2. ਮੜ੍ਹੀਆਂ ਤੋਂ ਦੂਰ
ਲੇਖਕ – ਰਘੁਵੀਰ ਢੰਡ
••• ਸਾਰ •••
ਬਲਵੰਤ ਰਾਏ ਨੂੰ ਇੰਗਲੈਂਡ ਰਹਿੰਦਿਆਂ ਪੱਚੀ ਸਾਲ ਹੋ ਹਨ। ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਆਪਣੇ ਨਾਲ਼ ਇੰਗਲੈਂਡ ਲੈ ਗਿਆ। ਐਤਵਾਰ ਨੂੰ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਮੇਤ ਖਾਣੇ ਉੱਤੇ ਸੱਦਿਆ, ਤਾਂ ਗੱਲਾਂ-ਗੱਲਾਂ ਵਿੱਚ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ। ਕਹਾਣੀਕਾਰ ਤੇ ਉਸਦੀ ਪਤਨੀ ਮਾਸੀ ਦੇ ਮਿਲਾਪੜੇ ਸੁਭਾਅ ਵੱਲ ਮੋਹੇ ਗਏ। ਅਗਲੇ ਐਤਵਾਰ ਜਦੋਂ ਕਹਾਣੀਕਾਰ ਤੇ ਉਸ ਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲਿਜਾਣਾ ਚਾਹਿਆ ਤਾਂ ਉਸ ਦੇ ਪੁੱਤਰ, ਨੂੰਹ ਅਤੇ ਪੁੱਤ-ਪੋਤੀਆਂ ਵਿੱਚੋਂ ਕੋਈ ਵੀ ਵਿਹਲ ਜਾਂ ਰੁਚੀ ਦੀ ਘਾਟ ਦੱਸ ਕੇ ਨਾਲ਼ ਨਾ ਤੁਰਿਆ। ਮਾਸੀ ਨੇ ਗੁਰਦੁਆਰੇ ਜਾ ਕੇ ਜਦੋਂ ਲੰਗਰ ਪਕਾਇਆ ਤੇ ਫਿਰ ਮੰਦਰ ਵਿਚ ਭਜਨ ਗਾਏ ਤਾਂ ਦੋਹਾਂ ਥਾਵਾਂ ਦੇ ਪ੍ਰਧਾਨ ਬਹੁਤ ਪ੍ਰਭਾਵਿਤ ਹੋਏ। ਮਾਸੀ ਨੂੰ ਇੰਗਲੈਂਡ, ਓਥੋਂ ਦੇ ਲੋਕਾਂ, ਖੁੱਲ੍ਹੀਆਂ ਸੜਕਾਂ, ਸਾਫ਼-ਸੁਥਰਾ ਵਾਤਾਵਰਨ , ਖੁੱਲ੍ਹੇ ਖਾਣ-ਪੀਣ ਤੇ ਹੋਰਨਾਂ ਸਹੂਲਤਾਂ ਕਰਕੇ ਸੁਰਗ ਜਾਪਦਾ ਸੀ। ਇਹ ਸਭ ਦੇਖ ਕੇ ਉਹ ਚਾਹੁੰਣ ਲੱਗੀ ਕਿ ਉਹ ਸਦਾ ਹੀ ਉੱਥੇ ਰਹੇ ਤੇ ਉਸ ਦੇ ਪਤੀ ਨੂੰ ਵੀ ਉੱਥੇ ਬੁਲਾ ਲਿਆ ਜਾਵੇ। ਇੱਕ ਦਿਨ ਕਹਾਣੀਕਾਰ ਨੂੰ ਮਾਸੀ ਦਾ ਟੈਲੀਫ਼ੋਨ ਆਇਆ। ਲੇਖਕ ਮਾਸੀ ਦੀਆਂ ਗੱਲਾਂ ਸੁਣ ਸਮਝ ਗਿਆ ਕਿ ਉਹ ਬਹੁਤ ਉਦਾਸ ਹੈ। ਕਹਾਣੀਕਾਰ ਜਦੋਂ ਉਸ ਦੇ ਕੋਲ ਪੁੱਜਾ, ਤਾਂ ਉਹ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਭਿਜਵਾ ਦੇਵੇ। ਕਹਾਣੀਕਾਰ ਨੂੰ ਮਾਸੀ ਤੋਂ ਪੁੱਛਣ ਤੇ ਪਤਾ ਲੱਗਾ ਕਿ ਇੰਗਲੈਂਡ ਦੇ ਜੀਵਨ ਤੋਂ ਮਾਸੀ ਦਾ ਇਸ ਕਰਕੇ ਮੋਹ ਛੁੱਟ ਗਿਆ ਕਿ ਉਸ ਦੇ ਪੁੱਤਰ ਬਲਵੰਤ ਰਾਏ ਕੋਲ ਉਸ ਦੀ ਕੋਈ ਗੱਲ ਸੁਣਨ ਦਾ ਵਕਤ ਨਹੀਂ ਹੈ। ਉਸ ਦੀ ਨੂੰਹ ਦਾ ਸੁਭਾਅ ਤਾਂ ਗੋਰਿਆਂ ਤੋਂ ਵੀ ਭੈੜਾ ਹੈ। ਉਹਨਾਂ ਦੇ ਬੱਚੇ ਮੁੰਡਾ ਤੇ ਕੁੜੀਆਂ ਉਨ੍ਹਾਂ ਦੇ ਕਹਿਣੇ ਵਿੱਚ ਨਹੀਂ। ਵੱਡੀ ਕੁੜੀ ਮੀਰਾ ਚੰਗੀ ਹੈ, ਪਰ ਉਸ ਨਾਲ਼ ਮਾਸੀ ਦੀ ਬੋਲੀ ਦੀ ਸਾਂਝ ਨਹੀਂ ਹੈ। ਉਹ ਉਨ੍ਹਾਂ ਲਈ ਖਾਣਾ ਬਣਾ ਕੇ ਵਕਤ ਨਹੀਂ ਗੁਜ਼ਾਰ ਸਕਦੀ ਕਿਉਂਕਿ ਸਾਰਿਆਂ ਦੇ ਖਾਣ-ਪੀਣ ਦੇ ਰਾਹ ਅਲੱਗ-ਅਲੱਗ ਹਨ। ਮਾਸੀ ਇਹ ਸਾਰੀਆਂ ਗੱਲਾਂ ਦੱਸ ਕੇ ਮੁੜ ਰੋਣ ਲੱਗ ਪਈ। ਕਹਾਣੀਕਾਰ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਹੁਣ ਉਸ ਨੂੰ ਇੰਡੀਆ ਜਾਣਾ ਹੀ ਚਾਹੀਦਾ ਹੈ ਨਹੀਂ ਤਾਂ ਇਹ ਮੜ੍ਹੀਆਂ ਵਰਗੀ ਇਕੱਲ ਉਸ ਨੂੰ ਨਿਗਲ ਜਾਵੇਗੀ। ਮਾਸੀ ਨੇ ਹੁਣ ਇੰਗਲੈਂਡ ਨੂੰ ਮੜ੍ਹੀਆਂ ਤੋਂ ਵੀ ਕੋਈ ਦੂਰ ਦੀ ਕੋਈ ਚੀਜ਼ ਦੱਸਿਆ।
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਵਿਦੇਸ਼ੋਂ ਆਏ ਬਲਵੰਤ ਰਾਏ ਨੂੰ ਉਸ ਦੀ ਮਾਂ ਕੀ ਕਹਿੰਦੀ ਹੈ?
ਉੱਤਰ – ਵਿਦੇਸ਼ੋਂ ਆਏ ਬਲਵੰਤ ਰਾਏ ਦੀ ਮਾਂ ਉਸ ਨੂੰ ਗੁੱਸੇ, ਦੁੱਖ ਅਤੇ ਨਿਹੋਰਿਆਂ ਨਾਲ਼ ਕਹਿੰਦੀ ਹੈ ਕਿ ਉਸ ਨੂੰ ਪੱਚੀ ਸਾਲ ਇੰਗਲੈਂਡ ਗਏ ਨੂੰ ਹੋ ਗਏ ਹਨ ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾਂ ਨੂੰ ਕਈ ਕਈ ਵਾਰੀ ਇੰਗਲੈਂਡ ਬੁਲਾਇਆ ਹੈ, ਪਰ ਉਸ ਨੇ ਉਸ ਨੂੰ ਕਦੇ ਨਹੀਂ ਬੁਲਾਇਆ ਜਿਸ ਕਰਕੇ ਆਂਢਣਾਂ-ਗੁਆਂਢਣਾਂ ਬੋਲੀਆਂ ਮਾਰਦੀਆਂ ਹਨ। ਉਹ ਉਨ੍ਹਾਂ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਹੈ। ਉਹ ਤਾਂ ਰਨ ਦਾ ਹੋ ਕੇ ਹੀ ਰਹਿ ਗਿਆ ਹੈ ਅਤੇ ਆਪਣੀ ਮਾਂ ਨੂੰ ਭੁੱਲ ਗਿਆ ਹੈ, ਜਿਸ ਨੇ ਉਸ ਦਾ ਪਾਲਣ-ਪੋਸ਼ਣ ਕਰਦਿਆਂ ਕਿੰਨੇ ਦੁੱਖ ਸਹਾਰੇ ਸਨ।
ਪ੍ਰਸ਼ਨ 2. ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਹੈ?
ਉੱਤਰ – ਮਾਸੀ ‘ਮੜ੍ਹੀਆਂ ਤੋਂ ਦੂਰ’ ਕਹਾਣੀ ਦੀ ਮੁੱਖ ਪਾਤਰ ਹੈ। ਉਹ ਸਰੀਰਕ ਤੌਰ ਤੇ ਖ਼ੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੇ, ਮਿੱਠੇ ਅਤੇ ਮੋਹ ਲੈਣ ਵਾਲ਼ੇ ਸਭਾਅ ਦੀ ਮਾਲਕ ਹੈ। ਆਪਣੀ ਇੰਗਲੈਂਡ ਜਾਣ ਦੀ ਇੱਛਾ ਪੂਰੀ ਕਰਨ ਲਈ ਉਹ ਨਿਹੋਰਿਆਂ ਤੇ ਗਿਲਿਆਂ ਤੋਂ ਕੰਮ ਲੈਂਦੀ ਹੈ। ਭਾਵੁਕ ਹੋਣ ਕਰਕੇ ਸ਼ੁਰੂ ਵਿੱਚ ਉਹ ਇੰਗਲੈਂਡ ਦੀ ਖ਼ੁਸ਼ਹਾਲੀ, ਸੁੰਦਰਤਾ ਅਤੇ ਸੁੱਖ ਸਹੂਲਤਾਂ ਨੂੰ ਦੇਖ ਕੇ ਮੋਹਿਤ ਹੋ ਜਾਂਦੀ ਹੈ। ਇਹ ਸਭ ਦੇਖ ਕੇ ਉਹ ਇੰਗਲੈਂਡ ਦੀਆਂ ਸਿਫਤਾਂ ਕਰਦੀ ਹੈ ਅਤੇ ਇੰਡੀਆ ਦੀ ਨਿੰਦਿਆ ਕਰਦੀ ਹੈ। ਉਹ ਧਾਰਮਿਕ ਭੇਦਭਾਵ ਤੋਂ ਰਹਿਤ, ਲੰਗਰ ਵਿੱਚ ਸੇਵਾ ਕਰਨ ਵਾਲ਼ੀ ਅਤੇ ਭਜਨ ਗਾਉਣ ਵਾਲ਼ੀ ਔਰਤ ਹੈ। ਉਹ ਸਫ਼ਾਈ ਪਸੰਦ ਅਤੇ ਖਾਣ-ਪੀਣ ਦੀ ਸ਼ੌਕੀਨ ਹੈ, ਪਰ ਉਸ ਨੂੰ ਮਾਸਾਹਾਰੀ ਭੋਜਨ ਬਿਲਕੁਲ ਵੀ ਪਸੰਦ ਨਹੀਂ। ਉਹ ਇੰਗਲੈਂਡ ਦੇ ਬੇਗਾਨੇ ਸੱਭਿਆਚਾਰ ਵਿੱਚ ਅਪਣੱਤਹੀਨ ਜੀਵਨ ਨੂੰ ਦੇਖ ਕੇ ਘੋਰ ਨਿਰਾਸ਼ ਹੋ ਜਾਂਦੀ ਹੈ ਅਤੇ ਭਾਰਤ ਵਾਪਸ ਆਉਣਾ ਚਾਹੁੰਦੀ ਹੈ।
ਪ੍ਰਸ਼ਨ 3. ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਵਤੀਰਾ ਕਿਹੋ ਜਿਹਾ ਹੈ?
ਉੱਤਰ – ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹਿਣੇ ਵਿੱਚ ਨਹੀਂ ਹਨ। ਉਹ ਆਪਣੀ ਮਰਜ਼ੀ ਨਾਲ਼ ਆਪਣੇ ਦੋਸਤਾਂ, ਮਿੱਤਰਾਂ ਨਾਲ਼ ਘੁੰਮਦੇ ਹਨ, ਪ੍ਰੋਗਰਾਮ ਬਣਾਉਂਦੇ ਹਨ, ਪਰ ਆਪਣੇ ਮਾਤਾ-ਪਿਤਾ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਮਾਪਿਆਂ ਨਾਲ਼ ਮੰਦਰ ਜਾਂ ਗੁਰਦੁਆਰੇ ਜਾਣਾ ਵੀ ਪਸੰਦ ਨਹੀਂ।
ਪ੍ਰਸ਼ਨ 4. ਮਾਸੀ ਵੱਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਸੀ, ਜਿਸ ਨੇ ਲੇਖਕ ਨੂੰ ਕੀਲ ਲਿਆ ਸੀ?
ਉੱਤਰ – ਜਦੋਂ ਮਾਸੀ ਨੇ ਲੇਖਕ ਦੇ ਪੁੱਛਣ ਤੇ ਦੱਸਿਆ ਕਿ ਉਹ ਗੁਰਦੁਆਰੇ ਅਤੇ ਮੰਦਰ ਵਿੱਚ ਫ਼ਰਕ ਨਹੀਂ ਸਮਝਦੀ, ਉਹ ਦੋਵੇਂ ਥਾਵਾਂ ਤੇ ਜਾਵੇਗੀ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ-ਘਰ ਨਾਲ਼ ਬਹੁਤ ਪਿਆਰ ਅਤੇ ਲਗਾਅ ਸੀ। ਉਹ ਆਪਣੇ ਇਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ। ਇਰ ਫ਼ਰਕ ਵਾਲ਼ੀ ਬਿਮਾਰੀ ਤਾਂ ਹੁਣੇ ਹੀ ਚੱਲ ਪਈ ਹੈ। ਇਹਨਾਂ ਗੱਲਾਂ ਨੇ ਲੇਖਕ ਨੂੰ ਕੀਲ ਲਿਆ।
ਪ੍ਰਸ਼ਨ 5. ਮਾਸੀ ਨੇ ਲੇਖਕ ਨੂੰ ਮੜ੍ਹੀਆਂ-ਸਿਵਿਆਂ ਵਰਗੇ ਨਹਿਸ ਬੋਲ ਬੋਲਣ ਤੋਂ ਕਿਉਂ ਵਰਜਿਆ?
ਉੱਤਰ – ਮਾਸੀ ਜਦੋਂ ਪਹਿਲੀ ਵਾਰ ਇੰਗਲੈਂਡ ਗਈ, ਤਾਂ ਉਹ ਉਥੋਂ ਦੀ ਸਾਫ਼-ਸਫ਼ਾਈ, ਮੌਸਮ, ਸੁੱਖ-ਸਹੂਲਤਾਂ ਤੇ ਸੋਹਣੇ ਲੋਕਾਂ ਨੂੰ ਦੇਖ ਕੇ ਮੋਹਿਤ ਹੋ ਗਈ। ਮਾਸੀ ਨੂੰ ਉਹ ਥਾਂ ਸਵਰਗ ਵਰਗੀ ਜਾਪੀ। ਉਹ ਸਦਾ ਉੱਥੇ ਹੀ ਰਹਿਣਾ ਚਾਹੁੰਦੀ ਸੀ। ਲੇਖਕ ਇੰਗਲੈਂਡ ਦੀ ਮੜ੍ਹੀਆਂ ਵਰਗੀ ਚੁੱਪ ਅਤੇ ਅਪਣੱਤ ਭਰੇ ਜੀਵਨ ਤੋਂ ਜਾਣੂ ਸੀ। ਜਦੋਂ ਉਸ ਨੇ ਮਾਸੀ ਸਾਹਮਣੇ ਅਜਿਹੇ ਸ਼ਬਦ ਬੋਲੇ ਤਾਂ ਮਾਸੀ ਨੂੰ ਖ਼ੁਸ਼ਹਾਲ ਮੁਲਕ ਲਈ ਇਹ ਸ਼ਬਦ ਬੁਰੇ ਲੱਗੇ। ਇਸ ਕਰਕੇ ਉਸ ਨੇ ਲੇਖਕ ਨੂੰ ਬੋਲਣ ਤੋਂ ਵਰਜਿਆ।
ਪ੍ਰਸ਼ਨ 6. “ਮੈਂ ਆਖਨੀਆਂ – ਬੰਤ ਬੇਟਾ, ਆਹ ਇੰਡੀਆ ਤੋਂ ਤੇਰੇ ਬਾਊ ਜੀ ਦੀ ਚਿੱਠੀ ਆਈ ਹੈ, ਨਾਲ਼ੇ ਤੇਰੀ ਭੈਣ ਦੀ ਵੀ।” ਮਾਸੀ ਨੇ ਇਹ ਸ਼ਬਦ ਲੇਖਕ ਨੂੰ ਕਿਉਂ ਕਹੇ?
ਉੱਤਰ – ਮਾਸੀ ਨੇ ਇਹ ਸ਼ਬਦ ਇਸ ਲਈ ਕਹੇ ਕਿਉਂਕਿ ਉਹ ਲੇਖਕ ਨੂੰ ਦੱਸਣਾ ਚਾਹੁੰਦੀ ਸੀ ਕਿ ਉਸ ਦੇ ਪੁੱਤਰ ਬਲਵੰਤ ਰਾਏ ਦਾ ਹੁਣ ਆਪਣੇ ਪਰਿਵਾਰ ਤੋਂ ਬਿਨਾਂ ਦੂਸਰੇ ਰਿਸ਼ਤਿਆਂ ਨਾਲ਼ ਮੋਹ ਪਿਆਰ ਨਹੀਂ ਰਿਹਾ। ਉਹ ਸਵੇਰੇ ਜਲਦੀ ਚਲਾ ਜਾਂਦਾ ਹੈ ਅਤੇ ਰਾਤ ਨੂੰ ਦੇਰ ਨਾਲ਼ ਘਰ ਆਉਂਦਾ ਹੈ। ਬਾਊ ਜੀ ਅਤੇ ਭੈਣ ਦੀ ਚਿੱਠੀ ਬਾਰੇ ਸੁਣ ਕੇ ਵੀ ਉਸ ਨੇ ਕੋਈ ਦਿਲਚਸਪੀ ਜ਼ਾਹਰ ਨਹੀਂ ਕੀਤੀ। ਇਸ ਪ੍ਰਕਾਰ ਮਾਸੀ ਆਪਣੇ ਪੁੱਤਰ ਦੇ ਬੇਪਰਵਾਹੀ ਅਤੇ ਮੋਹ ਪਿਆਰ ਤੋਂ ਸੱਖਣੇ ਵਤੀਰੇ ਤੋਂ ਦੁਖੀ ਹੋਈ, ਇਹ ਲੇਖਕ ਨੂੰ ਦੱਸਦੀ ਹੈ।
ਪ੍ਰਸ਼ਨ 7. ਮਾਸੀ ਇੰਗਲੈਂਡ ਤੋਂ ਇੰਡੀਆ ਕਿਉਂ ਪਰਤ ਆਉਣਾ ਚਾਹੁੰਦੀ ਹੈ?
ਉੱਤਰ – ਸ਼ੁਰੂ ਵਿੱਚ ਤਾਂ ਮਾਸੀ ਇੰਗਲੈਂਡ ਦੀਆਂ ਸੁੱਖ-ਸਹੂਲਤਾਂ, ਖੁੱਲ੍ਹੇ-ਡੁਲ੍ਹੇ ਅਤੇ ਸਾਫ-ਸੁਥਰੇ ਵਾਤਾਵਰਣ ਤੋਂ ਬਹੁਤ ਪ੍ਰਭਾਵਤ ਹੋਈ, ਪਰ ਜਦੋਂ ਆਪਣੇ ਕੰਮਾਂ-ਕਾਰਾਂ ਵਿੱਚ ਵਿਅਸਥ ਹੋਣ ਕਾਰਨ ਮਾਸੀ ਦੇ ਪੁੱਤਰ ਬਲਵੰਤ ਰਾਏ ਅਤੇ ਉਸ ਦੀ ਨੂੰਹ ਮਾਸੀ ਲਈ ਵਕਤ ਨਾ ਕੱਢ ਸਕੇ, ਤਾਂ ਮਾਸੀ ਨੂੰ ਅਜਿਹੀ ਬੇਰੁਖ਼ੀ ਕਾਰਨ ਬਹੁਤ ਦੁੱਖ ਹੋਇਆ। ਮਾਸੀ ਦੇ ਪੋਤੇ-ਪੋਤੀਆਂ ਦਾ ਵਤੀਰਾ ਵੀ ਮੋਹ ਪਿਆਰ ਵਾਲ਼ਾ ਨਹੀਂ ਸੀ। ਮਾਸੀ ਨੂੰ ਉਹਨਾਂ ਦੇ ਲੱਛਣ ਵੀ ਚੰਗੇ ਨਾ ਜਾਪੇ। ਉਹ ਮਾਸ-ਮੱਛੀ ਖਾਂਦੇ ਹਨ, ਜਿਸ ਕਾਰਨ ਮਾਸੀ ਆਪਣਾ ਧਰਮ ਭ੍ਰਿਸ਼ਟ ਹੋਇਆ ਦੱਸਦੀ ਹੈ। ਉਨ੍ਹਾਂ ਨਾਲ਼ ਮਾਸੀ ਦੀ ਬੋਲੀ ਦੀ ਵੀ ਕੋਈ ਸਾਂਝ ਨਹੀਂ ਸੀ। ਬਲਵੰਤ ਰਾਏ ਕੋਲ ਬਾਊ ਜੀ ਅਤੇ ਭੈਣ ਜੀ ਦੀ ਚਿੱਠੀ ਪੜ੍ਹਨ ਦਾ ਵਕਤ ਨਹੀਂ ਸੀ, ਜੋ ਮਾਸੀ ਨੂੰ ਮੋਹ ਪਿਆਰ ਤੋਂ ਸੱਖਣਾ ਜਾਪਿਆ ਅਜਿਹੀ ਸ਼ਕਤੀ ਵਿੱਚ ਮਾਸੀ ਨੂੰ ਜਾਪਦਾ ਸੀ ਕਿ ਉਹ ਘੁੱਟ-ਘੁੱਟ ਕੇ ਮਰ ਜਾਵੇਗੀ। ਉੱਥੋਂ ਦਾ ਜੀਵਨ ਮਾਸੀ ਨੂੰ ਮੜ੍ਹੀਆਂ ਤੋਂ ਵੀ ਬੁਰਾ ਜਾਪਣ ਲੱਗ ਪਿਆ। ਇਸ ਕਰਕੇ ਮਾਸੀ ਭਾਰਤ ਪਰਤ ਆਉਣਾ ਚਾਹੁੰਦੀ ਹੈ।
ਪ੍ਰਸ਼ਨ 8. ਬਲਵੰਤ ਰਾਏ ਦਾ ਸੁਭਾ ਕਿਹੋ ਜਿਹਾ ਹੈ?
ਉੱਤਰ – ਬਲਵੰਤ ਰਾਏ ‘ਮੜ੍ਹੀਆਂ ਤੋਂ ਦੂਰ’ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਉਹ ਪਿਛਲੇ ਪੱਚੀ ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਹੈ। ਉਸ ਦੀ ਪਤਨੀ ਦਾ ਨਾਂ ਬਿੰਦੂ ਹੈ। ਉਸ ਦੇ ਦੋ ਧੀਆਂ ਅਤੇ ਇੱਕ ਪੁੱਤਰ ਹੈ। ਆਪਣੀ ਮਾਂ ਦੀ ਛਾਂ ਪੂਰੀ ਕਰਨ ਲਈ ਉਸ ਨੂੰ ਆਪਣੇ ਨਾਲ਼ ਇੰਗਲੈਂਡ ਲੈ ਜਾਂਦਾ ਹੈ। ਉਹ ਅਤੇ ਉਸ ਦੀ ਪਤਨੀ ਦੁਕਾਨ ਚਲਾਉਂਦੇ ਹਨ,ਜਿਸ ਕਾਰਨ ਉਹ ਕੰਮ ਵਿੱਚ ਵਿਅਸਥ ਹੋ ਕੇ ਆਪਣੀ ਮਾਂ ਲਈ ਸਮਾਂ ਨਹੀਂ ਕੱਢ ਸਕਦਾ। ਬਲਵੰਤ ਰਾਏ ਦਾ ਸਰੀਰਕ ਰੰਗ-ਰੂਪ ਆਪਣੀ ਮਾਂ ਦੇ ਮੁਕਾਬਲੇ ਕਣਕ ਵਿੱਚ ਕਾਂਗਿਆਰੀ ਵਾਂਗ ਹੈ। ਉਹ ਪਿਆਰ ਕਰਨ ਵਾਲ਼ਾ, ਸਪੱਸ਼ਟ, ਪਰ ਬੇਵੱਸ ਇਨਸਾਨ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਮੜ੍ਹੀਆਂ ਤੋਂ ਦੂਰ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ – ਰਘਬੀਰ ਢੰਡ।
ਪ੍ਰਸ਼ਨ 2. ਬਲਵੰਤ ਰਾਏ ਨੂੰ ਇੰਗਲੈਂਡ ਵਿੱਚ ਰਹਿੰਦੇ ਕਿੰਨੇ ਸਾਲ ਹੋ ਗਏ ਸਨ?
ਉੱਤਰ – ਪੱਚੀ।
ਪ੍ਰਸ਼ਨ 3. ਕਹਾਣੀਕਾਰ ਨੂੰ ਕਿਸ ਦਾ ਟੈਲੀਫ਼ੋਨ ਆਇਆ ਸੀ?
ਉੱਤਰ – ਮਾਸੀ ਦਾ।
ਪ੍ਰਸ਼ਨ 4. ਕਹਾਣੀਕਾਰ ਨੂੰ ਮਾਸੀ ਦਾ ਟੈਲੀਫ਼ੋਨ ਕਿੰਨੇ ਵਜੇ ਆਇਆ ਸੀ?
ਉੱਤਰ – ਸਵੇਰੇ ਨੌਂ ਵਜੇ।
ਪ੍ਰਸ਼ਨ 5. ਰੂਹ ਤੜਫ-ਤੜਫ ਕੇ ਕਦੋਂ ਮਰ ਜਾਂਦੀ ਹੈ?
ਉੱਤਰ – ਜਦੋਂ ਉਦਾਸੀ ਹੋਵੇ।
ਪ੍ਰਸ਼ਨ 6. ਮਾਸੀ ਦੇ ਇੰਗਲੈਂਡ ਵਿੱਚ ਰਹਿੰਦੇ ਪੁੱਤਰ ਦਾ ਕੀ ਨਾਂ ਸੀ?
ਉੱਤਰ – ਬਲਵੰਤ ਰਾਏ।
ਪ੍ਰਸ਼ਨ 7. ਬਲਵੰਤ ਰਾਏ ਦੀ ਪਤਨੀ ਦਾ ਕੀ ਨਾਂ ਸੀ?
ਉੱਤਰ – ਬਿੰਦੂ।
ਪ੍ਰਸ਼ਨ 8. ਮਾਸੀ ਦੇ ਵਾਲ, ਅੱਖਾਂ ਤੇ ਦੰਦ ਕਿਹੋ ਜਿਹੇ ਸਨ?
ਉੱਤਰ – ਨੀਗਰੋ ਮੁਟਿਆਰ ਵਰਗੇ।
ਪ੍ਰਸ਼ਨ 9. ਮਾਸੀ ਦਾ ਕੱਦ ਕਿੰਨਾ ਸੀ?
ਉੱਤਰ – ਪੰਜ ਫੁੱਟ ਚਾਰ ਇੰਚ।
ਪ੍ਰਸ਼ਨ 10. ਮਾਸੀ ਪਾਕਿਸਤਾਨ ਤੋਂ ਕਿਸ ਥਾਂ ਤੋਂ ਆਈ ਹੋਈ ਸੀ?
ਉੱਤਰ – ਰਾਵਲਪਿੰਡੀ ਤੋਂ।
ਪ੍ਰਸ਼ਨ 11. ਮਾਸੀ ਨੇ ਕਹਾਣੀਕਾਰ ਦੀ ਪਤਨੀ ਨੂੰ ਆਪਣੀ ਕੀ ਬਣਾ ਲਿਆ?
ਉੱਤਰ – ਭਣੇਵੀ।
ਪ੍ਰਸ਼ਨ 12. ਬਲਵੰਤ ਰਾਏ ਕਿਹੜੇ ਦਿਨ ਨੂੰ ਆਪਣੇ ਲਈ ਸੁਰਗ ਸਮਝਦਾ ਸੀ?
ਉੱਤਰ – ਐਤਵਾਰ ਨੂੰ।
ਪ੍ਰਸ਼ਨ 13. ਕਹਾਣੀਕਾਰ ਨੂੰ ਕਿਹੜੀ ਕੁੜੀ ਭਲੀਮਾਣਸ ਜਿਹੀ ਲੱਗਦੀ ਸੀ?
ਉੱਤਰ – ਮੀਰਾ।
ਪ੍ਰਸ਼ਨ 14. ਮਾਸੀ ਕਿਹੜੇ ਵੇਲਿਆਂ ਦੀ ਔਰਤ ਸੀ?
ਉੱਤਰ – ਪੁਰਾਣੇ।
ਪ੍ਰਸ਼ਨ 15. ਪੁਰਾਣੇ ਵੇਲਿਆਂ ਦੀਆਂ ਔਰਤਾਂ ਵਿੱਚ ਕਿਹੜੀ ਗੱਲ ਦੀ ਸਾਂਝੀ ਹੁੰਦੀ ਹੈ?
ਉੱਤਰ – ਕਰਮ ਕਰਨਾ।
ਪ੍ਰਸ਼ਨ 16. ਮਾਸੀ ਨੇ ਮੰਦਰ ਵਿੱਚ ਕੀ ਕੀਤਾ?
ਉੱਤਰ – ਭਜਨ ਗਾਏ।
ਪ੍ਰਸ਼ਨ 17. ਮਾਸੀ ਨੂੰ ਕਹਾਣੀਕਾਰ ਦੀ ਪਤਨੀ ਕਿਹੋ ਜਿਹੀ ਲੱਗਦੀ ਸੀ?
ਉੱਤਰ – ਫਾਂਕੜ ਜਿਹੀ।
ਪ੍ਰਸ਼ਨ 18. ਬੱਚਿਆਂ ਦੇ ਮਾਸ-ਮੱਛੀ ਖਾਣ ਕਾਰਨ ਮਾਸੀ ਕੀ ਅਨੁਭਵ ਕਰਦੀ ਹੈ?
ਉੱਤਰ – ਆਪਣਾ ਧਰਮ ਭ੍ਰਿਸ਼ਟ।
ਪ੍ਰਸ਼ਨ 19. ਬਲਵੰਤ ਰਾਏ ਦੇ ਕਿੰਨੇ ਬੱਚੇ ਹਨ?
ਉੱਤਰ – ਤਿੰਨ – ਦੋ ਕੁੜੀਆਂ ਇੱਕ ਮੁੰਡਾ।