ਪਾਠ-13 ਸਾਉਣ (ਲੇਖਕ-ਧਨੀ ਰਾਮ ਚਾਤ੍ਰਿਕ)
1. ਦੱਸੋ:-
ਪ੍ਰਸ਼ਨ (ੳ) ਸਾਉਣ ਦੇ ਮਹੀਨੇ ਖੇਤਾਂ ਵਿੱਚ ਕਿਹੜੀਆਂ-ਕਿਹੜੀਆਂ ਫ਼ਸਲਾਂ ਹੁੰਦੀਆਂ ਹਨ?
ਉੱਤਰ : ਸਾਉਣ ਦੇ ਮਹੀਨੇ ਖੇਤਾਂ ਵਿੱਚ ਝੋਨਾ, ਚਰੀ, ਮੱਕੀ, ਕਪਾਹ, ਜਾਮਣਾਂ, ਅਨਾਰ ਤੇ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੀਆਂ ਫ਼ਸਲਾਂ ਹੁੰਦੀਆਂ ਹਨ।
ਪ੍ਰਸ਼ਨ (ਅ) ਸਾਉਣ ਦੇ ਮਹੀਨੇ ਕੁੜੀਆਂ ਕੀ ਕਰਦੀਆਂ ਹਨ?
ਉੱਤਰ : ਸਾਉਣ ਦੇ ਮਹੀਨੇ ਕੁਆਰੀਆਂ ਕੁੜੀਆਂ ਵੰਗਾਂ, ਚੂੜੀਆਂ ਪਹਿਨਦੀਆਂ, ਮਹਿੰਦੀ ਲਾਉਂਦੀਆਂ ਅਤੇ ਸਿਰਾਂ ਉੱਤੇ ਰੰਗਲੀਆਂ ਚੁੰਨੀਆਂ ਲੈਂਦੀਆਂ ਹਨ।
ਪ੍ਰਸ਼ਨ (ੲ) ਸਾਉਣ ਦੇ ਮਹੀਨੇ ਕਿਹੜੇ-ਕਿਹੜੇ ਪਕਵਾਨ ਤਿਆਰ ਕੀਤੇ ਜਾਂਦੇ ਹਨ?
ਉੱਤਰ : ਸਾਉਣ ਦੇ ਮਹੀਨੇ ਖੀਰਾਂ ਰਿੰਨ੍ਹੀਆਂ ਜਾਂਦੀਆਂ ਹਨ ਅਤੇ ਪੂੜੇ ਪਕਾਏ ਜਾਂਦੇ ਹਨ।
ਪ੍ਰਸ਼ਨ (ਸ) ਗੱਭਰੂ ਸਾਉਣ ਦੀ ਰੁੱਤ ਦਾ ਅਨੰਦ ਕਿਵੇਂ ਮਾਣਦੇ ਹਨ?
ਉੱਤਰ : ਸਾਉਣ ਦੀ ਰੁੱਤ ਵਿੱਚ ਗੱਭਰੂ ਪਿੜਾਂ ਵਿੱਚ ਸੌਂਚੀ ਖੇਡਦੇ, ਛਿੰਝਾਂ ਪਾਉਂਦੇ ਅਤੇ ਛਾਲਾਂ ਲਾਉਂਦੇ ਹਨ।
ਪ੍ਰਸ਼ਨ (ਹ) ਸਾਉਣ ਮਹੀਨੇ ਵਿੱਚ ਆਲ਼ੇ-ਦੁਆਲ਼ੇ ਕੀ ਪਰਿਵਰਤਨ ਆਉਂਦਾ ਹੈ ?
ਉੱਤਰ : ਸਾਉਣ ਮਹੀਨੇ ਵਿੱਚ ਝੜੀਆਂ ਲੱਗਣ ਨਾਲ਼ ਗਰਮੀ ਘੱਟ ਜਾਂਦੀ ਹੈ, ਛੱਪੜ, ਟੋਭੇ, ਨਦੀਆਂ, ਨਾਲ਼ੇ ਪਾਣੀ ਨਾਲ਼ ਭਰ ਜਾਂਦੇ ਹਨ,
ਚਾਰੇ ਪਾਸੇ ਹਰਿਆਲੀ ਹੋ ਜਾਂਦੀ ਹੈ ਅਤੇ ਫ਼ਸਲਾਂ ਲਹਿਰਾਂ ਉੱਠਦੀਆਂ ਹਨ।
2. ਹੇਠ ਲਿਖੀਆਂ ਕਾਵਿ- ਸਤਰਾਂ ਦੇ ਭਾਵ ਅਰਥ ਲਿਖੋ :
(ੳ) ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ, ਟਹਿਕੀਆਂ ਡਾਲ਼ੀਆਂ ਨੇ।
ਭਾਵ ਅਰਥ : ਸਾਉਣ ਦੇ ਮਹੀਨੇ ਦੀਆਂ ਝੜੀਆਂ ਨਾਲ਼ ਗਰਮੀ ਘੱਟ ਜਾਂਦੀ ਅਤੇ ਧਰਤੀ ਉੱਤੇ ਹਰ ਪਾਸੇ ਹਰਿਆਵਲ ਛਾ ਜਾਂਦੀ ਹੈ।
(ਅ) ਜੰਮੂ ਰਸੇ, ਅਨਾਰ ਵਿੱਚ ਆਈ ਸੀਰੀਂ,
ਚੜ੍ਹੀਆਂ ਸਬਜ਼ੀਆਂ ਨੂੰ ਗਿੱਠ-ਗਿੱਠ ਲਾਲੀਆਂ ਨੇ।
ਭਾਵ ਅਰਥ : ਸਾਉਣ ਦੇ ਮਹੀਨੇ ਮੀਂਹਾਂ ਨਾਲ਼ ਜਾਮਣਾਂ ਅਤੇ ਅਨਾਰ ਪੱਕ ਜਾਂਦੇ ਹਨ ਅਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ।
3. ਔਖੇ ਸ਼ਬਦਾਂ ਦੇ ਅਰਥ ਦੱਸੋ :
ਮਹੀਨਾ ਮਾਹ
ਪੁੰਗਰੀ ਫੁੱਟਦੀ, ਉੱਗਦੀ
ਜੂਹ ਘਰਾਂ ਦੇ ਨੇੜੇ ਖ਼ਾਲੀ ਥਾਂ, ਹੱਦ, ਸੀਮਾ
ਹੰਘਾਲ਼ੀਆਂ ਪਾਣੀ ਫੇਰ ਕੇ ਕੱਢਣਾ
ਧਾਈਂ ਜੀਰੀ, ਝੋਨਾ
ਸ਼ੀਰੀਂ ਮਿਠਾਸ
ਤਿੜ੍ਹਾਂ ਖੱਬਲ਼ ਜਾਂ ਘਾਹ ਦਾ ਲੰਮਾ ਤੀਲ੍ਹਾ, ਕੱਖ
ਪਾਲ਼ੀ ਪਸ਼ੂ ਚਾਰਨ ਵਾਲ਼ੇ
ਜੋਤਰੇ ਜੋੜੇ ਹੋਏ ਪਸ਼ੂ
ਬੱਧੀਆਂ ਬੰਨ੍ਹੀਆਂ
ਦਿਹਾਰ ਤਿਉਹਾਰ, ਵਿਆਹ ਕੁੜੀ ਲਈ ਦਿਨ ਲਈ-ਦਿਹਾਰ ‘ਤੇ ਭੇਜੀ ਗਈ ਵਸਤੂ
ਡੰਝ ਲਾਹੀ ਇੱਛਾ ਪੂਰੀ ਕਰਨਾ, ਭੁੱਖ ਲਾਹੁਣੀ
ਸੌਂਚੀ ਕਬੱਡੀ ਦੀ ਖੇਡ ਦੀ ਇੱਕ ਕਿਸਮ
ਛਿੰਝ ਪਾਉਣਾ ਕੁਸ਼ਤੀ ਦੀ ਖੇਡ ਦੀ ਇੱਕ ਕਿਸਮ
ਖੀਵੇ ਖ਼ੁਸ਼ ਹੋਣਾ
ਪਿੜ ਅਖਾੜਾ, ਉਹ ਥਾਂ ਜਿੱਥੇ ਕੁਸ਼ਤੀਆਂ ਜਾਂ ਖੇਡਾਂ ਹੁੰਦੀਆਂ ਹਨ।
ਸੋਹਲੇ ਗੀਤ, ਗੁਣ-ਗਾਣ
4. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :
* ਰਾਹ ਰੋਕ ਲਏ, ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲ਼ਿਆਂ ਜੂਹਾਂ ਹੰਘਾਲ਼ੀਆਂ ਨੇ।
* ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲ਼ਾਂ ਲਾਉਂਦੇ ਨੇ।
5. ਪੜ੍ਹੋ ਤੇ ਸਮਝੋ :
ਸਾਉਣ ਵਰਖਾ
ਪਾਲ਼ੀ ਪਸੂ ਚਾਰਨ ਵਾਲੇ
ਕੁੜੀਆਂ, ਵਹੁਟੀਆਂ ਪੀਂਘਾਂ
ਗੱਬਰੂ ਸੌਂਚੀ
6. ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ :
(i) ਗਿੱਠ-ਗਿੱਠ ਲਾਲੀ ਚੜ੍ਹਨਾ (ਬਹੁਤ ਉਤਸ਼ਾਹ ਹੋਣਾ)- ਵਿਆਹ ਵਾਲ਼ੇ ਮੁੰਡੇ ਦੇ ਚਿਹਰੇ ‘ਤੇ ਗਿੱਠ-ਗਿੱਠ ਲਾਲੀ ਚੜ੍ਹੀ ਹੋਈ ਸੀ।
(ii) ਖ਼ੁਸ਼ੀ ‘ਚ ਖੀਵੇ ਹੋਣਾ (ਬਹੁਤ ਖ਼ੁਸ਼ ਹੋਣਾ)- ਫ਼ਸਲ ਪੱਕੀ ਦੇਖ ਕੇ ਕਿਸਾਨ ਖ਼ੁਸ਼ੀ ‘ਚ ਖੀਵੇ ਹੋਏ ਫਿਰਦੇ ਹਨ।
(iii) ਸੋਹਲੇ ਗਾਉਣਾ (ਸਿਫ਼ਤਾਂ ਕਰਨੀਆਂ)- ਚੰਗਾ ਕੰਮ ਕਰਨ ਵਾਲ਼ਿਆਂ ਦੇ ਸਾਰੇ ਸੋਹਲੇ ਗਾਉਂਦੇ ਹਨ।
7. ਵਿਆਕਰਨ :
ਹੇਠ ਲਿਖੀਆਂ ਸਤਰਾਂ ਵਿੱਚੋਂ ਨਾਂਵ-ਸ਼ਬਦ ਚੁਣੋ :
ਖੀਰਾਂ ਰਿੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ, ਵਹੁਟੀਆਂ ਨੇ ਪੀਂਘਾਂ ਪਾਈਆਂ ਨੇ,
ਗਿੱਧੇ ਵੱਜਦੇ, ਕਿਲਕਿਲੀ ਮੱਚਦੀ ਏ,
ਘਟਾਂ ਕਾਲ਼ੀਆਂ ਵੇਖ ਕੇ ਛਾਈਆਂ ਨੇ।
ਨਾਂਵ-ਸ਼ਬਦ : ਖੀਰਾਂ, ਪੂੜਿਆਂ, ਕੁੜੀਆਂ, ਵਹੁਟੀਆਂ, ਪੀਘਾਂ, ਗਿੱਧੇ, ਕਿੱਕਲੀ, ਘਟਾਂ।
8. ਹੇਠ ਲਿਖੀਆਂ ਰੁੱਤਾਂ ਬਾਰੇ ਚਾਰ-ਚਾਰ ਸਤਰਾਂ ਲਿਖੋ।
(i) ਬਸੰਤ : ਪੰਜਾਬ ਵਿੱਚ ਬਸੰਤ ਰੁੱਤ ਅੱਧ ਫ਼ਰਵਰੀ ਤੋਂ ਅੱਧ ਅਪ੍ਰੈਲ ਤੱਕ ਹੁੰਦੀ ਹੈ। ਇਹ ਰੁੱਤ ਪਾਲਾ ਖ਼ਤਮ ਕਰਦੀ ਹੈ ਅਤੇ ਰੁੱਖਾਂ ਉੱਤੇ ਨਵੇਂ ਪੱਤੇ ਤੇ ਫੁੱਲ ਨਿਕਲਣ ਲੱਗਦੇ ਹਨ।
(ii) ਗਰਮੀ : ਪੰਜਾਬ ਵਿੱਚ ਅਪ੍ਰੈਲ ਤੋਂ ਅੱਧ ਜੂਨ ਤੱਕ ਅੱਤ ਦੀ ਗਰਮੀ ਪੈਂਦੀ ਹੈ। ਲੋਕ ਬਚਣ ਲਈ ਸ਼ਰਬਤ, ਸ਼ਕੰਜਵੀ, ਲੱਸੀ ਆਦਿ ਪੀਂਦੇ ਹਨ।
(iii) ਪਤਝੜ : ਪੰਜਾਬ ਵਿੱਚ ਅੱਧ ਅਕਤੂਬਰ ਤੋਂ ਨਵੰਬਰ ਵਿੱਚ ਪਤਝੜ ਦੀ ਰੁੱਤ ਰੁੱਖਾਂ ਦੇ ਸਾਰੇ ਪੱਤੇ ਝਾੜ ਦਿੰਦੀ ਹੈ ਅਤੇ ਸਰਦੀ
ਦੀ ਸ਼ੁਰੂਆਤ ਹੋ ਜਾਂਦੀ ਹੈ। ਹਰਿਆਵਲ ਘੱਟ ਜਾਂਦੀ ਹੈ।
(iv) ਸਰਦੀ : ਪੰਜਾਬ ਵਿੱਚ ਅੱਧ ਦਸੰਬਰ ਤੋਂ ਅੱਧ ਫ਼ਰਵਰੀ ਤੱਕ ਪੂਰੀ ਸਰਦੀ ਹੁੰਦੀ ਹੈ। ਇਹਨਾਂ ਦਿਨਾਂ ਵਿੱਚ ਸੂਰਜ ਘੱਟ ਨਿਕਲਦਾ
ਹੈ ਅਤੇ ਚਾਰੇ ਪਾਸੇ ਧੁੰਦ ਛਾਈ ਰਹਿੰਦੀ ਹੈ। ਇਸ ਮੌਸਮ ਵਿੱਚ ਪੰਜਾਬੀ ਚਾਹ ਸ਼ੌਕ ਨਾਲ਼ ਪੀਂਦੇ ਹਨ।