ਪਾਠ-3 ਗ਼ਰੀਬੀ: ਭਾਰਤ ਦੇ ਸਾਹਮਣੇ ਇਕ ਚੁਣੌਤੀ
ੳ. ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪਿਕ ਚੋਣ ਪ੍ਰਸ਼ਨ:-
1. ਭਾਰਤ ਵਿੱਚ ਗ਼ਰੀਬੀ ਵਿੱਚ ਰਹਿਣ ਵਾਲੇ ਲੋਕਾਂ ਦੀ ਸੰਖਿਆ ਕਿੰਨੀ ਹੈ।
a) 20 ਕਰੋੜ
b) 25 ਕਰੋੜ
c) 26 ਕਰੋੜ
d) ਇਨ੍ਹਾਂ ਵਿੱਚੋਂ ਕੋਈ ਨਹੀਂ ਹੈ।
ਉੱਤਰ : ਇਨ੍ਹਾਂ ਵਿੱਚੋਂ ਕੋਈ ਨਹੀਂ।
2. ਗ਼ਰੀਬੀ ਦਾ ਅਨੁਪਾਤ…………………….. ਵਿੱਚ ਘੱਟ ਹੈ।
a) ਵਿਕਸਿਤ ਦੇਸ਼ਾਂ
b) ਵਿਕਾਸਸ਼ੀਲ ਦੇਸ਼ਾਂ
c) ਅਲਪ ਵਿਕਸਿਤ ਦੇਸਾਂ
d) ਇਨ੍ਹਾਂ ਵਿੱਚੋਂ ਕੋਈ ਨਹੀਂ।
ਉੱਤਰ : ਵਿਕਸਿਤ ਦੇਸਾਂ।
3. ਭਾਰਤੀ ਵਿੱਚ ਸਭ ਤੋਂ ਜ਼ਿਆਦਾ ਗ਼ਰੀਬ ਰਾਜ ਕਿਹੜਾ ਹੈ ?
a) ਬਿਹਾਰ
b) ਉੱਤਰ ਪ੍ਰਦੇਸ਼
c) ਪੰਜਾਬ
d) ਰਾਜਸਥਾਨ
ਉੱਤਰ : ਬਿਹਾਰ
4. ਰਾਸ਼ਟਰੀ ਆਮਦਨ ਕਿਸ ਦਾ ਸੂਚਕ ਹੈ।
a) ਗ਼ਰੀਬੀ ਰੇਖਾ
b) ਜਨਸੰਖਿਆ
c) ਸਾਪੇਖ ਗ਼ਰੀਬੀ
d) ਨਿਰਪੇਖ ਗ਼ਰੀਬੀ
ਉੱਤਰ : ਸਾਪੇਖ ਗਰੀਬੀ।
2. ਖਾਲੀ ਸਥਾਨ ਭਰੋ:-
1. ਸੰਸਾਰ ਦੀ ਕੁੱਲ ਗ਼ਰੀਬ ਜਨਸੰਖਿਆ ਦੇ 1/5% ਹਿੱਸੇ ਤੋਂ ਜ਼ਿਆਦਾ ਗ਼ਰੀਬ ਭਾਰਤ ਵਿੱਚ ਰਹਿੰਦੇ ਹਨ।
2. ਗ਼ਰੀਬੀ ਗ਼ਰੀਬ ਲੋਕਾਂ ਵਿਚ ਲਾਚਾਰੀ ਦੀ ਭਾਵਨਾ ਪੈਦਾ ਕਰਦੀ ਹੈ।
3.ਪੇਂਡੂ ਲੋਕਾਂ ਨੂੰ ਸ਼ਹਿਰੀਆਂ ਨਾਲੋਂ ਜ਼ਿਆਦਾ ਕੈਲਰੀ ਦੀ ਲੋੜ ਹੁੰਦੀ ਹੈ।
4. ਪੰਜਾਬ ਰਾਜ ਉੱਚ ਖੇਤੀ ਵਾਧੇ ਦਰ ਦੀ ਸਹਾਇਤਾ ਨਾਲ ਗਰੀਬੀ ਘੱਟ ਕਰਨ ਵਿੱਚ ਸਫ਼ਲ ਰਿਹਾ ਹੈ।
5.ਉਹ ਤਰੀਕਾ ਜਿਹੜਾ ਜ਼ਿੰਦਗੀ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ ਘੱਟੋ ਘੱਟ ਜ਼ਰੂਰੀ ਆਮਦਨ ਨੂੰ ਮਾਪਣ ਦਾ ਹੈ, ਨੂੰ ਗ਼ਰੀਬੀ ਰੇਖਾ
ਕਹਿੰਦੇ ਹਨ।
6. ਸਾਪੇਖ ਗ਼ਰੀਬੀ ਗ਼ਰੀਬੀ ਦੇ ਮਾਪਦੰਡ ਦਾ ਇੱਕ ਕਾਰਨ ਹੈ।
3. ਸਹੀ ਗਲਤ:-
1. ਵਿਸ਼ਵ ਵਿਆਪੀ ਨਿਵੇਸ਼ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। (ਸਹੀ)
2. ਖੇਤੀਬਾੜੀ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ। (ਸਹੀ)
3. ਪਿੰਡਾਂ ਵਿੱਚ ਪੜ੍ਹੀ ਲਿਖੀ ਬੇਰੁਜ਼ਗਾਰੀ ਜ਼ਿਆਦਾ ਹੁੰਦੀ ਹੈ। (ਗਲਤ)
4. ਨੈਸ਼ਨਲ ਸੈਂਪਲ ਸਰਵੇ-ਆਰਗੇਨਾਈਜ਼ੇਸ਼ਨ (NSSO) ਸਰਵੇਖਣ ਕਰਕੇ ਜਨਸੰਖਿਆ ਵਿੱਚ ਹੋ ਰਹੇ ਵਾਧੇ ਦਾ ਅਨੁਮਾਨ ਲਗਾਉਂਦੇ
ਹਨ। (ਸਹੀ)
5. ਸਭ ਤੋਂ ਵੱਧ ਗ਼ਰੀਬੀ ਵਾਲੇ ਰਾਜ ਬਿਹਾਰ ਤੇ ਓਡੀਸ਼ਾ ਹਨ। (ਸਹੀ)
4. ਬਹੁਤ ਛੋਟੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ :–
ਪ੍ਰਸ਼ਨ 1. ਸਾਪੇਖ ਗ਼ਰੀਬੀ ਤੋਂ ਕੀ ਭਾਵ ਹੈ?
ਉੱਤਰ : ਸਾਪੇਖ ਗ਼ਰੀਬੀ ਦਾ ਭਾਵ ਦੇਸ਼ ਦੀ ਰਾਸ਼ਟਰੀ ਆਮਦਨ ਦੀ ਵੱਖ ਵੱਖ ਵਿਅਕਤੀਆਂ ਅਤੇ ਪਰਿਵਾਰਾਂ ਵਿੱਚ ਵੰਡ ਹੈ।
ਪ੍ਰਸ਼ਨ 2. ਨਿਰਪੇਖ ਗ਼ਰੀਬੀ ਤੋਂ ਕੀ ਭਾਵ ਹੈ?
ਉੱਤਰ : ਨਿਰਪੇਖ ਗ਼ਰੀਬੀ ਤੋਂ ਭਾਵ ਹੈ, ਗ਼ਰੀਬੀ ਦਾ ਉਹ ਮਾਪ, ਜਿਸ ਉਪਭੋਗ ਦਾ ਘੱਟੋ ਘੱਟ ਪੱਧਰ ਅਤੇ ਪ੍ਰਤੀ ਵਿਅਕਤੀ ਵਲੋਂ ਉਪਯੋਗ
ਕੀਤੀ ਕੈਲਰੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਪ੍ਰਸ਼ਨ 3. ਸਾਪੇਖ ਗ਼ਰੀਬੀ ਦੇ ਦੋ ਸੰਕੇਤਕਾਂ ਦੇ ਨਾਂ ਦੱਸੋ ।
ਉੱਤਰ : ਪ੍ਰਤੀ ਵਿਅਕਤੀ ਆਮਦਨ ਅਤੇ ਰਾਸ਼ਟਰੀ ਆਮਦਨ।
ਪ੍ਰਸ਼ਨ 4. ਗ਼ਰੀਬੀ ਰੇਖਾ ਤੋਂ ਕੀ ਭਾਵ ਹੈ ?
ਉੱਤਰ : ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਘੱਟੋ ਘੱਟ ਆਮਦਨ ਨੂੰ ਮਾਪਣ ਦੀ ਵਿਧੀ ਨੂੰ ਗ਼ਰੀਬੀ ਰੇਖਾ ਕਹਿੰਦੇ ਹਨ।
ਪ੍ਰਸ਼ਨ 5. ਗ਼ਰੀਬੀ ਰੇਖਾ ਨੂੰ ਨਿਰਧਾਰਤ ਕਰਨ ਲਈ ਭਾਰਤ ਦੇ ਯੋਜਨਾ ਕਮਿਸ਼ਨ ਨੇ ਕੀ ਮਾਪਦੰਡ ਅਪਣਾਇਆ ਹੈ?
ਉੱਤਰ :ਗਰੀਬ ਲੋਕਾਂ ਦੀ ਆਮਦਨ ਅਤੇ ਉਪਭੋਗ ਦਰ।
ਪ੍ਰਸ਼ਨ 6. ਗ਼ਰੀਬੀ ਦੇ ਦੋ ਮਾਪਦੰਡਾਂ ਦੀ ਨਾਂ ਦੱਸੋ।
ਉੱਤਰ: ਆਮਦਨ ਤੇ ਉਪਭੋਗ।
ਪ੍ਰਸ਼ਨ 7. ਗ਼ਰੀਬ ਪਰਿਵਾਰ ਵਿੱਚ ਸਭ ਤੋਂ ਜ਼ਿਆਦਾ ਕੌਣ ਦੁੱਖ ਸਹਿੰਦਾ ਹੈ?
ਉੱਤਰ : ਬੱਚੇ।
ਪ੍ਰਸ਼ਨ 8. ਭਾਰਤ ਦੇ ਸਭ ਤੋਂ ਵੱਧ ਦੋ ਗਰੀਬ ਰਾਜਾਂ ਦੇ ਨਾਂ ਦੱਸੋ ।
ਉੱਤਰ : ਉੜੀਸਾ ਤੇ ਬਿਹਾਰ।
ਪ੍ਰਸ਼ਨ 9. ਕੇਰਲਾ ਨੇ ਗ਼ਰੀਬੀ ਕਿਵੇਂ ਸਭ ਤੋਂ ਵੱਧ ਘਟਾਈ ਹੈ?
ਉੱਤਰ : ਮਨੁੱਖੀ ਸੰਸਾਧਨ ਵਿਕਾਸ ਵੱਲ ਜ਼ਿਆਦਾ ਧਿਆਨ ਦੇ ਕੇ।
ਪ੍ਰਸ਼ਨ 10, ਪੱਛਮੀ ਬੰਗਾਲ ਨੂੰ ਗਰੀਬੀ ਹਟਾਉਣ ਵਿੱਚ ਕਿਸ ਨੇ ਸਹਾਇਤਾ ਕੀਤੀ?
ਉੱਤਰ : ਭੂਮੀ ਸੁਧਾਰ ਤਰੀਕਿਆਂ ਨੇ।
ਪ੍ਰਸ਼ਨ 11. ਦੋ ਰਾਜਾਂ ਦੇ ਨਾਮ ਦੱਸੇ ਜਿਨ੍ਹਾਂ ਨੇ ਉੱਚ ਖ਼ੇਤੀਬਾੜੀ ਵਾਧਾ ਦਰ ਦੀ ਸਹਾਇਤਾ ਨਾਲ ਗ਼ਰੀਬੀ ਘਟਾਈ ਹੈ?
ਉੱਤਰ : ਪੰਜਾਬ ਅਤੇ ਹਰਿਆਣਾ।
ਪ੍ਰਸ਼ਨ 12.ਚੀਨ ਅਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ ਗ਼ਰੀਬੀ ਘਟਾਉਣ ਵਿੱਚ ਕਿਵੇਂ ਸਮਰੱਥ ਹੋਏ ?
ਉੱਤਰ : ਆਰਥਿਕ ਵਿਕਾਸ ਤੇ ਮਨੁੱਖੀ ਸੰਸਾਧਨ ਵਿਕਾਸ ‘ਚ ਨਿਵੇਸ਼ ਦੇ ਕਾਰਨ।
ਪ੍ਰਸ਼ਨ 13 ਗ਼ਰੀਬੀ ਦੇ ਦੋ ਕਾਰਨ ਦੱਸੋ ?
ਉੱਤਰ : 1. ਆਰਥਿਕ ਵਿਕਾਸ ਦੀ ਧੀਮੀ ਦਰ
2. ਭਾਰੀ ਜਨਸੰਖਿਆ ਦਬਾਅ
ਪ੍ਰਸ਼ਨ 14. ਦੋ ਗ਼ਰੀਬੀ ਘਟਾਉਣ ਵਾਲੇ ਪ੍ਰੋਗਰਾਮਾਂ ਦੇ ਨਾਂ ਦੱਸੋ।
ਉੱਤਰ : 1) ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਮਪਲਾਇਮੈਂਟ ਗਾਰੰਟੀ ਐਕਟ (MNREGA 2005)
2) ਸੰਪੂਰਨ ਗ੍ਰਾਮੀਣ ਰੁਜ਼ਗਾਰ ਯੋਜਨਾ (SGRY)
ਪ੍ਰਸ਼ਨ 15. ਉਸ ਪ੍ਰੋਗਰਾਮ ਦਾ ਨਾਮ ਦੱਸੋ ਜਿਹੜਾ ਸਰਕਾਰੀ ਸਕੂਲੀ ਬੱਚਿਆਂ ਨੂੰ ਮੁਫ਼ਤ ਭੋਜਨ ਪ੍ਰਦਾਨ ਕਰਵਾਉਂਦਾ ਹੈ।
ਉੱਤਰ : ਘੱਟ ਤੋਂ ਘੱਟ ਜਰੂਰਤ ਪ੍ਰੋਗਰਾਮ(Minimum Needs Programme)
ਅ ਛੋਟੇ ਉੱਤਰਾਂ ਵਾਲੇ ਪ੍ਰਸ਼ਨ:-
ਪ੍ਰਸ਼ਨ 1. ਗਰੀਬੀ ਤੋਂ ਕੀ ਭਾਵ ਹੈ? ਵਿਆਖਿਆ ਕਰੋ।
ਉੱਤਰ : ਗਰੀਬੀ ਉਹ ਸਥਿਤੀ ਹੈ, ਜਿਸ ‘ਚ ਲੋਕ ਆਪਣੀ ਜ਼ਿੰਦਗੀ ਦੀਆਂ ਘੱਟੋ-ਘੱਟ ਮੁੱਢਲੀਆਂ ਲੋੜਾਂ ਜਿਵੇਂ ਰੋਟੀ, ਕੱਪੜਾ, ਮਕਾਨ, ਸਿੱਖਿਆ ਅਤੇ ਸਿਹਤ ਸੁਵਿਧਾਵਾਂ ਆਦਿ ਪ੍ਰਾਪਤ ਕਰਨ ਤੋਂ ਅਸਮਰੱਥ ਹੁੰਦੇ ਹਨ । ਮੁੱਢਲੀਆਂ ਲੋੜਾਂ ਪੂਰੀਆਂ ਨਾ ਹੋਣ ਤੇ ਗ਼ਰੀਬੀ ਵਿੱਚ ਰਹਿ ਰਹੇ ਲੋਕਾਂ ਦੀ ਸਿਹਤ ਅਤੇ ਕੁਸ਼ਲਤਾ ਦੀ ਹਾਨੀ ਹੁੰਦੀ ਹੈ, ਜਿਸ ਨਾਲ ਦੇਸ਼ ਨਿਰੰਤਰ ਗ਼ਰੀਬ ਰਹਿੰਦਾ ਹੈ।
ਪ੍ਰਸ਼ਨ 2. ਸਾਪੇਖ ਅਤੇ ਨਿਰਪੇਖ ਗਰੀਬੀ ਵਿੱਚ ਅੰਤਰ ਸਪਸ਼ਟ ਕਰੋ।
ਉੱਤਰ : ਸਾਪੇਖ ਗ਼ਰੀਬੀ ਦਾ ਭਾਵ ਦੇਸ਼ ਦੀ ਰਾਸ਼ਟਰੀ ਆਮਦਨ ਦੀ ਵੱਖ ਵੱਖ ਵਿਅਕਤੀਆਂ ਅਤੇ ਪਰਿਵਾਰਾਂ ਵਿੱਚ ਵੰਡ ਹੈ ਜਦਕਿ ਨਿਰਪੇਖ ਗ਼ਰੀਬੀ ਤੋਂ ਭਾਵ ਗਰੀਬੀ ਦਾ ਉਹ ਮਾਪ ਜਿਸ ਵਿੱਚ ਉਪਭੋਗ ਦਾ ਘੱਟੋ ਘੱਟ ਪੱਧਰ ਅਤੇ ਪ੍ਰਤੀ ਵਿਅਕਤੀ ਵੱਲੋਂ ਉਪਭੋਗ ਕੀਤੀ ਕੈਲਰੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਪ੍ਰਸ਼ਨ 3. ਗ਼ਰੀਬ ਲੋਕਾਂ ਨੂੰ ਕਿਹੜੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ?
ਉੱਤਰ :1.ਗ਼ਰੀਬ ਲੋਕ ਆਪਣੀਆਂ ਮੁੱਢਲੀਆਂ ਲੋੜਾਂ ਜਿਵੇਂ ਰੋਟੀ, ਕੱਪੜਾ ਅਤੇ ਮਕਾਨ ਆਦਿ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੁੰਦੇ ਹਨ। 2. ਗ਼ਰੀਬ ਲੋਕ ਚੰਗੀਆਂ ਸਿਹਤ ਸਹੂਲਤਾਂ ਪ੍ਰਾਪਤ ਨਹੀਂ ਕਰ ਸਕਦੇ।
3.ਗ਼ਰੀਬ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਵਿੱਚ ਅਸਮਰੱਥ ਹੁੰਦੇ ਹਨ।
4.ਗਰੀਬ ਲੋਕਾਂ ਨੂੰ ਸਮਾਜਿਕ ਅਸਮਾਨਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਸ਼ਨ 4. ਭਾਰਤ ਵਿੱਚ ਗ਼ਰੀਬੀ ਰੇਖਾ ਦਾ ਅਨੁਮਾਨ ਕਿਵੇਂ ਲਗਾਇਆ ਜਾਂਦਾ ਹੈ? ਵਰਣਨ ਕਰੋ।
ਉੱਤਰ : ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਘੱਟੋ ਘੱਟ ਆਮਦਨ ਨੂੰ ਮਾਪਣ ਦੀ ਵਿਧੀ ਨੂੰ ਗ਼ਰੀਬੀ ਰੇਖਾ : ਕਹਿੰਦੇ ਹਨ। ਇਹ ਮਨੁੱਖੀ ਲੋੜਾਂ ਦੇ ਘੱਟੋ ਘੱਟ ਪੱਧਰ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਗ਼ਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਨੂੰ ਗ਼ਰੀਬ ਕਿਹਾ ਜਾਂਦਾ ਹੈ। ਉਸ ਮਨੁੱਖ ਨੂੰ ਗ਼ਰੀਬ ਮੰਨ ਲਿਆ ਜਾਂਦਾ ਹੈ ਜਿਸਦੀ ਆਮਦਨ ਜਾਂ ਉਪਭੋਗ ਦਾ ਪੱਧਰ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਿੱਤੇ ਗਏ ਜ਼ਰੂਰੀ ਪੱਧਰ ਤੋਂ ਹੇਠਾਂ ਹੁੰਦਾ ਹੈ।
ਪ੍ਰਸ਼ਨ 5 ਗ਼ਰੀਬੀ ਦੇ ਮੁੱਖ ਮਾਪਦੰਡਾਂ ਦਾ ਵਰਣਨ ਕਰੋ।
ਉੱਤਰ: ਗ਼ਰੀਬੀ ਦੇ ਵੱਖ ਵੱਖ ਰੂਪਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਵਿਗਿਆਨੀ ਗ਼ਰੀਬੀ ਨੂੰ ਮਾਪਣ ਦੇ, ਮਾਪ-ਦੰਡਾਂ ਦੀਆਂ ਕਿਸਮਾਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਧਾਰਨ ਤੌਰ ਤੇ‘ ਪ੍ਰਯੋਗ ਹੋਣ ਵਾਲੇ ਮਾਪਦੰਡ ਆਮਦਨ ਤੇ ਉਪਭੋਗ ਦੇ ਪੱਧਰ ਨਾਲ ਸਬੰਧਿਤ ਹਨ। ਪ੍ਰੰਤੂ ਸਮਾਜ ਵਿਗਿਆਨੀਆਂ ਨੇ ਸਮਾਜਿਕ ਮਾਪਦੰਡ ਜਿਵੇਂ ਕਿ ਅਨਪੜ੍ਹਤਾ ਦਰ, ਕੁਪੋਸ਼ਣ, ਸਿਹਤ ਸੇਵਾਵਾਂ ਦੀ ਕਮੀ, ਰੋਜ਼ਗਾਰ ਦੇ ਅਵਸਰਾਂ ਦੀ ਕਮੀ, ਪੀਣ ਵਾਲੇ ਸਾਫ਼ ਪਾਣੀ ਦੀ ਕਮੀ ਆਦਿ ਨੂੰ ਵੀ ਸ਼ਾਮਿਲ ਕੀਤਾ ਹੈ। ਸਮਾਜਿਕ ਵਖਰੇਵਾਂ ਇਕ ਹੋਰ ਮਾਪਦੰਡ ਹੈ ਜਿਸ ਤੇ ਗ਼ਰੀਬੀ ਦਾ ਵਿਸ਼ਲੇਸ਼ਣ ਨਿਰਭਰ ਹੈ। ਪ੍ਰਸ਼ਨ 6.1993-94 ਤੋਂ ਭਾਰਤ ਵਿੱਚ ਗ਼ਰੀਬੀ ਦੇ ਰੁਝਾਨਾਂ ਦਾ ਵਰਨਣ ਕਰੋ ।
ਉੱਤਰ : ਸਾਲ 1993-94 ਵਿੱਚ 403.7 ਮਿਲੀਅਨ ਲੋਕ ਜਾਂ ਜਨਸੰਖਿਆ ਦੇ 44.3% ਲੋਕ ਗ਼ਰੀਬੀ ਰੇਖਾ ਤੋਂ ਥੱਲੇ ਰਹਿੰਦੇ ਹਨ। 2004-05 ਵਿੱਚ ਗ਼ਰੀਬੀ ਰੇਖਾ ਤੋਂ ਥੱਲੇ ਰਹਿਣ ਵੱਲ ਲੋਕਾਂ ਦਾ ਅਨੁਪਾਤ ਘਟ ਕੇ 37.2% ਹੋ ਗਿਆ ਅਤੇ 2011-12 ਵਿੱਚ ਇਹ ਅਨੁਪਾਤ ਘਟ ਕੇ 21.92% ਹੋਇਆ।ਪੇਂਡੂ ਅਤੇ ਸ਼ਹਿਰੀ ਗ਼ਰੀਬੀ ਦੀ ਪ੍ਰਤੀਸ਼ਤਤਾ ਵਿੱਚ ਸਾਲ 1993-94 ਤੋਂ 2011-12 ਤੱਕ ਲਗਾਤਾਰ ਗਿਰਾਵਟ ਆਈ ਹੈ।
ਪ੍ਰਸ਼ਨ 7 ਭਾਰਤ ਵਿੱਚ ਗ਼ਰੀਬੀ ਦੀ ਅੰਤਰਰਾਜੀ ਅਸਮਾਨਤਾ ਦਾ ਸੰਖੇਪ ਵਰਣਨ ਕਰੋ ।
ਉੱਤਰ : ਭਾਰਤ ਦੇ ਹਰੇਕ ਰਾਜ ਵਿੱਚ ਗ਼ਰੀਬ ਲੋਕਾਂ ਦਾ ਅਨੁਪਾਤ ਇੱਕ ਸਮਾਨ ਨਹੀਂ ਹੈ। ਹਾਲ ਦੇ ਅਨੁਮਾਨ ਦਰਸਾਉਂਦੇ ਹਨ ਕਿ 11 ਰਾਜਾਂ ਵਿੱਚ ਗਰੀਬੀ ਅਨੁਪਾਤ ਰਾਸ਼ਟਰੀ ਔਸਤ ਨਾਲੋਂ ਘੱਟ ਹੈ। ਬਿਹਾਰ ਅਤੇ ਉੜੀਸਾ ਗਰੀਬੀ ਅਨੁਪਾਤ ਦੇ ਨਾਲ ਸਭ ਤੋਂ ਵੱਧ ਗ਼ਰੀਬ ਰਾਜ ਬਣੇ ਹੋਏ ਹਨ ਪ੍ਰੰਤੂ ਕਈ ਰਾਜ ਜਿਵੇਂ ਕੇਰਲ,ਆਂਧਰਾ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ ਸਫ਼ਲਤਾ ਪੂਰਵਕ ਗਰੀਬੀ ਨੂੰ ਘੱਟ ਕੀਤਾ ਹੈ। ਇਨ੍ਹਾਂ ਰਾਜਾਂ ਨੇ ਮਾਨਵ ਸੰਸਾਧਨ ਵਿਕਾਸ ਤੇ ਜਿਆਦਾ ਧਿਆਨ ਦੇ ਕੇ, ਭੂਮੀ ਸੁਧਾਰ ਤਰੀਕਿਆਂ ਨਾਲ ਅਤੇ ਉੱਚੀ ਖੇਤੀ ਵਾਧੇ ਦਰ ਦੀ ਸਹਾਇਤਾ ਨਾਲ ਗਰੀਬੀ ਘੱਟ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਪ੍ਰਸ਼ਨ 8 ਭਾਰਤ ਵਿੱਚ ਗ਼ਰੀਬੀ ਦੇ ਤਿੰਨ ਮੁੱਖ ਕਾਰਨ ਕਿਹੜੇ ਹਨ ?
ਉੱਤਰ : 1. ਆਰਥਿਕ ਵਿਕਾਸ ਦੀ ਧੀਮੀ ਦਰ– ਭਾਰਤ 100 ਸਾਲਾਂ ਤੋਂ ਵੀ ਵੱਧ ਅੰਗਰੇਜ਼ੀ ਰਾਜ ਦੇ ਅਧੀਨ ਰਿਹਾ ਹੈ। ਅੰਗਰੇਜ਼ੀ ਸਰਕਾਰ ਦੀ ਨੀਤੀਆਂ ਨੇ ਪਰੰਪਰਿਕ ਕੱਪੜਾ ਉਦਯੋਗ, ਘਰੇਲੂ ਅਤੇ ਛੋਟੇ ਉਦਯੋਗ ਜਿਹੜੇ ਕਿ ਉਸ ਸਮੇ ਉੱਨਤੀ ਕਰ ਰਹੇ ਸਨ, ਨੂੰ ਨਿਰਉਤਸ਼ਾਹਿਤ ਕੀਤਾ। ਇਸ ਦੇ ਕਾਰਨ ਰੁਜ਼ਗਾਰ ਦੇ ਅਵਸਰ, ਅਮਦਨ ਅਤੇ ਵਿਕਾਸ ਦੀ ਵਾਧਾ ਦਰ ਵਿੱਚ ਗਿਰਾਵਟ ਆਈ।
2. ਭਾਰੀ ਜਨਸੰਖਿਆ ਦਬਾਅ– ਭਾਰਤ ਦੀ ਜਨਸੰਖਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜਨਸੰਖਿਆ ਦੇ ਭਾਰੀ ਦਬਾਅ ਨੇ ਨਿਰਭਰਤਾ ਦੇ ਬੋਝ ਨੂੰ ਵਧਾਇਆ ਹੈ ਜੋ ਕਿ ਸਮੇਂ ਦੇ ਦੌਰਾਨ ਹੋਰ ਗਰੀਬੀ ਨੂੰ ਦਰਸਾਉਂਦਾ ਹੈ।
3. ਬੇਰੁਜ਼ਗਾਰੀ– ਜਨਸੰਖਿਆ ਵਿਚ ਲਗਾਤਾਰ ਵਾਧੇ ਨਾਲ ਬੇਰੁਜ਼ਗਾਰੀ ਅਤੇ ਅਲਪ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਸ਼ਹਿਰੀ ਖੇਤਰ ਵਿੱਚ ਪੜ੍ਹੀ-ਲਿਖੀ ਬੇਰੁਜ਼ਗਾਰੀ ਅਤੇ ਪਿੰਡਾਂ ਵਿੱਚ ਖੇਤੀਬਾੜੀ ਵਿੱਚ ਛੁਪੀ ਬੇਰੁਜ਼ਗਾਰੀ ਪਾਈ ਜਾਂਦੀ ਹੈ। ਗ਼ਰੀਬੀ ਨੂੰ ਬੇਰੁਜ਼ਗਾਰੀ
ਦੀ ਪਰਛਾਈ ਮੰਨਿਆ ਜਾਂਦਾ ਹੈ।
ਪ੍ਰਸ਼ਨ 9 ਗ਼ਰੀਬੀ ਬੇਰੁਜ਼ਗਾਰੀ ਦਾ ਪ੍ਰਗਟਾਵਾ ਹੈ, ਸਪੱਸ਼ਟ ਕਰੋ।
ਉੱਤਰ : ਜਨਸੰਖਿਆ ਵਿੱਚ ਲਗਾਤਾਰ ਵਾਧੇ ਨਾਲ ਬੇਰੁਜ਼ਗਾਰੀ ਅਤੇ ਅਲਪ ਬੇਰੁਜ਼ਗਾਰੀ ਚ ਵਾਧਾ ਹੋਇਆ ਹੈ। ਸਰਵਜਨਕ ਤੇ ਨਿੱਜੀ ਖੇਤਰਾਂ ਨੇ ਰੁਜ਼ਗਾਰ ਦੇ ਇੰਨੇ ਅਵਸਰ ਪ੍ਰਦਾਨ ਨਹੀਂ ਕੀਤੇ ਕਿ ਸਾਰੇ ਰੁਜ਼ਗਾਰ ਲੱਭਣ ਵਾਲਿਆਂ ਨੂੰ ਕੰਮ ਮਿਲ ਸਕੇ। ਅਨਿਯਮਿਤ ਘੱਟ ਆਮਦਨ, ਰਹਿਣ ਦੀਆਂ ਘਟੀਆਂ ਸਹੂਲਤਾਂ ਆਦਿ ਨੇ ਗ਼ਰੀਬੀ ਵਿੱਚ ਵਾਧਾ ਕੀਤਾ ਹੈ। ਸ਼ਹਿਰੀ ਖੇਤਰ ਵਿੱਚ ਪੜ੍ਹੀ-ਲਿਖੀ ਬੇਰੁਜ਼ਗਾਰੀ ਅਤੇ ਪਿੰਡਾਂ ਵਿੱਚ ਖੇਤੀਬਾੜੀ ‘ਚ ਛੁਪੀ ਬੇਰੁਜ਼ਗਾਰੀ ਪਾਈ ਜਾਂਦੀ ਹੈ। ਗ਼ਰੀਬੀ ਬੇਰੁਜ਼ਗਾਰੀ ਦੀ ਪਰਛਾਈ ਹੈ।
ਪ੍ਰਸ਼ਨ 10. ਆਰਥਿਕ ਵਾਧੇ ਵਿਚ ਪ੍ਰੋਤਸਾਹਨ ਗ਼ਰੀਬੀ ਘਟਾਉਣ ਵਿੱਚ ਸਹਾਇਤਾ ਕਰਦਾ ਹੈ, ਸਪੱਸ਼ਟ ਕਰੋ ।
ਉੱਤਰ : ਭਾਰਤ ਵਿੱਚ ਗ਼ਰੀਬੀ ਦੀ ਸਮੱਸਿਆ ਦਾ ਹੱਲ ਵਿਕਾਸ ਦੀ ਗਤੀ ਨੂੰ ਤੇਜ਼ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਜਦੋਂ ਵਿਕਾਸ ਦੀ ਗਤੀ ਵਧਦੀ ਹੈ ਤਾਂ ਫਰਮਾਂ ਅਤੇ ਫੈਕਟਰੀਆਂ ਵਿੱਚ ਰੁਜ਼ਗਾਰ ਵੱਧਦੇ ਹਨ।ਰੁਜ਼ਗਾਰ ਦੇ ਮੌਕੇ ਜਿੰਨੇ ਜ਼ਿਆਦਾ ਹੋਣਗੇ ਗ਼ਰੀਬੀ ਉਨੀ ਘੱਟ ਹੋਵੇਗੀ। 1980 ਦੇ ਦਹਾਕੇ ਤੋਂ ਭਾਰਤ ਦੀ ਆਰਥਿਕ ਵਾਧੇ ਦੀ ਦਰ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਰਹੀ ਹੈ। ਆਰਥਿਕ ਵਾਧਾ ਰੁਜ਼ਗਾਰ ਦੇ ਅਵਸਰਾਂ ਨੂੰ ਵਧਾ ਦਿੰਦਾ ਹੈ ਅਤੇ ਮਨੁੱਖੀ ਵਿਕਾਸ ਵਿੱਚ ਨਿਵੇਸ਼ ਦੇ ਲਈ ਜ਼ਰੂਰੀ ਸਾਧਨ ਉਪਲੱਬਧ ਕਰਵਾਉਂਦਾ ਹੈ ਜਿਸ ਨਾਲ
ਗ਼ਰੀਬੀ ਵਿੱਚ ਕਮੀ ਆਉਂਦੀ ਹੈ।
ਪ੍ਰਸ਼ਨ 11. ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, 2005 ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ?
ਉੱਤਰ : 1.ਇਹ ਐਕਟ ਹਰ ਸਾਲ ਦੇਸ਼ ਦੇ ਪੇਂਡੂ ਖੇਤਰਾਂ ਦੇ ਹਰ ਇੱਕ ਪਰਿਵਾਰ ਨੂੰ 100 ਦਿਨ ਲਈ ਸੁਨਿਸ਼ਚਿਤ ਰੁਜ਼ਗਾਰ ਪ੍ਰਦਾਨ
ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ।
2.ਇਸ ਐਕਟ ਅਨੁਸਾਰ ਪ੍ਰਸਤਾਵਿਤ ਬੇਰੁਜ਼ਗਾਰਾਂ ਦਾ ਇਕ ਤਿਹਾਈ ਰੁਜ਼ਗਾਰ ਮਹਿਲਾਵਾਂ ਲਈ ਰਾਖਵਾਂ ਹੋਵੇਗਾ।
3.ਇਸ ਯੋਜਨਾ ਨੂੰ ਲਾਗੂ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਰੁਜ਼ਗਾਰ ਗਾਰੰਟੀ ਫੰਡ ਸਥਾਪਿਤ ਕੀਤਾ ਜਾਂਦਾ ਹੈ।
ਪ੍ਰਸ਼ਨ 12. ਭਾਰਤ ਸਰਕਾਰ ਵਲੋਂ ਚਲਾਏ ਗਏ ਕਿਸੇ ਤਿੰਨ ਗ਼ਰੀਬੀ ਘਟਾਓ ਪ੍ਰੋਗਰਾਮਾਂ ਨੂੰ ਸਪੱਸ਼ਟ ਕਰੋ ।
ਉੱਤਰ : 1.ਸੰਪੂਰਨ ਗ੍ਰਾਮੀਣ ਰੁਜ਼ਗਾਰ ਯੋਜਨਾ (SGRY)– ਵਾਧੂ ਮਜ਼ਦੂਰਾਂ ਨੂੰ ਰੁਜ਼ਗਾਰ ਅਵਸਰ ਪ੍ਰਦਾਨ ਕਰਨ ਅਤੇ ਖੇਤਰੀ ਸਮਾਜਿਕ ਅਤੇ ਆਰਥਿਕ ਸਥਿੱਤੀਆਂ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਇਹ ਯੋਜਨਾ ਬਣਾਈ ਗਈ ਹੈ।
2. ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ (PMRY)– ਇਹ ਯੋਜਨਾ 1993 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਅਵਸਰ ਪ੍ਰਦਾਨ ਕਰਨਾ ਸੀ।
3. ਪ੍ਰਧਾਨ ਮੰਤਰੀ ‘ ਗ੍ਰਾਮ ਉਦੈ ਯੋਜਨਾ (PMGY)- ਇਹ ਯੋਜਨਾ ਸਾਲ 2000 ਵਿੱਚ ਲਾਗੂ ਕੀਤੀ ਗਈ ਸੀ। ਇਸ ਯੋਜਨਾ ਦਾ ਉਦੇਸ਼ ਪੇਂਡੂ ਖੇਤਰ ਦੀਆਂ ਸੜਕਾਂ, ਘਰ,ਪੀਣ ਦੇ ਪਾਣੀ, ਪ੍ਰਾਇਮਰੀ ਸਿੱਖਿਆ ਅਤੇ ਸਿਹਤ ਨੂੰ ਵਾਧੂ ਕੇਂਦਰੀ ਸਹਾਇਤਾ ਲੈ ਕੇ ਸੁਧਾਰਨਾ ਹੈ।