ਸ਼ਹੀਦ ਭਗਤ ਸਿੰਘ
ਜਾਣ-ਪਛਾਣ- ਭਾਰਤ ਦਾ ਇਤਿਹਾਸ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨਾਲ਼ ਭਰਪੂਰ ਹੈ। ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਦੇਸ਼-ਭਗਤਾਂ ਨੇ ਲੰਮਾ ਘੋਲ਼ ਕੀਤਾ। ਸ. ਭਗਤ ਸਿੰਘ ਉਹਨਾਂ ਸੂਰਮਿਆਂ ਵਿਚੋਂ ਇੱਕ ਸੀ। ਉਹਨਾਂ ਵਰਗੀ ਦ੍ਰਿੜਤਾ, ਬਹਾਦਰੀ, ਨਿਡਰਤਾ, ਉੱਚੀ ਸ਼ਖਸੀਅਤ, ਦੇਸ਼ ਪਿਆਰ ਅਤੇ ਕੁਰਬਾਨੀ ਦੇ ਜਜ਼ਬੇ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਵਿਰਲੀ ਹੀ ਮਿਲਦੀ ਹੈ।
ਜਨਮ– ਉਹਨਾਂ ਦਾ ਜਨਮ 1907 ਵਿਚ ਸ. ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ, ਪਿੰਡ ਬੰਗਾ (ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ) ਵਿਚ ਹੋਇਆ। ਪ੍ਰਸਿੱਧ ਇਨਕਲਾਬੀ ਸ. ਅਜੀਤ ਸਿੰਘ ਉਹਨਾਂ ਦੇ ਚਾਚਾ ਜੀ ਸਨ।
ਸਿੱਖਿਆ– ਉਹਨਾਂ ਨੇ ਮੁੱਢਲੀ ਵਿੱਦਿਆ ਖਟਕੜ ਕਲਾਂ ਵਿਚ ਰਹਿ ਕੇ ਪ੍ਰਾਪਤ ਕੀਤੀ। ਬਚਪਨ ਵਿਚ ਕਰਤਾਰ ਸਿੰਘ ਸਰਾਭਾ ਦੀ ਫਾਂਸੀ ਚੜ੍ਹਨ ਦੀ ਘਟਨਾ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਪ੍ਰਾਇਮਰੀ ਤੋਂ ਬਾਅਦ ਡੀ.ਏ.ਵੀ ਕਾਲਜ ਲਾਹੌਰ ਤੇ ਬਾਅਦ ਵਿਚ ਨੈਸ਼ਨਲ ਕਾਲਜ ਲਾਹੌਰ ਤੋਂ ਉਹਨਾਂ ਸਿੱਖਿਆ ਪ੍ਰਾਪਤ ਕੀਤੀ।
ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਦਾ ਅਸਰ– ਬਚਪਨ ਵਿਚ ਹੀ ਜਲ੍ਹਿਆਂ ਵਾਲ਼ੇ ਬਾਗ਼ ਦੀ ਘਟਨਾ ਨੇ ਉਸ ਦੇ ਮਨ ਵਿਚ ਅੰਗਰੇਜ਼ੀ ਰਾਜ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਜੋ ਉਸ ਦੀ ਉਮਰ ਨਾਲ਼ ਵੱਧਦੀ ਗਈ।
ਨੌਜਵਾਨ ਸਭਾ ਦਾ ਸੰਗਠਨ– 1925 ਵਿਚ ਭਗਤ ਸਿੰਘ, ਸੁਖਦੇਵ ਸਿੰਘ, ਭਗਵਤੀ ਚਰਨ ਆਦਿ ਨੇ ਨੌਜਵਾਨ ਸਭਾ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਲੜਾਈ ਆਰੰਭ ਕੀਤੀ।
ਲਾਲਾ ਲਾਜਪਤ ਰਾਏ ਨੂੰ ਮਾਰਨ ਦੀ ਘਟਨਾ– 1928 ਨੂੰ ਸਾਈਮਨ ਕਮਿਸ਼ਨ ਦੇ ਲਾਹੌਰ ਆਉਣ ’ਤੇ ਦੇਸ਼-ਭਗਤਾਂ ਨੇ ਉਸ ਦੇ ਵਿਰੋਧ ਵਿਚ ਜਲੂਸ ਕੱਢਿਆ। ਇੱਥੇ ਅੰਗਰੇਜ਼ ਅਫਸਰ ਸਾਂਡਰਸ ਵਲੋਂ ਲਾਠੀਚਾਰਜ਼ ਕਾਰਨ ਲਾਲਾ ਜੀ ਦੀ ਮੌਤ ਨੇ ਦੇਸ਼ ਵਿਚ ਰੋਹ ਜਗਾ ਦਿੱਤਾ। ਸਾਂਡਰਸ ਨੂੰ ਮਾਰਨਾ ਲਾਲਾ ਜੀ ਮੌਤ ਦਾ ਬਦਲਾ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ ਅਤੇ ਰਾਜਗੁਰੂ ਨੇ ਸਾਂਡਰਸ ਨੂੰ ਗੋਲੀ ਮਾਰ ਕੇ ਲਿਆ।
ਅਸੈਂਬਲੀ ਹਾਲ ਵਿਚ ਬੰਬ ਸੁੱਟਣਾ- ਸੁੱਤੀ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਭਗਤ ਸਿੰਘ ਨੇ ਬੀ.ਕੇ. ਦੱਤ ਨਾਲ਼ ਮਿਲ ਕੇ 8 ਅਪ੍ਰੈਲ, 1929 ਨੂੰ ਅਸੈਂਬਲੀ ਹਾਲ ਵਿਚ ਦੋ ਬੰਬ ਸੁੱਟੇ। ਲੋਕਾਂ ਵਿਚ ਜਾਗ੍ਰਿਤੀ ਲਿਆਉਣ ਲਈ ਉਹਨਾਂ ਨੇ ‘ਇਨਕਾਲ ਜ਼ਿੰਦਾਬਾਦ‘ ਤੇ ‘ਸਾਮਰਾਜਵਾਦ ਮੁਰਦਾਬਾਦ‘ ਦੇ ਨਾਅਰੇ ਲਾ ਕੇ ਗ੍ਰਿਫਤਾਰੀ ਦਿੱਤੀ।
ਫਾਂਸੀ ਦੀ ਸਜ਼ਾ– ਭਗਤ ਸਿੰਘ ਤੇ ਉਸ ਦੇ ਸਾਥੀਆਂ ‘ਤੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਸਾਂਡਰਸ ਦੇ ਕਤਲ ਲਈ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਲੋਕਾਂ ਦੇ ਜੋਸ਼ ਨੂੰ ਦੇਖਦਿਆਂ ਸਰਕਾਰ ਨੇ 23 ਮਾਰਚ, 1931 ਈ: ਨੂੰ ਰਾਤ ਵੇਲ਼ੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ। ਤਿੰਨਾਂ ਸ਼ਹੀਦਾਂ ਦੀਆਂ ਲਾਸ਼ਾਂ ਤੇਲ ਪਾ ਕੇ ਸਾੜ ਦਿੱਤੀਆਂ ਤੇ ਅੱਧਸੜੀਆਂ ਲਾਸ਼ਾਂ ਦਰਿਆ ਸਤਲੁਜ ਵਿਚ ਰੋੜ੍ਹ ਦਿੱਤੀਆਂ।
ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜੋਰ ਕਿਤਨਾ ਬਾਜ਼ੂਏ ਕਾਤਿਲ ਮੈਂ ਹੈ।