਡਾ ਕਰਤੱਵ ਹੈ ਕਿ ਅਸੀਂ ਭਾਰਤ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ, ਮਨ ਤੇ ਧਨ ਕੁਰਬਾਨ ਕਰਨ ਲਈ ਤਿਆਰ ਰਹੀਏ ਤੇ ਇੱਥੇ ਪਸਰ ਰਹੇ ਭ੍ਰਿਸ਼ਟਾਚਾਰ ਤੇ ਕੱਟੜਵਾਦ ਵਿਰੋਧ ਕਰੀਏ।