ਪਾਠ-8 ਬਾਬਾ ਫ਼ਰੀਦ (ਲੇਖਕ-ਪ੍ਰੋ. ਪਿਆਰਾ ਸਿੰਘ ਪਦਮ)
ਪਾਠ ਅਭਿਆਸ
1. ਦੱਸੋ:
(ੳ) ਬਾਬਾ ਫ਼ਰੀਦ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉਨ੍ਹਾਂ ਦੇ ਮਾਤਾ-ਪਿਤਾ ਦਾ ਨਾਂ ਕੀ ਸੀ?
ਉੱਤਰ : ਬਾਬਾ ਫ਼ਰੀਦ ਜੀ ਦਾ ਜਨਮ 1173 ਈ: ਵਿੱਚ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸ਼ੇਖ਼ ਜਮਾਲੁਦੀਨ ਤੇ ਮਾਤਾ ਦਾ ਨਾਂ ਕਰਸੁਮ ਸੀ।
(ਅ) ਬਾਬਾ ਫ਼ਰੀਦ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ?
ਉੱਤਰ : ਬਾਬਾ ਫ਼ਰੀਦ ਸਰਲ, ਸਾਦਾ, ਤਪ-ਤਿਆਗ, ਸਬਰ ਸੰਤੋਖ ਤੇ ਗ਼ਰੀਬੀ ਵਾਲ਼ਾ ਜੀਵਨ ਬਸਰ ਕਰਦੇ ਸਨ। ਕੱਚਾ ਕੋਠਾ, ਜੁਆਰ ਦੀ ਰੋਟੀ, ਉੱਬਲ਼ੇ ਛੋਲੇ ਤੇ ਸਧਾਰਨ ਕੰਬਲ਼ੀ ਉਨ੍ਹਾਂ ਦੀ ਕੁੱਲ ਦੌਲਤ ਸੀ।
(ੲ) ਬਾਬਾ ਫ਼ਰੀਦ ਜੀ ਦਾ ਉਪਦੇਸ਼ ਕੀ ਸੀ? ਉਨ੍ਹਾਂ ਦੇ ਉਪਦੇਸ਼ ਦੀ ਪ੍ਰੋੜਤਾ ਕਰਦੀ ਘਟਨਾ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ਬਾਬਾ ਫ਼ਰੀਦ ਜੀ ਦਾ ਉਪਦੇਸ਼ ਸੀ ਕਿ ਸਭ ਨਾਲ਼ ਪ੍ਰੇਮ-ਪਿਆਰ ਕਰੋ। ਜੇਕਰ ਕੋਈ ਬੁਰਾਈ ਵੀ ਕਰੇ, ਤਾਂ ਵੀ ਉਸ ਨਾਲ਼ ਭਲਾਈ ਦਾ ਵਰਤਾਓ ਹੀ ਕਰੋ। ਇੱਕ ਵਾਰੀ ਉਨ੍ਹਾਂ ਕੋਲ਼ ਕੋਈ ਸੱਜਣ ਕੈਂਚੀ ਲੈ ਕੇ ਆਇਆ ਤੇ ਉਸ ਨੇ ਕੈਂਚੀ ਦੇ ਮਜ਼ਬੂਤ ਅਤੇ ਤਿੱਖਾ ਹੋਣ ਸਿਫ਼ਤ ਕੀਤੀ। ਫ਼ਰੀਦ ਜੀ ਨੇ ਕਿਹਾ ਭਾਈ ਸਾਡਾ ਕੰਮ ਕੱਟਣਾ-ਤੋੜਨਾ ਨਹੀਂ, ਸਗੋਂ ਜੋੜਨਾ ਹੈ। ਤੂੰ ਮੈਨੂੰ ਇੱਕ ਨਿੱਕੀ ਜਿਹੀ ਸੂਈ ਲਿਆ ਕੇ ਦੇ।
(ਸ) ਫ਼ਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲ ਕਾਤੀ ਗੁੜ ਵਾਤਿ॥
ਬਾਹਰਿ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤਿ॥
ਉਪਰੋਕਤ ਸਲੋਕ ਦਾ ਭਾਵ ਸਪੱਸ਼ਟ ਕਰੋ ।
ਉੱਤਰ : ਫ਼ਕੀਰ ਦਾ ਜੀਵਨ ਪਾਖੰਡ ਭਰਿਆ ਨਹੀਂ ਹੋਣਾ ਚਾਹੀਦਾ, ਸਗੋਂ ਅੰਦਰੋ-ਬਾਹਰੋਂ ਨੇਕ ਤੇ ਸ਼ੁੱਧ ਹੋਣਾ ਚਾਹੀਦਾ ਹੈ।
(ਹ) ਬਾਬਾ ਫਰੀਦ ਜੀ ਮੁਲਾਕਾਤ ਅਤੇ ਕਰਾਮਾਤ ਵਿੱਚੋਂ ਕਿਹੜੀ ਗੱਲ ਨੂੰ ਵੱਡੀ ਕਹਿੰਦੇ ਸਨ? ਇਹ ਗੱਲ ਉਨ੍ਹਾਂ ਨੇ ਕਿਵੇਂ ਸੱਚੀ ਸਿੱਧ ਕਰ ਕੇ ਦਿਖਾਈ?
ਉੱਤਰ : ਬਾਬਾ ਫ਼ਰੀਦ ਜੀ ਮੁਲਾਕਾਤ ਅਤੇ ਕਰਾਮਾਤ ਵਿੱਚੋਂ ਮੁਲਾਕਾਤ ਨੂੰ ਵੱਡੀ ਕਹਿੰਦੇ ਸਨ ਪਰ ਬਹਾਉੱਦੀਨ ਕਰਾਮਾਤ ਨੂੰ ਵੱਡੀ ਕਹਿੰਦੇ ਸਨ। ਇੱਕ ਵਾਰੀ ਦੋਵੇਂ ਫ਼ਕੀਰ ਸੈਰ ਕਰਦੇ-ਕਰਦੇ ਦੂਰ ਨਗਰ ਦੇ ਕੋਲ਼ ਪਹੁੰਚੇ, ਤਾਂ ਤੂਫ਼ਾਨ ਚੱਲਣ ਲੱਗਾ। ਸ਼ੇਖ਼ ਬਹਾਉੱਦੀਨ ਆਫ਼ਤ ਤੋਂ ਬਚਣ ਲਈ ਕੋਈ ਕਰਾਮਾਤ ਨਾ ਦਿਖਾ ਸਕੇ। ਇਹ ਦੇਖ ਫ਼ਰੀਦ ਜੀ ਉਹਨਾਂ ਨੂੰ ਉਸ ਨਗਰ ਵਿੱਚ ਇੱਕ ਜਾਣਕਾਰ ਦੇ ਘਰ ਲੈ ਗਏ। ਉਸ ਨੇ ਆਦਰ ਨਾਲ਼ ਦੋਹਾਂ ਫ਼ਕੀਰਾਂ ਦੇ ਹੱਥ-ਪੈਰ ਧੁਆ ਕੇ ਭੋਜਨ ਖਵਾਇਆ। ਉਹਨਾਂ ਦੀ ਪ੍ਰਾਹੁਣਚਾਰੀ ਤੋਂ ਖ਼ੁਸ਼ ਹੋ ਕੇ ਸ਼ੇਖ਼ ਫ਼ਰੀਦ ਜੀ ਨੇ ਹੱਸ ਕੇ ਕਿਹਾ, “ਦੱਸੋ ਸ਼ੇਖ਼ ਜੀ! ਕਿਸ ਚੀਜ਼ ਵਿੱਚ ਵਡਿਆਈ ਹੈ?” ਸ਼ੇਖ਼ ਬਹਾਉੱਦੀਨ ਨੇ ਜਵਾਬ ਦਿੱਤਾ, “ਤੁਹਾਡੀ ਗੱਲ ਠੀਕ ਹੈ, ਕਰਾਮਾਤ ਨਾਲ਼ੋਂ ਮੁਲਾਕਾਤ ਸਚਮੁੱਚ ਵੱਡੀ ਹੈ।”
2. ਔਖੇ ਸ਼ਬਦਾਂ ਦੇ ਅਰਥ
ਸੂਫ਼ੀ : ਮੁਸਲਮਾਨ ਸਾਂਈਂ ਲੋਕਾਂ ਦਾ ਇੱਕ ਫ਼ਿਰਕਾ ਜੋ ਕਾਲ਼ੇ ਸੂਫ਼ ਦੇ ਕੱਪੜੇ ਪਹਿਨਦੇ ਹਨ।
ਸ਼ਰ੍ਹਾਂ-ਸ਼ਰੀਅਤ : ਇਸਲਾਮ ਧਰਮ ਦੇ ਰੀਤੀ-ਰਿਵਾਜ
ਰੁੱਕਾ : ਕਾਗ਼ਜ਼ ਦੇ ਟੁਕੜੇ ’ਤੇ ਲਿਖੀ ਚਿੱਠੀ ਜਾਂ ਸੁਨੇਹਾ
ਸਬਕ : ਮੱਤ, ਸਿੱਖਿਆ, ਉਪਦੇਸ਼, ਪਾਠ
ਅਰਸਾ : ਸਮਾਂ, ਚਿਰ, ਦੇਰ
ਮਧੁਰਤਾ : ਮਿਠਾਸ
ਮਨੋਹਰ : ਮਨ ਨੂੰ ਖਿੱਚ ਲੈਣ ਵਾਲ਼ਾ, ਸੋਹਣਾ, ਸੁμਦਰ
ਤਾਕੀਦ : ਪਕਿਆਈ, ਪ੍ਰੋੜ੍ਹਤਾ
ਦ੍ਵੈਸ਼ : ਦੁਸ਼ਮਣੀ, ਈਰਖਾ, ਵੈਰ
ਪ੍ਰਪੰਚ : ਅੰਡਬਰ, ਢੌਂਗ, ਛਲ਼, ਕਪਟ, ਧੋਖਾ
ਮੁਸੱਲਾ : ਨਮਾਜ਼ ਪੜ੍ਹਨ ਦਾ ਆਸਣ
ਦਰਵੇਸ਼ : ਮੁਸਲਮਾਨ ਫ਼ਕੀਰ, ਸμਤ
ਮੰਗੋਲ : ਮੱਧ ਏਸ਼ੀਆ ਅਤੇ ਉਸ ਦੇ ਪੂਰਬ ਵੱਲ ਵੱਸਣ ਵਾਲ਼ੀ ਇੱਕ ਜਾਤ
ਜਾਬਰ : ਜ਼ਾਲਮ, ਜਬਰ ਕਰਨ ਵਾਲ਼ਾ, ਧੱਕੇਬਾਜ਼
ਇਲਾਹੀ : ਇਤਕਾਦ : ਰੱਬ ਵਿੱਚ ਵਿਸ਼ਵਾਸ
ਇਮਦਾਦ : ਮਦਦ , ਸਹਾਇਤਾ
ਸੂਫ਼ : ਕੱਪੜੇ ਦੀ ਇੱਕ ਕਿਸਮ
3.ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ:
1. ਸੂਫ਼ੀ (ਮੁਸਲਮਾਨ ਫ਼ਕੀਰਾਂ ਦਾ ਇੱਕ ਫ਼ਿਰਕਾ)- ਸ਼ੇਖ਼ ਫ਼ਰੀਦ ਜੀ ਇੱਕ ਸੂਫ਼ੀ ਦਰਵੇਸ਼ ਸਨ।
2. ਸਬਰ-ਸੰਤੋਖ (ਧੀਰਜ)- ਸਾਨੂੰ ਸਬਰ-ਸੰਤੋਖ ਤੋਂ ਕੰਮ ਲੈਣਾ ਚਾਹੀਦਾ ਹੈ।
3. ਨਿਵਾਸ (ਵਾਸਾ)- ਮੇਰਾ ਨਿਵਾਸ ਪਿੰਡ ਪੱਖੀ ਖੁਰਦ, ਫ਼ਰੀਦਕੋਟ ਵਿਖੇ ਹੈ।
4. ਗੁਜ਼ਾਰਾ (ਨਿਰਬਾਹ)- ਘੱਟ ਤਨਖ਼ਾਹ ਨਾਲ਼ ਘਰ ਦਾ ਗੁਜ਼ਾਰਾ ਨਹੀਂ ਚਲਦਾ।
5. ਵਿਹਾਰ (ਵਰਤਾਓ)- ਸ਼ਾਮੂ ਦਾ ਵਿਹਾਰ ਮੈਨੂੰ ਪਸੰਦ ਨਹੀਂ ।
6. ਆਫ਼ਤ (ਮੁਸੀਬਤ)- ਆਫ਼ਤ ਸਮੇਂ ਸੱਚੇ ਦੋਸਤਾਂ ਦੀ ਪਹਿਚਾਣ ਹੁੰਦੀ ਹੈ ।
7. ਤਾਕੀਦ (ਵਾਰ-ਵਾਰ ਜ਼ੋਰ ਦੇ ਕੇ ਕਹਿਣਾ)- ਸੱਚਾ ਬੰਦਾ ਆਪਣੀ ਗੱਲ ਤਾਕੀਦ ਨਾਲ਼ ਰੱਖਦਾ ਹੈ।
8. ਅਨੁਮਾਨ (ਅੰਦਾਜ਼ਾ)- ਮੇਰਾ ਅਨੁਮਾਨ ਹੈ ਕਿ ਅੱਜ ਮੀਂਹ ਪਵੇਗਾ ।
9. ਜ਼ਾਹਰ (ਪ੍ਰਗਟ)- ਝੂਠ ਨੂੰ ਕਿੰਨਾ ਵੀ ਲੁਕੋ ਕੇ ਰੱਖੋ, ਜ਼ਾਹਰ ਹੋ ਹੀ ਜਾਂਦਾ ਹੈ।
10.ਜਾਨਸ਼ੀਨ (ਉੱਤਰ-ਅਧਿਕਾਰੀ) ਸ਼ੇਖ਼ ਫ਼ਰੀਦ ਨੇ ਸ਼ੇਖ਼ ਨਿਜ਼ਾਮੁਦੀਨ ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ।
11.ਸੰਦੇਸ਼ (ਸੁਨੇਹਾ)- ਮੈਂ ਤੁਹਾਡਾ ਸੰਦੇਸ਼ ਮਿਲ਼ਦਿਆਂ ਹੀ ਇੱਥੋਂ ਚਲਾ ਜਾਵਾਂਗਾ।
12.ਅਹਿਸਾਨ (ਮਿਹਰਬਾਨੀ)- ਸਾਨੂੰ ਕਿਸੇ ਤੇ ਅਹਿਸਾਨ ਕਰ ਕੇ ਸੁਣਾਉਣਾ ਨਹੀਂ ਚਾਹੀਦਾ।