ਅਖ਼ਬਾਰ ਦੇ ਸੰਪਾਦਕ ਨੂੰ ਸੜਕ ਹਾਦਸਿਆਂ ਬਾਰੇ ਨਿਯਮਾਂ ਦੀ ਜਾਣਕਾਰੀ ਸੰਬੰਧੀ ਪੱਤਰ।
ਪਰੀਖਿਆ ਭਵਨ,
ਸਰਕਾਰੀ ਹਾਈ ਸਕੂਲ,
ਸ਼ਹਿਰ……………….।
10 ਜੁਲਾਈ, 2024.
ਸੇਵਾ ਵਿਖੇ
ਮਾਨਯੋਗ ਸੰਪਾਦਕ ਸਾਹਿਬ,
ਜਗ ਬਾਣੀ,
ਜਲੰਧਰ।
ਵਿਸ਼ਾ: ਸੜਕ – ਦੁਰਘਟਨਾਵਾਂ ਕਾਰਨ ਹੋ ਰਹੇ ਜਾਨੀ ਨੁਕਸਾਨ ਸੰਬੰਧੀ।
ਸ੍ਰੀਮਾਨ ਜੀ,
ਮੈਂ ਜਗ ਬਾਣੀ ਅਖ਼ਬਾਰ ਰਾਹੀਂ ਨਿੱਤ ਦਿਨ ਸੜਕਾਂ ‘ਤੇ ਹੁੰਦੀਆਂ ਦੁਰਘਟਨਾਵਾਂ ਵਿੱਚ ਹੋ ਰਹੇ ਜਾਨੀ ਨੁਕਸਾਨ ਬਾਰੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹਾਂ। ਅਸੀਂ ਅਖ਼ਬਾਰਾਂ ਅਤੇ ਟੈਲੀਵੀਜ਼ਨ ਰਾਹੀਂ ਪੜ੍ਹਦੇ ਅਤੇ ਵੇਖਦੇ ਹਾਂ ਕਿ ਹਰ ਰੋਜ਼ ਸੜਕਾਂ ਉੱਪਰ ਅਨੇਕਾਂ ਹਾਦਸੇ ਵਾਪਰ ਰਹੇ ਹਨ। ਕਈ ਵਾਰੀ ਤਾਂ ਹਾਦਸੇ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਹੀ ਮੌਤ ਦੀ ਭੇਟ ਚੜ੍ਹ ਜਾਂਦੇ ਹਨ। ਇੱਕਾ-ਦੁੱਕਾ ਜਾਨ ਲੇਵਾ ਘਟਨਾਵਾਂ ਤਾਂ ਅਣਗਿਣਤ ਹੁੰਦੀਆਂ ਹਨ। ਸੜਕ ‘ਤੇ ਸਫ਼ਰ ਕਰਨ ਗਏ ਵਿਅਕਤੀ ਬਾਰੇ ਇਸ ਤਰ੍ਹਾਂ ਮਹਿਸੂਸ ਹੁੰਦਾ ਰਹਿੰਦਾ ਹੈ, ਜਿਵੇਂ ਉਹ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨਾਲ਼ ਲੜਾਈ ਕਰਨ ਗਿਆ ਹੋਵੇ। ਸਾਨੂੰ ਸੜਕ ਦੁਰਘਟਨਾਵਾਂ ਦੇ ਕਾਰਨਾਂ ਬਾਰੇ ਗੰਭੀਰਤਾ ਨਾਲ਼ ਸੋਚਣ ਅਤੇ ਉਹਨਾਂ ਨੂੰ ਦੂਰ ਕਰਨ ਦੀ ਲੋੜ ਹੈ।
ਮੈਂ ਸਮਝਦਾ ਹਾਂ ਕਿ ਸੜਕ-ਹਾਦਸਿਆਂ ਦੇ ਅਨੇਕ ਕਾਰਨ ਹਨ, ਜਿਵੇਂਕਿ ਅਣਸਿੱਖਿਅਤ ਡ੍ਰਾਈਵਰ, ਨਸ਼ਾ, ਗੱਡੀਆਂ ਵੱਧ ਸਪੀਡ ’ਤੇ ਚਲਾਉਣਾ, ਡਾਈਵਿੰਗ-ਨਿਯਮਾਂ ਦੀ ਪਾਲਣਾ ਨਾ ਕਰਨਾ, ਇਸ਼ਾਰਿਆਂ ਜਾਂ ਡਿੱਪਰਾਂ ਦੀ ਵਰਤੋਂ ਨਾ ਕਰਨਾ, ਸੰਕੇਤ-ਚਿੰਨ੍ਹਾਂ ਦੀ ਘਾਟ, ਖ਼ਸਤਾ ਹਾਲਤ ਗੱਡੀਆਂ ਨੂੰ ਸੜਕ ‘ਤੇ ਚਲਾਉਂਦੇ ਰਹਿਣਾ, ਅਵਾਰਾ ਪਸ਼ੂਆਂ ਦਾ ਸੜਕਾਂ ਤੇ ਘੁੰਮਣਾ ਅਤੇ ਸੜਕਾਂ ਦੀ ਹਾਲਤ ਠੀਕ ਨਾ ਹੋਣਾ ਆਦਿ।
ਸਰਕਾਰ, ਸਮਾਜ-ਸੇਵੀ ਸੰਸਥਾਵਾਂ ਅਤੇ ਮੀਡੀਏ ਨੂੰ ਸੜਕ-ਹਾਦਸਿਆਂ ਤੋਂ ਬਚਣ ਲਈ ਚੇਤਨਾ-ਲਹਿਰ ਚਲਾਉਣੀ ਚਾਹੀਦੀ ਹੈ ਜਿਸ ਸੜਕ ਨਿਯਮਾਂ ਸੰਬੰਧੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ। ਨਿਯਮ ਭੰਗ ਕਰਨ ਵਾਲ਼ਿਆਂ ਨੂੰ ਸਖ਼ਤ ਸਜ਼ਾਵਾਂ ਮਿਲ਼ਣੀਆਂ ਚਾਹੀਦੀਆਂ ਹਨ। ਗੱਡੀ-ਚਾਲਕਾਂ ਨੂੰ ਵੀ ਆਪਣੀ ਜ਼ੁੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਸੋਚਣਾ ਚਾਹੀਦਾ ਹੈ ਕਿ ‘ਕਦੇ ਵੀ ਨਾ ਪਹੁੰਚਣ ਨਾਲ਼ੋਂ, ਦੇਰ ਨਾਲ਼ ਪਹੁੰਚਣਾ ਚੰਗਾ ਹੈ। ਇਸ ਤਰ੍ਹਾਂ ਕਰਨ ਨਾਲ਼ ਅਨੇਕਾਂ ਕੀਮਤੀ ਜਾਨਾਂ ਦਾ ਬਚਾਅ ਹੋ ਸਕਦਾ ਹੈ ਅਤੇ ਪੰਜਾਬ ਦੀਆਂ ਸੜਕਾਂ ‘ਤੇ ਲੱਗਿਆ ‘ਖੂਨੀ ਸੜਕਾਂ’ ਹੋਣ ਦਾ ਦਾਗ਼ ਮਿਟ ਸਕਦਾ ਹੈ।
ਧੰਨਵਾਦ ਸਹਿਤ
ਤੁਹਾਡਾ ਸ਼ੁੱਭਚਿੰਤਕ,
ਨਾਮ ਤੇ ਪਤਾ……….,
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037