ਪਾਠ– 23 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ
ਖਾਲੀ ਥਾਵਾਂ ਭਰੋ:-
1. ਪ੍ਰਸਤਾਵਨਾ ਨੂੰ ਸੰਵਿਧਾਨ ਦੀ ਕੁੰਜੀ ਵੀ ਕਿਹਾ ਜਾਂਦਾ ਹੈ।
2. ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 32 ਤੱਕ ਅਧਿਕਾਰ ਦਰਜ ਹਨ।
3. ਸੰਵਿਧਾਨ ਦੀ 42 ਵੀਂ ਸੋਧ ਰਾਹੀਂ ਪ੍ਰਸਤਾਵਨਾ ਵਿਚ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ ਦਰਜ਼ ਕੀਤੇ ਗਏ।
4. ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ।
ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਪ੍ਰਸਤਾਵਨਾ ਦਾ ਆਰੰਭ ‘ਅਸੀਂ ਭਾਰਤ ਦੇ ਲੋਕ‘ ਸ਼ਬਦਾਂ ਨਾਲ ਹੁੰਦਾ ਹੈ। (✓)
2. ਪ੍ਰਸਤਾਵਨਾ ਵਿਚ ਸਮਾਨਤਾ ਸ਼ਬਦ ਦਰਜ ਨਹੀਂ ਕੀਤਾ ਗਿਆ। (X)
3. ਸੰਵਿਧਾਨ ਅਨੁਸਾਰ ਧਰਮ, ਜਾਤ, ਰੰਗ, ਨਸਲ ਦੇ ਆਧਾਰ ਤੇ ਭੇਦਭਾਵ ਕੀਤਾ ਜਾ ਸਕਦਾ ਹੈ। (X)
4. ਵੋਟ ਦਾ ਅਧਿਕਾਰ ਰਾਜਨੀਤਿਕ ਨਿਆਂ ਪ੍ਰਦਾਨ ਕਰਦਾ ਹੈ। (✓)
5. ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੇ ਅੰਤ ਵਿੱਚ ਲਿਖਿਆ ਗਿਆ ਹੈ। (X)
ਬਹੁਵਿਕਲਪੀ
ਪ੍ਰਸ਼ਨ 1. ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ਼ ਹਨ?
ੳ) ਪਹਿਲਾ ਭਾਗ ਅ) ਦੂਜਾ ਭਾਗ
ੲ) ਤੀਜਾ ਭਾਗ (✓) ਸ) ਚੌਥਾ ਭਾਗ
2. ਆਦਰਸ਼ ਲਈ ਕਾਨੂੰਨ ਕਿੱਥੇ ਦਰਜ਼ ਹਨ?
ੳ) ਕਾਨੂੰਨ ਦੀਆਂ ਕਿਤਾਬਾਂ ਵਿੱਚ ਅ) ਪ੍ਰਸਤਾਵਨਾ ਵਿਚ
ੲ) ਭਾਰਤੀ ਸੰਵਿਧਾਨ ਵਿਚ (✓) ਸ) ਇਨ੍ਹਾਂ ਵਿਚੋਂ ਕੋਈ ਨਹੀਂ।
3. ਸੰਵਿਧਾਨ ਦੇ ਕਿਹੜੇ ਅਨੁਛੇਦ ਵਿਚ ਭਾਰਤੀ ਨਾਗਰਿਕਾਂ ਨੂੰ ਛੇ ਸੁਤੰਤਰਤਾ ਦਿੱਤੀਆ ਗਈਆਂ ਹਨ?
ੳ) ਅਨੁਛੇਦ 18 ਅ) ਅਨੁਛੇਦ 14
ੲ) ਅਨੁਛੇਦ 19 (✓) ਸ) ਅਨੁਛੇਦ 17
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 1. ਧਰਮ- ਨਿਰਪੱਖਤਾ ਸ਼ਬਦ ਦਾ ਅਰਥ ਲਿਖੋ।
ਉੱਤਰ- ਧਰਮ ਨਿਰਪੱਖਤਾ ਦਾ ਭਾਵ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ਹੈ।
ਪ੍ਰਸ਼ਨ 2. ਧਰਮ ਨਿਰਪੱਖਤਾ ਦੀ ਕੋਈ ਉਦਾਹਰਣ ਦਿਓ।
ਉੱਤਰ- ਧਰਮ ਨਿਰਪੱਖਤਾ ਦੀ ਵੱਡੀ ਉਦਾਹਰਨ ਇਹ ਹੈ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਖ-ਵੱਖ ਧਰਮਾਂ ਦੇ ਰਹੇ ਹਨ। ਇਸੇ ਤਰ੍ਹਾਂ ਹੀ ਹੋਰ ਸੰਵਿਧਾਨਕ ਅਹੁਦਿਆਂ ਤੇ ਵੀ ਸਾਰੇ ਧਰਮਾਂ ਦੇ ਲੋਕ ਰਹੇ ਹਨ।
ਪ੍ਰਸ਼ਨ 3. ਸੰਵਿਧਾਨ ਵਿੱਚ ਸ਼ਾਮਲ ਆਦਰਸ਼ਾਂ ਤੋਂ ਕੀ ਭਾਵ ਹੈ?
ਉੱਤਰ- ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਰਾਜ ਦੇ ਆਦਰਸ਼ ਸੰਪੂਰਨ ਪ੍ਰਭੂਸੱਤਾ ਸੰਪੰਨ, ਧਰਮ-ਨਿਰਪੱਖਤਾ, ਸਭ ਨੂੰ ਬਰਾਬਰ ਨਿਆਂ, ਸਤੰਤਰਤਾ, ਸਮਾਨਤਾ, ਭਾਈਚਾਰਾ, ਰਾਸ਼ਟਰ ਦੀ ਏਕਤਾ ਅਤੇ ਅਖੰਡਤਾ, ਗਣਰਾਜ ਆਦਿ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਆਦਰਸ਼ਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ।
ਪ੍ਰਸ਼ਨ 4. ਪ੍ਰਸਤਾਵਨਾ ਵਿਚ ਦਰਜ਼ ਆਦਰਸ਼ਾਂ ਨੂੰ ਕਿਵੇ ਪੂਰਾ ਕੀਤਾ ਗਿਆ ਹੈ?
ਉੱਤਰ- ਇਨ੍ਹਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਵੱਖ-ਵੱਖ ਕਾਨੂੰਨ ਬਣਾਏ ਗਏ ਹਨ।
ਪ੍ਰਸ਼ਨ 5. ਪ੍ਰਸਤਾਵਨਾ ਕੀ ਹੈ?
ਉੱਤਰ- ਪ੍ਰਸਤਾਵਨਾ ਇਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਸੰਵਿਧਾਨ ਦੇ ਮੁੱਖ ਉਦੇਸ਼, ਇਸਦੇ ਮੌਲਿਕ ਸਿਧਾਂਤਾਂ, ਆਦਰਸ਼ਾਂ ਆਦਿ ਦਾ ਵਰਣਨ ਕੀਤਾ ਜਾਂਦਾ ਹੈ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 6. ਨਿਆਂ ਤੋਂ ਕੀ ਭਾਵ ਹੈ ? ਇਸ ਆਦਰਸ਼ ਨੂੰ ਕਿਵੇਂ ਲਾਗੂ ਕੀਤਾ ਗਿਆ ਹੈ?
ਉੱਤਰ- ਭਾਰਤ ਵਿੱਚ ਸਾਰੇ ਨਾਗਰਿਕਾਂ ਨੂੰ ਸਮਾਜਿਕ ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਨਿਆਂ ਦਿੱਤਾ ਗਿਆ ਹੈ। ਜਾਤ-ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ।
ਇਸ ਆਦਰਸ਼ ਨੂੰ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕਰਕੇ ਲਾਗੂ ਕੀਤਾ ਗਿਆ ਹੈ।
ਪ੍ਰਸ਼ਨ 7. ਸਮਾਨਤਾ ਤੋਂ ਕੀ ਭਾਵ ਹੈ? ਸੰਵਿਧਾਨ ਅਨੁਸਾਰ ਕਿਹੜੀਆਂ ਸਮਾਨਤਾਵਾਂ ਦਿੱਤੀਆਂ ਗਈਆਂ ਹਨ?
ਉੱਤਰ- ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਵੱਖ ਵੱਖ ਖੇਤਰਾਂ ਵਿੱਚ ਸਮਾਨਤਾ ਦਿੱਤੀ ਗਈ ਹੈ। ਕਾਨੂੰਨ ਦੇ ਸਾਹਮਣੇ ਸਾਰੇ ਲੋਕ ਸਮਾਨ ਹਨ। ਛੂਤ-ਛਾਤ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਕਿਸੇ ਵਿਸ਼ੇਸ਼ ਧਰਮ, ਜਾਤ, ਰੰਗ ਜਾਂ ਨਸਲ ਨੂੰ ਕੋਈ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਹੈ।
ਪ੍ਰਸ਼ਨ 8 ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ?
ਉੱਤਰ- 1.ਪ੍ਰਸਤਾਵਨਾ ਵਿਚ ਸੰਵਿਧਾਨ ਦੇ ਮੁੱਖ ਉਦੇਸ਼ ਅਤੇ ਮੌਲਿਕ ਸਿਧਾਤਾਂ ਦਾ ਵਰਣਨ ਕੀਤਾ ਗਿਆ ਹੈ।
2. ਇਹ ਭਾਰਤੀ ਸੰਵਿਧਾਨ ਨੂੰ ਮੂਲ ਢਾਂਚਾ ਪ੍ਰਦਾਨ ਕਰਦੀ ਹੈ।
3. ਇਹ ਸੰਵਿਧਾਨ ਨਿਰਮਾਤਾਵਾਂ ਦੇ ਮਨਾਂ ਦੀ ਕੁੰਜੀ ਹੁੰਦੀ ਹੈ।
ਪ੍ਰਸ਼ਨ 9 ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਕੀ ਭਾਵ ਹੈ? ਕੀ ਅਸੀਂ ਇਸ ਉਦੇਸ਼ ਨੂੰ ਪੂਰਾ ਕਰ ਸਕੇ ਹਾਂ?
ਉੱਤਰ- 42 ਵੀਂ ਸੋਧ ਅਨੁਸਾਰ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਅਖੰਡਤਾ ਅਤੇ ਏਕਤਾ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਭਾਵ ਹੈ ਕਿ ਭਾਰਤ ਵਿਚ ਵੱਖ ਵੱਖ ਜਾਤਾਂ, ਧਰਮਾਂ, ਨਸਲਾਂ ਅਤੇ ਜਾਤੀਆਂ ਦੇ ਲੋਕ ਵੱਸਦੇ ਹੋਣ ਦੇ ਬਾਵਜੂਦ ਉਹ ਸਮੁੱਚੇ ਤੌਰ ਤੇ ਇੱਕ ਹੀ ਰਾਸ਼ਟਰ ਦਾ ਨਿਰਮਾਣ ਕਰਦੇ ਹਨ।
ਪ੍ਰਸ਼ਨ 10 ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਤੋਂ ਕੀ ਭਾਵ ਹੈ?
ਉੱਤਰ- ਸਮਾਜਿਕ ਨਿਆਂ ਤੋਂ ਭਾਵ ਹੈ ਕਿ ਜਾਤ-ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ।
ਆਰਥਿਕ ਨਿਆਂ ਤੋਂ ਭਾਵ ਹੈ ਕਿ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਹਰੇਕ ਵਿਅਕਤੀ ਨੂੰ ਕੰਮ ਦੇ ਬਰਾਬਰ ਮੌਕੇ ਦਿੱਤੇ ਜਾਂਦੇ ਹਨ।
ਰਾਜਨੀਤਿਕ ਨਿਆਂ ਤੋਂ ਭਾਵ ਹੈ ਕਿ ਹਰ ਵਿਅਕਤੀ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਦਿੱਤੇ ਜਾਂਦੇ ਹਨ, ਜਿਵੇਂ ਵੋਟ ਦਾ ਅਧਿਕਾਰ, ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ ਆਦਿ।