ਪਾਠ 4 . ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ
ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਭਗ 1-15 ਸ਼ਬਦਾਂ ਵਿੱਚ ਦਿਓ:-
ਪ੍ਰ.1.ਭਾਈ ਲਹਿਣਾ ਕਿਸ ਗੁਰੂ ਦਾ ਪਹਿਲਾ ਨਾਮ ਸੀ ?
ਉੱਤਰ – ਸ੍ਰੀ ਗੁਰੂ ਅੰਗਦ ਦੇਵ ਜੀ ਦਾ ।
ਪ੍ਰ.2.ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-ਉਹ ਪ੍ਰਥਾ ਜਿਸ ਅਨੁਸਾਰ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਇੱਕ ਹੀ ਪੰਗਤ ਵਿੱਚ ਇਕੱਠੇ ਬੈਠ ਕੇ ਲੰਗਰ ਛੱਕਦੇ ਹਨ।
ਪ੍ਰ.3.ਗੋਇੰਦਵਾਲ ਵਿੱਚ ਬਾਉਲੀ ਦੀ ਨੀਂਹ ਕਿਸ ਗੁਰੂ ਜੀ ਨੇ ਰੱਖੀ ਸੀ ?
ਉੱਤਰ-ਸ੍ਰੀ ਗੁਰੂ ਅੰਗਦ ਦੇਵ ਜੀ ਨੇ
ਪ੍ਰ.4.ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਗੋਇੰਦਵਾਲ ਆਇਆ ਸੀ ?
ਉੱਤਰ -ਸ੍ਰੀ ਗੁਰੂ ਅਮਰਦਾਸ ਜੀ ਨੂੰ ।
ਪ੍ਰ.5.ਮਸੰਦ ਪ੍ਰਥਾ ਦੇ ਉਦੇਸ਼ ਲਿਖੋ।
ਉੱਤਰ -ਸਿੱਖ ਧਰਮ ਦੇ ਵਿਕਾਸ ਲਈ ਧਨ ਇਕੱਠਾ ਕਰਨਾ ਅਤੇ ਸਿੱਖਾਂ ਨੂੰ ਸੰਗਠਿਤ ਕਰਨਾ।
ਪ੍ਰ.6.ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ ਅਤੇ ਉਨ੍ਹਾਂ ਨੇ ਕਿਹੜਾ ਸ਼ਹਿਰ ਵਸਾਇਆ
ਉੱਤਰ-ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਸਨ ਅਤੇ ਉਨ੍ਹਾਂ ਨੇ ਰਾਮਦਾਸਪੁਰਾ(ਅੰਮ੍ਰਿਤਸਰ )ਨਾਂ ਦਾ ਸ਼ਹਿਰ ਵਸਾਇਆ।
ਪ੍ਰ. 7 ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਦੋਂ ਅਤੇ ਕਿਸ ਨੇ ਰੱਖਿਆ?
ਉੱਤਰ -1589 ਈਸਵੀ ਵਿੱਚ ਸੂਫ਼ੀ ਫ਼ਕੀਰ ਸਾਂਈ ਮੀਆਂ ਮੀਰ ਜੀ ਨੇ ।
ਪ੍ਰ.8.ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖਣ ਤੋਂ ਕੀ ਭਾਵ ਹੈ ?
ਉੱਤਰ -ਇਸ ਤੋਂ ਭਾਵ ਹੈ ਕਿ ਇਹ ਪਵਿੱਤਰ ਸਥਾਨ ਸਾਰੇ ਧਰਮਾਂ, ਵਰਗਾਂ ਤੇ ਜਾਤਾਂ ਲਈ ਬਰਾਬਰ ਰੂਪ ਵਿੱਚ ਖੁੱਲ੍ਹਾ ਹੈ।
ਪ੍ਰ.9. ਗੁਰੂ ਅਰਜਨ ਦੇਵ ਜੀ ਰਾਹੀਂ ਸਥਾਪਤ ਕੀਤੇ ਸ਼ਹਿਰਾਂ ਦੇ ਨਾਂ ਲਿਖੋ।
ਉੱਤਰ-ਤਰਨਤਾਰਨ, ਕਰਤਾਰਪੁਰ,ਹਰਗੋਬਿੰਦਪੁਰ, ਛੇਹਰਟਾ।
ਪ੍ਰ.10 ਦਸਵੰਧ ਤੋਂ ਕੀ ਭਾਵ ਹੈ ?
ਉੱਤਰ-ਦਸਵੰਧ ਤੋਂ ਭਾਵ ਹੈ ਕਿ ਹਰੇਕ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰੂ ਜੀ ਦੇ ਨਾਂ ਭੇਂਟ ਕਰੇ।
ਪ੍ਰ.11.ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਉਂ ਕੀਤਾ ਗਿਆ ?
ਉੱਤਰ -ਆਦਿ ਗ੍ਰੰਥ ਸਾਹਿਬ ਦਾ ਸੰਕਲਨ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸ਼ੁੱਧ ਅਤੇ ਪ੍ਰਮਾਣਿਕ ਬਾਣੀ ਦਾ ਗਿਆਨ ਕਰਾਉਣ ਲਈ ਕੀਤਾ ਗਿਆ।
ਪ੍ਰ -12 ਲੰਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ-ਲੰਗਰ ਪ੍ਰਥਾ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਅਤੇ ਦੂਜੇ ਗੁਰੂ ਸਾਹਿਬਾਨ ਨੇ ਇਸ ਨੂੰ ਵਿਸਤ੍ਰਿਤ ਰੂਪ ਦਿੱਤਾ। ਲੰਗਰ ਵਿਚ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਨੂੰ ਬਿਨਾਂ ਕਿਸੇ ਭੇਦਭਾਵ ਦੇ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈਂਦਾ ਸੀ ।
ਪ੍ਰ.13.ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਸਨ ?
ਉੱਤਰ-ਸੰਗਤ ਪ੍ਰਥਾ ਰਾਹੀਂ ਗੁਰੂ ਜੀ ਸਿੱਖਾਂ ਨੂੰ ਊਚ-ਨੀਚ ਦੇ ਭੇਦਭਾਵ ਨੂੰ ਭੁੱਲ ਕੇ ਪ੍ਰੇਮ-ਭਾਵ ਨਾਲ ਰਹਿਣ ਦੀ ਸਿੱਖਿਆ ਦਿੰਦੇ ਸਨ।
ਪ੍ਰ.14.ਗੁਰੂ ਅੰਗਦ ਦੇਵ ਜੀ ਦੀ ਪੰਗਤ ਪ੍ਰਥਾ ਬਾਰੇ ਜਾਣਕਾਰੀ ਦਿਓ ।
ਉੱਤਰ -ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਪੰਗਤ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ। ਸਾਰੀਆਂ ਸੰਗਤਾਂ ਨੂੰ ਲੰਗਰ ਮਿਲਦਾ ਸੀ ਅਤੇ ਗੁਰੂ ਜੀ ਦੀ ਪਤਨੀ ਮਾਤਾ ਖੀਵੀ ਜੀ ਲੰਗਰ ਦੀ ਸੇਵਾ ਕਰਦੇ ਸਨ ।
ਪ੍ਰ.15.ਗੁਰੂ ਅੰਗਦ ਦੇਵ ਜੀ ਰਾਹੀਂ ਅਖਾੜੇ ਦੀ ਸਥਾਪਨਾ ਬਾਰੇ ਲਿਖੋ ।
ਉੱਤਰ-ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਤਾਕਤਵਰ ਬਣਾਉਣ ਲਈ ਖਡੂਰ ਸਾਹਿਬ ਵਿਖੇ ਇਕ ਅਖਾੜਾ ਬਣਵਾਇਆ। ਇੱਥੇ ਉਹ ਸਿੱਖਾਂ ਨੂੰ ਕਸਰਤ ਕਰਾਉਂਦੇ ਸਨ।
ਪ੍ਰ.16.ਗੋਇੰਦਵਾਲ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ- ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸ਼ਹਿਰ ਦੀ ਸਥਾਪਨਾ ਕੀਤੀ ਤੇ ਗੁਰੂ ਅਮਰਦਾਸ ਜੀ ਦੇ ਸਮੇਂ ਇਹ ਸ਼ਹਿਰ ਸਿੱਖਾਂ ਦਾ ਪ੍ਰਸਿੱਧ ਕੇਂਦਰ ਬਣ ਗਿਆ।
ਪ੍ਰ.17.ਗੁਰੂ ਅਮਰਦਾਸ ਜੀ ਦੇ ਜਾਤ-ਪਾਤ ਬਾਰੇ ਵਿਚਾਰ ਦੱਸੋ ।
ਉੱਤਰ-ਗੁਰੂ ਜੀ ਨੇ ਜਾਤੀ-ਭੇਦ ਅਤੇ ਛੂਤ-ਛਾਤ ਦਾ ਵਿਰੋਧ ਕੀਤਾ। ਉਨ੍ਹਾਂ ਅਨੁਸਾਰ ਜਾਤ ਦਾ ਹੰਕਾਰ ਕਰਨ ਵਾਲੇ ਲੋਕ ਮੂਰਖ ਅਤੇ ਗਵਾਰ ਹਨ ।
ਪ੍ਰ.18.ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ ?
ਉੱਤਰ-ਗੁਰੂ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ਤੇ ਕਿਹਾ ਕਿ ‘ਉਸ ਨਾਰੀ ਨੂੰ ਸਤੀ ਨਹੀਂ ਕਿਹਾ ਜਾ ਸਕਦਾ ਜੋ ਆਪਣੇ ਪਤੀ ਦੀ ਚਿਤਾ ਵਿੱਚ ਸੜ ਜਾਂਦੀ ਹੈ। ਅਸਲ ਵਿੱਚ ਸਤੀ ਨਾਰੀ ਉਹ ਹੈ ਜੋ ਪਤੀ ਦੇ ਵਿਛੋੜੇ ਤੇ ਦੁੱਖ ਦੀ ਪੀੜ ਸਹਿਣ ਕਰਦੀ ਹੈ।
ਪ੍ਰ.19.ਗੁਰੂ ਅਮਰਦਾਸ ਜੀ ਨੇ ਜਨਮ, ਵਿਆਹ ਅਤੇ ਮੌਤ ਸੰਬੰਧੀ ਕੀ ਸੁਧਾਰ ਕੀਤੇ।
ਉੱਤਰ-ਉਨਾ ਨੇ ਜਨਮ ਅਤੇ ਵਿਆਹ ਮੌਕੇ ‘ਅਨੰਦ ਬਾਣੀ’ ਦਾ ਪਾਠ ਕਰਨ ਕਰਨ ਅਤੇ ਮੌਤ ਦੇ ਸਮੇਂ ਈਸਵਰ ਦੀ ਉਸਤਤ ਅਤੇ ਭਗਤੀ ਦੇ ਸ਼ਬਦ ਗਾਉਣ ਦੀ ਪ੍ਰਥਾ ਚਲਾਈ ।
ਪ੍ਰ.20.ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦੀ ਮਹੱਤਤਾ ਦੱਸੋ ।
ਉੱਤਰ -ਇਸ ਨਗਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਇੱਕ ਅਲੱਗ ਤੀਰਥ ਸਥਾਨ ਮਿਲ ਗਿਆ ਤੇ ਸਿੱਖ ਧਰਮ ਦਾ ਵਿਕਾਸ ਹੋਇਆ।
ਪ੍ਰ.21.ਲਾਹੌਰ ਦੀ ਬਾਉਲੀ ਬਾਰੇ ਜਾਣਕਾਰੀ ਦਿਓ।
ਉੱਤਰ -ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ। ਇਹ ਬਾਉਲੀ ਸਿੱਖਾਂ ਲਈ ਇੱਕ ਤੀਰਥ ਸਥਾਨ ਬਣ ਗਈ।
ਪ੍ਰ.22.ਗੁਰੂ ਅਰਜਨ ਦੇਵ ਜੀ ਨੂੰ ਆਦਿ ਗ੍ਰੰਥ ਦੀ ਸਥਾਪਨਾ ਦੀ ਕਿਉਂ ਲੋੜ ਪਈ ?
ਉੱਤਰ-ਸਿੱਖਾਂ ਨੂੰ ਗੁਰੂਆਂ ਦੀ ਸੰਪੂਰਨ, ਸ਼ੁੱਧ ਅਤੇ ਪ੍ਰਮਾਣਿਕ ਬਾਣੀ ਦਾ ਗਿਆਨ ਕਰਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ
ਪ੍ਰ.23.ਗੁਰੂ ਅਰਜਨ ਦੇਵ ਜੀ ਦੇ ਸਮਾਜ ਸੁਧਾਰ ਸੰਬੰਧੀ ਕੋਈ ਦੋ ਕੰਮ ਲਿਖੋ ।
ਉੱਤਰ-ਵਿਧਵਾ ਵਿਆਹ ਦੇ ਹੱਕ ਵਿਚ ਪ੍ਰਚਾਰ ਅਤੇ ਸਿੱਖਾਂ ਨੂੰ ਨਸ਼ੇ ਕਰਨ ਤੋਂ ਰੋਕਣਾ।
ਪ੍ਰ.24.ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਸੰਬੰਧ ਦੋਸਤੀ ਭਰਪੂਰ ਸਨ। ਗੁਰੂ ਸਾਹਿਬ ਦੇ ਕਹਿਣ ਤੇ ਉਸ ਨੇ ਪੰਜਾਬ ਦੇ ਕਿਸਾਨਾਂ ਦਾ ਇੱਕ ਸਾਲ ਦਾ ਭੂਮੀ ਕਰ ਵੀ ਮੁਆਫ਼ ਕਰ ਦਿੱਤਾ ਸੀ।
ਪ੍ਰ.25.ਜਹਾਂਗੀਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦਾ ਸੀ ?
ਉੱਤਰ-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵੱਧਦੀ ਹੋਈ ਪ੍ਰਸਿੱਧੀ ਨਾਲ ਈਰਖਾ ਕਰਨ ਕਰਕੇ।
ਪ੍ਰ.26. ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਦੀ ਵਿਸ਼ੇਸ਼ਤਾ ਦੱਸੋ ।
ਉੱਤਰ-ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਦੀ ਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ।‘ਮੀਰੀ’ ਦੀ ਤਲਵਾਰ ਉਨ੍ਹਾਂ ਦੇ ਸੰਸਾਰਿਕ ਵਿਸ਼ਿਆਂ ਦੇ ਮਾਮਲਿਆਂ ਵਿਚ ਅਗਵਾਈ ਕਰਦੀ ਸੀ ਅਤੇ ਪੀਰੀ ਦੀ ਤਲਵਾਰ ਧਾਰਮਿਕ ਵਿਸ਼ਿਆਂ ਵਿੱਚ ਅਗਵਾਈ ਦੀ ਪ੍ਰਤੀਕ ਸੀ।
ਪ੍ਰ.27.ਅੰਮ੍ਰਿਤਸਰ ਦੀ ਕਿਲ੍ਹੇਬੰਦੀ ਬਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਕੀਤਾ ?
ਉੱਤਰ-ਗੁਰੂ ਜੀ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਉਸ ਦੇ ਚਾਰੇ ਪਾਸੇ ਕੰਧ ਦੀ ਉਸਾਰੀ ਕਰਵਾਈ। ਉਨ੍ਹਾਂ ਨੇ ਸ਼ਹਿਰ ਵਿੱਚ ਲੋਹਗੜ੍ਹ ਨਾਮੀ ਕਿਲ੍ਹੇ ਦਾ ਨਿਰਮਾਣ ਵੀ ਕਰਵਾਇਆ। ਉਸ ਕਿਲ੍ਹੇ ਵਿੱਚ ਲੋੜ ਅਨੁਸਾਰ ਸੈਨਿਕ ਸਮੱਗਰੀ ਰੱਖੀ ਗਈ ।
ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਭਗ 30-35 ਸ਼ਬਦਾਂ ਵਿੱਚ ਦਿਓ
ਪ੍ਰ.1.ਗੋਇੰਦਵਾਲ ਵਿਚਲੀ ਬਾਉਲੀ ਦਾ ਵਰਣਨ ਕਰੋ ।
ਉੱਤਰ-ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਵਿਖੇ ਬਾਉਲੀ (ਜਲ ਸਰੋਤ )ਦੀ ਨੀਂਹ ਰੱਖੀ ਸੀ। ਗੁਰੂ ਅਮਰਦਾਸ ਜੀ ਨੇ ਉਸ ਬਾਉਲੀ ਦੇ ਨਿਰਮਾਣ ਦਾ ਕੰਮ ਪੂਰਾ ਕਰਵਾਇਆ। ਇਸ ਬਾਉਲੀ ਦੀਆਂ 84 ਪੌੜੀਆਂ ਬਣਾਈਆਂ ਗਈਆਂ । ਗੁਰੂ ਅਮਰਦਾਸ ਜੀ ਨੇ ਵਚਨ ਕੀਤਾ ਕਿ ਜੇਕਰ ਕੋਈ ਸਿੱਖ ਹਰ ਪੌੜੀ ਤੇ ਸੱਚੇ ਮਨ ਨਾਲ ਜਪੁਜੀ ਸਾਹਿਬ ਦਾ ਪਾਠ ਕਰਕੇ 84ਵੀਂ ਪੌੜੀ ‘ਤੇ ਇਸ਼ਨਾਨ ਕਰੇਗਾ ਤਾਂ ਉਸ ਦੀ ਚੌਰਾਸੀ ਕੱਟੀ ਜਾਵੇਗੀ। ਸਿੱਟੇ ਵਜੋਂ ਇਸ ਨਾਲ ਸਿੱਖਾਂ ਨੂੰ ਇੱਕ ਸੁਤੰਤਰ ਤੀਰਥ-ਸਥਾਨ ਪ੍ਰਾਪਤ ਹੋ ਗਿਆ। ਉਨ੍ਹਾਂ ਨੂੰ ਪੀਣ ਲਈ ਸਾਫ਼ ਸੁਥਰਾ ਪਾਣੀ ਵੀ ਮਿਲਣ ਲੱਗ ਪਿਆ।
ਪ੍ਰ.2. ਮੰਜੀ ਪ੍ਰਥਾ ਤੋਂ ਕੀ ਭਾਵ ਹੈ ਤੇ ਇਸ ਦਾ ਕੀ ਉਦੇਸ਼ ਸੀ ?
ਉੱਤਰ : ਗੁਰੂ ਅਮਰਦਾਸ ਜੀ ਦੇ ਸਮੇਂ ਤਕ ਸਿੱਖਾਂ ਦੀ ਸੰਖਿਆ ਬਹੁਤ ਵੱਧ ਗਈ ਸੀ। ਇਸ ਲਈ ਪੰਜਾਬ ਦੇ ਬਾਕੀ ਥਾਵਾਂ ‘ਤੇ ਸਾਰੇ ਸਿੱਖਾਂ ਨੂੰ ਗੁਰੂ ਜੀ ਵੱਲੋਂ ਉਪਦੇਸ਼ ਦੇਣਾ ਔਖਾ ਹੋ ਗਿਆ ਸੀ । ਇਸ ਲਈ ਸਿੱਖਾਂ ਦੀ ਲੋੜ ਨੂੰ ਪੂਰਾ ਕਰਨ ਲਈ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ’ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਆਪਣੇ ਅਧਿਆਤਮਿਕ ਸਾਮਰਾਜ ਨੂੰ 22 ਹਿੱਸਿਆਂ ਵਿੱਚ ਵੰਡਿਆ। ਹਰ ਇਕ ਭਾਗ ਨੂੰ ਮੰਜੀ ਕਿਹਾ ਜਾਣ ਲੱਗਾ। ਗੁਰੂ ਜੀ ਨੇ ਹਰ ਇੱਕ ਮੰਜੀ ਲਈ ਇਕ ਪ੍ਰਭਾਵਸ਼ਾਲੀ ਸਿੱਖ ਨਿਯੁਕਤ ਕੀਤਾ । ਉਸ ਸਿੱਖ ਦਾ ਕੰਮ ਆਪਣੇ ਇਲਾਕੇ ਵਿੱਚ ਗੁਰੂ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਨਾਲ-ਨਾਲ ਉਹ ਸਿੱਖਾਂ ਵੱਲੋਂ ਦਿੱਤੀ ਭੇਟਾ ਲੈ ਕੇ ਗੁਰੂ ਸਾਹਿਬ ਤੱਕ ਵੀ ਪਹੁੰਚਾਉਣਾ ਸੀ ਕਿਉਂਕਿ ਉਹ ਸਿੱਖ ਮੰਜੀ ਉੱਤੇ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਸੀ। ਇਸ ਲਈ ਧਰਮ ਪ੍ਰਚਾਰ ਦੀ ਇਸ ਪ੍ਰਥਾ ਨੂੰ ‘ਮੰਜੀ ਪ੍ਰਥਾ ਕਿਹਾ ਜਾਣ ਲੱਗਾ।
ਪ੍ਰ.3.ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਨਾਲੋਂ ਕਿਵੇਂ ਨਿਖੇੜਿਆ ?
ਉੱਤਰ- ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਤੋਂ ਪਿੱਛੋਂ ਉਨ੍ਹਾਂ ਦੇ ਵੱਡੇ ਸਪੁੱਤਰ ਸ੍ਰੀ ਚੰਦ ਨੇ ਉਦਾਸੀ ਸੰਪਰਦਾਇ ਚਲਾਈ। ਜਿਸ ਵਿਚ ਬ੍ਰਹਮਚਾਰੀਆ ਜੀਵਨ ਅਤੇ ਤਿਆਗ ਦੀ ਪਾਲਣਾ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ ਪਰ ਤਿਆਗ ਦੀ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਹੈ । ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਦਾ ਖੰਡਨ ਕਰਦਿਆਂ ਕਿਹਾ ਕਿ ਜੋ ਸਿੱਖ ਤਿਆਗ ਵਿਚ ਵਿਸ਼ਵਾਸ ਕਰਦਾ ਹੈ ਉਹ ਸਿੱਖ ਨਹੀਂ ਹੈ। ਇਸ ਕਾਰਨ ਸਿੱਖਾਂ ਨੇ ਉਦਾਸੀਆਂ ਨਾਲੋਂ ਸੰਬੰਧ ਤੋੜ ਲਏ ਅਤੇ ਗੁਰੂ ਜੀ ਦੇ ਹੁਕਮ ਅਨੁਸਾਰ ਗ੍ਰਹਿਸਥ ਜੀਵਨ ਬਤੀਤ ਕਰਨ ਲੱਗੇ।
ਪ੍ਰ.4.ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿਚ ਕੀ-ਕੀ ਸੁਧਾਰ ਕੀਤੇ ?
ਉੱਤਰ-1.ਗੁਰੂ ਜੀ ਨੇ ‘ਆਨੰਦ’ ਨਾਮੀ ਬਾਣੀ ਦੀ ਰਚਨਾ ਕੀਤੀ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਜਨਮ ਵਿਆਹ ਅਤੇ ਹੋਰ ਖੁਸ਼ੀ ਦੇ ਮੌਕਿਆਂ ਉੱਤੇ ‘ਆਨੰਦ ਸਾਹਿਬ’ ਦਾ ਪਾਠ ਕਰਨ ਇਸ ਕਾਰਨ ਸਿੱਖਾਂ ਨੇ ਵਿਅਰਥ ਅਤੇ ਗੁੰਝਲਦਾਰ ਰੀਤੀ ਰਿਵਾਜਾਂ ਨੂੰ ਤਿਆਗ ਦਿੱਤਾ ਅਤੇ ਸਿੱਖ ਹਿੰਦੂਆਂ ਨਾਲੋਂ ਵੱਖ ਹੋਣ ਲੱਗ ਪਏ।
ਪ੍ਰ.5.ਆਨੰਦ ਸਾਹਿਬ ਬਾਰੇ ਲਿਖੋ ।
ਉੱਤਰ-‘ਆਨੰਦ ਸਾਹਿਬ’ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ। ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਜਨਮ ਵਿਆਹ ਅਤੇ ਹੋਰ ਖੁਸ਼ੀ ਦੇ ਮੌਕਿਆਂ ਉੱਤੇ ‘ਆਨੰਦ ਸਾਹਿਬ’ ਦਾ ਪਾਠ ਕਰਨ । ਇਸ ਬਾਣੀ ਕਰਕੇ ਸਿੱਖਾਂ ਨੇ ਵਿਅਰਥ ਅਤੇ ਗੁੰਝਲਦਾਰ ਰੀਤੀ – ਰਿਵਾਜ ਤਿਆਗ ਦਿੱਤੇ ਅਤੇ ਉਹ ਹਿੰਦੂਆਂ ਨਾਲੋਂ ਵੱਖ ਹੋਣ ਲੱਗੇ।
ਪ੍ਰ.6.ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦਾ ਵਰਣਨ ਕਰੋ।
ਉੱਤਰ – ਸ੍ਰੀ ਗੁਰੂ ਰਾਮਦਾਸ ਜੀ ਦੀ ਸਿੱਖ ਧਰਮ ਨੂੰ ਸਭ ਤੋਂ ਮਹਾਨ ਦੇਣ ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਨੀਂਹ ਰੱਖਣਾ ਸੀ।ਮੁਗਲ ਸਮਰਾਟ ਅਕਬਰ ਨੇ ਗੁਰੂ ਜੀ ਦੀ ਬੇਟੀ ਬੀਬੀ ਭਾਨੀ ਨੂੰ ਕੁਝ ਪਿੰਡਾਂ ਦੀ ਭੂਮੀ ਦਿੱਤੀ ਸੀ । ਗੁਰੂ ਜੀ ਨੇ ਸਿੱਖਾਂ ਦੀ ਸਭਾ ਵਿਚ ਭਾਈ ਜੇਠਾ ਜੀ ਨੂੰ ਇਹ ਧਰਤੀ ਸੌਂਪ ਦਿੱਤੀ ਅਤੇ ਉੱਥੇ ‘ਸੰਤੋਖਸਰ’ ਅਤੇ ‘ਅੰਮ੍ਰਿਤਸਰ’ ਨਾਮੀ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਆਰੰਭ ਕਰਵਾ ਦਿੱਤਾ। ਗੁਰਗੱਦੀ ਉੱਤੇ ਬੈਠਣ ਮਗਰੋਂ ਗੁਰੂ ਰਾਮਦਾਸ ਜੀ ਆਪ ਉਸ ਥਾਂ ਤੇ ਜਾ ਕੇ ਰਹਿਣ ਲੱਗੇ । ਹੌਲੀ-ਹੌਲੀ ਅੰਮ੍ਰਿਤਸਰ ਸਰੋਵਰ ਦੇ ਚਾਰ ਚੁਫੇਰੇ ਬਹੁਤ ਸਾਰੇ ਲੋਕ ਵੱਸ ਗਏ। ਕਈ ਪ੍ਰਕਾਰ ਦੀਆਂ ਵਸਤੂਆਂ ਦੀਆਂ ਦੁਕਾਨਾਂ ਵੀ ਖੁੱਲ੍ਹ ਗਈਆਂ । ਜਿਸ ਕਾਰਨ ਇੱਥੇ ‘ਗੁਰੂ ਕਾ ਬਾਜ਼ਾਰ’ ਨਾਂ ਦਾ ਬਾਜ਼ਾਰ ਹੋਂਦ ਵਿੱਚ ਆ ਗਿਆ। ਇਸਦੇ ਨਾਲ ਹੀ ਇੱਕ ਸ਼ਹਿਰ ਵੀ ਹੋਂਦ ਵਿੱਚ ਆ ਗਿਆ ਜਿਸ ਨੂੰ ‘ਗੁਰੂ ਚੱਕ’ ਜਾਂ ‘ਚੱਕ ਗੁਰੂ ਰਾਮਦਾਸ ਜਾਂ ‘ਰਾਮਦਾਸਪੁਰ ਆਦਿ ਨਾਵਾਂ ਨਾਲ ਬੁਲਾਇਆ ਜਾਣ ਲੱਗਾ । ਬਾਅਦ ਵਿਚ ਅੰਮ੍ਰਿਤਸਰ ਸਰੋਵਰ ਦੇ ਨਾਂ ਤੇ ਹੀ ਇਸ ਦਾ ਨਾਂ ਅੰਮ੍ਰਿਤਸਰ ਪੈ ਗਿਆ ।
ਪ੍ਰ 7. ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ।
ਉੱਤਰ -ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ 1588 ਈਸਵੀ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ।ਹ ਰਿਮੰਦਰ ਸਾਹਿਬ ਦਾ ਨੀਂਹ ਪੱਥਰ 1589 ਈਸਵੀ ਵਿੱਚ ਸੂਫ਼ੀ ਫ਼ਕੀਰ, ਮੀਆਂ ਮੀਰ ਨੇ ਰੱਖਿਆ। ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖੇ ਗਏ ਭਾਵ ਇਹ ਮੰਦਰ ਸਾਰੀਆਂ ਜਾਤਾਂ ਅਤੇ ਚਾਰੇ ਪਾਸਿਓਂ ਤੋਂ ਆਉਣ ਵਾਲੇ ਲੋਕਾਂ ਲਈ ਖੁੱਲ੍ਹਾ ਹੈ। ਹਰਿਮੰਦਰ ਸਾਹਿਬ ਦੀ ਉਸਾਰੀ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ ਰੇਖ ਹੇਠ 1601 ਈਸਵੀ ਵਿਚ ਸੰਪੂਰਨ ਹੋਈ। ਸਤੰਬਰ 1604 ਈਸਵੀ ਵਿੱਚ ਹਰਿਮੰਦਰ ਸਾਹਿਬ ਵਿੱਚ ਆਦਿ-ਗ੍ਰੰਥ ਸਾਹਿਬ ਦੀ ਸਥਾਪਨਾ ਕਰ ਦਿੱਤੀ ਗਈ । ਬਾਬਾ ਬੁੱਢਾ ਜੀ ਨੂੰ ਉੱਥੋਂ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ ।
ਪ੍ਰ 8. ਤਰਨਤਾਰਨ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ -ਸ੍ਰੀ ਗੁਰੂ ਅਰਜਨ ਦੇਵ ਜੀ ਨੇ 1590 ਈਸਵੀ ਵਿਚ ਰਾਵੀ ਅਤੇ ਬਿਆਸ ਨਦੀਆਂ ਵਿਚਕਾਰ ਤਰਨਤਾਰਨ ਨਾਮੀ ਸ਼ਹਿਰ ਦੀ ਨੀਂਹ ਰੱਖੀ। ਇਸ ਸ਼ਹਿਰ ਵਾਲੀ ਜ਼ਮੀਨ ਗੁਰੂ ਜੀ ਨੇ ਖਾਰਾ ਪਿੰਡ ਦੇ ਲੋਕਾਂ ਤੋਂ ਖਰੀਦ ਕੇ ਇਕ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ। ਇਸ ਸਰੋਵਰ ਦਾ ਨਾਂ ਤਰਨਤਾਰਨ ਰੱਖਿਆ ਗਿਆ। ਜਿਸ ਦਾ ਭਾਵ ਸੀ ਕਿ ਇਸ ਵਿੱਚ ਇਸ਼ਨਾਨ ਕਰਨ ਵਾਲਾ ਵਿਅਕਤੀ ਇਸ ਸੰਸਾਰ ਦੇ ਭਵ ਸਾਗਰ ਤੋਂ ਤਰ ਜਾਂਦਾ ਹੈ। ਹੌਲੀ -ਹੌਲੀ ਉਸ ਸਰੋਵਰ ਦੇ ਆਲੇ-ਦੁਆਲੇ ਇਕ ਸ਼ਹਿਰ ਵੱਸ ਗਿਆ ਜੋ ਸਿੱਖਾਂ ਦਾ ਇੱਕ ਹੋਰ ਪ੍ਰਸਿੱਧ ਤੀਰਥ ਸਥਾਨ ਬਣ ਗਿਆ। ਤਰਨਤਾਰਨ ਦੀ ਸਥਾਪਨਾ ਹੋਣ ਕਾਰਨ ਮਾਝੇ ਦੇ ਬਹੁਤ ਸਾਰੇ ਜੱਟਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਜੋ ਬਾਅਦ ਵਿੱਚ ਵਧੀਆ ਸੈਨਿਕ ਸਿੱਧ ਹੋਏ ।
ਪ੍ਰ.9.ਮਸੰਦ ਪ੍ਰਥਾ ਤੋਂ ਸਿੱਖ ਧਰਮ ਨੂੰ ਕੀ-ਕੀ ਲਾਭ ਹੋਏ ?
ਉੱਤਰ-1.ਇਹ ਪ੍ਰਥਾ ਸਿੱਖ ਧਰਮ ਦੇ ਵਿਕਾਸ ਲਈ ਅਤਿ ਮਹੱਤਵਪੂਰਨ ਸਿੱਧ ਹੋਈ ।
2.ਇਸ ਨਾਲ ਗੁਰੂ ਸਾਹਿਬ ਨੂੰ ਨਿਸ਼ਚਿਤ ਰੂਪ ਵਿੱਚ ਧਨ ਪ੍ਰਾਪਤ ਹੋਣ ਲੱਗਾ।
3.ਮਸੰਦਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੀ ਪ੍ਰਸੰਸਾਯੋਗ ਹਿੱਸਾ ਪਾਇਆ।
4.ਮਸੰਦ ਪ੍ਰਥਾ ਕਾਰਨ ਸਿੱਖ ਸੰਗਠਿਤ ਹੋ ਗਏ ਜਿਸ ਨਾਲ ਸਿੱਖ ਧਰਮ ਦਾ ਵਿਕਾਸ ਹੋਇਆ।
ਪ੍ਰ.10.ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੋਜ਼ਾਨਾ ਜੀਵਨ ਬਾਰੇ ਦੱਸੋ ।
ਉੱਤਰ-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਭਾਤ ਵੇਲੇ ਉੱਠਦੇ ਇਸ਼ਨਾਨ ਕਰਦੇ ਅਤੇ ਸ਼ਾਹੀ ਢੰਗ ਨਾਲ ਸੱਜ ਕੇ ਲੰਗਰ ਵਿੱਚ ਜਾਂਦੇ।ਜਿੱਥੇ ਉਨ੍ਹਾਂ ਦੀ ਦੇਖ-ਰੇਖ ਵਿਚ ਸਾਰੇ ਸੈਨਿਕਾਂ ਅਤੇ ਸਿੱਖਾਂ ਨੂੰ ਲੰਗਰ ਛਕਾਇਆ ਜਾਂਦਾ । ਉਸ ਤੋਂ ਪਿੱਛੋਂ ਗੁਰੂ ਜੀ ਆਪਣੇ ਸੇਵਕਾਂ ਸ਼ਿਕਾਰੀ ਕੁੱਤਿਆਂ ਅਤੇ ਬਾਜ਼ ਨਾਲ ਸ਼ਿਕਾਰ ਨੂੰ ਜਾਂਦੇ। ਉਨ੍ਹਾਂ ਨੇ ਸਿੱਖਾਂ ਵਿਚ ਨਵਾਂ ਉਤਸ਼ਾਹ ਭਰਨ ਲਈ ਆਪਣੇ ਦਰਬਾਰ ਦੇ ਅਬਦੁਲ ਅਤੇ ਨੌਥਾ ਮੱਲ ਢਾਡੀਆਂ ਨੂੰ ਵੀਰ ਰਸ ਦੀਆਂ ਵਾਰਾਂ ਗਾਉਣ ਲਈ ਲਾਇਆ। ਗੁਰੂ ਜੀ ਨੇ ਇੱਕ ਵਿਸ਼ੇਸ਼ ‘ਸੰਗੀਤ ਮੰਡਲੀ’ ਵੀ ਸਥਾਪਤ ਕੀਤੀ ਜੋ ਰਾਤ ਨੂੰ ਢੋਲਕ ਦੀ ਧੁਨੀ ਅਤੇ ਮਸ਼ਾਲਾਂ ਦੀ ਰੋਸ਼ਨੀ ਨਾਲ ਹਰਿਮੰਦਰ ਸਾਹਿਬ ਦੀ ਪਰਕਰਮਾ ਕਰਦਿਆਂ ਉੱਚੇ ਸੁਰ ਵਿੱਚ ਜੋਸ਼ੀਲੇ ਸ਼ਬਦ ਗਾਉਂਦੀ।
ਪ੍ਰ.11.ਅਕਾਲ ਤਖ਼ਤ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ । ਉਸ ਦੇ ਅੰਦਰ ਫੁੱਟ ਉੱਚੇ ਥੜ੍ਹੇ ਦਾ ਨਿਰਮਾਣ ਕਰਵਾਇਆ ਜੋ ਰਾਜਿਆਂ ਮਹਾਰਾਜਿਆਂ ਦੀ ਤਖ਼ਤ ਵਰਗਾ ਸੀ। ਹਰਿਮੰਦਰ ਸਾਹਿਬ ਵਿੱਚ ਗੁਰੂ ਜੀ ਧਾਰਮਿਕ ਸਿੱਖਿਆ ਦਿੰਦੇ ਸਨ ਅਤੇ ਉਸ ਥੜ੍ਹੇ ਉੱਤੇ ਬੈਠ ਕੇ ਉਹ ਆਪਣੇ ਸਿੱਖਾਂ ਨੂੰ ਰਾਜਨੀਤਕ ਸਿੱਖਿਆ ਦਿੰਦੇ ਸਨ । ਉੱਥੇ ਉਹ ਆਪਣੇ ਸੈਨਿਕਾਂ ਨੂੰ ਸ਼ਸਤਰ ਵੰਡਦੇ ਅਤੇ ਢਾਡੀਆਂ ਤੋਂ ਵੀਰ ਰਸ ਦੀਆਂ ਜੋਸ਼ੀਲੀਆਂ ਵਾਰਾਂ ਸੁਣਦੇ। ਅਕਾਲ ਤਖ਼ਤ ਸਾਹਿਬ ਦੇ ਨੇੜੇ ਹੀ ਉਹ ਅਖਾੜੇ ਵਿੱਚ ਸਿੱਖਾਂ ਨੂੰ ਕਸਰਤ ਲਈ ਪ੍ਰੇਰਿਤ ਕਰਦੇ ਸਨ।
ਪ੍ਰ.12.ਸ੍ਰੀ ਗੁਰੂ ਅੰਗਦ ਦੇਵ ਜੀ ਰਾਹੀਂ ਸਿੱਖ ਸੰਸਥਾ ਦੇ ਵਿਕਾਸ ਲਈ ਕੀਤੇ ਚਾਰ ਕਾਰਜਾਂ ਬਾਰੇ ਲਿਖੋ ।
ਉੱਤਰ-1.ਗੁਰਮੁਖੀ ਲਿਪੀ ਵਿੱਚ ਸੁਧਾਰ – ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੀਆਂ ਰਚਨਾਵਾਂ ਨੂੰ ਆਖਰੀ ਰੂਪ ਦੇਣ ਲਈ ਪੰਜਾਬੀ ਲਿਪੀ ਨੂੰ ਸੁਧਾਰਿਆ ਅਤੇ ਉਸ ਨੂੰ ‘ਗੁਰਮੁਖੀ’ ਦਾ ਨਾਂ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਲਿਪੀ ਨੂੰ ਪ੍ਰਚਾਰਨ ਲਈ ‘ਬਾਲ ਬੋਧ’ ਵੀ ਤਿਆਰ ਕੀਤਾ।
2.ਲੰਗਰ ਪ੍ਰਥਾ -ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ।ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਮਾਤਾ ਖੀਵੀ ਜੀ ਲੰਗਰ ਦੀ ਸੇਵਾ ਕਰਦੇ ਸਨ।ਇਸ ਪ੍ਰਥਾ ਨਾਲ ਗੁਰੂ ਘਰ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ।
3.ਸੰਗਤ ਪ੍ਰਥਾ -ਸ੍ਰੀ ਗੁਰੂ ਅੰਗਦ ਦੇਵ ਜੀ ਹਰ ਰੋਜ਼ ਪ੍ਰਭਾਤ ਵੇਲੇ ਖਡੂਰ ਸਾਹਿਬ ਵਿਖੇ ਧਾਰਮਿਕ ਸਭਾ ਕਰਦੇ ਸਨ। ਇਸ ਵਿੱਚ ਉਹ ਸਿੱਖਾਂ ਨੂੰ ਨਿਸ਼ਚਿਤ ਨਿਯਮਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲਈ ਹੁਕਮ ਕਰਦੇ । ਉਹ ਹਰ ਸਿੱਖ ਨੂੰ ਨਾਮ ਜਪਣ ਤੇ ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨ ਦੀ ਸਿੱਖਿਆ ਦਿੰਦੇ। ਉਹ ਹਰ ਸਿੱਖ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਣ, ਸਮਾਜ ਦੀ ਸੇਵਾ ਕਰਨ ‘ਤੇ ਜ਼ੋਰ ਦਿੰਦੇ ਜਿਸ ਕਾਰਨ ਲੋਕ ਸਿੱਖ ਧਰਮ ਵੱਲ ਆਉਣ ਲੱਗੇ।
4.ਸਰੀਰਕ ਕਸਰਤ ਕਰਨ ਦੀ ਸਿੱਖਿਆ -ਗੁਰੂ ਸਾਹਿਬ ਸਿੱਖਾਂ ਨੂੰ ਕੇਵਲ ਮਨ ਅਤੇ ਆਤਮਾ ਤੋਂ ਬਲਵਾਨ ਨਹੀਂ ਸਨ ਕਰਦੇ, ਸਗੋਂ ਸਿੱਖਾਂ ਨੂੰ ਸਰੀਰਕ ਤੌਰ ‘ਤੇ ਵੀ ਬਲਵਾਨ ਬਣਾਉਣਾ ਚਾਹੁੰਦੇ ਸਨ। ਇਸ ਉਦੇਸ਼ ਲਈ ਉਨ੍ਹਾਂ ਨੇ ਖਡੂਰ ਸਾਹਿਬ ਵਿਖੇ ਇੱਕ ਅਖਾੜਾ ਬਣਵਾਇਆ ਜਿੱਥੇ ਉਹ ਆਪਣੇ ਸਿੱਖਾਂ ਨੂੰ ਕਸਰਤ ਕਰਵਾਉਂਦੇ ਸਨ।
ਪ੍ਰ.13.ਮਸੰਦ ਪ੍ਰਥਾ ਸਿੱਖ ਧਰਮ ਦੇ ਵਿਕਾਸ ਵਿੱਚ ਕਿਸ ਤਰ੍ਹਾਂ ਲਾਭਕਾਰੀ ਸਿੱਧ ਹੋਈ ?
ਉੱਤਰ-‘ਅੰਮ੍ਰਿਤਸਰ’ ਅਤੇ ‘ਸੰਤੋਖਸਰ’ ਸਰੋਵਰਾਂ ਦੀ ਖੁਦਾਈ ਅਤੇ ਰਾਮਦਾਸਪੁਰ ਜਾਂ ਅੰਮ੍ਰਿਤਸਰ ਸ਼ਹਿਰ ਦੇ ਨਿਰਮਾਣ ਦੇ ਕੰਮ ਲਈ ਬਹੁਤ ਸਾਰੇ ਧਨ ਦੀ ਲੋੜ ਸੀ । ਇਸ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਕੁਝ ਸ਼ਰਧਾਲੂ ਸਿੱਖਾਂ ਨੂੰ ਧਨ ਇਕੱਠਾ ਕਰਨ ਲਈ ਕਈ ਥਾਵਾਂ ਉੱਤੇ ਭੇਜਿਆ ਜਿਨ੍ਹਾਂ ਨੂੰ ‘ਮਸੰਦ’ ਕਿਹਾ ਜਾਣ ਲੱਗਾ। ਸਿੱਖਾਂ ਕੋਲੋਂ ਧਨ ਇਕੱਠਾ ਕਰਨ ਦੇ ਨਾਲ-ਨਾਲ ਉਹ ਲੋਕ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਸਨ। ਇਸ ਤਰ੍ਹਾਂ ਮਸੰਦ ਪ੍ਰਥਾ ਦੇ ਫਲਸਰੂਪ ਸਿੱਖ ਧਰਮ ਦਾ ਬਹੁਤ ਪ੍ਰਚਾਰ ਹੋਇਆ ਅਤੇ ਕਈ ਗੈਰ ਸਿੱਖਾਂ ਨੇ ਵੀ ਸਿੱਖ ਧਰਮ ਨੂੰ ਅਪਣਾ ਲਿਆ ।
ਪ੍ਰ.14.ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਨੋਟ ਲਿਖੋ।
ਉੱਤਰ-ਦੋ ਮੁਗ਼ਲ ਬਾਦਸ਼ਾਹ ਅਕਬਰ ਤੇ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ। ਗੁਰੂਆਂ ਦੇ ਉਪਦੇਸ਼ਾਂ ਦਾ ਮੰਤਵ ਜਾਤ ਦੇ ਰਹਿਤ, ਵਹਿਮ ਰਹਿਤ, ਊਚ-ਨੀਚ ਅਤੇ ਧਰਮ ਦੇ ਵਿਤਕਰੇ ਰਹਿਤ ਸਮਾਜ ਸਥਾਪਤ ਕਰਨਾ ਸੀ। ਅਕਬਰ ਗੁਰੂ ਸਾਹਿਬਾਂ ਨੂੰ ਪਸੰਦ ਕਰਦਾ ਸੀ। ਪਰ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੀ ਵੱਧਦੀ ਹੋਈ ਪ੍ਰਸਿੱਧੀ ਨੂੰ ਪਸੰਦ ਨਹੀਂ ਕਰਦਾ ਸੀ । ਉਸ ਨੂੰ ਇਹ ਵੀ ਗੁੱਸਾ ਸੀ ਕਿ ਜਿੱਥੇ ਗੁਰੂ ਸਾਹਿਬ ਦੇ ਹਿੰਦੂ ਲੋਕ ਅਨਯਾਈ ਬਣ ਰਹੇ ਹਨ ਉੱਥੇ ਕੁਝ ਮੁਸਲਮਾਨ ਵੀ ਉਨ੍ਹਾਂ ਦੇ ਪ੍ਰਭਾਵ ਹੇਠ ਵਿਚਰ ਰਹੇ ਸਨ। ਸ਼ਹਿਜ਼ਾਦਾ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਜਦੋਂ ਸ਼ਾਹੀ ਸੈਨਾਵਾਂ ਨੇ ਖੁਸਰੋ ਦਾ ਪਿੱਛਾ ਕੀਤਾ ਤਾਂ ਉਹ ਦੌੜ ਕੇ ਪੰਜਾਬ ਆਇਆ ਤੇ ਗੁਰੂ ਸਾਹਿਬ ਨੂੰ ਮਿਲਿਆ। ਇਸ ‘ਤੇ ਜਹਾਂਗੀਰ ਜੋ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਾਰਵਾਈ ਕਰਨ ਦਾ ਬਹਾਨਾ ਲੱਭ ਰਿਹਾ ਸੀ, ਰਾਜ ਦੇ ਬਾਗੀ ਖੁਸਰੋ ਦੀ ਸਹਾਇਤਾ ਕਰਨ ਦੇ ਅਪਰਾਧ ਵਿਚ ਗੁਰੂ ਸਾਹਿਬ ਉੱਪਰ ਦੋ ਲੱਖ ਰੁਪਏ ਜੁਰਮਾਨਾ ਕਰ ਦਿੱਤਾ। ਗੁਰੂ ਜੀ ਨੇ ਇਸ ਜੁਰਮਾਨੇ ਨੂੰ ਅਣਉਚਿੱਤ ਸਮਝਦਿਆਂ ਹੋਇਆਂ ਦੇਣ ਤੋਂ ਨਾਂਹ ਕਰ ਦਿੱਤੀ। ਜਿਸ ਕਾਰਨ ਉਨ੍ਹਾਂ ਨੂੰ ਸਰੀਰਕ ਤਸੀਹੇ ਦੇ ਕੇ 1606 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਗਿਆ।
ੲ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਭਗ 100-120 ਸ਼ਬਦਾਂ ਵਿੱਚ ਦਿਓ
ਪ੍ਰ.1.ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਪਾਇਆ ?
ਉੱਤਰ-1.ਗੁਰੂ ਸਾਹਿਬ ਨੇ ਪੰਜਾਬੀ ਲਿਪੀ ਨੂੰ ਸੁਧਾਰਿਆ ਅਤੇ ਉਸ ਨੂੰ ਗੁਰਮੁਖੀ ਦਾ ਨਾਂ ਦਿੱਤਾ ।
2.ਉਨ੍ਹਾਂ ਨੇ ਪੰਜਾਬੀ ਲਿਪੀ ਨੂੰ ਪ੍ਰਚਾਰਨ ਲਈ ‘ਬਾਲ ਬੋਧ’ ਵੀ ਤਿਆਰ ਕੀਤਾ।
3.ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕੀਤਾ ਤੇ ਇਸ ਦੀ ਸੰਭਾਲ ਕੀਤੀ।
4. ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ, ਜਿਸ ਕਾਰਨ ਗੁਰੂ ਘਰ ਦੀ ਪ੍ਰਸਿੱਧੀ ਦੂਰ -ਦੂਰ ਤੱਕ ਫੈਲ ਗਈ।
5.ਗੁਰੂ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਨਾਲੋਂ ਨਿਖੇੜਿਆ।
6.ਗੁਰੂ ਜੀ ਨੇ ਨਾਮ ਜਪਣ ਤੇ ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨ ਦੀ ਸਿੱਖਿਆ ਦੇ ਨਾਲ ਨਾਲ ਦਸ ਨਹੁੰਆਂ ਦੀ ਕਿਰਤ ਕਰਨ ‘ਤੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਣ ‘ਤੇ ਜ਼ੋਰ ਦਿੱਤਾ।
7.ਸਿੱਖਾਂ ਨੂੰ ਸਰੀਰਕ ਤੌਰ ਤੇ ਬਲਵਾਨ ਬਣਾਉਣ ਲਈ ਗੁਰੂ ਜੀ ਨੇ ਖਡੂਰ ਸਾਹਿਬ ਵਿਖੇ ਇਕ ਅਖਾੜਾ ਬਣਵਾਇਆ।
8.ਉਨ੍ਹਾਂ ਨੇ 62 ਸਲੋਕਾਂ ਦੀ ਰਚਨਾ ਕੀਤੀ ਜੋਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
9.ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਦੀ ਨੀਂਹ ਰੱਖੀ ਜੋ ਕਿ ਸਿੱਖਾਂ ਲਈ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ।
ਪ੍ਰ.2.ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ- ਕੀ ਕਾਰਜ ਕੀਤੇ ?
ਉੱਤਰ-1.ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਗੋਇੰਦਵਾਲ ਵਿਖੇ ਬਣਵਾਈ ਬਉਲੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਪੌੜੀਆਂ 84 ਬਣਵਾਈਆਂ। ਗੁਰੂ ਜੀ ਨੇ ਵਚਨ ਕੀਤਾ ਕਿ ਜੇਕਰ ਕੋਈ ਸਿੱਖ ਹਰ ਪੌੜੀ ਤੇ ਸੱਚੇ ਮਨ ਨਾਲ ਜਪੁਜੀ ਸਾਹਿਬ ਦਾ ਪਾਠ ਕਰਕੇ 84ਵੀਂ ਪੌੜੀ ‘ਤੇ ਇਸ਼ਨਾਨ ਕਰੇਗਾ ਤਾਂ ਉਸ ਦੀ 84 ਕੱਟੀ ਜਾਵੇਗੀ । ਇਸ ਨਾਲ ਸਿੱਖਾਂ ਨੂੰ ਇੱਕ ਸੁਤੰਤਰ ਤੀਰਥ ਸਥਾਨ ਮਿਲ ਗਿਆ।
2.ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਲੰਗਰ ਪ੍ਰਥਾ ਨੂੰ ਵਿਸਤ੍ਰਿਤ ਰੂਪ ਦਿੱਤਾ । ਇਹ ਪ੍ਰਥਾ ਸਿੱਖ ਧਰਮ ਦੇ ਪ੍ਰਚਾਰ ਵਿਚ ਸ਼ਕਤੀਸ਼ਾਲੀ ਸਾਧਨ ਸਿੱਧ ਹੋਈ।
3.ਗੁਰੂ ਜੀ ਨੇ ਆਪ ਸ਼ਬਦਾਂ ਦੀ ਰਚਨਾ ਕੀਤੀ ਅਤੇ ਅਨੇਕ ਭਗਤਾਂ ਦੇ ਸ਼ਲੋਕ ਅਤੇ ਭਜਨ ਵੀ ਇਕੱਠੇ ਕੀਤੇ ।
4.ਗੁਰੂ ਜੀ ਦੁਆਰਾ ਮੰਜੀ ਪ੍ਰਥਾ ਦੀ ਸਥਾਪਨਾ ਕਰਨ ਨਾਲ ਸਿੱਖ ਧਰਮ ਦਾ ਬਹੁਤ ਵਿਸਥਾਰ ਹੋਇਆ।
5.ਉਨ੍ਹਾਂ ਨੇ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦਾ ਵਿਰੋਧ ਕੀਤਾ। ਉਨ੍ਹਾਂ ਅਨੁਸਾਰ ਜਾਤ ਦਾ ਅਭਿਮਾਨ ਕਰਨ ਵਾਲੇ ਲੋਕ ਮੂਰਖ ਅਤੇ ਗੰਵਾਰ ਹਨ।
6. ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਮੌਤ ਦੇ ਮੌਕੇ ਈਸ਼ਵਰ ਦੀ ਉਸਤਤ ਅਤੇ ਭਗਤੀ ਦੇ ਸ਼ਬਦ ਗਾਉਣੇ ਚਾਹੀਦੇ ਹਨ।
7.ਉਨ੍ਹਾਂ ਨੇ ਵਿਆਹ ਦੀਆਂ ਰੀਤਾਂ ਵਿਚ ਸੁਧਾਰ ਕਰਨ ਲਈ ‘ਆਨੰਦ’ ਨਾਮੀ ਬਾਣੀ ਦੀ ਰਚਨਾ ਕੀਤੀ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਜਨਮ, ਵਿਆਹ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ਤੇ ਅਨੰਦ ਸਾਹਿਬ ਦਾ ਪਾਠ ਕਰਨ।
8.ਗੁਰੂ ਜੀ ਨੇ ਸਿੱਖਾਂ ਨੂੰ ਵਿਸਾਖੀ, ਮਾਘੀ ਅਤੇ ਦੀਵਾਲੀ ਦੇ ਤਿਉਹਾਰ ਨਵੇਂ ਢੰਗ ਨਾਲ ਮਨਾਉਣ ਲਈ ਕਿਹਾ ਜਿਸ ਨਾਲ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਹੋਇਆ।
ਪ੍ਰ.3.ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-1. ਸ੍ਰੀ ਗੁਰੂ ਅਮਰਦਾਸ ਜੀ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਨੂੰ ਵਿਅਰਥ ਅਤੇ ਗੁੰਝਲਦਾਰ ਰੀਤੀ ਰਿਵਾਜ਼ਾਂ ਤੋਂ ਛੁਟਕਾਰਾ ਦਿਵਾਉਣਾ ਸੀ।
2. ਉਨ੍ਹਾਂ ਨੇ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦਾ ਵਿਰੋਧ ਕੀਤਾ। ਇਨ੍ਹਾਂ ਅਨੁਸਾਰ ਜਾਤ ਦਾ ਅਭਿਮਾਨ ਕਰਨ ਵਾਲੇ ਲੋਕ ਮੂਰਖ ਅਤੇ ਗੰਵਾਰ ਹਨ।
3. ਉਨ੍ਹਾਂ ਨੇ ਜਾਤ-ਪਾਤ ਅਤੇ ਛੂਤ-ਛਾਤ ਨੂੰ ਖ਼ਤਮ ਕਰਨ ਲਈ ਇਹ ਹੁਕਮ ਦਿੱਤਾ ਹੋਇਆ ਸੀ ਕਿ ਜਦੋਂ ਕੋਈ ਵਿਅਕਤੀ ਉਨ੍ਹਾਂ ਦੇ ਦਰਸ਼ਨ ਕਰਨ ਆਉਂਦਾ ਹੈ ਤਾਂ ਪਹਿਲਾਂ ਇੱਕੋ ਪੰਗਤ ਵਿੱਚ ਬੈਠ ਕੇ ਸਭ ਨਾਲ ਲੰਗਰ ਛਕੇਗਾ।
4. ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਸ ਨਾਰੀ ਨੂੰ ਸਤੀ ਨਹੀਂ ਕਿਹਾ ਜਾ ਸਕਦਾ ਜੇ ਆਪਣੇ ਪਤੀ ਦੀ ਚਿਤਾ ਵਿੱਚ ਸੜ ਜਾਂਦੀ ਹੈ। ਅਸਲ ਵਿੱਚ ਸਤੀ ਉਹ ਨਾਰੀ ਹੈ ਜੋ ਆਪਣੇ ਪਤੀ ਦੇ ਵਿਯੋਗ ‘ਦੇ ਦੁੱਖ ਅਤੇ ਪੀੜ ਨੂੰ ਸਹਿਣ ਕਰਦੀ ਹੈ।
5. ਗੁਰੂ ਜੀ ਨੇ ਪਰਦਾ ਪ੍ਰਥਾ ਦੀ ਮਨਾਹੀ ਕਰਦਿਆਂ ਦੱਸਿਆ ਕਿ ਪਰਦੇ ਦੀ ਵਿਵਸਥਾ ਇਸਤਰੀ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਕ ਵਿਕਾਸ ਵਿਚ ਇੱਕ ਵੱਡੀ ਰੋਕ ਸੀ ।ਉਨ੍ਹਾਂ ਨੇ ਔਰਤਾਂ ਨੂੰ ਬਿਨ੍ਹਾਂ ਪਰਦਾ ਕੀਤੇ ਲੰਗਰ ਦੀ ਸੇਵਾ ਕਰਨ ਅਤੇ ਸੰਗਤ ਵਿੱਚ ਬੈਠਣ ਦਾ ਹੁਕਮ ਦਿੱਤਾ।
6. ਗੁਰੂ ਜੀ ਨੇ ਨਸ਼ਿਆਂ ਦੀ ਵਰਤੋਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਅਤੇ ਸਿੱਖਾਂ ਨੂੰ ਵੀ ਇਸ ਬੁਰਾਈ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ।
7. ਗੁਰੂ ਜੀ ਨੇ ਜਨਮ, ਵਿਆਹ ਅਤੇ ਮੌਤ ਸੰਬੰਧੀ ਗੁੰਝਲਦਾਰ ਰਸਮਾਂ ਅਤੇ ਰੀਤਾਂ ਵਿੱਚ ਵੀ ਸੁਧਾਰ ਕੀਤਾ ।
ਪ੍ਰ.4.ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ-ਕੀ ਯਤਨ ਕੀਤੇ ?
ਉੱਤਰ-1.ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਇੱਕ ਪ੍ਰਸਿੱਧ ਤੀਰਥ ਸਥਾਨ ਅਤੇ ਵਪਾਰਿਕ ਕੇਂਦਰ ਦਿੱਤਾ।
2.ਗੁਰੂ ਜੀ ਨੇ ਉਦਾਸੀ ਮੱਤ ਦੇ ਬਾਨੀ ਬਾਬਾ ਬਿਧੀ ਚੰਦ ਨਾਲ ਮਿਲ ਕੇ ਮਹੱਤਵਪੂਰਨ ਵਾਰਤਾਲਾਪ ਕੀਤੀ ਜਿਸ ਕਾਰਨ ਉਦਾਸੀਆਂ ਨੇ ਸਿੱਖਾਂ ਦਾ ਵਿਰੋਧ ਕਰਨਾ ਛੱਡ ਦਿੱਤਾ।
3.ਸਮਾਜ ਵਿੱਚ ਸੁਧਾਰ ਕਰਨ ਲਈ ਗੁਰੂ ਜੀ ਨੇ ਵਿਆਹ ਦੀਆਂ ਰੀਤਾਂ ਦੇ ਸੰਬੰਧ ਵਿਚ ਲਾਵਾਂ ਦੀ ਰਚਨਾ ਕੀਤੀ। ਉਨ੍ਹਾਂ ਨੇ ਵਿਆਹ ਸਮੇਂ ਇਸਤਰੀਆਂ ਰਾਹੀਂ ਗਾਉਣ ਵਾਲੇ ਸ਼ਬਦਾਂ ਘੋੜੀਆਂ ਦੀ ਰਚਨਾ ਵੀ ਕੀਤੀ। ਉਨ੍ਹਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਇਨ੍ਹਾਂ ਰਚਨਾਵਾਂ ਨੂੰ ਵਿਆਹ ਸਮੇਂ ਅਮਲ ਵਿੱਚ ਲਿਆਉਣ ।
4.ਗੁਰੂ ਜੀ ਨੇ 679 ਸ਼ਬਦਾਂ ਦੀ ਰਚਨਾ ਕੀਤੀ ।
5.ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਇੱਕ ਸਾਲ ਦਾ ਭੂਮੀ ਟੈਕਸ ਮੁਆਫ਼ ਕਰ ਦਿੱਤਾ।
6.ਗੁਰੂ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਦਿੱਤੀ।
ਪ੍ਰ.5.ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ- 1.ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਅਤੇ ਸੰਤੋਖਸਰ ਸਰੋਵਰ ਦੇ ਨਿਰਮਾਣ ਦਾ ਕਾਰਜ ਮੁਕੰਮਲ ਕਰਵਾਇਆ ਅਤੇ ਭਾਈ ਬੁੱਢਾ ਜੀ ਦੀ ਸਹਾਇਤਾ ਨਾਲ ਅੰਮ੍ਰਿਤਸਰ ਸ਼ਹਿਰ ਦੇ ਨਿਰਮਾਣ ਦਾ ਕੰਮ ਵੀ ਪੂਰਾ ਕੀਤਾ।
2. ਗੁਰੂ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਅਤੇ ਇਸ ਦੇ ਚਾਰੇ ਪਾਸੇ ਦਰਵਾਜ਼ੇ ਰੱਖੇ ਗਏ ਭਾਵ ਇਹ ਮੰਦਰ ਸਾਰੀਆਂ ਜਾਤਾਂ ਤੇ ਚਾਰੇ ਪਾਸਿਓਂ ਆਉਣ ਵਾਲੇ ਲੋਕਾਂ ਲਈ ਖੁੱਲ੍ਹਾ ਹੈ।
3. ਗੁਰੂ ਜੀ ਨੇ ਤਰਨਤਾਰਨ, ਕਰਤਾਰਪੁਰ ਅਤੇ ਹਰਗੋਬਿੰਦਪੁਰ ਨਵੇਂ ਸ਼ਹਿਰਾਂ ਦੀ ਸਥਾਪਨਾ ਕਰਵਾਈ।
4. ਉਨ੍ਹਾਂ ਨੇ ਅੰਮ੍ਰਿਤਸਰ ਦੇ ਨੇੜੇ ਪੱਛਮ ਵੱਲ ਕੁਝ ਕੁ ਮੀਲਾਂ ਦੀ ਵਿੱਥ ਤੇ ਪਾਈ ਦੀ ਥੁੜ੍ਹ ਨੂੰ ਪੂਰਾ ਕਰਨ ਲਈ ਇੱਕ ਛੇਹਰਟਾਂ ਵਾਲਾ ਖੂਹ ਖੁਦਵਾਇਆ। ਹੌਲੀ-ਹੌਲੀ ਉਸ ਦੁਆਲੇ ਇੱਕ ਸ਼ਹਿਰ ਵੀ ਵੱਸ ਗਿਆ ਜਿਸ ਨੂੰ ਅੱਜਕੱਲ੍ਹ ‘ਛੇਹਰਟਾਂ’ ਕਹਿੰਦੇ ਹਨ।
5. ਗੁਰੂ ਜੀ ਨੇ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਇਸ ਬਾਉਲੀ ਦੇ ਨਿਰਮਾਣ ਤੋਂ ਬਾਅਦ ਉਹ ਬਾਉਲੀ ਵੀ ਸਿੱਖਾਂ ਦਾ ਇੱਕ ਤੀਰਥ ਸਥਾਨ ਬਣ ਗਈ।
6. ਗੁਰੂ ਜੀ ਨੇ ਹਰ ਸਿੱਖ ਨੂੰ ਆਪਣੀ ਆਮਦਨ ਦਾ ਦਸਵਾਂ ਹਿੱਸਾ ਭਾਵ ਦਸਵੰਧ ਗੁਰੂ ਘਰ ਨੂੰ ਭੇਟਾ ਕਰਨ ਲਈ ਕਿਹਾ।
7. ਸਿੱਖਾਂ ਨੂੰ ਸਿੱਖ ਗੁਰੂਆਂ ਦੀ ਸ਼ੁੱਧ ਅਤੇ ਪ੍ਰਮਾਣਿਕ ਬਾਣੀ ਦਾ ਗਿਆਨ ਕਰਾਉਣ ਲਈ ਗੁਰੂ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ।
8. ਗੁਰੂ ਜੀ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਪ੍ਰੇਰਿਆ ਜਿਸ ਨਾਲ ਖ਼ਜ਼ਾਨੇ ਵਿੱਚ ਧਨ ਦਾ ਵਾਧਾ ਹੋਇਆ।
9.ਉਨ੍ਹਾਂ ਨੇ ਤਰਨਤਾਰਨ ਵਿਖੇ ਕੋਹੜੀਆਂ ਲਈ ਇੱਕ ਵੱਖਰੀ ਬਸਤੀ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਲਈ ਮੁਫ਼ਤ ਭੋਜਨ ਵਸਤਰ ਅਤੇ ਦਵਾਈਆਂ ਦਾ ਵੀ ਪ੍ਰਬੰਧ ਕੀਤਾ।
10.ਗੁਰੂ ਜੀ ਦਾ ਉਦੇਸ਼ ਜਾਤ ਰਹਿਤ, ਵਹਿਮ ਰਹਿਤ, ਊਚ-ਨੀਚ ਅਤੇ ਧਰਮ ਦੇ ਵਿਤਕਰੇ ਰਹਿਤ ਸਮਾਜ ਦੀ ਸਥਾਪਨਾ ਕਰਨਾ ਸੀ।
ਪ੍ਰ.6.ਮਸੰਦ ਪ੍ਰਥਾ ਦੇ ਮੁੱਢ ਵਿਕਾਸ ਅਤੇ ਫ਼ਾਇਦਿਆਂ ਬਾਰੇ ਦੱਸੋ ।
ਉੱਤਰ-ਮਸੰਦ ਪ੍ਰਥਾ ਦੀ ਸ਼ੁਰੂਆਤ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਠੀਕ ਢੰਗ ਨਾਲ ਸੰਗਠਿਤ ਅਤੇ ਵਿਕਸਤ ਕੀਤਾ। ਉਨ੍ਹਾਂ ਦੇ ਕਾਲ ਵਿਚ ਸਿੱਖਾਂ ਦੀ ਸੰਖਿਆ ਬਹੁਤ ਵੱਧ ਗਈ ਸੀ ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਹਰਿਮੰਦਰ ਸਾਹਿਬ, ਸੰਤੋਖਸਰ, ਤਰਨਤਾਰਨ, ਕਰਤਾਰਪੁਰ, ਹਰਗੋਬਿੰਦਪੁਰ ਆਦਿ ਸ਼ਹਿਰਾਂ ਦੀ ਸਥਾਪਨਾ ਕੀਤੀ ਸੀ । ਉਪਰੋਕਤ ਕਾਰਜਾਂ ਨੂੰ ਸਿਰੇ ਚਾੜ੍ਹਨ ਲਈ ਅਤੇ ਲੰਗਰ ਪ੍ਰਥਾ ਨੂੰ ਚਲਾਉਣ ਲਈ ਵੀ ਧਨ ਚਾਹੀਦਾ ਸੀ।ਸਿੱਖ ਸੰਗਤਾਂ ਤੋਂ ਚੜ੍ਹਾਵੇ ਦੇ ਰੂਪ ਵਿਚ ਕਾਫੀ ਅਤੇ ਨਿਸ਼ਚਿਤ ਰੂਪ ਵਿੱਚ ਧਨ ਪ੍ਰਾਪਤ ਨਹੀਂ ਹੁੰਦਾ ਸੀ ਇਸ ਲਈ ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਨਾਲ ਪੁਨਰ ਸੰਗਠਨ ਕੀਤਾ ਅਤੇ ਸੰਸਥਾ ਲਈ ਕਈ ਨਿਯਮ ਬਣਾਏ
1.ਹਰ ਸਿੱਖ ਦਸਵੰਧ ਭਾਵ ਆਪਣੀ ਆਮਦਨ ਦਾ ਦਸਵਾਂ ਭਾਗ ਗੁਰੂ ਦੇ ਨਾਂ ਭੇਟ ਕਰੇਗਾ।
2.ਦਸਵੰਧ ਇਕੱਠਾ ਕਰਨ ਲਈ ਵਿਸ਼ੇਸ਼ ਪ੍ਰਤੀਨਿਧ ਥਾਪੇ ਗਏ। ਉਹ ਇਕੱਠਾ ਕੀਤਾ ਗਿਆ ਧਨ ਵਿਸਾਖੀ ਦੇ ਦਿਨ ਅੰਮ੍ਰਿਤਸਰ ‘ਚ ਗੁਰੂ ਕੀ ਗੋਲਕ ਵਿਚ ਜਮ੍ਹਾਂ ਕਰਵਾਉਣਗੇ।
3.ਜਿਸ ਇਲਾਕੇ ਵਿੱਚ ਧਨ ਇਕੱਠਾ ਕਰਨ ਲਈ ਮਸੰਦ ਆਪ ਨਹੀਂ ਜਾ ਸਕਣਗੇ, ਉੱਥੇ ਉਹ ਆਪਣੇ ਪ੍ਰਤੀਨਿਧ ਭੇਜਣਗੇ ਜਿਨ੍ਹਾਂ ਨੂੰ ਮਸੰਦੀਆਂ ਜਾਂ ਸੰਗਤੀਆਂ ਕਿਹਾ ਜਾਂਦਾ ਸੀ।
4. ਧਨ ਇਕੱਠਾ ਕਰਨ ਦੇ ਨਾਲ-ਨਾਲ ਮਸੰਦ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਸਨ।
ਇਹ ਪ੍ਰਥਾ ਸਿੱਖ ਧਰਮ ਦੇ ਵਿਕਾਸ ਲਈ ਅਤਿ ਮਹੱਤਵਪੂਰਨ ਸਿੱਧ ਹੋਈ। ਇਸ ਦੇ ਫਲਸਰੂਪ ਗੁਰੂ ਸਾਹਿਬ ਨੂੰ ਨਿਸ਼ਚਿਤ ਰੂਪ ਵਿੱਚ ਧਨ ਪ੍ਰਾਪਤ ਹੋਣ ਲੱਗਾ ਜਿਸ ਨਾਲ ਗੁਰੂ ਸਾਹਿਬ ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਸਬੰਧੀ ਆਪਣੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇ ਸਕੇ।
ਪ੍ਰ.7. ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ ਦਾ ਵਰਨਣ ਕਰੋ ।
ਉੱਤਰ-1.ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਹਾਲਾਤ ਨੂੰ ਸਮਝਦਿਆਂ ਸਿੱਖਾਂ ਵਿਚ ਨਿਡਰਤਾ ਤੇ ਆਤਮ ਵਿਸ਼ਵਾਸ ਦੀ ਭਾਵਨਾ ਜਗਾਉਣ ਲਈ ਗੁਰੂ ਜੀ ਨੇ ‘ਮੀਰੀ’ ਅਤੇ ‘ਪੀਰੀ’ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ।ਮੀਰੀ ਦੀ ਤਲਵਾਰ ਸੰਸਾਰਿਕ ਮਾਮਲਿਆਂ ਵਿਚ ਅਗਵਾਈ ਕਰਦੀ ਸੀ ਅਤੇ ਪੀਰੀ ਦੀ ਤਲਵਾਰ ਧਾਰਮਿਕ ਮਾਮਲਿਆਂ ਵਿੱਚ ਅਗਵਾਈ ਦਾ ਚਿੰਨ੍ਹ ਸੀ।
2.ਗੁਰੂ ਜੀ ਨੇ ਸ਼ਾਹੀ ਢੰਗ ਨਾਲ ਕਲਗੀ ਸਜਾਈ ਅਤੇ ਅੰਗ ਰੱਖਿਅਕ ਵੀ ਰੱਖ ਲਏ ।
3.ਗੁਰੂ ਜੀ ਸਿੱਖਾਂ ਤੋਂ ਧਨ ਦੀ ਥਾਂ ਘੋੜਿਆਂ ਅਤੇ ਸ਼ਾਸਤਰਾਂ ਦੀ ਭੇਟਾ ਲੈਣ ਲੱਗੇ ਜਿਸ ਨਾਲ ਸੈਨਾ ਦਾ ਨਿਰਮਾਣ ਸੌਖਾ ਹੋ ਗਿਆ।
4.ਉਨ੍ਹਾਂ ਨੇ ਪੰਜ ਸੌ ਸਿੱਖਾਂ ਨੂੰ ਪੰਜ ਜਥਿਆਂ ਵਿੱਚ ਵੰਡ ਕੇ ਸਿੱਖ ਸੈਨਾ ਦਾ ਸੰਗਠਨ ਕਰਨਾ ਸ਼ੁਰੂ ਕਰ ਦਿੱਤਾ ।
5.ਗੁਰੂ ਜੀ ਸਿੱਖਾਂ ਵਿੱਚ ਨਵਾਂ ਉਤਸ਼ਾਹ ਭਰਨ ਲਈ ਆਪਣੇ ਦਰਬਾਰ ਦੇ ਅਬਦੁਲ ਅਤੇ ਨੱਥਾ ਮੱਲ ਢਾਡੀਆਂ ਨੂੰ ਵੀ ਵੀਰ ਰਸ ਦੀਆਂ ਵਾਰਾਂ ਗਾਉਣ ਲਈ ਲਾਇਆ।
6.ਗੁਰੂ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵੱਲ ਅਕਾਲ ਤਖ਼ਤ ਦੀ ਉਸਾਰੀ ਕਰਵਾਈ ਅਤੇ ਉਸ ਦੇ ਅੰਦਰ ਬਾਰਾਂ ਫੁੱਟ ਉੱਚੇ ਥੜ੍ਹੇ ਦਾ ਨਿਰਮਾਣ ਕਰਵਾਇਆ ਜਿੱਥੇ ਬੈਠ ਕੇ ਉਹ ਸਿੱਖਾਂ ਨੂੰ ਰਾਜਨੀਤਕ ਸਿੱਖਿਆ ਦਿੰਦੇ ਸਨ।
7.ਗੁਰੂ ਜੀ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਉਸ ਦੇ ਚਾਰੇ ਪਾਸੇ ਕੰਧ ਦੀ ਉਸਾਰੀ ਕਰਵਾਈ ਅਤੇ ਸ਼ਹਿਰ ਵਿੱਚ ਲੋਹਗੜ੍ਹ ਨਾਮੀਂ ਕਿਲ੍ਹੇ ਦਾ ਨਿਰਮਾਣ ਵੀ ਕਰਵਾਇਆ ਉਸ ਦੇ ਵਿੱਚ ਲੋੜ ਅਨੁਸਾਰ ਸੈਨਿਕ ਸਮੱਗਰੀ ਰੱਖੀ ਗਈ।
8.ਗੁਰੂ ਜੀ ਦੁਆਰਾ ਕੀਤੇ ਉਪਰੋਕਤ ਕਾਰਜਾਂ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਨਿਰਾਸ਼ ਹੋਏ ਸਿੱਖਾਂ ਨੂੰ ਪੁਨਰਜੀਵਨ ਪ੍ਰਾਪਤ ਹੋਇਆ।
ਪ੍ਰ.8. ਨਵੀਂ ਨੀਤੀ ਤੋਂ ਬਿਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੋਰ ਕੀ-ਕੀ ਕੰਮ ਕੀਤੇ ?
ਉੱਤਰ-1.ਗੁਰੂ ਜੀ ਨੇ ਕੀਰਤਪੁਰ ਸਾਹਿਬ ਸ਼ਹਿਰ ਦੀ ਉਸਾਰੀ ਕਰਵਾਈ। 1635 ਈ:ਵਿੱਚ ਗੁਰੂ ਜੀ ਨੇ ਇਸ ਸ਼ਹਿਰ ਵਿੱਚ ਨਿਵਾਸ ਕਰ ਲਿਆ
2.ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਬਣਵਾਇਆ।
3.ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਚਾਰ ਮੁੱਖ ਪ੍ਰਚਾਰਕਾਂ ਅਲਸਮਤ, ਫੂਲ, ਗੌਡਾ ਅਤੇ ਬਲੂ ਹਸਨਾ ਨੂੰ ਨਿਯੁਕਤ ਕੀਤਾ।
4.ਆਪਣਾ ਅੰਤ ਸਮਾਂ ਨੇੜੇ ਆਉਂਦਾ ਦੇਖ ਕੇ ਗੁਰੂ ਜੀ ਨੇ ਆਪਣੇ ਪੋਤੇ ਹਰਿਰਾਇ ਜੀ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ।
ਪ੍ਰ.9. ਸਿੱਖ ਧਰਮ ਦੇ ਵਿਕਾਸ ਲਈ ਗੁਰੂ ਹਰਿਰਾਇ ਜੀ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-1. ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਚਾਰਕ ਥਾਪੇ ਤੇ ਆਪ ਵੀ ਧਾਰਮਿਕ ਯਾਤਰਾਵਾਂ ਤੇ ਗਏ।
2. ਗੁਰੂ ਜੀ ਨੇ ਨਥਾਣਾ (ਬਠਿੰਡਾ) ਵਿਖੇ ਇੱਕ ਫੂਲ ਨਾਮ ਦੇ ਗੂੰਗੇ ਨੂੰ ਵਰਦਾਨ ਦਿੱਤਾ ਕਿ ਉਹ ਬਹੁਤ ਮਹਾਨ, ਪ੍ਰਸਿੱਧ ਅਤੇ ਧਨਵਾਨ ਵਿਅਕਤੀ ਬਣੇਗਾ । ਗੁਰੂ ਜੀ ਦਾ ਵਰ ਠੀਕ ਨਿੱਕਲਿਆ। ਪਟਿਆਲਾ, ਨਾਭਾ ਅਤੇ ਜੀਂਦ ਦੀਆਂ ਰਿਆਸਤਾਂ ਦੇ ਰਾਜੇ ਫੂਲ ਦੀ ਸੰਤਾਨ ਵਿੱਚੋਂ ਹੀ ਸਨ।
3. ਗੁਰੂ ਜੀ ਨੇ ਯੁੱਧ ਵਿੱਚ ਹਾਰੇ ਹੋਏ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਦੀ ਸਹਾਇਤਾ ਕੀਤੀ।
4. ਦਾਰਾ ਸ਼ਿਕੋਹ ਨੂੰ ਦਿੱਤੀ ਸਹਾਇਤਾ ਬਾਰੇ ਪੁੱਛਣ ਲਈ ਔਰੰਗਜ਼ੇਬ ਨੇ ਗੁਰੂ ਹਰਿਰਾਇ ਜੀ ਨੂੰ ਦਿੱਲੀ ਬੁਲਾਇਆ।ਦੂਜਾ ਉਹ ਗੁਰੂ ਜੀ ਤੋਂ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ ਕਿਧਰੇ ਸਿੱਖ ਧਰਮ ਮੁਸਲਿਮ ਧਰਮ ਦੇ ਖ਼ਿਲਾਫ਼ ਤਾਂ ਨਹੀਂ। ਗੁਰੂ ਜੀ ਨੇ ਆਪ ਦਿੱਲੀ ਜਾਣ ਦੀ ਬਜਾਏ ਆਪਣੇ 14-15 ਸਾਲ ਦੇ ਵੱਡੇ ਪੁੱਤਰ ਰਾਮਰਾਇ ਨੂੰ ਭੇਜ ਦਿੱਤਾ। ਔਰੰਗਜ਼ੇਬ ਨੇ ਆਸਾ ਦੀ ਵਾਰ ਵਿੱਚ ਦਿੱਤੇ ਗਏ ਸ਼ਲੋਕ ਵਿੱਚੋਂ ‘ਮੁਸਲਮਾਨ’ ਸ਼ਬਦ ਦਾ ਸਪਸ਼ਟੀਕਰਨ ਮੰਗਿਆ ਤਾਂ ਰਾਮ ਰਾਏ ਨੇ ਚਤੁਰਾਈ ਨਾਲ ਜਵਾਬ ਦਿੱਤਾ ਕਿ ਇਸ ਸਲੋਕ ਵਿਚ ‘ਮੁਸਲਮਾਨ’ ਸ਼ਬਦ ਗਲਤੀ ਨਾਲ ਲਿਖਿਆ ਗਿਆ ਹੈ ਇਸ ਦੀ ਥਾਂ ਤੇ ਅਸਲੀ ਸ਼ਬਦ ਬੇਈਮਾਨ ਹੈ ਇਸ ਉੱਤਰ ਨਾਲ ਮੁਗਲ ਸਮਰਾਟ ਔਰੰਗਜ਼ੇਬ ਦੀ ਤਾਂ ਤਸੱਲੀ ਹੋ ਗਈ ਪਰ ਗੁਰੂ ਹਰਰਾਇ ਜੀ ਬਹੁਤ ਦੁੱਖੀ ਹੋਏ।
5. ਰਾਮ ਰਾਇ ਨੇ ਔਰੰਗਜ਼ੇਬ ਅੱਗੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਦਲ ਕੇ ਕਾਇਰਤਾ ਦਿਖਾਈ ਸੀ। ਜਿਸ ਕਾਰਨ ਗੁਰੂ ਜੀ ਉਸ ਤੋਂ ਨਾਰਾਜ਼ ਹੋ ਗਏ ਤੇ ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਆਪਣੇ ਛੋਟੇ ਅਤੇ ਪੰਜ ਕੁ ਸਾਲ ਦੇ ਪੁੱਤਰ ਹਰਿਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ।
ਪ੍ਰ.10.ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ-1. ਸ੍ਰੀ ਗੁਰੂ ਹਰਕ੍ਰਿਸ਼ਨ ਜੀ ਪੰਜ ਸਾਲ ਤਿੰਨ ਮਹੀਨੇ ਦੀ ਉਮਰ ਵਿਚ ਗੁਰਗੱਦੀ ‘ਤੇ ਬੈਠੇ ।ਉਨ੍ਹਾਂ ਨੂੰ ‘ਬਾਲ ਗੁਰੂ’ ਵੀ ਕਿਹਾ ਜਾਂਦਾ ਹੈ। ਸਿੱਖ ਧਰਮ ਨੂੰ ਪ੍ਰਚਾਰਨ ਅਤੇ ਪ੍ਰਸਾਰ ਕਰਨ ਲਈ ਉਨ੍ਹਾਂ ਨੇ ਮਹਾਨ ਕਾਰਜ ਕੀਤੇ।
2. ਗੁਰੂ ਜੀ ਦਾ ਵੱਡਾ ਭਰਾ ਰਾਮਰਾਇ ਗੁਰਗੱਦੀ ਨੂੰ ਲੈ ਕੇ ਗੁਰੂ ਜੀ ਨਾਲ ਈਰਖਾ ਕਰਨ ਲੱਗਾ ਕਿਉਂਕਿ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਜੀ ਦੇ ਆਦੇਸ਼ ਅਨੁਸਾਰ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਸਨ । ਰਾਮ ਰਾਇ ਨੇ ਗੁਰਗੱਦੀ ‘ ਆਪਣਾ ਹੱਕ ਜਤਾਇਆ ਅਤੇ ਔਰੰਗਜ਼ੇਬ ਕੋਲ ਇਸ ਗੱਲ ਦੀ ਸ਼ਿਕਾਇਤ ਕੀਤੀ।
3. ਔਰੰਗਜ਼ੇਬ ਨੇ ਦੋਵਾਂ ਭਰਾਵਾਂ ਦੀ ਅਣਬਣ ਦਾ ਪੂਰਾ-ਪੂਰਾ ਲਾਭ ਉਠਾਉਣਾ ਚਾਹਿਆ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਪੁੱਜਣ ਲਈ ਸੰਦੇਸ਼ ਭੇਜਿਆ। ਬਾਲ ਗੁਰੂ 1664 ਈਸਵੀ ਵਿਚ ਕੀਰਤਪੁਰ ਤੋਂ ਆਪਣੀ ਮਾਤਾ ਤੇ ਕੁਝ ਸਿੱਖਾਂ ਨਾਲ ਦਿੱਲੀ ਵੱਲ ਚੱਲ ਪਏ। ਉਹ ਰਾਹ ਵਿੱਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਗਏ। ਇਸ ਲਈ ਉਨ੍ਹਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਸੰਗਤਾਂ ਵੀ ਜੁੜ ਗਈਆਂ।
4. ਦਿੱਲੀ ਪਹੁੰਚ ਕਿ ਗੁਰੂ ਜੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ ਅਤੇ ਉਹ ਦਾਸੀਆਂ ਵਿੱਚੋਂ ਰਾਜੇ ਦੀ ਪਟਰਾਣੀ ਨੂੰ ਪਛਾਣ ਕੇ ਉਸਦੀ ਦੀ ਗੋਦੀ ਵਿੱਚ ਬੈਠ ਗਏ। ਰਾਜਾ ਗੁਰੂ ਜੀ ਦੀ ਸੂਝ ਤੋਂ ਅਤਿਅੰਤ ਪ੍ਰਭਾਵਿਤ ਹੋਇਆ ਇਸ ਅਸਥਾਨ ਤੇ ਅੱਜਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ।
5. ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਪਹੁੰਚੇ ਤਾਂ ਉਦੋਂ ਉੱਥੇ ਹੈਜ਼ਾ ਅਤੇ ਚੇਚਕ ਵਰਗੀਆਂ ਬਿਮਾਰੀਆਂ ਫੈਲੀਆਂ ਹੋਈਆਂ ਸਨ। ਗੁਰੂ ਜੀ ਅਤੇ ਸਿੱਖਾਂ ਨੇ ਬਿਮਾਰਾਂ ਤੇ ਲੋੜਵੰਦਾਂ ਦੀ ਭਰਪੂਰ ਸਹਾਇਤਾ ਕੀਤੀ।
6. ਦਿੱਲੀ ਨਿਵਾਸ ਸਮੇਂ ਹੀ ਗੁਰੂ ਜੀ ਨੂੰ ਚੇਚਕ ਨਿਕਲ ਆਈ ਤੇ ਉਨ੍ਹਾਂ ਨੂੰ ਤੇਜ਼ ਬੁਖਾਰ ਹੋਣ ਨਾਲ ਉਹ 30 ਮਾਰਚ,1664 ਨੂੰ ਜੋਤੀ-ਜੋਤ ਸਮਾ ਗਏ।
7. ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਪੈਸੇ ਅਤੇ ਇੱਕ ਨਾਰੀਅਲ ਮੰਗਵਾ ਕੇ ਤਿੰਨ ਵਾਰੀ ਘੁੰਮਾਇਆ ਅਤੇ ਨਾਲ ਹੀ ਕਿਹਾ ‘ਬਾਬਾ ਬਕਾਲਾ’। ਉਨ੍ਹਾਂ ਸ਼ਬਦਾਂ ਦਾ ਭਾਵ ਅਰਥ ਇਹ ਸੀ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਬਕਾਲਾ ਪਿੰਡ (ਅੰਮ੍ਰਿਤਸਰ) ਵਿਖੇ ਹਨ ਅਤੇ ਉਹ ਉਨ੍ਹਾਂ ਦੇ ਦਾਦਾ ਹਨ।
ਪ੍ਰ.11.ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਾਲਵਾ ਯਾਤਰਾ ਦਾ ਵਰਣਨ ਕਰੋ ।
ਉੱਤਰ- 1672-73 ਈਸਵੀ ਦੇ ਆਰੰਭ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਮਾਲਵੇ ਅਤੇ ਬਾਂਗਰ ਦੇ ਪ੍ਰਦੇਸ਼ ਵਿੱਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਮਨ ਬਣਾਇਆ। ਇਸ ਕੰਮ ਲਈ ਉਹ ਮਾਲਵਾ ਤੇ ਬਾਂਗਰ ਪ੍ਰਦੇਸ਼ ਵਿੱਚ ਲਗਪਗ ਦੋ ਸਾਲ ਰਹੇ। ਉਹ ਜਿੱਥੇ ਵੀ ਗਏ ਉੱਥੇ ਅੱਜ ਵੀ ਇਤਿਹਾਸਕ ਗੁਰਦੁਆਰਾ ਮੌਜੂਦ ਹੈ ।ਇਸ ਇਲਾਕੇ ਵਿੱਚ ਜਿਹੜੀਆਂ ਯਾਤਰਾਵਾਂ ਗੁਰੂ ਸਾਹਿਬ ਨੇ ਕੀਤੀਆਂ ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ –
ਚੱਕ ਨਾਨਕੀ ਤੋਂ ਚੱਲ ਕੇ ਗੁਰੂ ਜੀ ਫਿਰ ਦੂਜੀ ਵਾਰ ਸ਼ੈਫਾਬਾਦ ਗਏ। ਸੈਫ਼ਉੱਦੀਨ ਨੇ ਉਨ੍ਹਾਂ ਦਾ ਬੜਾ ਮਾਣ ਅਤੇ ਸਤਿਕਾਰ ਕੀਤਾ। ਸੈਫ਼ਾਬਾਦ ਤੋਂ ਗੁਰੂ ਤੇਗ ਬਹਾਦਰ ਜੀ ਪਟਿਆਲਾ ਗਏ। ਅੱਜਕੱਲ੍ਹ ਦੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਵਾਲੀ ਥਾਂ ਤੇ ਉਨ੍ਹਾਂ ਨੇ ਚਰਨ ਪਾਏ। ਉਥੋਂ ਉਹ ਮੋਤੀ ਬਾਗ ਵਾਲਾ ਗੁਰਦੁਆਰਾ ਸਾਹਿਬ ਵਾਲੀ ਥਾਂ ਤੇ ਪੁੱਜੇ। ਪਟਿਆਲਾ ਤੋਂ ਗੁਰੂ ਤੇਗ ਬਹਾਦਰ ਜੀ ਮੂਲੋਵਾਲ ਪਿੰਡ ਗਏ। ਉੱਥੇ ਪਾਣੀ ਦੀ ਬੜੀ ਥੁੜ੍ਹ ਸੀ। ਉਨ੍ਹਾਂ ਨੇ ਉੱਥੇ ਖੂਹ ਖੁਦਵਾਇਆ। ਮੂਲੋਵਾਲ ਤੋਂ ਉਹ ਪਿੰਡ ਸੇਖਾ ਗਏ। ਉਹ ਸੇਖੇ ਤੋਂ ਢਿੱਲਵਾਂ, ਖੀਵਾ, ਸਮਾਓਂ, ਭੀਖੀ, ਖਿਆਲਾ, ਮੌੜ, ਤਲਵੰਡੀ ਸਾਬੋ, ਬਠਿੰਡਾ ਅਤੇ ਧਮਧਾਨ ਪੁੱਜੇ। ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਉਨ੍ਹਾਂ ਦੇ ਸ਼ਰਧਾਲੂ ਬਣ ਗਏ।