ਬੰਮ ਬਹਾਦਰ – ਕਹਾਣੀ
ਕਹਾਣੀਕਾਰ – ਗੁਰਬਖ਼ਸ਼ ਸਿੰਘ
ਸਾਰ
ਇੱਕ ਮਹਾਰਾਜੇ ਦਾ ‘ਬੰਮ ਬਹਾਦਰ’ ਨਾਂ ਦਾ ਹਾਥੀ ਹਾਥੀਖ਼ਾਨੇ ਵਿਚ ਊਧਮ ਮਚਾਈ ਰੱਖਦਾ ਸੀ। ਇਸ ਦਾ ਕਾਰਨ ਸੀ ਕਿ ਹਾਥੀਖ਼ਾਨੇ ਦਾ ਮਹੰਤ ਮਾਤਾਦੀਨ ਬੰਮ ਬਹਾਦਰ ਦੇ ਰਾਤਬ ਵਿਚੋਂ ਹਰ–ਰੋਜ਼ ਚੋਰੀ ਕਰਦਾ ਸੀ। ਮਹੰਤ ਨੇ ਰਾਜੇ ਕੋਲ਼ ਬੰਮ ਦੀ ਸ਼ਿਕਾਇਤ ਕੀਤੀ, ਪਰ ਉਹ ਬੰਮ ਬਹਾਦਰ ਦੇ ਪਿਆਰ ਤੇ ਕੋਮਲਤਾ ਤੋਂ ਜਾਣੂ ਸਨ, ਇਸ ਕਰਕੇ ਜਦੋਂ ਉਹ ਆਪਣੀ ਨਵ-ਵਿਆਹੀ ਮਹਾਰਾਣੀ ਨਾਲ਼ ਉਸ ਉੱਤੇ ਬੈਠ ਕੇ ਮਹਿਲਾਂ ਵਿਚ ਆਏ, ਤਾਂ ਕੋਈ ਵੀ ਬੰਮ ਦੀ ਗ਼ਲਤੀ ਨਹੀਂ ਕੱਢ ਸਕਿਆ। ਮਹਾਰਾਜ ਨੇ ਸ਼ਾਹੀ ਮਹਿਲਾਂ ਵਿਚ ਪੁੱਜ ਕੇ ਮਹਾਰਾਣੀ ਦੀ ਬੰਮ ਨਾਲ਼ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਮਹਾਰਾਣੀ ਨੂੰ ਕਿਹਾ ਕਿ ਉਹ ਹਫ਼ਤੇ ਵਿਚ ਇੱਕ ਵਾਰ ਹਾਥੀਖ਼ਾਨੇ ਜਾ ਕੇ ਬੰਮ ਨੂੰ ਦੇਖ ਆਇਆ ਕਰਨ।
ਇਕ ਦਿਨ ਮਹਾਰਾਣੀ ਬੰਮ ਲਈ ਦਸ ਸੇਰ ਲੱਡੂ ਬਣਵਾ ਕੇ ਲੈ ਗਈ। ਲੱਡੂ ਖਾ ਕੇ ਬੰਮ ਨੂੰ ਪਿਆਰ ਦੀ ਮਸਤੀ ਚੜ੍ਹ ਗਈ। ਉਸ ਦਿਨ ਮਾਤਾਦੀਨ ਨੇ ਲੱਡੂਆਂ ਦੇ ਬਦਲੇ ਬੰਮ ਦੇ ਰਾਤਬ ਵਿਚੋਂ ਹੋਰ ਵੱਧ ਚੋਰੀ ਕੀਤੀ, ਜਿਸ ਦਾ ਬੰਮ ਨੂੰ ਹੋਰ ਗੁੱਸਾ ਚੜ੍ਹ ਗਿਆ। ਮਹਾਰਾਣੀ ਨੇ ਬੰਮ ਕੋਲ਼ ਹਫ਼ਤੇ ਵਿਚ ਦੋ ਵਾਰੀ ਜਾਣਾ ਸ਼ੁਰੂ ਕਰ ਦਿੱਤਾ ਅਤੇ ਬੰਮ ਉਸ ਦੇ ਹੱਥੋਂ ਬੜੇ ਚਾਅ ਨਾਲ਼ ਲੱਡੂ ਜਾਂ ਪ੍ਰਾਉਂਠੇ ਖਾਂਦਾ। ਬੰਮ ਮਹਾਰਾਣੀ ਨੂੰ ਸਿਰ ’ਤੇ ਬੈਠਾ ਲੈਂਦਾ ਤੇ ਸੁੰਡ ਉੱਪਰ ਚੁੱਕ ਕੇ ਸਲਾਮੀਆਂ ਦਿੰਦਾ।
ਇਕ ਦਿਨ ਮਾਤਾਦੀਨ ਨੇ ਮਹਾਰਾਜ ਦੇ ਸ਼ਿਕਾਰ ਉੱਤੇ ਜਾਣ ਲਈ ਬੰਮ ਦੀ ਥਾਂ ਹੋਰ ਹਾਥੀ ਭੇਜ ਦਿੱਤਾ। ਇਹ ਦੇਖ ਕੇ ਬੰਮ ਨੂੰ ਬਹੁਤ ਗੁੱਸਾ ਚੜ੍ਹ ਗਿਆ। ਉਸ ਨੇ ਮਾਤਾਦੀਨ ਨੂੰ ਪੈਰਾਂ ਹੇਠ ਸੁੱਟ ਕੇ ਮਲ ਕੇ ਮਾਰ ਸੁੱਟਿਆ ਤੇ ਫਿਰ ਸੰਗਲ ਤੁੜਾ ਕੇ ਉਸ ਦਾ ਕੋਠਾ ਢਾਹ ਦਿੱਤਾ। ਜਦੋਂ ਇਸ ਬਾਰੇ ਮਹਾਰਾਣੀ ਨੂੰ ਪਤਾ ਲੱਗਾ ਤਾਂ ਉਹ ਬੰਮ ਦੇ ਰਾਹ ਵਿਚ ਪਹੁੰਚ ਗਈ। ਉਸ ਸਮੇਂ ਬੰਮ ਆਪਣੀ ਸੁੰਡ ਵਿਚ ਛੱਪੜ ਦਾ ਗੰਦਾ ਪਾਣੀ ਭਰ ਕੇ ਆਪਣੇ ਵੱਲ ਆਉਣ ਵਾਲ਼ੇ ਹਰ ਬੰਦੇ ਉੱਤੇ ਸੁੱਟ ਰਿਹਾ ਸੀ। ਮਹਾਰਾਣੀ ਨੂੰ ਦੇਖ ਕੇ ਬੰਮ ਇੱਕ ਥਾਂ ਖੜ੍ਹ ਗਿਆ। ਮਹਾਰਾਣੀ ਉਸ ਦੇ ਕੋਲ਼ ਪਹੁੰਚੀ ਗਈ। ਬੰਮ ਸੁੰਡ ਗੰਦੀ ਹੋਣ ਕਰਕੇ ਮਹਾਰਾਣੀ ਨੂੰ ਛੋਹ ਨਹੀਂ ਸਕਦਾ ਸੀ। ਰਾਤਬ ਚੋਰੀ ਬਾਰੇ ਮਹਾਰਾਣੀ ਨੂੰ ਪਤਾ ਚਲ ਗਿਆ ਸੀ। ਉਹ ਸਮਝਦੀ ਸੀ ਕਿ ਮਾਤਾਦੀਨ ਨੇ ਬੰਮ ਨੂੰ ਬਹੁਤ ਦੁੱਖ ਦਿੱਤਾ ਹੈ। ਮਹਾਰਾਣੀ ਨੇ ਬੰਮ ਨੂੰ ਕਿਹਾ ਕਿ ਉਸ ਨੇ ਮਾਤਾਦੀਨ ਦੇ ਬੱਚਿਆਂ ਦੇ ਰਹਿਣ ਵਾਲ਼ਾ ਕੋਠਾ ਢਾਹ ਕੇ ਚੰਗਾ ਨਹੀਂ ਕੀਤਾ। ਇਸ ਲਈ ਉਸ ਨੂੰ ਆਪਣਾ ਅੱਧਾ ਰਾਤਬ ਕਟਵਾ ਕੇ ਉਹਨਾਂ ਪੈਸਿਆਂ ਨਾਲ਼ ਬੱਚਿਆਂ ਲਈ ਕੋਠਾ ਬਣਾ ਕੇ ਦੇਣਾ ਹੋਵੇਗਾ। ਬੰਮ ਨੇ ਆਪਣੀ ਸੁੰਡ ਨਾਲ਼ ਮਹਾਰਾਣੀ ਦੇ ਪੈਰਾਂ ਦੁਆਲ਼ੇ ਚੱਕਰ ਕੱਢ ਕੇ ਆਪਣੀ ਸਹਿਮਤੀ ਪ੍ਰਗਟ ਕੀਤੀ। ਇੰਝ ਲੱਗ ਰਿਹਾ ਸੀ ਜਿਵੇਂ ਬੰਮ ਸਮਝ ਗਿਆ ਹੋਵੇ ਕਿ ਮਹਾਰਾਣੀ ਸਭ ਕੁੱਝ ਉਸ ਦੇ ਭਲੇ ਲਈ ਹੀ ਕਰ ਰਹੀ ਹੈ। ਇਸ ਪਿੱਛੋਂ ਬੰਮ ਆਪਣੇ ਅੱਧੇ ਰਾਤਬ ਉੱਤੇ ਹੀ ਖੁਸ਼ ਸੀ। ਹੁਣ ਫਿਰ ਮਹਾਰਾਣੀ ਦੇ ਆਉਣ ‘ਤੇ ਉਹ ਉਸ ਨੂੰ ਆਪਣੇ ਸਿਰ ਉੱਤੇ ਬੈਠਾ ਕੇ ਚੱਕਰ ਲਗਾਉਣ ਲੱਗ ਪਿਆ।
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ਬੰਮ ਨੂੰ ਮਾਤਾ ਦੀਨ ਨਾਲ਼ ਕਿਸ ਗੱਲੋਂ ਈਰਖਾ ਸੀ?
ਉੱਤਰ – ਬੰਮ ਨੂੰ ਮਾਤਾਦੀਨ ਨਾਲ਼ ਈਰਖਾ ਸੀ, ਕਿਉਂਕਿ ਉਹ ਉਸ ਦੇ ਰਾਤਬ ਵਿਚੋਂ ਚੋਰੀ ਕਰਦਾ ਸੀ ਤੇ ਉਸ ਤੋਂ ਉਸ ਦੇ ਹੱਕ ਖੋਹ ਰਿਹਾ ਸੀ। ਜਦੋਂ ਮਹਾਰਾਜ ਦੇ ਸ਼ਿਕਾਰ ਖੇਡਣ ਜਾਣ ਲਈ ਮਾਤਾਦੀਨ ਨੇ ਬੰਮ ਦੀ ਥਾਂ ਕਿਸੇ ਹੋਰ ਹਾਥੀ ਨੂੰ ਭੇਜ ਦਿੱਤਾ ਤਾਂ, ਬੰਮ ਦਾ ਗੁੱਸਾ ਅਤੇ ਈਰਖਾ ਫੁੱਟ ਪਿਆ ਅਤੇ ਉਸ ਨੇ ਮਾਤਾਦੀਨ ਨੂੰ ਕੁਚਲ ਕੇ ਮਾਰ ਦਿੱਤਾ।
ਪ੍ਰਸ਼ਨ 2. ਮਹਾਰਾਣੀ ਨੂੰ ਮਹਿਲਾਂ ਦੇ ਦਰਾਂ ਤੇ ਲਿਆਉਣ ਸਮੇਂ, ਬੰਮ ਬਹਾਦਰ ਨੇ ਕਿਹੋ–ਜਿਹਾ ਵਿਹਾਰ ਪ੍ਰਗਟਾਇਆ?
ਉੱਤਰ – ਮਹਾਰਾਣੀ ਨੂੰ ਮਹਿਲਾਂ ਦੇ ਦਰਾਂ ਵਿਚ ਲਿਆਉਣ ਸਮੇਂ ਬੰਮ ਬਹਾਦਰ ਨੇ ਬਹੁਤ ਵਧੀਆ ਵਿਹਾਰ ਪ੍ਰਗਟ ਕੀਤਾ। ਉਹ ਇੱਕ ਚੰਗੇ ਸਿਪਾਹੀ ਤੋਂ ਵੀ ਵੱਧ ਚੇਤੰਨ ਸੀ। ਉਹ ਝੂਮਦਾ-ਝਾਮਦਾ, ਲਟਕਦਾ-ਮਟਕਦਾ ਆਪਣੇ ਸ਼ਾਹੀ ਭਾਰ ਨੂੰ ਚੁੱਕ ਕੇ ਮਹਿਲਾਂ ਦੇ ਦਰਾਂ ਉੱਤੇ ਲੈ ਆਇਆ। ਜਲੂਸ ਵਿਚ ਕੋਈ ਵੀ ਉਸ ਦੇ ਵਿਹਾਰ ਵਿੱਚ ਗ਼ਲਤੀ ਨਾ ਕੱਢ ਸਕਿਆ।
ਪ੍ਰਸ਼ਨ 3. ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਪ੍ਰਤਿ ਕਿਹੋ–ਜਿਹਾ ਵਤੀਰਾ ਸੀ?
ਉੱਤਰ – ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਪ੍ਰਤੀ ਵਰਤਾਓ ਬਹੁਤ ਹੀ ਪਿਆਰ ਭਰਪੂਰ ਤੇ ਹਮਦਰਦੀ ਵਾਲ਼ਾ ਸੀ। ਮਹਾਰਾਜ ਬੰਮ ਨੂੰ ਹਰ ਜਲਸੇ ਦਾ ਸ਼ਿੰਗਾਰ ਬਣਾਉਂਦੇ ਸਨ, ਕਿਉਂਕਿ ਉਹ ਜਾਣਦੇ ਸਨ ਕਿ ਬੰਮ ਤਮਾਸ਼ਬੀਨ ਹੈ। ਮਹਾਰਾਣੀ ਦਾ ਵੀ ਬੰਮ ਪ੍ਰਤੀ ਵਿਹਾਰ ਬਹੁਤ ਹੀ ਪਿਆਰ ਅਤੇ ਅਪਣੱਤ ਨਾਲ਼ ਭਰਿਆ ਸੀ। ਉਹ ਉਸ ਨੂੰ ਹਫਤੇ ਵਿਚ ਇਕ ਜਾਂ ਦੋ ਵਾਰੀ ਜਰੂਰ ਮਿਲ਼ਣ ਲਈ ਜਾਂਦੀ ਸੀ। ਉਹ ਬੰਮ ਲਈ ਲੱਡੂ ਜਾਂ ਪਰਾਉਂਠੇ ਬਣਾ ਕੇ ਲੈ ਕੇ ਜਾਂਦੀ, ਜਿਹਨਾਂ ਨੂੰ ਬੰਮ ਬੜੇ ਚਾਅ ਨਾਲ਼ ਖਾਂਦਾ ਸੀ।
ਪ੍ਰਸ਼ਨ 4. ਬੰਮ ਬਹਾਦਰ ਨੇ ਪੈਰਾਂ ਦੇ ਸੰਗਲ਼ ਤੋੜ ਕੇ ਕੀ ਤਬਾਹੀ ਕੀਤੀ?
ਉੱਤਰ – ਰਾਤਬ ਦੀ ਚੋਰੀ ਕਾਰਨ ਗੁੱਸੇ ਨਾਲ਼ ਭਰੇ ਬੰਮ ਬਹਾਦਰ ਨੇ ਮਾਤਾਦੀਨ ਨੂੰ ਪੈਰਾਂ ਨਾਲ਼ ਕੁਚਲ ਦਿੱਤਾ ਅਤੇ ਸੰਗਲ ਤੁੜਾ ਕੇ ਸਿੱਧਾ ਮਾਤਾਦੀਨ ਦੇ ਬਾਗ਼ ਵਿਚ ਪੁੱਜ ਕੇ ਬਾਗ਼ ਦੇ ਸਾਰੇ ਬੂਟੇ ਪੁੱਟ ਸੁੱਟੇ ਤੇ ਉੱਗਿਆ ਸਭ ਕੁੱਝ ਰੋਲ ਦਿੱਤਾ। ਮਾਤਾਦੀਨ ਦੇ ਬਾਲ-ਬੱਚੇ ਘਰ ਖ਼ਾਲੀ ਕਰ ਕੇ ਨੱਠ ਗਏ । ਬੰਮ ਨੇ ਉਨ੍ਹਾਂ ਦੀ ਕੋਠੜੀ ਢਾਹ ਕੇ ਖੋਲਾ ਬਣਾ ਦਿੱਤੀ । ਫਿਰ ਉਸ ਨੇ ਇਕ ਛੱਪੜ ਵਿਚੋਂ ਆਪਣੀ ਸੁੰਡ ਵਿਚ ਗੰਦਾ ਪਾਣੀ ਭਰ ਲਿਆ ਤੇ ਜਿਹੜਾ ਵੀ ਉਸ ਦੇ ਰਸਤੇ ਵਿਚ ਆਉਂਦਾ ਸੀ, ਉਹ ਪਾਣੀ ਦੀ ਵਾਛੜ ਸੁੱਟ ਕੇ ਉਸ ਨੂੰ ਡਰਾ ਦਿੰਦਾ ਸੀ।
ਪ੍ਰਸ਼ਨ 5. ਨਰਾਜ਼ ਹੋਏ ਬੰਮ ਬਹਾਦਰ ਨੂੰ ਮਹਾਰਾਣੀ ਨੇ ਆਪਣੇ ਵੱਸ ਵਿਚ ਕਿਵੇਂ ਕੀਤਾ?
ਉੱਤਰ – ਮਹਾਰਾਣੀ ਗੁੱਸੇ ਨਾਲ਼ ਬੇਕਾਬੂ ਹੋਏ ਬੰਮ ਦੇ ਰਸਤੇ ਵਿਚ ਪਹੁੰਚ ਗਈ। ਉਸ ਨੇ ਕਪਤਾਨ ਨੂੰ ਕਿਹਾ ਕਿ ਉਹ ਆਪਣਾ ਦਸਤਾ ਤਿਆਰ ਰੱਖੇ, ਪਰ ਜਿੰਨਾ ਚਿਰ ਉਹ ਹੱਥ ਚੁੱਕ ਕੇ ਇਸ਼ਾਰਾ ਨਾ ਕਰੇ, ਗੋਲੀ ਨਾ ਚਲਾਈ ਜਾਵੇ। ਆਪਣੇ ਵੱਲ ਤਣੀਆਂ ਬੰਦੂਕਾਂ ਦੇਖ ਕੇ ਬੰਮ ਮੋਟਰ ਵੱਲ ਦੌੜਿਆ ਅਤੇ ਮਹਾਰਾਣੀ ਉਸ ਵੱਲ ਦੌੜ ਪਈ। ਬੰਮ ਮਹਾਰਾਣੀ ਤੋਂ ਪੰਜਾਹ ਗਜ਼ ਦੀ ਵਿੱਥ ਉੱਤੇ ਖੜ੍ਹਾ ਹੋ ਗਿਆ। ਮਹਾਰਾਣੀ ਨੂੰ ਬੰਮ ਨੇ ਸੁੰਡ ਚੁੱਕ ਕੇ ਸਲਾਮੀ ਦਿੱਤੀ। ਮਹਾਰਾਣੀ ਨੇ ਹੱਥ ਜੋੜੋ, ਪਰ ਬੰਮ ਨੇ ਆਪਣੀ ਸੰਡ ਦੇ ਗੰਦੀ ਹੋਣ ਕਾਰਨ ਉਸ ਦੇ ਹੱਥਾਂ ਨੂੰ ਨਾ ਛੋਹਿਆ। ਇਸ ਪਿੱਛੋਂ ਮਹਾਰਾਣੀ ਉਸ ਨਾਲ਼ ਗੱਲਾਂ ਕਰਦੀ ਰਹੀ ਤੇ ਉਸ ਨੇ ਉਸ ਦੇ ਪੈਰਾਂ ਦੁਆਲੇ ਚੱਕਰ ਕੱਢ ਕੇ ਉਸ ਦੀ ਹਰ ਗੱਲ ਨੂੰ ਸਵੀਕਾਰ ਕੀਤਾ। ਇਸ ਤਰ੍ਹਾਂ ਪਿਆਰ ਨਾਲ਼ ਮਹਾਰਾਣੀ ਨੇ ਬੰਮ ਨੂੰ ਆਪਣੇ ਵੱਸ ਵਿਚ ਕਰ ਲਿਆ।
ਪ੍ਰਸ਼ਨ 6. ‘‘ਤੇਰੀ ਸੁੱਚੀ ਹੈਵਾਨੀਅਤ ਨੂੰ ਚੋਰ ਇਨਸਾਨੀਅਤ ਦੀਆਂ ਸਾਜ਼ਸ਼ਾਂ ਤੋਂ ਮੈਂ ਬਚਾ ਕੇ ਰੱਖਾਂਗੀ ।‘ ਮਹਾਰਾਣੀ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਹੈ?
ਉੱਤਰ – ਮਹਾਰਾਣੀ ਦਾ ਇਨ੍ਹਾਂ ਸ਼ਬਦਾਂ ਤੋਂ ਭਾਵ ਸੀ ਕਿ ਮਾਤਾਦੀਨ ਵਰਗੇ ਬੰਦਿਆਂ ਅੰਦਰ ਵਸਦੀ ਚੋਰ ਹੈਵਾਨੀਅਤ ਤੋਂ ਉਹ ਬੰਮ ਦੇ ਅੰਦਰ ਵਸਦੀ ਪਿਆਰ ਦੀ ਸੱਚੀ ਭੁੱਖ ਅਤੇ ਇਨਸਾਨੀਅਤ ਨੂੰ ਬਚਾ ਕੇ ਰੱਖੇਗੀ ਤੇ ਕਿਸੇ ਨੂੰ ਉਸ ਨਾਲ਼ ਜ਼ਿਆਦਤੀ ਨਹੀਂ ਕਰਨ ਦੇਵੇਗੀ।
ਪ੍ਰਸ਼ਨ 7. ਮਹਾਰਾਣੀ ਦੇ ਸੰਪਰਕ ਵਿਚ ਆਉਣ ਨਾਲ਼ ਬੰਮ ਦੇ ਵਤੀਰੇ ਵਿਚ ਕੀ ਤਬਦੀਲੀ ਆਈ?
ਉੱਤਰ – ਮਹਾਰਾਣੀ ਦੇ ਸੰਪਰਕ ਵਿਚ ਆਉਣ ਮਗਰੋਂ ਬੰਮ ਦੇ ਵਤੀਰੇ ਵਿੱਚ ਇੱਕ ਦਮ ਤਬਦੀਲੀ ਆ ਗਈ। ਜੋ ਬੰਮ ਗੁੱਸੇ ਵਿਚ ਪਾਗਲ ਹੋਇਆ ਤਬਾਹੀ ਮਚਾ ਰਿਹਾ ਸੀ ਉਹ ਮਹਾਰਾਣੀ ਦੇ ਆਪਣੇ ਨਾਲ਼ ਸੁੱਚੇ ਤੇ ਅਪਣੱਤ ਭਰੇ ਪਿਆਰ ਕਰਕੇ ਸਾਂਤ ਹੋ ਗਿਆ। ਉਸ ਨੇ ਮਹਾਰਾਣੀ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਨੂੰ ਪ੍ਰਗਟ ਕਰਨ ਲਈ ਉਸ ਨੂੰ ਸਲਾਮੀ ਦਿੱਤੀ। ਉਸ ਨੇ ਮਹਾਰਾਣੀ ਦੀ ਹਰ ਗੱਲ ਨੂੰ ਕਬੂਲ ਕਰਦਿਆਂ ਆਪਣੀ ਸੁੰਡ ਨਾਲ਼ ਉਸ ਦੇ ਪੈਰਾਂ ਦੁਆਲ਼ੇ ਚੱਕਰ ਕੱਢ ਕੇ ਹਾਂ ਵਿੱਚ ਜਵਾਬ ਦਿੱਤਾ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਬੰਮ ਬਹਾਦਰ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ – ਗੁਰਬਖ਼ਸ਼ ਸਿੰਘ।
ਪ੍ਰਸ਼ਨ 2. ‘ਬੰਮ ਬਹਾਦਰ’ ਕਹਾਣੀ ਵਿੱਚ ਹਾਥੀਖ਼ਾਨੇ ਦਾ ਮਹੰਤ ਕੌਣ ਹੈ?
ਉੱਤਰ – ਮਾਤਾ ਦੀਨ।
ਪ੍ਰਸ਼ਨ 3. ਬੰਮ ਬਹਾਦਰ ਮਹੰਤ ਦੀਆਂ ਕਿਹੜੀਆਂ ਗੱਲਾਂ ਤੋਂ ਖ਼ਫ਼ਾ ਸੀ?
ਉੱਤਰ – ਰਾਤਬ ਚੋਰੀ ਅਤੇ ਹੱਕ ਖੋਹਣ ਤੋਂ।
ਪ੍ਰਸ਼ਨ 4. ਮਹੰਤ ਮਾਤਾਦੀਨ ਨੇ ਬੰਮ ਬਹਾਦਰ ਵਿਰੁੱਧ ਕਿਸ ਕੋਲ਼ ਸ਼ਕਾਇਤ ਕੀਤੀ?
ਉੱਤਰ – ਮਹਾਰਾਜ ਕੋਲ਼।
ਪ੍ਰਸ਼ਨ 5. ਮਹਾਰਾਜ ਕਿਸ ਨੂੰ ਹਰ ਜਲਸੇ ਦਾ ਸ਼ਿੰਗਾਰ ਬਣਾਉਂਦੇ ਸਨ?
ਉੱਤਰ – ਬੰਮ ਬਹਾਦਰ ਨੂੰ।
ਪ੍ਰਸ਼ਨ 6. ਮਹਾਰਾਜ ਕਿੱਥੋਂ ਵਿਆਹ ਕਰਵਾ ਕੇ ਆਏ ਸਨ?
ਉੱਤਰ – ਉਦੈਪੁਰ ਤੋਂ।
ਪ੍ਰਸ਼ਨ 7. ਮਹੰਤ ਮਾਤਾਦੀਨ ਕਿਸ ਚੀਜ਼ ਵਿਚੋਂ ਚੋਰੀ ਕਰਦਾ ਸੀ?
ਉੱਤਰ – ਹਾਥੀ ਦੇ ਰਾਤਬ ਵਿਚੋਂ।
ਪ੍ਰਸ਼ਨ 8. ਮਾਤਾਦੀਨ ਨੇ ਮਹਾਰਾਜ ਨੂੰ ਬੰਮ ਬਹਾਦਰ ਨੂੰ ਕਿੱਥੇ ਭੇਜਣ ਲਈ ਕਿਹਾ?
ਉੱਤਰ – ਚਿੜੀਆ–ਘਰ ਵਿਚ।
ਪ੍ਰਸ਼ਨ 9. ਮਹਾਰਾਣੀ ਪਹਿਲੀ ਵਾਰੀ ਬੰਮ ਬਹਾਦਰ ਨੂੰ ਮਿਲਣ ਲਈ ਕੀ ਬਣਵਾ ਕੇ ਲੈ ਗਈ?
ਉੱਤਰ – ਦਸ ਸੇਰ ਲੱਡੂ।
ਪ੍ਰਸ਼ਨ 10. ਬੰਮ ਬਹਾਦਰ ਮਹਾਰਾਣੀ ਨੂੰ ਸਲਾਮੀ ਕਿਸ ਤਰ੍ਹਾਂ ਦਿੰਦਾ ਸੀ?
ਉੱਤਰ – ਸੁੰਡ ਉੱਪਰ ਚੁੱਕ ਕੇ।
ਪ੍ਰਸ਼ਨ 11. ਬੰਮ ਬਹਾਦਰ ਮਹਾਰਾਣੀ ਦੇ ਪੈਰਾਂ ਦੁਆਲ਼ੇ ਚੱਕਰ ਕਿਵੇਂ ਖਿੱਚਦਾ ਸੀ?
ਉੱਤਰ – ਸੁੰਡ ਨਾਲ਼।
ਪ੍ਰਸ਼ਨ 12. ਬੰਮ ਮਹਾਰਾਣੀ ਦੇ ਪੈਰਾਂ ਦੁਆਲ਼ੇ ਸੁੰਡ ਨਾਲ਼ ਚੱਕਰ ਖਿੱਚ ਕੇ ਕੀ ਇਕਰਾਰ ਕਰਦਾ ਸੀ?
ਉੱਤਰ – ਆਗਿਆ ਪਾਲਣ ਦਾ।
ਪ੍ਰਸ਼ਨ 13. ਬੰਮ ਮਹਾਰਾਣੀ ਦੇ ਸਾਹਮਣੇ ਕੀ ਬਣ ਜਾਂਦਾ ਸੀ?
ਉੱਤਰ – ਬਾਲਕ।
ਪ੍ਰਸ਼ਨ 14. ਮਹਾਰਾਜ ਹਮੇਸ਼ਾ ਕਿਸ ਉੱਤੇ ਚੜ੍ਹ ਕੇ ਸ਼ਿਕਾਰ ਕਰਦਾ ਸੀ?
ਉੱਤਰ – ਬੰਮ ਬਹਾਦਰ ਉੱਤੇ।
ਪ੍ਰਸ਼ਨ 15. ਬੰਮ ਨੇ ਗੁੱਸੇ ਵਿਚ ਆ ਕੇ ਕਿਸ ਨੂੰ ਮਾਰ ਦਿੱਤਾ?
ਉੱਤਰ – ਮਾਤਾਦੀਨ ਨੂੰ।
ਪ੍ਰਸ਼ਨ 16. ਬੰਮ ਬਹਾਦਰ ਨੇ ਮਾਤਾਦੀਨ ਨੂੰ ਕਿਸ ਤਰ੍ਹਾਂ ਮਾਰਿਆ?
ਉੱਤਰ – ਪੈਰ ਹੇਠਾਂ ਕੁਚਲ ਕੇ।
ਪ੍ਰਸ਼ਨ 17. ਬੰਮ ਨੇ ਸੰਗਲ ਤੁੜਾ ਕੇ ਕਿਹੜੀ ਥਾਂ ਉਜਾੜੀ?
ਉੱਤਰ – ਮਾਤਾਦੀਨ ਦਾ ਬਾਗ਼।
ਪ੍ਰਸ਼ਨ 18. ਘੋੜਿਆਂ ਦੇ ਅਸਤਬਲ ਦਾ ਇੰਚਾਰਜ ਕੌਣ ਸੀ?
ਉੱਤਰ – ਮਾਤਾਦੀਨ ਦਾ ਭਰਾ।
ਪ੍ਰਸ਼ਨ 19. ਬੰਮ ਨੇ ਸੁੰਡ ਵਿਚ ਕੀ ਭਰਿਆ?
ਉੱਤਰ – ਛੱਪੜ ਦਾ ਗੰਦਾ ਪਾਣੀ।
ਪ੍ਰਸ਼ਨ 20. ਮਹਾਰਾਣੀ ਨੇ ਮਾਤਾਦੀਨ ਦੇ ਬੱਚਿਆਂ ਦੇ ਘਰ ਬਣਵਾਉਣ ਲਈ ਬੰਮ ਨੂੰ ਕੀ ਜੁਰਮਾਨਾ ਲਾਇਆ?
ਉੱਤਰ – ਅੱਧੇ ਰਾਤਬ ਦਾ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037 |