1. ਭਾਈ ਵੀਰ ਸਿੰਘ
1. ਸਮਾਂ
(ੳ) ਰਹੀ ਵਾਸਤੇ ਘੱਤ ‘ਸਮੇਂ’ ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ ‘ਸਮੇਂ’ ਖਿਸਕਾਈ ਕੰਨੀ,
ਕਿਵੇਂ ਨ ਸੱਕੀ ਰੋਕ ਅਟਕ ਜੋ ਪਾਈ ਭੰਨੀ,
ਤ੍ਰਿੱਖੇ ਅਪਣੇ ਵੇਗ ਗਿਆ ਟੱਪ ਬੰਨੇ ਬੰਨੀ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ‘ਸਮਾਂ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਸਮੇਂ ਦੇ ਸਦਾ ਚੱਲਦੇ ਰਹਿਣ ਵਾਲ਼ੇ ਸੁਭਾਅ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਸਮੇਂ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ। ਇਹ ਆਪਣੀ ਚਾਲ ਚਲਦਾ ਰਹਿੰਦਾ ਹੈ।
ਵਿਆਖਿਆ – ਭਾਈ ਸਾਹਿਬ ਇਸਤਰੀ ਰੂਪ ਵਿੱਚ ਲਿਖਦੇ ਹਨ ਕਿ ਮੈਂ ਸਮੇਂ ਨੂੰ ਰੋਕਣ ਲਈ ਉਸ ਅੱਗੇ ਤਰਲੇ ਮਿੰਨਤਾਂ ਕਰ ਕੇ ਥੱਕ ਗਈ ਹਾਂ ਕਿ ਉਹ ਰੁੱਕ ਜਾਵੇ, ਪਰ ਸਮੇਂ ਨੇ ਮੇਰੀ ਕੋਈ ਵੀ ਗੱਲ ਨਹੀਂ ਮੰਨੀ। ਉਸ ਨੂੰ ਰੋਕਣ ਲਈ, ਮੈਂ ਉਸ ਦੇ ਪੱਲੇ ਤੋਂ ਫੜ ਕੇ ਆਪਣੇ ਵੱਲ ਖਿੱਚਿਆ ਪਰ ਉਹ ਪੱਲਾ ਛੁਡਾ ਕੇ ਵੀ ਚਲਾ ਗਿਆ। ਮੈਂ ਕੋਈ ਵੀ ਹੀਲਾ ਵਰਤ ਕੇ ਉਸ ਨੂੰ ਰੋਕ ਨਹੀਂ ਸਕੀ। ਮੈਂ ਉਸ ਨੂੰ ਰੋਕਣ ਲਈ ਉਸ ਦੇ ਰਸਤੇ ਵਿੱਚ ਜਿਹੜੀ ਵੀ ਰੁਕਾਵਟ ਪਾਈ ਉਹ ਉਸ ਨੂੰ ਭੰਨ-ਤੋੜ ਕੇ ਅੱਗੇ ਲੰਘ ਗਿਆ। ਉਹ ਆਪਣੀ ਤਿੱਖੀ ਚਾਲ ਨਾਲ਼ ਮੇਰੀਆਂ ਸਾਰੀਆਂ ਰੁਕਾਵਟਾਂ ਨੂੰ ਚੀਰਦਾ ਹੋਇਆ ਚਲਾ ਗਿਆ। ਮਨੁੱਖ ਕੋਈ ਵੀ ਹੀਲਾ ਵਰਤ ਕੇ ਸਮੇਂ ਨੂੰ ਆਪਣੇ ਕਾਬੂ ਵਿੱਚ ਨਹੀਂ ਰੱਖ ਸਕਦਾ। ਸਮਾਂ ਬਹੁਤ ਤੇਜ਼ ਰਫ਼ਤਾਰ ਨਾਲ਼ ਲੰਘ ਜਾਂਦਾ ਹੈ। ਇਸ ਲਈ ਸਾਨੂੰ ਵਰਤਮਾਨ ਸਮੇਂ ਦਾ ਸਦ-ਉਪਯੋਗ ਕਰਕੇ ਉਸ ਨੂੰ ਸਫ਼ਲ ਬਣਾਉਣਾ ਚਾਹੀਦਾ ਹੈ।
(ਅ) ਹੋ ! ਅਜੇ ਸੰਭਾਲ ਇਸ ‘ਸਮੇਂ’ ਨੂੰ,
ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨ ਜਾਣਦਾ,
ਲੰਘ ਗਿਆ ਨ ਮੁੜਕੇ ਆਂਵਦਾ ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ‘ਸਮਾਂ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਭਾਈ ਸਾਹਿਬ ਨੇ ਮਨੁੱਖ ਨੂੰ ਆਪਣੇ ਵਰਤਮਾਨ ਸਮੇਂ ਨੂੰ ਨਾਮ ਸਿਮਰਨ ਅਤੇ ਹੋਰ ਚੰਗੇ ਕੰਮਾਂ ਵਿਚ ਲਾ ਕੇ ਸਫ਼ਲ ਕਰਨ ਲਈ ਕਿਹਾ ਹੈ।
ਵਿਆਖਿਆ – ਭਾਈ ਸਾਹਿਬ ਲਿਖਦੇ ਹਨ ਕਿ ਹੇ ਮਨੁੱਖ ! ਤੂੰ ਅਜੇ ਵੀ ਸੰਭਲ ਜਾ ਅਤੇ ਜੋ ਸਮਾਂ ਤੇਰੇ ਕੋਲ ਹੈ, ਉਸ ਦੀ ਸੰਭਾਲ ਕਰ ਲੈ, ਵਰਤਮਾਨ ਸਮਾਂ ਜੋ ਅਜੇ ਤੇਰੇ ਹੱਥ ਵਿੱਚ ਹੈ, ਤੂੰ ਉਸ ਨੂੰ ਨਾਮ ਸਿਮਰਨ ,ਸਤਿਸੰਗ ਅਤੇ ਚੰਗੇ ਕਰਮਾਂ ਵਿੱਚ ਲਾ ਕੇ ਸਫ਼ਲ ਕਰ ਲੈ। ਜੇ ਤੂੰ ਇੰਝ ਨਾ ਕੀਤਾ ਤਾਂ ਸਮੇਂ ਨੇ ਬਹੁਤ ਤੇਜ ਚਾਲ ਚਲਦੇ ਹੋਏ ਤੇਰੇ ਹੱਥੋਂ ਨਿਕਲ ਜਾਣਾ ਹੈ। ਕਿਉਂਕਿ ਸਮੇਂ ਨੂੰ ਰੁਕਣ ਦੀ ਜਾਚ ਹੀ ਨਹੀਂ ਹੈ। ਜੇਕਰ ਸਮਾਂ ਇੱਕ ਵਾਰ ਲੰਘ ਜਾਵੇ ਤਾਂ ਉਹ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਲਈ ਤੈਨੂੰ ਆਪਣਾ ਵਰਤਮਾਨ ਸਮਾਂ ਸਫ਼ਲ ਬਣਾਉਣ ਲਈ ਹਰ ਸਮੇਂ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ।
••• ਕੇਂਦਰੀ ਭਾਵ •••
ਸਮੇਂ ਦਾ ਸੁਭਾਅ ਹਮੇਸ਼ਾ ਚੱਲਦੇ ਰਹਿਣ ਵਾਲ਼ਾ ਹੈ। ਮਨੁੱਖ ਇਸ ਨੂੰ ਕੋਈ ਵੀ ਹੀਲਾ ਵਰਤ ਕੇ ਰੋਕ ਨਹੀਂ ਸਕਦਾ। ਇਸ ਲਈ ਮਨੁੱਖ ਨੂੰ ਵਰਤਮਾਨ ਸਮਾਂ ਨਾਮ ਸਿਮਰਨ ਅਤੇ ਨੇਕ ਕੰਮਾਂ ਵਿੱਚ ਲਾ ਕੇ ਸਫ਼ਲ ਕਰ ਲੈਣਾ ਚਾਹੀਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਸਮਾਂ’ ਕਵਿਤਾ ਦਾ ਲੇਖਕ ਕੌਣ ਹੈ?
ਉੱਤਰ – ਭਾਈ ਵੀਰ ਸਿੰਘ।
ਪ੍ਰਸ਼ਨ 2. ‘ਸਮਾਂ’ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ?
ਉੱਤਰ – ਸਮੇਂ ਦੀ।
ਪ੍ਰਸ਼ਨ 3. ‘ਸਮਾਂ’ ਕਵਿਤਾ ਵਿੱਚ ਕਿਸ ਨੂੰ ਸਫ਼ਲ ਕਰਨ ਲਈ ਕਿਹਾ ਗਿਆ ਹੈ?
ਉੱਤਰ – ਸਮੇਂ ਨੂੰ।
ਪ੍ਰਸ਼ਨ 4. ਸਮੇਂ ਨੂੰ ਕਿਸ ਚੀਜ਼ ਦੀ ਜਾਚ ਨਹੀਂ ਹੈ?
ਉੱਤਰ – ਰੁਕਣ ਦੀ।
ਪ੍ਰਸ਼ਨ 5. ਕਿਹੜਾ ਸਮਾਂ ਮਨੁੱਖ ਦੇ ਹੱਥ ਵਿੱਚ ਹੈ?
ਉੱਤਰ – ਵਰਤਮਾਨ।
ਪ੍ਰਸ਼ਨ 6. ਮਨੁੱਖ ਵਰਤਮਾਨ ਸਮੇਂ ਨੂੰ ਕਿਵੇਂ ਸਫ਼ਲ ਕਰ ਸਕਦਾ ਹੈ?
ਉੱਤਰ – ਨਾਮ ਸਿਮਰਨ ਕਰਕੇ ਅਤੇ ਚੰਗੇ ਕੰਮਾਂ ਵਿੱਚ ਲਾ ਕੇ।
2. ਬਿਨਫ਼ਸ਼ਾਂ ਦਾ ਫੁੱਲ
(ੳ) ਮੇਰੀ ਛਿਪੀ ਰਹੇ ਗੁਲਜ਼ਾਰ ਮੈਂ, ਨੀਵਾਂ ਉੱਗਿਆ,
ਕੋਈ ਲੱਗੇ ਨਾ ਨਜ਼ਰ ਟਪਾਰ, ਮੈਂ ਪਰਬਤ ਲੁੱਕਿਆ।
ਮੈਂ ਲਿਆ ਅਕਾਸ਼ੋਂ ਰੰਗ, ਜੋ ਸ਼ੋਖ਼ ਨਾ ਵੰਨ ਦਾ,
ਹਾਂ ਧੁਰੋਂ ਗਰੀਬੀ ਮੰਗ, ਮੈਂ ਆਇਆ ਜਗਤ ‘ਤੇ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ‘ਬਿਨਫ਼ਸ਼ਾਂ ਦਾ ਫੁੱਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਪਰਮਾਤਮਾ ਦੇ ਪ੍ਰੇਮ ਵਿਚ ਰੰਗੇ ਹੋਏ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆਂ ਕਿਹਾ ਹੈ ਕਿ ਉਹ ਦੁਨੀਆਂ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇੱਕ ਜਗਿਆਸੂ ਦੀਆਂ ਭਾਵਨਾਵਾਂ ਦਾ ਪ੍ਰਗਟਾਓ ਭਾਈ ਸਾਹਿਬ ਨੇ ਕੁਦਰਤ ਦੇ ਮਾਨਵੀਕਰਨ ਰਾਹੀਂ ਬਿਨਫ਼ਸਾਂ ਦੇ ਫੁੱਲ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤ ਕੇ ਕੀਤਾ ਹੈ।
ਵਿਆਖਿਆ – ਭਾਈ ਸਾਹਿਬ ਬਿਨਫਸ਼ਾਂ ਦੇ ਫੁੱਲ ਦਾ ਮਾਨਵੀਕਰਨ ਕਰਦੇ ਹੋਏ ਇੱਕ ਜਗਿਆਸੂ ਦੇ ਰੂਪ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਓ ਕਰਦੇ ਹੋਏ ਲਿਖਦੇ ਹਨ ਕਿ ਮੇਰੀ ਇੱਛਾ ਹੈ ਕਿ ਮੇਰੀ ਗੁਲਜ਼ਾਰ ਛੁਪੀ ਰਹੇ। ਇਸ ਲਈ ਹੀ ਮੈਂ ਪਰਬਤਾਂ ਵਿੱਚ ਨੀਵੀਆਂ ਥਾਵਾਂ ਤੇ ਲੁੱਕ ਕੇ ਉੱਗਦਾ ਹਾਂ। ਮੇਰੀ ਇੱਛਾ ਹੈ ਕਿ ਮੇਰੀ ਸੁੰਦਰਤਾ ਨੂੰ ਕਿਸੇ ਦੀ ਵੀ ਬੁਰੀ ਨਜ਼ਰ ਨਾ ਲੱਗੇ। ਮੈਨੂੰ ਅਸਮਾਨ ਤੋਂ ਕੁਦਰਤੀ ਤੌਰ ਤੇ ਜੋ ਰੰਗ ਮਿਲਿਆ ਹੈ, ਉਹ ਬਹੁਤ ਭੜਕੀਲਾ ਨਹੀਂ ਹੈ। ਮੈਂ ਸੰਸਾਰ ਵਿੱਚ ਸ਼ੁਰੂ ਤੋਂ ਹੀ ਗ਼ਰੀਬੀ ਲੈ ਕੇ ਹੀ ਪੈਦਾ ਹੋਇਆ ਹਾਂ ਅਤੇ ਮੈਂ ਹਮੇਸ਼ਾ ਗ਼ਰੀਬ ਤੇ ਨਿਮਾਣਾ ਬਣ ਕੇ ਹੀ ਰਹਿਣਾ ਚਾਹੁੰਦਾ ਹਾਂ, ਤਾਂ ਕਿ ਕਿਸੇ ਦਾ ਵੀ ਧਿਆਨ ਮੇਰੇ ਵੱਲ ਨਾ ਆਵੇ।
(ਅ) ਮੈਂ ਪੀਆਂ ਅਰਸ਼ ਦੀ ਤ੍ਰੇਲ, ਪਲਾਂ ਮੈਂ ਕਿਰਨ ਖਾ,
ਮੇਰੀ ਨਾਲ ਚਾਂਦਨੀ ਖੇਲ, ਰਾਤ ਰਲ ਖੇਲੀਏ ।
ਮੈਂ ਮਸਤ ਆਪਣੇ ਹਾਲ, ਮਗਨ-ਗੰਧ ਆਪਣੀ,
ਹਾਂ ਦਿਨ ਨੂੰ ਭੌਰੇ ਨਾਲ, ਭੀ ਮਿਲਣੋਂ ਸੰਗਦਾ।
ਆ ਸ਼ੋਖ਼ੀ ਕਰਕੇ ਪੌਣ, ਜਦੋਂ ਗਲ ਲੱਗਦੀ,
ਮੈਂ ਨਾਹਿ ਹਿਲਾਵਾਂ ਧੌਣ, ਵਾਜ ਨਾ ਕੱਢਦਾ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ‘ਬਿਨਫ਼ਸ਼ਾਂ ਦਾ ਫੁੱਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆਂ ਕਿਹਾ ਹੈ ਕਿ ਉਹ ਦੁਨੀਆਂ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇੱਕ ਜਗਿਆਸੂ ਦੀਆਂ ਭਾਵਨਾਵਾਂ ਦਾ ਪ੍ਰਗਟਾਓ ਭਾਈ ਸਾਹਿਬ ਨੇ ਕੁਦਰਤ ਦੇ ਮਾਨਵੀਕਰਨ ਰਾਹੀਂ ਬਿਨਫ਼ਸਾਂ ਦੇ ਫੁੱਲ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤ ਕੇ ਕੀਤਾ ਹੈ।
ਵਿਆਖਿਆ – ਕਵੀ ਬਿਨਫ਼ਸ਼ਾਂ ਦੇ ਫੁੱਲ ਦੇ ਮੂੰਹੋਂ ਸਾਧਕ ਦੇ ਰੂਪ ਵਿੱਚ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ ਮੇਰੀ ਇੱਛਾ ਬਿਨਫ਼ਸ਼ਾਂ ਦੇ ਫੁੱਲ ਵਾਂਗ ਹਮੇਸ਼ਾ ਛੁਪੇ ਰਹਿਣ ਦੀ ਹੈ। ਮੈਂ ਬਹੁਤ ਸਾਦਾ ਜੀਵਨ ਜਿਉਂਦਾ ਹਾਂ ਅਤੇ ਹਮੇਸ਼ਾ ਨੀਵਾਂ ਹੋ ਕੇ ਰਹਿੰਦਾ ਹਾਂ। ਮੇਰੇ ਜਿਉਂਦੇ ਰਹਿਣ ਲਈ ,ਪੀਣ ਲਈ ਅਰਸ ਦੀ ਤ੍ਰੇਲ ਹੈ ਅਤੇ ਖਾਣ ਲਈ ਸੂਰਜ ਦੀ ਕਿਰਨ। ਮੇਰੇ ਰਾਤ ਭਰ ਖੇਡਣ ਲਈ ਚੰਦ ਦੀ ਚਾਂਦਨੀ ਹੈ। ਮੈਂ ਹਰ ਸਮੇਂ ਆਪਣੇ-ਆਪ ਵਿੱਚ ਅਤੇ ਆਪਣੀ ਖੁਸ਼ਬੂ ਵਿੱਚ ਹਮੇਸ਼ਾ ਮਸਤ ਰਹਿੰਦਾ ਹਾਂ। ਦਿਨ ਦੇ ਸਮੇਂ ਤਾਂ ਮੈਨੂੰ ਭੌਰੇ ਨਾਲ਼ ਮਿਲਣ ਤੋਂ ਵੀ ਸੰਗ ਲੱਗਦੀ ਹੈ। ਜਦੋਂ ਚੱਲਦੀ ਹੋਈ ਤੇਜ਼ ਹਵਾ ਮੇਰੇ ਨਾਲ਼ ਲੱਗਦੀ ਹੈ, ਤਾਂ ਮੈਂ ਨਾ ਧੌਣ ਹਿਲਾਉਂਦਾ ਹਾਂ ਨਾ ਮੂੰਹੋਂ ਆਵਾਜ਼ ਕਰਦਾ ਹਾਂ, ਇਸ ਦਾ ਮਤਲਬ ਮੈਂ ਹਮੇਸ਼ਾ ਨਿਮਾਣਾ ਬਣ ਕੇ ਰਹਿੰਦਾ ਹਾਂ ਮੇਰੀ ਦੁਨੀਆਂ ਸਾਹਮਣੇ ਆਪਣੇ-ਆਪ ਨੂੰ ਪ੍ਰਗਟ ਕਰਨ ਦੀ ਇੱਛਾ ਨਹੀਂ ਹੈ।
(ੲ) ਹੋ, ਫਿਰ ਵੀ ਟੁੱਟਾਂ ਹਾਇ ਵਿਛੋੜਨ ਵਾਲਿਓ,
ਮੇਰੀ ਭਿੰਨੀ ਇਹ ਖੁਸ਼ਬੋ, ਕਿਵੇਂ ਨਾ ਛਿਪਦੀ।
ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ,
ਹਾਂ, ਪੂਰੀ ਹੁੰਦੀ ਨਾਹ, ਮੈਂ ਤਰਲੇ ਲੈ ਰਿਹਾ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ‘ਬਿਨਫ਼ਸ਼ਾਂ ਦਾ ਫੁੱਲ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਪਰਮਾਤਮਾ ਦੇ ਪ੍ਰੇਮ ਵਿਚ ਰੰਗੇ ਹੋਏ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆਂ ਕਿਹਾ ਹੈ ਕਿ ਉਹ ਦੁਨੀਆਂ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇੱਕ ਜਗਿਆਸੂ ਦੀਆਂ ਭਾਵਨਾਵਾਂ ਦਾ ਪ੍ਰਗਟਾਓ ਭਾਈ ਸਾਹਿਬ ਨੇ ਕੁਦਰਤ ਦੇ ਮਾਨਵੀਕਰਨ ਰਾਹੀਂ ਬਿਨਫ਼ਸਾਂ ਦੇ ਫੁੱਲ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤ ਕੇ ਕੀਤਾ ਹੈ।
ਵਿਆਖਿਆ – ਕਵੀ ਬਿਨਫ਼ਸ਼ਾਂ ਦੇ ਫੁੱਲ ਨੂੰ ਇੱਕ ਜਗਿਆਸੂ ਮਾਨਵ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਉਸ ਤੋਂ ਆਖਵਾਉਂਦੇ ਹਨ ਕਿ ਮੇਰੀ ਇਹ ਚਾਹਤ ਹੈ ਕਿ ਮੇਰੀ ਹੋਂਦ ਦਾ ਕਿਸੇ ਨੂੰ ਪਤਾ ਨਾ ਲੱਗੇ। ਮੈਂ ਹਮੇਸ਼ਾ ਲੁਕ-ਛੁਪ ਕੇ ਰਹਿਣਾ ਚਾਹੁੰਦਾ ਹਾਂ ਅਤੇ ਆਪਣੇ ਪ੍ਰਭੂ ਦੇ ਪ੍ਰੇਮ-ਪਿਆਰ ਵਿਚ ਮਸਤ ਰਹਿ ਕੇ ਜੀਵਨ ਗੁਜ਼ਾਰਨਾ ਚਾਹੁੰਦਾ ਹਾਂ। ਪਰ ਅਫ਼ਸੋਸ ਕਿ ਵਿਛੋੜਾ ਪਾਉਣ ਵਾਲ਼ਿਆਂ ਦੁਆਰਾ ਮੈਨੂੰ ਵਾਰ-ਵਾਰ ਤੋੜ ਦਿੱਤਾ ਜਾਂਦਾ ਹੈ । ਮੈਂ ਬਹੁਤ ਛੁਪਣ ਦੀ ਕੋਸ਼ਿਸ ਕੀਤੀ, ਪਰ ਮੇਰੀ ਭਿੰਨੀ ਖੁਸ਼ਬੂ ਨੇ ਮੈਨੂੰ ਛੁਪਣ ਨਹੀਂ ਦਿੱਤਾ। ਮੇਰੀ ਇਹ ਇੱਛਾ ਸੀ ਕਿ ਮੈਂ ਛੁਪੇ ਰਹਾਂ ਤੇ ਛੁਪਿਆ ਹੀ ਦੁਨੀਆਂ ਤੋਂ ਚਲਾ ਜਾਵਾਂ। ਮੈਂ ਬਹੁਤ ਤਰਲੇ ਕਰ ਰਿਹਾ ਹਾਂ, ਪਰ ਮੇਰੀ ਇਹ ਇੱਛਾ ਪੂਰੀ ਨਹੀਂ ਹੁੰਦੀ। ਭਾਵ ਪਰਮਾਤਮਾ ਦੇ ਪ੍ਰੇਮ ਵਿਚ ਜੁੜੇ ਭਗਤ ਦੀ ਵਡਿਆਈ ਛੁਪੀ ਨਹੀਂ ਰਹਿੰਦੀ ਪਰ ਉਸ ਸੱਚੇ ਭਗਤ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਹੋਂਦ ਜੱਗ ਜ਼ਾਹਰ ਨਾ ਹੋਵੇ।
••• ਕੇਂਦਰੀ ਭਾਵ •••
ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਇੱਕ ਸਾਧਕ ਦੁਨੀਆਂ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਆਪਣੇ ਗੁਣਾਂ ਦੀ ਸੁਗੰਧ ਕਾਰਨ ਉਸ ਦੀ ਹੋਂਦ ਛੁਪੀ ਨਹੀਂ ਰਹਿੰਦੀ ਅਤੇ ਉਸ ਦੀ ਮੌਜੂਦਗੀ ਦੀ ਸੁਗੰਧ ਆਲ਼ੇ-ਦੁਆਲ਼ੇ ਵਿੱਚ ਫੈਲ ਜਾਂਦੀ ਹੈ। ਜਿਸ ਕਾਰਨ ਉਸ ਜਗਿਆਸੂ ਦੀ ਇੱਛਾ ਪੂਰੀ ਨਹੀਂ ਹੁੰਦੀ ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਕਵੀ ਨੇ ਬਿਨਫ਼ਸ਼ਾਂ ਦੇ ਫੁੱਲ ਵਿੱਚ ਕੁਦਰਤ ਦਾ ਕੀ ਕੀਤਾ ਹੈ?
ਉੱਤਰ – ਮਾਨਵੀਕਰਨ।
ਪ੍ਰਸ਼ਨ 2. ਬਿਨਫ਼ਸਾਂ ਦਾ ਫੁੱਲ ਕਿੱਥੇ ਉੱਗਿਆ ਹੈ?
ਉੱਤਰ – ਪਰਬਤਾਂ ਵਿੱਚ ਨੀਵੀਂ ਥਾਂ।
ਪ੍ਰਸ਼ਨ 3. ਕਵੀ ਨੇ ਬਿਨਫ਼ਸ਼ਾ ਦੇ ਫੁੱਲ ਨੂੰ ਕੀ ਬਣਾਇਆ ਹੈ?
ਉੱਤਰ – ਜਗਿਆਸੂ ਦਾ ਪ੍ਰਤੀਕ।
ਪ੍ਰਸ਼ਨ 4. ਬਿਨਫ਼ਸਾਂ ਦਾ ਫੁੱਲ ਰਾਤ ਨੂੰ ਕਿਸ ਨਾਲ਼ ਖੇਡਦਾ ਹੈ?
ਉੱਤਰ – ਚੰਨ ਦੀ ਚਾਂਦਨੀ ਨਾਲ਼।
ਪ੍ਰਸ਼ਨ 5. ਬਿਨਫ਼ਸ਼ਾਂ ਦਾ ਫੁੱਲ ਕੀ ਚਾਹੁੰਦਾ ਹੈ?
ਉੱਤਰ – ਹਮੇਸ਼ਾ ਲੁਕਿਆ ਰਹਿਣਾ।
ਪ੍ਰਸ਼ਨ 6. ਬਿਨਫ਼ਸਾਂ ਦੇ ਫੁੱਲ ਨੂੰ ਤੋੜਨ ਵਾਲ਼ੇ ਉਸ ਕੋਲ ਕਿਵੇਂ ਪੁੱਜ ਜਾਂਦੇ ਹਨ?
ਉੱਤਰ – ਉਸ ਦੀ ਭਿੰਨੀ ਖ਼ੁਸ਼ਬੂ ਕਾਰਨ।
3. ਟੁਕੜੀ ਜਗ ਤੋਂ ਨਿਆਰੀ
(ੳ) ਅਰਸ਼ਾਂ ਦੇ ਵਿੱਚ ‘ਕੁਦਰਤ ਦੇਵੀ’ ਸਾਨੂੰ ਨਜ਼ਰੀਂ ਆਈ।
‘ਹੁਸਨ-ਮੰਡਲ’ ਵਿੱਚ ਖੜ੍ਹੀ ਖੇਲ੍ਹਦੀ, ਖੁਸ਼ੀਆਂ ਛਹਿਬਰ ਲਾਈ।
ਦੌੜੀ ਨੇ ਇੱਕ ਮੁੱਠ ਭਰ ਲੀਤੀ, ਇਸ ਵਿੱਚ ਕੀ-ਕੀ ਆਇਆ।
ਪਰਬਤ, ਟਿੱਬੇ ਅਤੇ ਕਰੇਵੇ, ਵਿੱਚ ਮੈਦਾਨ ਸੁਹਾਇਆ।
ਚਸ਼ਮੇ, ਨਾਲੇ, ਨਦੀਆਂ, ਝੀਲਾਂ, ਨਿੱਕੇ ਜਿਵੇਂ ਸਮੁੰਦਰ।
ਠੰਢੀਆਂ ਛਾਵਾਂ, ਮਿੱਠੀਆਂ ਹਵਾਵਾਂ, ਬਨ ਬਾਗਾਂ ਜਿਹੇ ਸੁੰਦਰ।
ਬਰਫ਼ਾਂ, ਮੀਂਹ, ਧੁੱਪਾਂ ਤੇ ਬੱਦਲ, ਰੁੱਤਾਂ, ਮੇਵੇ ਪਿਆਰੇ।
ਅਰਸ਼ੀ ਨਾਲ ਨਜ਼ਾਰੇ ਆਏ, ਉਸ ਮੁੱਠੀ ਵਿੱਚ ਸਾਰੇ।
ਪ੍ਰਸ਼ੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਟੁਕੜੀ ਜਗ ਤੋਂ ਨਿਆਰੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਕਸ਼ਮੀਰ ਦੀ ਸੁੰਦਰਤਾ ਬਾਰੇ ਦੱਸਦੇ ਹੋਏ ਲਿਖਦੇ ਹਨ ਕਿ ਕੁਦਰਤ ਦੀ ਦੇਵੀ ਨੇ ਹੁਸਨ-ਮੰਡਲ ਵਿੱਚ ਖੇਡਦਿਆਂ ਓਥੋਂ ਦੇ ਸਾਰੇ ਸੁੰਦਰ ਨਜ਼ਾਰਿਆਂ ਨੂੰ ਕਸ਼ਮੀਰ ਦੀ ਸਿਰਜਨਾ ਲਈ ਆਪਣੀ ਮੁੱਠੀ ਵਿੱਚ ਇਕੱਠਾ ਕਰ ਲਿਆ।
ਵਿਆਖਿਆ – ਭਾਈ ਸਾਹਿਬ ਲਿਖਦੇ ਹਨ ਕਿ ਮੈਨੂੰ ਅਸਮਾਨ ਵਿੱਚ ਕੁਦਰਤ ਦੀ ਦੇਵੀ ਦਿਖਾਈ ਦਿੱਤੀ। ਉਹ ਅਸਮਾਨ ਦੇ ਹੁਸਨ ਦੇ ਖੰਡ ਵਿੱਚ ਖੇਡ ਰਹੀ ਸੀ। ਉਸ ਦੁਆਰਾ ਖ਼ੁਸ਼ੀਆਂ ਦੀ ਵਰਖਾ ਕੀਤੀ ਜਾ ਰਹੀ ਸੀ। ਉਸ ਨੇ ਭੱਜ ਕੇ ਉਸ ਹੁਸਨ-ਮੰਡਲ ਵਿੱਚੋਂ ਇੱਕ ਮੁੱਠੀ ਭਰ ਲਈ ਇਸ ਮੁੱਠੀ ਵਿੱਚ ਕੀ-ਕੀ ਆਇਆ? ਇਸ ਵਿੱਚ ਪਰਬਤ, ਪਹਾੜ, ਟਿੱਬੇ, ਟਿੱਬਿਆਂ ਉੱਪਰ ਪੱਧਰੀਆਂ ਥਾਵਾਂ, ਸੋਹਣੇ ਮੈਦਾਨ, ਚਸ਼ਮੇ, ਨਾਲੇ, ਨਦੀਆਂ, ਸਮੁੰਦਰਾਂ ਵਰਗੀਆਂ ਝੀਲਾਂ, ਠੰਢੀਆਂ ਥਾਵਾਂ, ਮਿੱਠੀਆਂ ਹਵਾਵਾਂ, ਬਾਗਾਂ ਵਰਗੇ ਸੋਹਣੇ ਜੰਗਲ, ਬਰਫ਼ਾਂ, ਮੀਂਹ, ਧੁੱਪਾਂ, ਬੱਦਲ, ਰੁੱਤਾਂ ਤੇ ਪਿਆਰੇ ਮੇਵੇ ਸਨ। ਇਸ ਦੇ ਨਾਲ਼ ਹੀ ਉਸ ਮੁੱਠੀ ਵਿੱਚ ਹੋਰ ਬਹੁਤ ਸਾਰੇ ਅਸਮਾਨੀ ਨਜ਼ਾਰੇ ਵੀ ਆ ਗਏ।
(ਅ) ਸੋਹਣੀ ਨੇ ਅਸਮਾਨ ਖੜੋ ਕੇ, ਧਰਤੀ ਵੱਲ ਤਕਾ ਕੇ।
ਇਹ ਮੁੱਠੀ ਖਹਲੀ ਤੇ ਸੁੱਟਿਆ, ਸਭ ਕੁਝ ਹੇਠ ਤਕਾ ਕੇ।
ਜਿਸ ਥਾਂਵੇਂ ਧਰਤੀ ‘ਤੇ ਆ ਕੇ, ਇਹ ਮੁੱਠੀ ਡਿੱਗੀ ਸਾਰੀ,
ਓਸ ਥਾਂਓ ਕਸ਼ਮੀਰ ਬਣ ਗਿਆ. ਟੁਕੜੀ ਜੱਗ ਤੋਂ ਨਿਆਰੀ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਟੁਕੜੀ ਜਗ ਤੋਂ ਨਿਆਰੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਕਸ਼ਮੀਰ ਦੀ ਸੁੰਦਰਤਾ ਬਾਰੇ ਦੱਸਦੇ ਹੋਏ ਲਿਖਦੇ ਹਨ ਕਿ ਕੁਦਰਤ ਦੀ ਦੇਵੀ ਨੇ ਹੁਸਨ-ਮੰਡਲ ਵਿੱਚ ਖੇਡਦਿਆਂ ਓਥੋਂ ਦੇ ਸਾਰੇ ਸੁੰਦਰ ਨਜ਼ਾਰਿਆਂ ਨੂੰ ਕਸ਼ਮੀਰ ਦੀ ਸਿਰਜਨਾ ਲਈ ਆਪਣੀ ਮੁੱਠੀ ਵਿੱਚ ਇਕੱਠਾ ਕਰ ਲਿਆ। ਕੁਦਰਤ ਨੇ ਆਪਣੀ ਮੁੱਠੀ ਵਿੱਚੋਂ ਹੁਸਨ-ਮੰਡਲ ਦੇ ਨਜ਼ਾਰੇ ਭਰ ਕੇ ਜਿਸ ਥਾਂ ਸੁੱਟੇ ਉੱਥੇ ਕਸ਼ਮੀਰ ਬਣ ਗਿਆ।
ਵਿਆਖਿਆ – ਭਾਈ ਸਾਹਿਬ ਲਿਖਦੇ ਹਨ ਕਿ ਸੋਹਣੀ ਮੁਟਿਆਰ ਦੇ ਰੂਪ ਵਿੱਚ ਕੁਦਰਤ ਦੀ ਦੇਵੀ ਨੇ ਅਸਮਾਨ ਵਿੱਚ ਖੜ੍ਹੀ ਹੋ ਕੇ ਧਰਤੀ ਵੱਲ ਤੱਕਿਆ ਤੇ ਅਤੇ ਆਪਣੀ ਭਰੀ ਹੋਈ ਮੁੱਠੀ ਖੋਲ੍ਹ ਕੇ ਉਹ ਸਾਰੇ ਕੁਦਰਤੀ ਹੁਸਲ-ਮੰਡਲ ਦੇ ਨਜ਼ਾਰੇ ਜੋ ਮੁੱਠੀ ਵਿੱਚ ਸਨ, ਧਰਤੀ ਉੱਪਰ ਸੁੱਟ ਦਿੱਤੇ, ਧਰਤੀ ਉੱਪਰ ਜਿਸ ਥਾਂ ਤੇ ਆ ਕੇ ਉਹ ਸਾਰੀ ਮੁੱਠੀ ਡਿੱਗੀ ਉੱਥੇ ਸੋਹਣਾ ਕਸ਼ਮੀਰ ਬਣ ਗਿਆ। ਜਿੱਥੇ ਅੱਜ-ਕੱਲ੍ਹ ਸੁੰਦਰਤਾ ਦੇ ਉਹ ਸਾਰੇ ਸੋਹਣੇ ਦ੍ਰਿਸ਼ ਮੌਜੂਦ ਹਨ ਜੋ ਉਸ ਮੁੱਠੀ ਵਿੱਚ ਭਰੇ ਹੋਏ ਸਨ। ਇਸ ਪ੍ਰਕਾਰ ਕਸ਼ਮੀਰ ਪੂਰੇ ਸੰਸਾਰ ਵਿੱਚ ਸਭ ਤੋਂ ਨਿਆਰੀ ਥਾਂ ਬਣ ਗਿਆ।
(ੲ) ਹੈ ਧਰਤੀ ਪਰ ‘ਛੁਹ ਅਸਮਾਨੀ’ ਸੁੰਦਰਤਾ ਵਿੱਚ ਲਿਸ਼ਕੇ।
ਧਰਤੀ ਦੇ ਰਸ, ਸੁਵਾਦ, ਨਜ਼ਾਰੇ ਰਮਜ਼ ਅਰਸ਼ ਦੀ ਚਸਕੇ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਟੁਕੜੀ ਜਗ ਤੋਂ ਨਿਆਰੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਕਸ਼ਮੀਰ ਦੀ ਸੁੰਦਰਤਾ ਬਾਰੇ ਦੱਸਦੇ ਹੋਏ ਲਿਖਦੇ ਹਨ ਕਿ ਕੁਦਰਤ ਦੀ ਦੇਵੀ ਨੇ ਹੁਸਨ-ਮੰਡਲ ਵਿੱਚ ਖੇਡਦਿਆਂ ਓਥੋਂ ਦੇ ਸਾਰੇ ਸੁੰਦਰ ਨਜ਼ਾਰਿਆਂ ਨੂੰ ਕਸ਼ਮੀਰ ਦੀ ਸਿਰਜਨਾ ਲਈ ਆਪਣੀ ਮੁੱਠੀ ਵਿੱਚ ਇਕੱਠਾ ਕਰ ਲਿਆ ਅਤੇ ਜਿਸ ਥਾਂ ਧਰਤੀ ਤੋ ਸੁੱਟੇ ਉਸ ਥਾਂ ਕਸ਼ਮੀਰ ਬਣ ਗਿਆ। ਕਸ਼ਮੀਰ ਦੀ ਸੁੰਦਰਤਾ ਬਹੁਤ ਹੀ ਅਦਭੁੱਤ ਅਤੇ ਲਾਸਾਨੀ ਹੈ।
ਵਿਆਖਿਆ – ਭਾਈ ਸਾਹਿਬ ਕਸ਼ਮੀਰ ਦੀ ਸੁੰਦਰਤਾ ਬਾਰੇ ਲਿਖਦੇ ਹੋਏ ਦੱਸਦੇ ਹਨ ਕਿ ਕਸ਼ਮੀਰ ਭਾਵੇਂ ਇੱਕ ਧਰਤੀ ਦਾ ਹੀ ਟੁਕੜਾ ਹੈ, ਪਰ ਆਪਣੀ ਵਿਲੱਖਣ ਸੁੰਦਰਤਾ ਕਰਕੇ ਇਸਨੂੰ ਅਸਮਾਨੀ ਛੋਅ ਪ੍ਰਾਪਤ ਹੋਈ ਲੱਗਦੀ ਹੈ। ਇਸ ਵਿੱਚ ਅਰਸ਼ਾਂ ਦੀ ਸੁੰਦਰਤਾ ਲਿਸ਼ਕਦੀ ਹੈ। ਅਦਭੁੱਤ ਰਸ ਤੇ ਸੁਆਦ ਨਾਲ਼ ਭਰੇ ਇਸ ਧਰਤੀ ਦੇ ਨਜ਼ਾਰਿਆਂ ਵਿੱਚੋਂ ਕਿਸੇ ਅਸਮਾਨੀ ਰਹੱਸ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਕਸ਼ਮੀਰ ਦੀ ਸੁੰਦਰਤਾ ਬਹੁਤ ਹੀ ਅਦਭੁੱਤ, ਅਨੰਦਮਈ ਅਤੇ ਅਸਮਾਨੀ ਛੋਹ ਪ੍ਰਾਪਤ ਹੈ।
••• ਕੇਂਦਰੀ ਭਾਵ •••
ਕਸ਼ਮੀਰ ਦੀ ਅਦਭੁੱਤ ਅਤੇ ਆਨੰਦਮਈ ਨਜ਼ਾਰਿਆਂ ਨਾਲ਼ ਭਰੀ ਧਰਤੀ ਦਾ ਨਿਰਮਾਣ ਕੁਦਰਤ ਦੀ ਦੇਵੀ ਨੇ ਆਪ ਕੀਤਾ ਹੈ। ਇਸ ਧਰਤੀ ਨੂੰ ਕੋਈ ਅਸਮਾਨੀ ਛੋਹ ਪ੍ਰਾਪਤ ਹੈ ਕਿਉਂਕਿ ਇਹ ਥਾਂ ਕੁਦਰਤ ਦੇ ਮਨਮੋਹਕ ਨਜ਼ਾਰਿਆਂ ਨਾਲ਼ ਭਰਪੂਰ ਹੈ ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਟੁਕੜੀ ਜੱਗ ਤੋਂ ਨਿਆਰੀ’ ਕਵਿਤਾ ਵਿੱਚ ਕਿਸ ਦੀ ਸੁੰਦਰਤਾ ਦਾ ਵਰਣਨ ਹੋਇਆ ਹੈ?
ਉੱਤਰ – ਕਸ਼ਮੀਰ ਦੀ।
ਪ੍ਰਸ਼ਨ 2. ਕੁਦਰਤ ਦੀ ਦੇਵੀ ਕਿੱਥੇ ਖੇਡ ਰਹੀ ਸੀ?
ਉੱਤਰ – ਹੁਸਨ-ਮੰਡਲ ਵਿੱਚ।
ਪ੍ਰਸ਼ਨ 3. ਕੁਦਰਤ ਦੀ ਮੁੱਠੀ ਵਿੱਚ ਭਰੀਆਂ ਵਸਤਾਂ ਜਿੱਥੇ ਡਿੱਗੀਆਂ ਉੱਥੇ ਕੀ ਬਣ ਗਿਆ?
ਉੱਤਰ – ਕਸ਼ਮੀਰ।
ਪ੍ਰਸ਼ਨ 4. ਕਿਸ ਧਰਤੀ ਨੂੰ ਅਸਮਾਨੀ ਛੋਹ ਲੱਗੀ ਪ੍ਰਤੀਤ ਹੋਈ ਹੈ?
ਉੱਤਰ – ਕਸ਼ਮੀਰ ਨੂੰ।
ਪ੍ਰਸ਼ਨ 5. ਕਸ਼ਮੀਰ ਦੀ ਸਿਰਜਨਾ ਕਿਸ ਦੁਆਰਾ ਕੀਤੀ ਪ੍ਰਤੀਤ ਹੁੰਦੀ ਹੈ?
ਉੱਤਰ – ਕੁਦਰਤ ਦੁਆਰਾ।
4. ਬ੍ਰਿਛ
ਧਰਤੀ ਦੇ ਹੇ ਤੰਗ-ਦਿਲ ਲੋਕੋ ! ਨਾਲ ਅਸਾਂ ਕਿਉਂ ਲੜਦੇ ?
ਚੌੜੇ ਦਾਉ ਅਸਾਂ ਨਹੀਂ ਵਧਣਾ, ਸਿੱਧੇ ਜਾਣਾ ਚੜ੍ਹਦੇ।
ਘੇਰੇ ਤੇ ਫੈਲਾਉ ਅਸਾਡੇ, ਵਿੱਚ ਅਸਮਾਨਾਂ ਹੋਸਣ।
ਗਿੱਠ ਥਾਉਂ ਧਰਤੀ ‘ਤੇ ਮੱਲੀ, ਅਜੇ ਤੁਸੀਂ ਹੋ ਲੜਦੇ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਬ੍ਰਿਛ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਬ੍ਰਿਛ ਦਾ ਮਾਨਵੀਕਰਨ ਕਰਦੇ ਹਨ। ਉਸ ਨੂੰ ਇੱਕ ਜਗਿਆਸੂ ਦੇ ਚਿੰਨ੍ਹ ਵੱਜੋਂ ਪੇਸ਼ ਕਰਦੇ ਹਨ, ਜਿਸ ਨਾਲ਼ ਇਹ ਤੰਗ ਦਿਲ ਵਾਲ਼ੇ ਦੁਨੀਆਂ ਦੇ ਲੋਕ ਬੁਰਾ ਸਲੂਕ ਕਰਦੇ ਹਨ।
ਵਿਆਖਿਆ – ਇਸ ਕਵਿਤਾ ਵਿੱਚ ਭਾਈ ਸਾਹਿਬ ਇੱਕ ਰੁੱਖ ਦੇ ਮੂੰਹੋਂ ਦੁਨੀਆਂ ਦੇ ਲੋਕਾਂ ਨੂੰ ਸੰਬੋਧਨ ਕਰਵਾ ਕੇ ਲਿਖਦੇ ਹਨ ਕਿ ਹੇ ਦੁਨੀਆ ਦੇ ਤੰਗ-ਦਿਲ ਲੋਕੋ ! ਰੁੱਖਾਂ ਨਾਲ਼ ਕਿਉਂ ਲੜਦੇ ਰਹਿੰਦੇ ਹੋ? ਭਾਵ ਬੁਰਾ ਸਲੂਕ ਕਿਉਂ ਕਰਦੇ ਹੋ? ਬ੍ਰਿਛਾਂ ਦਾ ਫਲਾਓ ਤੁਹਾਡੇ ਵਾਂਗ ਧਰਤੀ ਉੱਪਰ ਨਹੀਂ ਸਗੋਂ ਸਿੱਧੇ ਅਸਮਾਨ ਵੱਲ ਨੂੰ ਵੱਧਦੇ ਜਾਂਦੇ ਹਨ। ਰੁੱਖ ਆਪਣੀਆਂ ਟਹਿਣੀਆਂ ਅਸਮਾਨ ਵਿੱਚ ਜਾ ਕੇ ਪਸਾਰਦੇ ਹਨ। ਧਰਤੀ ਤੋਂ ਤਾਂ ਰੁੱਖ ਕੇਵਲ ਇੱਕ ਗਿੱਠ ਥਾਂ ਹੀ ਰੋਕਦੇ ਹਨ। ਪਰ ਦੁਨੀਆਂ ਦੇ ਤੰਗ-ਦਿਲ ਲੋਕ ਫਿਰ ਵੀ ਉਹਨਾਂ ਨਾਲ਼ ਲੜਦੇ ਹਨ। ਭਾਵ ਉਹਨਾਂ ਨੂੰ ਕੱਟਦੇ-ਵੱਢਦੇ ਹਨ। ਇਸ ਤਰ੍ਹਾਂ ਹੀ ਇੱਕ ਜਗਿਆਸੂ ਦੀ ਅਵਸਥਾ ਹੈ। ਉਸ ਦਾ ਸੰਸਾਰਿਕ ਪਦਾਰਥਾਂ ਵਿੱਚ ਮੋਹ ਨਹੀਂ ਹੁੰਦਾ। ਉਹ ਸੰਸਾਰ ਤੋਂ ਕੁਝ ਨਹੀਂ ਮੰਗਦੇ, ਉਹਨਾਂ ਦੀ ਪ੍ਰੀਤ ਪਰਮਾਤਮਾ ਨਾਲ਼ ਹੁੰਦੀ ਹੈ। ਪਰ ਇਹ ਦੁਨੀਆ ਦੇ ਲੋਕ ਉਹਨਾਂ ਨਾਲ਼ ਬੁਰਾ ਸਲੂਕ ਕਰਦੇ ਹਨ।
••• ਕੇਂਦਰੀ ਭਾਵ •••
ਜਿਸ ਤਰ੍ਹਾਂ ਰੁੱਖ ਧਰਤੀ ਤੇ ਇੱਕ ਗਿੱਠ ਥਾਂ ਰੋਕ ਕੇ ਆਪਣਾ ਫਲਾਓ ਅਸਮਾਨ ਵਿੱਚ ਕਰਦੇ ਹਨ। ਫਿਰ ਵੀ ਲੋਕ ਉਹਨਾਂ ਨੂੰ ਵੱਢਦੇ ਹਨ। ਉਸ ਤਰ੍ਹਾਂ ਹੀ ਇੱਕ ਜਗਿਆਸੂ ਦੁਨੀਆਂ ਉੱਪਰ ਕੋਈ ਬੋਝ ਨਹੀਂ ਬਣਦਾ ਪਰ ਇੱਥੋਂ ਦੇ ਤੰਗ-ਦਿਲ ਲੋਕ ਫਿਰ ਵੀ ਉਸ ਨਾਲ਼ ਬੁਰਾ ਸਲੂਕ ਕਰਦੇ ਹਨ ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਬ੍ਰਿਛ ਕਵਿਤਾ’ ਕਿਸ ਕਵੀ ਦੀ ਲਿਖੀ ਹੋਈ ਹੈ?
ਉੱਤਰ – ਭਾਈ ਵੀਰ ਸਿੰਘ ਦੀ।
ਪ੍ਰਸ਼ਨ 2. ‘ਬ੍ਰਿਛ’ ਕਵਿਤਾ ਕਿਸ ਨੂੰ ਸੰਬੋਧਿਤ ਹੈ?
ਉੱਤਰ – ਲੋਕਾਂ ਨੂੰ।
ਪ੍ਰਸ਼ਨ 3. ‘ਬ੍ਰਿਛ’ ਕਵਿਤਾ ਅਨੁਸਾਰ ਧਰਤੀ ਦੇ ਲੋਕਾਂ ਦਾ ਦਿਲ ਕਿਹੋ ਜਿਹਾ ਹੈ?
ਉੱਤਰ – ਤੰਗ ।
ਪ੍ਰਸ਼ਨ 4. ਬ੍ਰਿਛ ਦਾ ਪ੍ਰਸਾਰ ਕਿਸ ਥਾਂ ਜਾ ਕੇ ਹੁੰਦਾ ਹੈ?
ਉੱਤਰ – ਅਸਮਾਨ ਵਿੱਚ।
ਪ੍ਰਸ਼ਨ 5. ਬ੍ਰਿਛ ਧਰਤੀ ਤੇ ਕਿੰਨੀ ਥਾਂ ਰੋਕਦੇ ਹਨ?
ਉੱਤਰ – ਇੱਕ ਗਿੱਠ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037