ਪਾਠ-12 ਪੰਜਾਬ ਦਾ ਸੁਪਨਸਾਜ਼: ਡਾ.ਮਹਿੰਦਰ ਸਿੰਘ ਰੰਧਾਵਾ (ਲੇਖਕ- ਸ੍ਰੀ ਜਨਕਰਾਜ ਸਿੰਘ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਡਾ.ਮਹਿੰਦਰ ਸਿੰਘ ਰੰਧਾਵਾ ਕਿੱਥੋਂ ਦੇ ਜੰਮ-ਪਲ ਸਨ? ਉਹਨਾਂ ਨੇ ਕਿਹੜੀ-ਕਿਹੜੀ ਵਿੱਦਿਅਕ ਯੋਗਤਾ ਪ੍ਰਾਪਤ ਕੀਤੀ?
ਉੱਤਰ- ਡਾ.ਮਹਿੰਦਰ ਸਿੰਘ ਰੰਧਾਵਾ ਪੰਜਾਬ ਦੇ ਜੰਮ-ਪਲ ਸਨ। ਉਹਨਾਂ ਨੇ ਲਾਹੌਰ ਤੋਂ ਐੱਮ.ਐੱਸ.ਸੀ ਕਰਨ ਪਿੱਛੋਂ ਲੰਡਨ ਤੋਂ ਆਈ.ਸੀ.ਐੱਸ ਦੀ ਪ੍ਰਤੀਯੋਗਿਤਾ ਪਾਸ ਕੀਤੀ।
(ਅ) ਇੱਕ ਅਧਿਕਾਰੀ ਵਜੋਂ ਡਾ.ਰੰਧਾਵਾ ਕਿਹੜੇ-ਕਿਹੜੇ ਮੁੱਖ ਅਹੁਦਿਆਂ ‘ਤੇ ਸ਼ਸੋਭਿਤ ਰਹੇ?
ਉੱਤਰ- ਇੱਕ ਅਧਿਕਾਰੀ ਵਜੋਂ ਡਾ. ਰੰਧਾਵਾ ਪੰਜਾਬ ਦੇ ਵਿਕਾਸ ਕਮਿਸ਼ਨਰ, ਚੰਡੀਗੜ੍ਹ ਦੇ ਮੁੱਖ ਕਮਿਸ਼ਨਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਜਿਹੇ ਮਹੱਤਵਪੂਰਨ ਅਹੁਦਿਆਂ ‘ਤੇ ਸ਼ਸੋਭਿਤ ਰਹੇ।
(ਬ) ਪੰਜਾਬ ਵਿੱਚ ਖੇਤੀ-ਬਾੜੀ ਨੂੰ ਉੱਨਤ ਕਰਨ ਲਈ ਡਾ.ਰੰਧਾਵਾ ਦਾ ਕੀ ਯੋਗਦਾਨ ਹੈ ?
ਉੱਤਰ- ਡਾ. ਰੰਧਾਵਾ ਨੇ ਖੇਤੀ ਦੇ ਵਿਗਿਆਨਕ ਢੰਗਾਂ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ। ਆਪ ਨੇ ਕਿਸਾਨਾਂ ਦੀ ਸਹੂਲਤ ਤੇ ਸਿਖਲਾਈ ਲਈ ਯੂਨੀਵਰਸਿਟੀ ਵਿੱਚ ਇੱਕ ਵਿਭਾਗ ਅਤੇ ‘ਕਿਸਾਨ ਮੇਲੇ’ ਆਰੰਭ ਕੀਤੇ।
(ਸ) ਡਾ. ਮਹਿੰਦਰ ਸਿੰਘ ਰੰਧਾਵਾ ਸਾਹਿਤ ਦੇ ਖੇਤਰ ਵਿੱਚ ਕਿਉਂ ਪ੍ਰਸਿੱਧ ਹੋਏ ?
ਉੱਤਰ- ਡਾ. ਮਹਿੰਦਰ ਸਿੰਘ ਰੰਧਾਵਾ ਨੇ ਭਾਰਤ ਦੀ ਖੇਤੀਬਾੜੀ ਦੇ ਇਤਿਹਾਸ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ, ਕੁੱਲੂ ਤੇ ਕਾਂਗੜਾ ਦੇ ਲੋਕ ਗੀਤ ਲੋਕਾਂ ਦੇ ਅੰਦਾਜ਼ ਵਿੱਚ ਲਿਖੇ। ਇਸ ਕਰਕੇ ਉਹ ਸਾਹਿਤ ਦੇ ਖੇਤਰ ਵਿੱਚ ਪ੍ਰਸਿੱਧ ਹੋਏ। ਆਪ ਨੇ ਪੰਜਾਬ ਦੇ ਸਾਹਿਤਕਾਰਾਂ, ਨਾਟਕਕਾਰਾਂ ਅਤੇ ਕਲਾਕਾਰਾਂ ਦੀਆਂ ਸ਼ਖਸੀਅਤਾਂ ਨੂੰ ਉਭਾਰਨ ਲਈ ‘ਪੰਜਾਬ ਕਲਾ ਪ੍ਰੀਸ਼ਦ’ ਨਾਂ ਦੀ ਸੰਸਥਾ ਕਾਇਮ ਕੀਤੀ। ਉਨ੍ਹਾਂ ਨੇ ਪੁਰਾਣੀ ਅਤੇ ਨਵੀਂ ਪੀੜੀ ਦੇ ਹਜਾਰਾਂ ਕਲਾਕਾਰਾਂ ਨੂੰ ਉਤਸ਼ਾਹ ਦੇ ਕੇ ਉਨ੍ਹਾਂ ਦੀ ਕਲਾ ਦੀ ਕਦਰ ਕੀਤੀ ਅਤੇ ਆਮ ਲੋਕਾਂ ਦੀ ਪਹੁੰਚ ਦੇ ਕਾਬਲ ਬਣਾਇਆ।
(ਹ) ਵਿਗਿਆਨ ਦੇ ਖੇਤਰ ਨਾਲ ਡਾ.ਰੰਧਾਵਾ ਦਾ ਨਾਂ ਕਿਵੇਂ ਜੁੜਿਆ ਹੋਇਆ ਹੈ?
ਉੱਤਰ- ਐਂਮ.ਐੱਸ.ਸੀ.ਪਾਸ ਹੋਣ ਕਰਕੇ ਡਾ.ਰੰਧਾਵਾ ਇੱਕ ਵਿਗਿਆਨੀ ਸਨ। ਬਨਸਪਤੀ ਵਿਗਿਆਨ ਸਬੰਧੀ ਖੋਜ ਕਰਨ ’ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਆਪ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ। ਇਸ ਤਰ੍ਹਾਂ ਆਪ ਦਾ ਨਾਂ ਵਿਗਿਆਨ ਦੇ ਖੇਤਰ ਨਾਲ ਜੁੜਿਆ ਹੋਇਆ ਹੈ।
(ਕ) ਡਾ.ਮਹਿੰਦਰ ਸਿੰਘ ਰੰਧਾਵਾ ਦੀ ਸੋਚ ਤੇ ਸੁਭਾਅ ਬਾਰੇ ਪਾਠ ਵਿੱਚ ਕੀ ਦੱਸਿਆ ਗਿਆ ਹੈ?
ਉੱਤਰ- ਡਾ.ਰੰਧਾਵਾ ਠੇਠ ਪੰਜਾਬੀ ਬੋਲਦੇ ਸਨ। ਆਲਸ ਨੂੰ ਕਦੇ ਆਪਣੇ ਨੇੜੇ ਨਹੀਂ ਆਉਣ ਦਿੰਦੇ ਸਨ। ਉਹਨਾਂ ਪਾਸ ਆਪਣੇ ਸਹਿਯੋਗੀਆਂ ਤੋਂ ਕੰਮ ਲੈਣ ਦਾ ਹੁਨਰ ਸੀ। ਕਲਾਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਦੀ ਉਹ ਬਹੁਤ ਕਦਰ ਕਰਦੇ ਸਨ।
(ਖ) ਪੰਜਾਬ ਨੂੰ ਸੋਹਣਾ ਬਣਾਉਣ ਲਈ ਲਈ ਡਾ.ਰੰਧਾਵਾ ਨੇ ਕੀ ਜਤਨ ਕੀਤੇ?
ਉੱਤਰ- ਡਾ. ਰੰਧਾਵਾ ਜਦੋਂ ਪੰਜਾਬ ਦੇ ਵਿਕਾਸ ਕਮਿਸ਼ਨਰ ਬਣੇ ਤਾਂ ਉਹਨਾਂ ਦਾ ਇਰਾਦਾ ਸੀ ਕਿ ਕਿਸਾਨਾਂ ਦੇ ਖੇਤਾਂ ਵਿੱਚ ਹੀ ਫੁੱਲਾਂ ਨਾਲ ਲੱਦੇ ਘਰ ਹੋਣ ਤੇ ਹਰ ਪਿੰਡ ਵਿੱਚ ਮਸ਼ੀਨਾਂ ਦੀ ਮੁਰੰਮਤ ਦੀ ਸਹੂਲਤ ਹੋਵੇ। ਇਸ ਮੰਤਵ ਲਈ ਉਹਨਾਂ ਨੇ ਕਈ ਪ੍ਰੋਗਰਾਮ ਚਲਾਏ ਅਤੇ ਫਲਾਂ, ਫੁੱਲਾਂ ਦੀ ਖੋਜ ਵਿੱਚ ਵੱਡਾ ਯੋਗਦਾਨ ਪਾਇਆ।
(ਗ) ਡਾ. ਰੰਧਾਵਾ ਨੇ ਲੁਧਿਆਣਾ ਵਿਖੇ ‘‘ਪੇਂਡੂ ਅਜਾਇਬ ਘਰ” ਕਿਸ ਮਨੋਰਥ ਨਾਲ ਸਥਾਪਿਤ ਕੀਤਾ?
ਉੱਤਰ- ਡਾ. ਰੰਧਾਵਾ ਨੇ ਪੁਰਾਤਨ ਸੱਭਿਆਚਾਰ ਨੂੰ ਸੰਭਾਲਣ ਲਈ ਲੁਧਿਆਣਾ ਵਿਖੇ ਪੇਂਡੂ ਅਜਾਇਬ ਘਰ ਸਥਾਪਿਤ ਕੀਤਾ। ਇਸ ਵਿੱਚ ਪਿੰਡਾਂ ਵਿੱਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ,ਛੰਨੇ,ਮਿੱਟੀ ਦੀਆਂ ਟਿੰਡਾਂ,ਵੱਕਲੀ, ਬੈੜ,ਦਰੀਆਂ,ਫੁਲਕਾਰੀਆਂ ਤੇ ਬਾਗ਼ ਰੱਖੇ ਗਏ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਨੂੰ ਵੇਖ ਸਕਣ।
(ਘ) ਚੰਡੀਗੜ੍ਹ ਨੂੰ ਡਾ. ਰੰਧਾਵਾ ਦੀ ਕੀ ਦੇਣ ਹੈ?
ਉੱਤਰ- ਜੇਕਰ ਚੰਡੀਗੜ੍ਹ ਅੱਜ ਏਨਾ ਸੋਹਣਾ ਹੈ ਤਾਂ ਇਹ ਡਾ. ਰੰਧਾਵਾ ਸਦਕਾ ਹੀ ਹੈ। ਉਹਨਾਂ ਨੇ ਰੋਜ਼-ਗਾਰਡਨ ਵਿੱਚ ਲਾਉਣ ਲਈ ਹਜ਼ਾਰ ਤੋਂ ਵੱਧ ਗੁਲਾਬ ਦੀਆਂ ਕਿਸਮਾਂ ਅਤੇ ਸੜਕਾਂ ਦੁਆਲੇ ਲਾਉਣ ਲਈ ਸਜਾਵਟੀ ਬੂਟੇ ਦੂਰ-ਦੁਰਾਡੇ ਦੀਆਂ ਧਰਤੀਆਂ ਤੋਂ ਮੰਗਵਾ ਕੇ ਲਗਵਾਏ।
2. ਔਖੇ ਸ਼ਬਦਾਂ ਦੇ ਅਰਥ:
ਬਹੁਪੱਖੀ ਕਈਂ : ਪੱਖਾਂ ਜਾਂ ਪਹਿਲੂਆਂ ਵਾਲੀ
ਕਾਰਜ-ਖੇਤਰ : ਕੰਮ-ਕਾਜ ਦਾ ਦਾਇਰਾ
ਅੰਦਾਜ਼ : ਤੌਰ-ਤਰੀਕਾ
ਪ੍ਰਤੀਯੋਗਤਾ : ਮੁਕਾਬਲਾ
ਵਿਕਾਸ : ਤਰੱਕੀ ,ਉੱਨਤੀ
ਯੋਗਦਾਨ : ਦੇਣ, ਸਹਿਯੋਗ
ਹੁਨਰ : ਕਿਸੇ ਕੰਮ ਵਿੱਚ ਮੁਹਾਰਤ, ਕਾਰੀਗਰੀ
ਪ੍ਰਮਾਣਿਕ : ਸਹੀ, ਜਿਸ ਲਈ ਕੋਈ ਪ੍ਰਮਾਣ ਹੋਵੇ
ਵਿਸ਼ਾਲ : ਵੱਡਾ
ਸਿਰਜਣਾ : ਰਚਨਾ, ਬਣਾਉਣਾ, ਉਤਪੰਨ
ਪਸਾਰ : ਫੈਲਾਅ, ਖਿਲਾਰ, ਸਿਵਥਾਰ
3. ਵਾਕਾਂ ਵਿੱਚ ਵਰਤੋ:
ਸਸ਼ੋਭਿਤ – ਰੋਜ਼ ਗਾਰਡਨ ਵਿੱਚ ਵੱਖ-ਵੱਖ ਕਿਸਮ ਦੇ ਗੁਲਾਬ ਸਸ਼ੋਭਿਤ ਹਨ।
ਖ਼ਲਕਤ – ਸਾਰੀ ਖ਼ਲਕਤ ਪਰਮਾਤਮਾ ਦਾ ਸਿਜਦਾ ਕਰਦੀ ਹੈ।
ਸਹੂਲਤ – ਸਾਡੇ ਸਕੂਲ ਵਿੱਚ ਹਰ ਸਹੂਲਤ ਮੌਜੂਦ ਹੈ।
ਉਪਰਾਲੇ – ਸਾਡੇ ਅਧਿਆਪਕਾਂ ਦੇ ਵਿਦਿਆਰਥੀਆਂ ਲਈ ਕੀਤੇ ਉਪਰਾਲੇ ਕਾਬਿਲ-ਏ-ਤਾਰੀਫ ਹਨ।
ਪ੍ਰਤਿਭਾ – ਸਰਕਾਰੀ ਸਕੂਲਾਂ ਦੇ ਬੱਚੇ ਬੇਮਿਸਾਲ ਪ੍ਰਤੀਭਾ ਦੇ ਮਾਲਕ ਹਨ।
ਵਾਗਡੋਰ – ਅੱਜ ਦੇ ਬੱਚਿਆਂ ਦੇ ਹੱਥ ਭਵਿੱਖ ਦੀ ਵਾਗਡੋਰ ਹੈ।
ਸੁਹਿਰਦਤਾ – ਡਾ. ਰੰਧਾਵਾ ਨੇ ਹਰ ਡਿਊਟੀ ਸੁਹਿਰਦਤਾ ਨਾਲ ਨਿਭਾਈ।
ਸਹਿਯੋਗੀ – ਮੇਰਾ ਭਰਾ ਮੇਰਾ ਸਹਿਯੋਗੀ ਹੈ।
ਰੁਜ਼ਗਾਰ – ਪੰਜਾਬ ਦੇ ਲੋਕਾਂ ਦਾ ਮੁੱਖ ਰੁਜ਼ਗਾਰ ਖੇਤੀ ਹੈ।
ਸ਼ਖ਼ਸੀਅਤ – ਡਾ. ਰੰਧਾਵਾ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ।
ਤਾੜਨਾ – ਮੇਰੇ ਪਿਤਾ ਜੀ ਨੇ ਮੈਨੂੰ ਕਹਿਣਾ ਮੰਨਣ ਲਈ ਤਾੜਨਾ ਕੀਤੀ
ਰਿਣੀ – ਮੈਂ ਆਪਣੇ ਮਾਤਾ-ਪਿਤਾ ਦਾ ਰਿਣੀ ਹਾਂ।