ਬਾਂਦਰ ਤੇ ਮਗਰਮੱਛ
ਇੱਕ ਵਾਰ ਇੱਕ ਦਰਿਆ ਦੇ ਕੰਢੇ ‘ਤੇ ਇੱਕ ਜਾਮਣ ਦਾ ਰੁੱਖ ਸੀ । ਰੁੱਖ ‘ਤੇ ਮਿੱਠੀਆਂ ਅਤੇ ਕਾਲ਼ੀਆਂ- ਸ਼ਾਹ ਜਾਮਣਾਂ ਲੱਗੀਆਂ ਹੋਈਆਂ ਸਨ । ਜਾਮਣ ਦੇ ਰੁੱਖ ਦੇ ਵਿੱਚ ਇਕ ਬਾਂਦਰ ਰਹਿੰਦਾ ਸੀ। ਬਾਂਦਰ ਹਰ ਰੋਜ਼ ਜਾਮਣ ਦੇ ਰੁੱਖ ਤੋਂ ਮਿੱਠੀਆਂ- ਮਿੱਠੀਆਂ ਜਾਮਣਾਂ ਖਾਇਆ ਕਰਦਾ ਸੀ।
ਇੱਕ ਦਿਨ ਦੀ ਗੱਲ ਹੈ ਕਿ ਇੱਕ ਮਗਰਮੱਛ ਤਰਦਾ-ਤੁਰਦਾ ਦਰਿਆ ਦੇ ਇੱਕ ਕੰਢੇ ਵੱਲ ਨਿਕਲ ਆਇਆ । ਅਚਾਨਕ ਉਸ ਦੀ ਨਜ਼ਰ ਜਾਮਣ ਦੇ ਰੁੱਖ ‘ਤੇ ਪਈ । ਕਾਲ਼ੀਆਂ-ਸ਼ਾਹ ਜਾਮਣਾਂ ਵੇਖ ਕੇ ਉਸ ਦੇ ਮੂੰਹ ਵਿੱਚ ਪਾਣੀ ਭਰ ਆਇਆ ।
ਬਾਂਦਰ ਨੇ ਜਦੋਂ ਮਗਰਮੱਛ ਨੂੰ ਲਲਚਾਈਆਂ ਨਜ਼ਰਾਂ ਨਾਲ਼ ਜਾਮਣਾਂ ਵੱਲ ਵੇਖਦੇ ਹੋਏ ਤੱਕਿਆ ਤਾਂ ਉਸ ਨੇ ਮਗਰਮੱਛ ਲਈ ਬਹੁਤ ਸਾਰੀਆਂ ਜਾਮਣਾਂ ਹੇਠਾਂ ਸੁੱਟ ਦਿੱਤੀਆਂ । ਮਗਰਮੱਛ ਨੇ ਜਾਮਣਾਂ ਬੜੇ ਸੁਆਦ ਨਾਲ਼ ਖਾਧੀਆਂ ਅਤੇ ਕੁਝ ਬਚਾ ਕੇ ਆਪਣੀ ਪਤਨੀ ਲਈ ਰੱਖ ਲਈਆਂ ।
ਮਗਰਮੱਛਣੀ ਜਾਮਣਾਂ ਖਾ ਕੇ ਬੜੀ ਖੁਸ਼ੀ ਹੋਈ । ਹੁਣ ਮਗਰਮੱਛ ਹਰ ਰੋਜ਼ ਦਰਿਆ ਦੇ ਕੰਢੇ ‘ਤੇ ਆਉਂਦਾ ਅਤੇ ਬਾਂਦਰ ਉਸਨੂੰ ਜਾਮਣਾਂ ਖਾਣ ਲਈ ਦਿੰਦਾ । ਇਸ ਤਰ੍ਹਾਂ ਬਾਂਦਰ ਅਤੇ ਮਗਰਮੱਛ ਦੋਵੇਂ ਪੱਕੇ ਦੋਸਤ ਬਣ ਗਏ। ਬਹੁਤ ਦਿਨ ਲੰਘ ਗਏ ।
ਇੱਕ ਦਿਨ ਮਗਰਮੱਛਣੀ ਮਗਰਮੱਛ ਨੂੰ ਕਹਿਣ ਲੱਗੀ,”ਬਾਂਦਰ ਨੇ ਹਰ ਰੋਜ਼ ਇੰਨੀਆਂ ਮਿੱਠੀਆਂ ਜਾਮਣਾਂ ਖਾਧੀਆਂ ਹਨ। ਉਸ ਦਾ ਦਿਲ ਤਾਂ ਬਹੁਤ ਸੁਆਦ ਹੋਵੇਗਾ । ਜੇ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਤੂੰ ਮੈਨੂੰ ਬਾਂਦਰ ਦਾ ਦਿਲ ਕੱਢ ਕੇ ਲਿਆ ਦੇ।” ਮਗਰਮੱਛ ਆਪਣੇ ਦੋਸਤ ਨਾਲ਼ ਧੋਖਾ ਨਹੀਂ ਕਰਨਾ ਚਾਹੁੰਦਾ ਸੀ । ਪਰ ਉਹ ਆਪਣੀ ਪਤਨੀ ਦੀ ਜ਼ਿੱਦ ਅੱਗੇ ਬੇਵੱਸ ਸੀ । ਉਹ ਉਦਾਸ ਮਨ ਨਾਲ਼ ਕੰਢੇ ਵੱਲ ਨੂੰ ਚੱਲ ਪਿਆ । ਕੰਢੇ ਤੇ ਪਹੁੰਚ ਕੇ ਉਸ ਨੇ ਬਾਂਦਰ ਨੂੰ ਕਿਹਾ,”ਪਿਆਰੇ ਦੋਸਤ, ਤੂੰ ਮੈਨੂੰ ਹਰ ਰੋਜ਼ ਬਹੁਤ ਹੀ ਸੁਆਦੀ ਜਾਮਣਾਂ ਖਵਾਉਂਦਾ ਹੈ । ਤੇਰੀ ਭਾਬੀ ਵੀ ਤੈਨੂੰ ਬਹੁਤ ਯਾਦ ਕਰਦੀ ਹੈ । ਉਹ ਤੇਰਾ ਧੰਨਵਾਦ ਕਰਨਾ ਚਾਹੁੰਦੀ ਹੈ । ਇਸ ਲਈ ਅੱਜ ਮੈਂ ਤੈਨੂੰ ਦਰਿਆ ਦੀ ਸੈਰ ਕਰਵਾਉਂਦਾ ਹਾਂ ’ਤੇ ਨਾਲ਼ੇ ਤੂੰ ਮੇਰੇ ਨਾਲ਼ ਮੇਰੇ ਘਰ ਚੱਲ ।” ਬਾਂਦਰ ਝੱਟ ਮੰਨ ਗਿਆ ।ਬਾਂਦਰ ਮਗਰਮੱਛ ਦੀ ਪਿੱਠ ਉੱਪਰ ਬੈਠ ਗਿਆ । ਜਦੋਂ ਉਹ ਦਰਿਆ ਦੇ ਵਿਚਕਾਰ ਪੁੱਜੇ ਤਾਂ ਮਗਰਮੱਛ ਨੇ ਉਸ ਨੂੰ ਦੱਸਿਆ ਕਿ ਉਸ ਦੀ ਘਰਵਾਲ਼ੀ ਉਸ ਦਾ ਦਿਲ ਖਾਣਾ ਚਾਹੁੰਦੀ ਹੈ ।
ਇਹ ਸੁਣ ਕੇ ਬਾਂਦਰ ਕਹਿਣ ਲੱਗਾ,”ਇਸ ਤੋਂ ਵੱਧ ਮੇਰੇ ਲਈ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ?”ਮੈਂ ਭਾਬੀ ਨੂੰ ਆਪਣਾ ਦਿਲ ਆਪ ਪੇਸ਼ ਕਰਾਂਗਾ। ਪਰ ਤੂੰ ਮੈਨੂੰ ਪਹਿਲਾਂ ਦੱਸਣਾ ਸੀ, ਕਿਉਂਕਿ ਮੈਂ ਆਪਣਾ ਦਿਲ ਤਾਂ ਜਾਮਣ ਦੇ ਉੱਤੇ ਹੀ ਛੱਡ ਆਇਆ ਹਾਂ । ਚੱਲ ਜਲਦੀ-ਜਲਦੀ ਲੈ ਆਈਏ ।” ਮਗਰਮੱਛ ਬਾਂਦਰ ਨੂੰ ਵਾਪਸ ਕੰਢੇ ਵੱਲ ਲੈ ਆਇਆ। ਕੰਢੇ ਕੋਲ਼ ਪੁੱਜ ਕੇ ਬਾਂਦਰਟਪੂਸੀ ਮਾਰਕੇ ਦਰੱਖ਼ਤ ‘ਤੇ ਚੜ੍ਹ ਗਿਆ ਅਤੇ ਕਹਿਣ ਲੱਗਾ,”ਚੰਗੀ ਦੋਸਤੀ ਨਿਭਾਈ ਤੂੰ ! ਤੈਨੂੰ ਮੈਂ ਆਪਣਾ ਦੋਸਤ ਸਮਝ ਕੇ ਹਰ ਰੋਜ਼ ਜਾਮਣਾਂ ਖਵਾਉਂਦਾ ਰਿਹਾ ਤੇ ਤੂੰ ਮੈਨੂੰ ਹੀ ਮਾਰਨ ਦੀਆਂ ਸਕੀਮਾਂ ਬਣਾਈ ਬੈਠਾ ਹੈ । ਜਾ, ਇੱਥੋਂ ਚਲਾ ਜਾ ‘ਤੇ ਫਿਰ ਮੈਨੂੰ ਆਪਣੀ ਭੈੜੀ ਸ਼ਕਲ ਨਾ ਦਿਖਾਈਂ ।” ਮਗਰਮੱਛ ਬਹੁਤ ਹੀ ਦੁਖੀ ਹਿਰਦੇ ਨਾਲ਼ ਆਪਣੇ ਘਰ ਵਾਪਸ ਪਰਤ ਗਿਆ ।
ਸਿੱਖਿਆ : ਸਵਾਰਥੀ ਮਿੱਤਰਾਂ ਤੋਂ ਬਚੋ।
My company was very important now
This is a good website