7. ਡਾ: ਟੀ.ਆਰ. ਸ਼ਰਮਾ
ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ
ਸਾਰ
ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ, ਸਗੋਂ ਇਨ੍ਹਾਂ ਨੂੰ ਬੁਲਾਉਣਾ ਪੈਂਦਾ ਹੈ ਤੇ ਉਨ੍ਹਾਂ ਦੇ ਆਉਣ ਦਾ ਰਸਤਾ ਬਣਾਉਣਾ ਪੈਂਦਾ ਹੈ। ਅਸੀਂ ਜਿਹੋ-ਜਿਹੀ ਛੋਟੀ-ਵੱਡੀ, ਪਰਿਵਾਰਿਕ, ਸਮੂਹਿਕ, ਦੁਨਿਆਵੀ ਜਾਂ ਰੂਹਾਨੀ ਖ਼ੁਸ਼ੀ ਨੂੰ ਪ੍ਰਾਪਤ ਕਰਨਾ ਚਾਹੀਏ, ਉਸ ਨੂੰ ਪ੍ਰਾਪਤ ਕਰਨ ਲਈ ਯਤਨ ਕਰਨਾ ਪੈਂਦਾ ਹੈ। ਮਨੁੱਖ ਨੂੰ ਨਿੱਕੀਆਂ ਗੱਲਾਂ ਤੇ ਨਿੱਕੇ ਰਿਸ਼ਤੇ ਵੀ ਵੱਡੀਆਂ ਖ਼ੁਸ਼ੀਆਂ ਦੇ ਸਕਦੇ ਹਨ। ਸਾਨੂੰ ਕਿਸੇ ਰੋਂਦੇ ਬੱਚੇ ਨੂੰ ਚੁੱਪ ਕਰਾਉਣ, ਕਿਸੇ ਲੋੜਵੰਦ ਨਾਲ਼ ਪ੍ਰੇਮ ਦੀ ਗੱਲ ਕਰਨ ਵਿੱਚ, ਕਿਸੇ ਦੀ ਵਿੱਤੀ ਸਹਾਇਤਾ ਕਰਨ ਵਿੱਚ, ਕੁੱਤੇ ਨੂੰ ਰੋਟੀ ਦਾ ਟੁਕੜਾ ਪਾਉਣ ਵਿੱਚ, ਕਿਸੇ ਅਨਪੜ੍ਹ ਦੀ ਆਈ ਚਿੱਠੀ ਪੜ੍ਹਨ ਵਿੱਚ, ਕਿਸੇ ਮਰੀਜ਼ ਦੀ ਸਹਾਇਤਾ ਕਰਨ ਵਿੱਚ, ਮੰਦਰ ਜਾਂ ਗੁਰਦੁਆਰੇ ਜਾਣ ਵਿੱਚ ਵਚਿੱਤਰ ਖ਼ੁਸ਼ੀ ਮਿਲ਼ਦੀ ਹੈ ਤੇ ਸਾਨੂੰ ਅਜਿਹੀ ਖ਼ੁਸ਼ੀ ਨੂੰ ਵਾਰ-ਵਾਰ ਪ੍ਰਾਪਤ ਕਰਨਾ ਚਾਹੀਦਾ ਹੈ। ਕਈ ਪਰਿਵਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਘਰ ਵਿੱਚ ਮਾਹੌਲ਼ ਘੁੱਟਿਆ-ਘੁੱਟਿਆ ਰਹਿੰਦਾ ਹੈ। ਪਤੀ-ਪਤਨੀ ਦਾ ਕਿਸੇ ਨਾ ਕਿਸੇ ਮਸਲੇ ਉੱਤੇ ਤਕਰਾਰ ਹੁੰਦਾ ਰਹਿੰਦਾ ਹੈ। ਅਜਿਹੇ ਬੰਦੇ ਆਪ ਵੀ ਪਰੇਸ਼ਾਨ ਹੁੰਦੇ ਹਨ ਅਤੇ ਹੋਰਨਾਂ ਨੂੰ ਵੀ ਪਰੇਸ਼ਾਨ ਕਰਦੇ ਹਨ। ਗੁੱਸਾਂ ਉਨ੍ਹਾਂ ਦੀ ਹਰ ਹਰਕਤ ਅਤੇ ਭਾਸ਼ਾ ਵਿੱਚੋਂ ਝਲਕਦਾ ਹੈ। ਅਜਿਹੇ ਪਤੀ-ਪਤਨੀ ਆਪਣੀ ਸਮੱਸਿਆ ਸ਼ਾਂਤੀ ਨਾਲ਼ ਹੱਲ ਕਰਕੇ ਘਰ ਦਾ ਸਾਰਾ ਮਾਹੌਲ਼ ਖ਼ੁਸ਼ਗਵਾਰ ਬਣਾ ਸਕਦੇ ਹਨ। ਹੱਸਣ ਤੇ ਮੁਸਕਰਾਉਣ ਦੀ ਆਦਤ ਪਾਉਣੀ ਪੈਂਦੀ ਹੈ ਤੇ ਇਹ ਪਾਈ ਜਾ ਸਕਦੀ ਹੈ। ਸਾਨੂੰ ਆਪਣੇ ਆਲ਼ੇ-ਦੁਆਲ਼ੇ ਵਿੱਚ ਕੁੱਝ ਬੰਦੇ ਅਜਿਹੇ ਜ਼ਰੂਰ ਮਿਲ਼ ਜਾਣਗੇ, ਜੋ ਹਮੇਸ਼ਾਂ ਖਿੜੇ ਰਹਿੰਦੇ ਹਨ। ਉਹ ਹੱਸਦੇ-ਖੇਡਦੇ ਹੀ ਆਪਣੀਆਂ ਸਮੱਸਿਆਵਾਂ ਹੱਲ ਕਰ ਲੈਂਦੇ ਹਨ।
ਸਾਡੇ ਵੱਡੇ-ਵਡੇਰਿਆਂ ਨੇ ਆਪਣੇ ਘਰਾਂ, ਪਰਿਵਾਰਾਂ ਅਤੇ ਸਮਾਜ ਵਿੱਚ ਖ਼ੁਸ਼ੀਆਂ ਨੂੰ ਸੱਦਾ ਦੇਣ ਦੇ ਬਹੁਤ ਸਾਰੇ ਢੰਗ ਕੱਢੇ ਹਨ। ਇਨ੍ਹਾਂ ਵਿੱਚ ਕੁੱਝ ਰਸਮਾਂ, ਰੀਤਾਂ, ਮੇਲਿਆਂ, ਸਮਾਗਮਾਂ ਤੇ ਤਿਉਹਾਰਾਂ ਦੇ ਰੂਪ ਵਿੱਚ ਅੱਜ ਵੀ ਤੁਰੇ ਆ ਰਹੇ ਹਨ। ਆਧੁਨਿਕ ਸਮੇਂ ਵਿੱਚ ਇਨ੍ਹਾਂ ਵਿੱਚ ਅਜ਼ਾਦੀ ਦਿਵਸ, ਗਣਤੰਤਰਤਾ ਦਿਵਸ, ਬਾਲ-ਦਿਵਸ, ਅਧਿਆਪਕ ਦਿਵਸ, ਮਾਂ ਦਿਵਸ, ਪਿਤਾ ਦਿਵਸ, ਮਜ਼ਦੂਰ ਦਿਵਸ ਤੇ ਧਰਤੀ ਦਿਵਸ ਆਦਿ ਹੋਰ ਜੁੜ ਗਏ ਹਨ। ਪਤੀ ਦਾ ਪਤਨੀ ਦੇ ਕੰਮ ਵਿੱਚ ਹੱਥ ਵਟਾਉਣਾ, ਸਕੂਲ ਪੜ੍ਹਦੇ ਬੱਚੇ ਨੂੰ ਇਨਾਮ ਮਿਲ਼ਣਾ, ਕਿਸੇ ਪਿਆਰੇ ਦੀ ਚਿੱਠੀ ਦਾ ਵਰ੍ਹਿਆਂ ਬਾਅਦ ਅਚਾਨਕ ਆਉਣਾ, ਗਰਮੀ ਦੇ ਮੌਸਮ ਵਿੱਚ ਮੀਂਹ ਪੈਣਾ, ਗੁਆਂਢੀ ਦੇ ਘਰ ਅਖੰਡ-ਪਾਠ ਜਾਂ ਧੀ ਦਾ ਵਿਆਹ ਸਭ ਖ਼ੁਸ਼ੀ ਦੇ ਮੌਕੇ ਹਨ। ਸਾਨੂੰ ਇਨ੍ਹਾਂ ਵਿੱਚ ਗੱਜ-ਵੱਜ ਕੇ ਸ਼ਰੀਕ ਹੋਣਾ ਚਾਹੀਦਾ ਹੈ। ਜਿਹੜੇ ਖ਼ੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ, ਉਹ ਆਂਢ-ਗੁਆਂਢ ਵਿੱਚ ਮਨਾਈ ਜਾ ਰਹੀ ਕਿਸੇ ਵੀ ਖ਼ੁਸ਼ੀ ਵਿੱਚ ਸ਼ਾਮਿਲ ਹੋ ਜਾਂਦੇ ਹਨ ਤੇ ਭੰਗੜੇ ਵੀ ਪਾਉਣ ਲੱਗ ਪੈਂਦੇ ਹਨ। ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖ਼ੁਸ਼ੀ ਮਨਾਉਣ ਦਾ ਮੌਕਾ ਹੈ। ਖ਼ੁਸ਼ੀ ਪ੍ਰਾਪਤ ਕਰਨ ਦਾ ਇਹ ਵੀ ਅਨਮੋਲ ਤਰੀਕਾ ਹੈ।
ਮਨੁੱਖ ਨੂੰ ਖ਼ੁਸ਼ੀ ਖ਼ਿਮਾ ਕਰਨ ਨਾਲ਼ ਵੀ, ਖ਼ਿਮਾ ਮੰਗਣ ਨਾਲ਼ ਵੀ ਤੇ ਆਪਣਾ ਦੋਸ਼ ਕਬੂਲ ਕਰਨ ਨਾਲ਼ ਵੀ ਪ੍ਰਾਪਤ ਹੁੰਦੀ ਹੈ। ਕਿਸੇ ਦੋਸ਼ੀ ਨੂੰ ਮਾਫ਼ ਕਰ ਕੇ ਬਹੁਤ ਹੀ ਉੱਚੀ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਤੁਸੀਂ ਆਪਣੇ ਦੁਸ਼ਮਣ ਨਾਲ਼ ਨਫ਼ਰਤ ਛੱਡ ਕੇ ਬਹੁਤ ਵੱਡੀ ਖ਼ੁਸ਼ੀ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਆਪਣੀਆਂ ਉਹ ਨਿੱਕੀਆਂ-ਨਿੱਕੀਆਂ ਜਿੱਦਾਂ ਛੱਡ ਜੋ ਦੇਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਅਸੂਲਾਂ ਦਾ ਨਾਂ ਦਿੰਦੇ ਹੋ। ਇਸ ਤਰ੍ਹਾਂ ਕਰਨ ਨਾਲ਼ ਵੀ ਖ਼ੁਸ਼ੀ ਦਾ ਸਬੱਬ ਬਣਦਾ ਹੈ। ਹਰ ਇੱਕ ਗੱਲ ਤੇ ਚੀਜ਼ ਨਾਲ਼ ‘ਮੇਰੀ’ ਸ਼ਬਦ ਜੋੜਨਾ ਬੰਧਨ ਦਾ ਪ੍ਰਤੀਕ ਹੈ। ਇਹ ‘ਮੈਂ’ ਖ਼ੁਸ਼ੀਆਂ ਵਿੱਚ ਰੁਕਾਵਟ ਪੈਦਾ ਕਰਦੀ ਹੈ। ਇਸ ਹਉਮੈਂ ਦੇ ਤਿਆਗ ਨਾਲ ਰੂਹਾਨੀ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਅਹਿਸਾਨ ਕਰ ਕੇ ਭੁੱਲਣਾ, ਤੇ ਨੇਕੀ ਕਰ ਕੇ ਖੂਹ ਵਿੱਚ ਪਾਉਣੀ, ਅਧੀਨਗੀ ਤੇ ਨਿਮਰਤਾ ਨੂੰ ਅਪਣਾਉਣਾ ਖ਼ੁਸ਼ੀਆਂ ਨੂੰ ਸੱਦਾ-ਪੱਤਰ ਦੇਣਾ ਹੈ। ਖ਼ੁਸ਼ੀ ਮਨ ਦੀ ਅਵਸਥਾ ਹੈ। ਇਹ ਕਿਸੇ ਚੀਜ਼ ਦਾ ਨਾਂ ਨਹੀਂ।
••• ਸੰਖੇਪ ਉੱਤਰ ਵਾਲੇ ਪ੍ਰਸ਼ਨ •••
ਪ੍ਰਸ਼ਨ 1. ਪਤੀ-ਪਤਨੀ ਘਰ ਦਾ ਮਾਹੌਲ ਕਿਵੇਂ ਠੀਕ ਕਰ ਸਕਦੇ ਹਨ?
ਉੱਤਰ – ਜੇਕਰ ਪਤੀ-ਪਤਨੀ ਅਰਾਮ ਨਾਲ ਬਹਿ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕਰ ਲੈਣ, ਤਾਂ ਘਰ ਦੇ ਮਾਹੌਲ ਨੂੰ ਖ਼ੁਸ਼ਗਵਾਰ ਬਣਾਇਆ ਜਾ ਸਕਦਾ ਹੈ ਅਤੇ ਹਾਸਿਆਂ ਤੇ ਖ਼ੁਸ਼ੀਆਂ ਨੂੰ ਬੁਲਾਇਆ ਜਾ ਸਕਦਾ ਹੈ।
ਪ੍ਰਸ਼ਨ 2. ਸਾਡੇ ਵੱਡੇ-ਵਡੇਰਿਆਂ ਨੇ ਖ਼ੁਸ਼ੀਆਂ ਨੂੰ ਸੱਦਾ ਦੇਣ ਦੇ ਕਿਹੜੇ ਢੰਗ ਕੱਢੇ ਹੋਏ ਹਨ?
ਉੱਤਰ – ਸਾਡੇ ਵੱਡ–ਵਡੇਰਿਆਂ ਨੇ ਘਰਾਂ, ਪਰਿਵਾਰਾਂ ਤੇ ਸਮਾਜ ਵਿੱਚ ਖ਼ੁਸ਼ੀਆਂ ਨੂੰ ਸੱਦਾ ਦੇਣ ਦੇ ਕਈ ਢੰਗ ਕੱਢੇ ਹੋਏ ਹਨ। ਉਨ੍ਹਾਂ ਵਿੱਚੋਂ ਕੁੱਝ ਕੁ ਰਸਮਾਂ, ਰੀਤਾਂ, ਮੇਲਿਆਂ, ਸਮਾਗਮਾਂ, ਸਮਾਜਿਕ ਤੇ ਧਾਰਮਿਕ ਤਿਉਹਾਰਾਂ ਦੇ ਰੂਪ ਵਿੱਚ ਅੱਜ ਤੱਕ ਤੁਰੇ ਆ ਰਹੇ ਹਨ। ਵਿਆਹ-ਸ਼ਾਦੀ ਦੇ ਮੌਕੇ ਨਵੇਂ ਕੱਪੜੇ ਸਵਾਉਣਾ, ਗਹਿਣੇ ਖ਼ਰੀਦਣੇ, ਮਠਿਆਈਆਂ ਖਾਣੀਆਂ ਤੇ ਵੰਡਣੀਆਂ, ਗ਼ਰੀਬ-ਗੁਰਬੇ ਨੂੰ ਦਾਨ ਦੇਣਾ, ਧਿਆਣੀਆਂ ਪੂਜਣੀਆਂ, ਮੰਦਰਾਂ, ਸਕੂਲਾਂ, ਧਰਮਸ਼ਾਲਾਵਾਂ ਨੂੰ ਦਾਨ ਦੇਣਾ, ਨਲਕੇ , ਖੂਹ ਆਦਿ ਲਗਵਾਉਣਾ ਸਾਰੇ ਹੀ ਵੱਡ-ਵਡੇਰਿਆਂ ਵੱਲੋਂ ਕੱਢੇ ਹੋਏ ਖ਼ੁਸ਼ੀਆਂ ਨੂੰ ਸੱਦਾ ਦੇਣ ਦੇ ਸਾਧਨ ਹਨ।
ਪ੍ਰਸ਼ਨ 3. ਆਧੁਨਿਕ ਸਮੇਂ ਵਿੱਚ ਖ਼ੁਸ਼ੀਆਂ ਮਨਾਉਣ ਲਈ ਕਿਹੜੇ ਮੌਕੇ ਅਤੇ ਦਿਵਸ ਪ੍ਰਚਲਿਤ ਹਨ?
ਉੱਤਰ – ਆਧੁਨਿਕ ਸਮੇਂ ਨੇ ਖ਼ੁਸ਼ੀਆਂ ਮਨਾਉਣ ਲਈ ਵੱਡ-ਵਡੇਰਿਆਂ ਵੱਲੋਂ ਅਪਣਾਏ ਜਾਂਦੇ ਢੰਗ-ਤਰੀਕਿਆਂ ਵਿੱਚ ਅਜ਼ਾਦੀ-ਦਿਵਸ, ਗਣਤੰਤਰਤਾ-ਦਿਵਸ, ਬਾਲ-ਦਿਵਸ, ਅਧਿਆਪਕ ਦਿਵਸ, ਮਾਪਾ ਦਿਵਸ, ਮਾਂ-ਦਿਵਸ, ਪਿਤਾ-ਦਿਵਸ, ਮਜ਼ਦੂਰ-ਦਿਵਸ, ਧਰਤੀ-ਦਿਵਸ ਆਦਿ ਵੀ ਜੋੜ ਦਿੱਤੇ ਹਨ।
ਪ੍ਰਸ਼ਨ 4. ਲੇਖਕ ਅਨੁਸਾਰ ਦੁਸ਼ਮਣ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਕੇ ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ?
ਉੱਤਰ – ਖ਼ੁਸ਼ੀ ਪ੍ਰਾਪਤ ਕਰਨ ਲਈ ਆਪਣਾ ਗੁਨਾਹ ਕਬੂਲ ਕਰ ਲੈਣਾ ਚਾਹੀਦਾ ਹੈ। ਜਿਸ ਨੂੰ ਤੁਸੀਂ ਨੁਕਸਾਨ ਪਹੁੰਚਾਇਆ ਹੈ ਜਾਂ ਆਪਣੇ ਦੁਸ਼ਮਣ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਕਿਸੇ ਦੇ ਕੀਤੇ ਨੁਕਸਾਨ ਦੀ ਭਰਪਾਈ ਕਰਕੇ ਵੀ ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਪ੍ਰਸ਼ਨ 5. ਖ਼ੁਸ਼ੀ ਪ੍ਰਾਪਤ ਕਰਨ ਦਾ ਅਨਮੋਲ ਢੰਗ ਕਿਹੜਾ ਹੈ?
ਉੱਤਰ – ਜੇਕਰ ਕਿਸੇ ਨੂੰ ਨਸ਼ੇ ਕਰਨ, ਝੂਠ ਬੋਲਣ, ਰਿਸ਼ਵਤ ਲੈਣ, ਚੁਗ਼ਲੀ ਕਰਨ, ਗੁਮਨਾਮ ਸ਼ਿਕਾਇਤ ਕਰਨ, ਪਿੱਠ ਪਿੱਛੇ ਨਿੰਦਿਆ ਕਰਨ, ਗਾਲਾਂ ਕੱਢਣ, ਗੁੱਸਾ ਕਰਨ ਜਾਂ ਇਸ ਤਰ੍ਹਾਂ ਦੀ ਕੋਈ ਬੁਰੀ ਆਦਤ ਹੈ, ਤਾਂ ਉਸ ਦਾ ਤਿਆਗ ਦਾ ਕਰ ਦੇਣਾ ਚਾਹੀਦਾ ਹੈ। ਇਹ ਖ਼ੁਸ਼ੀ ਪ੍ਰਾਪਤ ਕਰਨ ਦਾ ਅਨਮੋਲ ਢੰਗ ਹੈ।
ਪ੍ਰਸ਼ਨ 6. ਖ਼ੁਸ਼ੀਆਂ ਪੈਦਾ ਹੋਣ ਵਿੱਚ ਮਨੁੱਖ ਦੀ ਕਿਹੜੀ ਭਾਵਨਾ ਰੁਕਾਵਟ ਬਣਦੀ ਹੈ?
ਉੱਤਰ – ਮੇਰੀ ਗੱਲ, ਮੇਰੀ ਇੱਜ਼ਤ, ਮੇਰਾ ਕਮਰਾ, ਮੇਰੀ ਸੋਟੀ, ਮੇਰੀ ਚਾਹ, ਮੇਰੀਆਂ ਚੀਜ਼ਾਂ ਆਦਿ ਸਾਰੀਆਂ ਗੱਲਾਂ ਬੰਧਨ ਦਾ ਪ੍ਰਤੀਕ ਹਨ। ਇਸ ਪ੍ਰਕਾਰ ਦੀ ‘ਮੈਂ’ ਖ਼ੁਸ਼ੀਆਂ ਦੇ ਪੈਦਾ ਹੋਣ ਵਿੱਚ ਰੁਕਾਵਟ ਬਣਦੀ ਹੈ, ਇਸ ਪ੍ਰਕਾਰ ਦੀ ਹਉਮੈਂ ਦਾ ਤਿਆਗ ਕਰਨ ਨਾਲ ਰੂਹਾਨੀ ਖ਼ੁਸ਼ੀ ਪ੍ਰਾਪਤ ਹੋ ਸਕਦੀ ਹੈ।
ਪ੍ਰਸ਼ਨ 7. ਕੀ ਖ਼ੁਸ਼ੀ ਮਨੁੱਖ ਨੂੰ ਜਨਮ ਤੋਂ ਹੀ ਮਿਲਦੀ ਹੈ?
ਉੱਤਰ – ਖੁਸ਼ੀ ਮਨ ਦੀ ਅਵਸਥਾ ਹੁੰਦੀ ਹੈ, ਕਿਸੇ ਚੀਜ਼ ਦਾ ਨਾਂ ਖ਼ੁਸ਼ੀ ਨਹੀਂ ਹੈ। ਅਜਿਹੀ ਅਵਸਥਾ ਪੈਦਾ ਕੀਤੀ ਜਾ ਸਕਦੀ ਹੈ, ਵਿਕਸਤ ਕੀਤੀ ਜਾ ਸਕਦੀ ਹੈ, ਜਨਮ ਤੋਂ ਹੀ ਕਿਸੇ ਮਨੁੱਖ ਨੂੰ ਖ਼ੁਸ਼ੀ ਨਹੀਂ ਮਿਲਦੀ। ਖ਼ੁਸ਼ੀਆਂ ਪੈਦਾ ਕਰਨ ਲਈ ਮੌਕੇ ਪੈਦਾ ਕਰਨੇ ਪੈਂਦੇ ਹਨ ਅਤੇ ਹਉਮੈਂ ਦਾ ਤਿਆਗ ਕਰਨਾ ਪੈਂਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ‘ ਨਿਬੰਧ ਦਾ ਲੇਖਕ ਕੌਣ ਹੈ?
ਉੱਤਰ – ਡਾ. ਟੀ. ਆਰ. ਸ਼ਰਮਾ।
ਪ੍ਰਸ਼ਨ 2. ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ‘ ਨਿਬੰਧ ਅਨੁਸਾਰ ਕਿੰਨ੍ਹਾਂ ਨੂੰ ਬੁਲਾਉਣਾ ਪੈਂਦਾ ਹੈ?
ਉੱਤਰ – ਖੁਸ਼ੀਆਂ ਨੂੰ।
ਪ੍ਰਸ਼ਨ 3. ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ‘ ਲੇਖ ਅਨੁਸਾਰ ਕਿਸ ਚੀਜ਼ ਦੀ ਆਦਤ ਪਾਉਣੀ ਪੈਂਦੀ ਹੈ?
ਉੱਤਰ – ਹੱਸਣ ਤੇ ਮੁਸਕਰਾਉਣ ਦੀ।
ਪ੍ਰਸ਼ਨ 4. ਪਤੀ-ਪਤਨੀ ਦੁਆਰਾ ਮਾਹੌਲ ਨੂੰ ਖੁਸ਼ਗਵਾਰ ਕਿਵੇਂ ਬਣਾਇਆ ਜਾ ਸਕਦਾ ਹੈ?
ਉੱਤਰ – ਸ਼ਾਂਤੀ ਨਾਲ ਬਹਿ ਕੇ ਗੱਲ ਕਰਕੇ।
ਪ੍ਰਸ਼ਨ 5. ਆਪਣੀ ਸੋਚ ਤੇ ਯੋਜਨਾਬੰਦੀ ਤੋਂ ਕੰਮ ਲੈ ਕੇ ਜੀਵਨ ਕਿਹੋ-ਜਿਹਾ ਬਣਾਇਆ ਜਾ ਸਕਦਾ ਹੈ?
ਉੱਤਰ – ਖ਼ੁਸ਼ਗਵਾਰ।
ਪ੍ਰਸ਼ਨ 6. ਸਾਡੇ ਵੱਡ ਵਡੇਰਿਆਂ ਨੇ ਖ਼ੁਸ਼ੀਆਂ ਪ੍ਰਾਪਤ ਕਰਨ ਦੇ ਵਸੀਲੇ ਕਿਹੜੇ ਬਣਾਏ ਹਨ?
ਉੱਤਰ – ਰਸਮਾਂ, ਰੀਤਾਂ, ਮੇਲੇ ਤੇ ਤਿਉਹਾਰ ਆਦਿ।
ਪ੍ਰਸ਼ਨ 7. ਵਿਆਹ ਸ਼ਾਦੀ ਦੇ ਮੌਕੇ ਉੱਤੇ ਖੁਸ਼ੀ ਪ੍ਰਾਪਤ ਕਰਨ ਦਾ ਸਾਧਨ ਕਿਹੜਾ ਹੈ?
ਉੱਤਰ – ਨਵੇਂ ਕੱਪੜੇ ਸਵਾਉਣਾ।
ਪ੍ਰਸ਼ਨ 8. ਮਨੁੱਖ ਦੀ ਹਉਮੈਂ ਕਿਸ ਚੀਜ਼ ਵਿਚ ਰੁਕਾਵਟ ਪੈਦਾ ਕਰਦੀ ਹੈ?
ਉੱਤਰ – ਖ਼ੁਸ਼ੀਆਂ ਵਿਚ।
ਪ੍ਰਸ਼ਨ 9. ਦੋਸ਼ੀ ਨੂੰ ਖਿਮਾ ਕਰਨਾ ਕਿਹੋ-ਜਿਹਾ ਕੰਮ ਹੁੰਦਾ ਹੈ?
ਉੱਤਰ – ਪੁੰਨ ਦਾ।
ਪ੍ਰਸ਼ਨ 10. ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ‘ ਲੇਖ ਅਨੁਸਾਰ ਖੁਸ਼ੀ ਕੀ ਹੈ?
ਉੱਤਰ – ਮਨ ਦੀ ਅਵਸਥਾ।
ਪ੍ਰਸ਼ਨ 11. ਮੇਰੀ ਗੱਲ, ਮੇਰੀ ਇੱਜ਼ਤ, ਮੇਰਾ ਕਮਰਾ, ਮੇਰੀ ਸੋਟੀ, ਮੇਰੀ ਚਾਹ ਆਦਿ ਕਾਹਦਾ ਪ੍ਰਤੀਕ ਹਨ?
ਉੱਤਰ – ਬੰਧਨ ਦਾ।
ਪ੍ਰਸ਼ਨ 12. ਮਨੁੱਖ ਨੂੰ ਖ਼ੁਸ਼ੀ ਜਨਮ ਤੋਂ ਹੀ ਮਿਲਦੀ ਹੈ। ਸਹੀ ਜਾਂ ਗ਼ਲਤ?
ਉੱਤਰ – ਗ਼ਲਤ
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ ਮੋ ਨੰ. 9193700037ਪ੍ਰਸ਼ਨ 13. ਮੁਕਾਬਲੇ ਨਾਲੋਂ ਉੱਚਾ ਸੰਕਲਪ ਕੀ ਹੈ?
ਉੱਤਰ – ਸਹਿਯੋਗ ਤੇ ਤਿਆਗ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ ਮੋ ਨੰ. 9193700037