ਪਾਠ 8 ਖੇਤੀ ਅਧਾਰਿਤ ਉਦਯੋਗਿਕ ਧੰਦੇ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਘਰੇਲੂ ਪੱਧਰ ਤੇ ਕਿਹੜੀਆਂ ਫ਼ਸਲਾਂ ਦਾ ਸੁਕਾ ਕੇ ਪਾਊਡਰ ਬਣਾਇਆ ਜਾ ਸਕਦਾ ਹੈ ?
ਉੱਤਰ—ਹਲਦੀ ਤੇ ਮਿਰਚਾਂ ਦਾ
ਪ੍ਰਸ਼ਨ 2 . ਖੇਤੀ ਅਧਾਰਿਤ ਕੰਮਾਂ ਲਈ ਕਿੱਥੇ ਸਿਖਲਾਈ ਲਈ ਜਾ ਸਕਦੀ ਹੈ ?
ਉੱਤਰ-ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।
ਪ੍ਰਸ਼ਨ 3 . ਐਗਰੋ ਪ੍ਰੋਸੈਸਿੰਗ ਕੰਪਲੈਕਸ ਵਿੱਚ ਲੱਗਣ ਵਾਲੀਆਂ ਕੋਈ ਦੋ ਮਸ਼ੀਨਾਂ ਦੇ ਨਾਂ ਦੱਸੋ।
ਉੱਤਰ—ਤੇਲ ਕੱਢਣ ਵਾਲੀ ਮਸ਼ੀਨ ਅਤੇ ਗਰਾਈਂਡਰ।
ਪ੍ਰਸ਼ਨ 4. ਮੈਂਥੇ ਦਾ ਤੇਲ ਕਿਹੜੀਆਂ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ ?
ਉੱਤਰ-ਦਵਾਈਆਂ, ਇਤਰ, ਸ਼ਿੰਗਾਰ ਦਾ ਸਮਾਨ ਆਦਿ ਬਣਾਉਣ ਲਈ।
ਪ੍ਰਸ਼ਨ 5 . ਇੱਕ ਕੁਇੰਟਲ ਗੰਨਾ ਪੀੜ ਕੇ ਕਿੰਨਾ ਗੁੜ ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ—10-12 ਕਿਲੋ
ਪ੍ਰਸ਼ਨ 6 . ਦਾਣਿਆਂ ਵਿੱਚ ਕਟਾਈ ਉਪਰੰਤ ਕਿੰਨਾ ਨੁਕਸਾਨ ਹੁੰਦਾ ਹੈ ?
ਉੱਤਰ-10 ਪ੍ਰਤੀਸ਼ਤ
ਪ੍ਰਸ਼ਨ 7. ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਕੀ ਕਰਨਾ ਚਾਹੀਦਾ ਹੈ ?
ਉੱਤਰ—ਉਦਯੋਗਿਕ-ਧੰਦਿਆਂ ਬਾਰੇ ਤਕਨੀਕੀ ਗਿਆਨ।
ਪ੍ਰਸ਼ਨ 8 . ਕੋਈ ਵੀ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ?
ਉੱਤਰ—ਵਿੱਤੀ ਸਹੂਲਤਾਂ।
ਪ੍ਰਸ਼ਨ 9. ਪ੍ਰੋਸੈਸਿੰਗ ਦੌਰਾਨ 100 ਕਿਲੋ ਕੱਚੀ ਹਲਦੀ ਤੋਂ ਕਿੰਨਾ ਪਾਊਡਰ ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ-15-20 ਕਿਲੋ |
ਪ੍ਰਸ਼ਨ 10 . ਮੈਂਥਾ ਪ੍ਰੋਸੈਸਿੰਗ ਦੌਰਾਨ ਤੇਲ ਅਤੇ ਪਾਣੀ ਨੂੰ ਕਿਵੇਂ ਅਲੱਗ ਕੀਤਾ ਜਾਂਦਾ ਹੈ ?
ਉੱਤਰ—ਸੈਪਰੇਟਰ ਨਾਲ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਸਹਿਕਾਰੀ ਪੱਧਰ ਤੇ ਕਿਸ ਤਰ੍ਹਾਂ ਦੇ ਖੇਤੀ ਅਧਾਰਿਤ ਕਾਰਖਾਨੇ ਲਗਾਏ ਜਾ ਸਕਦੇ ਹਨ ?
ਉੱਤਰ—ਸਹਿਕਾਰੀ ਪੱਧਰ ਤੇ ਐਗਰੋ ਪ੍ਰੋਸੈਸਿੰਗ ਕੰਪਲੈਕਸਰ, ਹਲਦੀ ਪ੍ਰੋਸੈਸਿੰਗ ਪਲਾਂਟ, ਮੈਂਥੇ ਦਾ ਪ੍ਰੋਸੈਸਿੰਗ ਯੂਨਿਟ, ਗੁੜ ਸ਼ੱਕਰ ਆਦਿ ਬਣਾਉਣਾ, ਸਬਜ਼ੀਆਂ ਸੁਕਾਉਣਾ ਤੇ ਪੈਕ ਕਰਨਾ ਅਤੇ ਫ਼ਲ ਸਬਜ਼ੀਆਂ ਲਈ ਡੀ-ਹਾਈਡਰੇਸ਼ਨ ਅਤੇ ਫਰੀਜਿੰਗ ਪਲਾਂਟ ਲਗਾਏ ਜਾ ਸਕਦੇ ਹਨ।
ਪ੍ਰਸ਼ਨ 2. ਕਿਹੜੇ ਮੁੱਖ ਸਾਧਨਾਂ ਦੀ ਕਮੀ ਕਰਕੇ ਸਾਡੇ ਦੇਸ਼ ਵਿੱਚ ਅਨਾਜ ਦਾ ਨੁਕਸਾਨ ਹੋ ਰਿਹਾ ਹੈ?
ਉੱਤਰ—ਸਾਡੇ ਦੇਸ਼ ਵਿੱਚ ਭੰਡਾਰਨ ਅਤੇ ਪ੍ਰੋਸੈਸਿੰਗ ਦੇ ਵਧੀਆ ਸਾਧਨਾਂ ਦੀ ਕਮੀ ਹੋਣ ਕਰਕੇ, ਕਟਾਈ ਉਪਰੰਤ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਪ੍ਰਸ਼ਨ 3. ਅਨਾਜ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-ਖੇਤੀ ਆਮਦਨ ਵਧਾਉਣ ਲਈ ਕਟਾਈ ਉਪਰੰਤ ਹੋ ਰਹੇ ਨੁਕਸਾਨ ਨੂੰ ਘਟਾਉਣ ਲਈ ਖੇਤੀ ਜਿਨਸਾਂ ਦੀ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ।
ਪ੍ਰਸ਼ਨ 4. ਖੇਤੀ ਅਧਾਰਿਤ ਧੰਦੇ ਕਿਸ ਤਰ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੋ ਸਕਦੇ ਹਨ ?
ਉੱਤਰ—ਛੋਟੇ ਪੱਧਰ ਤੇ ਪ੍ਰੋਸੈਸਿੰਗ ਕਰਨ ਨਾਲ ਜਿੱਥੇ ਸਾਡੇ ਪੇਂਡੂ ਖੇਤਰਾਂ ਵਿੱਚ ਉੱਚੇ ਮਿਆਰ ਵਾਲੀਆਂ ਖਾਣ-ਪੀਣ ਦੀਆਂ ਚੀਜਾਂ ਮਿਲਣਗੀਆਂ ਉਥੇ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਕਿਸਾਨਾਂ ਦੀ ਆਮਦਨ ਵਧੇਗੀ। ਇਸ ਤਰ੍ਹਾਂ ਕਰਨ ਨਾਲ ਲੋਕਾਂ ਦਾ ਸ਼ਹਿਰਾਂ ਵੱਲ ਜਾਣ ਦਾ ਰੁਝਾਨ ਵੀ ਘਟੇਗਾ ਅਤੇ ਪੱਛੜੇ ਖੇਤਰਾਂ ਦੀ ਉੱਨਤੀ ਹੋਵੇਗੀ।
ਪ੍ਰਸ਼ਨ 5 . ਮੈਂਥੇ ਦੀ ਪ੍ਰੋਸੈਸਿੰਗ ਕਿਵੇਂ ਕੀਤੀ ਜਾਂਦੀ ਹੈ ?
ਉੱਤਰ—ਕਿਸਾਨ ਮੈਂਥੇ ਵਿੱਚੋਂ ਤੇਲ ਕੱਢਣ ਵਾਸਤੇ ਮੈਂਥਾ ਪ੍ਰੋਸੈਸਿੰਗ ਪਲਾਂਟ ਲਗਾ ਸਕਦੇ ਹਨ। ਸਭ ਤੋਂ ਪਹਿਲਾਂ ਮੈਂਥੇ ਦੀ ਫ਼ਸਲ ਨੂੰ ਖੁੱਲ੍ਹੇ ਵਿੱਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀ ਦੀ ਮਾਤਰਾ ਥੋੜ੍ਹੀ ਘੱਟ ਜਾਵੇ, ਇਸ ਤੋਂ ਬਾਅਦ ਪੱਤੀਆਂ ਨੂੰ ਹਵਾ ਬੰਦ ਟੈਂਕਾਂ ਵਿੱ ਪਾਇਆ ਜਾਂਦਾ ਹੈ ਜਿੱਥੇ ਦਬਾਅ ਰਾਹੀਂ ਭਾਫ਼ ਅੰਦਰ ਭੇਜੀ ਜਾਂਦੀ ਹੈ। ਇਸ ਤੋਂ ਬਾਅਦ ਤੇਲ ਅਤੇ ਭਾਫ਼ ਦੇ ਕਣਾਂ ਨੂੰ ਇਕ ਦਮ ਠੰਡਾ ਕੀਤਾ ਜਾਂਦਾ ਹੈ, ਪਾਣੀ ਅਤੇ ਤੇਲ ਦੇ ਮਿਸ਼ਰਣ ਨੂੰ ਇੱਕ ਟੈਂਕ ਵਿੱਚ ਇਕੱਠਾ ਕੀਤਾ ਜਾਂਦਾ ਹੈ ਜਿਸ ਨੂੰ ਸੈਪਰੇਟਰ ਆਖਦੇ ਹਨ। ਤੇਲ ਹਲਕਾ ਹੋਣ ਕਰਕੇ ਉੱਪਰ ਤੈਰਦਾ ਹੈ, ਇਸਨੂੰ ਉੱਪਰੋਂ ਨਿਤਾਰ ਲਿਆ ਜਾਂਦਾ ਹੈ ਅਤੇ ਪਲਾਸਟਿਕ ਦੇ ਬਰਤਨਾਂ ਵਿੱਚ ਸਟੋਰ ਕੀਤਾ ਜਾਂਦਾ ਹੈ।
ਪ੍ਰਸ਼ਨ 6 . ਹਲਦੀ ਦੀ ਪ੍ਰੋਸੈੱਸਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀ ਮਸ਼ੀਨ ਬਾਰੇ ਦੱਸੋ।
ਉੱਤਰ—ਹਲਦੀ ਦੀ ਪ੍ਰੋਸੈਸਿੰਗ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਤਿ ਕੀਤੀ ਗਈ ਹਲਦੀ ਨੂੰ ਧੋਣ ਅਤੇ ਪਾਲਿਸ਼ ਕਰਨ ਵਾਲੀ ਮਸ਼ੀਨੀ ਵਰਤੀ ਜਾ ਸਕਦੀ ਹੈ। ਇਹ ਮਸ਼ੀਨ ਇੱਕ ਘੰਟੇ ਵਿੱਚ 2.5-3.0 ਕੁਇੰਟਲ ਹਲਦੀ ਧੋ ਸਕਦੀ ਹੈ।
ਪ੍ਰਸ਼ਨ 7. ਗੁੜ ਦੀ ਪ੍ਰੋਸੈਸਿੰਗ ਵਿੱਚ ਮੁੱਢਲੇ ਤਕਨੀਕੀ ਕੰਮ ਕਿਹੜੇ ਹੁੰਦੇ ਹਨ ?
ਉੱਤਰ-ਵੱਡੀਆਂ ਖੰਡ ਮਿੱਲਾਂ ਲੱਗਣ ਦੇ ਬਾਵਜੂਦ ਅਜੇ ਵੀ ਗੰਨੇ ਦਾ ਕਾਫੀ ਹਿੱਸਾ ਗੁੜ, ਸ਼ੱਕਰ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ। ਗੰਨੇ ਦੀ ਪ੍ਰੋਸੈਸਿੰਗ ਵੀ ਪਿੰਡ ਪੱਧਰ ਤੇ ਕੀਤੀ ਜਾ ਸਕਦੀ ਹੈ। ਇਸ ਕੰਮ ਲਈ ਉਹ ਖੇਤ ਵਿੱਚ ਹੀ ਘੁਲਾੜ੍ਹੀ ਜਾਂ ਵੇਲਣਾ ਲਗਾ ਕੇ ਗੰਨਾ ਪੀੜ ਸਕਦੇ ਹਨ ਅਤੇ ਰਸ ਵਿੱਚੋਂ ਪਾਣੀ ਕਾੜ੍ਹ ਕੇ ਗੁੜ, ਸ਼ੱਕਰ ਆਦਿ ਬਣਾ ਸਕਦੇ ਹਨ। ਇੱਕ ਕੁਇੰਟਲ ਗੰਨੇ ਵਿੱਚੋਂ ਲਗਪਗ 10-12 ਕਿਲੋ ਗੁੜ ਤਿਆਰ ਹੋ ਜਾਂਦਾ ਹੈ।
ਪ੍ਰਸ਼ਨ 8 . ਐਗਰੋ ਪ੍ਰੋਸੈੱਸਿੰਗ ਕੰਪਲੈਕਸ ਵਿੱਚ ਲਗਾਈਆਂ ਜਾਣ ਵਾਲੀਆਂ ਕਿਸੇ ਤਿੰਨ ਮਸ਼ੀਨਾਂ ਦੇ ਨਾਮ ਅਤੇ ਉਨ੍ਹਾਂ ਦੇ ਕੰਮ ਬਾਰੇ ਦੱਸੋ ?
ਉੱਤਰ—1. ਹਲਦੀ ਪ੍ਰੋਸੈੱਸਿੰਗ ਪਲਾਂਟ—ਹਲਦੀ ਦਾ ਪਾਊਡਰ ਤਿਆਰ ਕੀਤਾ ਜਾਂਦਾ ਹੈ।
2. ਮੈਂਥੇ ਦਾ ਪ੍ਰੋਸੈਸਿੰਗ ਪਲਾਂਟ—ਮੈਂਥੇ ਦਾ ਤੇਲ ਕੱਢਣ ਦੇ ਕੰਮ ਆਉਂਦਾ ਹੈ।
3 . ਸਬਜ਼ੀਆਂ ਨੂੰ ਸੁਕਾ ਕੇ ਪੈਕ ਕਰਨਾ—ਸਬਜ਼ੀਆਂ ਨੂੰ ਸੁਕਾ ਕੇ ਪੈਕ ਕੀਤਾ ਜਾ ਸਕਦਾ ਹੈ।
ਪ੍ਰਸ਼ਨ 9. ਫ਼ਲ ਸਬਜ਼ੀਆਂ ਲਈ ਫਰੀਜ਼ਿੰਗ ਪਲਾਂਟ ਕਿਸਾਨੀ ਪੱਧਰ ਤੇ ਕਿਉਂ ਨਹੀਂ ਲਗਾਏ ਜਾ ਸਕਦੇ ?
ਉੱਤਰ—ਫ਼ਰੀਜਿੰਗ ਪਲਾਂਟ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਜਿਵੇਂ ਕਿ ਬਲਾਂਚਰ, ਫ਼ਲ ਸਬਜ਼ੀਆਂ ਧੋਣ ਵਾਲੀ ਮਸ਼ੀਨ, ਡੀਹਾਈਡੇਟਰ, ਸਲਾਈਸਰ, ਪ੍ਰੀ-ਕੂਲਰ ਅਤੇ ਫਰੀਜਿੰਗ ਯੂਨਿਟ ਆਦਿ ਹੁੰਦੀਆਂ ਹਨ। ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਲਈ ਤਕਨੀਕੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਲਈ ਇਹ ਬੇਹਤਰ ਹੋਵੇਗਾ ਜੇ ਇਹ ਕਾਰਖਾਨੇ ਕਿਸਾਨੀ ਪੱਧਰ ਤੇ ਨਾ ਲੱਗ ਕੇ, ਸਹਿਕਾਰੀ ਪੱਧਰ ਤੇ ਜਾਂ ਕਿਸਾਨਾਂ ਦੇ ਗਰੁੱਪ ਵੱਲੋਂ ਲਗਾਏ ਜਾਣ।
ਪ੍ਰਸ਼ਨ 10. ਕਿਹੜੇ ਖੇਤੀ ਪਦਾਰਥਾਂ ਨੂੰ ਘਰੇਲੂ ਪੱਧਰ ਤੇ ਸੁਕਾ ਕੇ ਰੋਜ਼ਾਨਾ ਘਰ ਵਿੱਚ ਵਰਤਿਆ ਜਾ ਸਕਦਾ ਹੈ ?
ਉੱਤਰ—ਮੇਥੀ, ਮੇਥੇ, ਧਨੀਆ, ਮਿਰਚਾਂ, ਲਸਣ ਅਤੇ ਹੋਰ ਅਨੇਕ ਦਵਾਈਆਂ ਵਜੋਂ ਵਰਤੇ ਜਾਣ ਵਾਲੇ ਬੂਟੇ, ਜਿਨ੍ਹਾਂ ਨੂੰ ਧੁੱਪ ਵਿੱਚ ਸੁਕਾ ਕੇ ਤੇ ਪਾਊਡਰ ਬਣਾ ਕੇ ਚੰਗੀ ਤਰ੍ਹਾਂ ਪੈਕਟ ਬਣਾ ਕੇ ਵੇਚਿਆ ਜਾ ਸਕਦਾ ਹੈ। ਇਨ੍ਹਾਂ ਨੂੰ ਸੁਕਾਉਣ ਲਈ ਸੂਰਜੀ ਡਰਾਇਅਰ (Solar Dryer) ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਕੁਝ ਅਗਾਂਹਵਧੂ ਕਿਸਾਨਾਂ ਜਾਂ ਕਿਸਾਨ ਸੰਸਥਾਵਾਂ ਇਹ ਕੰਮ ਕਾਮਯਾਬੀ ਨਾਲ ਚਲਾ ਰਹੇ ਹਨ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਪਿੰਡਾਂ ਵਿੱਚ ਖੇਤੀ ਅਧਾਰਿਤ ਧੰਦੇ ਸ਼ੁਰੂ ਕਰਨ ਨਾਲ ਕੀ ਫ਼ਾਇਦਾ ਹੋਵੇਗਾ ?
ਉੱਤਰ—ਭਾਵੇਂ ਦਿਨੋ-ਦਿਨ ਖੇਤੀ ਯੋਗ ਜ਼ਮੀਨ ਘੱਟ ਰਹੀ ਹੈ ਪਰ ਫਿਰ ਵੀ ਨੌਜੁਆਨ ਕਈ ਤਰ੍ਹਾਂ ਦੇ ਖੇਤੀ ਆਧਾਰਿਤ ਕੰਮ / ਧੰਦੇ ਸ਼ੁਰੂ ਕਰਕੇ ਆਪਣੀ ਆਮਦਨ ਬਰਕਰਾਰ ਰੱਖ ਸਕਦੇ ਹਨ ਜਿਵੇਂ ਕਿ ਮੁਰਗੀ ਪਾਲਣ, ਡੇਅਰੀ ਦਾ ਧੰਦਾ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਖੁੰਬਾਂ ਦਾ ਉਗਾਉਣਾ ਤੇ ਛੋਟੇ ਆਧਾਰ ਤੇ ਐਗਰੋ-ਪ੍ਰੋਸੈਸਿੰਗ ਕਰਨਾ ਆਦਿ। ਇਹ ਸਭ ਕੰਮ ਸਫ਼ਲ ਹੋ ਸਕਦੇ ਹਨ ਜੇ ਇਨ੍ਹਾਂ ਦੀ ਮਾਰਕੀਟਿੰਗ ਕਿਸਾਨ ਆਪ ਕਰੇ।
ਪ੍ਰਸ਼ਨ 2. ਇੱਕ ਛੋਟੇ ਖੇਤੀ ਅਧਾਰਿਤ ਕਾਰਖਾਨੇ ਵਿੱਚ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਲਗਾਈਆਂ ਜਾ ਸਕਦੀਆਂ ਹਨ ਅਤੇ ਇਹ ਮਸ਼ੀਨਾਂ ਕਿਹੜੀਆਂ ਜਿਨਸਾਂ ਦੀ ਪ੍ਰੋਸੈਸਿੰਗ ਕਰਨਗੀਆਂ?
ਉੱਤਰ—ਦਾਣਿਆਂ ਦੀ ਪ੍ਰੋਸੈਸਿੰਗ ਕਰਨ ਵਾਸਤੇ, ਛੋਟੇ ਪੱਧਰ ਤੇ ਖੇਤੀ ਅਧਾਰਿਤ ਕਾਰਖਾਨੇ ਜਾਂ ਐਗਰੋ ਪ੍ਰੋਸੈਸਿੰਗ ਕੰਪਲੈਕਸ ਪੰਜਾਬ ਵਿੱਚ ਕਾਫ਼ੀ ਸਫਲ ਹੋ ਰਹੇ ਹਨ। ਇਨ੍ਹਾਂ ਕਾਰਖ਼ਾਨਿਆਂ ਵਿੱਚ ਛੋਟੀਆਂ ਮਸ਼ੀਨਾਂ ਜਿਵੇਂ ਕਿ ਮਿੰਨੀ ਚਾਵਲ ਮਿੱਲ, ਛੋਟੀ ਆਟਾ ਚੱਕੀ, ਛੋਟੀ ਤੇਲ ਕੱਢਣ ਵਾਲੀ ਮਸ਼ੀਨ ਅਤੇ ਗਰਾਈਂਡਰ, ਦਾਲ ਮਿੱਲ, ਪੇਂਜਾ ਅਤੇ ਫ਼ੰਡ ਮਿੱਲ ਆਦਿ ਲਗਾਏ ਜਾ ਸਕਦੇ ਹਨ ਅਤੇ ਚਾਵਲ, ਕਣਕ, ਤੇਲ ਬੀਜਾਂ, ਮਸਾਲਿਆਂ, ਦਾਲਾਂ, ਕਪਾਹ ਆਦਿ ਦੀ ਪ੍ਰੋਸੈਸਿੰਗ ਕੀਤੀ ਜਾ ਸਕਦੀ ਹੈ। ਇਨ੍ਹਾਂ ਕਾਰਖਾਨਿਆਂ ਵਿੱਚ ਲੱਗੀਆਂ ਮਸ਼ੀਨਾਂ ਦਾ ਖ਼ਰਚਾ 5 ਤੋਂ 20 ਲੱਖ ਰੁਪਏ ਆ ਸਕਦਾ ਹੈ। ਕਾਰਖਾਨੇ ਲਗਾਉਣ ਵਾਲਾ, ਉੱਦਮੀ 10 ਹਜ਼ਾਰ ਤੋਂ ਲੈ ਕੇ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਸਕਦਾ ਹੈ ਅਤੇ 2-6 ਹੋਰ ਬੰਦਿਆਂ ਨੂੰ ਰੁਜ਼ਾਗਰ ਵੀ ਦੇ ਸਕਦਾ ਹੈ।ਇਸ ਤਰ੍ਹਾਂ ਦੇ ਕਾਰਖਾਨੇ ਪਿੰਡਾਂ ਵਿੱਚ ਕਮਾਈ ਦੇ ਵਧੀਆ ਸਾਧਨ ਹਨ ਅਤੇ ਮਿਆਰੀ ਖਾਣ ਵਾਲੀਆਂ ਚੀਜ਼ਾਂ ਪੇਂਡੂ ਪੱਧਰ ਤੇ ਪ੍ਰਾਪਤ ਹੋ ਸਕਦੀਆਂ ਹਨ।
ਪ੍ਰਸ਼ਨ 3 . ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕਾਂ ਦਾ ਰੁਝਾਨ ਰੁਕਵਾਉਣ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ ?
ਉੱਤਰ—ਨੌਕਰੀਆਂ ਦੀ ਸੀਮਤ ਗਿਣਤੀ ਹੋਣ ਕਾਰਨ ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਇਸਦਾ ਸਭ ਤੋਂ ਸੁਖਾਲਾ ਹੱਲ ਇਹ ਹੈ ਕਿ ਹਰ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਕਿਸੇ ਵੀ ਉਦਯੋਗਿਕ ਧੰਦੇ ਸੰਬੰਧੀ ਅਜਿਹੀ ਸਮਰੱਥਾ ਵਿਕਸਿਤ ਕਰੇ ਤਾਂ ਜੋ ਉਸਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਸੇ ਰੁਜ਼ਗਾਰ ਦੀ ਭਾਲ ਨਾ ਕਰਨੀ ਪਵੇ।ਖੇਤੀਬਾੜੀ ਵਿਸ਼ੇ ਅਧੀਨ ਖੇਤੀਬਾੜੀ ਸੰਬੰਧੀ ਆਮ ਗਿਆਨ ਦੇ ਨਾਲ-ਨਾਲ ਖੇਤੀਬਾੜੀ ਅਧਾਰਿਤ ਉਦਯੋਗਿਕ-ਧੰਦਿਆਂ ਬਾਰੇ ਤਕਨੀਕੀ ਗਿਆਨ ਦੇਣ ਦੇ ਨਾਲ-ਨਾਲ ਉਸ ਨੂੰ ਸ਼ੁਰੂ ਕਰਨ ਲਈ ਸਰਕਾਰ ਅਤੇ ਹੋਰ ਅਦਾਰਿਆਂ ਵੱਲੋਂ ਵਿੱਤੀ ਸਹਾਇਤਾ ਦੇਣ ਸੰਬੰਧੀ ਪ੍ਰਾਪਤ ਸਹੂਲਤਾਂ ਬਾਰੇ ਵੀ ਦੱਸਿਆ ਗਿਆ ਹੈ। ਸਰਕਾਰ ਦੁਆਰਾ ਅਨੇਕਾਂ ਉਦਯੋਗ ਧੰਦੇ ਸ਼ੁਰੂ ਕਰਨ ਲਈ ਸਸਤੀਆਂ ਵਿਆਜ ਦਰਾਂ ਤੇ ਕਰਜ਼ਾ ਦਿੱਤਾ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਵਿੱਤੀ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਹਨ। ਇਹ ਸਹੂਲਤਾਂ ਪ੍ਰਾਪਤ ਕਰਕੇ ਨੌਜੁਆਨ ਆਪਣੀ ਰੁਚੀ ਅਨੁਸਾਰ ਕੋਈ ਵੀ ਧੰਦਾ ਸ਼ੁਰੂ ਕਰ ਸਕਦੇ ਹਨ ਅਤੇ ਸਮਾਜ ਵਿੱਚੋਂ ਬੇਰੁਜ਼ਗਾਰੀ ਖ਼ਤਮ ਕਰ ਸਕਦੇ ਹਨ। ਉਨ੍ਹਾਂ ਦਾ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਦਾ ਰੁਝਾਨ ਵੀ ਘੱਟ ਜਾਵੇਗਾ।
ਪ੍ਰਸ਼ਨ 4. ਜ਼ਿਆਦਾ ਸਰਮਾਏ ਨਾਲ ਲੱਗਣ ਵਾਲੇ ਖੇਤੀ ਅਧਾਰਿਤ ਕੰਮ ਸ਼ੁਰੂ ਕਰਨ ਲਈ ਕੀ ਨੀਤੀ ਹੋਣੀ ਚਾਹੀਦੀ ਹੈ ?
ਉੱਤਰ-ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ, ਡੀਹਾਈਡ੍ਰੇਸ਼ਨ ਪਲਾਂਟ ਅਤੇ ਫ਼ਰੀਜਿੰਗ ਪਲਾਂਟ ਆਦਿ ਲਗਾਏ ਜਾ ਸਕਦੇ ਹਨ ਪਰ ਇਨ੍ਹਾਂ ਇਕਾਈਆਂ ਨੂੰ ਲਗਾਉਣ ਵਾਸਤੇ ਭਾਰੀ ਸਰਮਾਏ (ਲਗਪਗ 30 ਲੱਖ ਰੁਪਏ ਜਾਂ ਜ਼ਿਆਦਾ) ਦੀ ਲੋੜ ਪੈਂਦੀ ਹੈ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਚਲਾਉਣ ਲਈ ਤਕਨੀਕੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਲਈ ਇਹ ਬੇਹਤਰ ਹੋਵੇਗਾ ਜੇ ਇਹ ਕਾਰਖਾਨੇ ਕਿਸਾਨੀ ਪੱਧਰ ਤੇ ਨਾ ਲੱਗ ਕੇ, ਸਹਿਕਾਰੀ ਪੱਧਰ ਤੇ ਜਾਂ ਕਿਸਾਨਾਂ ਦੇ ਗਰੁੱਪ ਵੱਲੋਂ ਲਗਾਏ ਜਾਣ। ਇੱਕ ਪਲਾਂਟ ਕਈ ਪਿੰਡਾਂ ਦੀ ਲੋੜ ਪੂਰੀ ਕਰ ਸਕਦਾ ਹੈ ਇੱਥੇ ਕਿਸਾਨ ਆਪਣੀ ਪੈਦਾਵਾਰ ਲਿਆ ਕੇ, ਉਸਨੂੰ ਪ੍ਰੋਸੈਸਿੰਗ ਕਰਵਾ ਕੇ ਮੰਡੀਕਰਨ ਲਈ ਲਿਜਾ ਸਕਦੇ ਹਨ। ਜਦੋਂ ਕਿਸਾਨ ਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਪ੍ਰੋਸੈਸਿੰਗ ਕਰਨ ਨਾਲ ਉਸਨੂੰ ਚੰਗਾ ਮੁਨਾਫਾ ਹੋ ਰਿਹਾ ਹੈ, ਤਾਂ ਉਹ ਆਪਣੇ ਪੱਧਰ ਤੇ ਵੀ ਪਲਾਂਟ ਲਗਾਉਣ ਬਾਰੇ ਸੋਚ ਸਕਦਾ ਹੈ। ਕੁਝ ਖਾਸ ਫਸਲਾਂ ਜਿਵੇਂ ਕਿ ਹਲਦੀ, ਮਿਰਚਾਂ ਆਦਿ ਦੀ ਪ੍ਰੋਸੈਸਿੰਗ ਆਪਣੇ ਪੱਧਰ ਤੇ ਵੀ ਕਰ ਸਕਦਾ ਹੈ। ਪ੍ਰੋਸੈਸਿੰਗ ਦੌਰਾਨ ਹੋਣ ਵਾਲੇ ਕੁੱਝ ਕੰਮ ਹੱਥੀਂ ਅਤੇ ਕੁੱਝ ਕੰਮ ਮਸ਼ੀਨਾਂ ਨਾਲ ਕਰਵਾਏ ਜਾ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਸ਼ੁਰੂਆਤੀ ਖ਼ਰਚੇ ਘੱਟ ਸਕਦੇ ਹਨ।
ਪ੍ਰਸ਼ਨ 5 . ਹਲਦੀ ਦੀ ਪ੍ਰੋਸੈਸਿੰਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—ਹਲਦੀ ਪ੍ਰੋਸੈਸਿੰਗ ਪਲਾਂਟ—ਹਲਦੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਆਮ ਤੌਰ ਤੇ ਵਰਤਿਆ ਜਾਣ ਵਾਲਾ ਮਸਾਲਾ ਹੈ ਜਿਸ ਦੀ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ। ਹਲਦੀ ਦੀ ਵਰਤੋਂ ਕੜ੍ਹੀ, ਤਰੀ, ਕਈ ਤਰ੍ਹਾਂ ਦੀ ਸਬਜ਼ੀਆਂ ਆਦਿ ਵਿੱਚ ਸਵਾਦ, ਸੁਗੰਧ ਅਤੇ ਵਧੀਆ ਰੰਗ ਦੇਣ ਲਈ ਕੀਤੀ ਜਾਂਦੀ ਹੈ। ਸਨਅਤੀ ਮੁਲਕਾਂ ਵਿੱਚ ਹਲਦੀ ਦੀ ਵਰਤੋਂ ਵੱਡੇ ਪੱਧਰ ਤੇ ਭੋਜਨ ਅਤੇ ਚਟਣੀਆਂ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹਲਦੀ ਦੀ ਵਰਤੋਂ ਦਵਾਈਆਂ, ਸਰੀਰਕ ਸੁੰਦਰਤਾ ਦੇ ਸਮਾਨ ਅਤੇ ਸੂਤੀ ਕੱਪੜਿਆਂ ਦੇ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸ ਫਸਲ ਨੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦਾ ਧਿਆਨ ਖਿੱਚਿਆ ਹੈ। ਉਹ ਇਸ ਦੀ ਪੈਦਾਵਾਰ ਦੇ ਨਾਲ-ਨਾਲ ਛੋਟੇ ਪੱਧਰ ਤੇ ਪ੍ਰੋਸੈਸਿੰਗ ਦਾ ਕੰਮ ਵੀ ਕਰ ਰਹੇ ਹਨ।
ਪ੍ਰੋਸੈਸਿੰਗ ਕਰਨ ਲਈ ਸਭ ਤੋਂ ਪਹਿਲਾਂ ਤਾਜ਼ੀ ਹਲਦੀ ਦੀਆਂ ਗੰਡੀਆਂ ਨੂੰ ਧੋਇਆ ਜਾਂਦਾ ਹੈ ਤਾਂ ਕਿ ਲੱਗੀ ਹੋਈ ਮਿੱਟੀ ਆਦਿ ਨੂੰ ਦੂਰ ਕੀਤਾ ਜਾ ਸਕੇ। ਧੋਣ ਤੋਂ ਬਾਅਦ ਹਲਦੀ ਨੂੰ ਉਬਾਲਿਆ ਜਾਂਦਾ ਹੈ ਤਾਂ ਕਿ ਗੰਢੀਆਂ ਪੋਲੀਆਂ ਹੋ ਜਾਣ ਅਤੇ ਉਨ੍ਹਾਂ ਦਾ ਰੰਗ ਇਕਸਾਰ ਹੋ ਜਾਵੇ। ਖੁੱਲ੍ਹੇ ਭਾਂਡੇ ਵਿੱਚ 100° ਸੈਂਟੀਗਰੇਡ ਤੇ ਉਬਾਲਣ ਤੇ ਲਗਪਗ ਇਕ ਘੰਟਾ ਲੱਗ ਜਾਂਦਾ ਹੈ। ਜੇ ਇਸ ਨੂੰ ਵੱਡੇ ਪ੍ਰੈਸ਼ਰ ਕੁੱਕਰ ਵਿੱਚ ਉਬਾਲਿਆ ਜਾਵੇ ਤਾਂ ਇਹ ਕੰਮ 20 ਮਿੰਟ ਵਿੱਚ ਪੂਰਾ ਹੋ ਸਕਦਾ ਹੈ। ਉਬਾਲਣ ਤੋਂ ਬਾਅਦ ਹਲਦੀ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀਂ 10 ਤੋਂ ਥੱਲੇ ਆ ਜਾਵੇ। ਚੰਗੀ ਧੁੱਪ ਵਿੱਚ ਸੁਕਣ ਲਈ ਲਗਪਗ 15 ਦਿਨ ਲਗ ਜਾਂਦੇ ਹਨ। ਉਸ ਤੋਂ ਬਾਅਦ ਉਪਰਲੀ ਭੂਰੀ ਸੱਤਾ ਨੂੰ ਲਾਹੁਣ ਵਾਸਤੇ ਹਲਦੀ ਨੂੰ ਪਾਲਿਸ਼ ਕੀਤਾ ਜਾਂਦਾ ਹੈ। ਉਪਰ ਜ਼ਿਕਰ ਕੀਤੀ ਮਸ਼ੀਨ ਨੂੰ ਵੀ ਹਲਦੀ ਪਾਲਿਸ਼ ਕਰਨ ਲਈ ਵਰਤਿਆ ਜਾ ਸਕਦਾ ਹੈ। ਪਾਲਿਸ਼ ਕਰਨ ਤੋਂ ਬਾਅਦ ਹਲਦੀ ਨੂੰ ਗਰਾਈਂਡਰ (ਹੈਮਰ ਮਿਲ ਜਾਂ ਚੱਕੀ) ਵਿੱਚ ਪਾ ਕੇ ਪੀਸ ਲਿਆ ਜਾਂਦਾ ਹੈ। ਇਸ ਤਰ੍ਹਾਂ 100 ਕਿਲੋ ਤਾਜ਼ੀ ਹਲਦੀ ਵਿੱਚ ਲਗਪਗ 15-20 ਕਿਲੋ ਹਲਦੀ ਪਾਊਡਰ ਤਿਆਰ ਕੀਤਾ ਜਾ ਸਕਦਾ ਹੈ।