ਪਾਠ: 2 ਵਿਕਾਸ ਅਤੇ ਇਸਦਾ ਮਾਪ ਵਿਸ਼ਾ: ਸਮਾਜਿਕ ਵਿਗਿਆਨ ਸ਼੍ਰੇਣੀ: ਦਸਵੀਂ (ਅਰਥ ਸ਼ਾਸਤਰ)
(ੳ) ਵਸਤੂਨਿਸ਼ਠ ਪ੍ਰਸ਼ਨ: –
ਖਾਲੀ ਥਾਵਾਂ ਭਰੋ :-
(i) ਟਿਕਾਊ ਵਿਕਾਸ ਦੀ ਧਾਰਨਾ ਦੀ ਵਰਤੋਂ ਸਭ ਤੋਂ ਪਹਿਲਾਂ 1980 ਦੇ ਸਾਲ ਵਿੱਚ ਕੀਤੀ ਗਈ ਸੀ।
(ii) ਆਰਥਿਕ ਵਿਕਾਸ ਲਈ ਰਾਸ਼ਟਰੀ ਆਮਦਨ ਵਿਚ ਲੰਬੇ ਸਮੇਂ ਲਈ ਵਾਧਾ ਹੋਣਾ ਚਾਹੀਦਾ ਹੈ!
(iii) ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਇੱਕ ਵਿਅਕਤੀ ਦੀ ਔਸਤ ਆਮਦਨ ਤੋਂ ਹੁੰਦਾ ਹੈ।
(iv) 2011 ਦੀ ਜਨਗਣਨਾ ਦੇ ਮੁਤਾਬਕ ਭਾਰਤ ਵਿੱਤ ਸ਼ਿਸੂ ਮੌਤ ਦਰ 44 ਸੀ।
(v) 2011 ਦੀ ਜਨਗਣਨਾ ਦੇ ਮੁਤਾਬਕ ਭਾਰਤ ਵਿੱਚ ਲਿੰਗ ਅਨੁਪਾਤ 943 ਸੀ ।
(vi) 2011 ਦੀ ਜਨਗਣਨਾ ਦੇ ਮੁਤਾਬਕ ਭਾਰਤ ਵਿੱਚ ਸਾਖ਼ਰਤਾ ਦਰ 74.04% ਸੀ।
(vii) ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਨਿਰਮਾਣ ਮੌਰਿਸ.ਡੀ. ਮੌਰਿਸ ਦੁਆਰਾ ਕੀਤਾ ਗਿਆ।
(viii) ਜੀਵਨ ਦਾ ਭੌਤਿਕ ਗੁਣਵੱਤਾ ਸੂਚਕ ਅੰਕ ਵਿਕਾਸ ਦੇ (ਜੀਵਨ ਔਸਤ ਅਵਧੀ, ਸ਼ਿਸੂ ਮੌਤ ਦਰ, ਮੂਲਭੂਤ ਸਾਖ਼ਰਤਾ ਸੂਚਕ
ਅੰਕ) 3 ਮਾਪਕਾਂ ਦੀ ਵਰਤੋਂ ਕਰਦਾ ਹੈ।
(ix)ਮਾਨਵ ਵਿਕਾਸ ਸੂਚਕ ਅੰਕ ਦਾ ਨਿਰਮਾਣ 1990 ਵਿੱਚ ਸੰਯੁਕਤ ਰਾਸ਼ਟਰ ਵਿਕਾਸ ਕਾਰਜਕ੍ਰਮ ਦੁਆਰਾ ਕੀਤਾ ਗਿਆ।
(x) ਮਾਨਵ ਵਿਕਾਸ ਸੂਚਕ ਅੰਕ ਵਿਕਾਸ ਦੇ (ਜੀਵਨ ਦੀ ਔਸਤ ਅਵਧੀ, ਸਿੱਖਿਆ ਪ੍ਰਾਪਤੀ ਸੂਚਕ ਅੰਕ, ਵਾਸਤਵਿਕ ਪ੍ਰਤਿ ਵਿਅਕਤੀ
ਕੁੱਲ ਘਰੇਲੂ ਉਤਪਾਦ) 3 ਮਾਪਕਾਂ ਦੀ ਵਰਤੋਂ ਕਰਦਾ ਹੈ।
ਬਹੁ-ਵਿਕਲਪੀ ਚੋਣ ਪ੍ਰਸ਼ਨ:-
(i) ਆਰਥਿਕ ਵਿਕਾਸ ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਸਨੂੰ ਸ਼ਾਮਲ ਕੀਤਾ ਜਾਂਦਾ ਹੈ?
(ੳ) ਮਾਤਰਾਤਮਕ ਬਦਲਾਅ
(ਅ) ਗੁਣਾਤਮਕ ਬਦਲਾਅ
(ੲ) ੳ ਅਤੇ ਅ ਦੋਵੇਂ
(ਸ) ਜੀਵਨ ਪੱਧਰ
ਉੱਤਰ:- ੳ ਅਤੇ ਅ ਦੋਵੇਂ
(ii) ਸ਼ਿਸੂ ਮੌਤ ਦਰ ਵਿੱਚ ਕਿੰਨੇ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਸ਼ਾਮਲ ਕੀਤਾ ਜਾਂਦਾ ਹੈ ?
(ੳ) 1 ਸਾਲ
(ਅ) 2 ਸਾਲ
(ੲ) ਤਸਾਲ
(ਸ) 4 ਸਾਲ
ਉੱਤਰ:- 1 ਸਾਲ
(iii) ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਨਿਰਮਾਣ ਕਿਸ ਦੁਆਰਾ ਕੀਤਾ ਗਿਆ?
(ੳ) ਮੌਰਿਸ ਡੀ. ਮੌਰਿਸ
(ਅ) ਸੰਯੁਕਤ ਰਾਸ਼ਟਰ ਵਿਕਾਸ ਕਾਰਜਕ੍ਰਮ
(ੲ) ਸੰਯੁਕਤ ਰਾਸ਼ਟਰ ਸੰਘ
(ਸ) ਸੰਯੁਕਤ ਰਾਸ਼ਟਰ ਬਾਲ ਫੰਡ
ਉੱਤਰ:- ਮੌਰਿਸ ਡੀ. ਮੌਰਿਸ
(iv) 2021 ਵਿੱਚ ਭਾਰਤ ਦਾ ਮਾਨਵ ਵਿਕਾਸ ਸੂਚਕ ਅੰਕ ਵਿੱਚ ਕੀ ਦਰਜਾ ਸੀ?
(ੳ) 129
(ਅ) 130
(ੲ) 131
(ਸ) 132
ਉੱਤਰ:- 132
(v) ਕੇਰਲ ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀ ਜਨਸੰਖਿਆ ਦਾ ਅਨੁਪਾਤ ਕਿੰਨਾ ਹੈ ?
(ੳ) 6.05%
(ਅ) 7.00%
(ੲ) 7.05%
(ਸ) 7.10%
ਉੱਤਰ:- 7.05%
(vi) 2011 ਦੀ ਜਨਗਣਨਾ ਮੁਤਾਬਕ ਭਾਰਤ ਦੀ ਕਿੰਨੇ ਪ੍ਰਤੀਸ਼ਤ ਜਨਸੰਖਿਆ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਸੀ
(€) 20.9%
(ਅ) 21.9%
(ੲ) 22.9%
(ਸ)23.9%
ਉੱਤਰ:- 21.9 %
(vii) ਮਾਤਾ ਮੌਤ ਦਰ ਤੋਂ ਭਾਵ ਪ੍ਰਤੀ……………ਬੱਚਿਆਂ ਨੂੰ ਜਨਮ ਦਿੰਦੇ ਸਮੇਂ ਮਾਤਾਵਾਂ ਦੀ ਹੋਣ ਵਾਲੀ ਮੌਤ ਦੀ ਦਰ ਤੋਂ ਹੈ।
(ੳ) 1000
(ਅ) 10000
(ੲ) 100000
(ਸ) 100000
ਉੱਤਰ:- 100000
ਸਹੀ/ ਗ਼ਲਤ :-
(i)ਆਰਥਿਕ ਵਿਕਾਸ ਤੋ ਭਾਵ ਇੱਕ ਦੀਰਘਕਾਲੀਨ ਪ੍ਰਕਿਰਿਆ ਤੋਂ ਹੈ। (ਸਹੀ)
(ii) ਆਰਥਿਕ ਵਾਧਾ ਅਤੇ ਆਰਥਿਕ ਵਿਕਾਸ ਸਮਾਨਰਥੀ ਸ਼ਬਦ ਹਨ। (ਗ਼ਲਤ)
(iii) ਕੁੱਲ ਘਰੇਲੂ ਉਤਪਾਦਨ ਆਰਥਿਕ ਵਿਕਾਸ ਦਾ ਇੱਕ ਚੰਗਾ ਮਾਪਕ ਹੈ। (ਸਹੀ)
(iv) ਟਿਕਾਊ ਵਿਕਾਸ ਦੀ ਧਰਨਾ ਦੀ ਸਭ ਤੋਂ ਪਹਿਲਾਂ ਵਰਤੋਂ World Conservation Strategy ਵਿੱਚ ਕੀਤੀ ਗਈ ਸੀ। (ਸਹੀ)
(v) ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਕਿਸੇ ਦੇਸ਼ ਦੇ ਸਾਰੇ ਨਿਵਾਸੀਆਂ ਦੀ ਔਸਤ ਆਮਦਨ ਤੋਂ ਹੁੰਦਾ ਹੈ। (ਸਹੀ)
(vi) ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਨਿਰਮਾਣ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਕਾਸ ਕਾਰਜਕ੍ਰਮ ਦੁਆਰਾ ਕੀਤਾ
ਗਿਆ ਸੀ। (ਗ਼ਲਤ)
(vii) ਮਾਨਵ ਵਿਕਾਸ ਸੂਚਕ ਅੰਕ ਵਿੱਚ ਸਿਰਫ਼ ਆਮਦਨ ਆਧਾਰਿਤ ਮਾਪਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। (ਗ਼ਲਤ)
(vii) ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀ ਜਨਸੰਖਿਆ ਦੇ ਮਾਮਲੇ ਵਿੱਚ ਪੰਜਾਬ ਦਾ ਪ੍ਰਦਰਸ਼ਨ ਬਿਹਾਰ ਨਾਲੋਂ ਚੰਗਾ ਹੈ। (ਸਹੀ)
(ix) ਬਿਹਾਰ ਵਿੱਚ ਲਿੰਗ ਅਨੁਪਾਤ ਇਸਤਰੀਆਂ ਦੇ ਹੱਕ ਵਿੱਚ ਹੈ। (ਗ਼ਲਤ)
(x) ਸਾਖ਼ਰਤਾ ਦਰ ਤੇ ਪੰਜਾਬ ਅਤੇ ਬਿਹਾਰ ਦੇ ਮੁਕਾਬਲੇ ਕੇਰਲ ਦਾ ਪ੍ਰਦਰਸ਼ਨ ਵਧੀਆ ਹੈ। (ਸਹੀ)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ :
(i) ਆਰਥਿਕ ਵਿਕਾਸ ਤੋਂ ਕੀ ਭਾਵ ਹੈ?
ਉੱਤਰ:- ਆਰਥਿਕ ਵਿਕਾਸ ਤੋਂ ਭਾਵ ਇਕ ਦੇਸ਼ ਦੀ ਅਰਥਵਿਵਸਥਾ ਵਿੱਚ ਹੋਣ ਵਾਲੇ ਮਾਤਰਾਤਮਕ ਅਤੇ ਗੁਣਾਤਮਕ ਦੋਵਾਂ ਤਰ੍ਹਾਂ ਦੇ ਬਦਲਾਵਾਂ ਤੋਂ ਹੈ, ਜਿਸ ਵਿਚ ਗੁਣਾਤਮਕ ਬਦਲਾਅ ਵਿਚ ਕਿਸੇ ਦੇਸ਼ ਵਿੱਚ ਆਉਣ ਵਾਲੇ ਸਮਾਜਿਕ, ਨੈਤਿਕ, ਧਾਰਮਿਕ ਅਤੇ
ਰਾਜਨੀਤਿਕ ਬਦਲਾਅ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ।
(ii) ਆਰਥਿਕ ਵਾਧੇ ਤੋਂ ਕੀ ਭਾਵ ਹੈ?
ਉੱਤਰ:- ਆਰਥਿਕ ਵਾਧੇ ਤੋਂ ਭਾਵ ਇੱਕ ਦੇਸ਼ ਦੀ ਅਰਥਵਿਵਸਥਾ ਵਿੱਚ ਹੋਣ ਵਾਲੇ ਸਿਰਫ਼ ਮਾਤਰਾਤਮਕ ਬਦਲਾਵ ਭਾਵ ਇੱਕ ਦੇਸ਼
ਵਿੱਚ ਸਿਰਫ਼ ਵਸਤੂਆਂ ਅਤੇ ਸੇਵਾਵਾਂ ਦੀ ਵੱਧ ਮਾਤਰਾ ਦਾ ਉਤਪਾਦਨ ਹੋਣ ਤੋਂ ਹੈ।
(iii) ਟਿਕਾਊ ਵਿਕਾਸ ਤੋਂ ਕੀ ਭਾਵ ਹੈ?
ਉੱਤਰ:- ਟਿਕਾਊ ਵਿਕਾਸ ਤੋਂ ਭਾਵ ਇੱਕ ਅਜਿਹੀ ਪ੍ਰਕਿਰਿਆ ਤੋਂ ਹੈ, ਜੋ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਵਰਤਮਾਨ ਅਤੇ ਭਵਿੱਖ ਦੀਆਂ ਦੋਹਾਂ ਪੀੜ੍ਹੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੀ ਹੈ।
(iv) ਰਾਸ਼ਟਰੀ ਆਮਦਨ ਤੋਂ ਕੀ ਭਾਵ ਹੈ?
ਉੱਤਰ:-ਰਾਸ਼ਟਰੀ ਆਮਦਨ ਦਾ ਅਰਥ ਇੱਕ ਦੇਸ਼ ਦੇ ਨਿਵਾਸੀਆਂ ਨੂੰ ਕਿਸੇ ਖਾਸ ਅਵਧੀ ਦੌਰਾਨ ਉਹਨਾਂ ਦੀਆਂ ਉਤਪਾਦਿਕ ਸੇਵਾਵਾਂ
ਦੇ ਬਦਲੇ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ ਭਾਵ ਮਜ਼ਦੂਰੀ, ਵਿਆਜ਼, ਲਗਾਨ ਅਤੇ ਲਾਭ ਦੇ ਕੁੱਲ ਜੋੜ ਤੋਂ ਹੈ।
(v) ਪ੍ਰਤੀ ਵਿਅਕਤੀ ਆਮਦਨ ਤੋਂ ਕੀ ਭਾਵ ਹੈ?
ਉੱਤਰ:- ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਇਕ ਵਿਅਕਤੀ ਦੀ ਔਸਤ ਆਮਦਨ ਤੋਂ ਹੈ। ਇਸ ਦਾ ਪਤਾ ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਨੂੰ ਉਸ ਦੇਸ਼ ਦੀ ਜਨਸੰਖਿਆ ਨਾਲ ਭਾਗ ਕਰਕੇ ਲਗਾਇਆ ਜਾਂਦਾ ਹੈ।
(vi) ਸ਼ਿਸੂ ਮੌਤ ਦਰ ਤੋਂ ਕੀ ਭਾਵ ਹੈ?
ਉੱਤਰ:- ਸ਼ਿਸੂ ਮੌਤ ਦਰ ਤੋਂ ਭਾਵ ਇੱਕ (1) ਸਾਲ ਦੀ ਜੀਵਨ ਅਵਧੀ ਪੂਰੀ ਹੋਣ ਤੋਂ ਪਹਿਲਾਂ ਪ੍ਰਤੀ 1000 ਨਵੇਂ ਜੰਮੇ ਬੱਚਿਆਂ ਦੇ ਪਿੱਛੇ
ਮਰ ਜਾਣ ਵਾਲੇ ਬੱਚਿਆਂ ਦੀ ਗਿਣਤੀ ਤੋਂ ਹੁੰਦਾ ਹੈ।
(vii) ਲਿੰਗ ਅਨੁਪਾਤ ਤੋਂ ਕੀ ਭਾਵ ਹੈ?
ਉੱਤਰ:- ਲਿੰਗ ਅਨੁਪਾਤ ਤੋਂ ਭਾਵ ਪ੍ਰਤੀ 1000 ਪੁਰਸ਼ਾਂ ਦੇ ਪਿੱਛੇ ਇਸਤਰੀਆਂ ਦੀ ਸੰਖਿਆ ਤੋਂ ਹੈ।
(viii) ਲੋਕਾਂ ਦੇ ਜੀਵਨ ਪੱਧਰ ਤੋਂ ਕੀ ਭਾਵ ਹੈ?
ਉੱਤਰ:- ਲੋਕਾਂ ਦੇ ਉੱਚੇ ਜੀਵਨ-ਪੱਧਰ ਤੋਂ ਭਾਵ ਕਿ ਉਹਨਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ, ਸਾਰਿਆਂ ਲਈ ਸਿੱਖਿਆ, ਪੂਰਨ ਰੋਜ਼ਗਾਰ
ਅਤੇ ਯਾਤਾਯਾਤ ਦੀਆਂ ਸੁੱਖ ਸੁਵਿਧਾਵਾਂ ਮਿਲਣ ਤੋਂ ਹੈ।
(ix) PQLI ਦਾ ਪੂਰਾ ਨਾਂ ਕੀ ਹੈ?
ਉੱਤਰ:-Physical Quality of Life Index.(ਜੀਵਨ ਦਾ ਭੌਤਿਕ ਗੁਣਵੱਤਾ ਸੂਚਕ ਅੰਕ)
(x) ਜੀਵਨ ਦੀ ਔਸਤ ਅਵਧੀ ਤੋਂ ਕੀ ਭਾਵ ਹੈ?
ਉੱਤਰ:- ਜੀਵਨ ਦੀ ਔਸਤ ਅਵਧੀ ਤੋਂ ਭਾਵ ਜਨਮ ਦੇ ਸਮੇਂ ਤੇ ਜੀਵਨ ਦੀ ਸੰਭਾਵਨਾ ਤੋਂ ਹੈ। ਇਸ ਤੋਂ ਭਾਵ ਹੈ ਕਿ ਇੱਕ ਨਵੇਂ ਜੰਮੇ ਬੱਚੇ ਦੇ ਕਿੰਨੇ ਸਾਲ ਜ਼ਿੰਦਾ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।
(xi) ਸਾਖ਼ਰਤਾ ਦਰ ਤੋਂ ਕੀ ਭਾਵ ਹੈ?
ਉੱਤਰ:- ਸਾਖ਼ਰਤਾ ਦਰ ਤੋਂ ਭਾਵ ਹੈ ਜਨਸੰਖਿਆ ਦੇ ਉਸ ਭਾਗ ਤੋਂ ਹੁੰਦਾ ਹੈ, ਜੋ ਕਿ ਸਮਝਣ,ਪੜ੍ਹਣ ਤੇ ਲਿਖਣ ਦੀ ਯੋਗਤਾ ਰੱਖਦੇ ਹਨ। ਇਸ ਤੋਂ ਕਿਸੇ ਵੀ ਖੇਤਰ ਦੇ ਲੋਕਾਂ ਦੇ ਸਿੱਖਿਆ ਪ੍ਰਾਪਤੀ ਦੇ ਪੱਧਰ ਦਾ ਪਤਾ ਲੱਗਦਾ ਹੈ। ਸਾਖਰਤਾ ਦਰ=ਪੜ੍ਹੇ ਲਿਖੇ ਲੋਕਾਂ ਦੀ ਗਿਣਤੀ/ ਕੁੱਲ ਆਬਾਦੀ X 100
(xii) HDI ਦਾ ਪੂਰਾ ਨਾਂ ਲਿਖੋ?
ਉੱਤਰ:-HUMAN DEVELOPMENT INDEX.(ਮਾਨਵ ਵਿਕਾਸ ਸੂਚਕ ਅੰਕ)
(xiii) ਗਰੀਬੀ ਰੇਖਾ ਤੋ ਕੀ ਭਾਵ ਹੈ?
ਉੱਤਰ:-ਗਰੀਬੀ ਰੇਖਾ ਤੋਂ ਭਾਵ ਕਿਸੇ ਦੇਸ਼ ਦੀ ਜਨਸੰਖਿਆ ਦੇ ਉਸ ਭਾਗ ਤੋਂ ਹੁੰਦਾ ਹੈ, ਜੋ ਆਪਣੀਆਂ ਮੂਲਭੂਤ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ ਅਤੇ ਘੋਰ ਗ਼ਰੀਬੀ ਵਿਚ ਰਹਿੰਦੇ ਹਨ।
(xiv) ਭਾਰਤ ਵਿਚ ਗਰੀਬੀ ਰੇਖਾ ਦਾ ਨਿਰਧਾਰਨ ਕਿਵੇਂ ਹੁੰਦਾ ਹੈ?
ਉੱਤਰ:- ਭਾਰਤ ਵਿੱਚ ਗਰੀਬੀ ਰੇਖਾ ਦਾ ਨਿਰਧਾਰਣ ਪ੍ਰਤੀ ਮਹੀਨਾ ਕੀਤੇ ਜਾਣ ਵਾਲੇ ਖਰਚ ਦੇ ਰੂਪ ਵਿਚ ਲਗਾਇਆ ਜਾਂਦਾ ਹੈ।
(xv) 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਕਿੰਨੇ ਪ੍ਰਤੀਸ਼ਤ ਜਨਸੰਖਿਆ ਗਰੀਬੀ ਰੇਖਾ ਦੇ ਹੇਠਾਂ ਰਹਿੰਦੀ ਹੈ?
ਉੱਤਰ:- 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ 21.9% ਜਨਸੰਖਿਆ ਗਰੀਬੀ ਰੇਖਾ ਦੇ ਹੇਠਾਂ ਰਹਿੰਦੀ ਹੈ।
(xvi) ਭਾਰਤ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਗਰੀਬੀ ਰੇਖਾ ਦਾ ਨਿਰਧਾਰਨ ਕਰਨ ਲਈ, ਕਿਹੜੇ ਪ੍ਰਤੀ ਵਿਅਕਤੀ ਉਪਭੋਗ ਖ਼ਰਚ ਦੇ ਪੱਧਰਾਂ ਨੂੰ ਨਿਰਧਾਰਨ ਕੀਤਾ ਜਾਂਦਾ ਹੈ ?
ਉੱਤਰ:- ਯੋਜਨਾ ਆਯੋਗ (1962) ਦੁਆਰਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਲਈ ਵੱਖਰੀ-ਵੱਖਰੀ ਗਰੀਬੀ ਰੇਖਾ ਦਾ ਨਿਰਧਾਰਨ ਕੀਤਾ ਗਿਆ ਹੈ। ਕ੍ਰਮਵਾਰ 720 ਅਤੇ 325 ਪ੍ਰਤੀ ਵਿਅਕਤੀ ਪ੍ਰਤੀ ਸਾਲ
(xvii) ਪ੍ਰਤੀ ਵਿਅਕਤੀ ਆਮਦਨ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਜਨਸੰਖਿਆ ਦੇ ਅਧਾਰ ਤੇ ਕੇਰਲ, ਪੰਜਾਬ ਅਤੇ ਬਿਹਾਰ ਵਿੱਚੋਂ ਕਿਹੜੇ ਰਾਜ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਹੈ?
ਉੱਤਰ:- ਕੇਰਲ
(xviii) ਲਿੰਗ ਅਨੁਪਾਤ ਅਤੇ ਸਾਖ਼ਰਤਾ ਦਰ ਦੇ ਆਧਾਰ ‘ਤੇ ਕੇਰਲ, ਪੰਜਾਬ ਅਤੇ ਬਿਹਾਰ ਵਿੱਚੋਂ ਕਿਹੜੇ ਰਾਜ ਦਾ ਪ੍ਰਦਰਸ਼ਨ
ਸਭ ਤੋਂ ਵਧੀਆ ਹੈ?
ਉੱਤਰ:-ਕੇਰਲ
(xix) ਸ਼ਿਸੂ ਮੌਤ ਦਰ ਦੇ ਅਧਾਰ ‘ਤੇ ਕੇਰਲ, ਪੰਜਾਬ ਅਤੇ ਬਿਹਾਰ ਵਿੱਚੋਂ ਕਿਹੜੇ ਰਾਜ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਹੈ ?
ਉੱਤਰ:- ਕੇਰਲ।
(xx) ਮਾਤਾ ਮੌਤ ਦਰ ਦੇ ਅਧਾਰ ‘ਤੇ ਕੇਰਲ, ਪੰਜਾਬ ਅਤੇ ਬਿਹਾਰ ਵਿੱਚੋਂ ਕਿਹੜੇ ਰਾਜ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਹੈ?
ਉੱਤਰ:-ਕੇਰਲ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 50-60 ਸ਼ਬਦਾਂ ਤੱਕ ਦਿਓ:-
(1) ਆਰਥਿਕ ਵਾਧਾ ਅਤੇ ਆਰਥਿਕ ਵਿਕਾਸ ਵਿੱਚ ਅੰਤਰ ਸਪੱਸ਼ਟ ਕਰੋ?
ਉੱਤਰ:- ਆਰਥਿਕ ਵਾਧਾ ਅਤੇ ਆਰਥਿਕ ਵਿਕਾਸ ਵਿੱਚ ਅੰਤਰ
ਆਰਥਿਕ ਵਾਧਾ
1. ਇਹ ਇਕ-ਪੱਖੀ ਧਾਰਨਾ ਹੈ ।
2. ਇਸ ਵਿਚ ਸਿਰਫ਼ ਇਕ ਦੇਸ਼ ਵਿਚ ਹੋਣ ਵਾਲੇ ਮਾਤਰਾਤਮਕ ਬਦਲਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
3. ਇਸ ਧਾਰਨਾ ਦੀ ਵਰਤੋਂ ਵਿਕਸਿਤ ਦੇਸ਼ਾਂ ਲਈ ਕੀਤੀ ਜਾਂਦੀ ਹੈ।
4. ਆਰਥਿਕ ਵਾਧਾ ਬਿਨ੍ਹਾਂ ਆਰਥਿਕ ਵਿਕਾਸ ਦੇ ਹੋ ਸਕਦਾ ਹੈ।
ਆਰਥਿਕ ਵਿਕਾਸ
1.ਇਹ ਇੱਕ ਬਹੁ-ਪੱਖੀ ਧਾਰਨਾ ਹੈ
2. ਇਸ ਵਿਚ ਇਕ ਦੇਸ਼ ਵਿਚ ਹੋਣ ਵਾਲੇ ਮਾਤਰਾਤਮਕ ਅਤੇ ਗੁਣਾਤਮਕ ਦੋਹਾਂ ਤਰ੍ਹਾਂ ਦੇ ਬਦਲਾਵਾਂ ਨੂੰ ਸ਼ਾਮਲ ਕੀਤਾ ਜਾਂਦਾ
3.ਇਸ ਧਾਰਨਾ ਦੀ ਵਰਤੋਂ ਅਲਪਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਕੀਤੀ ਜਾਂਦੀ ਹੈ।
4. ਆਰਥਿਕ ਵਿਕਾਸ ਅਤੇ ਆਰਥਿਕ ਵਾਧੇ ਦਾ ਥੋੜ੍ਹਾ ਬਹੁਤ ਪੱਧਰ ਜ਼ਰੂਰ ਹੋਣਾ ਚਾਹੀਦਾ ਹੈ। ਜਿਵੇਂ ਕਿ ਕਿਸੇ ਦੇਸ਼ ਵਿਚ ਗੁਣਾਤਮਕ ਬਦਲਾਅ ਲਿਆਉਣਾ ਚਾਹੁੰਦੇ ਹਾਂ ਤਾਂ ਉਸ ਲਈ ਸਾਡੇ ਕੋਲ ਥੋੜ੍ਹਾ ਬਹੁਤਾ ਧਨ ਭਾਵ ਆਰਥਿਕ ਵਾਧਾ ਜ਼ਰੂਰ ਹੋਇਆ ਹੋਣਾ ਚਾਹੀਦਾ ਹੈ।
(2) ਟਿਕਾਊ ਵਿਕਾਸ ਤੋਂ ਕੀ ਭਾਵ ਹੈ? ਇਹ ਕਿਉਂ ਜ਼ਰੂਰੀ ਹੈ ?
ਉੱਤਰ:- ਟਿਕਾਊ ਵਿਕਾਸ ਤੋਂ ਭਾਵ ਇੱਕ ਅਜਿਹੀ ਪ੍ਰਕਿਰਿਆ ਤੋਂ ਹੈ, ਜੋ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਵਰਤਮਾਨ ਅਤੇ ਭਵਿੱਖ ਦੀਆਂ ਦੋਹਾਂ ਪੀੜ੍ਹੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੀ ਹੈ।
ਟਿਕਾਊ ਵਿਕਾਸ ਦੀ ਲੋੜ:- ਵਰਤਮਾਨ ਸਮਾਜ ਟਿਕਾਊ ਵਿਕਾਸ ਦੀ ਬਹੁਤ ਜ਼ਿਆਦਾ ਲੋੜ ਮਹਿਸੂਸ ਕਰ ਰਿਹਾ ਹੈ। ਇਸ ਲਈ
ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ:-
1. ਵਾਤਾਵਰਈ ਗਿਰਾਵਟ ਨੂੰ ਰੋਕਣਾ।
2. ਜੈਵਿਕ -ਵਿਭਿੰਨਤਾ ਨੂੰ ਬਣਾ ਕੇ ਰੱਖਣਾ ਭਾਵ ਦੁਨੀਆਂ ਵਿਚ ਵੱਖ-ਵੱਖ ਜੀਵਾਂ ਦੀ ਹੋਂਦ ਨੂੰ ਕਾਇਮ ਰੱਖਣਾ।
3. ਵਰਤਮਾਨ ਅਤੇ ਭਵਿੱਖ ਦੀ ਪੀੜ੍ਹੀ ਦੀ ਜੀਵਨ ਗੁਣਵੱਤਾ ਨੂੰ ਬਣਾ ਕੇ ਰੱਖਣਾ।
4. ਵਾਤਾਵਰਣੀ ਬਦਲਾਵ ਦੇ ਵਰਤਮਾਨ ਅਤੇ ਭਵਿੱਖ ਦੀ ਪੀੜ੍ਹੀ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ।
5. ਸਾਧਨਾਂ ਦੀ ਅਸਮਾਨ ਵੰਡ ਦੀ ਸਮੱਸਿਆ ਦਾ ਹੱਲ ਕਰਨਾ।
(3) ਟਿਕਾਊ ਵਿਕਾਸ ਦੀ ਲੋੜ ‘ਤੇ ਇਕ ਨੋਟ ਲਿਖੋ?
ਉੱਤਰ:- ਵਰਤਮਾਨ ਸਮੇਂ ਵਿਚ ਅਸੀ ਵਾਤਾਵਰਈ ਗਿਰਾਵਟ ਦੇ ਆਖਰੀ ਬਿੰਦੂ ਤੱਕ ਪਹੁੰਚ ਚੁੱਕੇ ਹਾਂ ।ਆਪਣੇ ਆਪ ਨੂੰ ਵਿਕਸਤ ਕਹਾਉਣ ਅਤੇ ਆਪਣੇ ਕੁੱਲ ਘਰੇਲੂ ਉਤਪਾਦਨ ਵਿਚ ਵਾਧਾ ਕਰਨ ਦੇ ਲਾਲਚ ਨਾਲ, ਸਾਡੇ ਦੁਆਰਾ ਜਿਹੜੀਆਂ ਵੀ ਨੀਤੀਆਂ ਦਾ ਨਿਰਮਾਣ ਕੀਤਾ ਗਿਆ ਹੈ ਉਹ ਸਾਰੀਆਂ ਨੀਤੀਆਂ ਨੇ ਸਾਡੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ। ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਅਸੀਂ ਆਪਣਾ ਭਵਿੱਖ ਤਾਂ ਖਰਾਬ ਕੀਤਾ ਹੀ ਹੈ ਨਾਲ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਖਰਾਬ ਕਰ ਦਿੱਤਾ ਹੈ । ਵਰਤਮਾਨ ਪੀੜ੍ਹੀ ਦੀ ਇਹ ਇੱਕ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚੰਗਾ ਅਤੇ ਸਿਹਤਮੰਦ ਵਾਤਾਵਰਨ ਪ੍ਰਦਾਨ ਕਰੇ। ਅੱਜ ਦੇ ਸਮੇਂ ਵਿਚ ਅਸੀਂ ਵਿਕਾਸ ਦੇ ਨਾਂ ਤੇ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਪਾਣੀ ਦੀ ਕਮੀ, ਵਾਤਾਵਰਨ ਬਦਲਾਅ, ਕੋਇਲੇ ਅਤੇ ਪੈਟਰੋਲ ਪਦਾਰਥਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਾਂ । ਪ੍ਰੰਤੂ ਵਰਤਮਾਨ ਸਮੇਂ ਵਿੱਚ ਮੁੱਦਾ ਸਿਰਫ਼ ਵਿਕਾਸ ਦਾ ਨਹੀਂ ਬਲਕਿ ਵਿਕਾਸ ਦੀ ਗਤੀ ਨੂੰ ਬਣਾ ਕੇ ਰੱਖਣ ਦਾ ਵੀ ਹੈ ਤਾਂ ਕਿ ਵਿਕਾਸ ਦੇ ਲਾਭ ਸਿਰਫ ਵਰਤਮਾਨ ਪੀੜ੍ਹੀ ਨੂੰ ਨਹੀ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰਾਪਤ ਹੋ ਸਕਣ। ਇਸ ਵਿਚਾਰ ਨੇ ਹੀ ਧਿਆਨ ਵਿਕਾਸ ਦੀ ਥਾਂ ਤੇ ਟਿਕਾਊ ਵਿਕਾਸ ਵੱਲ ਖਿੱਚਿਆ ਹੈ।
(4) ਰਾਸ਼ਟਰੀ ਆਮਦਨ ਦੇ ਮਾਪਕ ਦੀ ਵਰਤੋਂ ਕਰਕੇ ਅਸੀਂ ਆਰਥਿਕ ਵਿਕਾਸ ਦਾ ਮਾਪ ਕਿਵੇਂ ਕਰ ਸਕਦੇ ਹਾਂ?
ਉੱਤਰ:- ਬਹੁਤ ਸਾਰੇ ਅਰਥਸ਼ਾਸਤਰੀਆਂ ਦਾ ਵਿਚਾਰ ਹੈ ਕਿ ਆਰਥਿਕ ਵਿਕਾਸ ਦਾ ਆਧਾਰ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਹੋਈ ਚਾਹੀਦੀ ਹੈ। ਜੇਕਰ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਵੱਧ ਹੈ ਤਾਂ ਇਸਦਾ ਅਰਥ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਦਾ ਪੱਧਰ ਉੱਚਾ ਹੈ ਜੇਕਰ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਘੱਟ ਹੈ ਤਾਂ ਇਸ ਦਾ ਅਰਥ ਹੈ ਕਿ ਉਸ ਦੇਸ਼ ਦੇ ਆਰਥਿਕ ਵਿਕਾਸ ਦਾ ਪੱਧਰ ਨੀਵਾਂ ਹੈ। ਇਸ ਦਾ ਕਾਰਨ ਇਹ ਹੈ ਕਿ ਜਿਸ ਦੇਸ਼ ਦੀ ਰਾਸ਼ਟਰੀ ਆਮਦਨ ਵੱਧ ਹੈ,ਉਹ ਦੇਸ਼ ਆਪਣੇ ਵਿਕਾਸ ਤੇ ਵੱਧ ਧਨ ਖਰਚ ਕਰ ਸਕਦਾ ਹੈ ਅਤੇ ਵਿਕਾਸ ਦੇ ਉੱਚੇ ਪੱਧਰਾਂ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਇਸ ਦੇ ਉਲਟ ਜਿਸ ਦੇਸ਼ ਦੀ ਰਾਸ਼ਟਰੀ ਆਮਦਨ ਘੱਟ ਹੈ, ਉਹ ਦੇਸ਼ ਆਪਣੇ ਵਿਕਾਸ ਤੇ ਘੱਟ ਖਰਚ ਕਰ ਸਕੇਗਾ ਅਤੇ ਜਿਸ ਕਰਕੇ ਉਸ ਦੇ ਵਿਕਾਸ ਦਾ ਪੱਧਰ ਨੀਵਾਂ ਹੋਵੇਗਾ।
(5) ਪ੍ਰਤੀ ਵਿਅਕਤੀ ਆਮਦਨ ਦੇ ਮਾਪਕ ਦੀ ਵਰਤੋਂ ਕਰਕੇ ਅਸੀਂ ਆਰਥਿਕ ਵਿਕਾਸ ਦਾ ਮਾਪ ਕਿਵੇਂ ਕਰ ਸਕਦੇ ਹਾਂ?
ਉੱਤਰ:- ਲੋਕਾਂ ਦਾ ਜੀਵਨ ਪੱਧਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਲੋਕਾਂ ਕੋਲ ਕਿੰਨੀ ਮਾਤਰਾ ਵਿੱਚ ਵਸਤੂਆਂ ਅਤੇ ਸੇਵਾਵਾਂ ਮੌਜੂਦ ਹਨ।ਇਹ ਅਸਲ ਵਿੱਚ ਉਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ ‘ਤੇ ਨਿਰਭਰ ਕਰਦਾ ਹੈ। ਪ੍ਰਤੀ ਵਿਅਕਤੀ ਆਮਦਨ ਇਕ ਦੇਸ਼ ਦੇ ਲੋਕਾਂ ਦੀ ਸਿਰਫ ਔਸਤ ਆਮਦਨ ਹੁੰਦੀ ਹੈ, ਇਸ ਦਾ ਅਰਥ ਇਹ ਨਹੀਂ ਹੈ ਕਿ ਉਸ ਦੇਸ਼ ਦੇ ਸਾਰੇ ਲੋਕਾਂ ਦੀ ਆਮਦਨ ਉਸ ਔਸਤ ਆਮਦਨ ਦੇ ਬਰਾਬਰ ਹੀ ਹੋਵੇ। ਇਸ ਲਈ ਜੇਕਰ ਇੱਕ ਦੇਸ਼ ਵਿੱਚ ਆਮਦਨ ਨੂੰ ਲੈ ਕੇ ਅਸਮਾਨਤਾਵਾਂ ਪਾਈਆਂ ਜਾਂਦੀਆਂ ਹਨ, ਉਸ ਦੇਸ਼ ਨੂੰ ਵਿਕਸਤ ਨਹੀਂ ਕਿਹਾ ਜਾਵੇਗਾ। ਉਦਾਹਰਣ ਦੇ ਤੌਰ ‘ਤੇ ਜੇਕਰ ਭਾਰਤ ਦੀ ਰਾਸ਼ਟਰੀ ਆਮਦਨ ਤੋਂ 1000 ਹੋਵੇ ਅਤੇ ਭਾਰਤ ਦੀ ਜਨਸੰਖਿਆ 100 ਲੋਕਾਂ ਦੀ ਹੋਵੇ, ਤਾਂ ਇਹ ਕਿਹਾ ਜਾਵੇਗਾ ਭਾਰਤ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਤੋਂ 10 ਹੋਵੇਗੀ। ਪਰ ਇਸਦਾ ਅਰਥ ਇਹ ਨਹੀਂ ਹੈ ਕਿ ਭਾਰਤ ਦੇ ਸਾਰੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ੧ 10 ਹੈ। ਇਹ ਤਾਂ ਸਿਰਫ਼ ਔਸਤ ਆਮਦਨ ਹੈ। ਜੇਕਰ ਉਸ ਦੇਸ਼ ਦੇ ਅਮੀਰ ਲੋਕ ਇਸ ਆਮਦਨ ਦਾ ਇੱਕ ਵੱਡਾ ਹਿੱਸਾ ਪ੍ਰਾਪਤ ਕਰ ਰਹੇ ਹਨ ਅਤੇ ਗਰੀਬ ਲੋਕਾਂ ਨੂੰ ਇਸ ਆਮਦਨ ਦਾ ਛੋਟਾ ਹਿੱਸਾ ਪ੍ਰਾਪਤ ਹੋ ਰਿਹਾ ਹੈ, ਤਾਂ ਇਸ ਨੂੰ ਉਸ ਦੇਸ਼ ਦਾ ਆਰਥਿਕ ਵਿਕਾਸ ਨਹੀਂ ਕਿਹਾ ਜਾ ਸਕਦਾ।
(6) ਸ਼ਿਸੂ ਮੌਤ ਦਰ ਦੇ ਮਾਪਕ ਦੀ ਵਰਤੋਂ ਕਰਕੇ ਅਸੀਂ ਆਰਥਿਕ ਵਿਕਾਸ ਦਾ ਮਾਪ ਕਿਵੇਂ ਕਰ ਸਕਦੇ ਹਾਂ?
ਉੱਤਰ:- ਯਿਸੂ ਮੌਤ ਦਰ ਨੂੰ ਆਰਥਿਕ ਵਿਕਾਸ ਦਾ ਇੱਕ ਸਮਾਜਿਕ ਮਾਪਕ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਤੋਂ ਇਹ ਪਤਾ ਲਗਦਾ ਹੈ ਕਿ ਇੱਕ ਦੇਸ਼ ਦਾ ਸਮਾਜਿਕ ਢਾਂਚਾ ਖਾਸ ਤੌਰ ‘ਤੇ ਉਸ ਦੇਸ਼ ਦਾ ਸਿਹਤ ਢਾਂਚਾ ਕਿੰਨਾ ਚੰਗਾ ਹੈ? ਇਸ ਤੋਂ ਭਾਵ ਹੈ ਕਿ ਇੱਕ ਸਾਲ ਦੀ ਅਵਧੀ ਪੂਰੀ ਹੋਣ ਤੋਂ ਪਹਿਲਾਂ ਪ੍ਰਤੀ 1000 ਨਵੇਂ ਜੰਮੇ ਬੱਚਿਆਂ ਦੇ ਪਿੱਛੇ ਮਰ ਜਾਣ ਵਾਲੇ ਬੱਚਿਆਂ ਦੀ ਗਿਣਤੀ ਤੋਂ ਹੁੰਦਾ ਹੈ। ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ(2022) ਦੇ ਮੁਤਾਬਕ ਦੁਨੀਆਂ ਵਿੱਚ ਸ਼ਿਸੂ ਮੌਤ ਦਰ 27.695 ਸੀ। ਜਿਹਨਾਂ ਦੇਸ਼ਾਂ ਵਿੱਚ ਸ਼ਿਸੂ ਮੌਤ ਦਰ ਇਸ ਤੋਂ ਵੱਧ ਹੈ, ਉਨ੍ਹਾਂ ਦੇਸ਼ਾਂ ਨੂੰ ਅਲਪਵਿਕਸਿਤ ਦੇਸ਼ ਅਤੇ ਜਿਹਨਾਂ ਦੇਸ਼ਾਂ ਵਿੱਚ ਸ਼ਿਸੂ ਮੌਤ ਦਰ ਇਸ ਤੋਂ ਘੱਟ ਹੋਵੇ ਉਨ੍ਹਾਂ ਦੇਸ਼ਾਂ ਨੂੰ ਵਿਕਸਤ ਦੇਸ਼ ਕਿਹਾ ਜਾਵੇਗਾ।
(7) ਲਿੰਗ ਅਨੁਪਾਤ ਦੇ ਮਾਪਕ ਦੀ ਵਰਤੋਂ ਕਰਕੇ ਅਸੀਂ ਆਰਥਿਕ ਵਿਕਾਸ ਦਾ ਮਾਪ ਕਿਵੇਂ ਕਰ ਸਕਦੇ ਹਾਂ?
ਉੱਤਰ:- ਲਿੰਗ ਅਨੁਪਾਤ ਵੀ ਆਰਥਿਕ ਵਿਕਾਸ ਦਾ ਮਾਪ ਕਰਨ ਦਾ ਇੱਕ ਸਮਾਜਿਕ ਮਾਪਕ ਹੈ। ਇਸ ਤੋਂ ਭਾਵ 1000 ਪੁਰਸ਼ਾਂ ਦੇ ਪਿੱਛੇ ਇਸਤਰੀਆਂ ਦੀ ਗਿਣਤੀ ਤੋਂ ਹੁੰਦਾ ਹੈ। ਆਮ ਤੌਰ ‘ਤੇ ਅਲਪ ਵਿਕਸਿਤ ਦੇਸ਼ਾਂ ਵਿੱਚ ਇਹ ਲਿੰਗ ਅਨੁਪਾਤ ਕਾਫੀ ਨੀਵਾਂ ਹੁੰਦਾ ਹੈ। ਇਹਨਾਂ ਦੇਸ਼ਾਂ ਵਿੱਚ ਇਸਤਰੀਆਂ ਦੀ ਹਾਲਤ ਤਰਸਯੋਗ ਹੁੰਦੀ ਹੈ। ਅਜਿਹਾ ਇਹਨਾਂ ਦੇਸ਼ਾਂ ਵਿੱਚ ਪਾਈ ਜਾਣ ਵਾਲੀ ਅਨਪੜ੍ਹਤਾ, ਇਸਤਰੀਆਂ ਦੇ ਪ੍ਰਤੀ ਛੋਟੀ ਸੋਚ ਅਤੇ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਕਾਰਨ ਹੁੰਦਾ ਹੈ।ਇਹਨਾਂ ਸਾਰੇ ਕਾਰਨਾਂ ਕਰਕੇ ਇਨ੍ਹਾਂ ਦੇਸ਼ਾਂ ਵਿੱਚ ਕੁੜੀਆਂ ਦੀ ਥਾਂ ‘ਤੇ ਮੁੰਡਾ ਹੋਣ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ। ਇਸ ਦੇ ਉਲਟ ਵਿਕਸਿਤ ਦੇਸ਼ਾਂ ਵਿੱਚ ਇਹ ਲਿੰਗ ਅਨੁਪਾਤ ਕਾਫੀ ਉੱਚਾ ਹੁੰਦਾ ਹੈ। ਇਸ ਲਈ ਇਸ ਮਾਪਕ ਨੂੰ ਵੀ ਕਿਸੇ ਦੇਸ਼ ਦੇ ਆਰਥਿਕ ਵਿਕਾਸ ਕਰਨ ਲਈ ਵਰਤਿਆ ਜਾ ਸਕਦਾ ਹੈ।
(8) ਲੋਕਾਂ ਦੇ ਜੀਵਨ ਪੱਧਰ ਦੇ ਮਾਪਕ ਦੀ ਵਰਤੋਂ ਕਰਕੇ ਅਸੀਂ ਆਰਥਿਕ ਵਿਕਾਸ ਦਾ ਮਾਪ ਕਿਵੇਂ ਕਰ ਸਕਦੇ ਹਾਂ?
ਉੱਤਰ:- ਅਸਲ ਵਿੱਚ ਆਰਥਿਕ ਵਿਕਾਸ ਦਾ ਮੁੱਖ ਉਦੇਸ਼ ਲੋਕਾਂ ਦੇ ਜੀਵਨ ਪੱਧਰ ਵਿੱਚ ਵਾਧਾ ਕਰਨਾ ਹੁੰਦਾ ਹੈ। ਇਸ ਲਈ ਆਰਥਿਕ ਵਿਕਾਸ ਦਾ ਮਾਪ ਕਰਨ ਲਈ ਇਸ ਮਾਪਕ ਨੂੰ ਵੀ ਵਰਤਿਆ ਜਾ ਸਕਦਾ ਹੈ।ਇਸ ਦੇ ਆਧਾਰ ‘ਤੇ ਜੇਕਰ ਕਿਸੇ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੈ ਤਾਂ ਉਹ ਜੀਵਨ ਦੀਆਂ ਬਹੁਤ ਸਾਰੀਆਂ ਸੁਵਿਧਾਵਾਂ ਦਾ ਅਨੰਦ ਪ੍ਰਾਪਤ ਕਰ ਰਹੇ ਹਨ, ਤਾਂ ਉਸ ਦੇਸ਼ ਨੂੰ ਵਿਕਸਿਤ ਦੇਸ਼ ਕਿਹਾ ਜਾਵੇਗਾ। ਇਹ ਪੂਰਨ ਸੱਚ ਹੈ ਕਿ ਅਲਪਵਿਕਸਿਤ ਦੇਸ਼ਾਂ ਵਿਚ ਲੋਕਾਂ ਦਾ ਜੀਵਨ ਪੱਧਰ ਕਾਫੀ ਨੀਵਾਂ ਹੁੰਦਾ ਹੈ ਅਤੇ ਉਹਨਾਂ ਕੋਲ ਜੀਵਨ ਦੀਆਂ ਬਹੁਤ ਘੱਟ ਸੁਵਿਧਾਵਾਂ ਮੌਜੂਦ ਹੁੰਦੀਆਂ ਹਨ, ਜਿਸ ਕਰਕੇ ਹੀ ਉਹਨਾਂ ਦੇਸ਼ਾਂ ਨੂੰ ਅਲਪਵਿਕਸਿਤ ਦੇਸ਼ ਕਿਹਾ ਜਾਂਦਾ ਹੈ। ਇਸ ਲਈ ਇਸ ਮਾਪਕ ਦੇ ਆਧਾਰ ‘ਤੇ ਵੀ ਕਿਸੇ ਦੇਸ਼ ਦੇ ਆਰਥਿਕ ਵਿਕਾਸ ਦੇ ਪੱਧਰ ਦਾ ਪਤਾ ਲਗਾਇਆ ਜਾਂਦਾ ਹੈ।
(9) ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਤੋਂ ਕੀ ਭਾਵ ਹੈ? ਆਰਥਿਕ ਵਿਕਾਸ ਦਾ ਮਾਪ ਕਰਨ ਲਈ ਇਸ ਦੁਆਰਾ ਕਿਹੜੇ ਸੂਚਕਾਂ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ:- ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਤੋਂ ਭਾਵ ਹੈ ਕਿ ਲੋਕਾਂ ਦੇ ਜੀਵਨ ਕਲਿਆਣ ਦੀ ਗੁਣਵੱਤਾ ਦਾ ਪਤਾ ਲਗਾਉਣਾ। ਆਰਥਿਕ ਵਿਕਾਸ ਦਾ ਮਾਪ ਕਰਨ ਲਈ ਜੀਵਨ ਦਾ ਪ੍ਰਤੀ ਗੁਣਵੱਤਾ ਸੂਚਕ ਅੰਕ ਵਿੱਚ ਹੇਠ ਲਿਖੇ ਸੂਚਕਾਂ ਦੀ ਵਰਤੋਂ ਕੀਤੀ ਜਾਂਦੀ ਹੈ:-
1. ਔਸਤ ਜੀਵਨ ਅਵਧੀ ਮਾਪਕ: -ਇਸ ਤੋਂ ਭਾਵ ਹੈ ਕਿ ਇੱਕ ਦੇਸ਼ ਦੇ ਲੋਕਾਂ ਦੀ ਔਸਤ ਉਮਰ ਤੋਂ ਕਿੰਨੀ ਲੰਬੀ ਹੈ ਇਸ ਮਾਪਕ ਦਾ ਕਿਸੇ ਦੇਸ਼ ਦੇ ਆਰਥਿਕ ਵਿਕਾਸ ਨਾਲ ਸਿੱਧਾ ਸੰਬੰਧ ਹੁੰਦਾ ਹੈ ਕਿਉਂਕਿ ਇੱਕ ਦੇਸ਼ ਦੇ ਲੋਕਾਂ ਦੀ ਔਸਤ ਜੀਵਨ ਅਵਧੀ ਜਿੰਨੀ ਘੱਟ ਹੋਵੇਗੀ, ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਮੁੱਲ ਉਨ੍ਹਾਂ ਹੀ ਘੱਟ ਹੋਵੇਗਾ।
2. ਸ਼ਿਸੂ ਮੌਤ ਦਰ: – ਸ਼ਿਸੂ ਮੌਤ ਦਰ ਤੋਂ ਭਾਵ ਇੱਕ ਸਾਲ ਦੀ ਜੀਵਨ ਅਵਧੀ ਪੂਰੀ ਹੋਣ ਤੋਂ ਪਹਿਲਾਂ ਪ੍ਰਤੀ 1000 ਨਵੇਂ ਜੰਮੇ ਬੱਚਿਆਂ ਦੇ ਪਿੱਛੇ ਮਰ ਜਾਣ ਵਾਲੇ ਬੱਚਿਆਂ ਦੀ ਗਿਣਤੀ ਤੋਂ ਹੁੰਦਾ ਹੈ।ਇਸ ਮਾਪਕ ਦਾ ਭੌਤਿਕ ਗੁਣਵੱਤਾ ਸੂਚਕ ਅੰਕ ਨਾਲ ਉਲਟਾ ਸੰਬੰਧ ਹੈ। ਸ਼ਿਸੂ ਮੌਤ ਦਰ ਦਾ ਮੁੱਲ ਜਿੰਨ੍ਹਾਂ ਵੱਧ ਹੋਵੇਗਾ, ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਮੁੱਲ ਉਨ੍ਹਾਂ ਹੀ ਘੱਟ ਹੋਵੇਗਾ ਅਤੇ ਸ਼ਿਸੂ ਮੌਤ ਦਰ ਦਾ ਮੁੱਲ ਜਿੰਨ੍ਹਾਂ ਘੱਟ ਹੋਵੇਗਾ, ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਮੁੱਲ ਵੱਧ ਹੋਵੇਗਾ।
3. ਮੂਲਭੂਤ ਸਾਖ਼ਰਤਾ ਦਰ: -ਇਸ ਤੋਂ ਭਾਵ ਪ੍ਰਤੀ 1000 ਵਿਅਕਤੀਆਂ ਪਿੱਛੇ ਪੜ੍ਹੇ-ਲਿਖੇ ਵਿਅਕਤੀਆਂ ਦੀ ਗਿਣਤੀ ਤੋਂ ਹੈ। ਇਸ ਦਾ ਮਾਪ ਹਮੇਸ਼ਾ ਪ੍ਰਤਿਸ਼ਤ ਦੇ ਰੂਪ ਵਿੱਚ ਕੀਤਾ ਜਾਂਦਾ ਹੈ।
(10) ਮਾਨਵ ਵਿਕਾਸ ਸੂਚਕ ਅੰਕ ਤੋਂ ਕੀ ਭਾਵ ਹੈ? ਆਰਥਿਕ ਵਿਕਾਸ ਦਾ ਮਾਪ ਕਰਨ ਲਈ ਇਸ ਦੁਆਰਾ ਕਿਹੜੇ ਸੂਚਕਾਂ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ:- ਮਾਨਵ ਵਿਕਾਸ ਸੂਚਕ ਅੰਕ ਕਿਸੇ ਦੇਸ਼ ਦੇ ਆਰਥਿਕ ਵਿਕਾਸ ਨੂੰ ਮਾਪਣ ਵਾਲਾ ਇੱਕ ਹੋਰ ਮਹੱਤਵਪੂਰਨ ਮਾਪਕ ਹੈ, ਜਿਸ ਨੂੰ ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਵਿਚ ਇੱਕ ਸੁਧਾਰ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ।ਇਸ ਵਿੱਚ ਸਭ ਤੋਂ ਵੱਡਾ ਸੁਧਾਰ ਇਹ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਦਾ ਮਾਪ ਕਰਦੇ ਸਮੇਂ ਸਿਰਫ਼ ਗੈਰ-ਆਮਦਨ ਆਧਾਰਿਤ ਸਾਧਨਾਂ ਨੂੰ ਹੀ ਨਹੀਂ,ਬਲਕਿ ਆਮਦਨ ਆਧਾਰਿਤ ਸਾਧਨਾਂ ਨੂੰ ਵੀ ਸ਼ਾਮਿਲ ਕਰਦਾ ਹੈ।
ਮਾਨਵ ਵਿਕਾਸ ਸੂਚਕ ਅੰਕ ਦੇ ਮਾਪ:-
1. ਜੀਵਨ ਦੀ ਔਸਤ ਅਵਧੀ: – ਇਸ ਤੋਂ ਭਾਵ ਹੈ ਕਿ ਜਨਮ ਦੇ ਸਮੇਂ ਤੇ ਜੀਵਨ ਦੀ ਸੰਭਾਵਨਾ ਤੋਂ ਹੈ। ਇਸ ਤੋਂ ਭਾਵ ਹੈ ਕਿ ਇੱਕ ਨਵੇਂ ਜੰਮੇ ਬੱਚੇ ਦੇ ਕਿੰਨ੍ਹੇ ਸਾਲ ਜ਼ਿੰਦਾ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।
2. ਸਿੱਖਿਆ ਪ੍ਰਾਪਤੀ ਸੂਚਕ ਅੰਕ: -ਇਸ ਦਾ ਭਾਵ ਇੱਕ ਦੇਸ਼ ਦੇ ਲੋਕਾਂ ਦੇ ਸਿੱਖਿਆ ਦੇ ਪੱਧਰ ਤੋਂ ਹੈ।
3. ਵਾਸਤਵਿਕ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ: – ਇਸ ਤੋਂ ਭਾਵ ਵਸਤੂਆਂ ਅਤੇ ਸੇਵਾਵਾਂ ਦੀ ਉਸ ਮਾਤਰਾ ਤੋਂ ਹੈ, ਜਿਸਨੂੰ ਲੋਕ ਆਪਣੀ ਮੰਦਰਿਕ ਆਮਦਨ ਦੇ ਨਾਲ ਖਰੀਦ ਸਕਦੇ ਹਨ।
(11) ਕੁੱਲ ਨਾਮਾਂਕਣ ਅਨੁਪਾਤ ਤੋਂ ਕੀ ਭਾਵ ਹੈ? ਇਸ ਦੇ ਭਾਗਾਂ ਦਾ ਵਰਣਨ ਕਰੋ?
ਉੱਤਰ:- ਕੁੱਲ ਨਾਮਾਂਕਣ ਅਨੁਪਾਤ ਤੋਂ ਭਾਵ ਵਿਦਿਆਰਥੀਆਂ ਦੀ ਉਸ ਗਿਣਤੀ ਤੋਂ ਹੈ ਜੋ ਸਿੱਖਿਆ ਦੇ ਵੱਖ ਵੱਖ ਪੱਧਰਾਂ ਜਿਵੇਂ ਕਿ ਪ੍ਰਾਥਮਿਕ ਸੈਕੰਡਰੀ ਅਤੇ ਟਰਸ਼ਰੀ ਪੱਧਰਾਂ ‘ਤੇ ਆਪਣਾ ਨਾਮਾਂਕਣ ਕਰਵਾਉਂਦੇ ਹਨ ਭਾਵ ਆਪਣੇ ਆਪ ਨੂੰ ਦਾਖਲ ਕਰਵਾਉਂਦੇ ਹਨ ।ਪ੍ਰਾਥਮਿਕ ਸਿੱਖਿਆ ਤੋਂ ਭਾਵ 5ਵੀਂ ਜਮਾਤ ਤੱਕ ਦੀ ਸਿੱਖਿਆ, ਸੈਕੰਡਰੀ ਸਿੱਖਿਆ ਤੋਂ ਭਾਵ 10ਵੀਂ ਜਮਾਤ ਦੀ ਸਿੱਖਿਆ ਅਤੇ ਟਰਸ਼ਰੀ ਸਿੱਖਿਆ ਤੋਂ ਭਾਵ ਕਾਲਜ ਅਤੇ ਵਿਸ਼ਵਵਿਦਿਆਲੇ ਦੀ ਸਿੱਖਿਆ ਤੋਂ ਹੈ।
ਕੁੱਲ ਨਾਮਾਂਕਣ ਅਨੁਪਾਤ ਦਾ ਪਤਾ ਕਰਨ ਲਈ ਅਜਿਹੇ ਸਾਰੇ ਵਿਦਿਆਰਥੀਆਂ ਜਿਹਨਾਂ ਨੇ ਆਪਣੇ ਆਪ ਨੂੰ ਤਿੰਨ ਪੱਧਰਾਂ ‘ਤੇ ਦਾਖਲ ਕਰਵਾਇਆ ਹੋਵੇਗਾ, ਉਹਨਾਂ ਦੀ ਗਿਣਤੀ ਨੂੰ ਜੋੜ ਕੇ ਪੂਰੇ ਦੇਸ਼ ਵਿਚ ਬੱਚਿਆਂ ਦੀ ਜਨਸੰਖਿਆ ਦੇ ਨਾਲ ਭਾਗ ਕਰ ਦਿੱਤਾ ਜਾਵੇਗਾ। ਇਸ ਦਾ ਪਤਾ ਲਗਾਇਆ ਜਾ ਸਕਦਾ ਹੈ:-
ਕੁੱਲ ਨਾਮਾਂਕਣ ਅਨੁਪਾਤ:- ਸਿੱਖਿਆ ਦੇ ਹਰੇਕ ਪੱਧਰ ਤੇ ਦਾਖ਼ਲ ਹੋਣ ਵਾਲੇ ਵਿਦਿਆਰਥੀ X 100 / ਦੇਸ਼ ਦੀ ਕੁੱਲ ਜਨਸੰਖਿਆ
(12) ਆਮਦਨ ਆਧਾਰਿਤ ਸੂਚਕਾਂ ਦੇ ਅਧਾਰ ਤੇ ਕੇਰਲ, ਪੰਜਾਬ ਅਤੇ ਬਿਹਾਰ ਦੇ ਆਰਥਿਕ ਵਿਕਾਸ ਦੇ ਪੱਧਰ ਦੀ ਤੁਲਨਾ ਕਰੋ।
ਉੱਤਰ:- ਆਮਦਨ ਆਧਾਰਿਤ ਸੂਚਕਾਂ ਵਿੱਚ ਦੋ ਤਰ੍ਹਾਂ ਦੇ ਸੂਚਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ:-
1. ਪ੍ਰਤੀ ਵਿਅਕਤੀ ਆਮਦਨ: – ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਇਕ ਵਿਅਕਤੀ ਦੀ ਔਸਤ ਆਮਦਨ ਤੋਂ ਹੈ। ਇਸ ਦਾ ਪਤਾ ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਨੂੰ ਉਸ ਦੇਸ਼ ਦੀ ਜਨਸੰਖਿਆ ਨਾਲ ਭਾਗ ਕਰਕੇ ਲਗਾਇਆ ਜਾਂਦਾ ਹੈ। ਜੇਕਰ ਪ੍ਰਤੀ ਵਿਅਕਤੀ ਆਮਦਨ ਦਾ ਮੁੱਲ ਵੱਧ ਹੈ ਤਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਜੇਕਰ ਪ੍ਰਤੀ ਵਿਅਕਤੀ ਆਮਦਨ ਦਾ ਮੁੱਲ ਘੱਟ ਹੋਵੇਗਾ ਹੈ ਤਾਂ ਲੋਕਾਂ ਦਾ ਜੀਵਨ ਪੱਧਰ ਨੀਵਾਂ ਹੋਵੇਗਾ ।
ਰਾਜ ਵਿਕਾਸ ਦੇ ਆਮਦਨ ਆਧਾਰਿਤ ਸੂਚਕ
ਕੇਰਲ 50146 ਪ੍ਰਤੀ ਵਿਅਕਤੀ ਆਮਦਨ
ਪੰਜਾਬ 44769 ਪ੍ਰਤੀ ਵਿਅਕਤੀ ਆਮਦਨ
ਬਿਹਾਰ 12090 ਪ੍ਰਤੀ ਵਿਅਕਤੀ ਆਮਦਨ
ਇਸ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਕੇਰਲ ਅਤੇ ਪੰਜਾਬ ਰਾਜਾਂ ਦੀ ਪ੍ਰਤੀ ਵਿਅਕਤੀ ਆਮਦਨ ਬਿਹਾਰ ਤੋਂ ਜ਼ਿਆਦਾ ਹੈ।
2. ਗਰੀਬੀ ਰੇਖਾ ਤੋਂ ਹੇਠਾਂ ਜਨਸੰਖਿਆ ਦੀ ਗਿਣਤੀ: – ਗਰੀਬੀ ਰੇਖਾ ਤੋਂ ਭਾਵ ਕਿਸੇ ਦੇਸ਼ ਦੀ ਜਨਸੰਖਿਆ ਦੇ ਉਸ ਭਾਗ ਤੋਂ ਹੁੰਦਾ ਹੈ, ਜੋ ਆਪਣੀਆਂ ਮੂਲਭੂਤ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ ਅਤੇ ਘੋਰ ਗ਼ਰੀਬੀ ਵਿਚ ਰਹਿੰਦੇ ਹਨ।
ਰਾਜ ਗਰੀਬੀ ਰੇਖਾ ਤੋਂ ਹੇਠਾਂ ਜਨਸੰਖਿਆ ਦਾ ਅਨੁਪਾਤ
ਕੇਰਲ 7.05%
ਪੰਜਾਬ 8.26%
ਬਿਹਾਰ 33.74%
ਇਸ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਕੇਰਲ ਅਤੇ ਪੰਜਾਬ ਰਾਜਾਂ ਦੇ ਮੁਕਾਬਲੇ ਬਿਹਾਰ ਵਿੱਚ ਗ਼ਰੀਬੀ ਅਨੁਪਾਤ ਜ਼ਿਆਦਾ ਹੈ।
(13) ਗੈਰ-ਆਮਦਨ ਆਧਾਰਿਤ ਸੂਚਕਾਂ ਦੇ ਅਧਾਰ ਤੇ ਕੇਰਲ, ਪੰਜਾਬ ਅਤੇ ਬਿਹਾਰ ਦੇ ਆਰਥਿਕ ਵਿਕਾਸ ਦੇ ਪੱਧਰ ਦੀ ਤੁਲਨਾ ਕਰੋ।
ਉੱਤਰ:- ਗੈਰ-ਆਮਦਨ ਆਧਾਰਿਤ ਸੂਚਕਾਂ ਵਿੱਚ ਮੁੱਖ ਤੌਰ ‘ਤੇ ਆਰਥਿਕ ਵਿਕਾਸ ਅਤੇ ਸਮਾਜਿਕ ਵਿਕਾਸ ਸੂਚਕਾਂ ਨੂੰ ਸ਼ਾਮਲ
ਕੀਤਾ ਜਾਂਦਾ ਹੈ:-
1. ਲਿੰਗ ਅਨੁਪਾਤ: – ਲਿੰਗ ਅਨੁਪਾਤ ਤੋਂ ਭਾਵ ਪ੍ਰਤੀ 1000 ਪੁਰਸ਼ਾਂ ਦੇ ਪਿੱਛੇ ਇਸਤਰੀਆਂ ਦੀ ਸੰਖਿਆ ਤੋਂ ਹੈ।
ਰਾਜ ਲਿੰਗ-ਅਨੁਪਾਤ
ਕੇਰਲ 1084
ਪੰਜਾਬ 895
ਬਿਹਾਰ 918
ਇਸ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਕੇਰਲ ਅਤੇ ਬਿਹਾਰ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਲਿੰਗ ਅਨੁਪਾਤ ਜ਼ਿਆਦਾ ਹੈ।
2. ਸ਼ਿਸੂ ਮੌਤ ਦਰ: – ਸ਼ਿਸੂ ਮੌਤ ਦਰ ਤੋਂ ਭਾਵ ਇੱਕ ਸਾਲ ਦੀ ਜੀਵਨ ਅਵਧੀ ਪੂਰੀ ਹੋਣ ਤੋਂ ਪਹਿਲਾਂ ਪ੍ਰਤੀ 1000 ਨਵੇਂ ਜੰਮੇ ਬੱਚਿਆਂ ਦੇ ਪਿੱਛੇ ਮਰ ਜਾਣ ਵਾਲੇ ਬੱਚਿਆਂ ਦੀ ਗਿਣਤੀ ਤੋਂ ਹੁੰਦਾ ਹੈ।
ਰਾਜ ਸ਼ਿਸੂ ਮੌਤ ਦਰ
ਕੇਰਲ 12
ਪੰਜਾਬ 30
ਬਿਹਾਰ 44
ਇਸ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਕੇਰਲ ਅਤੇ ਪੰਜਾਬ ਰਾਜਾਂ ਦੇ ਮੁਕਾਬਲੇ ਬਿਹਾਰ ਵਿੱਚ ਸ਼ਿਸੂ ਮੌਤ ਦਰ ਜ਼ਿਆਦਾ ਹੈ।
3.ਮਾਤਾ ਮੌਤ ਦਰ: – ਮਾਤਾ ਮੌਤ ਦਰ ਤੋਂ ਭਾਵ ਪ੍ਰਤੀ 1,00.000 ਬੱਚਿਆਂ ਨੂੰ ਜਨਮ ਦਿੰਦੇ ਸਮੇਂ ਮਾਤਾਵਾਂ ਦੀ ਹੋਣ ਵਾਲੀ ਮੌਤ ਦੀ ਦਰ
ਤੋਂ ਹੈ।
ਰਾਜ ਮਾਤਾ ਮੌਤ ਦਰ
ਕੇਰਲ 66
ਪੰਜਾਬ 155
ਬਿਹਾਰ 219
ਇਸ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਕੇਰਲ ਅਤੇ ਪੰਜਾਬ ਰਾਜਾਂ ਦੇ ਮੁਕਾਬਲੇ ਬਿਹਾਰ ਵਿੱਚ ਮਾਤਾ ਮੌਤ ਦਰ ਜ਼ਿਆਦਾ ਹੈ।
4.ਸਾਖ਼ਰਤਾ ਦਰ: -ਇਸ ਤੋਂ ਭਾਵ ਜਨਸੰਖਿਆ ਦੇ ਉਸ ਭਾਗ ਤੋਂ ਹੁੰਦਾ ਹੈ, ਜੋ ਕਿ ਸਮਝਣ, ਪੜ੍ਹਣ ਤੇ ਲਿਖਣ ਦੀ ਯੋਗਤਾ ਰੱਖਦਾ ਹੈ।
ਰਾਜ ਸਾਖ਼ਰਤਾ ਦਰ
ਕੇਰਲ 94.00%
ਪੰਜਾਬ 75.84%
ਬਿਹਾਰ 61.80%
ਇਸ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਕੇਰਲ ਅਤੇ ਪੰਜਾਬ ਰਾਜਾਂ ਦੇ ਮੁਕਾਬਲੇ ਬਿਹਾਰ ਵਿੱਚ ਸਾਖ਼ਰਤਾ ਦਰ ਘੱਟ ਹੈ