2. ਸ਼ਾਹ ਹੁਸੈਨ
1. ਸਭ ਕਿਛ ਮੇਰਾ ਤੂੰ
ਰੱਬਾ ! ਮੇਰੇ ਹਾਲ ਦਾ ਮਹਿਰਮ ਤੂੰ। 1। ਰਹਾਓ।
ਅੰਦਿਰ ਤੂੰ ਹੈਂ ਬਾਹਿਰ ਤੂੰ ਹੈਂ, ਰੋਮਿ ਰੋਮਿ ਵਿੱਚ ਤੂੰ। 1।
ਤੂੰ ਹੈਂ ਤਾਣਾ , ਤੂੰ ਹੈਂ ਬਾਣਾ, ਸਭ ਕਿਛੁ ਮੇਰਾ ਤੂੰ। 2।
ਕਹੈ ਹੁਸੈਨ ਫ਼ਕੀਰ ਨਿਮਾਣਾ, ਮੈਂ ਨਾਹੀਂ ਸਭ ਤੂੰ। 3।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ‘ਸਭ ਕਿਸ ਮੇਰਾ ਤੂੰ’ ਸਿਰਲੇਖ ਹੇਠ ਦਰਜ ਹੈ। ਇਹ ਸ਼ਾਹ ਹੁਸੈਨ ਦੁਆਰਾ ਰਚੀ ਹੋਈ ਇੱਕ ਕਾਫ਼ੀ ਹੈ। ਇਸ ਵਿੱਚ ਕਵੀ ਆਪਣੀ ਹੋਂਦ ਨੂੰ ਨਕਾਰ ਕੇ ਪਰਮਾਤਮਾ ਦੀ ਹੋਂਦ ਦੇ ਸੱਚ ਨੂੰ ਬਿਆਨ ਕਰਦਾ ਹੈ।
ਵਿਆਖਿਆ – ਸ਼ਾਹ ਹੁਸੈਨ ਨਿਮਰਤਾ ਦੇ ਭਾਵ ਨਾਲ਼ ਪਰਮਾਤਮਾ ਨੂੰ ਸੰਬੋਧਨ ਕਰਕੇ ਕਹਿੰਦਾ ਹੈ ਕਿ ਮੇਰੇ ਹਰ ਦਰਦ ਭਰੇ ਹਲਾਤ ਦਾ ਭੇਤੀ ਪਰਮਾਤਮਾ ਹੈ। ਮੇਰੇ ਅੰਦਰ ਅਤੇ ਬਾਹਰ ਪਰਮਾਤਮਾ ਹੀ ਵਸਦਾ ਹੈ। ਉਹ ਮੇਰੇ ਰੋਮ–ਰੋਮ ਵਿੱਚ ਵਸਦਾ ਹੈ। ਪਰਮਾਤਮਾ ਮੇਰੇ ਸਰੀਰ ਰੂਪੀ ਕੱਪੜੇ ਦਾ ਤਾਣਾ ਅਤੇ ਬਾਣਾ ਹੈ। ਭਾਵ ਪਰਮਾਤਮਾ ਤੋਂ ਬਿਨਾਂ ਮੇਰੇ ਸਰੀਰ ਦਾ ਕੋਈ ਵਜੂਦ ਹੀ ਨਹੀਂ ਹੈ। ਸ਼ਾਹ ਹੁਸੈਨ ਇੱਕ ਨਿਮਾਣਾ ਫ਼ਕੀਰ ਹੈ ਅਤੇ ਨਿਮਰਤਾ ਦੇ ਭਾਵ ਨਾਲ਼ ਲਿਖਦਾ ਹੈ ਕਿ ਮੇਰੇ ਵਿੱਚ ਮੇਰਾ ਕੁਝ ਵੀ ਨਹੀਂ ਹੈ, ਸਗੋਂ ਜੋ ਕੁੱਝ ਵੀ ਹੈ ਉਸ ਸੱਚੇ ਪ੍ਰਭੂ ਦਾ ਹੀ ਹੈ। ਮੇਰੀ ਆਪਣੀ ਕੋਈ ਹਸਤੀ ਨਹੀਂ ਹੈ।
••• ਕੇਂਦਰੀ ਭਾਵ •••
ਮਨੁੱਖ ਦੀ ਆਪਣੀ ਕੋਈ ਵੀ ਹਸਤੀ ਨਹੀਂ ਹੈ, ਸਗੋਂ ਜੋ ਕੁਝ ਹੈ ਪਰਮਾਤਮਾ ਆਪ ਹੀ ਹੈ ਅਤੇ ਉਸ ਦੇ ਅੰਦਰ ਅਤੇ ਬਾਹਰ ਹਰ ਜਗ੍ਹਾ ਵਸਦਾ ਹੈ। ਉਸ ਦੇ ਸਰੀਰ ਦਾ ਤਾਣਾ–ਬਾਣਾ ਪਰਮਾਤਮਾ ਆਪ ਹੀ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਸਭ ਕਿਛੁ ਮੇਰਾ ਤੂੰ’ ਕਾਫ਼ੀ ਕਿਸ ਦੀ ਰਚਨਾ ਹੈ?
ਉੱਤਰ – ਸ਼ਾਹ ਹੁਸੈਨ ਦੀ।
ਪ੍ਰਸ਼ਨ 2. ‘ਸਭ ਕਿਛੁ ਮੇਰਾ ਤੂੰ’ ਕਾਫ਼ੀ ਕਿਸ ਨੂੰ ਸੰਬੋਧਿਤ ਹੈ?
ਉੱਤਰ – ਰੱਬ ਨੂੰ।
ਪ੍ਰਸ਼ਨ 3. ‘ਸਭ ਕਿਛੁ ਮੇਰਾ ਤੂੰ’ ਕਾਫ਼ੀ ਵਿੱਚ ਕਿਸਦੀ ਹੋਂਦ ਸਵੀਕਾਰ ਕੀਤੀ ਗਈ ਹੈ?
ਉੱਤਰ – ਰੱਬ ਦੀ।
ਪ੍ਰਸ਼ਨ 4. ਕਵੀ ਨੇ ਹਾਲ ਦਾ ਮਹਿਰਮ ਕਿਸ ਨੂੰ ਆਖਿਆ ਹੈ?
ਉੱਤਰ – ਰੱਬ ਨੂੰ।
ਪ੍ਰਸ਼ਨ 5. ‘ਸਭ ਕਿਛੁ ਮੇਰਾ ਤੂੰ’ ਕਾਫ਼ੀ ਵਿੱਚ ਕਵੀ ਆਪਣੇ ਆਪ ਲਈ ਕਿਹੜੇ ਸ਼ਬਦ ਦੀ ਵਰਤੋਂ ਕਰਦਾ ਹੈ?
ਉੱਤਰ – ਨਿਮਾਣਾ।
2. ਸਾਈਂ ਜਿਨ੍ਹਾਂਦੜੇ ਵਲਿ
ਸਾਈਂ ਜਿਨਾਂਦੜੇ ਵਲਿ, ਤਿਨ੍ਹਾਂ ਨੂੰ ਗਮ ਕੈਂਦਾ, ਵੇ ਲੋਕਾ। 1। ਰਹਾਓ।
ਸੇਈ ਭਲੀਆਂ ਜੋ ਰੱਬ ਵਲਿ ਆਈਆਂ, ਜਿਨ੍ਹਾਂ ਨੂੰ ਇਸ਼ਕ ਚਰੋਕਾ ਵੇ ਲੋਕਾ। 1।
ਇਸ਼ਕੇ ਦੀ ਸਿਰ ਖਾਰੀ ਚਾਈਆ, ਦਰ ਦਰ ਦੇਨੀਆਂ ਹੋਕਾ ਵੇ ਲੋਕਾ। 2।
ਕਹੈ ਹੁਸੈਨ ਫ਼ਕੀਰ ਸਾਈਂ ਦਾ, ਲੱਧਾ ਹੀ ਪ੍ਰੇਮ ਝਰੋਖਾ ਵੇ ਲੋਕਾ। 3।
ਸਾਈਂ ਜਿਨ੍ਹਾਂਦੜੇ ਵਲ, ਤਿਨ੍ਹਾਂ ਨੂੰ ਗਮ ਕੈਂਦਾ, ਵੇ ਲੋਕਾ, ਹੋ ਮੈਂ ਵਾਰੀ, ਗਮ ਕੈਂਦਾ ਵੇ ਲੋਕਾ। 4।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ‘ਸਾਈਂ ਜਿਨ੍ਹਾਂਦੜੇ ਵਲਿ’ ਸਿਰਲੇਖ ਹੇਠ ਦਰਜ ਹੈ। ਇਹ ਸ਼ਾਹ ਹੁਸੈਨ ਦੁਆਰਾ ਰਚੀ ਹੋਈ ਇੱਕ ਕਾਫ਼ੀ ਹੈ। ਇਸ ਵਿੱਚ ਕਵੀ ਦੱਸਦਾ ਹੈ ਕਿ ਜਿਨ੍ਹਾਂ ਨੂੰ ਪਰਮਾਤਮਾ ਦਾ ਸਾਥ ਪ੍ਰਾਪਤ ਹੁੰਦਾ ਹੈ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗ਼ਮ ਜਾਂ ਡਰ–ਭੈਅ ਨਹੀਂ ਹੁੰਦਾ। ਉਹ ਬੇਪਰਵਾਹ ਹੁੰਦੇ ਹਨ।
ਵਿਆਖਿਆ – ਸ਼ਾਹ ਹੁਸੈਨ ਇਸਤਰੀ ਦੇ ਰੂਪ ਵਿੱਚ ਲੋਕਾਂ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ ਕਿ ਜਿਨ੍ਹਾਂ ਦੇ ਨਾਲ਼ ਪਰਮਾਤਮਾ ਆਪ ਹੁੰਦਾ ਹੈ, ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗ਼ਮ ਜਾਂ ਡਰ–ਭੈਅ ਨਹੀਂ ਹੁੰਦਾ। ਉਹ ਜੀਵ ਇਸਤਰੀਆਂ ਚੰਗੀਆਂ ਹਨ, ਜਿਨ੍ਹਾਂ ਦੇ ਦਿਲ ਵਿੱਚ ਰੱਬੀ ਇਸ਼ਕ ਦੀ ਲੰਮੇ ਸਮੇਂ ਤੋਂ ਲੱਗੀ ਹੋਈ ਲਗਨ ਹੋਣ ਕਰਕੇ ਉਹ ਪਰਮਾਤਮਾ ਦੇ ਪ੍ਰੇਮ ਵਾਲ਼ਾ ਵਣਜ ਕਰਨ ਲੱਗੀਆਂ ਹੋਈਆਂ ਹਨ। ਉਹ ਆਪਣੇ ਸਿਰ ਤੇ ਰੱਬੀ ਇਸ਼ਕ ਦੀ ਟੋਕਰੀ ਚੁੱਕ ਕੇ ਦਰ–ਦਰ ਤੇ ਜਾ ਕੇ ਪ੍ਰਭੂ ਪ੍ਰੇਮ ਦੇ ਵਣਜ ਦਾ ਹੋਕਾ ਦਿੰਦੀਆਂ ਹਨ। ਪਰਮਾਤਮਾ ਲਈ ਪ੍ਰੇਮ ਵਿੱਚ ਰੰਗਿਆ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਿ ਮੈਂ ਇਸ਼ਕ ਪ੍ਰਾਪਤੀ ਦੇ ਉਸ ਜ਼ਰੀਏ ਨੂੰ ਲੱਭ ਲਿਆ ਹੈ, ਜਿੱਥੇ ਮੈਂ ਆਪਣੇ ਪਿਆਰੇ ਪ੍ਰਭੂ ਦੇ ਦਰਸ਼ਨ ਕਰ ਸਕਦੀ ਹਾਂ। ਜਿਨ੍ਹਾਂ ਦੇ ਨਾਲ਼ ਪਰਮਾਤਮਾ ਹੁੰਦਾ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਗ਼ਮ ਅਤੇ ਡਰ ਨਹੀਂ ਹੁੰਦਾ। ਮੈਂ ਆਪਣੇ ਉਸ ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਦੀ ਮਿਹਰ ਸਦਕਾ ਮੈਂ ਦੁਨੀਆਂ ਵੱਲੋਂ ਬੇਪਰਵਾਹ ਹੋ ਗਈ ਹਾਂ।
••• ਕੇਂਦਰੀ ਭਾਵ •••
ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ, ਉਨ੍ਹਾਂ ਨੂੰ ਕੋਈ ਗ਼ਮ ਜਾਂ ਡਰ–ਭੈਅ ਨਹੀਂ ਹੁੰਦਾ, ਪਰ ਇਸ ਅਵਸਥਾ ਨੂੰ ਉਹ ਹੀ ਪ੍ਰਾਪਤ ਕਰਦੇ ਹਨ, ਜਿਹੜੇ ਰੱਬ ਦੇ ਇਸ਼ਕ ਦਾ ਵਣਜ–ਵਪਾਰ ਕਰਦੇ ਹਨ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਸਾਈਂ ਜਿਨ੍ਹਾਂਦੜੇ ਵਲਿ’ ਕਾਫ਼ੀ ਕਿਸ ਦੀ ਰਚਨਾ ਹੈ?
ਉੱਤਰ – ਸ਼ਾਹ ਹੁਸੈਨ ਦੀ।
ਪ੍ਰਸ਼ਨ 2. ਕਿਨ੍ਹਾਂ ਨੂੰ ਕੋਈ ਗ਼ਮ ਨਹੀਂ ਹੁੰਦਾ?
ਉੱਤਰ – ਜਿਨ੍ਹਾਂ ਵੱਲ ਸਾਈਂ ਹੋਵੇ।
ਪ੍ਰਸ਼ਨ 3. ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ?
ਉੱਤਰ – ਹਕੀਕੀ।
ਪ੍ਰਸ਼ਨ 4. ਜੀਵ ਇਸਤਰੀ ਸਿਰ ਉੱਤੇ ਕੀ ਚੁੱਕ ਕੇ ਦਰ–ਦਰ ਉੱਤੇ ਹੋਕਾ ਦੇ ਰਹੀ ਹੈ?
ਉੱਤਰ – ਇਸ਼ਕ ਦੀ ਖਾਰੀ।
ਪ੍ਰਸ਼ਨ 5. ਜੀਵ ਇਸਤਰੀ ਕਾਹਦਾ ਵਪਾਰ ਕਰ ਰਹੀ ਹੈ?
ਉੱਤਰ – ਰੱਬੀ ਇਸ਼ਕ ਦਾ।
3. ਆਪਿ ਨੂੰ ਪਛਾਣੁ
(ੳ) ਬੰਦੇ ਆਪਿ ਨੂੰ ਪਛਾਣੁ,
ਜੇ ਤੈਂ ਆਪਣਾ ਆਪਿ ਪਛਾਤਾ, ਸਾਈਂ ਦਾ ਮਿਲਣ ਅਸਾਨੁ। 1।ਰਹਾਉ।
ਸੁਇਨੇ ਦੇ ਕੋਟੁ ਰੁਪਹਿਰੀ ਛੱਜੇ, ਹਰਿ ਬਿਨੁ ਜਾਣਿ ਮਸਾਣੁ। 1।
ਤੇਰੇ ਸਿਰ ਤੇ ਜਮ ਸਾਜ਼ਸ਼ ਕਰਦਾ, ਭਾਵੇਂ ਤੂੰ ਜਾਣੁ ਨਾ ਜਾਣੁ। 2।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ‘ਆਪਿ ਨੂੰ ਪਛਾਣ’ ਸਿਰਲੇਖ ਹੇਠ ਦਰਜ ਹੈ। ਇਹ ਸ਼ਾਹ ਹੁਸੈਨ ਦੁਆਰਾ ਰਚੀ ਹੋਈ ਇੱਕ ਕਾਫ਼ੀ ਹੈ। ਇਸ ਵਿੱਚ ਕਵੀ ਮਨੁੱਖ ਨੂੰ ਆਪੇ ਦੀ ਪਛਾਣ ਕਰਨ ਲਈ ਕਹਿੰਦਾ ਹੈ, ਜਿਸ ਨਾਲ ਸਾਈਂ ਨੂੰ ਮਿਲ਼ਣਾ ਅਸਾਨ ਹੋ ਜਾਂਦਾ ਹੈ।
ਵਿਆਖਿਆ – ਸ਼ਾਹ ਹੁਸੈਨ ਕਹਿੰਦਾ ਹੈ ਕਿ ਹੇ ਮਨੁੱਖ! ਆਪਣੇ ਆਪ ਦੀ ਪਛਾਣ ਕਰ ਕਿ ਤੇਰੀ ਆਪਣੀ ਕੀ ਹਸਤੀ ਹੈ। ਤੂੰ ਕੌਣ ਹੈਂ ਅਤੇ ਕਿਸ ਕੰਮ ਲਈ ਸੰਸਾਰ ਉਪਰ ਆਇਆ ਹੈ? ਜੇਕਰ ਤੂੰ ਆਪਣੇ ਆਪ ਨੂੰ ਪਛਾਣ ਲਿਆ ਤੈਨੂੰ ਪਰਮਾਤਮਾ ਦੇ ਨਾਲ਼ ਮਿਲ਼ਣਾ ਆਸਾਨ ਹੋ ਜਾਵੇਗਾ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਤੇਰੇ ਸੰਸਾਰਿਕ ਪਦਾਰਥਾਂ ਦੇ ਅਡੰਬਰ ਕਿਸੇ ਕੰਮ ਨਹੀਂ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੇ ਚਾਂਦੀ ਦੇ ਛੱਜਿਆਂ ਵਾਲੇ ਸੋਨੇ ਦੇ ਕਿਲੇ ਕਿਸੇ ਸ਼ਮਸ਼ਾਨ ਭੂਮੀ ਦੀ ਤਰ੍ਹਾਂ ਹਨ। ਤੂੰ ਆਪਣੀ ਇਸ ਦੌਲਤ ਦੇ ਹੰਕਾਰ ਵਿੱਚ ਪਰਮਾਤਮਾ ਨੂੰ ਭੁੱਲ ਗਿਆ ਹੈਂ। ਤੂੰ ਇਸ ਗੱਲ ਨੂੰ ਸਵੀਕਾਰ ਕਰ ਭਾਵੇਂ ਨਾ, ਪਰ ਤੇਰੇ ਸਿਰ ਉੱਪਰ ਜਮਦੂਤ ਤੈਨੂੰ ਮਾਰਨ ਦੀ ਗੋਂਦ ਗੁੰਦ ਰਿਹਾ ਹੈ।
(ਅ) ਸਾਢੇ ਤਿੰਨ ਹੱਥ ਮਿਲਖ ਤੁਸਾਡਾ, ਏਡੀ ਤੂੰ ਤਾਣੁ ਨਾ ਤਾਣੁ। 3।
ਸੁਇਨਾ ਰੂਪਾ ਤੇ ਮਾਲ ਖ਼ਜ਼ੀਨਾ, ਹੋਇ ਰਹਿਆ ਮਿਹਮਾਨੁ। 4।
ਕਹੈ ਹੁਸੈਨ ਫ਼ਕੀਰ ਨਿਮਾਣਾ, ਛਡਿ ਦੇ ਖੁਦੀ ਤੇ ਗੁਮਾਨ। 5।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ‘ਆਪਿ ਨੂੰ ਪਛਾਣ’ ਸਿਰਲੇਖ ਹੇਠ ਦਰਜ ਹੈ। ਇਹ ਸ਼ਾਹ ਹੁਸੈਨ ਦੁਆਰਾ ਰਚੀ ਹੋਈ ਇੱਕ ਕਾਫ਼ੀ ਹੈ। ਇਸ ਵਿੱਚ ਕਵੀ ਮਨੁੱਖ ਨੂੰ ਸੰਸਾਰਿਕ ਪਦਾਰਥਾਂ ਦਾ ਤਿਆਗ ਕਰਕੇ ਆਪੇ ਪਛਾਣ ਕਰਨ ਲਈ ਕਹਿੰਦਾ ਹੈ, ਜਿਸ ਨਾਲ ਸਾਈਂ ਨੂੰ ਮਿਲ਼ਣਾ ਅਸਾਨ ਹੋ ਜਾਂਦਾ ਹੈ।
ਵਿਆਖਿਆ – ਸ਼ਾਹ ਹੁਸੈਨ ਕਹਿੰਦਾ ਹੈ ਕਿ ਹੇ ਮਨੁੱਖ! ਤੇਰੇ ਇਹ ਸੰਸਾਰਿਕ ਪਦਾਰਥਾਂ ਦੇ ਵੱਡੇ ਪਸਾਰੇ ਤੇਰੇ ਕਿਸੇ ਕੰਮ ਨਹੀਂ ਹਨ ਕਿਉਂਕਿ ਤੇਰੇ ਕੋਲ ਕੇਵਲ ਸਾਢੇ ਤਿੰਨ ਹੱਥ ਜ਼ਮੀਨ ਹੈ, ਜੋ ਤੇਰੀ ਅਸਲ ਮਲਕੀਅਤ ਹੈ। ਜਿਸ ਉਪਰ ਤੈਨੂੰ ਮਰਨ ਤੋਂ ਬਾਅਦ ਸਦਾ ਲਈ ਦਫ਼ਨਾ ਦੇਣਾ ਹੈ। ਇਸ ਲਈ ਤੈਨੂੰ ਸੰਸਾਰਿਕ ਅਡੰਬਰਾਂ ਦੇ ਪਸਾਰੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਤੂੰ ਜਿਹੜਾ ਬੇਅੰਤ ਸੋਨਾ, ਚਾਂਦੀ ਅਤੇ ਧਨ–ਦੌਲਤ ਇਕੱਠੇ ਕੀਤੇ ਹਨ, ਇਹ ਸਭ ਇੱਕ ਮਹਿਮਾਨ ਦੀ ਤਰ੍ਹਾਂ ਹਨ। ਜਿਸ ਤਰ੍ਹਾਂ ਘਰ ਆਇਆ ਮਹਿਮਾਨ ਬਹੁਤੇ ਦਿਨ ਨਹੀਂ ਰਹਿ ਸਕਦਾ, ਉਸ ਤਰ੍ਹਾਂ ਹੀ ਇਹ ਸਭ ਕੁਝ ਵੀ ਇੱਕ ਦਿਨ ਤੇਰੇ ਕੋਲ ਨਹੀਂ ਹੋਵੇਗਾ। ਸ਼ਾਹ ਹੁਸੈਨ ਨਿਮਾਣਾ ਫ਼ਕੀਰ ਬਣ ਕੇ ਕਹਿੰਦਾ ਹੈ ਕਿ ਤੈਨੂੰ ਇਸ ਸੰਸਾਰਿਕ ਪਦਾਰਥਾਂ ਦੇ ਮੋਹ ਅਤੇ ਆਪਣੇ ਹੰਕਾਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ।
••• ਕੇਂਦਰੀ ਭਾਵ •••
ਮਨੁੱਖ ਨੂੰ ਸਿਰ ’ਤੇ ਚੜ੍ਹ ਖੜ੍ਹੀ ਆਪਣੀ ਮੌਤ ਦਾ ਖ਼ਿਆਲ ਕਰਦਿਆਂ ਨਸ਼ਟ ਹੋਣ ਵਾਲ਼ੇ ਸੰਸਾਰਿਕ ਪਦਾਰਥਾਂ ਅਤੇ ਆਪਣੇ ਹੰਕਾਰ ਦਾ ਤਿਆਗ ਕਰਕੇ ਆਪਣੇ ਆਪ ਦੀ ਪਹਿਚਾਣ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਨਾਲ਼ ਮਿਲ਼ਣਾ ਸੌਖਾ ਹੋ ਜਾਵੇਗਾ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਆਪਿ ਨੂੰ ਪਛਾਣ’ ਕਾਫ਼ੀ ਕਿਸ ਦੀ ਰਚਨਾ ਹੈ?
ਉੱਤਰ – ਸ਼ਾਹ ਹੁਸੈਨ ਦੀ।
ਪ੍ਰਸ਼ਨ 2. ‘ਆਪਿ ਨੂੰ ਪਛਾਣ’ ਕਾਫ਼ੀ ਕਿਸ ਨੂੰ ਸੰਬੋਧਿਤ ਹੈ?
ਉੱਤਰ – ਬੰਦੇ ਨੂੰ।
ਪ੍ਰਸ਼ਨ 3. ਬੰਦੇ ਨੂੰ ਕਿਸ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ?
ਉੱਤਰ – ਆਪੇ ਦੀ।
ਪ੍ਰਸ਼ਨ 4. ਬੰਦੇ ਦੇ ਕੰਮ ਆਉਣ ਵਾਲ਼ੀ ਅਸਲ ਜਾਇਦਾਦ ਕਿੰਨੀ ਹੈ?
ਉੱਤਰ – ਸਾਢੇ ਤਿੰਨ ਹੱਥ।
ਪ੍ਰਸ਼ਨ 5. ਚਾਂਦੀ ਦੇ ਛੱਜਿਆਂ ਵਾਲ਼ੇ ਸੋਨੇ ਦੇ ਕਿਲੇ ਕਿਉਂ ਸ਼ਮਸ਼ਾਨ ਸਾਮਾਨ ਹਨ?
ਉੱਤਰ – ਪ੍ਰਭੂ ਦੀ ਯਾਦ ਤੋਂ ਬਿਨਾਂ।
ਪ੍ਰਸ਼ਨ 6. ‘ਆਪਿ ਨੂੰ ਪਛਾਣ’ ਕਾਫ਼ੀ ਵਿੱਚ ਸ਼ਾਹ ਹੁਸੈਨ ਮਨੁੱਖ ਨੂੰ ਕਿਹੜੀ ਚੀਜ਼ ਛੱਡਣ ਲਈ ਕਹਿੰਦਾ ਹੈ?
ਉੱਤਰ – ਖੁਦੀ ਤੇ ਗੁਮਾਨ।
ਪ੍ਰਸ਼ਨ 7. ਆਪੇ ਦੀ ਪਛਾਣ ਕਰਨ ਨਾਲ਼ ਕੀ ਆਸਾਨ ਹੋ ਜਾਂਦਾ ਹੈ?
ਉੱਤਰ – ਪਰਮਾਤਮਾ ਨੂੰ ਮਿਲ਼ਣਾ।
ਪ੍ਰਸ਼ਨ 8. ਸ਼ਾਹ ਹੁਸੈਨ ਕਿਸ ਕਾਵਿ–ਧਾਰਾ ਦਾ ਕਵੀ ਹੈ?
ਉੱਤਰ – ਸੂਫ਼ੀ ਕਾਵਿ–ਧਾਰਾ।
ਪ੍ਰਸ਼ਨ 9. ਸਾਹ ਹੁਸੈਨ ਦਾ ਜਨਮ ਕਦੋਂ ਹੋਇਆ?
ਉੱਤਰ – 1539 ਈ: ਨੂੰ।
ਪ੍ਰਸ਼ਨ 10. ਸ਼ਾਹ ਹੁਸੈਨ ਨੇ ਕਿਸ ਕਾਵਿ–ਰੂਪ ਵਿੱਚ ਰਚਨਾ ਕੀਤੀ?
ਉੱਤਰ – ਕਾਫ਼ੀ ਵਿੱਚ।
ਪ੍ਰਸ਼ਨ 11. ਸ਼ਾਹ ਹੁਸੈਨ ਨੇ ਕੁੱਲ ਕਿੰਨੀਆਂ ਕਾਫੀਆਂ ਰਚੀਆਂ?
ਉੱਤਰ – 162.
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037