ਪਾਠ 7 ਵਿੱਤੀ ਜਾਗਰੂਕਤਾ ਸ਼੍ਰੇਣੀ: ਦਸਵੀਂ (ਅਰਥ ਸ਼ਾਸਤਰ)
(ੳ) ਵਸਤੂਨਿਸ਼ਠ ਪ੍ਰਸ਼ਨ: –
ਖਾਲੀ ਥਾਵਾਂ ਭਰੋ :-
(i) ਬੀਮੇ ਤੋਂ ਭਾਵ ਇੱਕ ਸਮਝੌਤੇ ਤੋਂ ਹੈ।
(ii) ਰਾਸ਼ਟਰੀ ਸਟਾਕ ਐਕਸਚੇਂਜ ਬਾਜ਼ਾਰ ਮੁੰਬਈ ਸ਼ਹਿਰ ਵਿੱਚ ਸਥਿੱਤ ਹੈ।
(iii) ਬੰਬੇ ਸਟਾਕ ਐਕਸਚੇਂਜ਼ ਬਜ਼ਾਰ ਦੇ ਉਤਰਾਅ-ਚੜ੍ਹਾਅ ਦਾ ਮਾਪ SENSEX ਦੁਆਰਾ ਕੀਤਾ ਜਾਂਦਾ ਹੈ।
ਬਹੁ-ਵਿਕਲਪੀ ਚੋਣ ਪ੍ਰਸ਼ਨ:-
(i) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਬੀਮੇ ਦਾ ਇੱਕ ਲਾਭ ਹੈ?
(ੳ) ਇਹ ਜੋਖ਼ਮ ਦੇ ਸਮੇਂ ਸੁਰੱਖਿਆ ਪ੍ਰਦਾਨ ਕਰਦਾ ਹੈ।
(ਅ) ਇਹ ਸ਼ੇਅਰਾਂ ਦੀ ਖਰੀਦ-ਵੇਚ ਵਿੱਚ ਮਦਦ ਕਰਦਾ ਹੈ।
(ੲ) ਇਸ ਤੋਂ ਵਿਅਕਤੀ ਜਦੋਂ ਚਾਹੇ ਧਨ ਪ੍ਰਾਪਤ ਕਰ ਸਕਦਾ ਹੈ।
(ਸ) ਇਸ ਨਾਲ ਵਿਅਕਤੀ ਕੋਲ ਧਨ ਦੀ ਕਮੀ ਨਹੀਂ ਰਹਿੰਦੀ।
ਉੱਤਰ:- ਇਹ ਜੋਖ਼ਮ ਦੇ ਸਮੇਂ ਸੁਰੱਖਿਆ ਪ੍ਰਦਾਨ ਕਰਦਾ ਹੈ।
(ii) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸਟਾਕ ਐਕਸਚੇਂਜ ਬਜ਼ਾਰ ਦੇ ਮਹੱਤਵ ਨੂੰ ਦਰਸਾਉਂਦਾ ਹੈ?
(ੳ)ਇਸ ਨਾਲ ਕੰਪਨੀਆਂ ਨੂੰ ਵਿਕਾਸ ਕਰਨ ਲਈ ਧਨ ਪ੍ਰਾਪਤ ਹੁੰਦਾ ਹੈ।
(ਅ) ਇਸ ਨਾਲ ਆਰਥਿਕ ਕਿਰਿਆਵਾਂ ਦੇ ਪੱਧਰ ਵਿਚ ਵਾਧਾ ਹੁੰਦਾ ਹੈ।
(ੲ) ਇਸ ਨਾਲ ਦੇਸ਼ ਦੀ ਉਤਪਾਦਨ ਸ਼ਕਤੀ ਦਾ ਵਿਕਾਸ ਹੁੰਦਾ ਹੈ।
(ਸ) ਉਪਰੋਕਤ ਸਾਰੇ।
ਉੱਤਰ:- ਉਪਰੋਕਤ ਸਾਰੇ।
(iii) ਸਟਾਕ ਐਕਸਚੇਂਜ ਬਾਜ਼ਾਰ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਹੇਠਾਂ ਵਿੱਚੋਂ ਕਿਹੜੀਆ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ?
(ੳ) ਸਾਰਾ ਧਨ ਇੱਕ ਹੀ ਕੰਪਨੀ ਵਿੱਚ ਨਾ ਲਗਾਇਆ ਜਾਵੇ।
(ਅ) ਵਿਚੋਲਾ ਕੰਪਨੀ ਦੀ ਮਦਦ ਪ੍ਰਾਪਤ ਕੀਤੀ ਜਾਵੇ।
(ੲ) ਜੋਖ਼ਮ ਦੇ ਦਰ ਦਾ ਅਨੁਮਾਨ ਪਹਿਲਾਂ ਹੀ ਲਗਾ ਲਿਆ ਜਾਵੇ।
(ਸ) ਉਪਰੋਕਤ ਸਾਰੇ।
ਉੱਤਰ:- ਉਪਰੋਕਤ ਸਾਰੇ
ਸਹੀ/ ਗ਼ਲਤ :
(i) ਬੰਬੇ ਸਟਾਕ ਐਕਸਚੇਂਜ ਦੀ ਸਥਾਪਨਾ 1970 ਵਿੱਚ ਹੋਈ ਸੀ। (ਗਲਤ)
(ii) ਰਾਸ਼ਟਰੀ ਸਟਾਕ ਐਕਸਚੇਂਜ ਦੁਨੀਆਂ ਦੀ 12ਵੀਂ ਸਭ ਤੋਂ ਵੱਡੀ ਸਟਾਕ ਐਕਸਚੇਂਜ ਹੈ। (ਸਹੀ)
(ii) ਸਟਾਕ ਐਕਸਚੇਂਜ ਬਜ਼ਾਰ ਵਿਚ ਸਿਰਫ਼ ਵੱਡੇ ਨਿਵੇਸ਼ਕਰਤਾ ਹੀ ਨਿਵੇਸ਼ ਕਰ ਸਕਦੇ ਹਨ। (ਗਲ਼ਤ)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ।ਇਹਨਾਂ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ: –
(i) ਵਿੱਤੀ ਜਾਗਰੂਕਤਾ ਤੋਂ ਕੀ ਭਾਵ ਹੈ?
ਉੱਤਰ:- ਵਿੱਤੀ ਜਾਗਰੂਕਤਾ ਤੋਂ ਭਾਵ ਆਪਣੇ ਵਿੱਤੀ ਸਾਧਨਾਂ ਭਾਵ ਧਨ ਦਾ ਸਹੀ ਪ੍ਰਬੰਧ ਕਰਨ ਲਈ ਆਪਣੇ ਗਿਆਨ ਅਤੇ ਕੌਸ਼ਲ ਦੀ ਸਹੀ ਵਰਤੋਂ ਕਰਨਾ ਹੈ।
(ii) ਬੀਮੇ ਤੋਂ ਕੀ ਭਾਵ ਹੈ?
ਉੱਤਰ:- ਬੀਮੇ ਤੋਂ ਭਾਵ ਉਸ ਸਮਝੌਤੇ ਤੋਂ ਹੈ ਜੋ ਕਿ ਬੀਮਾ ਕੰਪਨੀ ਅਤੇ ਬੀਮਾ ਲੈਣ ਵਾਲੇ ਵਿਅਕਤੀ ਵਿਚਾਲੇ ਹੁੰਦਾ ਹੈ, ਜਿਸ ਵਿਚ ਬੀਮਾ ਕੰਪਨੀ ਵਿਅਕਤੀ ਨੂੰ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਦਾ ਭਰੋਸਾ ਦਿੰਦੀ ਹੈ।
(iii) ਸਟਾਕ ਐਕਸਚੇਂਜ ਬਜ਼ਾਰ ਤੋਂ ਕੀ ਭਾਵ ਹੈ?
ਉੱਤਰ:- ਸਟਾਕ ਐਕਸਚੇਂਜ ਬਜ਼ਾਰ ਤੋਂ ਭਾਵ ਉਸ ਬਜ਼ਾਰ ਤੋਂ ਹੈ, ਜਿਸ ਵਿਚ ਸ਼ੇਅਰਾਂ ਦੀ ਖ਼ਰੀਦ-ਵੇਚ ਕੀਤੀ ਜਾਂਦੀ ਹੈ।
(iv) ਭਾਰਤ ਦੇ ਦੋ ਮੁੱਖ ਸਟਾਕ ਐਕਸਚੇਂਜ ਬਜ਼ਾਰਾਂ ਦੇ ਨਾਂ ਲਿਖੋ?
ਉੱਤਰ:- ਬੰਬੇ ਸਟਾਕ ਐਕਸਚੇਂਜ ਬਜ਼ਾਰ ਅਤੇ ਰਾਸ਼ਟਰੀ ਸਟਾਕ ਐਕਸਚੇਂਜ ਬਜ਼ਾਰ।
(v) SENSEX ਦਾ ਪੂਰਾ ਨਾਂ ਲਿਖੋ?
ਉੱਤਰ:-Stock Exchange Sensitive Index.
(vi) NIFTI ਦਾ ਪੂਰਾ ਨਾਂ ਲਿਖੋ?
ਉੱਤਰ:-National Stock Exchange Fifty.
ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ:-
(1) ਬੀਮੇ ਦੇ ਲਾਭ ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ।
ਉੱਤਰ:- ਬੀਮਾ ਕਰਵਾਉਣ ਦੇ ਬਹੁਤ ਲਾਭ ਹੁੰਦੇ ਹਨ ਜਿਨ੍ਹਾਂ ਦਾ ਵਰਨਣ ਇਸ ਪ੍ਰਕਾਰ ਹੈ:-
1. ਵਿਅਕਤੀ ਨੂੰ ਲਾਭ: – ਬੀਮੇ ਦਾ ਮੁੱਖ ਲਾਭ ਇਹ ਹੈ ਕਿ ਇਹ ਸਾਡੀ ਜ਼ਿੰਦਗੀ ਵਿਚ ਆਉਣ ਵਾਲੀਆਂ ਅਨਿਸ਼ਚਿਤਤਾਵਾਂ ਨੂੰ ਘੱਟ ਕਰਦਾ ਹੈ। ਮਨੁੱਖੀ ਜੀਵਨ ਦਾ ਕੋਈ ਵੀ ਭਰੋਸਾ ਨਹੀਂ ਹੈ ਭਾਵ ਕਿ ਕਿਸੇ ਬਿਮਾਰੀ, ਹਾਦਸੇ ਜਾਂ ਕਿਸੇ ਹੋਰ ਕਾਰਨ ਕਰਕੇ ਸਾਡੀ ਮੌਤ ਹੋ ਜਾਂਦੀ ਹੈ ਤਾਂ ਬੀਮਾ ਸਾਡੀਆਂ ਅਣਸੁਖਾਵੀਆਂ ਹਲਾਤਾਂ ਵਿੱਚ ਮਦਦ ਕਰਦਾ ਹੈ ਅਤੇ ਸਾਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਵਾਉਂਦਾ ਹੈ।
2. ਸਮਾਜ ਨੂੰ ਲਾਭ: -ਜਦੋਂ ਸਾਨੂੰ ਅਣਸੁਖਾਵੀਆਂ ਹਲਾਤਾਂ ਵਿੱਚ ਬੀਮੇ ਤੋਂ ਮਦਦ ਪ੍ਰਾਪਤ ਹੋ ਜਾਂਦੀ ਹੈ, ਤਾਂ ਇਸ ਨਾਲ ਵਿਅਕਤੀ ਦੀ ਆਮਦਨ ਵਿੱਚ ਕਮੀ ਨਹੀਂ ਆਉਂਦੀ। ਜਿਸ ਨਾਲ ਉਸ ਦੀ ਉਤਪਾਦਕਤਾ ਅਤੇ ਜੀਵਨ ਪੱਧਰ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਸਮਾਜ ਦੇ ਵਿਕਾਸ ਲਈ ਬਿਹਤਰ ਤਰੀਕੇ ਨਾਲ ਕੰਮ ਕਰ ਸਕਦਾ ਹੈ।
3. ਅਰਥਵਿਵਸਥਾ ਨੂੰ ਲਾਭ: – ਸਰਕਾਰ ਨੂੰ ਦੇਸ਼ ਦਾ ਆਰਥਿਕ ਵਿਕਾਸ ਕਰਨ ਲਈ ਧਨ ਦੀ ਲੋੜ ਹੁੰਦੀ ਹੈ ਅਤੇ ਸਰਕਾਰ ਇਹਨਾਂ ਕੰਪਨੀਆਂ ਤੋਂ ਇਹ ਧਨ ਲੈ ਕੇ ਦੇਸ਼ ਦੇ ਵਿਕਾਸ ਦੇ ਕੰਮਾਂ ਜਿਵੇਂ ਕਿ ਸੜਕ ਨਿਰਮਾਣ, ਪੁੱਲ ਨਿਰਮਾਣ, ਸਕੂਲਾਂ ਅਤੇ ਕਾਲਜਾਂ ਦਾ ਨਿਰਮਾਣ, ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਆਦਿ ਵਿੱਚ ਲਗਾਉਂਦੀ ਹੈ ਅਤੇ ਇਸ ਧਨ ਦਾ ਨਿਵੇਸ਼ ਕਰਕੇ ਦੇਸ਼ ਦਾ ਤੇਜ਼ੀ ਨਾਲ ਵਿਕਾਸ ਕਰਦੀ ਹੈ।
(2) ਭਾਰਤ ਵਿੱਚ ਸਟਾਕ ਐਕਸਚੇਂਜ ਬਜ਼ਾਰ ਦੀਆਂ ਦੋ ਮੁੱਖ ਕਿਸਮਾਂ ਦੀ ਵਿਆਖਿਆ ਕਰੋ?
ਉੱਤਰ:-ਭਾਰਤ ਵਿਚ ਮੁੱਖ ਤੌਰ ਤੇ ਦੋ ਸਟਾਕ ਐਕਸਚੇਂਜ ਬਜ਼ਾਰ ਸਭ ਤੋਂ ਵੱਧ ਮਹੱਤਵਪੂਰਨ ਹਨ। ਇਹਨਾਂ ਦਾ ਵਰਣਨ ਇਸ ਪ੍ਰਕਾਰ ਹੈ:-
(1) ਬੰਬੇ ਸਟਾਕ ਐਕਸਚੇਂਜ ਬਜ਼ਾਰ: – ਇਸ ਦੀ ਸਥਾਪਨਾ ਸਾਲ 1875 ਵਿੱਚ ਮੁੰਬਈ ਵਿੱਚ ਦਲਾਲ ਸਟ੍ਰੀਟ ਵਿਖੇ ਕੀਤੀ ਗਈ ਸੀ।ਇਹ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਸਟਾਕ ਐਕਸਚੇਂਜ ਵਿੱਚੋਂ ਇੱਕ ਹੈ ਅਤੇ ਵਰਤਮਾਨ ਵਿੱਚ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਸਟਾਕ ਐਕਸਚੇਂਜ ਹੈ। ਇਸ ਦੇ ਪ੍ਰਦਰਸ਼ਨ ਨੂੰ SENSEX ਦੁਆਰਾ ਮਾਪਿਆ ਜਾਂਦਾ ਹੈ।
(2) ਰਾਸਟਰੀ ਸਟਾਕ ਐਕਸਚੇਂਜ ਬਜ਼ਾਰ: – ਇਸ ਦੀ ਸਥਾਪਨਾ 1992 ਵਿੱਚ ਮੁੰਬਈ ਵਿੱਚ ਕੀਤੀ ਗਈ ਸੀ। ਇਸ ਸਮੇਂ ਇਹ ਦੁਨੀਆਂ ਦੀ 12ਵੀਂ ਸਭ ਤੋਂ ਵੱਡੀ ਸਟਾਕ ਐਕਸਚੇਂਜ ਹੈ। ਇਸ ਦੇ ਪ੍ਰਦਰਸ਼ਨ ਨੂੰ NIFTI ਦੁਆਰਾ ਮਾਪਿਆ ਜਾਂਦਾ ਹੈ।
(3) ਸਟਾਕ ਐਕਸਚੇਂਜ ਬਜ਼ਾਰ ਵਿਚ ਨਿਵੇਸ਼ ਕਰਨ ਲਈ ਕਿਹੜੀਆਂ ਗੱਲਾਂ ਨੂੰ ਜਾਨਣਾ ਜ਼ਰੂਰੀ ਹੈ?
ਉੱਤਰ:- ਸਟਾਕ ਐਕਸਚੇਂਜ ਬਜ਼ਾਰ ਵਿਚ ਨਿਵੇਸ਼ ਕਰਨ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:-
1. ਸਟਾਕ ਐਕਸਚੇਂਜ ਬਜ਼ਾਰ ਵਿੱਚ ਨਿਵੇਸ਼, ਵੱਖ-ਵੱਖ ਤਰ੍ਹਾਂ ਦੇ ਨਿਵੇਸ਼ਾਂ ਵਿੱਚੋਂ ਇਕ ਤਰ੍ਹਾਂ ਦਾ ਨਿਵੇਸ਼ ਹੈ, ਜਿਸ ਵਿੱਚ ਤੁਸੀਂ ਆਪਣਾ ਧਨ ਲਗਾ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਆਪਣੇ ਧਨ ਦਾ ਨਿਵੇਸ਼ ਬੈਂਕ ਜਮ੍ਹਾਂ, ਜ਼ਮੀਨ ਜਾਇਦਾਦ ਖ਼ਰੀਦਣ, ਸੋਨਾ ਖ਼ਰੀਦਣ ਆਦਿ ਵਿੱਚ ਵੀ ਕਰ ਸਕਦੇ ਹਾਂ।
2. ਸਟਾਕ ਐਕਸਚੇਂਜ ਬਜ਼ਾਰ ਵਿਚ ਨਿਵੇਸ਼ ਕਰਦੇ ਸਮੇਂ ਇਹ ਯਾਦ ਰੱਖਣ ਦੀ ਲੋੜ ਹੈ ਕਿ ਕਦੇ ਵੀ ਸਾਡੇ ਦੁਆਰਾ ਕੀਤੀ ਗਈ ਸ਼ੇਅਰਾਂ ਦੀ ਖਰੀਦ ਜੋਖ਼ਮ ਤੋਂ ਬਿਨਾਂ ਨਹੀਂ ਹੋਵੇਗੀ। ਬਜ਼ਾਰ ਵਿੱਚ ਜਿੱਥੇ ਸ਼ੇਅਰਾਂ ਦੀਆਂ ਕੀਮਤਾਂ ਉੱਪਰ ਜਾਣ ਦਾ ਲਾਭ ਹੁੰਦਾ ਹੈ ਉੱਥੇ ਸ਼ੇਅਰਾਂ ਦੀਆਂ ਕੀਮਤਾਂ ਘੱਟ ਹੋਣ ਨਾਲ ਨੁਕਸਾਨ ਦਾ ਡਰ ਵੀ ਬਣਿਆ ਰਹਿੰਦਾ ਹੈ।
3. ਸਟਾਕ ਐਕਸਚੇਂਜ ਬਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਇਕ ਵਿਚੋਲਾ ਫ਼ਰਮ ਦੁਆਰਾ ਆਪਣਾ ਖਾਤਾ ਖੁਲ੍ਹਵਾਉਣ ਦੀ ਲੋੜ ਹੁੰਦੀ ਹੈ।
4. ਕਦੇ ਵੀ ਕਿਸੇ ਇੱਕ ਕੰਪਨੀ ਦੇ ਸ਼ੇਅਰਾਂ ਵਿੱਚ ਨਿਵੇਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕੰਪਨੀ ਜੇਕਰ ਘਾਟੇ ਵਿੱਚ ਚਲੀ ਜਾਵੇ ਤਾਂ ਸਾਡੇ ਸਾਰੇ ਪੈਸੇ ਡੁੱਬ ਜਾਣਗੇ।ਇਸ ਲਈ ਕਈ ਕੰਪਨੀਆਂ ਦੇ ਸ਼ੇਅਰਾਂ ਵਿੱਚ ਥੋੜ੍ਹਾ-ਥੋੜ੍ਹਾ ਨਿਵੇਸ਼ ਕਰਨਾ ਚਾਹੀਦਾ ਹੈ।
(4) ਸਟਾਕ ਐਕਸਚੇਂਜ ਬਾਜ਼ਾਰ ਦੇ ਮਹੱਤਵ ਦਾ ਵਰਣਨ ਕਰੋ?
ਉੱਤਰ:- ਵਰਤਮਾਨ ਸਮੇਂ ਵਿੱਚ ਸਟਾਕ ਐਕਸਚੇਂਜ ਬਾਜ਼ਾਰ ਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸ ਦੇ ਮਹੱਤਵ ਦਾ ਵਰਣਨ ਇਸ ਪ੍ਰਕਾਰ ਹੈ:-
1. ਇਹ ਵੱਖ-ਵੱਖ ਕੰਪਨੀਆਂ ਨੂੰ ਆਪਣੀ ਉਤਪਾਦਨ ਸ਼ਕਤੀ ਦਾ ਵਿਸਤਾਰ ਕਰਨ ਲਈ ਧਨ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਬਜ਼ਾਰ ਵਿੱਚ ਕੰਪਨੀਆਂ ਆਪਣੇ ਸ਼ੇਅਰ ਜਾਰੀ ਕਰਦੀਆਂ ਹਨ ਅਤੇ ਵੱਖ-ਵੱਖ ਨਿਵੇਸ਼ਕਰਤਾ, ਜੋ ਇਹਨਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਰੁਚੀ ਰੱਖਦੇ ਹਨ, ਇਹਨਾਂ ਦੀ ਖਰੀਦ ਕਰਦੇ ਹਨ। ਇਸ ਨਾਲ ਕੰਪਨੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੀ ਵਰਤੋਂ ਨਵੀਆਂ ਫੈਕਟਰੀਆਂ ਖੋਲ੍ਹਣ ਵਿੱਚ ਕੀਤੀ ਜਾਂਦੀ ਹੈ।
2. ਇਹ ਬਾਜ਼ਾਰ ਇੱਕ ਆਮ ਆਦਮੀ ਨੂੰ ਵੀ, ਜਿਸ ਕੋਲ ਵੱਧ ਮਾਤਰਾ ਵਿੱਚ ਧਨ ਮੌਜੂਦ ਨਹੀਂ ਹੈ, ਆਪਣੇ ਧਨ ਦਾ ਨਿਵੇਸ਼ ਕਰਨ ਦੀ ਸੁਵਿਧਾ ਪ੍ਰਦਾਨ ਕਰਵਾਉਂਦਾ ਹੈ। ਇਸ ਬਜ਼ਾਰ ਵਿੱਚ ਛੋਟੇ ਨਿਵੇਸ਼ਕਰਤਾ ਆਪਣੇ ਕੋਲ ਮੌਜੂਦ ਧਨ ਦੇ ਮੁਤਾਬਕ ਆਪਣੀ ਪਸੰਦ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਖਰੀਦ ਸਕਦੇ ਹਨ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
3. ਸਟਾਕ ਐਕਸਚੇਂਜ ਬਜ਼ਾਰ ਲੋਕਾਂ ਕੋਲ਼ ਮੌਜੂਦ ਬੱਚਤ ਨੂੰ ਨਿਵੇਸ਼ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ। ਇਸ ਨਾਲ ਪੂੰਜੀ ਦੀ ਗਤੀਸ਼ੀਲਤਾ ਵਿਚ ਵਾਧਾ ਹੁੰਦਾ ਹੈ।
4. ਸਟਾਕ ਐਕਸਚੇਂਜ ਬਜ਼ਾਰ ਕਿਸੇ ਅਰਥਵਿਵਸਥਾ ਦੇ ਆਰਥਿਕ ਵਿਕਾਸ ਦੇ ਸੂਚਕ ਦੇ ਤੌਰ ‘ਤੇ ਵੀ ਕੰਮ ਕਰਦਾ ਹੈ। ਜੇਕਰ ਬਜ਼ਾਰ ਉੱਪਰ ਵੱਲ ਜਾਂਦਾ ਹੈ ਤਾਂ ਇਹ ਉਸ ਦੇਸ਼ ਦੇ ਆਰਥਿਕ ਵਿਕਾਸ ਦੀ ਤੇਜ਼ ਦਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਤੇ ਜੇਕਰ ਇਹ ਬਜ਼ਾਰ ਹੇਠਾਂ ਜਾ ਰਿਹਾ ਹੈ ਤਾਂ ਇਸ ਨਾਲ ਉਸ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਘੱਟ ਹੋ ਜਾਂਦੀ ਹੈ।