2. ਸ਼ਾਹ ਮੁਹੰਮਦ
ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ
1. ਸਿੰਘਾਂ ਦਾ ਜੰਗ ਲਈ ਗੁਰਮਤਾ
ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ, ‘ਚਲੋ ਹੁਣੇ ਫ਼ਰੰਗੀ ਨੂੰ ਮਾਰੀਏ ਜੀ।
ਇੱਕ ਵਾਰ ਜੇ ਸਾਹਮਣੇ ਹੋਇ ਸਾਡੇ, ਇੱਕ ਘੜੀ ਵਿੱਚ ਮਾਰ ਉਖਾੜੀਏ ਜੀ।
ਬੀਰ ਸਿੰਘ ਜੇਹੇ ਅਸੀਂ ਨਹੀਂ ਛੱਡੇ, ਅਸੀਂ ਕਾਸ ਤੇ ਓਸ ਤੋਂ ਹਾਰੀਏ ਜੀ।
ਸ਼ਾਹ ਮੁਹੰਮਦਾ ਮਾਰ ਕੇ ਲੁਦਿਹਾਣਾ, ਫ਼ੌਜਾਂ ਦਿੱਲੀ ਦੇ ਵਿੱਚ ਉਤਾਰੀਏ ਜੀ।’56।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਦੇ ਅੰਸ਼ ‘ਸਿੰਘਾਂ ਦਾ ਜੰਗ ਲਈ ਗੁਰਮਤਾ’ ਵਿੱਚੋਂ ਲਿਆ ਗਿਆ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਣਹੋਂਦ ਕਾਰਨ ਸਿੱਖਾਂ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦੇ ਦ੍ਰਿਸ਼ ਨੂੰ ਕਰੁਣਾਮਈ ਢੰਗ ਨਾਲ਼ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਸਿੰਘਾਂ ਨੇ ਅੰਗਰੇਜ਼ਾਂ ਨਾਲ਼ ਜੰਗ ਕਰਨ ਲਈ ਗੁਰਮਤਾ ਪਾਸ ਕੀਤਾ।
ਵਿਆਖਿਆ – ਕਵੀ ਲਿਖਦਾ ਕਿ ਸਿੰਘਾਂ ਨੇ ਬੈਠ ਕੇ ਅੰਗਰੇਜ਼ਾਂ ਨੂੰ ਜਾ ਕੇ ਹਰਾਉਣ ਲਈ ਗੁਰਮਤਾ ਪਾਸ ਕਰ ਲਿਆ। ਸਿੰਘਾਂ ਵਿੱਚ ਅਜਿਹਾ ਜੋਸ਼ ਭਰ ਗਿਆ ਕਿ ਅੰਗਰੇਜ਼ ਇੱਕ ਵਾਰ ਉਹਨਾਂ ਦੇ ਸਾਹਮਣੇ ਆ ਜਾਣ ਤਾਂ ਇੱਕ ਘੜੀ ਵਿੱਚ ਹੀ ਉਹ ਉਨ੍ਹਾਂ ਨੂੰ ਖ਼ਤਮ ਕਰ ਦੇਣਗੇ। ਅੰਗਰੇਜ਼ ਰਾਜ ਵਿੱਚ ਬੀਰ ਸਿੰਘ ਵਰਗਿਆਂ ਨੂੰ ਵੀ ਸਿੰਘਾਂ ਨੇ ਮਾਰ ਮੁਕਾਇਆ ਫਿਰ ਉਹ ਅੰਗਰੇਜ਼ਾਂ ਤੋਂ ਡਰ ਕੇ ਹਾਰ ਕਿਵੇਂ ਕਬੂਲ ਕਰ ਲੈਣ? ਸਿੰਘਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਨੇ ਪਹਿਲਾਂ ਤਾਂ ਅੰਗਰੇਜ਼ਾਂ ਨੂੰ ਹਰਾ ਕੇ ਪੰਜਾਬ ਵਿੱਚ ਉਸ ਦਾ ਗੜ੍ਹ ਲੁਧਿਆਣਾ ਫ਼ਤਹਿ ਕਰਨਾ ਹੈ ਅਤੇ ਫਿਰ ਭਾਰਤ ਦੀ ਰਾਜਧਾਨੀ ਦਿੱਲੀ ਉੱਪਰ ਵੀ ਕਬਜ਼ਾ ਕਰ ਲੈਣਾ ਹੈ।
••• ਕੇਂਦਰੀ ਭਾਵ •••
ਅੰਗਰੇਜ਼ਾਂ ਦੀ ਆਪਣੇ ਵਿਰੁੱਧ ਹਿਲਜੁਲ ਬਾਰੇ ਸੁਣ ਕੇ ਸਿੰਘਾਂ ਨੇ ਬੈਠ ਕੇ ਅੰਗਰੇਜ਼ਾਂ ਦਾ ਟਾਕਰਾ ਕਰਨ ਲਈ ਗੁਰਮਤਾ ਪਾਸ ਕੀਤਾ ਕਿ ਉਹ ਅੰਗਰੇਜਾਂ ਨੂੰ ਹਰਾ ਦੇਣਗੇ।
2. ਸਿੰਘਾਂ ਦੀ ਚੜ੍ਹਤ
ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁਤ੍ਰ ਸਰਦਾਰਾਂ ਦੇ ਛੈਲ ਬਾਂਕੇ, ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ।
ਚੜ੍ਹੇ ਸਭ ਮਝੈਲ ਦੁਆਬੀਏ ਜੀ, ਜਿਨ੍ਹਾਂ ਕਿਲ੍ਹੇ ਨਿਵਾਏ ਸੀ ਢੇਰ ਮੀਆਂ।
ਸ਼ਾਹ ਮੁਹੰਮਦਾ ਤੁਰੇ ਜ਼ੰਬੂਰਖ਼ਾਨੇ, ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ।58।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਦੇ ਅੰਸ਼ ‘ਸਿੰਘਾਂ ਦਾ ਜੰਗ ਲਈ ਗੁਰਮਤਾ’ ਵਿੱਚੋਂ ਲਿਆ ਗਿਆ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਣਹੋਂਦ ਕਾਰਨ ਸਿੱਖਾਂ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦੇ ਦ੍ਰਿਸ਼ ਨੂੰ ਕਰੁਣਾਮਈ ਢੰਗ ਨਾਲ਼ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਸਿੰਘਾਂ ਦੀ ਅੰਗਰੇਜ਼ਾਂ ਉੱਪਰ ਚੜ੍ਹਤ ਦੇ ਦ੍ਰਿਸ਼ ਦਾ ਵਰਣਨ ਹੈ।
ਵਿਆਖਿਆ – ਕਵੀ ਲਿਖਦਾ ਕਿ ਨਗਾਰਾ ਵਜਦੇ ਹੀ ਸਿੱਖ ਫ਼ੌਜਾਂ ਨੂੰ ਚੱਲਣ ਦਾ ਹੁਕਮ ਹੁੰਦਾ ਹੈ। ਸਿੱਖ ਫ਼ੌਜ ਵਿੱਚ ਵੱਡੇ–ਵੱਡੇ ਸੂਰਮੇ ਤੇ ਦਲੇਰ ਜਵਾਨਾਂ ਨੇ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਕਰ ਦਿੱਤੀ। ਸਿੱਖ ਫ਼ੌਜ ਵਿੱਚ ਸ਼ਾਮਲ ਵੱਡੇ–ਵੱਡੇ ਸਰਦਾਰਾਂ ਦੇ ਸੁੰਦਰ ਤੇ ਜਵਾਨ ਪੁੱਤਰ ਇਸ ਤਰ੍ਹਾਂ ਦਿਖਾਈ ਦੇ ਰਹੇ ਹਨ, ਜਿਵੇਂ ਜੰਗਲ ਵਿੱਚੋਂ ਸ਼ੇਰ ਨਿਕਲ਼ ਆਏ ਹੋਣ। ਸਿੱਖ ਫ਼ੌਜ ਵਿੱਚ ਮਾਝੇ ਅਤੇ ਦੁਆਬੇ ਦੇ ਉਹ ਬਹਾਦਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਹੁੰਦਿਆਂ ਵੱਡੇ–ਵੱਡੇ ਕਿਲ੍ਹਿਆਂ ਨੂੰ ਫ਼ਤਹਿ ਕੀਤਾ ਸੀ। ਫ਼ੌਜ ਦੇ ਨਾਲ਼ ਊਠਾਂ ਉੱਤੇ ਲੱਦਿਆ ਜੰਬੂਰਖ਼ਾਨਾ ਵੀ ਚੱਲ ਪਿਆ। ਇਸ ਤਰ੍ਹਾਂ ਜਦੋਂ ਸਿੱਖ ਫ਼ੌਜਾਂ ਨੂੰ ਚੜ੍ਹਾਈ ਕਰਨ ਦਾ ਹੁਕਮ ਹੋਇਆ ਤਾਂ ਉਨ੍ਹਾਂ ਤੁਰਦਿਆਂ ਜ਼ਰਾ ਵੀ ਦੇਰ ਨਹੀਂ ਲਾਈ।
••• ਕੇਂਦਰੀ ਭਾਵ •••
ਨਗਾਰਾ ਵੱਜਣ ਤੇ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਦਾ ਹੁਕਮ ਹੁੰਦਿਆਂ ਹੀ ਸਿੱਖ ਫ਼ੌਜਾਂ ਤੁਰ ਪਈਆਂ। ਇਸ ਫ਼ੌਜ ਵਿੱਚ ਸਰਦਾਰਾਂ ਦੇ ਬਹਾਦਰ ਪੁੱਤਰ, ਮਝੈਲ ਤੇ ਦੁਆਬੀਏ ਸੂਰਬੀਰਾਂ ਤੋਂ ਇਲਾਵਾ ਜ਼ੰਬੂਰਖ਼ਾਨਾ ਵੀ ਸ਼ਾਮਲ ਸੀ।
3. ਜੰਗ ਦਾ ਹਾਲ
ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ, ਤੋਪਾਂ ਚਲੀਆਂ ਨੀ ਵਾਂਗ ਤੋੜਿਆਂ ਦੇ,
ਸਿੰਘ ਸੂਰਮੇ ਆਣ ਮੈਦਾਨ ਲੱਥੇ, ਗੰਜ ਲਾਹ ਸੁੱਟੇ ਉਨ੍ਹਾਂ ਗੋਰਿਆਂ ਦੇ।
ਟੁੱਡੇ ਲਾਟ ਨੇ ਅੰਤ ਨੂੰ ਖਾਇ ਗੁੱਸਾ, ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ।
ਸ਼ਾਹ ਮੁਹੰਮਦਾ ਰੰਡ ਬਿਠਾਇ ਨੰਦਨ, ਸਿੰਘ ਜਾਣ ਸੱਭੇ ਨਾਲ ਜ਼ੋਰਿਆਂ ਦੇ।71।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਦੇ ਅੰਸ਼ ‘ਸਿੰਘਾਂ ਦਾ ਜੰਗ ਲਈ ਗੁਰਮਤਾ’ ਵਿੱਚੋਂ ਲਿਆ ਗਿਆ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਣਹੋਂਦ ਕਾਰਨ ਸਿੱਖਾਂ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦੇ ਦ੍ਰਿਸ਼ ਨੂੰ ਕਰੁਣਾਮਈ ਢੰਗ ਨਾਲ਼ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਵਰਣਨ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਸਿੱਖ ਫ਼ੌਜ ਨੇ ਫੇਰੂ ਸ਼ਹਿਰ ਦੇ ਆਲ਼ੇ–ਦੁਆਲ਼ੇ ਦੀ ਕੰਧ ਤੋਂ ਬਾਹਰ ਮੋਰਚਾ ਲਾ ਲਿਆ ਤੇ ਉਨ੍ਹਾਂ ਦੀਆਂ ਤੋਪਾਂ ਦੇ ਗੋਲੇ ਤੋੜੇਦਾਰ ਬੰਦੂਕਾਂ ਦੀਆਂ ਗੋਲੀਆਂ ਦੀ ਤਰ੍ਹਾਂ ਲਗਾਤਾਰ ਬੁਛਾੜ ਕਰਨ ਲੱਗੇ। ਸੂਰਮੇ ਸਿੰਘ ਲੜਾਈ ਦੇ ਮੈਦਾਨ ਵਿੱਚ ਆ ਕੇ ਨਿੱਤਰ ਪਏ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਦੇ ਸਿਰ ਵੱਢ–ਵੱਢ ਕੇ ਸੁੱਟ ਦਿੱਤੇ। ਆਪਣੀ ਫ਼ੌਜ ਦਾ ਬੁਰਾ ਹਾਲ ਵੇਖ ਗਵਰਨਰ ਜਨਰਲ ਲਾਰਡ ਹੈਨਰੀ ਹਾਰਡਿੰਗ ਨੇ ਗੁੱਸਾ ਖਾ ਕੇ ਆਪਣੀ ਫ਼ੌਜ ਵਿੱਚ ਥਾਂ–ਥਾਂ ਢੰਡੋਰਾ ਪਿਟਵਾ ਦਿੱਤਾ ਕਿ ਉਹ ਡਟ ਕੇ ਲੜਾਈ ਕਰਨ। ਸ਼ਾਹ ਮੁਹੰਮਦ ਕਹਿੰਦਾ ਹੈ ਕਿ ਸਿੰਘਾਂ ਨੇ ਅੰਗਰੇਜ਼ਾਂ ਨੂੰ ਮਾਰ–ਮਾਰ ਕੇ ਲੰਡਨ ਦੀਆਂ ਤੀਵੀਆਂ ਨੂੰ ਰੰਡੀਆਂ ਕਰ ਦਿੱਤਾ। ਜੰਗ ਦੇ ਮੈਦਾਨ ਵਿੱਚ ਸਿੰਘ ਬੜੇ ਜ਼ੋਰ ਨਾਲ ਅੱਗੇ ਵਧਦੇ ਜਾ ਰਹੇ ਸਨ।
ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ, ਤੋਪਾਂ ਮਾਰੀਆਂ ਨੀਰ ਦੇ ਆਇ ਵਲੇ।
ਫੂਕ ਸੁੱਟੀਆਂ ਸਾਰੀਆਂ ਮੇਖਜ਼ੀਨਾਂ। ਸਿੰਘ ਉੱਡ ਕੇ ਪਤਰਾ ਹੋਇ ਚੱਲੇ,
ਛੈਲਦਾਰੀਆਂ, ਤੰਬੂਆਂ ਛੱਡ ਦੌੜੇ, ਕੋਈ ਚੀਜ਼ ਨਾ ਲਈ ਏ ਬੰਨ੍ਹ ਪੱਲੇ।
ਓੜਕ ਲਿਆ ਮੈਦਾਨ ਫਿਰੰਗੀਆਂ ਨੇ, ਸ਼ਾਹ ਮੁਹੰਮਦਾ ਰਣੋਂ ਨਾ ਮੂਲ ਹੱਲੇ।73।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਦੇ ਅੰਸ਼ ‘ਸਿੰਘਾਂ ਦਾ ਜੰਗ ਲਈ ਗੁਰਮਤਾ’ ਵਿੱਚੋਂ ਲਿਆ ਗਿਆ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਣਹੋਂਦ ਕਾਰਨ ਸਿੱਖਾਂ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦੇ ਦ੍ਰਿਸ਼ ਨੂੰ ਕਰੁਣਾਮਈ ਢੰਗ ਨਾਲ਼ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਵਰਣਨ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਮੈਦਾਨ ਵਿੱਚ ਲਾਰਡ ਹੈਨਰੀ ਹਾਰਡਿੰਗ ਦੇ ਹੱਲਾ– ਸ਼ੇਰੀ ਦੇਣ ਨਾਲ਼ ਅੰਗਰੇਜ਼ੀ ਫ਼ੌਜ ਨੇ ਸਤਲੁਜ ਦਰਿਆ ਦੇ ਕੰਢੇ ਕੋਲ਼ ਸਿੱਖ ਫ਼ੌਜ ਉੱਤੇ ਇੱਕ ਦਮ ਭਿਆਨਕ ਹਮਲਾ ਕਰ ਦਿੱਤਾ। ਅੰਗਰੇਜ਼ ਫ਼ੌਜਾਂ ਨੇ ਸਿੱਖ ਫ਼ੌਜਾਂ ਉੱਤੇ ਹਮਲਾ ਕਰਕੇ ਉਹਨਾਂ ਦੇ ਸਾਰੇ ਸ਼ਸਤਰ ਘਰ ਨਸ਼ਟ ਕਰ ਦਿੱਤੇ ਤੇ ਅੰਗਰੇਜ਼ੀ ਫ਼ੌਜ ਦੀ ਲੜਾਈ ਦੀ ਮਾਰ ਨਾ ਸਹਿੰਦੀ ਹੋਈ ਸਿੱਖ ਫ਼ੌਜ ਸਾਰਾ ਜੰਗੀ ਸਮਾਨ ਤੇ ਤੰਬੂ ਆਦਿ ਪਿੱਛੇ ਛੱਡ ਦੌੜ ਪਈ ਤੇ ਉਹਨਾਂ ਨੇ ਦੌੜਦਿਆਂ ਕੋਈ ਵੀ ਚੀਜ਼ ਨਾਲ਼ ਨਹੀਂ ਲਈ। ਭਾਵੇਂ ਪਹਿਲਾਂ ਸਿੰਘਾਂ ਹੱਥੋਂ ਅੰਗਰੇਜ਼ ਹਾਰ ਕੰਢੇ ਸਨ ਪਰ ਕੁਝ ਲੋਕਾਂ ਦੀ ਗੱਦਾਰੀ ਕਾਰਨ ਅਖੀਰ ਮੈਦਾਨ ਅੰਗਰੇਜ਼ਾਂ ਦੇ ਹੱਥ ਹੀ ਆ ਗਿਆ।
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਦਸ਼ਾਹੀ ਫ਼ੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੇੜ੍ਹੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਹਾਥੀ ਢਹਿੰਦੇ ਸੁਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।92।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲ਼ਾ’ ਵਿੱਚ ਦਰਜ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਦੇ ਅੰਸ਼ ‘ਸਿੰਘਾਂ ਦਾ ਜੰਗ ਲਈ ਗੁਰਮਤਾ’ ਵਿੱਚੋਂ ਲਿਆ ਗਿਆ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਣਹੋਂਦ ਕਾਰਨ ਸਿੱਖਾਂ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦੇ ਦ੍ਰਿਸ਼ ਨੂੰ ਕਰੁਣਾਮਈ ਢੰਗ ਨਾਲ਼ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਵਰਣਨ ਹੈ।
ਵਿਆਖਿਆ – ਸ਼ਾਹ ਮੁਹੰਮਦ ਲਿਖਦਾ ਕਿ ਜਦੋਂ ਹਿੰਦ ਤੇ ਪੰਜਾਬ ਦਾ ਜੰਗ ਹੋਣ ਲੱਗਾ ਤਾਂ ਦੋਵੇਂ ਪਾਸੇ ਹੀ ਅੰਗਰੇਜ਼ੀ ਰਾਜ ਤੇ ਸਿੱਖ ਰਾਜ ਦੀਆਂ ਫ਼ੌਜਾਂ ਬਹੁਤ ਭਾਰੀਆਂ ਸਨ। ਖ਼ਾਲਸਾ ਫ਼ੌਜ ਇੰਨੀ ਬਹਾਦਰੀ ਨਾਲ਼ ਲੜੀ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਹੁੰਦੇ ਤਾਂ ਉਹ ਖ਼ੁਸ਼ ਹੋ ਕੇ ਸਿੰਘਾਂ ਨੂੰ ਭਾਰੀ ਇਨਾਮ ਦੇ ਕੇ ਉਨ੍ਹਾਂ ਦੀ ਬਹਾਦਰੀ ਦਾ ਮੁੱਲ ਪਾਉਂਦੇ। ਜੰਗ ਦੇ ਮੈਦਾਨ ਵਿੱਚ ਘੋੜੇ ਤੇ ਆਦਮੀ ਤੋਪਾਂ ਦੇ ਗੋਲਿਆਂ ਨਾਲ਼ ਹੀ ਉੱਡਦੇ ਜਾ ਰਹੇ ਸਨ ਤੇ ਹਾਥੀ ਆਪਣੇ ਹੌਦਿਆਂ ਸਮੇਤ ਹੀ ਢਹਿ ਰਹੇ ਸਨ। ਸ਼ਾਹ ਮੁਹੰਮਦ ਆਖਦਾ ਹੈ ਕਿ ਖ਼ਾਲਸਾ ਫ਼ੌਜ ਜਿੱਤ ਦੇ ਨੇੜੇ ਹੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਸਿੱਖ ਫ਼ੌਜ ਜਿੱਤੀ ਹੋਈ ਜੰਗ ਹਾਰ ਗਈ।
••• ਕੇਂਦਰੀ ਭਾਵ •••
ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਵਿੱਚ ਸਿੱਖ ਫ਼ੌਜਾਂ ਨੇ ਅੰਗਰੇਜ਼ੀ ਫ਼ੌਜ ਦਾ ਬੁਰਾ ਹਾਲ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਸਿੱਖ ਫ਼ੌਜਾਂ ਜਿੱਤੀ ਹੋਈ ਜੰਗ ਹਾਰ ਗਈਆਂ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਜੰਗ ਦਾ ਹਾਲ’ ਵਿੱਚ ਕਿਹੜੀ ਥਾਂ ਦੀ ਲੜਾਈ ਦਾ ਜ਼ਿਕਰ ਹੈ?
ਉੱਤਰ – ਫੇਰੂ ਸ਼ਹਿਰ ਦੀ।
ਪ੍ਰਸ਼ਨ 2. ਲੜਾਈ ਵਿੱਚ ਕਿਸ ਦੀ ਹਾਰ ਹੋਈ?
ਉੱਤਰ – ਸਿੱਖਾਂ ਦੀ।
ਪ੍ਰਸ਼ਨ 3. ਕਵੀ ਨੇ ਸਰਕਾਰ ਸ਼ਬਦ ਕਿਸ ਲਈ ਵਰਤਿਆ ਹੈ?
ਉੱਤਰ – ਮਹਾਰਾਜਾ ਰਣਜੀਤ ਸਿੰਘ ਲਈ।
ਪ੍ਰਸ਼ਨ 4. ਕਵੀ ਨੇ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਨੂੰ ਕੀ ਨਾਂ ਦਿੱਤਾ ਹੈ?
ਉੱਤਰ – ਜੰਗ ਹਿੰਦ ਪੰਜਾਬ।
ਪ੍ਰਸ਼ਨ 5. ਸਿੱਖ ਫ਼ੌਜ ਦੀ ਹਾਰ ਦਾ ਕੀ ਕਾਰਨ ਸੀ?
ਉੱਤਰ – ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ।
ਪ੍ਰਸ਼ਨ 6. ਬਹੁਤ ਸਾਰੇ ਕਿਲ੍ਹੇ ਫ਼ਤਹਿ ਕਰਨ ਵਾਲ਼ੇ ਕੌਣ ਸਨ?
ਉੱਤਰ – ਸਿੱਖ ਫ਼ੌਜਾਂ।
ਪ੍ਰਸ਼ਨ 7. ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਕਿਸ ਕਵੀ ਦੀ ਰਚਨਾ ਹੈ?
ਉੱਤਰ – ਸ਼ਾਹ ਮੁਹੰਮਦ।
ਪ੍ਰਸ਼ਨ 8. ‘ਜੰਗਨਾਮਾ ਸਿੰਘਾਂ ਤੇ ਫਿਰੰਗੀਆਂ’ ਵਿੱਚ ਕਿਨ੍ਹਾਂ–ਕਿਨ੍ਹਾਂ ਦੀ ਲੜਾਈ ਦਾ ਹਾਲ ਬਿਆਨ ਕੀਤਾ ਗਿਆ ਹੈ?
ਉੱਤਰ – ਸਿੱਖਾਂ ਤੇ ਅੰਗਰੇਜ਼ਾਂ ਦੀ।
ਪ੍ਰਸ਼ਨ 9. ਸਿੱਖਾਂ ਨੇ ਕਿਸ ਉੱਤੇ ਹਮਲਾ ਕਰਨ ਲਈ ਗੁਰਮਤਾ ਪਾਸ ਕੀਤਾ?
ਉੱਤਰ – ਅੰਗਰੇਜ਼ਾਂ ਉੱਤੇ।
ਪ੍ਰਸ਼ਨ 10. ਸਿੱਖ ਲੁਧਿਆਣੇ ਨੂੰ ਫ਼ਤਹਿ ਕਰ ਕੇ ਕਿੱਥੇ ਪਹੁੰਚਣਾ ਚਾਹੁੰਦੇ ਸਨ?
ਉੱਤਰ – ਦਿੱਲੀ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037