ਗੁਰੂ ਨਾਨਕ ਦੇਵ ਜੀ
1 ਪਵਣੁ ਗੁਰੂ ਪਾਣੀ ਪਿਤਾ
(ੳ) ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।।
ਪ੍ਰਸੰਗ -ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉੱਤਮ ਬਾਣੀ ‘ਜਪੁਜੀ ਸਾਹਿਬ’ ਦੇ ਅੰਤ ਵਿੱਚ ਆਉਂਦੇ ਸਲੋਕ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ‘ਪਵਣੁ ਗੁਰੂ ਪਾਣੀ ਪਿਤਾ’ ਸਿਰਲੇਖ ਅਧੀਨ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਸੰਸਾਰਿਕ ਰੰਗ-ਭੂਮੀ ਉੱਤੇ ਮਨੁੱਖ ਨੂੰ ਨੇਕ ਕੰਮ ਕਰਨ ਅਤੇ ਨਾਮ ਸਿਮਰਨ ਦੇ ਮਹੱਤਵ ਬਾਰੇ ਸਮਝਾਇਆ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹਵਾ ਸਭ ਜੀਵਾਂ ਲਈ ਇਸ ਤਰ੍ਹਾਂ ਹੈ ਜਿਵੇਂ ਆਤਮਾ ਲਈ ਗੁਰੂ ਹੈ, ਪਾਣੀ ਪਿਤਾ ਅਤੇ ਧਰਤੀ ਸਭ ਤੋਂ ਵੱਡੀ ਮਾਂ ਹੈ। ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ। ਸਾਰਾ ਸੰਸਾਰ ਇਨ੍ਹਾਂ ਦੀ ਗੋਦ ਵਿਚ ਖੇਡ ਰਿਹਾ ਹੈ। ਭਾਵ ਸਾਰੇ ਜੀਵ ਰਾਤ ਨੂੰ ਸੌਂਣ ਵਿੱਚ ਅਤੇ ਦਿਨ ਕੰਮਾਂਕਾਰਾਂ ਵਿੱਚ ਲਾ ਕੇ ਲੰਘਾ ਰਹੇ ਹਨ।
(ਅ) ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।
ਪ੍ਰਸੰਗ – ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉੱਤਮ ਬਾਣੀ ‘ਜਪੁਜੀ ਸਾਹਿਬ’ ਦੇ ਅੰਤ ਵਿਚ ਆਉਂਦੇ ਸਲੋਕ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿਚ ‘ਪਵਣੁ ਗੁਰੂ ਪਾਣੀ ਪਿਤਾ’ ਸਿਰਲੇਖ ਅਧੀਨ ਦਰਜ ਹੈ। ਇਸ ਸਲੋਕ ਵਿਚ ਗੁਰੂ ਜੀ ਨੇ ਸੰਸਾਰਿਕ ਰੰਗ-ਭੂਮੀ ਉੱਤੇ ਮਨੁੱਖ ਨੂੰ ਨੇਕ ਕੰਮ ਕਰਨ ਅਤੇ ਨਾਮ ਸਿਮਰਨ ਦੇ ਮਹੱਤਵ ਬਾਰੇ ਸਮਝਾਇਆ ਹੈ।
ਵਿਆਖਿਆ – ਗੁਰੂ ਜੀ ਫੁਰਮਾਉਂਦੇ ਹਨ ਕਿ ਧਰਮਰਾਜ ਪਰਮਾਤਮਾ ਦੀ ਹਜ਼ੂਰੀ ਵਿੱਚ ਸੰਸਾਰ ਦੀ ਰੰਗ-ਭੂਮੀ ਉੱਤੇ ਆਪੋ ਆਪਣੀ ਖੇਡ-ਖੇਡਦੇ ਜੀਵਾਂ ਦੁਆਰਾ ਕੀਤੇ ਹੋਏ ਚੰਗੇ ਤੇ ਮਾੜੇ ਕੰਮਾਂ ਦੀ ਪੜਤਾਲ ਕਰਦਾ ਹੈ। ਆਪੋ ਆਪਣੇ ਕੀਤੇ ਚੰਗੇ ਤੇ ਮਾੜੇ ਕੰਮਾਂ ਕਰਕੇ ਕਈ ਜੀਵ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਦੂਰ ਹੋ ਜਾਂਦੇ ਹਨ।
(ੲ) ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।।
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।।
ਪ੍ਰਸੰਗ – ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉੱਤਮ ਬਾਣੀ ‘ਜਪੁਜੀ ਸਾਹਿਬ’ ਦੇ ਅੰਤ ਵਿੱਚ ਆਉਂਦੇ ਸਲੋਕ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿਚ ‘ਪਵਣੁ ਗੁਰੂ ਪਾਣੀ ਪਿਤਾ’ ਸਿਰਲੇਖ ਅਧੀਨ ਦਰਜ ਹੈ। ਇਸ ਸਲੋਕ ਵਿਚ ਗੁਰੂ ਜੀ ਨੇ ਸੰਸਾਰਿਕ ਰੰਗ-ਭੂਮੀ ਉੱਤੇ ਮਨੁੱਖ ਨੂੰ ਨੇਕ ਕੰਮ ਕਰਨ ਅਤੇ ਨਾਮ ਸਿਮਰਨ ਦੇ ਮਹੱਤਵ ਬਾਰੇ ਸਮਝਾਇਆ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਸਾਰ ਉੱਪਰ ਆਪੋ-ਆਪਣੀ ਖੇਡ ਖੇਡਦਿਆਂ ਜਿਨ੍ਹਾਂ ਜੀਵਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ, ਉਨ੍ਹਾਂ ਨੇ ਆਪਣੀ ਮਿਹਨਤ ਸਫ਼ਲ ਕਰ ਲਈ ਹੈ। ਪਰਮਾਤਮਾ ਦੇ ਦਰ ‘ਤੇ ਅਜਿਹੇ ਮਨੁੱਖ ਉਜਲੇ ਮੁੱਖ ਵਾਲ਼ੇ ਹਨ ਅਤੇ ਕਈ ਹੋਰ ਜੀਵ ਵੀ ਉਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਏ ਹਨ।
•• ਕੇਂਦਰੀ ਭਾਵ •••
ਸਭ ਜੀਵ ਸੰਸਾਰ ਰੂਪੀ ਰੰਗ-ਭੂਮੀ ਉੱਤੇ ਆਪੋ-ਆਪਣੀ ਖੇਡ ਖੇਡਦੇ ਹਨ। ਧਰਮਰਾਜ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਦੀ ਪੜਤਾਲ ਕਰਦਾ ਹੈ। ਜੀਵ ਆਪਣੇ ਚੰਗੇ ਅਤੇ ਮਾੜੇ ਕੰਮਾਂ ਨਾਲ਼ ਹੀ ਪਰਮਾਤਮਾ ਦੇ ਨੇੜੇ ਅਤੇ ਦੂਰ ਹੁੰਦੇ ਹਨ। ਜਿਨ੍ਹਾਂ ਨੇ ਨਾਮ ਸਿਮਰਨ ਦੀ ਖੇਡ ਖੇਡੀ ਹੁੰਦੀ ਹੈ, ਉਹ ਦੂਜਿਆਂ ਨੂੰ ਵੀ ਸਹੀ ਰਾਹ ਪਾਉਂਦੇ ਹੋਏ ਪਰਮਾਤਮਾ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਜਾਂਦੇ ਹਨ।
•• ਵਸਤੂਨਿਸ਼ਠ ਪ੍ਰਸ਼ਨ •••
ਪ੍ਰ 1.ਗੁਰੂ ਜੀ ਨੇ ਪਵਣੁ ਨੂੰ ਕਿਸ ਦਾ ਰੂਪ ਦੱਸਿਆ ਹੈ?
ਉ – ਗੁਰੂ ਦਾ।
ਪ੍ਰ 2.ਗੁਰੂ ਜੀ ਅਨੁਸਾਰ ਸਭ ਜੀਵਾਂ ਦਾ ਪਿਤਾ ਕੌਣ ਹੈ?
ਉ – ਪਾਣੀ।
ਪ੍ਰ 3. ਸਭ ਜੀਵਾਂ ਦੀ ਵੱਡੀ ਮਾਤਾ ਕੌਣ ਹੈ?
ਉ – ਧਰਤੀ।
ਪ੍ਰ 4. ਗੁਰੂ ਜੀ ਅਨੁਸਾਰ ਦਿਨ ਤੇ ਰਾਤ ਕੀ ਹਨ?
ਉ – ਖਿਡਾਵਾ ਤੇ ਖਿਡਾਵੀ।
ਪ੍ਰ 5. ਮਨੁੱਖ ਦੇ ਚੰਗੇ ਤੇ ਮਾੜੇ ਕੰਮਾਂ ਦੀ ਪੜਤਾਲ ਕੌਣ ਕਰਦਾ ਹੈ?
ਉ – ਧਰਮਰਾਜ।
ਪ੍ਰ 6. ਕਿਸ ਦੇ ਅਧਾਰ ’ਤੇ ਜੀਵ ਅਕਾਲ ਪੁਰਖ ਦੇ ਨੇੜੇ ਅਤੇ ਦੂਰ ਹੁੰਦੇ ਹਨ?
ਉ – ਆਪਣੇ ਕਰਮਾਂ ਦੇ ਅਧਾਰ ’ਤੇ।
ਪ੍ਰ 7. ਕਿਹੜੇ ਜੀਵ ਆਪਣੀ ਮਿਹਨਤ ਸਫ਼ਲ ਕਰ ਗਏ ਹਨ?
ਉ – ਨਾਮ ਸਿਮਰਨ ਕਰਨ ਵਾਲ਼ੇ।
2. ਸੋ ਕਿਉ ਮੰਦਾ ਆਖੀਐ
(ੳ) ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹ ।।
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ।।
ਪ੍ਰਸੰਗ – ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ ‘ਆਸਾ ਦੀ ਵਾਰ’ ਵਿੱਚੋਂ ਲਿਆ ਗਿਆ ਇਕ ਸਲੋਕ ਹੈ ਜੋ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ‘ਸੋ ਕਿਉ ਮੰਦਾ ਆਖੀਐ’ ਸਿਰਲੇਖ ਅਧੀਨ ਦਰਜ ਹੈ। ਇਸ ਵਿੱਚ ਗੁਰੂ ਜੀ ਇਸਤਰੀ ਦੀ ਮਹਾਨਤਾ ਬਾਰੇ ਸਮਝਾਉਂਦੇ ਹੋਏ ਲਿਖਦੇ ਹਨ ਕਿ ਜਨਮ ਤੋਂ ਲੈ ਕੇ ਸਾਰਾ ਜੀਵਨ ਮਨੁੱਖ ਦਾ ਨਾਤਾ ਇਸਤਰੀ ਨਾਲ਼ ਜੁੜਿਆ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖੀ ਜੀਵ ਇਸਤਰੀ ਤੋਂ ਹੈ ਅਤੇ ਇਸਤਰੀ ਦੇ ਪੇਟ ਵਿੱਚ ਹੀ ਉਸ ਦੇ ਸਰੀਰ ਨਿਰਮਾਣ ਹੁੰਦਾ ਹੈ। ਇਸਤਰੀ ਨਾਲ਼ ਹੀ ਉਸ ਦੀ ਕੁੜਮਾਈ ਅਤੇ ਵਿਆਹ ਹੁੰਦਾ ਹੈ। ਇਸਤਰੀ ਦੇ ਕਾਰਨ ਹੀ ਮਨੁੱਖ ਦਾ ਹੋਰ ਲੋਕਾਂ ਨਾਲ਼ ਨਾਤਾ ਜੁੜਦਾ ਹੈ ਅਤੇ ਸੰਸਾਰ ਦੀ ਉਤਪਤੀ ਦਾ ਰਾਹ ਬਣਦਾ ਹੈ। ਜੇਕਰ ਇਸਤਰੀ ਮਰ ਜਾਵੇ ਤਾਂ ਆਦਮੀ ਹਰ ਇਸ ਦੀ ਤਲਾਸ਼ ਕਰਦਾ ਜੋ ਉਸ ਨੂੰ ਹੋਰ ਲੋਕਾਂ ਨਾਲ਼ ਜੋੜਦੀ ਹੈ। ਉਸ ਇਸਤਰੀ ਨੂੰ ਬੁਰਾ ਕਹਿਣਾ ਸਹੀ ਨਹੀਂ , ਜਿਸ ਦੇ ਪੇਟੋਂ ਰਾਜੇ ਵੀ ਜਨਮ ਲੈਂਦੇ ਹਨ। ਇਸਤਰੀ ਦਾ ਦਰਜਾ ਸਮਾਜ ਵਿੱਚ ਬਹੁਤ ਉੱਚਾ ਹੈ।
(ਅ) ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨਾ ਕੋਇ ।।
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ।।
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ।।
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ।।
ਪ੍ਰਸੰਗ – ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ ‘ਆਸਾ ਦੀ ਵਾਰ’ ਵਿੱਚੋਂ ਲਿਆ ਗਿਆ ਇਕ ਸਲੋਕ ਹੈ ਜੋ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ‘ਸੋ ਕਿਉ ਮੰਦਾ ਆਖੀਐ’ ਸਿਰਲੇਖ ਅਧੀਨ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਸਮਝਉਂਦੇ ਹਨ ਕਿ ਇਸਤਰੀ ਤੋਂ ਬਾਹਰ ਕੇਵਲ ਪਰਮਾਤਮਾ ਹੈ। ਸਾਨੂੰ ਇਸਤਰੀ ਦੇ ਗੁਣ ਗਾਉਣੇ ਚਾਹੀਦੇ ਹਨ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਸਾਰ ਵਿੱਚ ਮਹਾਨ ਦਰਜਾ ਰੱਖਣ ਵਾਲ਼ੀ ਇਸਤਰੀ ਖੁਦ ਵੀ ਇਸਤਰੀ ਤੋਂ ਹੀ ਜਨਮ ਲੈਂਦੀ ਹੈ। ਕੋਈ ਵੀ ਮਨੁੱਖੀ ਜੀਵ ਇਸਤਰੀ ਤੋਂ ਬਾਹਰ ਨਹੀਂ। ਕੇਵਲ ਇਕ ਸੱਚਾ ਪਰਮਾਤਮਾ ਹੀ ਇਸਤਰੀ ਤੋਂ ਬਿਨਾਂ ਪੈਦਾ ਹੋਇਆ ਹੈ। ਜੋ ਕੋਈ ਵੀ ਆਪਣੇ ਮੂੰਹੋਂ ਪਰਮਾਤਮਾ ਦਾ ਗੁਣ-ਗਾਣ ਕਰਦਾ ਹੈ, ਉਹ ਭਾਗਾਂ ਵਾਲ਼ਾ ਹੁੰਦਾ ਹੈ ਅਤੇ ਅਜਿਹੇ ਮਨੁੱਖ ਪਰਮਾਤਮਾ ਦੇ ਘਰ ਵਿੱਚ ਸੋਹਣੇ ਲੱਗਦੇ ਹਨ।
••• ਕੇਂਦਰੀ ਭਾਵ •••
ਮਨੁੱਖੀ ਜੀਵਨ ਦਾ ਜਨਮ ਤੋਂ ਮਰਨ ਤੱਕ ਦਾ ਇਸਤਰੀ ਨਾਲ਼ ਨਾਤਾ ਜੁੜਿਆ ਹੈ। ਇਸਤਰੀ ਤੋਂ ਬਾਹਰ ਕੇਵਲ ਪਰਮਾਤਮਾ ਹੈ, ਕੋਈ ਵੀ ਇਸਤਰੀ ਪੁਰਸ਼ ਨਹੀਂ। ਰਾਜੇ ਵੀ ਇਸਤਰੀ ਤੋਂ ਜਨਮ ਲੈਂਦੇ ਹਨ। ਸਾਨੂੰ ਇਸਤਰੀ ਨੂੰ ਕਦੇ ਵੀ ਮੰਦਾ ਨਹੀਂ ਬੋਲਣਾ ਚਾਹੀਦਾ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰ 1. ‘ਸੋ ਕਿਉ ਮੰਦਾ ਆਖੀਐ’ ਬਾਣੀ ਕਿਸ ਗੁਰੂ ਦੀ ਰਚਨਾ ਹੈ?
ਉ – ਗੁਰੂ ਨਾਨਕ ਦੇਵ ਜੀ ਦੀ।
ਪ੍ਰ 2. ਸਲੋਕ ਵਿੱਚ ਇਸਤਰੀ ਤੋਂ ਬਾਹਰ ਕਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ?
ਉ – ਪਰਮਾਤਮਾ ਦੀ।
ਪ੍ਰ 3. ਗੁਰੂ ਨਾਨਕ ਦੇਵ ਜੀ ਅਨੁਸਾਰ ਕਿਸ ਦੀ ਸਿਫ਼ਤ ਕਰਨ ਨਾਲ਼ ਸੱਚੇ ਦਰਬਾਰ ਵਿੱਚ ਕਦਰ ਪੈਂਦੀ ਹੈ?
ਉ – ਪਰਮਾਤਮਾ ਦੀ।
ਪ੍ਰ 4. ਰਾਜੇ ਕਿਸ ਤੋਂ ਜਨਮ ਲੈਂਦੇ ਹਨ?
ਉ – ਇਸਤਰੀ ਤੋਂ।
ਪ੍ਰ 5. ਗੁਰੂ ਨਾਨਕ ਦੇਵ ਜੀ ਅਨੁਸਾਰ ਭੰਡੈ ਬਾਹਰਾ ਕੌਣ ਹੈ?
ਉ – ਪਰਮਾਤਮਾ।
ਪ੍ਰ 6. ‘ਭੰਡ’ ਸ਼ਬਦ ਦਾ ਕੀ ਅਰਥ ਹੈ?
ਉ – ਇਸਤਰੀ।
ਪ੍ਰ 7. ‘ਸੋ ਕਿਉ ਮੰਦਾ ਆਖੀਐ’ ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ?
ਉ – ਇਸਤਰੀ ਦੀ।
ਪ੍ਰ 8. ਪਰਮਾਤਮਾ ਦੇ ਦਰਬਾਰ ਵਿੱਚ ਕੌਣ ਉਜਲੇ ਮੁੱਖ ਵਾਲ਼ੇ ਹਨ?
ਉ – ਪਰਮਾਤਮਾ ਦੇ ਗੁਣ ਗਾਉਣ ਵਾਲ਼ੇ।।
3. ਗਗਨ ਮੈ ਥਾਲੁ
(ੳ) ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਰਿਕਾ ਮੰਡਲ ਜਨਕ ਮੋਤੀ ||
ਧੂਪੁ ਮਲਆਨਲੋ ਪਵਣੁ ਚਵਰੋ ਕਰੈ ਸਗਲ ਬਨਰਾਇ ਫੂਲੰਤ ਜੋਤੀ ||
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ||
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਗਗਨ ਮੈਂ ਥਾਲੁ’ ਵਿੱਚੋਂ ਲਿਆ ਗਿਆ ਹੈ ਇਸ ਬਾਣੀ ਵਿੱਚ ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾਂਦੀ ਆਰਤੀ ਨੂੰ ਇੱਕ ਵਿਅਰਥ ਕਰਾਰ ਦਿੰਦੇ ਹੋਏ ਦੱਸਿਆ ਹੈ ਕਿ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲ਼ੇ ਪਰਮਾਤਮਾ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ । ਮਨੁੱਖੀ ਜੀਵ ਨੂੰ ਵਿਅਕਤੀਗਤ ਰੂਪ ਵਿੱਚ ਉਸ ਨਾਲ਼ ਜੁੜਨ ਦੀ ਲੋੜ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਅਕਾਸ਼ ਇੱਕ ਥਾਲ ਵਾਂਗ ਹੈ, ਜਿਸ ਵਿੱਚ ਸੂਰਜ ਅਤੇ ਚੰਦ ਦੀਪਕ ਵਾਂਗ ਜਗ ਰਹੇ ਹਨ ਅਤੇ ਸਾਰਾ ਤਾਰਾ ਮੰਡਲ ਮੋਤੀਆਂ ਵਾਂਗ ਹੈ। ਮਲਯ ਪਰਬਤ ਦੇ ਚੰਦਨ ਦੇ ਖੁਸ਼ਬੂਦਾਰ ਰੁੱਖਾਂ ਵਿੱਚੋਂ ਲੰਘ ਕੇ ਆਉਣ ਵਾਲ਼ੀ ਪੌਣ ਧੂਫ਼ ਦੇ ਰਹੀ ਹੈ ਅਤੇ ਇਹ ਚੱਲਦੀ ਹੋਈ ਪੌਣ ਚਵਰ ਕਰ ਰਹੀ ਹੈ। ਸਾਰੀ ਬਨਸਪਤੀ ਫੁੱਲ ਅਤੇ ਫਲ ਭੇਟ ਕਰ ਰਹੀ ਹੈ। ਹੇ ਪ੍ਰਭੂ ! ਇਹ ਤੇਰੀ ਕੈਸੀ ਆਰਤੀ ਹੋ ਰਹੀ ਹੈ! ਇਹ ਅਦਭੁੱਤ ਆਰਤੀ ਹੈ। ਇੱਕ ਰਸ ਜੀਵਨ ਰੌ ਦੇ ਮਾਨੋ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ। ਇਸ ਪ੍ਰਕਾਰ ਹੇ ਪ੍ਰਭੂ ਸਾਰੀ ਕੁਦਰਤ ਹੀ ਤੇਰੀ ਆਰਤੀ ਉਤਾਰਨ ਦੇ ਕਾਰਜ ਵਿੱਚ ਜੁਟੀ ਹੋਈ ਹੈ।
(ਅ) ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ||
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ||
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਗਗਨ ਮੈਂ ਥਾਲੁ’ ਵਿੱਚੋਂ ਲਿਆ ਗਿਆ ਹੈ ਇਸ ਬਾਣੀ ਵਿੱਚ ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾਂਦੀ ਆਰਤੀ ਨੂੰ ਇੱਕ ਵਿਅਰਥ ਕਰਾਰ ਦਿੰਦੇ ਹੋਏ ਦੱਸਿਆ ਹੈ ਕਿ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲ਼ੇ ਪਰਮਾਤਮਾ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ। ਮਨੁੱਖੀ ਜੀਵ ਨੂੰ ਵਿਅਕਤੀਗਤ ਰੂਪ ਵਿੱਚ ਉਸ ਨਾਲ ਜੁੜਨ ਦੀ ਲੋੜ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ! ਸਾਰੇ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ। ਪਰ ਨਿਰਾਕਾਰ ਹੋਣ ਕਰਕੇ ਪ੍ਰਭੂ ਤੇਰੀਆਂ ਕੋਈ ਅੱਖਾਂ ਨਹੀਂ। ਤੇਰੀਆਂ ਹਜ਼ਾਰਾਂ ਸ਼ਕਲਾਂ ਹਨ ਪਰ ਤੇਰੀ ਕੋਈ ਵੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ ਤੇਰਾ ਇੱਕ ਵੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੇਰਾ ਇੱਕ ਵੀ ਨੱਕ ਨਹੀਂ। ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ।
(ੲ) ਸਭ ਮਹਿ ਜੋਤਿ ਜੋਤਿ ਹੈ ਸੋਈ ||
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ||
ਗੁਰ ਸਾਖੀ ਜੋਤਿ ਪਰਗਟੁ ਹੋਇ ||
ਜੋ ਤਿਸੁ ਭਾਵੈ ਸੁ ਆਰਤੀ ਹੋਇ ||
ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ||
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾਤੇ ਤੇਰੈ ਨਾਮਿ ਵਾਸਾ ||
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਗਗਨ ਮੈਂ ਥਾਲ’ ਵਿੱਚੋਂ ਲਿਆ ਗਿਆ ਹੈ ਇਸ ਬਾਣੀ ਵਿੱਚ ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾਂਦੀ ਆਰਤੀ ਨੂੰ ਇੱਕ ਵਿਅਰਥ ਕਰਾਰ ਦਿੰਦੇ ਹੋਏ ਦੱਸਿਆ ਹੈ ਕਿ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲ਼ੇ ਪਰਮਾਤਮਾ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ। ਹਰ ਜੀਵ ਅੰਦਰ ਪਰਮਾਤਮਾ ਹੈ , ਜਿਸ ਨੂੰ ਗੁਰੂ ਦੀ ਸਿੱਖਿਆ ਨਾਲ਼ ਪਾਇਆ ਜਾ ਸਕਦਾ ਹੈ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਰੇ ਜੀਵਾਂ ਵਿੱਚ ਇੱਕ ਉਸ ਪਰਮਾਤਮਾ ਦੀ ਜੋਤ ਹੀ ਮੌਜੂਦ ਹੈ। ਉਸ ਜੋਤ ਦੇ ਪ੍ਰਕਾਸ਼ ਨਾਲ਼ ਹੀ ਸਭ ਜੀਵਾਂ ਦੇ ਅੰਦਰ ਚਾਨਣ ਭਾਵ ਸੂਝ-ਬੂਝ ਪੈਦਾ ਹੋ ਰਹੀ ਹੈ। ਪਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ਼ ਹੀ ਪ੍ਰਾਪਤ ਹੁੰਦਾ ਹੈ। ਇਸ ਸਰਵ-ਵਿਆਪਕ ਜੋਤ ਭਾਵ ਪਰਮਾਤਮਾ ਦੀ ਆਰਤੀ ਇਹੀ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗਦਾ ਹੈ। ਹੇ ਪਰਮਾਤਮਾ! ਤੇਰੇ ਚਰਨ ਰੂਪੀ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਉਂਦਾ ਹੈ। ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦਿਓ , ਜਿਸ ਦੀ ਬਰਕਤ ਨਾਲ਼ ਮੈਂ ਤੇਰੇ ਨਾਮ ਵਿੱਚ ਮਸਤ ਰਹਾਂ।
••• ਕੇਂਦਰੀ ਭਾਵ •••
ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲ਼ੇ ਪ੍ਰਭੂ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ। ਜੀਵ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਉਸ ਦੀ ਕਿਰਪਾ ਨਾਲ਼ ਪ੍ਰਾਪਤ ਹੋਈ ਗੁਰੂ ਦੀ ਸਿੱਖਿਆ ਅਨੁਸਾਰ ਜਦੋਂ ਸਾਰੇ ਜੀਵਾਂ ਵਿੱਚ ਪ੍ਰਭੂ ਦੀ ਜੋਤ ਨੂੰ ਵਸਦੀ ਅਨੁਭਵ ਕਰ ਕੇ ਉਸ ਦੇ ਭਾਣੇ ਵਿੱਚ ਚਲਦਾ ਹੈ, ਤਾਂ ਉਹ ਵੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਆਰਤੀ ਵਿੱਚ ਸ਼ਾਮਲ ਹੋ ਜਾਂਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰ 1. ‘ਗਗਨ ਮੈਂ ਥਾਲੁ’ ਬਾਣੀ ਵਿੱਚ ਕਿਸ ਦੀ ਆਰਤੀ ਉਤਾਰੀ ਜਾ ਰਹੀ ਹੈ?
ਉ – ਪਰਮਾਤਮਾ ਦੀ।
ਪ੍ਰ 2. ਭਵਖੰਡਨਾ ਦੀ ਆਰਤੀ ਵਿੱਚ ਗਗਨ ਕੀ ਹੈ?
ਉ – ਥਾਲ।
ਪ੍ਰ 3. ਭਵਖੰਡਨਾ ਦੀ ਆਰਤੀ ਵਿੱਚ ਸੂਰਜ ਤੇ ਚੰਦ ਕੀ ਹਨ?
ਉ – ਦੀਵੇ।
ਪ੍ਰ 4. ਭਵਖੰਡਨਾ ਦੀ ਆਰਤੀ ਵਿੱਚ ਤਾਰਿਕਾ ਮੰਡਲ ਕੀ ਹੈ?
ਉ – ਮੋਤੀ।
ਪ੍ਰ 5. ਭਵਖੰਡਨਾ ਦੀ ਆਰਤੀ ਵਿੱਚ ਪੌਣ ਕੀ ਕਰ ਰਹੀ ਹੈ?
ਉ – ਚਵਰ।
ਪ੍ਰ 6. ਭਵਖੰਡਨਾ ਦੀ ਆਰਤੀ ਵਿੱਚ ਬਨਸਪਤੀ ਕੀ ਕਰ ਰਹੀ ਹੈ?
ਉ – ਸੁਗੰਧੀ ਅਤੇ ਫੁੱਲ ਭੇਟਾ।
ਪ੍ਰ 7. ਪ੍ਰਮਾਤਮਾ ਦੀ ਸਰਵ-ਵਿਆਪਕ ਜੋਤ ਦਾ ਗਿਆਨ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ?
ਉ – ਗੁਰੂ ਦੀ ਸਿੱਖਿਆ ਨਾਲ।
ਪ੍ਰ 8. ‘ਗਗਨ ਮੈਂ ਥਾਲੁ’ ਬਾਣੀ ਵਿੱਚ ਭਵਖੰਡਨਾ ਦੀ ਆਰਤੀ ਕੌਣ ਉਤਾਰ ਰਿਹਾ ਹੈ?
ਉ – ਸਾਰੀ ਕੁਦਰਤ।
ਪ੍ਰ 9. ‘ਗਗਨ ਮੈਂ ਥਾਲੁ’ ਬਾਣੀ ਵਿੱਚ ਪ੍ਰਭੂ ਦਾ ਸਰੂਪ ਕਿਸ ਤਰ੍ਹਾਂ ਦਾ ਹੈ?
ਉ – ਸਰਗੁਣ ਤੇ ਨਿਰਗੁਣ।
ਪ੍ਰ 10. ਗੁਰਮਤਿ ਕਾਵਿ-ਧਾਰਾ ਦੇ ਮੋਢੀ ਕਵੀ ਕੌਣ ਹਨ?
ਉ – ਗੁਰੂ ਨਾਨਕ ਦੇਵ ਜੀ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ, ਮੋ. 9193700037