ਪਾਠ 2 ਖੇਤੀ ਗਿਆਨ-ਵਿਗਿਆਨ ਦਾ ਸੋਮਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ–
ਪ੍ਰਸ਼ਨ 1 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ—1962 ਵਿੱਚ ।
ਪ੍ਰਸ਼ਨ 2. ਦੇਸ਼ ਵਿੱਚ ਪਹਿਲੀ ਐਗਰੀਕਲਚਰਲ ਯੂਨੀਵਰਸਿਟੀ ਕਦੋਂ ਸਥਾਪਿਤ ਕੀਤੀ ਗਈ ?
ਉੱਤਰ—1960 ਵਿੱਚ ।
ਪ੍ਰਸ਼ਨ 3 . ਕਲਿਆਣ ਸੋਨਾ ਅਤੇ ਡਬਲਿਊ. ਐਲ. 711 ਕਿਸ ਫ਼ਸਲ ਦੀਆਂ ਕਿਸਮਾਂ ਹਨ?
ਉੱਤਰ—ਕਣਕ ਦੀਆਂ ।
ਪ੍ਰਸ਼ਨ 4. ਕਣਕ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਵਿਜੇਤਾ ਸਾਇੰਸਦਾਨ ਦਾ ਨਾਂ ਦੱਸੋ।
ਉੱਤਰ—ਡਾ. ਨੋਰਮਾਨ ਈ ਬੋਰਲਾਗ ।
ਪ੍ਰਸ਼ਨ 5 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਿਸਾਨ ਮੇਲਿਆਂ ਦਾ ਅਰੰਭਕਦੋਂ ਹੋਇਆ ?
ਉੱਤਰ-1967 ਵਿੱਚ ।
ਪ੍ਰਸ਼ਨ 6 . ਯੂਨੀਵਰਸਿਟੀ ਵੱਲੋਂ ਵਿਕਸਿਤ ਕਿੰਨੀਆਂ ਕਿਸਮਾਂ ਨੂੰ ਕੌਮੀ ਪੱਧਰ ਤੇ ਮਾਨਤਾਮਿਲੀ।
ਉੱਤਰ—130 ਕਿਸਮਾਂ ਨੂੰ।
ਪ੍ਰਸ਼ਨ 7 . ਦੇਸ਼ ਵਿੱਚ ਸਭ ਤੋਂ ਪਹਿਲਾਂ ਕਿਹੜੀ ਫਸਲ ਲਈ ਹਾਈਬ੍ਰਿਡ ਵਿਕਸਿਤ ਹੋਇਆ ?
ਉੱਤਰ-ਮੱਕੀ ਦੀ ।
ਪ੍ਰਸ਼ਨ 8 . ਯੂਨੀਵਰਸਿਟੀ ਵੱਲੋਂ ਕਿਹੜੀਆਂ ਫਸਲਾਂ ਲਈ ਢੁੱਕਵੀਂ ਖੇਤੀ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ?
ਉੱਤਰ—ਸ਼ਿਮਲਾ ਮਿਰਚਾਂ, ਟਮਾਟਰਾਂ ਅਤੇ ਬੈਂਗਣਾਂ ਦੀ।
ਪ੍ਰਸ਼ਨ 9 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸ ਸ਼ਹਿਰ ਵਿੱਚ ਸਥਾਪਿਤ ਹੈ ?
ਉੱਤਰ-ਲੁਧਿਆਣਾ ਵਿਖੇ।
ਪ੍ਰਸ਼ਨ 10 . ਕਿਸਾਨਾਂ ਨੂੰ ਮੌਸਮ ਬਾਰੇ ਜਾਣਕਾਰੀ ਯੂਨੀਵਰਸਿਟੀ ਦੇ ਕਿਸ ਵਿਭਾਗ ਰਾਹੀਂ ਦਿੱਤੀ ਜਾਂਦੀ ਹੈ ?
ਉੱਤਰ-ਯੂਨੀਵਰਸਿਟੀ ਦਾ ਖੇਤੀਬਾੜੀ ਮੌਸਮ ਵਿਭਾਗ ।
(ਅ) ਇਕ ਦੋ ਵਾਕਾਂ ਵਿੱਚ ਉੱਤਰ ਦਿਓ
ਪ੍ਰਸ਼ਨ 1. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚੋਂ ਕਿਹੜੀਆਂ ਦੋ ਹੋਰ ਯੂਨੀਵਰਸਿਟੀਆਂ ਬਣੀਆਂ ?
ਉੱਤਰ—ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚੋਂ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਅਤੇ ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਪਾਲਮਪੁਰ ਬਣੀਆਂ।
ਪ੍ਰਸ਼ਨ 2. ਕਿਹੜੀਆਂ-ਕਿਹੜੀਆਂ ਫ਼ਸਲਾਂ ਦੀਆਂ ਵੱਖ-ਵੱਖ ਕਿਸਮਾਂ ਨੇ ਹਰਾ ਇਨਕਲਾਬ ਲਿਆਉਣ ਵਿੱਚ ਯੋਗਦਾਨ ਪਾਇਆ ?
ਉੱਤਰ—ਕਣਕ ਦੀਆਂ ਕਲਿਆਣ, ਸੋਨਾ ਅਤੇ ਡਬਲਿਊ 711 ਕਿਸਮਾਂ, ਝੋਨੇ ਦੀ ਪੀ. ਆਰ. 106 ਕਿਸਮ ਅਤੇ ਮੱਕੀ ਦੀ ਵਿਜੇ ਕਿਸਮ ਨੇ ਹਰਾ ਇਨਕਲਾਬ ਲਿਆਉਣ ਵਿੱਚ ਯੋਗਦਾਨ ਪਾਇਆ।
ਪ੍ਰਸ਼ਨ 3 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੁੱਖ ਕੰਮ ਕੀ ਹਨ ?
ਉੱਤਰ—1. ਯੂਨੀਵਰਸਿਟੀ ਵੱਲੋਂ ਕਿਸਾਨਾਂ ਲਈ ਵੱਖ-ਵੱਖ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਦਾ ਬੀਜ ਪੈਦਾ ਕੀਤਾ ਜਾਂਦਾ ਹੈ।
2. ਯੂਨੀਵਰਸਿਟੀ ਦਾ ਖੇਤੀਬਾੜੀ ਮੌਸਮ ਵਿਭਾਗ ਕਿਸਾਨਾਂ ਨੂੰ ਮੌਸਮ ਬਾਰੇ ਅਕਾਊਂ ਜਾਣਕਾਰੀ ਦਿੰਦਾ ਹੈ।
3. ਯੂਨੀਵਰਸਿਟੀ ਦੇ ਖੇਤੀ ਮੰਡੀਕਰਨ ਚੌਕਸੀ ਸੈੱਲ ਵਲੋਂ ਕਿਸਾਨਾਂ ਨੂੰ ਫਸਲਾਂ ਦੇ ਮੰਡੀਕਰਨ ਬਾਰੇ ਵੀ ਲੋੜੀਂਦੀ ਸੂਚਨਾ ਮੁਹੱਈਆ ਕੀਤੀ ਜਾਂਦੀ ਹੈ।
ਪ੍ਰਸ਼ਨ 4 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਵਿਕਸਿਤ ਕਫਾਇਤੀ ਤਕਨੀਕਾਂ ਦੇ ਨਾਂ ਦੱਸੋ।
ਉੱਤਰ—ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਵਿਕਸਿਤ ਕਫਾਇਤੀ ਖੇਤੀ ਤਕਨੀਕਾਂ ਜ਼ੀਰੋ ਟਿੱਲੇਜ, ਪੱਤਾ ਰੰਗ ਚਾਰਟ, ਟੈਂਸ਼ੀਓਮੀਟਰ, ਹੈਪੀ ਸੀਡਰ ਅਤੇ ਲੇਜ਼ਰ ਕਰਾਹਾ ਵਿਕਸਿਤ ਕੀਤੀਆਂ।
ਪ੍ਰਸ਼ਨ 5 . ਅੰਤਰਰਾਸ਼ਟਰੀ ਪੱਧਰ ਦੀਆਂ ਦੋ ਸੰਸਥਾਵਾਂ ਦੇ ਨਾਂ ਦੱਸੋ, ਜਿਨ੍ਹਾਂ ਨਾਲ ਯੂਨੀਵਰਸਿਟੀ ਨੇ ਹਰਾ ਇਨਕਲਾਬ ਦੀ ਪ੍ਰਾਪਤੀ ਲਈ ਸਾਂਝ ਪਾਈ ?
ਉੱਤਰ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਹਰਾ ਇਨਕਲਾਬ ਲਿਆਉਣ ਲਈ ਜਿਨ੍ਹਾਂ ਅੰਤਰਰਾਸ਼ਟਰੀ ਪੱਧਰ ਦੀਆਂ ਦੋ ਸੰਸਥਾਵਾਂ ਨਾਲ ਸਾਂਝ ਪਾਈ, ਉਨ੍ਹਾਂ ਦੇ ਨਾਂ ਹਨ—(1) ਕਣਕ ਦੀ ਖੋਜ ਲਈ ਮੈਕਸੀਕੋ ਸਥਿਤ ਅੰਤਰ-ਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ, ਸਿਮਟ (CIMMYT) ਅਤੇ ਝੋਨੇ ਦੀ ਖੋਜ ਲਈ ਮਨੀਲਾ (ਫਿਲੀਪੀਨਜ਼) ਖੋਜ ਸੰਸਥਾ, ਇੰਟਰਨੈਸ਼ਨਲ ਰਾਈਸ ਰਿਸਰਜ਼ ਇੰਸਟੀਚਿਊਟ (IRRI) ।
ਪ੍ਰਸ਼ਨ 6 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੂਤ ਕੀ ਕੰਮ ਕਰਦੇ ਹਨ ?
ਉੱਤਰ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੂਤ ਮੋਬਾਈਲ ਫੋਨ ਅਤੇ ਇੰਟਰਨੈੱਟ ਰਾਹੀਂ ਯੂਨੀਵਰਸਿਟੀ ਮਾਹਿਰਾਂ ਅਤੇ ਕਿਸਾਨਾਂ ਵਿੱਚ ਪੁਲ ਦਾ ਕੰਮ ਕਰਦੇ ਹਨ।
ਪ੍ਰਸ਼ਨ 7 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਡਾਂ ਵਿੱਚ ਕੀ ਯੋਗਦਾਨ ਹੈ ?
ਉੱਤਰ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਅਨੇਕਾਂ ਵੱਡ-ਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ। ਇਸ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਨੂੰ ਭਾਰਤੀ ਹਾਕੀ ਟੀਮ ਦਾ ਓਲੰਪਿਕਸ ਵਿੱਚ ਕਪਤਾਨ ਬਣਨ ਦਾ ਮਾਣ ਮਿਲਿਆ।
ਪ੍ਰਸ਼ਨ 8 . ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਾਉਣ ਦਾ ਮੁੱਖ ਮਨੋਰਥ ਕੀ ਸੀ ?
ਉੱਤਰ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਾਉਣ ਦਾ ਮੁੱਖ ਮਨੋਰਥ ਸੀ ਦੇਸ਼ ਦੀ ਅਨਾਜ ਸੁਰਖਿਆ ਨੂੰ ਪੱਕੇ ਪੈਰੀਂ ਕਰਨ ਲਈ ਖੇਤੀਬਾੜੀ ਦੀਆਂ ਦਰਪੇਸ਼ ਚੁਣੌਤੀਆਂ ਨੂੰ ਹੱਲ ਕੀਤਾ ਜਾਵੇ ਅਤੇ ਸਥਾਈ ਵਿਕਾਸ ਲਈ ਖੇਤੀਬਾੜੀ ਖੋਜ ਦਾ ਪੱਕਾ ਢਾਂਚਾ ਬਣਾਇਆ ਜਾਵੇ।
ਪ੍ਰਸ਼ਨ 9. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਕਿਹੜੀਆਂ ਫਸਲਾਂ ਦੇ ਪਹਿਲੇ ਹਾਈਬ੍ਰਿਡ ਬਣਾਉਣ ਦਾ ਮਾਣ ਹਾਸਿਲ ਹੈ ?
ਉੱਤਰ—ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਸੰਸਾਰ ਦਾ ਪਹਿਲਾ ਬਾਜਰੇ ਦਾ ਹਾਈਬ੍ਰਿਡ (ਐਚ. ਡੀ. 1) ਵਿਕਸਤ ਕੀਤਾ ਅਤੇ ਦੇਸ਼ ਦਾ ਪਹਿਲਾ ਮੱਕੀ ਦਾ ਸਿੰਗਲ ਕਰਾਸ ਹਾਈਬ੍ਰਿਡ ਪਾਰਸ (Paras) ਅਤੇ ਗੋਭੀ ਸਰ੍ਹੋਂ ਦਾ ਪਹਿਲਾ ਹਾਈਬ੍ਰਿਡ (ਪੀ. ਜੀ. ਐਸ. ਐਚ. 51) ਵਿਕਸਤ ਕੀਤਾ।
ਪ੍ਰਸ਼ਨ 10. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਖੁੰਬ ਉਤਪਾਦਨ ਵਿੱਚ ਕੀ ਯੋਗਦਾਨ ਹੈ ?
ਉੱਤਰ—ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਖੁੰਬਾਂ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਅਤੇ ਪੂਰਾ ਸਾਲ ਉਤਪਾਦਨ ਦੇਣ ਵਾਲੀਆਂ ਵਿਧੀਆਂ ਵੀ ਵਿਕਸਤ ਕੀਤੀਆਂ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੁੰਬਾਂ, ਵਪਾਰਕ ਫਸਲ ਵਜੋਂ ਉਗਾਉਣ ਦੀਆਂ ਕੋਸ਼ਿਸ਼ਾਂ ਨੂੰ ਚੋਗਾ ਫਲ ਪਿਆ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਓ—
ਪ੍ਰਸ਼ਨ 1. ਯੂਨੀਵਰਸਿਟੀ ਵਿੱਚ ਹੋ ਰਹੇ ਪਸਾਰ ਦੇ ਕੰਮ ਤੇ ਚਾਨਣ ਪਾਓ।
ਉੱਤਰ-ਯੂਨੀਵਰਸਿਟੀ ਸੰਸਾਰ ਭਰ ਵਿੱਚ ਐਗਰੀਕਲਚਰਲ ਪਸਾਰ ਦੇ ਅਨੇਕਾਂ ਖੇਤਰਾਂ ਵਿੱਚ ਮੋਹਰੀ ਰਹੀ। ਇਸ ਨੇ ਸੰਸਾਰ ਦਾ ਪਹਿਲਾ ਬਾਜਰੇ ਦਾ ਹਾਈਬ੍ਰਿਡ (ਐਚ. ਬੀ. 1) ਅਤੇ ਦੇਸ਼ ਦਾ ਪਹਿਲਾ ਮੱਕੀ ਦਾ ਸਿੰਗਲ ਕਰਾਸ ਹਾਈਬ੍ਰਿਡ ਪਾਰਸ (Paras) ਅਤੇ ਗੋਭੀ ਸਰ੍ਹੋਂ ਦਾ 26 ਪਹਿਲਾ ਹਾਈਬ੍ਰਿਡ (ਪੀ. ਜੀ. ਐਸ. ਐਚ. 51) ਵਿਕਸਤ ਕੀਤਾ। ਇਸ ਤੋਂ ਇਲਾਵਾ ਖਰਬੂਜ਼ੇ ਦੀ ਹਰਮਨ ਪਿਆਰੀ ਕਿਸਮ ਹਰਾ ਮਧੂ ਵੀ ਇਸੇ ਯੂਨੀਵਰਸਿਟੀ ਦੀ ਦੇਣ ਹੈ। ਇਸੇ ਤਰ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਦੋਗਲੀਆਂ ਗਾਵਾਂ ਪੈਦਾ ਕਰਨ ਦੀ ਤਕਨੀਕ ਵੀ ਵਿਕਸਤ ਕੀਤੀ। ਕਫਾਇਤੀ ਖੇਤੀ ਤਕਨੀਕਾਂ, ਜਿਵੇਂ ਕਿ ਜ਼ੀਰੋ ਟਿੱਲੇਜ, ਪੱਤਾ ਰੰਗ ਚਾਰਟ, ਟੈਂਸ਼ੀਓਮੀਟਰ, ਹੈਪੀ ਸੀਡਰ ਅਤੇ ਲੇਜ਼ਰ ਕਰਾਹਾ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਭ ਤੋਂ ਪਹਿਲਾਂ ਵਿਕਸਤ ਕੀਤੀਆਂ। ਨਰਮੇ ਵਿੱਚ ਸਰਬਪੱਖੀ ਕੀਟ ਪ੍ਰਬੰਧ, ਮੱਕੀ ਵਿੱਚ ਸਰਬਪੱਖੀ ਖ਼ੁਰਾਕੀ ਤੱਤ ਪ੍ਰਬੰਧ ਅਤੇ ਆਲੂਆਂ ਵਿੱਚ ਸਰਬਪੱਖੀ ਰੋਗ ਪ੍ਰਬੰਧ ਤਕਨੀਕਾਂ ਵਿਕਸਤ ਕਰਨ ਵਿੱਚ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਭ ਤੋਂ ਅੱਗੇ ਰਹੀ। ਸ਼ਿਮਲਾ ਮਿਰਚ, ਟਮਾਟਰਾਂ ਅਤੇ ਬੈਂਗਣਾਂ ਦੀ ਢੁੱਕਵੀਂ/ ਸੁਰੱਖਿਅਤ (Protected) ਖੇਤੀ ਤਕਨੀਕ ਵਿਕਸਤ ਕਰਨ ਵਿੱਚ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪਹਿਲ-ਕਦਮੀ ਕੀਤੀ।
ਪ੍ਰਸ਼ਨ 2. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ।
ਉੱਤਰ—ਯੂਨੀਵਰਸਿਟੀ ਵੱਲੋਂ ਹਰ ਸਾਲ ਹਾੜ੍ਹੀ ਅਤੇ ਸਾਉਣੀ ਦੀ ਕਾਸ਼ਤ ਤੋਂ ਪਹਿਲਾਂ ਮਾਰਚ ਅਤੇ ਸਤੰਬਰ ਮਹੀਨੇ ਵਿੱਚ ਕਿਸਾਨ ਮੇਲੇ ਲੁਧਿਆਣਾ ਅਤੇ ਵੱਖ-ਵੱਖ ਥਾਵਾਂ ਤੇ ਕਰਵਾਏ ਜਾਂਦੇ ਹਨ। ਇਨ੍ਹਾਂ ਕਿਸਾਨ ਮੇਲਿਆਂ ਵਿੱਚ ਜਿੱਥੇ ਯੂਨੀਵਰਸਿਟੀ ਪ੍ਰਸ਼ਨਾਵਾਂ ਦੇ ਸਟਾਲ ਲੱਗਦੇ ਹਨ ਉੱਥੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਵੀ ਕਰਦੇ ਹਨ। ਨਵੀਆਂ ਕਿਸਮਾਂ ਦੇ ਬੀਜ, ਫਲਦਾਰ ਬੂਟੇ ਅਤੇ ਘਰੇਲੂ ਬਗੀਚੀ ਲਈ ਸਬਜ਼ੀਆਂ ਦੇ ਬੀਜ ਵੀ ਛੋਟੀਆਂ-ਛੋਟੀਆਂ ਕਿੱਟਾਂ ਵਿੱਚ ਕਿਸਾਨ ਭਰਾਵਾਂ ਨੂੰ ਦਿੱਤੇ ਜਾਂਦੇ ਹਨ। ਖੇਤੀ ਉਦਯੋਗ ਨੁਮਾਇਸ਼ ਵਿੱਚ ਦੇਸ਼ ਭਰ ਤੋਂ ਉਦਮੀ ਉਦਯੋਗਪਤੀ ਕਿਸਾਨਾਂ ਨਾਲ ਆਪਣੀਆਂ ਨਵੀਆਂ ਮਸ਼ੀਨਾਂ ਅਤੇ ਗਿਆਨ ਸਾਂਝਾ ਕਰਦੇ ਹਨ। ਇਨ੍ਹਾਂ ਮੇਲਿਆਂ ਵਿੱਚ ਹਰ ਸਾਲ ਲਗਪਗ ਤਿੰਨ ਲੱਖ ਕਿਸਾਨ ਭਰਾ ਅਤੇ ਭੈਣਾਂ ਹਿੱਸਾ ਲੈਂਦੇ ਹਨ।
ਪ੍ਰਸ਼ਨ 3 . ਪੰਜਾਬ ਐਗਰੀਕਲਚਰਲ ਯੂਨੀਵਰਸਟੀ ਲਈ ਆਉਣ ਵਾਲੀਆਂ ਚੁਣੌਤੀਆਂ ਦਾ ਵਰਨਣ ਕਰੋ।
ਉੱਤਰ—ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਥਾਪਨਾ ਤੋਂ ਲੈ ਕੇ ਹੁਣ ਤਕ 50 ਸਾਲਾਂ ਤੋਂ ਵੱਧ ਦਾ ਲੰਬਾ ਸਫਰ ਬੜੀ ਸਫਲਤਾ ਨਾਲ ਤੈਅ ਕੀਤਾ ਹੈ। ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਅਨਾਜ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਪਾਇਆ ਹੈ।ਆਉਣ ਵਾਲਾ ਸਮਾਂ ਮੰਗ ਕਰਦਾ ਹੈ ਕਿ ਖੇਤੀ ਵਿੱਚ ਉੱਭਰ ਰਹੀਆਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ। ਉੱਭਰ ਰਹੀਆਂ ਚੁਣੌਤੀਆਂ ਵਿੱਚ ਉਤਪਾਦਨ ਨੂੰ ਬਰਕਰਾਰ ਰੱਖਣਾ, ਫ਼ਸਲੀ ਵੰਨ-ਸੁਵੰਨਤਾ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ, ਮੌਸਮੀ ਬਦਲਾਅ ਦੇ ਖ਼ਤਰੇ ਦਾ ਸਾਹਮਣਾ ਕਰਨ ਲਈ ਖੋਜ ਕਾਰਜ ਅਰੰਭਣੇ ਅਤੇ ਇਸ ਸਭ ਲਈ ਲੋੜੀਂਦਾ ਮਨੁੱਖੀ ਸਰੋਤ ਵਿਕਸਤ ਕਰਨਾ ਪ੍ਰਮੁੱਖ ਹਨ। ਯੂਨੀਵਰਸਿਟੀ ਵੱਲੋਂ ਆਉਣ ਵਾਲੇ ਦੋ ਦਹਾਕਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਖੇਤੀ ਖੋਜ, ਅਧਿਆਪਨ ਅਤੇ ਪਸਾਰ ਲਈ ਕਾਰਜ ਨੀਤੀ ਤੈਅ ਕੀਤੀ ਗਈ ਹੈ। ਅਗਲੇਰੀ ਜ਼ਿੰਮੇਵਾਰੀ ਸੰਭਾਲਣ ਲਈ ਇਸ ਯੂਨੀਵਰਸਿਟੀ ਨੂੰ ਵਧੇਰੇ ਸ਼ਕਤੀ ਨਾਲ ਮੋਹਰੀ ਰੋਲ ਅਦਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਪੈਣਾ ਹੈ।
ਪ੍ਰਸ਼ਨ 4. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਸ਼ਹਿਦ ਉਤਪਾਦਨ ਵਿੱਚ ਕੀ ਯੋਗਦਾਨ ਹੈ ?
ਉੱਤਰ–ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਸ਼ਹਿਦ ਉਤਪਾਦਨ ਵਿੱਚ ਮਹੱਤਵਪੂਰਨ ਸਥਾਨ ਹੈ। ਇਹ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ ਜਿਸ ਨੇ ਇਟਾਲੀਅਨ ਮਧੂ ਮੱਖੀ ਦਾ ਪਾਲਣ ਸ਼ੁਰੂ ਕੀਤਾ। ਸ਼ਹਿਦ ਉਤਪਾਦਨ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ। ਇਸ ਵੇਲੇ ਦੇਸ਼ ਦੇ ਕੁੱਲ ਸ਼ਹਿਦ ਉਤਪਾਦਨ ਵਿੱਚੋਂ 37 ਫੀਸਦੀ ਸ਼ਹਿਦ ਪੰਜਾਬ ਵਿੱਚ ਹੀ ਪੈਦਾ ਹੁੰਦਾ ਹੈ। ਸ਼ਹਿਦ ਤੋਂ ਬਣਨ ਵਾਲੇ ਹੋਰ ਪਦਾਰਥਾਂ ਬਾਰੇ ਵੀ ਖੋਜ ਕੀਤੀ ਗਈ ਜਿਸ ਨਾਲ ਇਹ ਖੇਤੀ ਸਹਾਇਕ ਧੰਦਾ ਕਰਨ ਵਾਲੇ ਕਿਸਾਨ ਵੀਰਾਂ ਦੀ ਕਮਾਈ ਵਧੀ ਹੈ। ਸ਼ਹਿਦ ਦਾ ਦਰਿਆ ਵਗਾਉਣ ਦੇ ਨਾਲ-ਨਾਲ ਪੰਜਾਬੀਆਂ ਨੇ ਵਿਗਿਆਨੀਆਂ ਦੀ ਅਗਵਾਈ ਹੇਠ ਮਧੂਮੱਖੀਆਂ ਰਾਹੀਂ ਫਸਲਾਂ, ਸਬਜ਼ੀਆਂ, ਫੁੱਲਾਂ ਅਤੇ ਫ਼ਲਾਂ ਦੀ ਪਰਾਗਣ ਕਿਰਿਆ ਵਧਾ ਕੇ ਉਪਜ ਵਧਾਉਣ ਵਿੱਚ ਵੀ ਸਹਾਇਤਾ ਲਈ ਹੈ। ਪੰਜਾਬ ਵਿੱਚ ਫਲਦਾਰ ਬਾਗ ਬਗੀਚੇ ਪਹਿਲਾਂ ਪਹਿਲ ਸਿਰਫ਼ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ ਹੀ ਦਿਸਦੇ ਸਨ ਪਰ ਹੁਣ ਇਹ ਤਕਰੀਬਨ ਪੂਰੇ ਪੰਜਾਬ ਵਿੱਚ ਲਗਾਏ ਜਾਂਦੇ ਹਨ।
ਪ੍ਰਸ਼ਨ 5 . ਖੇਤੀ ਖੋਜ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਪੱਧਰ ਤੇ ਕਿਸ ਤਰ੍ਹਾਂ ਸਾਂਝ ਹੈ ?
ਉੱਤਰ-ਮਿਆਰੀ ਉਤਪਾਦਨ ਵਾਲੀਆਂ ਫ਼ਸਲਾਂ ਸੰਬੰਧੀ ਖੋਜ ਕਿਸੇ ਵੀ ਖੇਤੀ ਖੋਜ ਅਦਾਰੇ ਦਾ ਪ੍ਰਮੁੱਖ ਟੀਚਾ ਹੁੰਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਹ ਟੀਚੇ ਦੀ ਪ੍ਰਾਪਤੀ ਲਈ ਕਣਕ ਦੀ ਖੋਜ ਲਈ ਮੈਕਸੀਕੋ ਸਥਿਤ ਅੰਤਰਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ, ਸਿਮਟ (Cimmyt) ਅਤੇ ਝੋਨੇ ਦੀ ਖੋਜ ਲਈ ਮਨੀਲਾ (ਫ਼ਿਲੀਪੀਨਜ਼) ਦੀ ਅੰਤਰਰਾਸ਼ਟਰੀ ਖੋਜ ਸੰਸਥਾ, ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI) ਨਾਲ ਪੱਕੀ ਸਾਂਝ ਪਾਈ। ਹੁਣ ਤੱਕ ਖੇਤੀ ਖੋਜ, ਪਸਾਰ ਅਤੇ ਵਿੱਦਿਆ ਦੇ ਖੇਤਰ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਅਨੇਕਾਂ ਨਾਮੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਇਸ ਯੂਨੀਵਰਸਿਟੀ ਦਾ ਸਹਿਯੋਗ ਚੱਲ ਰਿਹਾ ਹੈ। ਕਣਕ ਦੀਆਂ, ਕਲਿਆਣ ਸੋਨਾ ਅਤੇ ਡਬਲਿਊ. ਐਲ. 711, ਕਿਸਮਾਂ ਝੋਨੇ ਦੀ ਪੀ. ਆਰ. 106 ਕਿਸਮ ਅਤੇ ਮੱਕੀ ਦੀ ਵਿਜੇ ਕਿਸਮ ਨੇ ਹਰੀ ਕ੍ਰਾਂਤੀ ਲਿਆਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ। ਮਧਰੀਆਂ ਕਣਕਾਂ ਦੇ ਪਿਤਾਮਾ ਅਤੇ ਨੋਬਲ ਪੁਰਸਕਾਰ ਵਿਜੇਤਾ ਡਾ: ਨੌਰਮਾਨ ਈ ਬੋਰਲਾਗ ਦੀ ਇਸ ਯੂਨੀਵਰਸਿਟੀ ਨਾਲ ਨੇੜਤਾ ਮੁੱਢਲੇ ਦੌਰ ਵਿੱਚ ਹੀ ਹੋ ਗਈ ਸੀ। ਮੈਕਸੀਕੋ ਵਿੱਚ ਖੋਜ ਕਰ ਰਹੇ ਇਸ ਮਹਾਨ ਵਿਗਿਆਨੀ ਨੋ ਜਦ ਕਣਕ ਦੀਆਂ ਕੁਝ ਨਵੀਆਂ ਮਧਰੀਆਂ ਕਿਸਮਾਂ ਵੱਖ-ਵੱਖ ਦੇਸ਼ਾਂ ਵਿੱਚ ਪਰਖੀਆਂ ਤਾਂ ਸਭ ਤੋਂ ਚੰਗੇ ਨਤੀਜੇ ਸਾਡੇ ਵਿਗਿਆਨੀਆਂ ਨੇ ਹੀ ਦਿੱਤੇ। ਉਸ ਮਗਰੋਂ ਡਾ: ਬੋਰਲਾਗ ਨਾਲ ਇਸ ਯੂਨੀਵਰਸਿਟੀ ਦੀ ਅਜਿਹੀ ਪੱਕੀ ਸਾਂਝ ਪਈ ਜੋ ਉਨ੍ਹਾਂ ਦੇ ਆਖ਼ਰੀ ਸਾਹਾਂ ਤੱਕ ਨਿਭੀ।