ਪਾਠ 6 ਮਧੂ-ਮੱਖੀ ਪਾਲਣ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਸ਼ਹਿਦ ਮੱਖੀ ਦੀਆਂ ਦੋ ਪਾਲਤੂ ਕਿਸਮਾਂ ਦੇ ਨਾਂ ਦੱਸੋ।
ਉੱਤਰ—ਇਟਾਲੀਅਨ ਸ਼ਹਿਦ ਮੱਖੀ ਅਤੇ ਹਿੰਦੁਸਤਾਨੀ ਸ਼ਹਿਦ ਮੱਖੀ।
ਪ੍ਰਸ਼ਨ 2. ਸ਼ਹਿਦ ਮੱਖੀ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ ਹਨ ?
ਉੱਤਰ-ਤਿੰਨ ਜੋੜੇ ਲੱਤਾਂ।
ਪ੍ਰਸ਼ਨ 3 . ਸ਼ਹਿਦ ਮੱਖੀ ਦੀਆਂ ਦੋ ਜੰਗਲੀ ਕਿਸਮਾਂ ਦੇ ਨਾਂ ਲਿਖੋ।
ਉੱਤਰ—ਡੂਮਣਾ ਮੱਖੀ ਤੇ ਲੱਡੂ ਮੱਖੀ।
ਪ੍ਰਸ਼ਨ 4. ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣ ਸ਼ੁਰੂ ਕਰਨ ਲਈ ਢੁਕਵਾਂ ਸਮਾਂ ਕਿਹੜਾ ਹੈ ?
ਉੱਤਰ-ਫਰਵਰੀ-ਮਾਰਚ ਤੇ ਨਵੰਬਰ ਦਾ ਸਮਾਂ।
ਪ੍ਰਸ਼ਨ 5 . ਨਰ ਮੱਖੀਆਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ।
ਉੱਤਰ—ਡਰੋਨ ਨਾਂ ਨਾਲ।
ਪ੍ਰਸ਼ਨ 6 . ਕੀ ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣ ਸੰਬੰਧੀ ਸਿਖਲਾਈ ਲਈ ਫੀਸ ਪੈਂਦੀ ਹੈ ?
ਉੱਤਰ—ਕੋਈ ਸਿਖਲਾਈ ਫੀਸ ਨਹੀਂ।
ਪ੍ਰਸ਼ਨ 7. ਵਧੇਰੇ ਮੁਨਾਫ਼ੇ ਲਈ ਕਿੰਨੇ ਛੱਤੇ ਸ਼ਹਿਦ ਮੱਖੀਆਂ ਦੇ ਪ੍ਰਤੀ ਕਟੁੰਬ ਨਾਲ ਕਿੱਤਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
ਉੱਤਰ-ਅੱਠ ਫਰੇਮ ਮੱਖੀ ਨਾਲ।
ਪ੍ਰਸ਼ਨ 8 . ਸ਼ਹਿਦ ਮੱਖੀਆਂ ਪੱਕੇ ਹੋਏ ਸ਼ਹਿਦ ਨੂੰ ਕਿਸ ਚੀਜ਼ ਨਾਲ ਸੀਲ ਕਰਦੀਆਂ ਹਨ ?
ਉੱਤਰ-ਮੇਮ ਨਾਲ।
ਪ੍ਰਸ਼ਨ 9. ਕਟੁੰਬ ਵਿਚਲੀ ਰਾਣੀ ਮੱਖੀ ਕਿੰਨੀ ਦੇਰ ਬਾਅਦ ਨਵੀਂ ਰਾਣੀ ਨਾਲ ਬਦਲ ਦੇਣੀ ਚਾਹੀਦੀ ਹੈ ?
ਉੱਤਰ—ਹਰ ਸਾਲ।
ਪ੍ਰਸ਼ਨ 10. ਕਾਮਾ ਮੱਖੀਆਂ ਨਰ ਹੁੰਦੀਆਂ ਹਨ ਜਾਂ ਮਾਦਾ।
ਉੱਤਰ-ਮਾਦਾ ਮੱਖੀਆਂ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਡੂਮਣਾ ਮੱਖੀਆਂ ਆਪਣੇ ਛੱਤੇ ਕਿੱਥੇ ਲਗਾਉਂਦੀਆਂ ਹਨ ?
ਉੱਤਰ-ਡੂਮਣਾ ਮੱਖੀਆਂ ਆਪਣੇ ਛੱਤੇ ਪਾਣੀ ਦੀ ਟੈਂਕੀ, ਇਮਾਰਤਾਂ ਦੇ ਛੱਜਿਆਂ ਚੱਟਾਨਾਂ ਅਤੇ ਦਰਖਤਾਂ ਦੀਆਂ ਮੋਟੀਆਂ ਟਹਿਣੀਆਂ ਉੱਪਰ ਬਣਾਉਂਦੀ ਹੈ।
ਪ੍ਰਸ਼ਨ 2. ਨਵੀਂ ਅਤੇ ਪੁਰਾਣੀ ਰਾਣੀ ਮੱਖੀ ਦੀ ਕੀ ਪਛਾਣ ਹੈ ?
ਉੱਤਰ-ਨਵੀਂ ਗਰਭਤ ਰਾਣੀ ਮੱਖੀ ਗਠੀਲੇ ਸਰੀਰ ਵਾਲੀ, ਸੁਨਹਿਰੀ ਭੂਰੇ ਰੰਗ ਦੀ ਚਮਕੀਲੀ ਅਤੇ ਲੰਬੇ ਪੇਟ ਵਾਲੀ ਹੁੰਦੀ ਹੈ। ਉਮਰ ਵਧਣ ਦੇ ਨਾਲ ਨਾਲ ਰਾਣੀ ਮੱਖੀ ਦਾ ਰੰਗ ਗੂੜ੍ਹਾ ਭੂਰਾ ਤੇ ਫਿਰ ਕਾਲਾ ਭੂਰਾ ਹੋ ਜਾਂਦਾ ਹੈ। ਪਰ ਪੁਰਾਣੀ ਰਾਣੀ ਮੱਖੀ ਦਾ ਪੇਟ ਲੰਬਾ ਹੁੰਦਾ ਹੈ, ਇਸ ਉੱਤੇ ਧਾਰੀਆਂ ਨਹੀਂ ਹੁੰਦੀਆਂ ਅਤੇ ਖੰਭ ਪੇਟ ਨੂੰ ਪੂਰੀ ਤਰ੍ਹਾਂ ਢੱਕਦੇ ਹਨ।
ਪ੍ਰਸ਼ਨ 3. ਸ਼ਹਿਦ ਮੱਖੀ ਪਾਲਣ ਦੀ ਮੁੱਢਲੀ ਸਿਖਲਾਈ ਕਿਥੋਂ ਲਈ ਜਾ ਸਕਦੀ ਹੈ ?
ਉੱਤਰ—ਸ਼ਹਿਦ ਮੱਖੀ ਪਾਲਣ ਦੀ ਪ੍ਰੈਕਟੀਕਲ ਸਿਖਲਾਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ. ਏ. ਯੂ.) ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਪ੍ਰਸ਼ਨ 4. ਗਰਮੀ ਰੁੱਤ ਦੇ ਸ਼ੁਰੂ ਵਿੱਚ ਬਕਸਿਆਂ ਨੂੰ ਧੁੱਪ ਤੋਂ ਛਾਂ ਵਿਚ ਕਿਸ ਤਰ੍ਹਾਂ ਲਿਆਇਆ ਜਾ ਸਕਦਾ ਹੈ ?
ਉੱਤਰ—ਗਰਮੀ ਤੋਂ ਬਚਾਉਣ ਲਈ ਕਟੁੰਬਾਂ ਨੂੰ ਹਰ ਰੋਜ਼ 2-3 ਫੁੱਟ ਖਿਸਕਾ ਕੇ ਸੰਘਣੀ ਛਾਂ ਹੇਠ ਕਰੋ ਅਤੇ ਬਕਸਿਆਂ ਨੂੰ ਹਵਾਦਾਰ ਬਣਾਉ।
ਪ੍ਰਸ਼ਨ 5. ਸ਼ਹਿਦ ਮੱਖੀ ਫ਼ਾਰਮ ਤੇ ਕਟੁੰਬ ਤੋਂ ਕਟੁੰਬ ਅਤੇ ਕਤਾਰ ਤੋਂ ਕਤਾਰ ਕਿੰਨਾ ਫ਼ਾਸਲਾ ਹੋਣਾ ਚਾਹੀਦਾ ਹੈ ?
ਉੱਤਰ—ਸ਼ਹਿਦ ਮੱਖੀ ਫਾਰਮ ਤੇ ਕਟੁੰਬ ਤੋਂ ਕਟੁੰਬ ਦਾ ਫ਼ਾਸਲਾ 6 ਤੋਂ 8 ਫੁੱਟ ਅਤੇ ਕਤਾਰ ਤੋਂ ਕਤਾਰ ਦਾ ਫ਼ਾਸਲਾ 10 ਫੁੱਟ ਉੱਤੇ ਹੋਣਾ ਚਾਹੀਦਾ ਹੈ।
ਪ੍ਰਸ਼ਨ 6 . ਸ਼ਹਿਦ ਮੱਖੀ ਕਟੁੰਬਾਂ ਤੋਂ ਸ਼ਹਿਦ ਤੋਂ ਇਲਾਵਾ ਹੋਰ ਕਿਹੜੇ ਪਦਾਰਥ ਪ੍ਰਾਪਤ ਕੀਤੇ ਜਾ ਸਕਦੇ ਹਨ ?
ਉੱਤਰ—ਸ਼ਹਿਦ ਮੱਖੀ ਕਟੁੰਬਾਂ ਤੋਂ ਸ਼ਹਿਦ ਤੋਂ ਇਲਾਵਾ ਸ਼ਹਿਦ ਤੋਂ ਉਤਾਰੀ ਮੋਮ, ਟੁੱਟੇ ਹੋਏ ਛੱਤੇ, ਪੁਰਾਣੇ ਬੇਕਾਰ ਛੱਤੇ ਜਾਂ ਜੰਗਲੀ ਮੱਖੀ ਦੇ ਛੱਤੇ ਪ੍ਰਾਪਤ ਹੁੰਦੇ ਹਨ।
ਪ੍ਰਸ਼ਨ 7. ਕੱਚਾ ਸ਼ਹਿਦ ਕਿਉਂ ਨਹੀਂ ਕੱਢਣਾ ਚਾਹੀਦਾ ?
ਉੱਤਰ—ਕੱਚਾ ਸ਼ਹਿਦ ਨਹੀਂ ਕੱਢਣਾ ਚਾਹੀਦਾ ਕਿਉਂਕਿ ਇਹ ਸ਼ਹਿਦ ਜਲਦੀ ਹੀ ਖੱਟਾ ਹੋ ਜਾਂਦਾ ਹੈ।
ਪ੍ਰਸ਼ਨ 8 . ਸ਼ਹਿਦ ਨੂੰ ਕਿਸ ਤਰ੍ਹਾਂ ਪੁਣ ਸਕਦੇ ਹਾਂ ?
ਉੱਤਰ—ਸ਼ਹਿਦ ਉੱਪਰ ਇਕੱਠੀਆਂ ਹੋਈਆਂ ਅਸ਼ੁੱਧੀਆਂ (ਮੋਮ, ਸ਼ਹਿਦ ਮੱਖੀਆਂ ਅਤੇ ਉਨ੍ਹਾਂ ਦੇ ਖਭ ਆਦਿ) ਨਿਤਾਰ ਕੇ ਕੱਢ ਦੇਵੋ ਅਤੇ ਸ਼ਹਿਦ ਨੂੰ ਮਲਮਲ ਦੇ ਦੂਹਰੇ ਕੱਪੜੇ ਜਾਂ ਸਟੀਲ ਦੇ ਫ਼ਿਲਟਰ ਰਾਹੀਂ ਪੁਣ ਲਵੋ।
ਪ੍ਰਸ਼ਨ 9. ਸ਼ਹਿਦ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਕਰਨ ਲਈ ਕਿਹੜਾ ਮਾਨ ਬਹੁਤ ਜ਼ਰੂਰੀ ਹੈ ?
ਉੱਤਰ-ਸ਼ਹਿਦ ਮੱਖੀ ਪਾਲਣ ਲਈ ਸ਼ਹਿਦ ਮੱਖੀਆਂ ਤੋਂ ਇਲਾਵਾ ਸ਼ਹਿਦ ਮੱਖੀਆਂ ਦਾ ਕਸਾ, ਫ਼ਰੇਮਾਂ ਨੂੰ ਹਿਲਾਉਣ ਲਈ ਪੱਤੀ, ਧੂੰਆਂ ਦੇਣ ਲਈ ਸਮੋਕਰ, ਮੋਮ ਦੀਆਂ ਬੁਨਿਆਦੀ ਸ਼ੀਟਾਂ ਦੀ ਲੋੜ ਪੈਂਦੀ ਹੈ। ਸ਼ਹਿਦ ਕੱਢਣ ਲਈ ਮਸ਼ੀਨ ਜ਼ਰੂਰਤ ਸਮੇਂ ਕਿਸੇ ਮੱਖੀ ਪਾਲਕ ਤੋਂ ਉਧਾਰ ਜਾਂ ਕਿਰਾਏ ਉੱਪਰ ਲਈ ਜਾ ਸਕਦੀ ਹੈ।
ਪ੍ਰਸ਼ਨ 10 . ਸ਼ਹਿਦ ਦੇ ਮੰਡੀਕਰਨ ਬਾਰੇ ਨੋਟ ਲਿਖੋ।
ਉੱਤਰ-ਪੰਜਾਬ ਵਿੱਚ ਸ਼ਹਿਦ ਦੀ ਖ਼ਰੀਦ ਲਈ ਵਪਾਰੀ ਅਤੇ ਨਿਰਯਾਤਕ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ਹਿਦ ਮੱਖੀ ਪਾਲਕਾਂ ਦੇ ਸੈਲਫ਼ ਹੈਲਪ ਗਰੁੱਪ (SHG) ਵੀ ਸ਼ਹਿਦ ਦੇ ਮੰਡੀਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਸ਼ਹਿਦ ਨੂੰ ਵੱਖ-ਵੱਖ ਆਕਾਰ ਦੀਆਂ ਆਕਰਸ਼ਿਤ ਬੋਤਲਾਂ ਵਿੱਚ ਭਰ ਕੇ ਵੇਚਣ ਨਾਲ ਮੁਨਾਫ਼ਾ ਹੋਰ ਵੀ ਵਧਾਇਆ ਜਾ ਸਕਦਾ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਸ਼ਹਿਦ ਮੱਖੀਆਂ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਹੈ ?
ਉੱਤਰ-ਮੱਖੀਆਂ ਖਰੀਦਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
1.ਰਾਣੀ ਮੱਖੀ ਨਵੀਂ ਤੇ ਗਰਭਤ ਹੋਵੇ। ਅਜਿਹੀ ਰਾਣੀ ਮੱਖੀ ਦੀ ਧੜ ਹਲਕੀ, ਭਰੀ ਅਤੇ ਚਮਕੀਲੀ ਹੁੰਦੀ ਹੈ ਪਰ ਪੁਰਾਣੀ ਮੁੱਖੀ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੀ ਅਤੇ ਚਮਕ ਰਹਿਤ ਭੱਦੀ ਜਿਹੀ ਧੜ ਵਾਲੀ ਹੁੰਦੀ ਹੈ।
2.ਖਰੀਦੀਆਂ ਫਰੇਮਾਂ ਵਿਚ ਕਾਫ਼ੀ ਮਾਤਰਾ ਵਿਚ ਕਾਮਾ ਮੱਖੀਆਂ, ਅੰਡੇ ਅਤੇ ਬੰਦ ਬਰੂਡ ਆਦਿ ਹੋਵੇ ਅਤੇ ਲੋੜੀਂਦੀ ਮਾਤਰਾ ਵਿਚ ਸ਼ਹਿਦ ਅਤੇ ਪੋਲਨ ਵੀ ਹੋਣਾ ਚਾਹੀਦਾ ਹੈ
3.ਅੰਡੇ ਸਹੀ ਸੈੱਲਾਂ ਦੇ ਥੱਲੇ ਵਿਚਕਾਰ ਅਤੇ ਹਰ ਸੈੱਲ ਵਿਚ ਇੱਕ-ਇੱਕ ਹੋਵੇ।
4.ਜ਼ਿਆਦਾ ਡਰੈਨ ਬਰੂਡ ਫਰੇਮ ਨਵੇਂ ਕੁਟੰਬ ਵਿੱਚ ਨਹੀਂ ਹੋਣੇ ਚਾਹੀਦੇ।
5 . ਸ਼ਹਿਦ ਮੱਖੀ ਫ਼ਾਰਮ ਉੱਤੇ ਸਰਦੀ ਵਿਚ ਧੁੱਪ ਅਤੇ ਗਰਮੀ ਵਿਚ ਛਾਂ ਦੀ ਵਿਵਸਥਾ ਕਰਨ ਲਈ ਪੱਤਝੜ ਵਾਲੇ ਬੂਟੇ ਲਾਉਣੇ ਚਾਹੀਦੇ ਹਨ।
6 . ਸ਼ਹਿਦ ਮੱਖੀ ਪਾਲਣ ਲਈ ਅਜਿਹੀ ਥਾਂ ਚੁਣੋ ਜਿਥੇ ਸਾਲ ਭਰ ਕਿਸੇ ਨਾ ਕਿਸੇ ਕਿਸਮ ਦੇ ਫੁੱਲ ਮਿਲਦੇ ਹੋਣ।
7.ਸਾਫ਼-ਸੁਥਰੇ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਪ੍ਰਸ਼ਨ 2. ਸ਼ਹਿਦ ਮੱਖੀ ਕਟੁੰਬਾਂ ਵਿੱਚੋਂ ਸ਼ਹਿਦ ਕੱਢਣ ਦੀ ਵਿਧੀ ਦਾ ਵਰਨਣ ਕਰੋ।
ਉੱਤਰ—ਸ਼ਹਿਦ ਮੱਖੀਆਂ ਪੱਕੇ ਹੋਏ ਸ਼ਹਿਦ ਨੂੰ ਮੋਮ ਦੀ ਤਹਿ ਨਾਲ ਸੀਲ ਕਰ ਦਿੰਦੀਆਂ ਹਨ।ਕਦੇ ਵੀ ਬਰੂਡ ਵਾਲੇ ਛੱਤਿਆਂ ਵਿੱਚ ਜਮ੍ਹਾਂ ਕੀਤਾ ਸ਼ਹਿਦ ਨਾ ਕੱਢੋ। ਕੱਚਾ ਸ਼ਹਿਦ ਵੀ ਨਾ ਕੱਢੋ ਕਿਉਂਕਿ ਇਹ ਸ਼ਹਿਦ ਜਲਦੀ ਹੀ ਖੱਟਾ ਹੋ ਜਾਂਦਾ ਹੈ। ਪੱਕੇ ਹੋਏ ਸ਼ਹਿਦ (Sealed honey) ਵਾਲੇ ਛੱਤੇ ਚੁਣ ਕੇ ਉਨ੍ਹਾਂ ਤੋਂ ਸ਼ਹਿਦ ਮੱਖੀਆਂ ਨੂੰ ਹਲਕਾ ਝਟਕਾ ਦੇ ਕੇ ਅਤੇ वे ਮੱਖੀਆਂ ਝਾੜਨ ਵਾਲੇ ਬੁਰਸ਼ ਨਾਲ ਝਾੜ ਦੇਵੋ। ਇਨ੍ਹਾਂ ਛੱਤਿਆਂ ਨੂੰ ਬਕਸਿਆਂ ਵਿੱਚ ਬੰਦ ਕਰ ਕੇ ਕਿਸੇ ਜਾਲੀਦਾਰ ਕਮਰੇ ਜਾਂ ਵੱਡੀ ਮੱਛਰਦਾਨੀ ਵਿੱਚ ਲਿਜਾ ਕੇ ਰੱਖੋ। ਸ਼ਹਿਦ ਕੱਢਣ ਤੋਂ ਪਹਿਲਾਂ ਚਾਕੂ ਨਾਲ ਮੋਮ ਦੀ ਸੀਲ ਕੱਟ ਕੇ ਉਤਾਰ ਦੇਵੋ ਅਤੇ ਇਨ੍ਹਾਂ ਛੱਤਿਆਂ ਨੂੰ ਸ਼ਹਿਦ ਕੱਢਣ ਵਾਲੀ ਮਸ਼ੀਨ ਵਿੱਚ ਪਾ ਕੇ ਘੁਮਾਉ। ਅਜਿਹਾ ਕਰਕੇ ਛੱਤਿਆਂ ਵਿੱਚੋਂ ਸ਼ਹਿਦ ਕੱਢ ਲਵੋ। ਸ਼ਹਿਦ ਕੱਢਣ ਤੋਂ ਬਾਅਦ ਖਾਲੀ ਹੋਏ ਛੱਤੇ ਵਾਪਸ ਕਟੁੰਬ ਨੂੰ ਦੇ ਦੇਵੋ।
ਪ੍ਰਸ਼ਨ 3 . ਮੋਮ-ਪ੍ਰਾਪਤ ਕਰਨ ਦਾ ਤਰੀਕਾ ਕੀ ਹੈ ?
ਉੱਤਰ-ਸ਼ਹਿਦ ਕੱਢਣ ਦੌਰਾਨ ਪੱਕੇ ਸ਼ਹਿਦ ਤੋਂ ਉਤਾਰੀ ਮੋਮ, ਟੁੱਟੇ ਹੋਏ ਛੱਤੇ, ਪੁਰਾਣੇ ਬੇਕਾਰ ਛੱਤੇ ਜਾਂ ਜੰਗਲੀ ਮੱਖੀ ਦੇ ਛੱਤੇ ਆਦਿ ਗਰਮ ਪਾਣੀ ਵਿੱਚ ਪਾ ਕੇ ਪੁਣ ਲਵੋ। ਰਹਿੰਦ-ਖੂੰਹਦ ਪੁਣਨ ਵੇਲੇ ਵਰਤੇ ਕੱਪੜੇ ਉੱਪਰ ਰਹਿ ਜਾਵੇਗੀ ਜਦ ਕਿ ਪਿਘਲੀ ਹੋਈ ਮੋਮ ਪਾਣੀ ਸਮੇਤ ਥੱਲੇ ਰੱਖੇ ਖੁੱਲੇ ਮੂੰਹ ਵਾਲੇ ਬਰਤਨ ਵਿੱਚ ਚਲੀ ਜਾਵੇਗੀ। ਸਵੇਰ ਤੱਕ ਸਾਰੀ ਮੋਮ ਪਾਣੀ ਦੇ ਉੱਪਰ ਇੱਕ ਟਿੱਕੀ ਦੇ ਰੂਪ ਵਿੱਚ ਇਕੱਠੀ ਹੋ ਜਾਵੇਗੀ।
ਪ੍ਰਸ਼ਨ 4 . ਸ਼ਹਿਦ ਮੱਖੀ ਪਾਲਣ ਲਈ ਮੌਜੂਦਾ ਸਬਸਿਡੀ ਸਹੂਲਤਾਂ ਕਿਹੜੀਆਂ ਹਨ ?
ਉੱਤਰ—ਸ਼ਹਿਦ ਮੱਖੀ ਦੇ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵੱਲੋਂ ਰਾਸ਼ਟਰੀ ਬਾਗਬਾਨੀ ਮਿਸ਼ਨ ਦੇ ਅਧੀਨ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਦ ਕੱਢਣ ਵਾਲੀ ਮਸ਼ੀਨ, ਸੈੱਲ ਟੋਪੀਆਂ ਉਤਾਰਨ ਵਾਲਾ ਚਾਕੂ, ਡਰਿਪ ਟਰੇਅ ਅਤੇ ਸ਼ਹਿਦ ਪਾਉਣ ਲਈ ਫੂਡ ਗ੍ਰੇਡ ਪਲਾਸਟਿਕ ਦੀਆਂ ਬਾਲਟੀਆਂ ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ।
ਪ੍ਰਸ਼ਨ 5 . ਸ਼ਹਿਦ ਮੱਖੀ ਪਾਲਣ ਦੀ ਮਹੱਤਤਾ ਬਾਰੇ ਚਾਨਣਾ ਪਾਉ।
ਉੱਤਰ—ਸ਼ਹਿਦ ਮੱਖੀ ਪਾਲਣ ਇੱਕ ਲਾਭਕਾਰੀ ਅਤੇ ਮਹੱਤਵਪੂਰਨ ਖੇਤੀ ਸਹਾਇਕ ਕਿੱਤਾ ਹੈ। ਕੋਈ ਵੀ ਇਸਤਰੀ, ਪੁਰਸ਼ ਅਤੇ ਵਿਦਿਆਰਥੀ ਸ਼ਹਿਦ ਮੱਖੀ ਪਾਲਣ ਨੂੰ ਸਹਾਇਕ ਜਾਂ ਮੁੱਖ ਕਿੱਤੇ ਦੇ ਤੌਰ ਤੇ ਅਪਣਾ ਸਕਦਾ ਹੈ। ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕੋਈ ਜ਼ਮੀਨ ਜਾਂ ਵੱਡੀ ਪੂੰਜੀ ਦੀ ਵੀ ਲੋੜ ਨਹੀਂ ਪੈਂਦੀ।
ਇਟਾਲੀਅਨ ਸ਼ਹਿਦ ਮੱਖੀਆਂ ਸਥਾਈ (Stationary) ਮੱਖੀ ਪਾਲਣ ਵਿੱਚ 20 ਕਿਲੋ ਅਤੇ ਹਿਜਰਤੀ (Migratory) ਮੱਖੀ ਪਾਲਣ ਵਿੱਚ 60 ਕਿਲੋ ਸ਼ਹਿਦ ਪ੍ਰਤੀ ਕਟੁੰਬ ਦਿੰਦੀ ਹੈ। ਸ਼ਹਿਦ ਮੱਖੀਆਂ ਤੋਂ ਮੋਮ, ਪੋਪਲਿਸ, ਪੋਲਨ, ਸ਼ਹਿਦ ਮੱਖੀ ਜ਼ਹਿਰ ਅਤੇ ਰਾਇਲ ਜੈਲੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵਾਧੂ ਰਾਣੀ ਮੱਖੀਆਂ ਤਿਆਰ ਕਰਕੇ ਅਤੇ ਸ਼ਹਿਦ ਮੱਖੀਆਂ ਦੇ ਕਟੁੰਬ ਵੇਚ ਕੇ ਆਮਦਨ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਸ਼ਹਿਦ ਮੱਖੀਆਂ ਇਨ੍ਹਾਂ ਪਦਾਰਥਾਂ ਦੀ ਆਮਦਨ ਤੋਂ ਕਈ ਗੁਣਾ ਜ਼ਿਆਦਾ ਯੋਗਦਾਨ ਬਹੁਤ ਸਾਰੀਆਂ ਫ਼ਸਲਾਂ, ਫ਼ਲਦਾਰ ਬੂਟਿਆਂ ਅਤੇ ਸਬਜ਼ੀਆਂ ਆਦਿ ਦਾ ਪਰ-ਪਰਾਗਣ ਕਰਕੇ ਖੇਤੀ ਉਪਜ ਅਤੇ ਗੁਣਵੱਤਾ ਵਧਾਉਣ ਵਿੱਚ ਪਾਉਂਦੀਆਂ ਹਨ।