ਪਾਠ 11 ਪੌਦਾ-ਰੋਗ ਨਿਵਾਰਨ ਕਲੀਨਿਕ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪਲਾਂਟ ਕਲੀਨਿਕ ਦੀ ਸਥਾਪਨਾ ਕਦੋਂ ਕੀਤੀ ਗਈ ?
ਉੱਤਰ—1993 ਵਿੱਚ।
ਪ੍ਰਸ਼ਨ 2. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਕੁੱਲ ਕਿੰਨੇ ਪਲਾਂਟ ਕਲੀਨਿਕ ਸਥਾਪਿਤ ਹਨ ?
ਉੱਤਰ-17 ਪਲਾਂਟ ਕਲੀਨਿਕ ।
ਪ੍ਰਸ਼ਨ 3 . ਪਲਾਂਟ ਕਲੀਨਿਕ ਵਿੱਚ ਵਰਤੇ ਜਾਣ ਵਾਲੇ ਕੋਈ ਦੋ ਉਪਕਰਣਾਂ ਦੇ ਨਾਮ ਲਿਖੋ
ਉੱਤਰ—ਚਾਕੂ/ ਛੂਰੀਆਂ ਤੇ ਕੰਪਿਊਟਰ
ਪ੍ਰਸ਼ਨ 4. ਫਸਲਾਂ ਤੇ ਸਪਰੇਅ ਕੀਤੀਆਂ ਜਾਣ ਵਾਲੀਆਂ ਦਵਾਈਆਂ ਦੀ ਸਹੀ ਮਾਤਰਾ
ਪਤਾ ਕਰਨ ਲਈ ਕਿਸ ਸਿਧਾਂਤ ਨੂੰ ਅਧਾਰ ਬਣਾਇਆ ਜਾਂਦਾ ਹੈ ? ਉੱਤਰ—ਇਕਨਾਮਿਕ ਥਰੈਸ਼ਹੋਲਡ (ਆਰਥਕ ਅਧਾਰ) ਨਾਮਕ ਸਿਧਾਂਤ
ਪ੍ਰਸ਼ਨ 5 . ਸਲਾਈਡਾਂ ਤੋਂ ਚਿੱਤਰ ਕਿਸ ਉਪਕਰਣ ਦੀ ਸਹਾਇਤਾ ਨਾਲ ਵੇਖੇ ਜਾ ਸਕਦੇ ਹਨ ?
ਉੱਤਰ—ਪ੍ਰੋਜੈਕਟਰ ਦੀ ਸਹਾਇਤਾ ਨਾਲ।
ਪ੍ਰਸ਼ਨ 6. ਛੋਟੇ ਅਕਾਰ ਦੀਆਂ ਨਿਸ਼ਾਨੀਆਂ ਦੀ ਪਹਿਚਾਣ ਕਿਸ ਉਪਕਰਣ ਨਾਲ ਕੀਤੀ ਜਾਂਦੀ ਹੈ ?
ਉੱਤਰ-ਮਾਈਕਰੋਸਕੋਪ
ਪ੍ਰਸ਼ਨ 7. ਬੀਮਾਰ ਪੱਤਿਆਂ ਦੇ ਨਮੂਨੇ ਨੂੰ ਸਾਂਭ ਕੇ ਰੱਖੇ ਜਾਣ ਵਾਲੇ ਦੋ ਰਸਾਇਣਾਂ ਦੇ ਨਾਂ ਦੱਸੋ
ਉੱਤਰ—ਫਾਰਮਲੀਨ ਅਤੇ ਐਸਟਿਕ ਐਸਿਡ।
ਪ੍ਰਸ਼ਨ 8 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪਲਾਂਟ ਕਲੀਨਿਕ ਦਾ ਈ-ਮੇਲ ਪਤਾ ਕੀ ਹੈ?
ਉੱਤਰ—ਈ. ਮੇਲ: Plantclinic@pau. edu –
ਪ੍ਰਸ਼ਨ 9. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਕਲੀਨਿਕ ਕਿਸ ਟੈਲੀਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ?
ਉੱਤਰ—ਟੈਲੀਫੋਨ 0161-2401960 ਐਕਸਟੈਨਸ਼ਨ-417 ਰਾਹੀਂ ਜਾਣਕਾਰੀ ਦਿੰਦੇ ਹਨ।
ਪ੍ਰਸ਼ਨ 10 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਕਲੀਨਿਕ ਕੋਲ ਪਿੰਡ- ਪਿੰਡ ਜਾ ਕੇ ਤਕਨੀਕੀ ਜਾਣਕਾਰੀ ਦੇਣ ਲਈ ਕਿਹੜੀ ਵੈਨ ਹੈ।
ਉੱਤਰ—ਚਲਦੀ ਫਿਰਦੀ ਵੈਨ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਪਲਾਂਟ ਕਲੀਨਿਕ ਕੀ ਹੈ ?
ਉੱਤਰ—ਇਹ ਉਹ ਜਗ੍ਹਾ ਹੈ, ਜਿਥੇ ਬੀਮਾਰ ਪੌਦਿਆਂ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਅਧਿਐਨ ਕੀਤਾ ਜਾਂਦਾ ਹੈ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਲਾਜ ਦੱਸਿਆ ਜਾਂਦਾ ਹੈ।
ਪ੍ਰਸ਼ਨ 2 . ਪਲਾਂਟ ਕਲੀਨਿਕ ਸਿੱਖਿਆ ਦੇ ਲਾਭ ਦੱਸੋ।
ਉੱਤਰ—ਪਲਾਂਟ ਕਲੀਨਿਕਾਂ ਵਿੱਚ ਬੀ. ਐਸ. ਖੇਤੀਬਾੜੀ ਪੜ੍ਹ ਰਹੇ ਵਿਦਿਆਰਥੀਆਂ ਨੂੰ ਪਲਾਂਟ-ਡਾਕਟਰੀ ਸਿੱਖਿਆ ਦਿੱਤੀ ਜਾਂਦੀ ਹੈ। ਇੱਕ ਸੈਂਟਰਲ ਪਲਾਂਟ ਕਲੀਨਿਕ ਵੀ ਸਾਂਝੇ ਕੰਮ ਵਾਸਤੇ ਚੱਲ ਰਿਹਾ ਹੈ। ਇਸ ਨਾਲ ਪੰਜਾਬ ਅਤੇ ਦੇਸ਼ ਦੇ ਲੱਖਾਂ ਹੀ ਕਿਸਾਨਾਂ ਨੂੰ ਫਸਲਾਂ ਦਾ ਸਹੀ ਇਲਾਜ ਮਿਲਣ ਤੇ ਬਹੁਤ ਆਰਥਿਕ ਲਾਭ ਪੁੱਜੇ ਹਨ।
ਪ੍ਰਸ਼ਨ 3 . ਮਨੁੱਖਾਂ ਦੇ ਹਸਪਤਾਲਾਂ ਨਾਲੋਂ ਪਲਾਂਟ ਕਲੀਨਿਕ ਕਿਵੇਂ ਵੱਖਰੇ ਹਨ ?
ਉੱਤਰ—ਮਨੁੱਖਾਂ ਦੇ ਹਸਪਤਾਲ ਆਮ ਤੌਰ ‘ਤੇ ਹਰ ਥਾਂ ਤੇ ਮਿਲ ਜਾਂਦੇ ਹਨ ਜਦਕਿ ਪੌਦਿਆਂ ਦੇ ਹਸਪਤਾਲ ਕੁਝ ਸਮੇਂ ਤੋਂ ਹੋਂਦ ਵਿੱਚ ਆਉਣ ਲੱਗੇ ਹਨ। ਮਨੁੱਖੀ ਹਸਪਤਾਲਾਂ ਵਿੱਚ ਮਨੁੱਖ ਨੂੰ ਹੋਣ ਵਾਲੀਆਂ ਬੀਮਾਰੀਆਂ ਦਾ ਪਤਾ ਲਗਾ ਕੇ ਇਲਾਜ ਕੀਤਾ ਜਾਂਦਾ ਹੈ ਜਦਕਿ ਪਲਾਂਟ ਕਲੀਨਿਕ ਵਿੱਚ ਬੀਮਾਰ ਪੌਦਿਆਂ ਦੇ ਇਲਾਜ ਤੋਂ ਇਲਾਵਾ ਬੀਮਾਰ ਪੌਦਿਆਂ ਬਾਰੇ ਸ਼ਨਾਖਤੀ ਪੜ੍ਹਾਈ ਅਤੇ ਸਿਖਲਾਈ ਕਰਾਈ ਜਾਂਦੀ ਹੈ।
ਪ੍ਰਸ਼ਨ 4 . ਪਲਾਂਟ ਕਲੀਨਿਕ ਵਿੱਚ ਕਿਹੜੇ-ਕਿਹੜੇ ਵਿਸ਼ਿਆਂ ਦਾ ਅਧਿਐਨ ਕੀਤਾ ਜਾਂਦਾ ਹੈ ?
ਉੱਤਰ—ਪਲਾਂਟ ਕਲੀਨਿਕ ਵਿੱਚ ਪੌਦਿਆਂ ਤੇ ਬੀਮਾਰੀ ਦਾ ਹਮਲਾ, ਕੀੜੇ ਦਾ ਹਮਲਾ, ਤੱਤਾਂ ਦੀ ਘਾਟ ਅਤੇ ਬੀਮਾਰ ਪੌਦਿਆਂ ਦੀਆਂ ਭਿੰਨ-ਭਿੰਨ ਬੀਮਾਰੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਬੀਮਾਰੀਆਂ ਨੂੰ ਦੂਰ ਕਰਨ ਲਈ ਇਲਾਜ ਕੀਤਾ ਜਾਂਦਾ ਹੈ।
ਪ੍ਰਸ਼ਨ 5 . ਪਲਾਂਟ ਕਲੀਨਿਕ ਵਿੱਚ ਲੋੜੀਂਦੇ ਸਾਜ਼ੋ-ਸਮਾਜ ਦੀ ਸੂਚੀ ਬਣਾਉ ।
ਉੱਤਰ—ਪਲਾਂਟ ਕਲੀਨਿਕ ਵਿੱਚ ਵੀ ਕਈ ਤਰ੍ਹਾਂ ਦੇ ਸਾਜ਼ੋ-ਸਮਾਨ ਦੀ ਲੋੜ ਪੈਂਦੀ ਹੈ। ਸਾਜ਼ੋ-ਸਮਾਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ—
(1) ਮਾਈਕਰੋਸਕੋਪ,(2) ਮੈਗਨੀਫਾਈਲਿੰਗ ਲੈਂਜ਼, (3) ਚਾਕੂ-ਛੁਰੀਆਂ (4) ਇਨਕੂਬੇਟਰ ਕੈਂਚੀ, (5) ਰਸਾਇਣ, (6) ਸੁੱਕੇ / ਗਿੱਲੇ ਸੈਂਪਲ ਸਾਂਭਣ ਦਾ ਸਾਜ਼ੋ-ਸਮਾਨ, (7) ਕੰਪਿਊਟਰ, (8) ਫੋਟੋ ਕੈਮਰਾ ਤੇ ਪ੍ਰੋਜੈਕਟਰ ਅਤੇ (9) ਕਿਤਾਬਾਂ।
ਪ੍ਰਸ਼ਨ 6 . ਮਾਈਕਰੋਸਕੋਪ ਦਾ ਪਲਾਂਟ-ਕਲੀਨਿਕ ਵਿੱਚ ਕੀ ਮਹੱਤਵ ਹੈ ?
ਉੱਤਰ—ਬੂਟੇ ਦੀ ਚੀਰਫਾੜ ਕਰਨ ਉਪੰਰਤ ਬੀਮਾਰੀ ਦੇ ਲੱਛਣ ਵੇਖਣ ਲਈ ਮਾਈਕਰੋਸਕੋਪ ਦੀ ਲੋੜ ਪੈਂਦੀ ਹੈ।ਇਸ ਨਾਲ ਕੀੜੇ ਤੇ ਬਿਮਾਰੀ ਦੀ ਸਹੀ ਪਹਿਚਾਣ ਕੀਤੀ ਜਾਂਦੀ ਹੈ। ਸਹੀ ਰੰਗਾਂ, ਛੋਟੀਆਂ ਨਿਸ਼ਾਨੀਆਂ ਆਦਿ ਦੀ ਪਹਿਚਾਣ ਵੀ ਇਸੇ ਨਾਲ ਕੀਤੀ ਜਾਂਦੀ ਹੈ। .
ਪ੍ਰਸ਼ਨ 7. ਇਕਨਾਮਿਕ ਥਰੈਸ਼ਹਲਡ (Economic Threshold) ਤੋਂ ਕੀ ਭਾਵ ਹੈ ?
ਉੱਤਰ—ਕਿਸੇ ਵੀ ਕੀੜੇ ਦਾ ਫ਼ਸਲ ਉੱਤੇ ਹਮਲਾ ਹਰ ਸਾਲ ਇੱਕੋ ਜਿਹਾ ਨਹੀਂ ਹੁੰਦਾ। ਇਹ ਘੱਟ ਜਾਂ ਵੱਧ ਹੋ ਸਕਦਾ ਹੈ। ਇਸ ਲਈ ਇਸ ਤੇ ਸਪਰੇਅ ਇੱਕ ਖ਼ਾਸ ਪੱਧਰ ਤੇ ਆ ਕੇ ਕਰਨਾ ਹੁੰਦਾ ਹੈ ਤਾਂਕਿ ਫਸਲ ਨੂੰ ਫ਼ਾਇਦਾ ਹੋਵੇ। ਇਸ ਵਿਧੀ ਨੂੰ ਆਰਥਕ ਅਧਾਰ ਜਾਂ ਇਕਨਾਮਿਕ ਥਰੈਸ਼ਹੋਲਡ ਦਾ ਨਾਂ ਦਿੰਦੇ ਹਾਂ। ਆਰਥਕ ਅਧਾਰ ਉਹ ਪੱਧਰ ਹੈ ਜਿਸ ਤੇ ਸਾਨੂੰ ਫ਼ਸਲ ਤੇ ਸਪਰੇਅ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਬੇਲੋੜੀ ਵਰਤੋਂ ਕਾਰਨ ਵਿੱਤੀ ਘਾਟਾ ਨਾ ਪਵੇ।
ਪ੍ਰਸ਼ਨ 8 . ਪਲਾਂਟ ਕਲੀਨਿਕ ਵਿੱਚ ਕੰਪਿਊਟਰ ਕਿਸ ਕੰਮ ਆਉਂਦਾ ਹੈ ?
ਉੱਤਰ—ਕੰਪਿਊਟਰ ਅਤੇ ਉਸ ਨਾਲ ਸੰਬੰਧਿਤ ਸਾਜ਼ੋ-ਸਮਾਨ ਵੀ ਪਲਾਂਟ ਕਲੀਨਿਕ ਮਹੱਤਵਪੂਰਨ ਹਿੱਸਾ ਹੈ। ਕਈ ਤਰ੍ਹਾਂ ਦੇ ਸੈਂਪਲ ਖ਼ਾਸ ਕਰਕੇ ਤੱਤਾਂ ਦੀ ਘਾਟ ਨਾਲ ਸੰਬੰਧਿਤ ਨਾ ਗਿੱਲੇ ਤੇ ਨਾ ਸੁਕਾ ਕੇ ਰੱਖੇ ਜਾ ਸਕਦੇ ਹਨ। ਇਸ ਲਈ ਉਨ੍ਹਾਂ ਦੀਆਂ ਫੋਟੋਆਂ ਲਈਆਂ ਜਾਂਦੀਆਂ ਹਨ ਜਾਂ ਫਿਰ ਸਕੈਨਰ ਦੁਆਰਾ ਕੰਪਿਊਟਰ ਵਿੱਚ ਸਾਂਭੇ ਜਾਂਦੇ ਹਨ ਤੇ ਲੋੜ ਪੈਣ ਤੇ ਵਰਤੇ ਜਾ ਸਕਦੇ ਹਨ।
ਪ੍ਰਸ਼ਨ 9. ਇਨਕੂਬੇਟਰ (Incubator) ਕਿਸ ਤਰ੍ਹਾਂ ਪੌਦਿਆਂ ਦੀ ਜੀਵਾਣੂ ਨੂੰ ਲਭੱਣ ਵਿੱਚ ਮਦਦ ਕਰਦਾ ਹੈ ?
ਉੱਤਰ—ਇਨਕੂਬੇਟਰ (Incubator) ਉੱਲੀਆਂ ਆਦਿ ਨੂੰ ਮੀਡਿਆ ਉੱਪਰ ਰੱਖ ਕੇ ਇਨਕੂਬੇਟਰ ਵਿੱਚ ਲੋੜੀਂਦੇ ਤਾਪਮਾਨ ਤੇ ਨਮੀ ਉੱਪਰ ਰੱਖਿਆ ਜਾਂਦਾ ਹੈ।ਫਿਰ ਉੱਲੀ ਉੱਗ ਪੈਣ ਤੇ ਇਸ ਦੀ ਪਛਾਣ ਕਰਕੇ ਜੀਵਾਣੂੰ ਦਾ ਕਾਰਨ ਲੱਭਿਆ ਜਾਂਦਾ ਹੈ।
ਪ੍ਰਸ਼ਨ 10, ਪੌਦਿਆਂ ਦੇ ਨਮੂਨਿਆਂ ਨੂੰ ਸ਼ੀਸ਼ੇ ਦੇ ਬਰਤਨਾਂ ਵਿੱਚ ਲੰਬਾ – ਸਮਾਂ ਰੱਖਣ ਲਈ ਕਹੜੇ ਰਸਾਇਣ ਵਰਤੇ ਜਾਂਦੇ ਹਨ।
ਉੱਤਰ—ਪੌਦਿਆਂ ਦੀਆਂ ਨਵੀਆਂ ਅਲਾਮਤਾਂ ਦੇ ਨਮੂਨਿਆਂ ਨੂੰ ਸ਼ੀਸ਼ੇ ਦੇ ਬਰਤਨਾਂ ਵਿੱਚ ਪਾ ਕੇ ਸਾਂਭ ਕੇ ਰੱਖਿਆ ਜਾਂਦਾ ਹੈ।ਅਜਿਹੇ ਨਮੂਨੇ ਵਿਦਿਆਰਥੀਆਂ ਅਤੇ ਹੋਰ ਸਟਾਫ਼ ਦੀ ਟ੍ਰੇਨਿੰਗ ਲਈ ਜ਼ਰੂਰੀ ਹੋ ਜਾਂਦੇ ਹਨ। ਇਸ ਕਾਰਜ ਲਈ ਕਈ ਤਰ੍ਹਾਂ ਦੇ ਰਸਾਇਣਾਂ ਦੀ ਲੋੜ ਪੈਂਦੀ ਹੈ।ਇਹਨਾਂ ਵਿੱਚ ਫਾਰਮਲੀਨ, ਕਾਪਰ ਐਸੀਟੇਟ, ਐਸਟਿਕ ਐਸਿਡ, ਅਲਕੋਹਲ ਆਦਿ ਮਹੱਤਵਪੂਰਨ ਹਨ। ਇਹਨਾਂ ਨੂੰ ਸਾਂਭਣ ਲਈ ਸ਼ੀਸ਼ੇ ਦੇ ਬਰਤਨਾਂ ਦੀ ਲੋੜ ਪੈਂਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਪਲਾਂਟ ਕਲੀਨਿਕ ਦੇ ਮਹੱਤਵ ਬਾਰੇ ਇੱਕ ਲੇਖ ਲਿਖੋ।
ਉੱਤਰ—ਪਲਾਂਟ ਕਲੀਨਿਕ ਦਾ ਮਹੱਤਵ ਹੇਠ ਲਿਖੇ ਅਨੁਸਾਰ ਹੈ
(1) ਪਲਾਂਟ ਕਲੀਨਿਕ ਵਿੱਚ ਪੌਦਿਆਂ ਵਿੱਚ ਜ਼ਮੀਨੀ ਖੁਰਾਕੀ ਤੱਤਾਂ ਦੀ ਘਾਟ ਕਰਕੇ ਪੌਦਿਆਂ ਦੇ ਪੱਤਿਆਂ, ਜੜ੍ਹਾਂ ਅਤੇ ਹੋਰ ਹਿੱਸਿਆਂ ਉੱਤੇ ਆਏ ਨਿਸ਼ਾਨੀ ਚਿੰਨ੍ਹਾਂ ਦੀ ਸ਼ਨਾਖਤ ਕਰਨ ਅਤੇ ਪੌਦਿਆਂ ਦੀਆਂ ਬੀਮਾਰੀਆਂ ਅਤੇ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਰੋਗਾਂ ਦੀ ਰੋਕਥਾਮ ਬਾਰੇ ਦੱਸਿਆ ਜਾਂਦਾ ਹੈ।
(2) ਇੱਥੇ ਵੱਖ-ਵੱਖ ਫਸਲਾਂ ਦੇ ਮੁੱਖ ਕੀੜਿਆਂ ਵਾਸਤੇ ਇਕਨਾਮਿਕ ਥਰੈਸ਼ਹੋਲਡ ਬਾਰੇ ਗਿਆਨ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਵਰਤੀਆਂ ਜਾਣ ਵਾਲੀਆਂ ਕੀੜੇਮਾਰ ਦਵਾਈਆਂ ਅਤੇ ਪੌਦਿਆਂ ਦੇ ਖ਼ੁਰਾਕੀ ਤੱਤਾਂ ਦੀ ਠੀਕ ਮਿਕਦਾਰ ਕੱਢਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਜੋ ਇਨ੍ਹਾਂ ਦੀ ਸਹੀ ਮਿਕਦਾਰ ਵਿੱਚ ਵਰਤੋਂ ਬਾਰੇ ਪਤਾ ਲੱਗ ਸਕੇ।
(3) ਲੋੜੀਂਦੇ ਖਣਿਜ ਅਤੇ ਰਸਾਇਣਾਂ ਆਦਿ ਦੀ ਲੋੜੀਂਦੀ ਸਹੀ ਮਾਤਰਾ ਕੱਢਣ ਦੇ ਢੰਗ ਦੱਸੇ ਜਾਂਦੇ ਹਨ।
(4) ਵੱਖ-ਵੱਖ ਸਪਰੇਅ ਪੰਪਾਂ ਅਤੇ ਹੋਰ ਸੰਦਾਂ ਦੀ ਵਰਤੋਂ ਬਾਰੇ ਗਿਆਨ ਦਿੱਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਨੂੰ ਵਰਤਣ ਦੀ ਸਹੀ ਜਾਣਕਾਰੀ ਮਿਲ ਸਕੇ।
(5) ਵਿਦਿਆਰਥੀਆਂ ਨੂੰ ਬੂਟਿਆਂ ਦੀਆਂ ਬੀਮਾਰੀਆਂ ਅਤੇ ਕੀੜਿਆਂ ਦੀ ਪਹਿਚਾਣ
ਬਾਰੇ ਪ੍ਰੈਕਟੀਕਲ ਕਰਵਾਏ ਜਾਂਦੇ ਹਨ ਤਾਂ ਜੋ ਉਹ ਕਿਸਾਨਾਂ ਨੂੰ ਸਹੀ ਜਾਣਕਾਰੀ ਦੇ ਸਕਣ।
(6) ਪੌਦਿਆਂ ਦਾ ਅਧਿਐਨ ਕਰਨ ਲਈ ਲੋੜੀਂਦੇ ਸੰਦਾਂ, ਸਾਜ਼ੋ-ਸਮਾਨ, ਦਵਾਈਆਂ, ਖਾਦਾਂ, ਪੰਪਾਂ, ਪੌਦਿਆਂ ਦੇ ਸੈਂਪਲ, ਬੀਜ ਅਤੇ ਹੋਰ ਸੰਬੰਧਿਤ ਚੀਜ਼ਾਂ ਜਾਂ ਉਨ੍ਹਾਂ ਦੇ ਸੈਂਪਲ ਜਾਂ ਉਹਨਾਂ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਹਨ।
ਪ੍ਰਸ਼ਨ 2 . ਇਕਨਾਮਿਕ ਕਲੀਨਿਕਾਂ ਦੇ ਭਵਿੱਖ ਬਾਰੇ ਟਿੱਪਣੀ ਕਰੋ।
ਉੱਤਰ-ਇਕਨਾਮਿਕ ਕਲੀਨਿਕਾਂ ਦਾ ਭਵਿੱਖ ਬਹੁਤ ਵਧੀਆ ਦਿਖਾਈ ਦਿੰਦਾ ਹੈ ਕਿਉਂਕਿ ਇਨ੍ਹਾਂ ਕਲੀਨਿਕਾਂ ਰਾਹੀਂ ਹੀ ਸਾਨੂੰ ਦਵਾਈ ਦੇ ਸਪਰੇਅ ਦੇ ਸਹੀ ਸਮੇਂ ਬਾਰੇ ਪਤਾ ਲੱਗਦਾ ਹੈ। ਫਸਲ ਨੂੰ ਨੁਕਸਾਨ ਪਹੁੰਚਾ ਰਹੇ ਕੀੜਿਆਂ ਦੀ ਗਿਣਤੀ ਜਦੋਂ ਇੱਕ ਖਾਸ ਪੱਧਰ ‘ਤੇ ਪਹੁੰਚ ਜਾਂਦੀ ਹੈ ਤਾਂ ਹੀ ਦਵਾਈ ਸਪਰੇਅ ਕਰਨ ਦਾ ਫ਼ਾਇਦਾ ਹੁੰਦਾ ਹੈ, ਪਹਿਲਾਂ ਜਾਂ ਬਾਅਦ ਵਿੱਚ ਨਹੀਂ।ਇਸ ਜਾਣਕਾਰੀ ਬਾਰੇ ਇੱਕ ਦਮ ਜਾਣਿਆ ਨਹੀਂ ਜਾ ਸਕਦਾ।ਯੋਗਾਂ ਦੁਆਰਾ ਹੀ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਦਵਾਈ ਦੇ ਛਿੜਕਾਅ ਦਾ ਸਹੀ ਸਮਾਂ ਆ ਗਿਆ ਹੈ ਕਿਉਂਕਿ ਇਹ ਜਾਣਕਾਰੀ ਸਾਨੂੰ ਇਕਨਾਮਿਕ ਕਲੀਨਿਕਾਂ ਤੋਂ ਮਿਲਦੀ ਹੈ, ਇਸ ਲਈ ਇਨ੍ਹਾਂ ਦਾ ਕਿਸਾਨਾਂ ਦੀ ਪਹੁੰਚ ਵਿੱਚ ਹੋਣਾ ਜ਼ਰੂਰੀ ਹੈ। ਸਮਾਂ ਬੀਤਣ ਨਾਲ ਫਸਲਾਂ ਵਿੱਚ ਹੋਣ ਵਾਲੀਆਂ ਬੀਮਾਰੀਆਂ ਵੀ ਵਧੀਆ ਹਨ ਅਤੇ ਇਹ ਸੋਚਿਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਇਹ ਹੋਰ ਵੀ ਵੱਧ ਜਾਣਗੀਆਂ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਭਵਿੱਖ ਵਿੱਚ ਇਨ੍ਹਾਂ ਬੀਮਾਰੀਆਂ ਤੋਂ ਫ਼ਸਲਾਂ ਦੇ ਬਚਾਅ ਲਈ ਇਕਨਾਮਿਕ ਕਲੀਨਿਕਾਂ ਦਾ ਆਧੁਨਿਕ ਅਤੇ ਜ਼ਿਆਦਾ ਗਿਣਤੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ।
ਪ੍ਰਸ਼ਨ 3 . ਪਲਾਂਟ ਕਲੀਨਿਕ ਦਾ ਪਿਛੋਕੜ ਦੱਸਦੇ ਹੋਏ ਉਸਦੀ ਜ਼ਰੂਰਤ ਤੇ ਚਾਨਣਾ ਪਾਓ।
ਉੱਤਰ—ਸ਼ਹਿਰਾਂ ਵਿੱਚ ਪਿੰਡਾਂ ਦੀ ਤੁਲਨਾ ਵਿੱਚ ਵਧੇਰੇ ਸਿੱਖਿਆ ਸੁਵਿਧਾਵਾਂ ਉਪਲਬਧ ਹੋਣ ਕਾਰਨ ਲਗਪਗ ਪਿਛਲੇ 30 ਸਾਲਾਂ ਤੋਂ ਹੋਰ ਵਿਗਿਆਨਕ ਖੇਤਰਾਂ ਵਾਂਗ ਖੇਤੀਬਾੜੀ ਸੰਬੰਧੀ ਉੱਚ ਪੱਧਰੀ ਕੋਰਸਾਂ ਦਾ ਖੇਤਰ ਵੀ ਸਾਰੇ ਹੀ ਦੇਸ਼ ਵਿੱਚ ਆਮ ਕਰਕੇ ਸ਼ਹਿਰੀ ਵਿਦਿਆਰਥੀ ਪਾਸ ਆ ਗਿਆ ਹੈ, ਜਿਨ੍ਹਾਂ ਨੂੰ ਖੇਤੀਬਾੜੀ ਬਾਰੇ ਪ੍ਰੈਕਟੀਕਲ ਜਾਣਕਾਰੀ ਬਹੁਤ ਘੱਟ ਹੁੰਦੀ ਹੈ। ਜਦ ਇਹ ਵਿੱਦਿਆ ਪ੍ਰਾਪਤ ਕਰਕੇ ਖੇਤਾਂ ਵਿੱਚ ਜਾਂਦੇ ਹਨ ਤਾਂ ਇਨ੍ਹਾਂ ਨੂੰ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ।
ਅਜਿਹੀਆਂ ਹਾਲਤਾਂ ਨੂੰ ਨਜਿੱਠਣ ਵਾਸਤੇ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਅਤੇ ਭਾਰਤ ਸਰਕਾਰ ਦੇ ਖੇਤੀਬਾੜੀ ਕਮਿਸ਼ਨਰ ਰਹਿ ਚੁੱਕੇ ਪ੍ਰਸਿੱਧ ਖੇਤੀਬਾੜੀ ਮਾਹਿਰ ਸ: ਸੁਖਦੇਵ ਸਿੰਘ ਜੀ ਨੇ 1985 ਵਿੱਚ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਲਈ ਪਲਾਂਟ ਕਲੀਨਿਕ ਨਾਂ ਦਾ ਇੱਕ ਨਵਾਂ ਸਿਧਾਂਤ ਲਾਗੂ ਕੀਤਾ। ਮਗਰੋਂ ਇਸ ਸਿਧਾਂਤ ਨੂੰ ਪੀ. ਏ. ਯੂ., ਲੁਧਿਆਣਾ ਵਿਖੇ ਵੀ ਸ਼ੁਰੂ ਕੀਤਾ ਗਿਆ ਅਤੇ ਪੀ. ਏ. ਯੂ. ਨੇ 1966 ਵਿੱਚ ਸ: ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਜੋ ਨਿਰੰਤਰ ਇਸ ਸਿਧਾਂਤ ‘ਤੇ ਕੰਮ ਕਰ ਰਹੀ ਹੈ। ਇਸ ਸਿਧਾਂਤ ਅਧੀਨ 1998-99 ਤੋਂ ਬੀ. ਐਸ. ਸੀ. ਖੇਤੀਬਾੜੀ ਦੇ ਕੋਰਸ ਦਾ ਪਾਠਕ੍ਰਮ ਸੋਧਿਆ ਗਿਆ ਹੈ ਅਤੇ ਲਾਗੂ ਕੀਤਾ ਗਿਆ ਹੈ। ਇਨ੍ਹਾਂ ਕਲੀਨਿਕਾਂ ਰਾਹੀਂ ਪੜ੍ਹਾਈ ਦਾ ਵਿਦਿਆਰਥੀਆਂ ਨੂੰ ਬਹੁਤ ਹੀ ਲਾਭ ਹੋਇਆ ਹੈ। ਇਸ ਸਿਧਾਂਤ ਸਦਕਾ ਜ਼ਿਮੀਂਦਾਰਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀਆਂ ਘਾਟਾਂ ਅਤੇ ਬਿਮਾਰੀਆਂ ਦਾ ਸਹੀ ਇਲਾਜ ਮਿਲਣਾ ਸ਼ੁਰੂ ਹੋ ਗਿਆ ਹੈ।
ਪ੍ਰਸ਼ਨ 4. ਮੋਬਾਈਲ ਡਾਇਗਨੋਸਟਿਕ-ਕਮ-ਐਗਜ਼ੀਬੀਅਨ ਵੈਨ ਦਾ ਵਿਸਥਾਰ ਨਾਲ ਵਰਣਨ ਕਰੋ।
ਉੱਤਰ-ਮੋਬਾਈਲ ਡਾਇਗਨੋਸਟਿਕ-ਕਮ-ਐਗਜ਼ੀਬੀਅਨ ਵੈਨ— ਇਸ ਹਸਪਤਾਲ ਕੋਲ ਪੌਦਿਆਂ ਦੇ ਨਿਰੀਖਣ ਅਤੇ ਪ੍ਰਦਰਸ਼ਨੀ ਲਈ ਚੱਲਦੀ ਫਿਰਦੀ ਵੈਨ (Mobile Diagnostic cum Exibition Van) ਹੈ, ਜਿਸ ਰਾਹੀਂ ਪਿੰਡ-ਪਿੰਡ ਜਾ ਕੇ ਖੇਤੀ ਦੀ ਤਕਨੀਕੀ ਜਾਣਕਾਰੀ ਫ਼ਿਲਮਾਂ ਵਿਖਾ ਕੇ ਦਿੱਤੀ ਜਾਂਦੀ ਹੈ। ਇਸ ਵੈਨ ਵਿੱਚ ਪਲਾਂਟ ਕਲੀਨਿਕ ਨਾਲ ਸਬੰਧਤ ਕਾਫ਼ੀ ਸਾਜ਼ੋ ਸਮਾਨ ਹੁੰਦਾ ਹੈ। ਮੌਕੇ ਤੇ ਪੌਦਿਆਂ ਨੂੰ ਆਈਆਂ ਸਮੱਸਿਆਵਾਂ ਦਾ ਨਿਰੀਖਣ ਕਰਕੇ ਮਾਹਿਰਾਂ ਵੱਲੋਂ ਇਲਾਜ ਵੀ ਦੱਸਿਆ ਜਾਂਦਾ ਹੈ।
ਪ੍ਰਸ਼ਨ 5 . ਫੋਟੋ ਕੈਮਰੇ ਅਤੇ ਸਲਾਈਡ ਪ੍ਰੋਜੈਕਟਰ ਪਲਾਂਟ ਕਲੀਨਿਕ ਵਿੱਚ ਕਿਸ ਤਰ੍ਹਾਂ ਮਦਦਗਾਰ ਹੁੰਦੇ ਹਨ ?
ਉੱਤਰ—ਬੀਮਾਰ ਬੂਟਿਆਂ ਦੀਆਂ ਫ਼ੋਟੋਆਂ ਤੇ ਸਲਾਈਡਾਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਕਲੀਨਿਕ ਵਿੱਚ ਸਾਂਭਿਆ ਜਾਂਦਾ ਹੈ। ਫੋਟੋ ਤੇ ਸਲਾਈਡਾਂ ਦੀ ਸਹਾਇਤਾ ਨਾਲ ਕੋਈ ਵੀ ਵਿਗਿਆਨੀ ਬੀਮਾਰ ਬੂਟਿਆਂ ਦੇ ਨਮੂਨੇ ਦੀ ਪਛਾਣ ਕਰ ਸਕਦਾ ਹੈ। ਅੱਜ ਦੇ ਯੁੱਗ ਵਿੱਚ ਜਾਣਕਾਰੀ ਦੇਣ ਲਈ ਵੀ ਇਹ ਮਾਧਿਅਮ ਸਭ ਤੋਂ ਵੱਧ ਕਾਰਗਰ ਹੈ। ਇਸੇ ਤਰ੍ਹਾਂ ਸਲਾਈਡਾਂ ਪ੍ਰੋਜੈਕਟਰਾਂ ਰਾਹੀਂ ਵਿਖਾਈਆਂ ਜਾਂਦੀਆਂ ਹਨ। ਫ਼ੋਟੋ ਦੇ ਵੱਡੇ-ਵੱਡੇ ਅਕਾਰ ਤਿਆਰ ਕਰਕੇ ਕਲੀਨਿਕ ਵਿੱਚ ਲਗਾਏ ਜਾਂਦੇ ਹਨ।