4. ਸ.ਸ. ਚਰਨ ਸਿੰਘ ‘ਸ਼ਹੀਦ’
1. ਇੱਕ ਪਿਆਲਾ ਪਾਣੀ
(ੳ) ਅਕਬਰ ਨੂੰ ਦਰਬਾਰ ਬੈਠਿਆਂ, ਤ੍ਰੇਹ ਨੇ ਬਹੁਤ ਸਤਾਇਆ।
ਸੈਨਤ ਹੁੰਦਿਆਂ, ਨਫ਼ਰ ਪਿਆਲਾ, ਜਲ ਠੰਢੇ ਦਾ ਲਿਆਇਆ।
ਪਕੜ ਪਿਆਲਾ ਬਾਦਸ਼ਾਹ ਨੇ, ਮੂੰਹ ਨੂੰ ਚਾਹਿਆ ਲਾਣਾ।
ਪਾਸੋਂ ਬੋਲ ਬੀਰਬਲ ਉਠਿਆ, “ਜ਼ਰਾ ਹੱਥ ਅਟਕਾਣਾ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਇੱਕ ਪਿਆਲਾ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਜਦੋਂ ਅਕਬਰ ਬਾਦਸ਼ਾਹ ਪਿਆਸ ਲੱਗਣ ਤੇ ਪਾਣੀ ਮੰਗਵਾ ਕੇ ਪੀਣ ਲੱਗਾ ਤਾਂ ਉਸਦੇ ਵਜ਼ੀਰ ਬੀਰਬਲ ਨੇ ਪਾਣੀ ਪੀਣ ਤੋਂ ਪਹਿਲਾਂ ਇੱਕ ਸੁਆਲ ਦਾ ਜਵਾਬ ਦੇਣ ਲਈ ਕਿਹਾ।
ਵਿਆਖਿਆ – ਕਵੀ ਲਿਖਦਾ ਹੈ ਕਿ ਜਦੋਂ ਮੁਗ਼ਲ ਬਾਦਸ਼ਾਹ ਨੂੰ ਆਪਣੇ ਦਰਬਾਰ ਵਿੱਚ ਬੈਠਿਆਂ ਪਿਆਸ ਲੱਗੀ, ਤਾਂ ਉਹਨਾਂ ਨੇ ਇਸ਼ਾਰਾ ਕਰਕੇ ਆਪਣੇ ਨੌਕਰ ਤੋਂ ਪਾਣੀ ਦਾ ਪਿਆਲਾ ਮੰਗਵਾਇਆ। ਅਕਬਰ ਬਾਦਸ਼ਾਹ ਜਦੋਂ ਨੌਕਰ ਦੇ ਹੱਥੋਂ ਪਾਣੀ ਦਾ ਪਿਆਲਾ ਲੈ ਕੇ ਪੀਣ ਲਈ ਮੂੰਹ ਨੂੰ ਲਾਉਣ ਹੀ ਲੱਗਾ ਸੀ ਕਿ ਕੋਲ਼ ਬੈਠਾ ਉਹਨਾਂ ਵਜ਼ੀਰ ਬੀਰਬਲ ਬੋਲ ਪਿਆ ਕਿ ਉਹ ਕੁਝ ਸਮਾਂ ਪਾਣੀ ਪੀਣ ਤੋਂ ਰੁਕ ਜਾਣ।
(ਅ) ਪਹਿਲੋਂ ਦੱਸੋ ਆਪ ਇੱਕ ਗਲ, ਜੇ ਪਾਣੀ ਮੁਕ ਜਾਵੇ।
ਸੈ ਕੋਹਾਂ ਤੱਕ ਜਤਨ ਕੀਤਿਆਂ, ਇੱਕ ਬੂੰਦ ਨਾ ਥਿਆਵੇ।
ਅਤੀ ਪਿਆਸ ਲੱਗੀ ਹੋਏ ਤੁਹਾਨੂੰ, ਜਲ ਬਿਨ ਮਰਦੇ ਜਾਵੋ।
ਮਾਹੀ ਵਾਂਗ ਆਬ ਬਿਨ ਤੜਫੋ, ਉਲਟ ਬਾਜ਼ੀਆਂ ਖਾਵੋ।
ਸੱਚ ਦਸੋ ਜੇ ਉਸ ਵੇਲੇ ਕੋਈ ਇਕ ਜਲ ਪਿਆਲਾ ਲਿਆਵੇ,
ਕੀ ਕੁਝ ਦਿਓ ਹਜ਼ੂਰ ਓਸ ਨੂੰ ? ਕੀ ਕੀਮਤ ਉਹ ਪਾਵੇ ?”
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਇੱਕ ਪਿਆਲਾ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਜਦੋਂ ਅਕਬਰ ਬਾਦਸ਼ਾਹ ਪਿਆਸ ਲੱਗਣ ਤੇ ਪਾਣੀ ਮੰਗਵਾ ਕੇ ਪੀਣ ਲੱਗੇ, ਤਾਂ ਉਸਦੇ ਵਜ਼ੀਰ ਬੀਰਬਲ ਨੇ ਪਾਣੀ ਪੀਣ ਤੋਂ ਰੋਕ ਲਿਆ ਅਤੇ ਆਪਣਾ ਇੱਕ ਸੁਆਲ ਬਾਦਸ਼ਾਹ ਅੱਗੇ ਰੱਖਿਆ।
ਵਿਆਖਿਆ – ਬੀਰਬਲ ਨੇ ਬਾਦਸ਼ਾਹ ਨੂੰ ਕਿਹਾ ਕਿ ਉਹ ਪਾਣੀ ਦਾ ਪਿਆਲਾ ਪੀਣ ਤੋਂ ਪਹਿਲਾਂ ਉਸ ਦੇ ਇਕ ਸੁਆਲ ਦਾ ਜਵਾਬ ਦੇਣ ਕਿ ਜੇਕਰ ਪਾਣੀ ਮੁੱਕ ਜਾਵੇ, ਸੌ ਕੋਹਾਂ ਤੱਕ ਕੋਸ਼ਸ਼ਾਂ ਕਰਨ ਦੇ ਬਾਵਜੂਦ ਵੀ ਪਾਣੀ ਦੀ ਇੱਕ ਬੂੰਦ ਵੀ ਨਾ ਲੱਭੇ। ਦੂਜੇ ਪਾਸੇ ਉਨ੍ਹਾਂ ਨੂੰ ਬਹੁਤ ਪਿਆਸ ਲੱਗੀ ਹੋਵੇ, ਪਾਣੀ ਤੋਂ ਬਿਨਾਂ ਉਹ ਇਸ ਤਰ੍ਹਾਂ ਤੜਫ ਰਹੇ ਹੋਣ, ਜਿਸ ਤਰ੍ਹਾਂ ਮੱਛੀ ਪਾਣੀ ਬਿਨਾਂ ਤੜਫਦੀ ਹੋਈ ਉਲਟ ਬਾਜ਼ੀਆਂ ਲਾਉਂਦੀ ਹੈ। ਉਹ ਸੱਚ ਦੱਸਣ ਕਿ ਉਸ ਸਮੇਂ ਜੇਕਰ ਕੋਈ ਪਾਣੀ ਦਾ ਇੱਕ ਪਿਆਲਾ ਉਹਨਾਂ ਲਈ ਲਿਆਵੇ, ਤਾਂ ਹਜ਼ੂਰ ਉਸ ਨੂੰ ਕੀ ਮੁੱਲ ਦੇਣਗੇ? ਉਸ ਨੂੰ ਲਿਆਂਦੇ ਦੁਰਲੱਭ ਪਾਣੀ ਦੇ ਪਿਆਲੇ ਦੀ ਕੀ ਕੀਮਤ ਮਿਲੇਗੀ?
(ੲ) ਹਸ ਕੇ ਅਕਬਰ ਕਹਿਣ ਲੱਗਾ, “ਜੇ ਐਸੀ ਦਸ਼ਾ ਵਿਆਪੇ।
ਅੱਧਾ ਰਾਜ ਦਿਆਂ ਮੁੱਲ ਇਸ ਦਾ, ਖ਼ੁਸ਼ੀ ਨਾਲ਼ ਮੈਂ ਆਪੇ।”
ਇਹ ਕਹਿ ਕੇ ਓਹ ਜਲ ਦਾ ਪਿਆਲਾ, ਗਟ-ਗਟ ਸ਼ਾਹ ਚੜ੍ਹਾਇਆ।
ਫੇਰ ਬੀਰਬਲ ਨੇ ਸ਼ਾਹ ਅੱਗੇ, ਸੁਆਲ ਦੂਸਰਾ ਪਾਇਆ –
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਇੱਕ ਪਿਆਲਾ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਜਦੋਂ ਅਕਬਰ ਬਾਦਸ਼ਾਹ ਪਿਆਸ ਲੱਗਣ ਤੇ ਪਾਣੀ ਮੰਗਵਾ ਕੇ ਪੀਣ ਲੱਗੇ, ਤਾਂ ਉਸਦੇ ਵਜ਼ੀਰ ਬੀਰਬਲ ਨੇ ਪਾਣੀ ਪੀਣ ਤੋਂ ਰੋਕ ਲਿਆ ਅਤੇ ਆਪਣਾ ਇੱਕ ਸੁਆਲ ਬਾਦਸ਼ਾਹ ਅੱਗੇ ਰੱਖਿਆ। ਅਕਬਰ ਨੇ ਸੁਆਲ ਦਾ ਜਵਾਬ ਦੇ ਕੇ ਪਾਣੀ ਪੀ ਲਿਆ।
ਵਿਆਖਿਆ – ਬੀਰਬਲ ਦਾ ਸੁਆਲ ਸੁਣ ਕੇ ਅਕਬਰ ਨੇ ਕਿਹਾ ਕਿ ਜੇਕਰ ਅਜਿਹੀ ਅਵਸਥਾ ਆ ਜਾਵੇ ਤੇ ਪਾਣੀ ਕਿਧਰੇ ਵੀ ਨਾ ਮਿਲੇ ਅਤੇ ਪਿਆਸ ਨਾਲ਼ ਉਸ ਦਾ ਬੁਰਾ ਹਾਲ ਹੋ ਰਿਹਾ ਹੋਵੇ, ਤਾਂ ਉਸ ਵੇਲੇ ਜੋ ਕੋਈ ਉਸ ਲਈ ਪਾਣੀ ਦਾ ਇੱਕ ਪਿਆਲਾ ਲਿਆਵੇਗਾ, ਮੈਂ ਉਸ ਆਦਮੀ ਨੂੰ ਉਸਦੇ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਦੇ ਰੂਪ ਵਿੱਚ ਆਪਣਾ ਅੱਧਾ ਰਾਜ ਭਾਗ ਆਪੇ ਖ਼ੁਸ਼ੀ ਨਾਲ਼ ਦੇ ਦੇਵਾਂਗਾ। ਇਸ ਤਰ੍ਹਾਂ ਅਕਬਰ ਬਾਦਸ਼ਾਹ ਨੇ ਬੀਰਬਲ ਦੇ ਉੱਤਰ ਦਾ ਜਵਾਬ ਦੇ ਕੇ ਪਾਣੀ ਦਾ ਪਿਆਲਾ ਮੂੰਹ ਨੂੰ ਲਾ ਲਿਆ ਅਤੇ ਗਟ-ਗਟ ਕਰਕੇ ਪੀ ਗਏ। ਉਸ ਤੋਂ ਬਾਅਦ ਬੀਰਬਲ ਨੇ ਬਾਦਸ਼ਾਹ ਅੱਗੇ ਦੂਸਰਾ ਸੁਆਲ ਪਾ ਦਿੱਤਾ।
(ਸ) “ਦੱਸੋ ਭਲਾ, ਜੇ ਇਹ ਪਾਣੀ ਹੁਣ, ਦੇਹ ਅੰਦਰ ਰੁਕ ਜਾਵੇ।
ਰੁਕ ਜਾਵੇ ਪੇਸ਼ਾਬ ਆਪ ਦਾ, ਜਾਨ ਪਿਆ ਤੜਫਾਵੇ।
ਬਚਣ ਲਈ ਉਸ ਕਸ਼ਟੋਂ ਕਿੰਨੇ, ਪੀਰ ਪੈਗ਼ੰਬਰ ਸੇਵੋ ,
ਅੱਧਾ ਰਾਜ ਮੰਗੇ ਜੇ ਕੋਈ, ਦੇਵੋ ਯਾ ਨਾ ਦੇਵੋ?”
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਇੱਕ ਪਿਆਲਾ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਜਦੋਂ ਅਕਬਰ ਬਾਦਸ਼ਾਹ ਨੇ ਬੀਰਬਲ ਦੇ ਪਹਿਲੇ ਸੁਆਲ ਦਾ ਜਵਾਬ ਦੇ ਕੇ ਪਾਣੀ ਪੀ ਲਿਆ ਤਾਂ ਬੀਰਬਲ ਨੇ ਬਾਦਸ਼ਾਹ ਅੱਗੇ ਆਪਣਾ ਦੂਸਰਾ ਸੁਆਲ ਪਾਇਆ।
ਵਿਆਖਿਆ – ਬੀਰਬਲ ਨੇ ਬਾਦਸ਼ਾਹ ਨੂੰ ਦੂਸਰਾ ਸੁਆਲ ਕਰਦਿਆਂ ਕਿਹਾ ਕਿ ਹੁਣ ਉਸ ਨੂੰ ਇਹ ਦੱਸਣ ਕਿ ਜੇਕਰ ਉਨ੍ਹਾਂ ਦੁਆਰਾ ਪੀਤਾ ਪਾਣੀ ਉਨ੍ਹਾਂ ਦੇ ਸਰੀਰ ਦੇ ਅੰਦਰ ਹੀ ਰੁੱਕ ਜਾਵੇ। ਭਾਵ ਉਹਨਾਂ ਨੂੰ ਪੇਸ਼ਾਬ ਨਾ ਆਵੇ। ਉਹ ਇਸ ਬਿਮਾਰੀ ਤੋਂ ਬਚਣ ਲਈ ਪੀਰਾਂ ਪੈਗੰਬਰਾਂ ਨੂੰ ਖ਼ੁਸ਼ ਕਰਨ ਵਾਲ਼ੇ ਅਨੇਕਾਂ ਧਾਰਮਿਕ ਕਰਮ-ਕਾਂਡ ਕਰਨ ਲੱਗਣ। ਜੇਕਰ ਇਸ ਸਮੇਂ ਕੋਈ ਉਨ੍ਹਾਂ ਦਾ ਕਸ਼ਟ ਦੂਰ ਕਰ ਦੇਵੇ ਅਤੇ ਇਨਾਮ ਵਜੋਂ ਅੱਧਾ ਰਾਜ–ਭਾਗ ਮੰਗ ਲਵੇ, ਤਾਂ ਕੀ ਉਹ ਦੇ ਦੇਣਗੇ ਜਾਂ ਨਹੀਂ?
(ਹ) ਚਕ੍ਰਿਤ ਹੋ ਕੇ ਸ਼ਾਹ ਬੋਲਿਆ – “ਜ਼ਰਾ ਢਿੱਲ ਨਾ ਲਾਵਾਂ।
ਬੇਸ਼ਕ ਅੱਧਾ ਰਾਜ ਭਾਗ ਮੈਂ, ਫ਼ੌਰਨ ਭੇਟ ਕਰਾਵਾਂ।”
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਇੱਕ ਪਿਆਲਾ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਅਕਬਰ ਬਾਦਸ਼ਾਹ ਨੇ ਆਪਣੇ ਕਸ਼ਟ ਦੇ ਇਲਾਜ਼ ਲਈ ਆਪਣਾ ਬਾਕੀ ਰਹਿੰਦਾ ਅੱਧਾ ਰਾਜ ਭਾਗ ਦੇਣ ਲਈ ਕਿਹਾ।
ਵਿਆਖਿਆ – ਬਾਦਸ਼ਾਹ ਅਕਬਰ ਨੇ ਹੈਰਾਨ ਹੋ ਕੇ ਬੀਰਬਲ ਦੇ ਉੱਤਰ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਸ ਨੂੰ ਅਜਿਹੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਜਾਵੇ, ਤਾਂ ਇਸ ਕਸ਼ਟ ਨੂੰ ਦੂਰ ਕਰਨ ਵਾਲ਼ੇ ਨੂੰ ਉਹ ਬਿਨਾਂ ਸੰਦੇਹ ਤੋਂ ਕਿਸੇ ਤਰ੍ਹਾਂ ਦੀ ਦੇਰੀ ਕੀਤੇ ਬਿਨਾ ਆਪਣਾ ਅੱਧਾ ਰਾਜ ਭਾਗ ਦੇ ਦੇਣਗੇ।
(ਕ) ਹਸ ਕੇ ਆਖੇ ਬੀਰਬਲ ਫਿਰ – “ਇਸ ਤੋਂ ਸਾਬਤ ਹੋਇਆ।
ਇੱਕ ਪਿਆਲੇ ਜਲ ਦਾ ਮੁਲ ਹੈ, ਰਾਜ ਤੁਹਾਡਾ ਗੋਇਆ।
ਜੋ ਅਣ-ਮਿਣਿਆ-ਤੁਲਿਆ ਇਹ ਜਲ, ਸਭ ਨੂੰ ਮੁਫ਼ਤ ਪੁਚਾਵੇ।
ਉਸ ਰੱਬ ‘ਸੁਥਰੇ‘ ਦੀ ਬਖ਼ਸ਼ਸ਼ ਦਾ ਬੰਦਾ ਕੀ ਮੁਲ ਪਾਵੇ ?”
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਇੱਕ ਪਿਆਲਾ ਪਾਣੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਜਦੋਂ ਅਕਬਰ ਬਾਦਸ਼ਾਹ ਦੇ ਵਿਸ਼ਾਲ ਰਾਜ ਦੀ ਕੀਮਤ ਇੱਕ ਪਿਆਲੇ ਪਾਣੀ ਦੇ ਬਰਾਬਰ ਹੈ। ਪਰਮਾਤਮਾ ਸਭ ਨੂੰ ਮੁਫ਼ਤ ਵਿੱਚ ਹੀ ਅਣ-ਤੋਲਿਆ ਪਾਣੀ ਦੇ ਰਿਹਾ ਹੈ , ਬੰਦਾ ਉਸ ਦਾ ਕੀ ਮੁੱਲ ਪਾ ਸਕਦਾ ਹੈ?
ਵਿਆਖਿਆ – ਜਦੋਂ ਅਕਬਰ ਬਾਦਸ਼ਾਹ ਨੇ ਬੀਰਬਲ ਦੇ ਦੋਹਾਂ ਸੁਆਲਾਂ ਦੇ ਉੱਤਰ ਦੇ ਦਿੱਤੇ, ਤਾਂ ਬੀਰਬਲ ਨੇ ਕਿਹਾ ਕਿ ਇਸ ਤਰ੍ਹਾਂ ਇਹ ਸਾਬਤ ਹੋ ਗਿਆ ਕਿ ਤੁਹਾਡੇ ਸਾਰੇ ਰਾਜ ਦਾ ਮੁੱਲ ਇੱਕ ਪਿਆਲਾ ਪਾਣੀ ਦੇ ਬਰਾਬਰ ਹੈ। ਧਰਤੀ ਉੱਪਰ ਪਾਣੀ ਪਰਮਾਤਮਾ ਦੀ ਬਖ਼ਸ਼ਸ਼ ਹੈ। ਜੋ ਬਿਨਾਂ ਤੋਲਿਆਂ ਜਾਂ ਮਿਣਿਆਂ ਪਾਣੀ ਪੂਰੀ ਦੁਨੀਆ ਨੂੰ ਮਿਲ਼ ਰਿਹਾ ਹੈ। ਇਨਸਾਨ ਪਰਮਾਤਮਾ ਦੀ ਇਸ ਬਖ਼ਸ਼ਸ਼ ਦਾ ਮੁੱਲ ਪਾਉਣ ਦੀ ਸਮਰੱਥਾ ਨਹੀਂ ਰੱਖਦਾ।
••• ਕੇਂਦਰੀ ਭਾਵ •••
ਜੇਕਰ ਸੰਕਟ ਦੀ ਸਥਿਤੀ ਵਿੱਚ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਅਕਬਰ ਵਰਗੇ ਬਾਦਸ਼ਾਹ ਦਾ ਸਮੁੱਚਾ ਰਾਜ ਹੋ ਸਕਦੀ ਹੈ, ਤਾਂ ਬੰਦਾ ਉਸ ਪਰਮਾਤਮਾ ਦੁਆਰਾ ਪ੍ਰਾਪਤ ਬਖ਼ਸ਼ਸ਼ ਦਾ ਮੁੱਲ ਪਾਉਣ ਦੇ ਸਮਰੱਥ ਨਹੀਂ ਹੈ, ਜਿਹੜਾ ਕਿ ਉਸ ਨੂੰ ਅਣ-ਮਿਣਿਆ ਅਤੇ ਅਣ-ਤੋਲਿਆ ਪਾਣੀ ਮੁਫ਼ਤ ਵਿੱਚ ਹੀ ਦੇ ਰਿਹਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਇੱਕ ਪਿਆਲਾ ਪਾਣੀ’ ਕਵਿਤਾ ਕਿਸ ਦੀ ਲਿਖੀ ਹੈ ?
ਉੱਤਰ – ਸ.ਸ. ਚਰਨ ਸਿੰਘ ਸ਼ਹੀਦ ਦੀ।
ਪ੍ਰਸ਼ਨ 2. ਅਕਬਰ ਕਿੱਥੇ ਬੈਠਾ ਸੀ ?
ਉੱਤਰ – ਦਰਬਾਰ ਵਿੱਚ।
ਪ੍ਰਸ਼ਨ 3. ਅਕਬਰ ਨੂੰ ਕਿਸ ਚੀਜ਼ ਨੇ ਸਤਾਇਆ ?
ਉੱਤਰ – ਤ੍ਰੇਹ ਨੇ।
ਪ੍ਰਸ਼ਨ 4. ਪਾਣੀ ਦਾ ਪਿਆਲਾ ਕੌਣ ਲਿਆਇਆ ?
ਉੱਤਰ – ਨਫ਼ਰ (ਨੌਕਰ)।
ਪ੍ਰਸ਼ਨ 5. ਬੀਰਬਲ ਨੇ ਅਕਬਰ ਨੂੰ ਕਿੰਨੇ ਸੁਆਲ ਕੀਤੇ ?
ਉੱਤਰ – ਦੋ।
ਪ੍ਰਸ਼ਨ 6. ਇੱਕ ਪਿਆਲੇ ਪਾਣੀ ਦਾ ਮੁੱਲ ਕੀ ਪਿਆ ?
ਉੱਤਰ – ਅਕਬਰ ਦਾ ਸਾਰਾ ਰਾਜ।
2. ਗ਼ਲਤ ਫ਼ਹਿਮੀਆਂ
(ੳ) ਮੈਂ ਦੇਖ ਹਮਾਕਤ ਦੁਨੀਆ ਦੀ ਹੁੰਦਾ ਹਾਂ ਦੂਰ੍ਹਾ ਹਸ-ਹਸ ਕੇ,
ਪੈ ਲੋਕ ਮੁਸੀਬਤ ਝਲਦੇ ਨੇ ਵਿੱਚ ਗ਼ਲਤ ਫ਼ਹਿਮੀਆਂ ਫਸ-ਫਸ ਕੇ।
‘ਕੋਝੇ‘ ਨੂੰ ਲੱਗਾ ਭੁਲੇਖਾ ਹੈ, ਬਣ-ਬਣ ਕੇ ‘ਸੋਹਣਾ‘ ਫੁਲਦਾ ਹੈ,
ਜਦ ਲੋਕ ਟਿਚਕਰਾਂ ਕਰਦੇ ਨੇ, ਤਾਂ ਅੰਦਰ-ਅੰਦਰ ਘੁਲਦਾ ਹੈ।
‘ਮੂਰਖ‘ ਖ਼ੁਦ ਤਈਂ ਸਮਝਦਾ ਹੈ, ਅਕਲਈਆ ਵੱਧ ਵਿਦਵਾਨਾਂ ਤੋਂ,
ਫਿਰ ਰੋਂਦਾ ਹੈ ਜਦ ਜਗਤ ਕਰੇ, ਵਰਤਾਉ ਬੁਰਾ ਹੈਵਾਨਾਂ ਤੋਂ।
ਕੰਗਲਾ ਹੈ ਫਸਿਆ ਗ਼ਲਤੀ ਵਿੱਚ, ਧਨੀਆਂ ਦੀਆਂ ਰੀਸਾਂ ਕਰਦਾ ਹੈ,
ਜਦ ਕਰਜ਼ੇ-ਸੂਦ ਕੁਚਲਦੇ ਨੇ, ਤਾਂ ਰੋਂਦਾ ਹਉਕੇ ਭਰਦਾ ਹੈ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਗ਼ਲਤ ਫਹਿਮੀਆਂ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਸੰਸਾਰ ਵਿੱਚ ਮਨੁੱਖ ਗ਼ਲਤ ਫਹਿਮੀਆਂ ਵਿੱਚ ਪੈ ਕੇ ਕਈ ਪ੍ਰਕਾਰ ਦੇ ਦੁੱਖ ਕਸ਼ਟ ਭੋਗ ਰਿਹਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਦੁਨੀਆ ਦੀ ਮੂਰਖਤਾ ਦੇਖ ਕੇ ਉਸ ਨੂੰ ਹਾਸਾ ਆਉਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਦੁਨੀਆ ਦੇ ਲੋਕ ਕਈ ਪ੍ਰਕਾਰ ਦੇ ਭੁਲੇਖਿਆਂ ਵਿੱਚ ਫਸ ਕੇ ਬਿਨਾਂ ਗੱਲ ਤੋਂ ਦੁੱਖ ਸਹਿ ਰਹੇ ਹਨ। ਕਿਸੇ ਨੂੰ ਇਹ ਭੁਲੇਖਾ ਹੈ ਕਿ ਉਹ ਬਹੁਤ ਸੋਹਣਾ ਹੈ। ਜਿਸ ਕਰਕੇ ਉਹ ਦੁਨੀਆ ਅੱਗੇ ਸੋਹਣੇ ਹੋਣ ਦਾ ਦਿਖਾਵਾ ਕਰਦਾ ਹੈ, ਪਰ ਜਦੋਂ ਲੋਕ ਉਸ ਨੂੰ ਉਸ ਦੇ ਦਿਖਾਵੇ ਕਰਕੇ ਮਖੌਲ ਕਰਦੇ ਹਨ, ਤਾਂ ਉਹ ਅੰਦਰੋਂ-ਅੰਦਰੀ ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਮੂਰਖ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਉਹ ਵਿਦਵਾਨਾਂ ਨਾਲੋਂ ਵੀ ਵੱਧ ਸਿਆਣਾ ਹੈ, ਪਰ ਜਦੋਂ ਦੁਨੀਆ ਉਸ ਨਾਲ਼ ਪਸ਼ੂਆਂ ਵਰਗਾ ਵਿਵਹਾਰ ਕਰਦੀ ਹੈ, ਤਾਂ ਉਹ ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਗਰੀਬ ਗ਼ਲਤੀ ਨਾਲ਼ ਅਮੀਰਾਂ ਦੀਆਂ ਰੀਸਾਂ ਕਰਦਾ ਹੋਇਆ ਕਈ ਪ੍ਰਕਾਰ ਦੇ ਦਿਖਾਵਿਆਂ ਵਿੱਚ ਪੈ ਕੇ ਖ਼ਰਚਾ ਕਰਦਾ ਹੈ, ਪਰ ਜਦੋਂ ਕਰਜ਼ੇ ਅਤੇ ਵਿਆਜ ਥੱਲੇ ਦੱਬਿਆ ਜਾਂਦਾ ਹੈ, ਤਾਂ ਫਿਰ ਕਈ ਪ੍ਰਕਾਰ ਦੇ ਦੁੱਖ ਸਹਿਣ ਕਰਦਾ ਹੋਇਆ ਰੋਂਦਾ ਅਤੇ ਹਉਕੇ ਭਰਦਾ ਹੈ।
(ਅ) ਕਮਜ਼ੋਰ ‘ਬਲੀ‘ ਸਮ ਆਕੜ ਕੇ, ਜਾ ਨਾਲ਼ ਤਕੜਿਆਂ ਖਹਿੰਦਾ ਹੈ,
ਤਦ ਹੋਸ਼ ਮਗ਼ਜ਼ ਵਿੱਚ ਔਂਦੀ ਹੈ, ਜਦ ਹੱਡ ਤੁੜਾ ਕੇ ਬਹਿੰਦਾ ਹੈ।
ਕੋਈ ‘ਸੋਨੇ‘ ਸੂਲੀ ਚੜ੍ਹਿਆ ਹੈ, ਸੱਪ ‘ਰੰਗ‘ ਕਿਸੇ ਨੂੰ ਡੱਸਿਆ ਹੈ,
ਕੋਈ ‘ਰਾਜ‘ ਭੁਲੇਖੇ ਭੁਲਿਆ ਹੈ, ਕੋਈ ‘ਜਾਤ‘ ਭੁੱਲ ਵਿੱਚ ਫਸਿਆ ਹੈ।
‘ਬੁੱਧੂ‘ ਦੇ ਭਾਣੇ ਹੱਥ ਕੰਡੇ, ਸਭ ਜੱਗ ਦੇ ਉਸ ਨੂੰ ਆਂਦੇ ਨੇ,
ਪਛਤਾਂਦਾ ਹੈ, ਜਦ ਚਤੁਰ ਲੋਕ, ਤਿਸ ਵੇਚ ਪਕੌੜੇ ਖਾਂਦੇ ਨੇ।
ਪਿਉ ਜਿਸ ਦਾ ਕਾਲ਼ੇ ਅੱਖਰ ਤੋਂ, ਮਹਿੰ ਕਾਲ਼ੀ ਵਾਂਗੂੰ ਡਰਦਾ ਹੈ,
ਉਹ ‘ਡੰਗਰ‘ ਆਪਣੀ ਉਪਮਾ ਕਰ, ‘ਕਵੀਆਂ‘ ਦੀ ਨਿੰਦਾ ਕਰਦਾ ਹੈ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਗ਼ਲਤ ਫ਼ਹਿਮੀਆਂ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਸੰਸਾਰ ਵਿੱਚ ਮਨੁੱਖ ਦੂਸਰਿਆਂ ਦੀ ਰੀਸ ਕਰਕੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਤਮ ਸਮਝ ਕੇ ਕਈ ਪ੍ਰਕਾਰ ਦੀਆਂ ਗ਼ਲਤ ਫ਼ਹਿਮੀਆਂ ਵਿੱਚ ਪੈ ਕੇ ਕਈ ਪ੍ਰਕਾਰ ਦੇ ਦੁੱਖ ਕਸ਼ਟ ਭੋਗ ਰਿਹਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਕਮਜ਼ੋਰ ਆਦਮੀ ਆਪਣੀ ਤਾਕਤ ਬਾਰੇ ਭੁਲੇਖੇ ਵਿੱਚ ਪੈ ਕੇ ਤਾਕਤਵਰ ਲੋਕਾਂ ਨਾਲ਼ ਝਗੜਾ ਕਰਦਾ ਹੈ, ਪਰ ਜਦੋਂ ਅਗਲਾ ਹੱਡ ਤੋੜ ਦਿੰਦਾ ਹੈ, ਤਾਂ ਫਿਰ ਹੀ ਉਸ ਦੀ ਹੋਸ਼ ਟਿਕਾਣੇ ਆ ਜਾਂਦੀ ਹੈ। ਇਸ ਤਰ੍ਹਾਂ ਕੋਈ ਗ਼ਲਤ ਫਹਿਮੀਆਂ ਦਾ ਸ਼ਿਕਾਰ ਹੋ ਕੇ, ਕੋਈ ਧਨ-ਦੌਲਤ ਦੇ ਹੰਕਾਰ ਕਰਕੇ, ਕੋਈ ਗੋਰੇ ਰੰਗ ਦੇ ਮਾਣ ਕਰਕੇ, ਕੋਈ ਹਕੂਮਤ ਦੇ ਭੁਲੇਖੇ ਵਿੱਚ ਫਸ ਕੇ, ਕੋਈ ਉੱਚੀ ਜਾਤ ਦੇ ਹੰਕਾਰ ਦੀ ਭੁੱਲ ਵਿੱਚ ਫਸ ਕੇ ਦੁਖੀ ਹੋ ਰਿਹਾ ਹੈ। ਬਹੁਤ ਹੀ ਮੂਰਖ ਇਹ ਸਮਝਦਾ ਹੈ ਕਿ ਦੁਨੀਆ ਭਰ ਦੀਆਂ ਸਾਰੀਆਂ ਚਲਾਕੀਆਂ ਉਹ ਜਾਣਦਾ ਹੈ। ਉਦੋਂ ਦੁਖੀ ਹੁੰਦਾ ਹੈ, ਜਦੋਂ ਚੁਸਤ ਲੋਕ ਉਸ ਨੂੰ ਵੇਚ ਕੇ ਪਕੌੜੇ ਖਾ ਜਾਂਦੇ ਹਨ ਅਤੇ ਉਹ ਦੇਖਦਾ ਹੀ ਰਹਿ ਜਾਂਦਾ ਹੈ। ਜਿਸ ਦੇ ਪਿਓ ਨੇ ਕਦੇ ਇੱਕ ਅੱਖਰ ਵੀ ਨਹੀਂ ਪੜ੍ਹਿਆ ਭਾਵ ਅਨਪੜ੍ਹ ਵਿਅਕਤੀ ਹੈ। ਉਹ ਆਪਣੀ ਪ੍ਰਸੰਸਾ ਕਰਦਾ ਹੈ ਅਤੇ ਬੁੱਧੀਜੀਵੀਆਂ ਤੇ ਕਵੀਆਂ ਦੀ ਨਿੰਦਿਆ ਕਰਦਾ ਹੈ।
(ੲ) ਕਹਿੰਦੇ ਹਨ ‘ਬੰਦੇ‘ ਘੜਨ ਸਮੇਂ, ਰਬ ਸਭ ਦੇ ਕੰਨ ‘ਚ ਕਹਿੰਦਾ ਹੈ,
‘ਨਹੀਂ ਘੜਿਆ ਤੇਰੇ ਜਿਹਾ ਹੋਰ‘, ਬਸ ‘ਬੰਦਾ‘ ਆਕੜ ਬਹਿੰਦਾ ਹੈ।
ਭੁਲ ਇਸੇ ਤਰ੍ਹਾਂ ‘ਸ਼ੈਤਾਨ‘ ਹੁਰਾਂ, ਨਾ ਅਦਬ ‘ਆਦਮ‘ ਦਾ ਕੀਤਾ ਸੀ,
‘ਏਹ ਖ਼ਾਕੀ ਹੈ ਮੈਂ ਨਾਰੀ ਹਾਂ,‘ ਕਹਿ ਤੌਕ ਲਾਨ੍ਹਤੀ ਲੀਤਾ ਸੀ।
ਜਗ ਰੀਸ ‘ਸ਼ੈਤਾਨੀ‘ ਕਰਦਾ ਹੈ, ਨਾ ਸਬਕ ਓਸ ਤੋਂ ਸਿਖਦਾ ਹੈ,
ਵਧ ਗ਼ਲਤ ਫ਼ਹਿਮੀਆਂ ਸਿੱਖਦਾ ਹੈ, ਜਿਉਂ-ਜਿਉਂ ਵੱਧ ਪੜ੍ਹਦਾ ਲਿਖਦਾ ਹੈ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਗ਼ਲਤ ਫ਼ਹਿਮੀਆਂ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਸੰਸਾਰ ਵਿੱਚ ਮਨੁੱਖ ਦੇ ਪੈਦਾ ਹੋਣ ਸਮੇਂ ਰੱਬ ਦੀ ਕਹੀ ਇੱਕ ਗੱਲ ਕਰਕੇ ਉਹ ਆਪਣੇ-ਆਪ ਨੂੰ ਦੂਜਿਆਂ ਨਾਲ਼ੋਂ ਉੱਤਮ ਸਮਝ ਕੇ ਕਈ ਪ੍ਰਕਾਰ ਦੀਆਂ ਗ਼ਲਤ ਫ਼ਹਿਮੀਆਂ ਵਿੱਚ ਪੈ ਕੇ ਕਈ ਪ੍ਰਕਾਰ ਦੇ ਦੁੱਖ ਕਸ਼ਟ ਭੋਗ ਰਿਹਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਆਮ ਤੌਰ ਤੇ ਲੋਕ ਕਹਿੰਦੇ ਹਨ ਜਦੋਂ ਰੱਬ ਨੇ ਬੰਦਿਆਂ ਨੂੰ ਘੜਿਆ ਤਾਂ ਉਸ ਨੇ ਹਰੇਕ ਦੇ ਕੰਨ ਵਿੱਚ ਇੱਕ ਗੱਲ ਆਖੀ ਕਿ ਉਸ ਵਰਗਾ ਮੈਂ ਕਿਸੇ ਹੋਰ ਨੂੰ ਨਹੀਂ ਬਣਾਇਆ। ਬੱਸ ਇਹੀ ਗੱਲ ਦੇ ਕਾਰਨ ਬੰਦਾ ਗ਼ਲਤ ਫ਼ਹਿਮੀਆਂ ਅਤੇ ਆਕੜ ਵਿੱਚ ਆ ਜਾਂਦਾ ਹੈ। ਸ਼ੈਤਾਨ ਨੇ ਭੁੱਲ ਕੇ ਰੱਬ ਦੇ ਕਹਿਣ ਤੇ ਵੀ ਉਸ ਦੇ ਬਣਾਏ ਮਨੁੱਖ ਦਾ ਸਤਿਕਾਰ ਨਾ ਕੀਤਾ ਕਿਉਂਕਿ ਉਹ ਆਪਣੇ–ਆਪ ਨੂੰ ਅੱਗ ਤੋਂ ਬਣਿਆ ਹੋਣ ਕਰਕੇ ਮਿੱਟੀ ਤੋਂ ਬਣੇ ਮਨੁੱਖ ਨਾਲ਼ੋਂ ਵਧੀਆ ਸਮਝਦਾ ਸੀ। ਇਸ ਕਰਕੇ ਉਸ ਦੇ ਗੱਲ ਵਿੱਚ ਹਮੇਸ਼ਾਂ ਹੀ ਲਾਹਨਤ ਦਾ ਪਟਾ ਪਿਆ ਰਿਹਾ। ਸੰਸਾਰ ਦੀ ਹਾਲਤ ਇਹ ਹੈ ਕਿ ਉਹ ਸ਼ੈਤਾਨ ਦੀ ਰੀਸ ਕਰਦਾ ਹੈ, ਪਰ ਉਸ ਦੀ ਗ਼ਲਤੀ ਤੋਂ ਸਬਕ ਨਹੀਂ ਲੈ ਰਿਹਾ। ਅਸਲ ਵਿੱਚ ਉਸ ਦਾ ਸੁਭਾਅ ਹੀ ਇਹੋ-ਜਿਹਾ ਹੈ ਕਿ ਉਹ ਜਿਵੇਂ-ਜਿਵੇਂ ਵੱਧ ਪੜ੍ਹਦਾ-ਲਿਖਦਾ ਜਾਂਦਾ ਹੈ। ਉਹ ਗ਼ਲਤ ਫ਼ਹਿਮੀਆਂ ਵਿੱਚ ਪੈਂਦਾ ਜਾਂਦਾ ਹੈ। ਜਿਸ ਦੇ ਕਾਰਨ ਉਹ ਦੁੱਖ ਸਹਿਣ ਕਰਦਾ ਹੈ।
(ਸ) ਜੇ ਗ਼ਲਤ ਫ਼ਹਿਮੀਆਂ ਤਜ ਬੰਦਾ, ਆਪਣੇ ਸਮ ਸਮਝੇ ਹੋਰਾਂ ਨੂੰ,
ਸੁਖ ਮਾਨ ਦਵੇ, ਸੁਖ ਮਾਨ ਲਵੇ, ਤਦ ਜ਼ੋਰਾਂ, ਸ਼ੋਰਾਂ, ਖੋਰਾਂ ਨੂੰ।
ਤਦ ਇਹੋ ਨਰਕ ਜੱਗ, ਸੁਰਗ ਬਣੇ, ਲੁਤਫ਼ਾਂ ਦਾ ਤੰਬੂ ਬਣ ਜਾਵੇ,
ਦਿਲ ਗੰਦ-ਮੰਦ ਤੋਂ ਸਾਫ਼ ਹੋਣ, ਹਰ ਬੰਦਾ ‘ਸੁਥਰਾ‘ ਬਣ ਜਾਵੇ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਆਧੁਨਿਕ-ਕਾਵਿ ਭਾਗ ਅਧੀਨ ਦਰਜ ਸ.ਸ. ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ‘ਗ਼ਲਤ ਫ਼ਹਿਮੀਆਂ ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਜੇਕਰ ਮਨੁੱਖ ਸਾਰੀਆਂ ਗ਼ਲਤ ਫ਼ਹਿਮੀਆਂ ਛੱਡ ਕੇ ਸਾਰਿਆਂ ਨੂੰ ਆਪਣੇ ਬਰਾਬਰ ਸਮਝ ਲਵੇ, ਤਾਂ ਸੰਸਾਰ ਸਵਰਗ ਬਣ ਸਕਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜੇਕਰ ਮਨੁੱਖ ਆਪਣੀ ਹਸਤੀ, ਤਾਕਤ, ਬੁੱਧੀ, ਰੰਗ, ਧਨ-ਦੌਲਤ ਅਤੇ ਜਾਤ-ਪਾਤ ਬਾਰੇ ਗ਼ਲਤ ਫਹਿਮੀਆਂ ਦਾ ਤਿਆਗ ਕਰ ਦੇਵੇ ਅਤੇ ਆਪਣੀ ਤਾਕਤ ਦੇ ਹੰਕਾਰ ਨੂੰ, ਆਪਣੀ ਹਉਮੈ ਨੂੰ, ਆਪਸੀ ਰੌਲੇ-ਰੱਪੇ ਨੂੰ ਅਤੇ ਦੁਸ਼ਮਣੀਆਂ ਨੂੰ ਛੱਡ ਕੇ ਦੂਜਿਆਂ ਨੂੰ ਆਪਣੇ ਬਰਾਬਰ ਸਮਝੇ ਅਤੇ ਨਾਲ਼ੇ ਖੁਦ ਸੁੱਖ ਮਾਣੇ ਅਤੇ ਨਾਲ਼ੇ ਦੂਸਰਿਆਂ ਨੂੰ ਮਾਨਣ ਦੇਵੇ, ਤਾਂ ਇਹ ਨਰਕ ਵਰਗਾ ਸੰਸਾਰ ਵੀ ਸਵਰਗ ਬਣ ਸਕਦਾ ਹੈ। ਇੱਥੇ ਸਾਧਾਂ ਦਾ ਡੇਰਾ ਲੱਗ ਜਾਵੇਗਾ, ਦਿਲ ਗੰਦ-ਮੰਦ ਤੋਂ ਸਾਫ਼ ਹੋ ਜਾਣਗੇ ਅਤੇ ਬੰਦਾ ਪਰਮਾਤਮਾ ਵਾਂਗ ਹੀ ਸਾਫ਼-ਸੁਥਰਾ ਬਣ ਜਾਵੇਗਾ।
••• ਕੇਂਦਰੀ ਭਾਵ •••
ਬੰਦਾ ਆਪਣੀ ਸ਼ਕਲ, ਤਾਕਤ, ਬੁੱਧੀ, ਰੰਗ, ਜਾਤ-ਪਾਤ ਅਤੇ ਧਨ-ਦੌਲਤ ਸੰਬੰਧੀ ਗ਼ਲਤ ਫ਼ਹਿਮੀਆਂ ਵਿੱਚ ਫਸ ਕੇ ਕਈ ਪ੍ਰਕਾਰ ਦੇ ਦੁੱਖ ਸਹਿਣ ਕਰਦਾ ਹੈ। ਜੇਕਰ ਹਰ ਕੋਈ ਬੰਦਾ ਇਨ੍ਹਾਂ ਗ਼ਲਤ ਫ਼ਹਿਮੀਆਂ, ਹੰਕਾਰ ਅਤੇ ਦੁਸ਼ਮਣੀਆਂ ਦਾ ਤਿਆਗ ਕਰ ਦੇਵੇ ਤਾਂ ਉਹ ਦੁਨੀਆ ਭਰ ਦੇ ਸੁੱਖਾਂ ਨੂੰ ਮਾਣ ਸਕਦਾ ਹੈ ਅਤੇ ਸੰਸਾਰ ਸਵਰਗ ਬਣ ਸਰਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਗ਼ਲਤ ਫ਼ਹਿਮੀਆਂ’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ – ਸ.ਸ.ਚਰਨ ਸਿੰਘ ਸ਼ਹੀਦ ਦੀ।
ਪ੍ਰਸ਼ਨ 2. ਕਵੀ ਨੂੰ ਦੁਨੀਆ ਦੀ ਕਿਹੜੀ ਗੱਲ ਦੇਖ ਕੇ ਹਾਸਾ ਆਉਂਦਾ ਹੈ ?
ਉੱਤਰ – ਗ਼ਲਤ ਫ਼ਹਿਮੀਆਂ।
ਪ੍ਰਸ਼ਨ 3. ਗ਼ਲਤ ਫ਼ਹਿਮੀਆਂ ਵਿੱਚ ਪੈ ਕੇ ਲੋਕ ਕੀ ਸਹਿਣ ਕਰਦੇ ਹਨ ?
ਉੱਤਰ – ਦੁੱਖ-ਤਖ਼ਲੀਫਾਂ।
ਪ੍ਰਸ਼ਨ 4. ਧਨੀਆਂ ਦੀਆਂ ਰੀਸਾਂ ਕੌਣ ਕਰਦਾ ਹੈ ?
ਉੱਤਰ – ਕੰਗਲਾ (ਗਰੀਬ)।
ਪ੍ਰਸ਼ਨ 5. ਕਵੀਆਂ ਦੀ ਨਿੰਦਿਆ ਕੌਣ ਕਰਦਾ ਹੈ ?
ਉੱਤਰ – ਅਨਪੜ੍ਹ ਵਿਅਕਤੀ।
ਪ੍ਰਸ਼ਨ 6. ਸੰਸਾਰ ਸਵਰਗ ਕਿਵੇਂ ਬਣ ਸਕਦਾ ਹੈ ?
ਉੱਤਰ – ਜੇਕਰ ਮਨੁੱਖ ਗ਼ਲਤ ਫ਼ਹਿਮੀਆਂ ਤਿਆਗ ਦੇਵੇ।
ਪ੍ਰਸ਼ਨ 7. ਆਦਮ ਦਾ ਅਦਬ ਨਾ ਕਰਨ ਦੀ ਭੁੱਲ ਕਿਸ ਨੇ ਕੀਤੀ ?
ਉੱਤਰ – ਸ਼ੈਤਾਨ ਨੇ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037