ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਦੇ ਮੈਨੇਜਰ ਨੂੰ ਬੱਸ-ਸੇਵਾ ਨਿਯਮਿਤ ਕਰਵਾਉਣ ਲਈ ਪੱਤਰ।
ਪਰੀਖਿਆ ਭਵਨ,
ਪਿੰਡ/ਸ਼ਹਿਰ………।
ਮਿਤੀ : 28 ਜੁਲਾਈ, 2021.
ਸੇਵਾ ਵਿਖੇ
ਮੈਨੇਜਰ ਸਾਹਿਬ,
ਪੰਜਾਬ ਰੋਡਵੇਜ਼,
ਪਟਿਆਲਾ।
ਵਿਸ਼ਾ : ਬੱਸ ਸੇਵਾ ਨਿਯਮਿਤ ਕਰਵਾਉਣ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਪਟਿਆਲਾ ਤੋਂ ਸਾਡੇ ਪਿੰਡ ਵੱਲ ਨੂੰ ਤਿੰਨ ਵਾਰ ਪੰਜਾਬ ਰੋਡਵੇਜ਼ ਦੀ ਬੱਸ ਜਾਂਦੀ ਹੈ, ਪਰ ਇਸ ਦੇ ਚੱਲਣ ਤੇ ਪਹੁੰਚਣ ਦਾ ਸਮਾਂ ਨਿਯਮਿਤ ਨਹੀਂ ਹੈ। ਬੱਸ ਦਾ ਸਵੇਰੇ ਸਾਡੇ ਪਿੰਡ ਤੋਂ ਚੱਲਣ ਦਾ ਸਮਾਂ ਅੱਠ ਵਜੇ ਹੈ, ਪਰ ਕੰਡਕਟਰ ਤੇ ਡਰਾਈਵਰ, ਜੋ ਕਿ ਨੇੜੇ ਦੇ ਪਿੰਡਾਂ ਤੋਂ ਆਉਂਦੇ ਹਨ, ਕਦੇ ਵੀ ਸਮੇਂ ਸਿਰ ਬੱਸ ਨੂੰ ਲੈ ਕੇ ਨਹੀਂ ਤੁਰਦੇ, ਜਿਸ ਕਰਕੇ ਕੰਮ-ਕਾਜ ਲਈ ਜਾਣ ਵਾਲ਼ੇ ਮੁਸਾਫ਼ਰ ਅਤੇ ਪੜ੍ਹਨ ਜਾਣ ਵਾਲ਼ੇ ਵਿਦਿਆਰਥੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਹੀ ਜਦੋਂ ਉਹ ਦੁਪਹਿਰ ਨੂੰ ਬੱਸ ਲੈ ਕੇ ਜਾਂਦੇ ਹਨ, ਤਾਂ ਚਾਹ ਦੀ ਦੁਕਾਨ ‘ਤੇ ਬੈਠ ਕੇ ਗੱਲਾਂ ਮਾਰਦੇ ਰਹਿੰਦੇ ਹਨ ਅਤੇ ਬੱਸ ਦੇ ਚੱਲਣ ਦਾ ਠੀਕ ਸਮਾਂ ਲੰਘਾ ਦਿੰਦੇ ਹਨ। ਰਾਤ ਦੇ ਸਮੇਂ ਇਹ ਬੱਸ ਕਦੇ ਵੀ ਸਵਾਰੀਆਂ ਨੂੰ ਠੀਕ ਸਮੇਂ ਸਿਰ ਲੈ ਕੇ ਪਿੰਡ ਨਹੀਂ ਪਹੁੰਚਦੀ। ਇਸ ਬੱਸ ਦੀ ਹਾਲਤ ਵੀ ਜ਼ਿਆਦਾ ਵਧੀਆ ਨਹੀਂ ਹੈ। ਇਸ ਦੀਆਂ ਬਹੁਤ ਸਾਰੀਆਂ ਸੀਟਾਂ ਤੇ ਬਾਰੀਆਂ ਟੁੱਟੀਆਂ ਹੋਈਆਂ ਹਨ। ਇਸ ਦਾ ਇੰਜਣ ਵੀ ਆਮ ਕਰ ਕੇ ਖ਼ਰਾਬ ਹੀ ਰਹਿੰਦਾ ਹੈ ਤੇ ਟਾਇਰ ਹਰ ਦੂਜੇ-ਤੀਜੇ ਦਿਨ ਪੈਂਚਰ ਹੋਏ ਰਹਿੰਦੇ ਹਨ, ਜਿਸ ਕਰਕੇ ਜਦੋਂ ਬੱਸ ਖ਼ਰਾਬ ਹੋ ਜਾਂਦੀ ਹੈ, ਤਾਂ ਮੁਸਾਫ਼ਰਾਂ ਨੂੰ ਬਹੁਤ ਪ੍ਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ। ਆਪ ਜੀ ਨੂੰ ਬੇਨਤੀ ਹੈ ਕਿ ਆਪ ਸਾਡੇ ਪਿੰਡ ਤੱਕ ਦੀ ਬੱਸ ਸੇਵਾ ਨੂੰ ਨਿਯਮਿਤ ਕਰਨ ਦਾ ਨਾਲ਼-ਨਾਲ਼ ਉਸ ਦੀ ਥਾਂ ਨਵੀਂ ਬੱਸ ਜਾਂ ਉਸ ਦੀ ਹੀ ਮੁਰੰਮਤ ਕਰਵਾ ਕੇ ਭੇਜੀ ਜਾਵੇ। ਆਸ ਕਰਦਾ ਹਾਂ ਆਪ ਸਾਡੀ ਸਮੱਸਿਆ ਵੱਲ ਧਿਆਨ ਦਿੰਦੇ ਹੋਏ ਜਲਦੀ ਇਸ ਦਾ ਹੱਲ ਕਰੋਗੇ।
ਧੰਨਵਾਦ ਸਹਿਤ
ਆਪ ਦਾ ਵਿਸ਼ਵਾਸਪਾਤਰ,
ਨਾਮ………………।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037