ਸਕੂਲ ਲਾਇਬ੍ਰੇਰੀ
ਜਿੰਨੀ ਅਹਿਮੀਅਤ ਮਨੁੱਖੀ ਜੀਵਨ ਵਿੱਚ ਖੇਡਾਂ ਦੀ ਹੈ ਓਨੀ ਹੀ ਲਾਇਬ੍ਰੇਰੀ ਦੀ ਹੈ। ਖੇਡਾਂ ਸਰੀਰਕ ਤੌਰ ‘ਤੇ ਤੰਦਰੁਸਤੀ ਰੱਖਦੀਆਂ ਹਨ ਤੇ ਲਾਇਬ੍ਰੇਰੀ ਦਿਮਾਰੀ ਤੌਰ ‘ਤੇ ਮਨੁੱਖ ਨੂੰ ਅਮੀਰੀ ਪ੍ਰਦਾਨ ਕਰਦੀ ਹੈ। ਹਰੇਕ ਸਕੂਲ ਵਿੱਚ ਇੱਕ ਲਾਇਬ੍ਰੇਰੀ ਹੁੰਦੀ ਹੈ। ਇਹ ਲਾਇਬ੍ਰੇਰੀ ਬੰਦ ਕਮਰੇ ਵਿੱਚ ਵੀ ਹੋ ਸਕਦੀ ਹੈ ਜਾਂ ਇੱਕ ਕੋਨੇ ਵਿੱਚ ਵੀ ਹੋ ਸਕਦੀ ਹੈ। ਕਿਤਾਬਾਂ ਦੇ ਖ਼ਜ਼ਾਨੇ ਨਾਲ਼ ਭਰੀ ਲਾਇਬ੍ਰੇਰੀ, ਕਿਸੇ ਵੀ ਸੰਸਥਾ ਦੀ ਜਾਇਦਾਦ ਹੁੰਦੀ ਹੈ। ਸਾਡੇ ਸਕੂਲ ਵਿੱਚ ਲਾਇਬ੍ਰੇਰੀ ਲਈ ਇੱਕ ਵੱਖਰਾ ਕਮਰਾ ਬਣਿਆ ਹੈ। ਜਿਸ ਵਿੱਚ ਲਗਭਗ 1000 ਕਿਤਾਬਾਂ ਦੀ ਸ਼ਾਨਦਾਰ ਲਾਇਬ੍ਰੇਰੀ ਬਣੀ ਹੈ। ਲਾਇਬ੍ਰੇਰੀ ਦੀਆਂ ਕਿਤਾਬਾਂ ਵੰਡਣ ਅਤੇ ਜਮ੍ਹਾਂ ਕਰਨ ਲਈ ਇੱਕ ਲਾਇਬ੍ਰੇਰੀਅਨ ਹੈ। ਲਾਇਬ੍ਰੇਰੀਅਨ ਦੇ ਮੇਜ਼ ਉੱਪਰ ਇੱਕ ਪੁਸਤਕ ਸੁਦੀ ਹੈ ਜਿਸ ਵਿੱਚ ਹਰ ਲੇਖਕ ਦੀਆਂ ਕਿਤਾਬਾਂ ਦੇ ਨਾਮ ਅਤੇ ਨੰਬਰ ਅਲੱਗ-ਅਲੱਗ ਲੜੀਵਾਰ ਲਿਖੇ ਹੋਏ ਹਨ। ਇਹਨਾਂ ਨੰਬਰਾਂ ਅਨੁਸਾਰ ਹੀ ਲਾਇਬ੍ਰੇਰੀ ਦੀਆਂ ਅਲਮਾਰੀਆਂ ਉੱਪਰ ਕਿਤਾਬਾਂ ਦੇ ਨੰਬਰ ਲੱਗੇ ਹੋਏ ਹਨ। ਜਿਸ ਨਾਲ ਵਿਦਿਆਰਥੀਆਂ ਨੂੰ ਪੁਸਤਕਾਂ ਲੱਭਣ ਵਿੱਚ ਬਹੁਤ ਅਸਾਨੀ ਹੁੰਦੀ ਹੈ। ਲਾਇਬ੍ਰੇਰੀ ਦੇ ਕਮਰੇ ਵਿੱਚ 3 ਸ਼ੀਸ਼ੇ ਦੀਆਂ ਅਲਮਾਰੀਆਂ ਬਣੀਆਂ ਹੋਣੀਆਂ ਹਨ।
ਅਲਮਾਰੀਆਂ ਦੇ ਹਰ ਰੈਕ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਕਿਤਾਬਾਂ ਪਈਆਂ ਹਨ। ਲਾਇਬ੍ਰੇਰੀ ਦੇ ਕਮਰੇ ਵਿੱਚ ਇੱਕ ਵੱਡੇ ਮੇਜ਼ ਦੁਆਲ਼ੇ 12 ਕੁਰਸੀਆਂ ਲੱਗੀਆਂ ਹਨ। ਜਿਨ੍ਹਾਂ ਉੱਪਰ 12 ਵਿਦਿਆਰਥੀ ਇੱਕੋ ਸਮੇਂ ਬੈਠ ਕੇ ਪੜ੍ਹ ਸਕਦੇ ਹਨ। ਲਾਇਬ੍ਰੇਰੀ ਵਿੱਚ ਚੁੱਪ ਰਹਿਣ ਦਾ ਅਨੁਸ਼ਾਸਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਕਾਗਰ ਚਿੱਤ ਹੋ ਕੇ ਪੜ੍ਹਿਆ ਜਾ ਸਕੇ। ਵਿਦਿਆਰਥੀ ਇੱਥੇ ਬੈਠ ਕੇ ਹਰ ਪ੍ਰਕਾਰ ਦਾ ਤਾਜ਼ਾ ਗਿਆਨ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥੀ ਆਪਣੇ ਲਾਇਬ੍ਰੇਰੀ-ਪੀਰੀਅਡ ਵਿੱਚ ਕਿਤਾਬਾਂ ਵੀ ਜਾਰੀ ਕਰਵਾ ਸਕਦੇ ਹਨ। ਇੱਕ ਬੱਚਾ ਇੱਕ ਕਿਤਾਬ ਇੱਕ ਹਫ਼ਤੇ ਲਈ ਜਾਵੀ ਕਰਵਾ ਸਕਦਾ ਹੈ। ਕਿਤਾਬਾਂ ਸਮੇਂ ਸਿਰ ਨਾ ਮੋੜਨ ਦੀ ਹਾਲਤ ਵਿੱਚ ਜੁਰਮਾਨਾ ਦੇਣਾ ਪੈਂਦਾ ਹੈ।
ਪਿਛਲੇ ਦਿਨੀਂ ਸਿੱਖਿਆ ਮਹਿਕਮੇ ਵੱਲੋਂ ਖੁੱਲ੍ਹੇ ਵਿੱਚ ਲਾਇਬ੍ਰੇਰੀ ਮੇਲੇ ਲਗਾਉਣ ਦਾ ਨਵਾਂ ਰੁਝਾਨ ਚਲਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਵਧ-ਚੜ੍ਹ ਕੇ ਹਿੱਸਾ ਲਿਆ। ਸਾਡੇ ਅਧਿਆਪਕ ਸਾਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ। ਕਿਤਾਬਾਂ ਗਿਆਨ ਦਾ ਸੋਮਾ ਹਨ। ਅਸੀਂ ਇਨ੍ਹਾਂ ਦੀ ਮਦਦ ਨਾਲ ਦੁਨੀਆ ਦੇ ਕੋਨੇ-ਕੋਨੇ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਹਰ ਇੱਕ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਕਿਤਾਬਾਂ ਪੜ੍ਹ ਕੇ ਆਪਣੇ ਗਿਆਨ। ਵਿੱਚ ਵਾਧਾ ਕਰੇ।
ਤਿਆਰ ਕਰਤਾ
ਗੁਰਪ੍ਰੀਤ ਸਿੰਘ ਰੂਪਰਾ, ਪੰਜਾਬੀ ਮਾਸਟਰ, 9855800683