ਪਾਠ 18 – ਹਾਕੀ ਦਾ ਜਾਦੂਗਰ : ਧਿਆਨ ਚੰਦ ( ਲੇਖਕ- ਪ੍ਰੋ- ਸੁਰਜੀਤ ਮਾਨ)
ਪ੍ਰਸ਼ਨ 1. ਦੱਸੋ
ਪ੍ਰਸ਼ਨ (ੳ ) ਧਿਆਨ ਚੰਦ ਕੌਣ ਸੀ ? ਉਸ ਦੀ ਯਾਦ ਹਰ ਸਾਲ ਕਿਵੇਂ ਮਨਾਈ ਜਾਂਦੀ ਹੈ ?
ਉੱਤਰ-ਧਿਆਨ ਚੰਦ ਹਾਕੀ ਦਾ ਇਕ ਮਹਾਨ ਖਿਡਾਰੀ ਸੀ ਜਿਸ ਨੂੰ ਹਾਕੀ ਦਾ ਜਾਦੂਗਰ ਕਹਿ ਕੇ ਬੁਲਾਇਆ ਜਾਂਦਾ ਹੈ। ਉਸ ਦੀ ਯਾਦ ਵਿੱਚ ਹਰ ਸਾਲ 29 ਅਗਸਤ ਨੂੰ ਉਸਦਾ ਜਨਮ ਦਿਨ ਖੇਡ-ਦਿਵਸ ਵਜੋਂ ਮਨਾਇਆ ਜਾਂਦਾ ਹੈ।
ਪ੍ਰਸ਼ਨ (ਅ) ਧਿਆਨ ਚੰਦ ਦਾ ਬੁੱਤ ਕਿੱਥੇ ਲੱਗਾ ਹੋਇਆ ਹੈ ? ਇਸ ਬੁੱਤ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ-ਧਿਆਨ ਚੰਦ ਦਾ ਬੁੱਤ ਵੀਆਨਾ ਵਿਖੇ ਲੱਗਾ ਹੋਇਆ ਹੈ। ਇਸ ਬੁੱਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਦੋ ਦੀ ਥਾਂ ਚਾਰ ਹੱਥ ਵਿਖਾਏ ਗਏ ਹਨ। ਇਨ੍ਹਾਂ ਚੌਹਾਂ ਹੱਥਾਂ ਵਿੱਚ ਚਾਰ ਹਾਕੀ ਸਟਿਕਾਂ ਫੜਾਈਆਂ ਗਈਆਂ ਹਨ। ਅਜਿਹਾ ਕਰਕੇ ਉਸ ਨੂੰ ਇਕ ਖੇਡ-ਦੇਵਤਾ ਬਣਾ ਕੇ ਉਸ ਦੀ ਖੇਡ ਕਲਾ ਨੂੰ ਸਤਿਕਾਰ ਦਿੱਤਾ ਗਿਆ ਹੈ।
ਪ੍ਰਸ਼ਨ (ੲ) ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਕ ਕਿਵੇਂ ਪੈਦਾ ਹੋਇਆ ?
ਉੱਤਰ- ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਕ ਆਪਣੇ ਬਚਪਨ ਵਿੱਚ ਝਾਂਸੀ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਸਾਥੀਆਂ ਨਾਲ ਖੇਡਦਿਆਂ ਪੈਦਾ ਹੋਇਆ। ਫ਼ੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਸਦੇ ਸ਼ੌਕ ਵਿੱਚ ਹੋਰ ਵਾਧਾ ਹੋਇਆ ।
ਪ੍ਰਸ਼ਨ (ਸ) ਧਿਆਨ ਚੰਦ ਦੀ ਖੇਡ ਨਾਲ ਕਿਹੜੀਆਂ ਦੰਦ-ਕਥਾਵਾਂ ਜੁੜੀਆਂ ਹੋਈਆਂ ਹਨ ?
ਉੱਤਰ- ਧਿਆਨ ਚੰਦ ਜਦੋਂ ਖੇਡਦਾ ਸੀ ਤਾਂ ਉਸ ਦੀ ਹਾਕੀ ਨਾਲ ਗੇਂਦ ਇੰਵ ਚਿਪਕੀ ਹੁੰਦੀ ਜਿਵੇਂ ਕੋਈ ਚੁੰਬਕ ਲੱਗਾ ਹੋਵੇ। ਦਰਸ਼ਕਾਂ ਨੂੰ ਇਹ ਸ਼ੱਕ ਪੈ ਗਿਆ ਕਿ ਉਸ ਦੀ ਹਾਕੀ ਨਾਲ ਕੋਈ ਚੁੰਬਕ ਲੱਗਾ ਹੋਇਆ ਹੈ। ਕਿਸੇ ਨੇ ਉਸ ਨੂੰ ਆਪਣੀ ਸੈਰ ਕਰਨ ਵਾਲੀ ਸੋਟੀ ਦੇ ਕੇ ਕਿਹਾ ਕਿ ‘ਇਸ ਨਾਲ ਗੋਲ ਕਰ, ਫਿਰ ਮੰਨਾਂਗੇ। ਧਿਆਨ ਚੰਦ ਨੇ ਉਸ ਨਾਲ ਵੀ ਗੋਲ ਕਰ ਦਿੱਤੇ।
ਪ੍ਰਸ਼ਨ (ਹ) ਧਿਆਨ ਚੰਦ ਕਿਸ ਪੁਜ਼ੀਸ਼ਨ ‘ਤੇ ਖੇਡਦਾ ਸੀ ਅਤੇ ਉਸ ਦੀ ਹਾਕੀ ਖੇਡਣ ਦੀ ਤਕਨੀਕ ਕਿਹੋ ਜਿਹੀ ਸੀ ?
ਉੱਤਰ- ਧਿਆਨ ਚੰਦ ਸੈਂਟਰ ਫਾਰਵਰਡ ਦੀ ਪੁਜੀਸ਼ਨ ’ਤੇ ਖੇਡਦਾ ਹੋਇਆ ਵੀ ਤੇਜ ਤਰਾਰ ਨਹੀਂ ਸੀ ਖੇਡਦਾ ਬਲਕਿ ਉਸ ਦੀ ਖੇਡ ਧੀਮੀ ਗਤੀ ਦੀ ਸੀ। ਉਹ ਜੋਸ਼ ਨਾਲੋਂ ਹੋਸ਼ ਵਿੱਚ ਵਿਸ਼ਵਾਸ ਰੱਖਦਾ ਸੀ। ਉਹ ਜ਼ਿਆਦਾ ਦੇਰ ਹਾਕੀ ਗੇਂਦ ਨਾਲ ਚਿਪਕਾਈ ਰੱਖਣ ਵਾਲਿਆਂ ਨੂੰ ਹਮੇਸ਼ਾਂ ਨਕਾਰਦਾ ਸੀ। ਉਹ ਆਖਦਾ ਹੁੰਦਾ ਸੀ ਕਿ ਪਾਸ ਦੇਣਾ ਹੀ ਸਭ ਤੋਂ ਵਧੀਆ ਝਕਾਨੀ ਹੈ।
ਪ੍ਰਸ਼ਨ (ਕ) ਹਾਕੀ ਦੇ ਮੁੱਖ-ਕੋਚ ਵਜੋਂ ਸੌਂਪੀ ਗਈ ਜੁੰਮੇਵਾਰੀ ਨੂੰ ਉਸ ਨੇ ਕਿਵੇਂ ਨਿਭਾਇਆ ?
ਉੱਤਰ- ਧਿਆਨ ਚੰਦ 1963-64 ਵਿੱਚ ਐਨ.ਆਈ.ਐਸ. ਪਟਿਆਲਾ ਦਾ ਹਾਕੀ ਕੋਚ ਬਣਿਆ ਸੀ। ਹਾਕੀ ਦੇ ਮੁੱਖ-ਕੋਚ ਵਜੋਂ ਸੌਂਪੀ ਗਈ ਜੁੰਮੇਵਾਰੀ ਨੂੰ ਉਸ ਨੇ ਬਖੂਬੀ ਨਿਭਾਇਆ। ਉਹ ਗਰਾਊਂਡ ਵਿੱਚ ਖਿਡਾਰੀਆਂ ਨੂੰ ਸਮਝਾਉਂਦਾ, ਤਾੜਦਾ, ਝਾੜਦਾ ਅਤੇ ਡਾਂਟਦਾ। ਖਿਡਾਰੀ ਉਸ ਨੂੰ ਸਤਿਕਾਰ ਨਾਲ ‘ਦਾਦਾ’ ਆਖਦੇ ਸਨ ਜਿਸ ਦਾ ਬੰਗਾਲੀ ਵਿੱਚ ਅਰਥ ਹੈ- ਵੱਡਾ ਭਰਾ।
ਪ੍ਰਸ਼ਨ (ਖ) ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਕਿਹੜੇ-ਕਿਹੜੇ ਸਨਮਾਨ ਪ੍ਰਾਪਤ ਹੋਏ ?
ਉੱਤਰ-ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ 1956 ਈ. ਵਿੱਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਦਾ ਖਿਤਾਬ ਦੇ ਕੇ ਸਨਮਾਨਿਆ। ਉਸ ਦੀ ਮੌਤ ਤੋਂ ਇਕ ਸਾਲ ਬਾਅਦ ਉਸ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤਾ ਗਿਆ। ਦਿੱਲੀ ਵਿਖੇ ਵਿਸ਼ਵ ਪ੍ਰਸਿੱਧ ਹਾਕੀ ਸਟੇਡੀਅਮ ਦਾ ਨਾਂ ਉਸ ਦੇ ਨਾਂ ‘ਤੇ ਰੱਖਿਆ ਗਿਆ। ਸਭ ਤੋਂ ਵੱਡਾ ਸਨਮਾਨ, ਵਿਦੇਸ਼ੀ ਧਰਤੀ ਵਿਆਨਾ ਵਿਖੇ ਲੱਗਿਆ ਉਹ ਆਦਮਬੁੱਤ ਹੈ, ਜੋ ਉਸ ਦੇ ਇਕ ਖੇਡ-ਦੇਵਤਾ ਹੋਣ ਦਾ ਪ੍ਰਮਾਣ ਹੈ।
ਪ੍ਰਸ਼ਨ 2. ਔਖੇ ਸ਼ਬਦਾਂ ਦੇ ਅਰਥ :
ਆਦਮ ਕੱਦ : ਆਦਮੀ ਦੇ ਪੂਰੇ ਕੱਦ ਦਾ
ਭਾਵਨਾਵਾਂ : ਵਿਚਾਰ , ਖਿਆਲ
ਮੁਜ਼ਾਹਰਾ : ਵਿਖਾਵਾ, ਪ੍ਰਦਰਸ਼ਨ
ਚਰਚੇ : ਜ਼ਿਕਰ , ਹਰ ਪਾਸੇ ਗੱਲਾਂ ਹੋਣੀਆਂ
ਅਹੁਦਾ : ਪਦਵੀ
ਹਲੀਮੀ : ਨਿਮਰਤਾ
ਤਰਜੀਹ : ਪਹਿਲ
ਤਕਰੀਬਨ : ਲਗ-ਭਗ, ਨੇੜੇ-ਤੇੜੇ
ਛੜੀ : ਸੋਟੀ
ਸ਼ਿਰਕਤ ਕਰਨਾ : ਸ਼ਾਮਲ ਹੋਣਾ
ਅਕਸਰ : ਆਮ ਤੌਰ ਤੇ, ਬਹੁਤ ਵਾਰ
ਰਫਤਾਰ : ਚਾਲ, ਗਤੀ
ਧੀਮਾਪਣ : ਹੌਲੀ-ਹੌਲੀ, ਮੱਠੀ ਚਾਲ
ਨਕਾਰਦਾ : ਇਨਕਾਰ ਕਰਦਾ
ਝਕਾਨੀ : ਝਾਂਸਾ, ਚਕਮਾ, ਧੋਖਾ
ਹਿੰਦੁਸਤਾਨੀ ਬੋਲੀ : ਸੌਖੀ ਹਿੰਦੀ ਤੇ ਉਰਦੂ ਭਾਸ਼ਾ
ਪੁਰਸਕਾਰ : ਇਨਾਮ
ਖਿਤਾਬ : ਉਪਾਧੀ, ਪਦਵੀ
ਸਿਮਰਤੀ : ਯਾਦ
ਪ੍ਰਸ਼ਨ 2. ਵਾਕਾਂ ਵਿੱਚ ਵਰਤੋ:
ਸ਼ਰਧਾਂਜਲੀ (ਸ਼ਰਧਾ ਦੀ ਭਾਵਨਾ ਭੇਂਟ ਕਰਨਾ) ਰਮਨ ਦੇ ਦਾਦਾ ਜੀ ਦੀ ਬਰਸੀ ਤੇ ਉਸ ਨੂੰ ਅਨੇਕਾਂ ਹੀ ਨੇਤਾ ਤੇ ਅਫ਼ਸਰ ਸ਼ਰਧਾਂਜਲੀ ਭੇਟ ਕਰਨ ਆਏ ।
ਜ਼ਿਕਰ (ਚਰਚਾ) ਧਿਆਨ ਚੰਦ ਦੀ ਖੇਡ ਦਾ ਜ਼ਿਕਰ ਕੌਮਾਂਤਰੀ ਪੱਧਰ ‘ਤੇ ਹੋਣ ਲੱਗਾ।
ਯੋਗਦਾਨ (ਹਿੱਸਾ) ਮੈਂ ਗੁਰਦੁਆਰੇ ਦੀ ਸੇਵਾ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ।
ਪੇਸ਼ਕਸ਼ (ਪ੍ਰਸਤਾਵ) ਧਿਆਨ ਚੰਦ ਨੂੰ ਹਿਟਲਰ ਨੇ ਕਰਨਲ ਦੇ ਉੱਚੇ ਅਹੁਦੇ ਦੀ ਪੇਸ਼ਕਸ਼ ਕੀਤੀ।
ਅਦਬ (ਸਤਿਕਾਰ) ਸਾਨੂੰ ਵੱਡਿਆਂ ਨਾਲ ਅਦਬ ਨਾਲ ਪੇਸ਼ ਆਉਣਾ ਚਾਹੀਦਾ ਹੈ।
ਸੰਨਿਆਸ ਲੈ ਲੈਣਾ (ਤਿਆਗ ਕਰ ਦੇਣਾ) ਕਪਿਲ ਦੇਵ ਨੇ ਕ੍ਰਿਕਟ ਦੀ ਖੇਡ ਤੋਂ ਸੰਨਿਆਸ ਲੈ ਲਿਆ ਹੈ।
ਦੰਦ-ਕਥਾਵਾਂ (ਪ੍ਰਚਲਤ ਕਹਾਣੀਆਂ) ਦੁੱਲਾ ਭੱਟੀ ਬਾਰੇ ਕਈ ਦੰਦ-ਕਥਾਵਾਂ ਪ੍ਰਚਲਤ ਹਨ।
ਸਿਜਦਾ ਕਰਨਾ (ਸਿਰ ਝੁਕਾਉਣਾ) ਮੈਂ ਬਾਬਾ ਲਾਡੀ ਸ਼ਾਹ ਦੀ ਮਜਾਰ ‘ਤੇ ਜਾ ਕੇ ਹਰ ਰੋਜ਼ ਸਿਜਦਾ ਕਰਦਾ ਹਾਂ।
ਵਿਲੱਖਣ (ਵੱਖਰੀ ਹੀ) ਧਿਆਨ ਚੰਦ ਦੀ ਖੇਡ ਬਾਕੀ ਹਾਕੀ ਖਿਡਾਰੀਆਂ ਨਾਲੋਂ ਵਿਲੱਖਣ ਸੀ।
ਤੇਜ਼-ਤਰਾਰ (ਤੇਜ਼ ਖੇਡਣ ਵਾਲਾ) ਧਿਆਨ ਚੰਦ ਜ਼ਿਆਦਾ ਤੇਜ਼-ਤਰਾਰ ਖੇਡਣ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ।
ਘਾਤਕ (ਨੁਕਸਾਨਦਾਇਕ) ਤੁਹਾਡੀਆਂ ਵਿਅੰਗਮਈ ਗੱਲਾਂ ਪਰਿਵਾਰ ਲਈ ਘਾਤਕ ਸਿੱਧ ਹੋ ਸਕਦੀਆਂ ਹਨ।
ਦਾਦ ਦੇਣਾ (ਪ੍ਰਸੰਸਾ ਕਰਨੀ) ਜਰਮਨ ਦੇ ਪ੍ਰਧਾਨ ਮੰਤਰੀ ਹਿਟਲਰ ਨੇ ਧਿਆਨ ਚੰਦ ਦੀ ਖੇਡ ਦੀ ਖੂਬ ਦਾਦ ਦਿੱਤੀ।
ਸਮਰਪਿਤ ਕਰਨਾ (ਸੌਂਪ ਦੇਣਾ) ਦਿੱਲੀ ਦਾ ਵਿਸ਼ਵ ਪ੍ਰਸਿੱਧ ਹਾਕੀ ਸਟੇਡੀਅਮ ਧਿਆਨ ਚੰਦ ਨੂੰ ਸਮਰਪਿਤ ਹੈ।