7. ਬਾਕੀ ਸਭ ਸੁੱਖ-ਸਾਂਦ ਹੈ
ਕਹਾਣੀਕਾਰ – ਮੋਹਨ ਭੰਡਾਰੀ
•••• ਸਾਰ ••••
ਇਸ ਕਹਾਣੀ ਵਿੱਚ ਲੇਖਕ ਨੇ ਪਿੰਡ ਦੇ ਲੋਕਾਂ ਦਾ ਦੁੱਖ-ਦਰਦ ਬਿਆਨ ਕੀਤਾ ਹੈ। ਮੋਹਣ ਸਿੰਘ ਪੰਜਵੀਂ ਤੋਂ ਦਸਵੀਂ ਪਾਸ ਕਰਨ ਤੱਕ ਗਲੀ ਦੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਰਿਹਾ ਹੈ। ਇਹ ਚਿੱਠੀਆਂ ਚਾਰ-ਚਾਰ ਸਫ਼ਿਆਂ ਤੱਕ ਚਲੀਆਂ ਜਾਂਦੀਆਂ ਸਨ ਅਤੇ ਦੋਹੇ, ਗਿਲਿਆਂ ਤੇ ਟਿੱਚਰਾਂ ਨਾਲ ਭਰਪੂਰ ਕਰਕੇ ਲਿਖਵਾਈਆਂ ਜਾਂਦੀਆਂ ਸਨ। ਬਜ਼ੁਰਗ ਔਰਤਾਂ ਦੀਆਂ ਚਿੱਠੀਆਂ ਵਿੱਚ ਕੁਪੱਤੀ ਨੂੰਹ, ਫ਼ੌਜ ਵਿੱਚ ਭਰਤੀ ਹੋਏ ਮੁੰਡੇ, ਮਾਪਿਆਂ ਦੇ ਘਰ ਬੈਠੀ ਧੀ, ਹੱਥ ਦੀ ਤੰਗੀ ਤੇ ਮੁਕੱਦਮੇ ਆਦਿ ਦੇ ਦੁੱਖਾਂ ਦਾ ਜ਼ਿਕਰ ਹੁੰਦਾ ਹੈ। ਮੋਹਣ ਸਿੰਘ ਲੋਕਾਂ ਦੀਆਂ ਅਜਿਹੀਆਂ ਦੁੱਖਾਂ ਨਾਲ ਭਰੀਆਂ ਚਿੱਠੀਆਂ ਲਿਖ-ਲਿਖ ਕੇ ਅੱਕ ਜਾਂਦਾ ਹੈ। ਉਹ ਹੋਰਨਾਂ ਪੰਜਵੀਂ ਵਿੱਚ ਪੜ੍ਹਦੇ ਮੁੰਡੇ-ਕੁੜੀਆਂ ਬਾਰੇ ਦੱਸ ਕੇ ਟਾਲ-ਮਟੋਲ ਕਰਨ ਲੱਗ ਪਿਆ, ਜਿਸ ਕਾਰਨ ਲੋਕਾਂ ਵਿੱਚ ਉਸ ਪ੍ਰਤੀ ਗੁੱਸਾ ਆ ਜਾਂਦਾ ਹੈ। ਉਹ ਸਹੀ ਵੀ ਹਨ ਕਿਉਂਕਿ ਉਹ ਹਰ ਕਿਸੇ ਅੱਗੇ ਆਪਣੀ ਕਬੀਲਦਾਰੀ ਤੇ ਘਰ ਦੇ ਪਰਦੇ ਨਹੀਂ ਖੋਲ੍ਹ ਸਕਦੇ।
ਜਾਗਰ ਫ਼ੌਜੀ ਦੀ ਮਾਂ ਹਰ ਕੌਰ ਮੋਹਣ ਸਿੰਘ ਕੋਲ ਚਿੱਠੀ ਲਿਖਵਾਉਣ ਆਈ। ਪਹਿਲਾਂ ਤਾਂ ਉਸ ਨੇ ਨਾਂਹ-ਨੁੱਕਰ ਕੀਤੀ, ਪਰ ਉਸ ਦੀਆਂ ਅੱਖਾਂ ਵਿੱਚ ਅੱਥਰੂ ਦੇਖ ਕੇ ਉਸ ਨੂੰ ਮੰਨਣਾ ਪਿਆ। ਉਹ ਚਿੱਠੀ ਲਿਖਣ ਲਈ ਉਸ ਦੇ ਘਰ ਚਲਾ ਗਿਆ। ਜਦੋਂ ਹਰ ਕੌਰ ਦੁਆਰਾ ਲੇਖਕ ਲਈ ਲਿਆਂਦਾ ਦੁੱਧ ਦਾ ਗਲਾਸ ਸੰਗਦਿਆਂ-ਸੰਗਦਿਆਂ ਉਸ ਨੇ ਮੂੰਹ ਨੂੰ ਲਾਇਆ, ਤਾਂ ਗਰਮ ਦੁੱਧ ਨਾਲ ਉਸ ਦੀ ਜੀਭ ਤੇ ਗਰਮ ਗਲਾਸ ਨਾਲ ਬੁੱਲ੍ਹ ਫੂਕੇ ਗਏ। ਡਰੀ ਹੋਈ ਹਰ ਕੌਰ ਨੇ ਫੈਂਟ-ਫੈਂਟ ਕੇ ਦੁੱਧ ਨੂੰ ਪਾਣੀ ਵਰਗਾ ਠੰਡਾ ਕਰ ਦਿੱਤਾ। ਲੇਖਕ ਨੂੰ ਅੰਦਰ ਪਈ ਹਰ ਕੌਰ ਦੀ ਨੂੰਹ ਦੀ ਹਾਏ-ਹਾਏ ਦੀ ਅਵਾਜ਼ ਸੁਣੀ। ਜਿਸ ਨੇ ਪਰਸੋਂ ਪੁੱਤ ਨੂੰ ਜਨਮ ਦਿੱਤਾ ਸੀ ਜੋ ਮਰ ਗਿਆ। ਹਰ ਕੌਰ ਨੇ ਮੋਹਣ ਸਿੰਘ ਨੂੰ ਆਪਣੇ ਦੁੱਖ-ਦਰਦ ਫਰੋਲਦਿਆਂ ਕਿਹਾ ਕਿ ਅਜਿਹੀ ਚਿੱਠੀ ਲਿਖਣਾ ਜਿਸ ਨੂੰ ਪੜ੍ਹਦਿਆਂ ਹੀ ਉਸ ਦਾ ਪੁੱਤਰ ਫ਼ੌਜ ਵਿੱਚੋਂ ਨਾਂ ਕਟਵਾ ਆਵੇ। ਚਿੱਠੀ ਵਿੱਚ ਹਰ ਕੌਰ ਨੇ ਮੁਕੱਦਮੇ, ਪਰਾਹੁਣੇ ਦੇ ਗੁਆਚਣ, ਮੱਝ ਦੀ ਪੂਛ ਨੂੰ ਬਾਹਮਣੀ ਲੱਗਣ ਤੇ ਪੂਛ ਦੇ ਵੱਢੇ ਜਾਣ, ਖੇਤੀਆਂ ਦੇ ਪਾਣੀ ਨਾਲ ਮਾਰੇ ਜਾਣ, ਹਾਲੇ ਲਈ ਬਾਰੂ ਨਾਂ ਦੇ ਵੱਛੇ ਨੂੰ ਵੇਚਣ, ਨਾਰੇ ਬਲਦ ਦੇ ਕੰਨ੍ਹੇ ਦੇ ਮਤਾੜੇ ਜਾਣ, ਕਰਤਾਰੋ ਘਰ ਕਾਕਾ ਹੋ ਕੇ ਮਰ ਜਾਣ, ਉਸ ਦੀ ਪਤਨੀ ਕਰਤਾਰੋ ਦੇ ਮੰਜੇ ’ਤੇ ਮਰਨ-ਕੰਢੇ ਪਈ ਹੋਣ ਬਾਰੇ ਤੇ ਉਸ ਨੂੰ ਫ਼ੌਜ ਵਿੱਚੋਂ ਨਾਂ ਕਟਵਾ ਕੇ ਆਉਣ ਲਈ ਲਿਖਵਾਇਆ।
ਮੋਹਣ ਸਿੰਘ ਨੇ ਹਰ ਕੌਰ ਨੂੰ ਦਿਲਾਸਾ ਦਿੱਤਾ ਅਤੇ ਆਪਣੀ ਨੂੰਹ ਦਾ ਇਲਾਜ ਕਰਵਾਉਣ ਲਈ ਕਿਹਾ। ਹਰ ਕੌਰ ਦੇ ਕਹਿਣ ’ਤੇ ਲੇਖਕ ਨੇ ਸਾਰੀ ਚਿੱਠੀ ਪੜ੍ਹਕੇ ਸੁਣਾਈ। ਜਦੋਂ ਮੋਹਣ ਸਿੰਘ ਨੇ ਅੰਤ ਵਿੱਚ ਹੋਰ ਕੁੱਝ ਲਿਖਣ ਲਈ ਪੁੱਛਿਆ, ਤਾਂ ਹਰ ਕੌਰ ਨੇ ਕਿਹਾ, “ਬੱਸ ਪੁੱਤ…..ਲਿਖ ਦੇ, ਬਾਕੀ ਸਭ ਸੁੱਖ-ਸਾਂਦ ਹੈ।” ਹਰ ਕੌਰ ਦੇ ਮੂੰਹੋਂ ਇਹ ਸ਼ਬਦ ਸੁਣਦਿਆਂ ਮੋਹਣ ਸਿੰਘ ਦੇ ਹੱਥੋਂ ਕਲਮ ਡਿੱਗ ਪਈ।
•••• ਸੰਖੇਪ ਉੱਤਰ ਵਾਲੇ ਪ੍ਰਸ਼ਨ ••••
ਪ੍ਰਸ਼ਨ 1. ਪਿੰਡ ਦੇ ਲੋਕ ਮੋਹਣ ਸਿੰਘ ਬਾਰੇ ਕਿਹੋ–ਜਿਹੀਆਂ ਗੱਲਾਂ ਕਰਦੇ ਸਨ ?
ਉੱਤਰ – ਜਦੋਂ ਦੁੱਖਾਂ ਨਾਲ ਭਰੀਆਂ ਚਿੱਠੀਆਂ ਲਿਖ-ਲਿਖ ਕੇ ਮੋਹਣ ਸਿੰਘ ਅੱਕ ਗਿਆ, ਤਾਂ ਉਹ ਚਿੱਠੀਆਂ ਲਿਖਣ ਤੋਂ ਇਨਕਾਰ ਕਰਨ ਲੱਗ ਪਿਆ। ਜਿਸ ਕਾਰਨ ਪਿੰਡ ਦੇ ਲੋਕ ਉਸ ਬਾਰੇ ਗੱਲਾਂ ਕਰਨ ਲੱਗ ਪਏ ਕਿ ਉਹ ਹੰਕਾਰ ਗਿਆ ਹੈ। ਉਸ ਨੇ ਦਸਵੀਂ ਜਮਾਤ ਕਾਹਦੀ ਪਾਸ ਕਰ ਲਈ ਹੈ, ਉਸ ਦਾ ਦਿਮਾਗ ਹੀ ਅਸਮਾਨ ਨੂੰ ਚੜ੍ਹ ਗਿਆ ਹੈ। ਉਹ ਕਹਿੰਦੇ ਸਨ ਕਿ ਉਹ ਸਮਝਦਾ ਹੈ ਪਿੰਡ ਵਿੱਚ ਉਸ ਤੋਂ ਬਿਨਾਂ ਚਿੱਠੀ ਲਿਖਣ ਵਾਲਾ ਕੋਈ ਨਹੀਂ । ਲੋਕ ਉਸ ਦੇ ਪਹਿਰਾਵੇ ਬਾਰੇ ਕਹਿੰਦੇ ਸਨ ਕਿ ਉਹ ਪੱਟੀਆਂ ਵਾਹ ਕੇ ਸਰਦਾਰਾਂ ਦੇ ਮੁੰਡਿਆਂ ਨਾਲ ਰਲਿਆ ਰਹਿੰਦਾ ਹੈ। ਉਹ ਉਸਦੇ ਇਕੱਲਾ ਮਿਲਣ ’ਤੇ ਸਬਕ ਸਿਖਾਉਣ ਦੀ ਗੱਲ ਵੀ ਕਰਦੇ ਸਨ।
ਪ੍ਰਸ਼ਨ 2. ਅਜਿਹੇ ਕੀ ਕਾਰਨ ਸਨ ਜਿਨ੍ਹਾਂ ਕਰਕੇ ਲੇਖਕ ਪਿੰਡ ਦੇ ਲੋਕਾਂ ਦੀਆਂ ਚਿੱਠੀਆਂ ਲਿਖਣ ਤੋਂ ਅੱਕ ਗਿਆ ਸੀ?
ਉੱਤਰ – ਪੰਜਵੀਂ ਤੋਂ ਦਸਵੀਂ ਜਮਾਤ ਤੱਕ ਚਿੱਠੀਆਂ ਲਿਖਣ ਸਮੇਂ ਲੋਕਾਂ ਦੇ ਦੁੱਖਾਂ ਨੂੰ ਸੁਣ-ਸੁਣ ਕੇ ਲੇਖਕ ਅੱਕ ਗਿਆ ਸੀ। ਕੁਝ ਕੁੜੀਆਂ ਉਸ ਤੋਂ ਚਾਰ-ਚਾਰ ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸਨ ਅਤੇ ਵਿੱਚ ਦੋਹੇ ਤੇ ਟਿੱਚਰਾਂ ਜੋੜ-ਜੋੜ ਕੇ ਲਿਖਣ ਲਈ ਕਹਿੰਦੀਆਂ ਸਨ। ਬਜ਼ੁਰਗ ਔਰਤਾਂ ਚਿੱਠੀਆਂ ਵਿੱਚ ਆਪਣੇ ਦੁੱਖ-ਦਰਦ ਲਿਖਵਾਉਂਦੀਆਂ ਸਨ। ਇਸ ਤਰ੍ਹਾਂ ਲੇਖਕ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਦੁੱਖਾਂ ਨਾਲ ਭਰਪੂਰ ਗੱਲਾਂ ਅਤੇ ਅਜੀਬ ਤਰ੍ਹਾਂ ਦੇ ਗਿਲੇ-ਸ਼ਿਕਵੇ ਸੁਣ ਕੇ ਚਿੱਠੀਆਂ ਲਿਖਣ ਤੋਂ ਅੱਕ ਗਿਆ ਸੀ।
ਪ੍ਰਸ਼ਨ 3. “ਮੋਹਣ ਸਿਆਂ, ਤੇਤੋਂ ਕਦੇ ਅਸੀਂ ਕੋਈ ਗੱਲ ਲੁਕਾ ਕੇ ਨੀ ਰੱਖੀ ……….. ਨਾਲੇ ਤੂੰ ਸਾਡੀ ਸੁਣ ਵੀ ਲੈਨੇਂ ਧਿਆਨ ਨਾਲ।” ਪਿੰਡ ਦੇ ਲੋਕ ਲੇਖਕ ਨੂੰ ਅਜਿਹਾ ਕਿਉਂ ਕਹਿੰਦੇ ਹਨ?
ਉੱਤਰ – ਪਿਛਲੇ ਪੰਜ ਸਾਲ ਦੇ ਸਮੇਂ ਤੋਂ ਚਿੱਠੀਆਂ ਲਿਖਣ ਕਰਕੇ ਲੇਖਕ ਲੋਕਾਂ ਦੇ ਘਰਾਂ ਦੇ ਸਾਰੇ ਭੇਤਾਂ ਤੋਂ ਜਾਣੂ ਸੀ। ਲੋਕ ਹਰ ਗੱਲ ਬਿਨਾਂ ਕਿਸੇ ਝਿਜਕ ਦੇ ਚਿੱਠੀ ਲਿਖਣ ਸਮੇਂ ਲੇਖਕ ਕੋਲ ਕਰ ਲੈਂਦੇ ਸਨ। ਹੁਣ ਜਦੋਂ ਚਿੱਠੀਆਂ ਲਿਖਣ ਤੋਂ ਅੱਕ ਕੇ ਲੇਖਕ ਪਿੰਡ ਦੇ ਲੋਕਾਂ ਨੂੰ ਪਿੰਡ ਵਿੱਚ ਹੋਰ ਪੰਜਵੀਂ ਪਾਸ ਲੜਕੇ-ਲੜਕੀਆਂ ਤੋਂ ਚਿੱਠੀਆਂ ਲਿਖਵਾਉਣ ਲਈ ਕਹਿੰਦਾ ਹੈ, ਤਾਂ ਉਸ ਸਮੇਂ ਪਿੰਡ ਦੇ ਲੋਕ ਇਹ ਸ਼ਬਦ ਕਹਿੰਦੇ ਹਨ।
ਪ੍ਰਸਨ 4. ਮਾਂ ਹਰ ਕੌਰ ਨੇ ਲੇਖਕ ਨੂੰ ਘਰ ਬੁਲਾ ਕੇ ਉਸ ਦੀ ਆਉ-ਭਗਤ ਕਿਵੇਂ ਕੀਤੀ ?
ਉੱਤਰ – ਮਾਂ ਹਰ ਕੌਰ ਨੇ ਲੇਖਕ ਨੂੰ ਘਰ ਬੁਲਾ ਕੇ ਉਸਦੇ ਬੈਠਣ ਲਈ ਪੀੜ੍ਹੀ ਡਾਹੀ ਅਤੇ ਦੁੱਧ ਦਾ ਗਲਾਸ ਪੀਣ ਲਈ ਲਿਆਂਦਾ। ਉਹ ਲੇਖਕ ਨੂੰ ਵੇਲੇ-ਕੁਵੇਲੇ ਲੋੜ ਪੈਣ ’ਤੇ ਦੁੱਧ ਲਿਜਾਣ ਲਈ ਵੀ ਕਹਿੰਦੀ ਹੈ। ਉਸ ਨੇ ਲੇਖਕ ਨੂੰ ਕਾਰਡ ਦਿੰਦਿਆਂ ਪਹਿਲਾਂ ਦੁੱਧ ਪੀਣ ਲਈ ਕਿਹਾ। ਜਦੋਂ ਮੋਹਣ ਸਿੰਘ ਨੇ ਗਲਾਸ ਚੁੱਕ ਕੇ ਮੂੰਹ ਨੂੰ ਲਾਇਆ, ਤਾਂ ਗਰਮ ਦੁੱਧ ਕਾਰਨ ਉਸ ਦੇ ਬੁੱਲ੍ਹ ਤੇ ਜੀਭ ਫੂਕੇ ਗਏ। ਇਸ ਤੋਂ ਬਾਅਦ ਹਰ ਕੌਰ ਨੇ ਦੁੱਧ ਨੂੰ ਫੈਂਟ-ਫੈਂਟ ਕੇ ਲੇਖਕ ਦੇ ਪੀਣ ਲਈ ਪਾਣੀ ਵਰਗਾ ਠੰਡਾ ਕਰ ਦਿੱਤਾ ।
ਪ੍ਰਸ਼ਨ 5. ਚਿੱਠੀ ਲਿਖਵਾਉਂਦਿਆਂ ਮਾਂ ਹਰ ਕੌਰ ਨੇ ਅਜਿਹਾ ਕਿਹੜਾ ਵਿਸ਼ਾ ਛੋਹਿਆ ਜਿਸ ਨਾਲ ਲੇਖਕ ਦਾ ਦਿਲ ਖ਼ਰਾਬ ਹੋ ਗਿਆ ਸੀ?
ਉੱਤਰ – ਚਿੱਠੀ ਲਿਖਦੇ ਸਮੇਂ ਮਾਂ ਹਰ ਕੌਰ ਨੇ ਲੇਖਕ ਨੂੰ ਦੱਸਿਆ ਕਿ ਉਸ ਦੀ ਨੂੰਹ ਕਰਤਾਰੋ ਕੋਲ ਪੁੱਤਰ ਜਨਮ ਲੈ ਕੇ ਮਰ ਗਿਆ ਅਤੇ ਕਰਤਾਰੋ ਦਰਦ ਨਾਲ ਕੁਰਲਾ ਰਹੀ ਹੈ। ਉਸ ਨੇ ਆਪਣੇ ਹੋਰ ਅਨੇਕਾਂ ਦੁੱਖ-ਦਰਦ ਬਾਰੇ ਲੇਖਕ ਨੂੰ ਦੱਸਦਿਆਂ ਕਿਹਾ ਕਿ ਉਹ ਚਿੱਠੀ ਵਿੱਚ ਉਸਦੇ ਪੁੱਤਰ ਜਾਗਰ ਨੂੰ ਲਿਖ ਦੇਵੇ ਕਿ ਅਸੀਂ ਬਹੁਤ ਦੁਖੀ ਹਾਂ, ਇਸ ਲਈ ਉਹ ਜਲਦ ਫ਼ੌਜ ਵਿੱਚੋਂ ਨਾਂ ਕਟਵਾ ਆਵੇ। ਹਰ ਕੌਰ ਦੀਆਂ ਇਹ ਦੁੱਖ ਭਰੀਆਂ ਗੱਲਾਂ ਸੁਣ ਕੇ ਲੇਖਕ ਦਾ ਦਿਲ ਖ਼ਰਾਬ ਹੋ ਗਿਆ।
ਪ੍ਰਸ਼ਨ 6. ਬਜ਼ੁਰਗ ਔਰਤ ਨੇ ਚਿੱਠੀ ਵਿੱਚ ਆਪਣੇ ਪਸੂਆਂ ਬਾਰੇ ਮੋਹਣ ਸਿੰਘ (ਲੇਖਕ) ਤੋਂ ਕੀ ਕੁੱਝ ਲਿਖਵਾਇਆ?
ਉੱਤਰ – ਚਿੱਠੀ ਵਿੱਚ ਪਸੂਆਂ ਬਾਰੇ ਹਰ ਕੌਰ ਨੇ ਮੋਹਣ ਸਿੰਘ ਤੋਂ ਲਿਖਵਾਇਆ ਕਿ ਬੂਰੀ ਮੱਝ ਐਤਕੀ ਤੂ ਗਈ ਹੈ। ਉਸ ਦੀ ਪੂਛ ਨੂੰ ਬਾਹਮਣੀ ਲੱਗ ਗਈ ਸੀ ਜਿਸ ਕਾਰਨ ਉਸ ਦੀ ਪੂਛ ਵੱਢ ਦਿੱਤੀ ਗਈ। ਹੁਣ ਮੱਝ ਠੀਕ ਹੈ, ਪਰ ਉਸ ਦੀ ਕੀਮਤ ਅੱਧੀ ਰਹਿ ਗਈ ਹੈ। ਨਾਰੇ ਬਲਦ ਦਾ ਕੰਨ੍ਹਾ ਮਤਾੜਿਆ ਗਿਆ, ਪਰ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ, ਤਾਂ ਉਹ ਬਾਰੂ ਨੂੰ ਨਾ ਵੇਚਦੇ, ਜੋ ਘਰ ਦਾ ਪਾਲਿਆ ਵੱਛਾ ਸੀ। ਉਹ ਹਾਲਾ ਦੇਣ ਲਈ ਵੇਚਣਾ ਪਿਆ ਸੀ। ਉਸ ਨੂੰ ਵੇਚਣ ਕਾਰਨ ਉਸ ਦੇ ਚਾਚੇ ਨੇ ਰੋਟੀ ਦੀ ਇੱਕ ਬੁਰਕੀ ਨਾ ਖਾਧੀ ਅਤੇ ਸਾਰਾ ਦਿਨ ਥਮਲੇ ਨਾਲ ਲੱਗ ਕੇ ਬੈਠਾ ਰਿਹਾ।
ਪ੍ਰਸ਼ਨ 7. ਹਰ ਕੌਰ ਦੇ ਮੂੰਹੋਂ ‘ਬਾਕੀ ਸਭ ਸੁੱਖ-ਸਾਂਦ ਹੈ।‘ ਸ਼ਬਦ ਸੁਣ ਕੇ ਲੇਖਕ ਦੇ ਹੱਥੋਂ ਕਲਮ ਕਿਉਂ ਡਿਗ ਪਈ ?
ਉੱਤਰ – ਜਦੋਂ ਹਰ ਕੌਰ ਨੇ ਦੁੱਖਾਂ ਭਰੀ ਚਿੱਠੀ ਲਿਖਵਾਉਣ ਮਗਰੋਂ ਅੰਤ ਵਿੱਚ ਮੋਹਣ ਨੂੰ ਚਿੱਠੀ ਵਿੱਚ ‘ਬਾਕੀ ਸਭ ਸੁੱਖ-ਸਾਂਦ ਹੈ‘ ਲਿਖਣ ਲਈ ਕਿਹਾ, ਤਾਂ ਲੇਖਕ ਦੇ ਹੱਥੋਂ ਇਹ ਸੋਚ ਕੇ ਕਲਮ ਡਿੱਗ ਪਈ ਕਿ ਦੁੱਖਾਂ ਅਤੇ ਤਖਲੀਫ਼ਾਂ ਨਾਲ ਭਰੀ ਹੋਈ ਹਰ ਕੌਰ ਦੇ ਘਰ ਸੁੱਖ–ਸਾਂਦ ਕਿਵੇਂ ਆ ਗਈ ?
•••• ਵਸਤੂਨਿਸ਼ਠ ਪ੍ਰਸ਼ਨ ••••
ਪ੍ਰਸ਼ਨ 1. ‘ਬਾਕੀ ਸਭ ਸੁੱਖ-ਸਾਂਦ ਹੈ‘ ਕਹਾਣੀ ਦਾ ਲੇਖਕ ਕੌਣ ਹੈ ?
ਉੱਤਰ – ਮੋਹਨ ਭੰਡਾਰੀ ।
ਪ੍ਰਸ਼ਨ 2. ਪਿੰਡ ਦੇ ਲੋਕ ਚਿੱਠੀਆਂ ਕਿਸ ਤੋਂ ਲਿਖਵਾਉਂਦੇ ਸਨ ?
ਉੱਤਰ – ਮੋਹਨ ਸਿੰਘ ਤੋਂ।
ਪ੍ਰਸ਼ਨ 3. ਪਿੰਡ ਦੇ ਲੋਕ ਲੇਖਕ ਨੂੰ ਹੰਕਾਰਿਆ ਕਿਉਂ ਸਮਝਣ ਲੱਗ ਪਏ ਸਨ ?
ਉੱਤਰ – ਚਿੱਠੀ ਲਿਖਣ ਤੋਂ ਟਾਲ-ਮਟੋਲ ਕਰਨ ਕਰਕੇ ।
ਪ੍ਰਸ਼ਨ 4. ਮੋਹਣ ਸਿੰਘ ਨੇ ਕਿਸ ਜਮਾਤ ਤੋਂ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ?
ਉੱਤਰ – ਪੰਜਵੀਂ ਤੋਂ।
ਪ੍ਰਸ਼ਨ 5. ਮੋਹਣ ਸਿੰਘ ਕਿੰਨੀਆਂ ਜਮਾਤਾਂ ਪੜ੍ਹ ਗਿਆ ਸੀ ?
ਉੱਤਰ – ਦਸ ।
ਪ੍ਰਸ਼ਨ 6. ਮੋਹਣ ਚਿੱਠੀਆਂ ਵਿੱਚ ਕੀ ਲਿਖ-ਲਿਖ ਕੇ ਦੁਖੀ ਹੋ ਜਾਂਦਾ ਸੀ ?
ਉੱਤਰ – ਲੋਕਾਂ ਦੇ ਦੁੱਖ-ਦਰਦ ।
ਪ੍ਰਸ਼ਨ 7. ਹਰ ਕੌਰ ਦਾ ਪੁੱਤਰ ਜਾਗਰ ਕੀ ਕੰਮ ਕਰਦਾ ਸੀ ?
ਉੱਤਰ – ਫ਼ੌਜ ਵਿਚ ਸੀ ।
ਪ੍ਰਸ਼ਨ 8. ਹਰ ਕੌਰ ਨੇ ਮੋਹਨ ਸਿੰਘ ਨੂੰ ਪੀਣ ਲਈ ਕੀ ਦਿੱਤਾ ?
ਉੱਤਰ – ਦੁੱਧ ਦਾ ਗਲਾਸ ।
ਪ੍ਰਸ਼ਨ 9. ਕਰਤਾਰੋ ਕੌਣ ਸੀ ?
ਉੱਤਰ – ਹਰ ਕੌਰ ਦੀ ਨੂੰਹ ਅਤੇ ਜਾਗਰ ਦੀ ਪਤਨੀ ।
ਪ੍ਰਸ਼ਨ 10. ਹਰ ਕੌਰ ਨੇ ਚਿੱਠੀ ਕਿਉਂ ਲਿਖਵਾਈ ?
ਉੱਤਰ – ਆਪਣੇ ਪੁੱਤਰ ਜਾਗਰ ਨੂੰ ਭੇਜਣ ਲਈ।
ਪ੍ਰਸ਼ਨ 11. ਹਰ ਕੌਰ ਦੇ ਮੁਕੱਦਮੇ ਦੀ ਪੇਸ਼ੀ ਦੀ ਕਿਹੜੀ ਤਾਰੀਖ਼ ਪਈ ਸੀ ?
ਉੱਤਰ – ਪੰਦਰਾਂ ।
ਪ੍ਰਸ਼ਨ 12. ਦੀਪੋ ਕੌਣ ਸੀ ?
ਉੱਤਰ – ਹਰ ਕੌਰ ਦੀ ਧੀ ।
ਪ੍ਰਸ਼ਨ 13. ਕੰਨ੍ਹਾ ਕਿਸ ਦਾ ਮਤਾੜਿਆ ਗਿਆ ਸੀ ?
ਉੱਤਰ – ਨਾਰੇ ਬਲਦ ਦਾ ।
ਪ੍ਰਸ਼ਨ 14. ਕਿਸ ਦੇ ਕਾਕਾ ਹੋ ਕੇ ਗੁਜ਼ਰ ਗਿਆ ਸੀ ?
ਉੱਤਰ – ਕਰਤਾਰੋ ਦੇ ।
ਪ੍ਰਸ਼ਨ 15. ਮਰ ਚੁੱਕਾ ਬੱਚਾ ਕੀਹਦੇ ਵਰਗਾ ਸੀ ?
ਉੱਤਰ – ਆਪਣੇ ਪਿਤਾ ਜਾਗਰ ਵਰਗਾ ।
ਪ੍ਰਸ਼ਨ 16. ਲੇਖਕ ਹਰ ਕੌਰ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ ?
ਉੱਤਰ – ਚਾਚੀ ।
ਪ੍ਰਸ਼ਨ 17. ਹਰ ਕੌਰ ਨੇ ਕੀ ਲਿਖਣ ਲਈ ਕਿਹਾ ਕਿ ਲੇਖਕ ਦੇ ਹੱਥੋਂ ਕਲਮ ਡਿੱਗ ਪਈ ?
ਉੱਤਰ – ਬਾਕੀ ਸਭ ਸੁੱਖ-ਸਾਂਦ ਹੈ ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037 |