5. ਸਿਰਜਣਾ – ਇਕਾਂਗੀ
ਇਕਾਂਗੀਕਾਰ – ਪਾਲੀ ਭੁਪਿੰਦਰ ਸਿੰਘ
ਸਿਰਜਨਾ ਦਾ ਚਰਿੱਤਰ – ਚਿਤਰਨ
• ਜਾਣ-ਪਛਾਣ – ਸਿਰਜਨਾ ‘ਸਿਰਜਣਾ’ ਇਕਾਂਗੀ ਦੀ ਮੁੱਖ ਪਾਤਰ ਹੈ। ਉਸ ਦੀ ਉਮਰ 28-29 ਵਰ੍ਹੇ ਹੈ। ਉਸਦੇ ਪਤੀ ਦਾ ਨਾਂ ਕੁਲਦੀਪ ਅਤੇ ਬੀਜੀ ਉਸਦੀ ਸੱਸ ਹੈ। ਉਹ ਇੱਕ ਗਰਭਵਤੀ ਔਰਤ ਹੈ। ਉਸਦੀ ਇੱਕ ਬੇਟੀ ਹੈ। ਉਸ ਦੀ ਸੱਸ ਅਲਟਰਾਸਾਊਂਡ ਕਰਵਾ ਕੇ ਸਿਰਜਨਾ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨਾ ਚਾਹੁੰਦੀ ਹੈ। ਕੁੜੀ ਹੋਣ ਦੀ ਸੂਰਤ ਵਿੱਚ ਉਹ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣਾ ਚਾਹੁੰਦੀ ਹੈ। ਪਰ ਸਿਰਜਨਾ ਆਪਣੇ ਪਤੀ ਦਾ ਸਾਥ ਨਾ ਮਿਲਣ ਦੇ ਬਾਵਜੂਦ ਵੀ ਇਸ ਦਾ ਵਿਰੋਧ ਕਰਦੀ ਹੈ।
• ਕੁੜੀ ਅਤੇ ਮੁੰਡੇ ਨੂੰ ਸਮਾਨ ਸਮਝਣ ਵਾਲੀ – ਉਹ ਕੁੜੀ ਅਤੇ ਮੁੰਡੇ ਵਿਚ ਕੋਈ ਫ਼ਰਕ ਨਹੀਂ ਸਮਝਦੀ। ਉਹ ਜਨਮ ਤੋਂ ਪਹਿਲਾਂ ਬੱਚੇ ਦਾ ਲਿੰਗ ਪਤਾ ਕਰਨਾ ਅਤੇ ਕੁੜੀ ਹੋਣ ’ਤੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣ ਨੂੰ ਪਾਪ ਸਮਝਦੀ ਹੈ। ਜਦੋਂ ਉਸ ਦਾ ਪਤੀ ਵੀ ਉਸ ਦਾ ਸਾਥ ਨਹੀਂ ਦਿੰਦਾ ਤਾਂ ਉਹ ਪਰੇਸ਼ਾਨੀ ਦੀ ਹਾਲਤ ਵਿੱਚ ਸੱਸ ਦੁਆਰਾ ਮਜਬੂਰ ਕਰਨ ’ਤੇ ਵੀ ਫੈਸਲਾ ਲੈਂਦੀ ਹੈ ਕਿ ਉਹ ਕਿਸੇ ਵੀ ਕੀਮਤ ਉੱਤੇ ਆਪਣੀ ਅਣਜੰਮੀ ਧੀ ਦੀ ਜਾਨ ਬਚਾਏਗੀ।
• ਸਮਝਦਾਰ ਔਰਤ – ਉਹ ਇੱਕ ਸਮਝਦਾਰ ਔਰਤ ਹੈ। ਉਹ ਬੀਜੀ ਦੀ ਹਰ ਗੱਲ ਦਾ ਦਲੀਲ ਨਾਲ ਜਵਾਬ ਦਿੰਦੀ ਹੈ। ਉਹ ਇਹ ਸਮਝਾਉਣ ਦਾ ਯਤਨ ਕਰਦੀ ਹੈ ਕਿ ਭਰੂਣ-ਹੱਤਿਆ ਕਰਨਾ ਠੀਕ ਨਹੀਂ, ਇੰਝ ਕਰਨਾ ਪਾਪ ਹੈ ਅਤੇ ਅੱਗੋਂ ਇਹ ਵੀ ਜ਼ਰੂਰੀ ਨਹੀਂ ਕਿ ਉਸਦੇ ਮੁੰਡਾ ਹੀ ਹੋਵੇ।
• ਇਕ ਸੰਵੇਦਨਸ਼ੀਲ ਮਾਂ – ਸਿਰਜਨਾ ਇਕ ਸੰਵੇਦਨਸ਼ੀਲ ਮਾਂ ਹੈ। ਭਰੂਣ-ਹੱਤਿਆ ਬਾਰੇ ਸੁਣ ਕੇ ਉਸਦੇ ਅੰਦਰ ਦੀ ਦੁਨੀਆ ਵਿਚ ਕੁੱਝ ਮਹਿਸੂਸ ਹੁੰਦਾ ਹੈ। ਜਦੋਂ ਤੋਂ ਉਸਦੇ ਅੰਦਰ ਇਹ ਕਰੂੰਬਲ ਫੁੱਟੀ ਹੈ, ਉਸਨੂੰ ਬਹੁਤ ਚੰਗਾ ਲੱਗਦਾ ਹੈ। ਉਹ ਸੋਚਦੀ ਹੈ ਕਿ ਉਹ ਆਪਣੇ ਅੰਦਰ ਇੱਕ ਸਿਰਜਣਾ ਕਰ ਰਹੀ ਹੈ। ਉਸਨੂੰ ਆਪਣੇ ਔਰਤ ਹੋਣ ਦੇ ਅਰਥ ਮਹਿਸੂਸ ਹੁੰਦੇ ਹਨ। ਉਹ ਸੋਚਦੀ ਹੈ ਕਿ ਉਹ ਇੱਕ ਮਾਂ ਹੈ ਅਤੇ ਉਹ ਆਪਣੇ ਹੱਥੀਂ ਆਪਣੀ ਸਿਰਜਣਾ ਦਾ ਕਤਲ ਕਰ ਕੇ ਮਾਂ ਤੋਂ ਡੈਣ ਨਹੀਂ ਬਣ ਸਕਦੀ।
• ਵਿਰੋਧ ਕਰਨ ਵਾਲੀ – ਉਸਦੀ ਬੀਜੀ ਅਲਟਰਾਸਾਊਂਡ ਕਰਵਾ ਕੇ ਬੱਚੇ ਦਾ ਲਿੰਗ ਜਾਣ ਕੇ ਕੁੜੀ ਹੋਣ ’ਤੇ ਉਸ ਨੂੰ ਜਨਮ ਤੋਂ ਪਹਿਲਾਂ ਮਾਰ ਦੇਣਾ ਚਾਹੁੰਦੀ ਹੈ, ਤਾਂ ਸਿਰਜਨਾ ਆਪਣੇ ਪਤੀ ਦਾ ਸਾਥ ਨਾ ਮਿਲਣ ਦੇ ਬਾਵਜੂਦ ਵੀ ਇਸ ਦਾ ਵਿਰੋਧ ਕਰਦੀ ਹੈ। ਉਹ ਆਪਣੀ ਅਣਜੰਮੀ ਧੀ ਨੂੰ ਬਚਾਉਣ ਲਈ ਸਹੁਰਾ ਘਰ ਛੱਡਣ ਨੂੰ ਵੀ ਤਿਆਰ ਹੈ।
• ਵਿਸ਼ੇਸ਼ ਇਸਤਰੀ – ਇਕਾਂਗੀ ਵਿੱਚ ਸਿਰਜਨਾ ਨੇ ਭਰੂਣ-ਹੱਤਿਆ ਦਾ ਡਟ ਕੇ ਵਿਰੋਧ ਕੀਤਾ। ਇਸ ਤਰ੍ਹਾਂ ਉਹ ਇੱਕ ਖ਼ਾਸ ਔਰਤ ਬਣ ਜਾਂਦੀ ਹੈ। ਪਹਿਲਾਂ ਭਾਵੇਂ ਉਸਦਾ ਪਤੀ ਉਸਦਾ ਸਾਥ ਨਹੀਂ ਦਿੰਦਾ ਪਰ ਉਸ ਦੇ ਦ੍ਰਿੜ ਫ਼ੈਸਲੇ ਕਰਕੇ ਉਸ ਉੱਤੇ ਮਾਣ ਮਹਿਸੂਸ ਕਰਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਉਸ ਨੇ ਉਹ ਕੰਮ ਕੀਤਾ ਹੈ, ਜੋ ਆਮ ਇਸਤਰੀਆਂ ਨਹੀਂ ਕਰ ਸਕਦੀਆਂ।
ਬੀਜੀ ਦਾ ਚਰਿੱਤਰ-ਚਿਤਰਨ
• ਜਾਣ-ਪਛਾਣ – ਬੀਜੀ ‘ਸਿਰਜਣਾ‘ ਇਕਾਂਗੀ ਦੀ ਇੱਕ ਮਹੱਤਵਪੂਰਨ ਪਾਤਰ ਹੈ। ਇਕਾਂਗੀ ਵਿੱਚ ਉਹ ਇਕ ਦੁਸ਼ਟ ਪਾਤਰ ਹੈ। ਉਹ ਚਾਲੀ ਕਿੱਲੇ ਜ਼ਮੀਨ ਅਤੇ ਸ਼ੈਲਰ ਦੀ ਮਾਲਕਣ ਹੈ। ਕੁਲਦੀਪ ਉਸਦਾ ਪੁੱਤਰ ਹੈ ਅਤੇ ਸਿਰਜਨਾ ਉਸਦੀ ਨੂੰਹ ਹੈ। ਸਿਰਜਨਾ ਇਕ ਕੁੜੀ ਨੂੰ ਜਨਮ ਦੇ ਚੁੱਕੀ ਹੈ। ਇਸ ਲਈ ਬੀਜੀ ਹੁਣ ਨਹੀਂ ਚਾਹੁੰਦੀ ਕਿ ਉਹ ਇੱਕ ਹੋਰ ਧੀ ਨੂੰ ਜਨਮ ਦੇਵੇ। ਉਹ ਅਲਟਰਾਸਾਊਂਡ ਕਰਵਾ ਕੇ ਸਿਰਜਨਾ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨਾ ਚਾਹੁੰਦੀ ਹੈ ਅਤੇ ਕੁੜੀ ਹੋਣ ’ਤੇ ਉਸ ਨੂੰ ਜਨਮ ਤੋਂ ਪਹਿਲਾਂ ਮਾਰ ਦੇਣਾ ਚਾਹੁੰਦੀ ਹੈ।
• ਆਪਣੀ ਮਨਮਰਜ਼ੀ ਕਰਨ ਵਾਲੀ – ਬੀਜੀ ਆਪਣੀ ਮਨਮਰਜ਼ੀ ਕਰਨ ਵਾਲੀ ਔਰਤ ਹੈ। ਉਹ ਸਿਰਜਨਾ ਦੁਆਰਾ ਦਲੀਲ ਨਾਲ ਸਮਝਾਉਣ ਦੇ ਬਾਵਜੂਦ ਵੀ ਉਸ ਦੀ ਇੱਕ ਵੀ ਗੱਲ ਨਹੀਂ ਸੁਣਦੀ ਅਤੇ ਆਪਣੀ ਮਨਮਰਜ਼ੀ ਕਰਨਾ ਚਾਹੁੰਦੀ ਹੈ। ਪਰ ਸਿਰਜਨਾ ਦੇ ਦ੍ਰਿੜ ਇਰਾਦੇ ਉਸ ਨੂੰ ਵੀ ਬੇਵਸ ਕਰ ਦਿੰਦੇ ਹਨ।
• ਪਦਾਰਥਵਾਦੀ ਰੁਚੀਆਂ ਵਾਲੀ – ਉਹ ਪਦਾਰਥਵਾਦੀ ਰੁਚੀਆਂ ਦੀ ਮਾਲਕ ਹੈ। ਆਪਣੀ ਮਨਮਰਜ਼ੀ ਕਰਨ ਲਈ ਉਹ ਬਿਨਾਂ ਕੋਈ ਪਰਵਾਹ ਕੀਤੇ ਇੱਕ ਲੜਕੀ ਨੂੰ ਜਨਮ ਲੈਣ ਤੋਂ ਪਹਿਲਾਂ ਮਾਰ ਦੇਣਾ ਚਾਹੁੰਦੀ ਹੈ। ਉਸਨੂੰ ਸਿਰਫ਼ ਆਪਣੀ ਚਾਲੀ ਕਿੱਲੇ ਜ਼ਮੀਨ ਅਤੇ ਸ਼ੈਲਰ ਦਾ ਵਾਰਸ ਚਾਹੀਦਾ ਹੈ। ਉਹ ਆਪਣੀ ਜਾਇਦਾਦ ਨੂੰ ਧੀਆਂ ਦੇ ਦਾਜ ਵਿੱਚ ਨਹੀਂ ਦੇਣਾ ਚਾਹੁੰਦੀ।
• ਇਨਸਾਨੀਅਤ ਦੀ ਭਾਵਨਾ ਨਾ ਰੱਖਣ ਵਾਲੀ – ਉਸ ਅੰਦਰ ਇਨਸਾਨੀਅਤ ਦੀ ਭਾਵਨਾ ਬਿਲਕੁੱਲ ਵੀ ਨਹੀਂ ਹੈ। ਉਹ ਇੱਕ ਔਰਤ ਹੋ ਕੇ ਔਰਤ ਦੇ ਦਰਦ ਨੂੰ ਨਹੀਂ ਸਮਝ ਸਕਦੀ। ਉਹ ਮੁੰਡੇ ਅਤੇ ਕੁੜੀ ਵਿੱਚ ਵਿਤਕਰਾ ਕਰਦੀ ਹੈ ਅਤੇ ਆਪਣੀਆਂ ਪਦਾਰਥਵਾਦੀ ਰੁਚੀਆਂ ਦੀ ਪੂਰਤੀ ਲਈ ਇੱਕ ਅਣਜੰਮੀ ਧੀ ਨੂੰ ਮਾਰ ਦੇਣਾ ਚਾਹੁੰਦੀ ਹੈ।
• ਇੱਕ ਦੁਸ਼ਟ ਪਾਤਰ – ਉਹ ਸੰਵੇਦਨਾ ਤੋਂ ਰਹਿਤ ਇੱਕ ਦੁਸ਼ਟ ਪਾਤਰ ਹੈ। ਉਹ ਆਪਣੀ ਨੂੰਹ ਸਿਰਜਨਾ ਦੀ ਮਾਨਸਿਕ ਹਾਲਤ ਨਹੀਂ ਸਮਝ ਸਕਦੀ। ਉਹ ਉਸਨੂੰ ਘਰੋਂ ਚਲੇ ਜਾਣ ਲਈ ਕਹਿੰਦੀ ਹੈ।
ਕੁਲਦੀਪ ਦਾ ਚਰਿੱਤਰ-ਚਿਤਰਨ
• ਜਾਣ-ਪਛਾਣ – ਕੁਲਦੀਪ ‘ਸਿਰਜਣਾ‘ ਇਕਾਂਗੀ ਦਾ ਇੱਕ ਪਾਤਰ ਹੈ। ਉਹ ਸਿਰਜਨਾ ਦਾ ਪਤੀ ਹੈ। ਉਸਦੀ ਇਕ ਧੀ ਹੈ। ਬੀਜੀ ਉਸਦੀ ਮਾਂ ਹੈ। ਉਹ ਚਾਲੀ ਕਿੱਲੇ ਜ਼ਮੀਨ ਤੇ ਸ਼ੈਲਰ ਦਾ ਮਾਲਕ ਹੈ। ਉਸਦੀ ਪਤਨੀ ਸਿਰਜਨਾ ਗਰਭਵਤੀ ਹੈ।
• ਪਤਨੀ ਦਾ ਲੋੜ ਸਮੇਂ ਸਾਥ ਨਾ ਦੇਣ ਵਾਲਾ – ਉਸਦੀ ਪਤਨੀ ਸਿਰਜਨਾ ਪਰੇਸ਼ਾਨੀ ਦੀ ਹਾਲਤ ਵਿੱਚ ਉਸ ਨੂੰ ਫੋਨ ਕਰਦੀ ਹੈ ਤਾਂ ਉਹ ਉਸ ਦਾ ਸਾਥ ਨਾ ਦੇ ਕੇ ਉਸ ਨੂੰ ਬੀਜੀ ਦੀ ਇੱਛਾ ਅਨੁਸਾਰ ਚੱਲਣ ਲਈ ਕਹਿੰਦਾ ਹੈ।
• ਮਾਂ ਉੱਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਵਾਲਾ – ਉਹ ਆਪਣੀ ਮਾਂ ਉੱਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੈ। ਜਦੋਂ ਸਿਰਜਨਾ ਮਦਦ ਲਈ ਉਸ ਨੂੰ ਫੋਨ ਕਰਦੀ ਹੈ ਤਾਂ ਉਹ ਕਹਿੰਦਾ ਹੈ ਕਿ ਬੀਜੀ ਜੋ ਕਰ ਰਹੇ ਹੋਣਗੇ ਠੀਕ ਹੀ ਕਰ ਰਹੇ ਹੋਣਗੇ।
• ਪਤਨੀ ਉੱਤੇ ਮਾਣ ਮਹਿਸੂਸ ਕਰਨ ਵਾਲਾ – ਜਦੋਂ ਉਸਦੀ ਪਤਨੀ ਸਿਰਜਨਾ ਭਰੂਣ-ਹੱਤਿਆ ਦੇ ਖ਼ਿਲਾਫ ਡਟ ਜਾਂਦੀ ਹੈ ਤਾਂ ਉਹ ਇਸ ਗੱਲ ’ਤੇ ਮਾਣ ਮਹਿਸੂਸ ਕਰਦਾ ਹੈ ਕਿ ਉਸਦੀ ਪਤਨੀ ਨੇ ਉਹ ਫ਼ੈਸਲਾ ਲਿਆ ਹੈ, ਜੋ ਆਮ ਔਰਤਾਂ ਨਹੀਂ ਲੈਂਦੀਆਂ।
ਡਾਕਟਰ ਦਾ ਚਰਿੱਤਰ – ਚਿਤਰਨ
• ਜਾਣ-ਪਛਾਣ – ਡਾਕਟਰ ਸਿਰਜਣਾ‘ ਇਕਾਂਗੀ ਦੀ ਇਕ ਪਾਤਰ ਹੈ। ਉਹ ਹਸਪਤਾਲ ਵਿਚ ਕੰਮ ਕਰਦੀ ਹੈ। ਉਸ ਕੋਲ ਲੋਕ ਅਲਟਰਾਸਾਊਂਡ ਕਰਵਾ ਕੇ ਇਹ ਪਤਾ ਕਰਨ ਲਈ ਆਉਂਦੇ ਹਨ ਕਿ ਗਰਭਵਤੀ ਔਰਤ ਦੇ ਪੇਟ ਵਿਚ ਮੁੰਡਾ ਹੈ ਜਾਂ ਕੁੜੀ।
• ਭਰੂਣ – ਹੱਤਿਆ ਦੇ ਵਿਰੁੱਧ – ਭਾਵੇਂ ਲੋਕ ਉਸ ਕੋਲ ਇਹ ਜਾਣਨ ਲਈ ਆਉਂਦੇ ਹਨ ਕਿ ਉਹ ਅਲਟਰਾਸਾਊਂਡ ਕਰ ਕੇ ਦੱਸੇ ਕਿ ਗਰਭਵਤੀ ਔਰਤ ਦੇ ਪੇਟ ਵਿਚ ਮੁੰਡਾ ਹੈ ਜਾਂ ਕੁੜੀ, ਪਰ ਉਹ ਭਰੂਣ – ਹੱਤਿਆ ਦੇ ਵਿਰੁੱਧ ਹੈ। ਉਹ ਕੋਸ਼ਿਸ਼ ਕਰਕੇ ਲੋਕਾਂ ਨੂੰ ਭਰੂਣ-ਹੱਤਿਆ ਕਰਨ ਤੋਂ ਰੋਕਦੀ ਹੈ।
• ਸਮਾਜ ਦਾ ਫ਼ਿਕਰ ਕਰਨ ਵਾਲੀ – ਉਹ ਸਿਰਜਨਾ ਨੂੰ ਕਹਿੰਦੀ ਹੈ ਕਿ ਉਹ ਪੜ੍ਹੀ-ਲਿਖੀ ਹੋ ਕੇ ਵੀ ਕਿਉਂ ਮੁੰਡੇ-ਕੁੜੀ ਦੇ ਫ਼ਰਕ ਬਾਰੇ ਸੋਚ ਰਹੀ ਹੈ। ਉਹ ਕਹਿੰਦੀ ਹੈ ਕਿ ਜੇਕਰ ਪੜ੍ਹੇ-ਲਿਖੇ ਵੀ ਅਜਿਹਾ ਫ਼ਰਕ ਕਰਨ ਲੱਗ ਪਏ, ਤਾਂ ਸਾਡੇ ਸਮਾਜ ਦਾ ਕੀ ਬਣੇਗਾ। ਉਹ ਕਹਿੰਦੀ ਹੈ ਕਿ ਅਨਪੜ੍ਹ ਲੋਕ ਤਾਂ ਇਹ ਕੰਮ ਕਰਨ ਲੱਗਿਆਂ ਸੋਚਦੇ ਵੀ ਨਹੀਂ, ਪਰ ਸਿਰਜਨਾ ਵਰਗੇ ਪੜ੍ਹੇ-ਲਿਖੇ ਸੋਚਦੇ ਤਾਂ ਹਨ ਪਰ ਆਪਣੇ ਆਪ ਨੂੰ ਮਜਬੂਰ ਦੱਸਦੇ ਹਨ।
• ਇੱਕ ਜਾਗਰੂਕ ਅਤੇ ਜ਼ਿੰਮੇਵਾਰ ਡਾਕਟਰ – ਉਹ ਇੱਕ ਜਾਗਰੂਕ ਤੇ ਜ਼ਿੰਮੇਵਾਰ ਡਾਕਟਰ ਹੈ। ਉਹ ਸਿਰਜਨਾ ਨੂੰ ਕਹਿੰਦੀ ਹੈ ਕਿ ਇਹ ਸਮੱਸਿਆ ਸਿਰਫ਼ ਉਸਦੀ ਨਹੀਂ, ਪੂਰੀ ਸੁਸਾਇਟੀ ਦੀ ਹੈ। ਉਹ ਇਕੱਲੇ ਪੂਰੀ ਸੁਸਾਇਟੀ ਨੂੰ ਨਹੀਂ ਬਦਲ ਸਕਦੇ। ਹੋਰਨਾਂ ਲੋਕਾਂ ਨੂੰ ਵੀ ਉਨ੍ਹਾਂ ਵਾਂਗ ਸੋਚਣਾ ਚਾਹੀਦਾ ਹੈ।
ਮਾਸੀ ਦਾ ਚਰਿੱਤਰ – ਚਿਤਰਨ
• ਜਾਣ-ਪਛਾਣ – ਮਾਸੀ ‘ਸਿਰਜਣਾ‘ ਇਕਾਂਗੀ ਦੀ ਇਕ ਨਿਮਨ ਪਾਤਰ ਹੈ। ਉਹ ਹਸਪਤਾਲ ਵਿਚ ਇਕ ਸਫ਼ਾਈ-ਸੇਵਿਕਾ ਹੈ। ਉਸਦੇ ਚਰਿੱਤਰ ਵਿਚ ਸਾਨੂੰ ਹੇਠ ਲਿਖੇ ਗੁਣ ਦਿਖਾਈ ਦਿੰਦੇ ਹਨ।
• ਇਮਾਨਦਾਰੀ ਨਾਲ ਕੰਮ ਕਰਨ ਵਾਲੀ – ਉਹ ਇੱਕ ਇਮਾਨਦਾਰ ਔਰਤ ਹੈ। ਉਹ ਹਸਪਤਾਲ ਵਿਚ ਤੇਜ਼ੀ ਨਾਲ ਹੱਥ ਚਲਾ ਕੇ ਸਫ਼ਾਈ ਕਰਦੀ ਹੈ। ਉਹ ਜਲਦੀ ਹੱਥ ਚਲਾ ਕੇ ਆਪਣਾ ਕੰਮ ਜਲਦੀ ਖ਼ਤਮ ਕਰਨਾ ਚਾਹੁੰਦੀ ਹੈ।
• ਗੁੱਸੇ ਨਾਲ ਬੋਲਣ ਵਾਲੀ – ਜਦੋਂ ਬੀਜੀ ਸਿਰਜਨਾ ਨੂੰ ਨਾਲ ਲੈ ਕੇ ਹਸਪਤਾਲ ਵਿਚ ਜਾ ਕੇ ਡਾਕਟਰ ਬਾਰੇ ਪੁੱਛਦੀ ਹੈ, ਤਾਂ ਉਹ ਇਕ ਦਮ ਤਲਖੀ ਵਿੱਚ ਆ ਕੇ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਨ੍ਹਾਂ ਨੂੰ ਦਿਸਦਾ ਨਹੀਂ ਕਿ ਹਸਪਤਾਲ ਵਿੱਚ ਸਫ਼ਾਈ ਚੱਲ ਰਹੀ ਹੈ , ਉਹ ਜੁੱਤੀਆਂ ਲੈ ਕੇ ਅੰਦਰ ਆ ਗਏ ਹਨ।
• ਦਿਲ ਦੀ ਚੰਗੀ – ਨਰਸ ਉਸ ਬਾਰੇ ਦੱਸਦੀ ਹੋਈ ਕਹਿੰਦੀ ਹੈ ਕਿ ਉਹ ਬੋਲਣ ਵਿੱਚ ਹੀ ਰੁੱਖੀ ਹੈ, ਪਰ ਦਿਲ ਦੀ ਬਹੁਤ ਚੰਗੀ ਔਰਤ ਹੈ।
• ਹਮਦਰਦੀ ਨਾਲ ਪੇਸ਼ ਆਉਣ ਵਾਲੀ – ਉਹ ਸਿਰਜਨਾ ਨੂੰ ਪਰੇਸ਼ਾਨ ਦੇਖ ਕੇ ਉਸ ਨਾਲ ਹਮਦਰਦੀ ਨਾਲ ਪੇਸ਼ ਆਉਂਦੀ ਹੈ। ਉਹ ਉਸਨੂੰ ਹਾਲਾਤਾਂ ਨਾਲ ਸਮਝੌਤਾ ਕਰਨ ਦੀ ਸਲਾਹ ਦਿੰਦੀ ਹੈ।
ਵਾਰਤਾਲਾਪ ਸੰਬੰਧੀ ਪ੍ਰਸ਼ਨ
(ੳ) ‘‘ਚਾਲੀ, ਪੂਰੇ ਚਾਲੀ ਕਿੱਲੇ ਪੈਲੀ ਐ ਤੇ ਸ਼ੈੱਲਰ। ਜਾਨ ਮਾਰ ਕੇ ਬਚਾਏ ਐ ਮੈਂ, ਸ਼ਰੀਕਾਂ ਤੋਂ ਹੁਣ ਤੱਕ।ਇਹਨਾਂ ਨੂੰ ਸੰਭਾਲਣ ਵਾਲਾ ਚਾਹੀਦੈ, ਮੈਨੂੰ। ਨਾਲ ਅੱਗੇ ਬੈਠੀ ਨੀਂ, ਛਾਤੀ ‘ਤੇ ਇੱਕ। ਦਾਜ ਵਿੱਚ ਨਹੀਂ ਦੇਣੇ ਤੇਰੀਆਂ ਧੀਆਂ ਦੇ ਮੈਂ, ਸਮਝੀ ਨਾ!”
ਪ੍ਰਸ਼ਨ – (ੳ) ਇਹ ਸ਼ਬਦ ਕਿਸ ਇਕਾਂਗੀ ਦੇ ਹਨ ?
(ਅ) ਇਕਾਂਗੀ ਦਾ ਲੇਖਕ ਕੌਣ ਹੈ ?
(ੲ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ਹਨ?
(ਸ) ਇਸ ਵਾਰਤਾਲਾਪ ਅਨੁਸਾਰ ਸੱਸ ਕਿੰਨੀ ਜਾਇਦਾਦ ਦੀ ਮਾਲਕ ਹੈ?
(ਹ) ਸੱਸ ਆਪਣੀ ਨੂੰਹ ਤੋਂ ਕਿਸ ਗੱਲ ਦੀ ਮੰਗ ਕਰਦੀ ਹੈ?
ਉੱਤਰ – (ੳ) ਸਿਰਜਣਾ।
(ਅ) ਪਾਲੀ ਭੁਪਿੰਦਰ ਸਿੰਘ।
(ੲ) ਬੀਜੀ ਨੇ ਆਪਣੀ ਨੂੰਹ ਸਿਰਜਨਾ ਨੂੰ।
(ਸ) ਚਾਲੀ ਕਿੱਲੇ ਪੈਲੀ ਤੇ ਸ਼ੈਲਰ ਦੀ।
(ਹ) ਆਪਣੀ ਜਾਇਦਾਦ ਦੇ ਵਾਰਸ ਪੁੱਤਰ ਦੀ।
(ਅ) ‘‘ਓਹੋ! ਤੂੰ ਇੰਨੀ ਗੱਲ ਲਈ ਮੈਨੂੰ ਫ਼ੋਨ ਕਰ ਦਿੱਤਾ? ਤੈਨੂੰ ਪਤੈ, ਆਫ਼ਿਸ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ? ਨਾਲੇ, ਜੇ ਬੀਜੀ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ। ਤੂੰ ਕਰ ਲੈ, ਜਿਵੇਂ ਉਹ ਕਹਿੰਦੇ ਨੇ, ਮੈਂ ਬਿਜ਼ੀ ਹਾਂ, ਇਸ ਵੇਲੇ।”
ਪ੍ਰਸ਼ਨ – (ੳ) ਇਹ ਸ਼ਬਦ ਕਿਸ ਇਕਾਂਗੀ ਦੇ ਹਨ ?
(ਅ) ਇਕਾਂਗੀ ਦਾ ਲੇਖਕ ਕੌਣ ਹੈ ?
(ੲ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ਹਨ?
(ਸ) ਕੁਲਦੀਪ ਆਪਣੀ ਪਤਨੀ ਸਿਰਜਨਾ ਵੱਲੋਂ ਆਏ ਫ਼ੋਨ ਤੋਂ ਨਰਾਜ਼ ਕਿਉਂ ਹੈ?
(ਹ) ਕੁਲਦੀਪ ਆਪਣੀ ਪਤਨੀ ਨੂੰ ਬੀਜੀ ਦੀ ਕਿਹੜੀ ਗੱਲ ਮੰਨਣ ਲਈ ਆਖਦਾ ਹੈ?
ਉੱਤਰ – (ੳ) ਸਿਰਜਣਾ ।
(ਅ) ਪਾਲੀ ਭੁਪਿੰਦਰ ਸਿੰਘ ।
(ੲ) ਕੁਲਦੀਪ ਨੇ ਆਪਣੀ ਪਤਨੀ ਸਿਰਜਨਾ ਨੂੰ ।
(ਸ) ਦਫ਼ਤਰ ਵਿੱਚ ਜਰੂਰੀ ਮੀਟਿੰਗ ਚੱਲ ਰਹੀ ਹੋਣ ਕਾਰਨ।
(ਹ) ਬੱਚੇ ਦਾ ਲਿੰਗ ਪਤਾ ਕਰਨ ਲਈ ਅਲਟਰਾਸਾਊਂਡ ਕਰਵਾਉਣ ਵਾਲੀ ਗੱਲ।
(ੲ) “ਇੱਕਲੀ ਤਾਂ ਮੈਂ ਸੀ। ਇੱਕਲੀ ਤਾਂ ਮੈਂ ਸੀ ਬੀਜੀ, ਹੁਣ ਤੱਕ। ਹੁਣ ਤਾਂ ਮੇਰੇ ਨਾਲ ਮੈਂ ਹਾਂ। (ਆਪਣੀ ਕੁੱਖ ‘ਤੇ ਹੱਥ ਰੱਖ ਕੇ) ਮੇਰੀ ਸਿਰਜਨਾ ਹੈ। ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਨਾ ਇੱਕ ਰੁੱਖ ਬਣ ਕੇ ਇਸ ਧਰਤੀ ‘ਤੇ ਪੁੰਗਰੇਗੀ, ਮੌਲੇਗੀ ਤੇ ਅਸਮਾਨ ਤੱਕ ਉੱਚਾ ਉੱਠੇਗੀ। ਫਿਰ ਕਦੇ ਕੋਈ ਸਿਰਜਣਾ ਕੁੱਖ ਵਿੱਚ ਕਤਲ ਨਹੀਂ ਹੋਵੇਗੀ।”
ਪ੍ਰਸ਼ਨ – (ੳ) ਇਹ ਸ਼ਬਦ ਕਿਸ ਇਕਾਂਗੀ ਦੇ ਹਨ ?
(ਅ) ਇਕਾਂਗੀ ਦਾ ਲੇਖਕ ਕੌਣ ਹੈ ?
(ੲ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
(ਸ) ਇਸ ਵਾਰਤਾਲਾਪ ਵਿੱਚ ਸਿਰਜਨਾ ਨੇ ‘ਸਿਰਜਣਾ’ ਸ਼ਬਦ ਕਿਸ ਲਈ ਵਰਤਿਆ ਹੈ?
(ਹ) ਇਸ ਵਾਰਤਾਲਾਪ ਵਿੱਚ ਸਿਰਜਨਾ ਸਮਾਜ ਨੂੰ ਕੀ ਸੁਨੇਹਾ ਦਿੰਦੀ ਹੈ?
ਉੱਤਰ – (ੳ) ਸਿਰਜਣਾ।
(ਅ) ਪਾਲੀ ਭੁਪਿੰਦਰ ਸਿੰਘ।
(ੲ) ਸਿਰਜਨਾ ਨੇ ਆਪਣੀ ਬੀਜੀ ਨੂੰ।
(ਸ) ਪੇਟ ਵਿੱਚ ਪਲ ਰਹੇ ਬੱਚੇ ਲਈ।
(ਹ) ਭਰੂਣ-ਹੱਤਿਆ ਨਾ ਕਰਨ ਅਤੇ ਕੁੜੀ-ਮੁੰਡੇ ਨੂੰ ਬਰਾਬਰ ਸਮਝਣ ਦਾ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਸਿਰਜਣਾ‘ ਇਕਾਂਗੀ ਦਾ ਲੇਖਕ ਕੌਣ ਹੈ?
ਉੱਤਰ – ਪਾਲੀ ਭੁਪਿੰਦਰ ਸਿੰਘ।
ਪ੍ਰਸ਼ਨ 2 ‘ਸਿਰਜਣਾ’ ਇਕਾਂਗੀ ਦੀ ਮੁੱਖ ਪਾਤਰ ਕੌਣ ਹੈ?
ਉੱਤਰ – ਸਿਰਜਨਾ।
ਪ੍ਰਸ਼ਨ 3. ਸਿਰਜਨਾ ਦਾ ਪਤੀ ਕੌਣ ਹੈ?
ਉੱਤਰ – ਕੁਲਦੀਪ।
ਪ੍ਰਸ਼ਨ 4. ਬੀਜੀ ਤੇ ਸਿਰਜਨਾ ਦਾ ਕੀ ਰਿਸ਼ਤਾ ਸੀ?
ਉੱਤਰ – ਸੱਸ ਤੇ ਨੂੰਹ ਦਾ।
ਪ੍ਰਸ਼ਨ 5. ਬੀਜੀ ਸਿਰਜਨਾ ਨੂੰ ਹਸਪਤਾਲ ਵਿਚ ਕਿਉਂ ਲੈ ਕੇ ਗਈ ਸੀ?
ਉੱਤਰ – ਅਲਟਰਾਸਾਊਂਡ ਕਰਵਾਉਣ ਲਈ।
ਪ੍ਰਸ਼ਨ 6. ਬੀਜੀ ਕਿੰਨੀ ਜਾਇਦਾਦ ਦੀ ਮਾਲਕ ਸੀ?
ਉੱਤਰ – ਚਾਲੀ ਕਿੱਲੇ ਜਮੀਨ ਤੇ ਸ਼ੈਲਰ ਦੀ।
ਪ੍ਰਸ਼ਨ 7. ਬੀਜੀ ਸਿਰਜਨਾ ਦੇ ਗਰਭ ਵਿੱਚ ਦੂਜੀ ਕੁੜੀ ਹੋਣ ’ਤੇ ਕੀ ਕਰਨਾ ਚਾਹੁੰਦੀ ਸੀ?
ਉੱਤਰ – ਗਰਭਪਾਤ।
ਪ੍ਰਸ਼ਨ 8. ਕੁਲਦੀਪ ਸਿਰਜਨਾ ਨੂੰ ਫੋਨ ’ਤੇ ਕਿਸ ਦੀ ਮਰਜ਼ੀ ਅਨੁਸਾਰ ਚੱਲਣ ਲਈ ਕਹਿੰਦਾ ਹੈ?
ਉੱਤਰ – ਬੀਜੀ ਦੀ।
ਪ੍ਰਸ਼ਨ 9. ਸਿਰਜਨਾ ਅਨੁਸਾਰ ਉਸਦੀ ਸੱਸ ਕਿਹੋ-ਜਿਹੀ ਇਸਤਰੀ ਹੈ?
ਉੱਤਰ – ਖ਼ੁਦਗਰਜ਼।
ਪ੍ਰਸ਼ਨ 10. ਸਿਰਜਨਾ ਪਰੇਸ਼ਾਨੀ ਵਿੱਚ ਕਿਸਨੂੰ ਫੋਨ ਕਰਦੀ ਹੈ?
ਉੱਤਰ – ਆਪਣੇ ਪਤੀ ਕੁਲਦੀਪ ਨੂੰ।
ਪ੍ਰਸ਼ਨ 11. ਰੋਂਦੀ ਹੋਈ ਸਿਰਜਨਾ ਦੇ ਕੋਲ ਕੌਣ ਆਉਂਦੇ ਹਨ?
ਉੱਤਰ – ਡਾਕਟਰ ਤੇ ਨਰਸਾਂ।
ਪ੍ਰਸ਼ਨ 12. ਬੀਜੀ ਸਿਰਜਨਾ ਨੂੰ ਧੀ ਜੰਮਣ ਲਈ ਕਿੱਥੇ ਚਲੀ ਜਾਣ ਲਈ ਕਹਿੰਦੀ ਹੈ?
ਉੱਤਰ – ਪੇਕੇ ਘਰ।
ਪ੍ਰਸ਼ਨ 13. ਇਕਾਂਗੀ ਦੇ ਅੰਤ ਵਿੱਚ ਕੁਲਦੀਪ ਅਨੁਸਾਰ ਸਿਰਜਨਾ ਕਿਹੋ-ਜਿਹੀ ਔਰਤ ਨਹੀਂ ਹੈ?
ਉੱਤਰ – ਆਮ ਔਰਤ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037 |