ਦਿਵਾਲ਼ੀ
-
- ਜਾਣ-ਪਛਾਣ – ਦਿਵਾਲ਼ੀ ਸ਼ਬਦ ‘ਦੀਪਾਵਲੀ’ ਤੋਂ ਬਣਿਆ ਹੈ। ‘ਦੀਪਾਵਲੀ’ ਦਾ ਅਰਥ ਹੈ, ਦੀਵਿਆਂ ਦੀ ਕਤਾਰ। ਕੱਤਕ ਦੀ ਮੱਸਿਆ ਦੀ ਘੁੱਪ ਹਨੇਰੀ ਰਾਤ ਨੂੰ ਅਣਗਿਣਤ ਦੀਵੇ ਜਗਾ ਕੇ ਰੋਸ਼ਨੀ ਕੀਤੀ ਜਾਂਦੀ ਹੈ, ਇਸ ਲਈ ਇਹ ਰੋਸ਼ਨੀ ਦਾ ਤਿਉਹਾਰ ਹੈ। ਦਸਹਿਰੇ ਤੋਂ ਉੱਨੀ ਦਿਨ ਪਿੱਛੋਂ ਦਿਵਾਲ਼ੀ ਮਨਾਈ ਜਾਂਦੀ ਹੈ। ਤਦ ਤੱਕ ਸਰਦੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਸਾਉਣੀ ਦੀ ਫ਼ਸਲ ਵੀ ਘਰ ਆ ਜਾਂਦੀ ਹੈ। ਇਹ ਸਾਰੇ ਕਿਸਾਨਾਂ ਲਈ ਖ਼ੁਸ਼ੀ ਦਾ ਮੌਕਾ ਹੁੰਦਾ ਹੈ।
- ਪਿਛੋਕੜ – ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਣਬਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ। ਲੋਕਾਂ ਨੇ ਉਹਨਾਂ ਦੇ ਸੁਆਗਤ ਵਿੱਚ ਦੀਪ-ਮਾਲ਼ਾ ਕੀਤੀ ਸੀ। ਸ੍ਰੀ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਇਸੇ ਦਿਨ ਪੁੱਜੇ ਸਨ। ਇਸ ਲਈ ਲੋਕਾਂ ਨੇ ਦੀਪ-ਮਾਲ਼ਾ ਕਰਕੇ ਖ਼ੁਸ਼ੀ ਮਨਾਈ ਸੀ।
- ਤਿਉਹਾਰ ਦੀ ਤਿਆਰੀ – ਦਿਵਾਲ਼ੀ ਨੂੰ ਮਨਾਉਣ ਦੀ ਤਿਆਰੀ ਦਿਵਾਲ਼ੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਲੋਕ ਆਪਣੇ ਘਰਾਂ ਦੀ ਸਫ਼ਾਈ ਕਰਕੇ ਉਹਨਾਂ ਨੂੰ ਸਫ਼ੈਦੀ ਅਤੇ ਰੰਗ-ਰੋਗਨ ਨਾਲ਼ ਸ਼ਿੰਗਾਰਦੇ ਹਨ। ਪਿੰਡਾਂ ਵਿੱਚ ਕੋਠਿਆਂ ਨੂੰ ਵੀ ਲਿੰਬ-ਪੋਚ ਕੇ ਸਜਾਇਆ ਜਾਂਦਾ ਹੈ। ਇਸ ਤਰ੍ਹਾਂ ਪਿੰਡ ਅਤੇ ਸ਼ਹਿਰ ਉੱਜਲੇ-ਉੱਜਲੇ ਜਾਪਣ ਲੱਗ ਪੈਂਦੇ ਹਨ। ਦਿਵਾਲ਼ੀ ਦਾ ਤਿਉਹਾਰ ਵਪਾਰੀ ਵਰਗ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਦੁਕਾਨਦਾਰ ਇਸ ਦਿਨ ਜਿੱਥੇ ਨਵੇਂ ਵਹੀ-ਖਾਤੇ ਖੋਲ੍ਹਦੇ ਹਨ, ਉੱਥੇ ਉਹ ਆਪਣੀਆਂ ਦੁਕਾਨਾਂ ਨੂੰ ਕਈ ਢੰਗਾਂ ਨਾਲ਼ ਸਜਾਉਂਦੇ ਵੀ ਹਨ। ਬਜ਼ਾਰਾਂ ਵਿੱਚ ਦੁਕਾਨਾਂ ਉੱਪਰ ਭਾਂਤ-ਭਾਂਤ ਦੇ ਸਮਾਨ ਦੀ ਨੁਮਾਇਸ਼ ਜਿਹੀ ਲੱਗੀ ਹੁੰਦੀ ਹੈ ਜਿਹੜੀ ਗਾਹਕਾਂ ਦਾ ਧਿਆਨ ਬਦੋ-ਬਦੀ ਆਪਣੇ ਵੱਲ ਖਿੱਚਦੀ ਹੈ।
- ਬਜ਼ਾਰਾਂ ਦੀ ਰੌਣਕ – ਦਿਵਾਲ਼ੀ ਮਨਾਉਣ ਲਈ ਮਿਠਿਆਈ ਅਤੇ ਆਤਸ਼ਬਾਜ਼ੀ ਦਾ ਵਿਸ਼ੇਸ਼ ਪ੍ਰਯੋਗ ਹੁੰਦਾ ਹੈ। ਹਲਵਾਈ ਭਾਂਤ-ਭਾਂਤ ਦੀਆਂ ਮਿਠਿਆਈਆਂ ਬਣਾ ਕੇ ਕਈ ਦਿਨ ਪਹਿਲਾਂ ਹੀ ਆਪਣੀਆਂ ਦੁਕਾਨਾਂ ਨੂੰ ਸਜਾਉਣਾ ਸ਼ੁਰੂ ਕਰ ਦਿੰਦੇ ਹਨ। ਆਤਸ਼ਬਾਜ਼ੀ ਦਾ ਸਮਾਨ ਤਾਂ ਦੁਕਾਨਾਂ ਤੋਂ ਬਿਨਾਂ ਬਾਹਰ ਖੁੱਲ੍ਹੀਆਂ ਸੜਕਾਂ ‘ਤੇ ਵੀ ਸਜਾਇਆ ਜਾਂਦਾ ਹੈ। ਦਿਵਾਲ਼ੀ ਭਾਵੇਂ ਰਾਤ ਨੂੰ ਮਨਾਈ ਜਾਂਦੀ ਹੈ ਪਰ ਇਸ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ। ਲੋਕ ਬਜ਼ਾਰਾਂ ਵਿੱਚ ਮਿਠਿਆਈ, ਆਤਸ਼ਬਾਜ਼ੀ ਆਦਿ ਖ਼ਰੀਦਦੇ ਹਨ। ਕਈ ਆਪਣੇ ਸੁਨੇਹੀਆਂ ਨੂੰ ਮਿਠਿਆਈਆਂ ਦੇ ਡੱਬੇ ਭੇਟ ਕਰਕੇ ਸ਼ੁੱਭ-ਇੱਛਾਵਾਂ ਦਿੰਦੇ ਹਨ। ਕਈ ਥਾਂਵਾਂ ‘ਤੇ ਵਿਸ਼ੇਸ਼ ਮੇਲੇ ਵੀ ਲੱਗਦੇ ਹਨ।
- ਪਟਾਕੇ ਅਤੇ ਰੋਸ਼ਨੀ – ਦਿਵਾਲ਼ੀ ਵਾਲ਼ੇ ਦਿਨ ਸ਼ਾਮ ਤੋਂ ਹੀ ਪਟਾਕਿਆਂ ਦੀ ਠਾਹ-ਠਾਹ ਸੁਣਾਈ ਦੇਣ ਲੱਗ ਪੈਂਦੀ ਹੈ। ਲੋਕ ਆਪਣੇ ਘਰਾਂ ਦੇ ਬਨੇਰਿਆਂ ਅਤੇ ਬੂਹਿਆਂ ਉੱਤੇ ਮੋਮਬੱਤੀਆਂ ਅਤੇ ਦੀਵੇ ਬਾਲ਼ਦੇ ਹਨ। ਕਈ ਲੋਕ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ ਜਗਾ ਕੇ ਦਿਵਾਲ਼ੀ ਦੀ ਰੋਸ਼ਨੀ ਕਰਦੇ ਹਨ। ਕੁਝ ਲੋਕ ਲੱਛਮੀ ਦੀ ਪੂਜਾ ਵੀ ਕਰਦੇ ਹਨ।
- ਅੰਮ੍ਰਿਤਸਰ ਦੀ ਦਿਵਾਲ਼ੀ – ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਿਸ਼ੇਸ਼ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਾਤ ਨੂੰ ਹਰਿਮੰਦਰ ਸਾਹਿਬ ਅਤੇ ਇਸ ਦਾ ਸਰੋਵਰ ਵਿਚਲਾ ਜਗਮਗ ਕਰਦਾ ਅਕਸ ਮਨਮੋਹਣਾ ਦ੍ਰਿਸ਼ ਪੇਸ਼ ਕਰਦਾ ਹੈ। ਲੋਕ ਦੂਰ ਦੁਰਾਡਿਓਂ ਇਸ ਦਿਨ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ।
- ਸਾਫ਼-ਸਫ਼ਾਈ ਅਤੇ ਰੰਗ-ਰੋਗਨ – ਦਿਵਾਲ਼ੀ ਤੋਂ ਬਾਅਦ ਭਾਰਤ ਵਿੱਚ ਸਰਦੀ ਦੀ ਰੁੱਤ ਅਰੰਭ ਹੋ ਜਾਂਦੀ ਹੈ। ਲੋਕ ਬਾਹਰ ਸੌਂਣ ਦੀ ਬਜਾਏ ਅੰਦਰ ਸੌਂਣਾ ਸ਼ੁਰੂ ਕਰਦੇ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਘਰਾਂ ਦੀ ਸਫ਼ਾਈ ਚੰਗੀ ਤਰ੍ਹਾਂ ਕੀਤੀ ਜਾਵੇ। ਦਿਵਾਲ਼ੀ ਮਨਾਉਣ ਦੇ ਬਹਾਨੇ ਘਰਾਂ ਵਿੱਚ ਸਫ਼ੈਦੀ ਹੋ ਜਾਂਦੀ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਹਾਨੀਕਾਰਕ ਕੀਟਾਣੂਆਂ ਦਾ ਖ਼ਾਤਮਾ ਹੋ ਜਾਂਦਾ ਹੈ। ਕਹਿੰਦੇ ਹਨ ਕਿ ਦਿਵਾਲ਼ੀ ‘ਤੇ ਕੀਤੀ ਜਾਂਦੀ ਰੋਸ਼ਨੀ ਨਾਲ਼ ਵੀ ਕਈ ਬਿਮਾਰੀਆਂ ਦੇ ਕੀਟਾਣੂ ਮਰ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਦਿਵਾਲ਼ੀ ਦੇ ਮੌਕੇ ‘ਤੇ ਚਲਾਏ ਜਾਂਦੇ ਪਟਾਕਿਆਂ ਦੀਆਂ ਅਵਾਜ਼ਾਂ ਨਾਲ਼ ਸੱਪ ਵਰਗੇ ਜੀਵ ਵੀ ਡਰ ਕੇ ਵੱਸੋਂ ਤੋਂ ਦੂਰ ਚਲੇ ਜਾਂਦੇ ਹਨ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦਿਵਾਲ਼ੀ ਤੋਂ ਬਾਅਦ ਸੱਪ ਨਹੀਂ ਨਿਕਲ਼ਦੇ।
- ਕੁਝ ਬੁਰੇ ਪ੍ਰਭਾਵ – ਦਿਵਾਲ਼ੀ ਨੂੰ ਕਈ ਲੋਕ ਠੀਕ ਢੰਗ ਨਾਲ਼ ਨਹੀਂ ਮਨਾਉਂਦੇ। ਉਹ ਇਸ ਦਿਨ ਸ਼ਰਾਬ ਪੀਂਦੇ ਹਨ ਅਤੇ ਜੂਏ ਵਰਗੀਆਂ ਭੈੜੀਆਂ ਖੇਡਾਂ ਖੇਡਦੇ ਹਨ। ਕਈ ਵਾਰ ਲੜਾਈ-ਝਗੜੇ ਹੋ ਜਾਂਦੇ ਹਨ ਜਿਸ ਕਾਰਨ ਦਿਵਾਲ਼ੀ ਦੀ ਖ਼ੁਸ਼ੀ ਗ਼ਮੀ ਵਿੱਚ ਬਦਲ ਜਾਂਦੀ ਹੈ। ਬੇਪਰਵਾਹੀ ਨਾਲ਼ ਚਲਾਈ ਆਤਸ਼ਬਾਜ਼ੀ ਕਾਰਨ ਕਈ ਵਾਰ ਅੱਗ ਲੱਗ ਜਾਂਦੀ ਹੈ। ਕਈ ਵਾਰੀ ਕਿਸੇ ਦਾ ਹੱਥ-ਮੂੰਹ ਵੀ ਸੜ ਜਾਂਦਾ ਹੈ। ਕਈ ਲੋਕ ਆਤਸ਼ਬਾਜ਼ੀ ਆਦਿ ‘ਤੇ ਫ਼ਜ਼ੂਲ ਪੈਸਾ ਖ਼ਰਚ ਕਰਦੇ ਹਨ। ਕਈ ਵਾਧੂ ਦਿਖਾਵਾ ਕਰਨ ਲਈ ਬਿਜਲੀ ਬਹੁਤ ਬਾਲ਼ਦੇ ਹਨ ਜਿਸ ਕਾਰਨ ਕੌਮੀ ਨੁਕਸਾਨ ਵੀ ਹੁੰਦਾ ਹੈ।
- ਚੰਗਾ ਸੁਨੇਹਾ – ਦਿਵਾਲ਼ੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਵਧਾਉਣ ਵਿੱਚ ਬੜਾ ਸਹਾਇਕ ਹੋ ਸਕਦਾ ਹੈ। ਇਸ ਦਿਨ ਆਪਸੀ ਵਿਤਕਰੇ ਭੁੱਲ ਕੇ ਹਰ ਇੱਕ ਨਾਲ਼ ਮੇਲ਼-ਮਿਲ਼ਾਪ ਕਰਨਾ ਚਾਹੀਦਾ ਹੈ। ਆਤਸ਼ਬਾਜ਼ੀ ਅਤੇ ਮਿਠਿਆਈ ਉੱਪਰ ਫਜ਼ੂਲ ਪੈਸਾ ਖ਼ਰਚ ਕਰਨ ਦੀ ਬਜਾਏ ਅਜਿਹੇ ਮਨੋਰਥਾਂ ਲਈ ਖ਼ਰਚ ਕਰਨਾ ਚਾਹੀਦਾ ਹੈ ਜਿਸ ਨਾਲ ਬਹੁਤੇ ਲੋਕਾਂ ਦਾ ਭਲਾ ਹੋਵੇ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037