ਲੇਖ – ਅੱਖੀਂ ਡਿੱਠਾ ਵਿਆਹ
ਕੱਲ੍ਹ ਮੈਨੂੰ ਮੇਰੇ ਮਿੱਤਰ ਦੇ ਵੱਡੇ ਭਰਾ ਦਾ ਵਿਆਹ ਆਪਣੇ ਅੱਖੀਂ ਦੇਖਣ ਦਾ ਮੌਕਾ ਮਿਲਿਆ। ਵਿਆਹ ਬਹੁਤ ਹੀ ਸਧਾਰਨ ਢੰਗ ਨਾਲ ਕੀਤਾ ਗਿਆ। ਬਰਾਤ ਮੁੱਲਾਂਪੁਰ ਦੇ ਨੇੜਲੇ ਪਿੰਡ ਦਾਖਾ ਜਾਣੀ ਸੀ। ਬਰਾਤ ਵਿੱਚ ਲਗ- ਪਗ 35 ਕੁ ਜਾਣੇ ਸਨ। ਅਸੀਂ ਸਾਰੇ ਸਵੇਰੇ ਸਿਹਰਾਬੰਦੀ ਪਿੱਛੋਂ ਲਗਭਗ ਸਾਢੇ ਨੌਂ ਵਜੇ ਛੇ-ਸੱਤ ਕਾਰਾਂ ਵਿੱਚ ਸਵਾਰ ਹੋ ਕੇ ਚੱਲ ਪਏ। ਲਾੜੇ ਦੀ ਫੁੱਲਾਂ ਨਾਲ ਸ਼ਿੰਗਾਰੀ ਕਾਰ ਸਭ ਤੋਂ ਅੱਗੇ ਸੀ। ਲਗਭਗ ਇੱਕ ਘੰਟੇ ਬਾਅਦ ਦਾਖਾ ਦੇ ਨੇੜਲੇ ਮੈਰਿਜ ਪੈਲੇਸ ਅੱਗੇ ਜਾ ਰੁਕੇ।
ਸਾਰੇ ਬਰਾਤੀ ਕਾਰਾਂ ਵਿੱਚੋਂ ਉੱਤਰ ਕੇ ਮਿਲਣੀ ਲਈ ਖੜ੍ਹੇ ਹੋ ਗਏ। ਲੜਕੀ ਵਾਲਿਆਂ ਦੇ ਰਿਸ਼ਤੇਦਾਰ ਅਤੇ ਸਕੇ- ਸੰਬੰਧੀ ਪਹਿਲਾਂ ਹੀ ਸਵਾਗਤ ਲਈ ਅੱਗੇ ਖੜ੍ਹੇ ਸਨ। ਅਰਦਾਸ ਹੋਣ ਪਿੱਛੋਂ ਮਿਲਣੀਆਂ ਸ਼ੁਰੂ ਕੀਤੀਆਂ ਗਈਆਂ। ਲੜਕੀ ਵਾਲਿਆਂ ਨੇ ਮਿਲਣੀ ਕਰਨ ਵਾਲਿਆਂ ਨੂੰ ਕੰਬਲ ਦਿੱਤੇ ਪਰ ਰਜਿੰਦਰ ਦੇ ਪਿਤਾ ਅਤੇ ਮਾਮੇ ਦੀ ਮਿਲਣੀ ਕੰਬਲ ਅਤੇ 500 ਰੁਪਏ ਨਾਲ ਕੀਤੀ ਗਈ। ਫੋਟੋਗ੍ਰਾਫਰ ਫੋਟੋ ਖਿੱਚ ਰਹੇ ਸਨ ਅਤੇ ਵੀਡੀਓ ਬਣਾ ਰਹੇ ਸਨ। ਮਿਲਣੀ ਤੋਂ ਬਾਅਦ ਸਾਰੇ ਜਾਣੇ ਮੈਰਿਜ ਪੈਲਸ ਦੇ ਮੁੱਖ ਗੇਟ ਵੱਲ ਵਧੇ ਤਾਂ ਅੱਗੇ ਕੁੜੀਆਂ ਰੀਬਨ ਬੰਨ੍ਹ ਕੇ ਖੜ੍ਹੀਆਂ ਹੋ ਗਈਆਂ। ਕਾਫ਼ੀ ਹਾਸੇ ਅਤੇ ਮਖੌਲ ਹੋਣ ਲੱਗਾ। ਅੰਤ ਨੂੰ ਲਾੜੇ ਨੇ ਰੀਬਨ ਕਟਾਈ ਲਈ 2100 ਰੁਪਏ ਦਿੱਤੇ ਤਾਂ ਰੀਬਨ ਕੱਟੇ ਜਾਣ ਤੋਂ ਬਾਅਦ ਸਾਰੇ ਬਰਾਤੀ ਮੈਰਿਜ ਪੈਲਸ ਦੇ ਅੰਦਰ ਚਲੇ ਗਏ। ਰੀਬਨ ਕਟਾਈ ਸਮੇਂ ਕੁਝ ਸਿਆਣੇ ਵਿਅਕਤੀ ਕੋਲ ਹੀ ਸਨ। ਜਿਸ ਕਰਕੇ ਇਹ ਰਸਮ ਬੜੇ ਸਧਾਰਨ ਢੰਗ ਨਾਲ ਪੂਰੀ ਹੋਈ।
ਫਿਰ ਸਾਰੇ ਮੈਰਿਜ ਪੈਲਸ ਦੇ ਅੰਦਰ ਮੇਜ਼ਾਂ ਉੱਤੇ ਲੱਗੇ ਨਾਸ਼ਤੇ ਤੇ ਹੋਰ ਪਕਵਾਨਾਂ ਦੇ ਸਟਾਲ ਵੱਲ ਵਧੇ। ਹਰ ਕੋਈ ਆਪੋ ਆਪਣੀ ਪਲੇਟਾਂ ਅਤੇ ਚਮਚ ਲੈ ਕੇ ਆਪਣੇ ਮਨ-ਭਾਉਂਦੇ ਪਕਵਾਨ ਖਾਣ ਲੱਗ ਪਿਆ। ਪਕਵਾਨ ਸਿਰਫ਼ ਸ਼ਾਕਾਹਾਰੀ ਹੀ ਸੀ। ਇਹਨਾਂ ਵਿੱਚ ਸਨੈਕਸ, ਕਾਫ਼ੀ, ਚਾਹ, ਕੇਸਰ ਦੁੱਧ, ਮਠਿਆਈਆਂ, ਨੂਡਲ, ਗੋਲ- ਗੱਪੇ, ਫਰੂਟ ਚਾਰਟ, ਅਤੇ ਕਈ ਪ੍ਰਕਾਰ ਦੇ ਜੂਸਾਂ ਸਟਾਲ ਲੱਗੇ ਹੋਏ ਸਨ।
ਬਰਾਤੀਆਂ ਦੇ ਚਾਹ ਪਾਣੀ ਪੀ ਲੈਣ ਤੋਂ ਬਾਅਦ ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ਨੂੰ ਅਨੰਦ-ਕਾਰਜ ਦੀ ਰਸਮ ਲਈ ਗੁਰਦੁਆਰੇ ਜਾਣ ਦਾ ਸੱਦਾ ਦਿੱਤਾ। ਨੇੜੇ ਦੇ ਗੁਰਦੁਆਰੇ ਵਿੱਚ ਅਨੰਦ ਕਾਰਜ ਦੀ ਰਸਮ ਅਦਾ ਕੀਤੀ ਗਈ। ਪੰਜ ਸੱਤ ਜਾਣੇ ਲਾੜੇ ਦੇ ਨਾਲ ਗੁਰਦੁਆਰੇ ਅਨੰਦ-ਕਾਰਜ ਦੀ ਰਸਮ ਲਈ ਚਲੇ ਗਏ ਅਤੇ ਬਾਕੀ ਬਰਾਤੀ ਮੈਰਿਜ ਪੈਲਸ ਵਿੱਚ ਬੈਠ ਕੇ ਸੱਭਿਆਚਾਰਕ ਗਾਇਕ ਟੋਲੀ ਪ੍ਰੋਗਰਾਮ ਪੇਸ਼ ਕਰਦੀ ਰਹੀ। ਕੰਨ ਪਾੜਵੀ ਡੀ. ਜੇ. ਦੀ ਅਵਾਜ਼ ਇਸ ਵਿਆਹ ਵਿੱਚ ਨਹੀਂ ਸੀ ਅਤੇ ਨਾ ਹੀ ਲੱਚਰ ਨਾਚ ਪੇਸ਼ ਕਰਨ ਵਾਲੀਆਂ ਆਰਕੈਸਟਰਾਂ ਸਨ, ਜੋ ਕਿ ਕਾਫ਼ੀ ਚੰਗਾ ਲੱਗਿਆ। ਲੋਕ ਨਾਲੋਂ-ਨਾਲ ਖਾਂਦੇ-ਪੀਂਦੇ ਵੀ ਰਹੇ ਅਤੇ ਆਪੋ-ਵਿੱਚੀ ਗੱਲ-ਬਾਤਾਂ ਵੀ ਕਰਦੇ ਰਹੇ। ਚਾਰੇ ਪਾਸੇ ਖੁਸ਼ੀਆਂ ਵਾਲਾ ਮਹੌਲ ਸੀ। ਇਹ ਸਭ ਡੀ. ਜੇ. ਦੀ ਕੰਨ ਪਾੜਵੀ ਅਵਾਜ਼ ਨਾ ਹੋਣ ਕਾਰਨ ਹੀ ਸੰਭਵ ਹੋ ਸਕਿਆ ਸੀ। ਅਨੰਦ ਕਾਰਜ ਦੀ ਰਸਮ ਤੋਂ ਬਾਅਦ ਲਾੜੇ-ਲਾੜੀ ਨੂੰ ਲਿਆ ਕੇ ਸਟੇਜ ਦੇ ਨਾਲ ਲੱਗੀਆਂ ਵੱਡੀਆਂ ਕੁਰਸੀਆਂ ਉੱਤੇ ਬਿਠਾ ਦਿੱਤਾ ਗਿਆ। ਲਾੜਾ ਅਤੇ ਲਾੜੀ ਸਧਾਰਨ ਢੰਗ ਨਾਲ ਹੀ ਤਿਆਰ ਹੋ ਕੇ ਆਏ ਸਨ। ਦੋਵੇਂ ਬਹੁਤ ਸੁੰਦਰ ਲੱਗ ਰਹੇ ਸਨ। ਇਸ ਤੋਂ ਬਾਅਦ ਸ਼ਗਨ ਪਾਉਣ ਦੀ ਰਸਮ ਸ਼ੁਰੂ ਕੀਤੀ ਗਈ ਅਤੇ ਵਾਰੋ-ਵਾਰੀ ਸਾਰਿਆਂ ਨੇ ਸ਼ਗਨ ਪਾਇਆ ਅਤੇ ਫੋਟੋਗ੍ਰਾਫ਼ੀ ਵੀ ਨਾਲੋਂ-ਨਾਲ਼ ਚੱਲਦੀ ਰਹੀ। ਕੁੱਝ ਬਰਾਤੀ ਭੰਗੜਾ ਪਾਉਣ ਲੱਗੇ ਅਤੇ ਕੁਝ ਕੁੜੀਆਂ-ਬੁੜੀਆਂ ਅਲੱਗ ਟੋਲੀ ਬਣਾ ਕੇ ਨੱਚਣ ਲਗੀਆਂ। ਇਸ ਦੇ ਨਾਲ਼ ਦੁਪਹਿਰ ਦਾ ਖਾਣਾ ਵੀ ਲੱਗ ਗਿਆ ਸੀ। ਇਸ ਵਿੱਚ ਕਈ ਪ੍ਰਕਾਰ ਦੇ ਪਕਵਾਨ ਪਰੋਸੇ ਗਏ। ਭੋਜਨ ਪੂਰੀ ਤਰ੍ਹਾਂ ਸ਼ਾਕਾਹਾਰੀ ਸੀ। ਇਸ ਤੋਂ ਬਿਨ੍ਹਾਂ ਕਈ ਪ੍ਰਕਾਰ ਦੇ ਸਲਾਦ, ਆਈਸ ਕਰੀਮ, ਸੂਪ ਅਤੇ ਮਠਿਆਈਆਂ ਆਦਿ ਵੀ ਸਨ। ਸਾਰੇ ਆਪੋ-ਆਪਣੀ ਜ਼ਰੂਰਤ ਅਨੁਸਾਰ ਖਾ-ਪੀ ਰਹੇ ਸਨ। ਓਧਰ ਨਾਲੋਂ-ਨਾਲ ਗਾਇਕ ਟੋਲੀ ਸਧਾਰਨ ਸਾਜ਼ਾਂ ਤੇ ਗੀਤ ਗਾ ਰਹੀ ਸੀ। ਗਾਇਕ ਟੋਲੀ ਦਾ ਮੁਖੀ ਬਖ਼ਸੇ ਜਾ ਰਹੇ ਵੇਲਾਂ ਦੇ ਨੋਟ ਸੰਭਾਲੀ ਜਾ ਰਿਹਾ ਸੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਮੁੰਡੇ ਅਤੇ ਕੁੜੀ ਵਾਲੇ ਦੋਵੇਂ ਧਿਰਾਂ ਚੰਗੇ ਸਮਾਜਿਕ ਰਾਸੂਖ ਵਾਲ਼ੇ ਸਨ। ਦੋਵੇਂ ਪਰਿਵਾਰ ਪੜ੍ਹੇ-ਲਿਖੇ ਹੋਣ ਕਰਕੇ ਦਾਜ ਲੈਣ ਅਤੇ ਦਾਜ ਦੇਣ ਦੇ ਸਖ਼ਤ ਵਿਰੁੱਧ ਸਨ। ਇਸ ਲਈ ਇਸ ਵਿਆਹ ਵਿੱਚ ਨਾ ਤਾਂ ਕੁੜੀ ਵਾਲਿਆਂ ਨੇ ਦਾਜ ਦਿੱਤਾ ਅਤੇ ਨਾ ਹੀ ਮੁੰਡੇ ਵਾਲਿਆਂ ਨੇ ਦਾਜ ਦੀ ਕੋਈ ਮੰਗ ਕੀਤੀ। ਵਿਆਹ ਵਿੱਚ ਲੋਕਾਂ ਦਾ ਇਕੱਠ ਵੀ ਲਗਭਗ 70 ਕੁ ਬੰਦਿਆਂ ਦਾ ਹੀ ਸੀ। ਅੰਤ ਵਿੱਚ ਕੁੜੀ ਵਾਲਿਆਂ ਨੇ ਕੁੜੀ ਨੂੰ ਸਿਰਫ਼ ਦੋ ਕੱਪੜਿਆਂ ਵਿੱਚ ਹੀ ਵਿਦਾ ਕੀਤਾ ਅਤੇ ਤੁਰਨ ਸਮੇਂ ਰਜਿੰਦਰ ਦੇ ਪਿਤਾ ਨੇ ਜੋੜੀ ਉਪਰੋਂ ਪੈਸਿਆਂ ਦੀ ਵਰਖਾ ਕੀਤੀ। ਹੁਣ ਅਸੀਂ ਵਾਪਸੀ ਲਈ ਰਵਾਨਾ ਹੋਏ ਲਗਭਗ ਸੱਤ ਵਜੇ ਘਰ ਵਾਪਸ ਆ ਗਏ।