ਪਾਠ 6 ਮਨੁੱਖੀ ਵਾਤਾਵਰਨ- ਬਸਤੀਆਂ, ਆਵਾਜਾਈ ਅਤੇ ਸੰਚਾਰ
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 1-15 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ-1. ਖੇਤੀਬਾੜੀ ਮਨੁੱਖੀ ਬਸਤੀਆਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?
ਉੱਤਰ- ਖੇਤੀਬਾੜੀ ਨਾਲ ਮਨੁੱਖੀ ਬਸਤੀਆਂ ਦਾ ਵਿਕਾਸ ਹੁੰਦਾ ਹੈ । ਖੇਤੀਬਾੜੀ ਲਈ ਮਨੁੱਖ ਨੂੰ ਇੱਕ ਥਾਂ ਤੇ ਟਿਕ ਕੇ ਰਹਿਣਾ ਪੈਂਦਾ ਹੈ ਇਸ ਨਾਲ ਖੇਤਾਂ ਦੇ ਆਸ ਪਾਸ ਦਾ ਇਲਾਕਾ ਆਬਾਦ ਹੋ ਜਾਂਦਾ ਹੈ ।
ਪ੍ਰਸ਼ਨ-2. ਪਹਿਲਾਂ-ਪਹਿਲ ਮਨੁੱਖ ਨੇ ਕਿੱਥੇ ਰਹਿਣਾ ਸ਼ੁਰੂ ਕੀਤਾ ?
ਉੱਤਰ- ਪਹਿਲਾਂ-ਪਹਿਲ ਮਨੁੱਖ ਨੇ ਨਦੀ ਘਾਟੀਆਂ ਵਿੱਚ ਰਹਿਣਾ ਸ਼ੁਰੂ ਕੀਤਾ। ਨਦੀਆਂ ਤੋਂ ਉਸ ਨੂੰ ਆਪਣੀਆਂ ਰੋਜ਼ਾਨਾ ਜਰੂਰਤਾਂ ਲਈ ਪਾਣੀ ਆਸਾਨੀ ਨਾਲ ਪ੍ਰਾਪਤ ਹੋ ਜਾਂਦਾ ਸੀ ।
ਪ੍ਰਸ਼ਨ-3. ਕਿਸੇ ਥਾਂ ਦਾ ਧਰਾਤਲ ਬਸਤੀਆਂ ਦੇ ਵਿਕਾਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ- ਪੱਧਰੇ ਧਰਾਤਲ ਤੇ ਬਸਤੀਆਂ ਦਾ ਵਿਕਾਸ ਜਿਆਦਾ ਹੁੰਦਾ ਹੈ ਕਿਉਂਕਿ ਇੱਥੇ ਖੇਤੀ ਅਤੇ ਰੇਲਾਂ-ਸੜਕਾਂ ਦੀ ਸਹੂਲਤ ਹੁੰਦੀ ਹੈ । ਪਰਬਤੀ ਜਾਂ ਰੇਤੀਲੇ ਧਰਾਤਲ ਤੇ ਜੀਵਨ ਔਖਾ ਹੋਣ ਕਾਰਨ ਬਸਤੀਆਂ ਦਾ ਘੱਟ ਵਿਕਾਸ ਹੁੰਦਾ ਹੈ ।
ਪ੍ਰਸ਼ਨ-4. ਸੜਕ ਮਾਰਗਾਂ ਦਾ ਕੀ ਮਹੱਤਵ ਹੈ ?
ਉੱਤਰ- ਸੜਕਾਂ ਇੱਕ ਥਾਂ ਨੂੰ ਦੂਸਰੀ ਥਾਂ ਨਾਲ ਜੋੜਦੀਆਂ ਹਨ । ਸੜਕਾਂ ਰਾਹੀਂ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾ ਸਕਦਾ ਹੈ। ਇਹ ਉਬੜ-ਖਾਬੜ ਦੇਸ਼ਾਂ ਵਿੱਚ ਵੀ ਬਣਾਈਆਂ ਜਾ ਸਕਦੀਆਂ ਹਨ ।
ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 1-15 ਸ਼ਬਦਾਂ ਵਿੱਚ ਦਿਓ:
(ਅ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਲਗਭਗ 50-60 ਸਬਦਾਂ ਵਿੱਚ ਦਿਓ।
ਪ੍ਰਸ਼ਨ-1. ਸੰਸਾਰ ਦੇ ਰੇਲ ਮਾਰਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਇੰਨ੍ਹਾਂ ਦੀ ਮਹੱਤਤਾ ਬਾਰੇ ਦੱਸੋ ।
ਉੱਤਰ- ਰੇਲ ਮਾਰਗ– ਰੇਲ ਮਾਰਗਾਂ ਰਾਹੀਂ ਵੱਡੀ ਗਿਣਤੀ ਵਿੱਚ ਮੁਸਾਫਰਾਂ ਅਤੇ ਸਮਾਨ ਦੀ ਢੋਆ ਢੁਆਈ ਕੀਤੀ ਜਾ ਸਕਦੀ ਹੈ। ਪਹਿਲਾਂ ਕੋਲੇ ਨਾਲ ਚੱਲਣ ਵਾਲੇ ਰੇਲਵੇ ਇੰਜਣ ਸਨ, ਹੁਣ ਡੀਜ਼ਲ ਅਤੇ ਬਿਜਲੀ ਨਾਲ ਚੱਲਣ ਵਾਲੇ ਇੰਜਣ ਹੋਂਦ ਵਿੱਚ ਆ ਗਏ ਹਨ।
ਮੈਟਰੋ ਰੇਲਾਂ– ਆਵਾਜਾਈ ਨੂੰ ਕੰਟਰੋਲ ਕਰਨ ਲਈ ਮੈਟਰੋ ਰੇਲਾਂ ਦਾ ਬਹੁਤ ਯੋਗਦਾਨ ਹੈ ।ਇਹ ਜਮੀਨ ਦੇ ਉੱਪਰ ਅਤੇ ਅੰਦਰ ਦੋਵੇਂ ਮਾਰਗਾਂ ਰਾਹੀਂ ਚਲਦੀਆਂ ਹਨ।
ਸੰਸਾਰ ਦੇ ਪ੍ਰਮੁੱਖ ਰੇਲ ਮਾਰਗਾਂ ਦੇ ਨਾਂ– 1. ਰੂਸ ਦਾ ਟਰਾਂਸ ਸਾਇਬੇਰੀਅਨ ਰੇਲਵੇ 2. ਜਪਾਨ ਦਾ ਰੇਲ ਮਾਰਗ 3. ਫਰਾਂਸ ਦਾ ਰੇਲ ਮਾਰਗ
ਪ੍ਰਸ਼ਨ-2. ਸੰਸਾਰ ਦੇ ਪ੍ਰਮੁੱਖ ਜਲ ਮਾਰਗਾਂ ਦੇ ਨਾਂ ਦੱਸੋ ।
ਉੱਤਰ- ਜਲ ਮਾਰਗ ਆਵਾਜਾਈ ਦੇ ਸਭ ਤੋਂ ਸਸਤੇ ਸਾਧਨ ਹਨ। ਸੰਸਾਰ ਦੇ ਮੁੱਖ ਸਮੁੰਦਰੀ ਮਾਰਗ ਹੇਠ ਲਿਖੇ ਹਨ :-
1. ਉੱਤਰੀ ਅੰਧ ਮਹਾਂਸਾਗਰੀ ਮਾਰਗ
2. ਸ਼ਾਂਤ ਮਹਾਂਸਾਗਰੀ ਮਾਰਗ
3. ਕੇਪ ਮਾਰਗ
4. ਸਵੇਜ਼ ਨਹਿਰ ਮਾਰਗ
5. ਪਨਾਮਾ ਨਹਿਰ ਮਾਰਗ
ਪ੍ਰਸ਼ਨ- 3. ਸੰਸਾਰ ਦੇ ਅੰਦਰੂਨੀ ਜਲ-ਮਾਰਗਾਂ ਦੇ ਨਾਂ ਦੱਸੋ।
ਉੱਤਰ- 1. ਗੰਗਾ ਅਤੇ ਪੁੱਤਰ (ਭਾਰਤ)
2. ਐਮੇਜ਼ਨ ਦਰਿਆ (ਦੱਖਣੀ ਅਮਰੀਕਾ
3. ਯੰਗਸੀ ਕਿਆਸ ਦਰਿਆ (ਚੀਨ)
ਪ੍ਰਸ਼ਨ-4. ਵਾਯੂ ਮਾਰਗਾਂ ਰਾਹੀਂ ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ , ਇਸ ਤੱਥ ਨੂੰ ਉਦਾਹਰਨਾਂ ਦੇ ਕੇ ਸਮਝਾਓ । 2
ਉੱਤਰ- ਵਾਯੂ-ਮਾਰਗ ਸਭ ਤੋਂ ਤੇਜ਼ ਗਤੀ ਵਾਲਾ ਆਵਾਜਾਈ ਦਾ ਸਾਧਨ ਹੈ। ਹਵਾਈ ਜਹਾਜਾਂ ਨਾਲ ਸਾਰਾ ਸੰਸਾਰ ਆਪਸ ਵਿੱਚ ਜੁੜ ਗਿਆ ਹੈ । ਹੁਣ ਅਸੀਂ ਸੰਸਾਰ ਵਿੱਚ ਕਿਤੇ ਵੀ ਬਹੁਤ ਘੱਟ ਸਮੇਂ ਵਿੱਚ ਪਹੁੰਚ ਸਕਦੇ ਹਾਂ ਇਸ ਕਰਕੇ ਸਾਰਾ ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ ।
ਪ੍ਰਸ਼ਨ-5. ਸੰਚਾਰ ਦੇ ਸਾਧਨ ਕਿਹੜੇ-ਕਿਹੜੇ ਹਨ? ਇਹਨਾਂ ਦੀ ਉੱਨਤੀ ਨਾਲ ਸਾਨੂੰ ਕੀ ਲਾਭ ਹੁੰਦੇ ਹਨ?
ਉੱਤਰ- ਸੰਚਾਰ ਦੇ ਸਾਧਨ ਇੱਕ ਥਾਂ ਦੇ ਲੋਕਾਂ ਦਾ ਦੂਜੀ ਥਾਂ ਦੇ ਲੋਕਾਂ ਨਾਲ ਸੰਪਰਕ ਜੋੜਦੇ ਹਨ । ਡਾਕ, ਟੈਲੀਫੋਨ, ਮੋਬਾਈਲ ਫੋਨ, ਰੇਡੀਓ, ਮੈਗਜ਼ੀਨ, ਅਖਬਾਰ, ਇੰਟਰਨੈੱਟ ਆਦਿ ਸੰਚਾਰ ਦੇ ਸਾਧਨ ਹਨ। ਟੈਲੀਫੋਨ, ਮੋਬਾਈਲ ਆਦਿ ਨਾਲ ਅਸੀਂ ਸੰਸਾਰ ਭਰ ਵਿੱਚ ਗੱਲਬਾਤ ਕਰ ਸਕਦੇ ਹਾਂ । ਮੈਗਜ਼ੀਨ ਅਤੇ ਅਖਬਾਰ ਸਾਨੂੰ ਦੁਨੀਆਂ ਭਰ ਦੀਆਂ ਘਟਨਾਵਾਂ ਬਾਰੇ ਦੱਸਦੇ ਹਨ। ਇੰਟਰਨੈੱਟ ਰਾਹੀਂ ਅਸੀਂ ਹਰ ਪ੍ਰਕਾਰ ਦੀ ਜਾਣਕਾਰੀ ਅਤੇ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ ।
ਪ੍ਰਸ਼ਨ- 6. ਸੁਵੇਜ਼ ਨਹਿਰ ਬਾਰੇ ਵਿਸਤਾਰ ਸਹਿਤ ਲਿਖੋ ।
ਉੱਤਰ- ਸੁਵੇਜ਼ ਨਹਿਰ ਇੱਕ ਮਹੱਤਵਪੂਰਨ ਅੰਤਰ-ਰਾਸ਼ਟਰੀ ਜਲ ਮਾਰਗ ਹੈ । ਇਹ ਨਹਿਰ ਭੂ-ਮੱਧ ਸਾਗਰ ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ । ਇਹ ਮਾਰਗ ਯੂਰਪ ਦੇ ਦੇਸ਼ਾਂ ਨੂੰ ਦੱਖਣੀ ਏਸ਼ੀਆ, ਆਸਟਰੇਲੀਆ ਆਦਿ ਦੇਸ਼ਾਂ ਨੂੰ ਮਿਲਾਉਂਦਾ ਹੈ ।