6. ਬੱਸ ਕੰਡਕਟਰ
ਕਹਾਣੀਕਾਰ – ਦਲੀਪ ਕੌਰ ਟਿਵਾਣਾ
ਸਾਰ
ਜਦੋਂ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ ਸੀ, ਤਾਂ ਉਹ ਹਰ ਰੋਜ਼ ਬੱਸ ਰਾਹੀਂ ਨਾਭੇ ਤੋਂ ਪਟਿਆਲੇ ਜਾਂਦੀ ਸੀ। ਬੱਸ ਵਿੱਚ ਭੀੜ, ਗਰਮੀ, ਕੰਡਕਟਰਾਂ ਦੀਆਂ ਅਜ਼ੀਬ ਹਰਕਤਾਂ ਤੇ ਅਸੱਭਿਆ ਬੋਲਾਂ ਕਾਰਨ ਉਸ ਦਾ ਮਨ ਬਹੁਤ ਕਾਹਲਾ ਪੈ ਜਾਂਦਾ ਸੀ। ਇੱਕ ਜੀਤ ਨਾਂ ਦਾ ਕੰਡਕਟਰ ਬਹੁਤ ਸਾਊ ਸੁਭਾਅ ਵਾਲ਼ਾ ਸੀ। ਪਾਲੀ ਨੂੰ ਆਪਣੇ ਪ੍ਰਤੀ ਉਸਦਾ ਹਮਦਰਦੀ ਭਰਪੂਰ ਵਰਤਾਓ ਪਸੰਦ ਸੀ ਪਰ ਉਸ ਦੀ ਹੱਦ ਤੋਂ ਵੱਧ ਹਮਦਰਦੀ ਪਾਲੀ ਨੂੰ ਪ੍ਰੇਸ਼ਾਨ ਕਰਨ ਲੱਗੀ। ਜੀਤ ਇੱਕ ਬੁੱਢੀ ਨੂੰ ਖੁੱਲ੍ਹੇ ਪੈਸੇ ਨਾ ਹੋਣ ਕਰਕੇ ਉਸਨੂੰ ਥੱਲੇ ਉੱਤਰ ਕੇ ਨੋਟ ਭੰਨਾ ਕੇ ਲਿਆਉਣ ਲਈ ਕਹਿੰਦਾ ਹੈ ਪਰ ਪਾਲੀ ਕੋਲ ਟਿਕਟ ਲਈ ਖੁੱਲ੍ਹੇ ਪੈਸੇ ਨਾ ਹੋਣ ’ਤੇ ਉਸ ਨੇ ਉਸ ਨੂੰ ਅਗਲੇ ਦਿਨ ਪੈਸੇ ਦੇਣ ਲਈ ਕਹਿ ਦਿੱਤਾ। ਉਸਨੇ ਇੱਕ ਦਿਨ ਅਵਾਜ਼ਾਂ ਕੱਸਣ ਵਾਲੇ ਇਕ ਬੰਦੇ ਨੂੰ ਬੱਸ ਤੋਂ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਪਟਿਆਲੇ ਦੀ ਚੁੰਗੀ ਲੰਘਣ ਮਗਰੋਂ ਜੀਤ ਨੇ ਬੱਸ ਦੇ ਡਰਾਈਵਰ ਨੂੰ ਕਹਿਕੇ ਬੱਸ ਲੀਲ੍ਹਾ–ਭਵਨ ਵੱਲ ਮੁੜਵਾ ਲਈ ਜਿਸ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲ਼ੀਆਂ ਸਵਾਰੀਆਂ ਨੇ ਗੁੱਸਾ ਦਿਖਾਇਆ। ਉਸ ਨੇ ਸਿਨਮੇ ਕੋਲ ਬੱਸ ਰੁਕਵਾ ਕੇ ਪਾਲੀ ਨੂੰ ਉੱਥੋਂ ਹਸਪਤਾਲ ਨੇੜੇ ਹੋਣ ਬਾਰੇ ਦੱਸ ਕੇ ਉੱਤਰ ਜਾਣ ਲਈ ਕਿਹਾ।
ਇੱਕ ਦਿਨ ਬੱਸ ਭਰੀ ਹੋਈ ਸੀ ਤੇ ਜੀਤ ਵਾਧੂ ਸਵਾਰੀਆਂ ਉਤਾਰ ਰਿਹਾ ਸੀ, ਪਰ ਉਸ ਨੇ ਪਾਲੀ ਲਈ ਸੀਟ ਰੱਖੀ ਹੋਈ ਸੀ। ਇੱਕ ਦਿਨ ਪਾਲੀ ਕਿਸੇ ਹੋਰ ਬੱਸ ਵਿੱਚ ਜਾਣ ਲਈ ਜਾਣ–ਬੁੱਝ ਕੇ ਥੋੜ੍ਹਾ ਦੇਰ ਨਾਲ਼ ਆਈ, ਪਰ ਜੀਤ ਨੇ ਉਸ ਲਈ ਬੱਸ ਵੀ ਰੋਕੀ ਹੋਈ ਸੀ ਤੇ ਸੀਟ ਵੀ ਰੱਖੀ ਹੋਈ ਸੀ। ਪਾਲੀ ਦੀ ਬਦਲੀ ਵਿੱਚ ਦੇਰੀ ਹੋ ਰਹੀ ਸੀ ਅਤੇ ਉਹ ਬੱਸ ਦੇ ਸਫਰ ਤੋਂ ਤੰਗ ਆ ਗਈ ਸੀ। ਪਾਲੀ ਤੋਂ ਜੀਤ ਨੇ ਕਿਰਾਇਆ ਲੈਣਾ ਵੀ ਬੰਦ ਕਰ ਦਿੱਤਾ ਸੀ। ਪਾਲੀ ਪ੍ਰਤੀ ਜੀਤ ਦੇ ਹਮਦਰਦੀ ਭਰੇ ਵਤੀਰੇ ਨੂੰ ਲੋਕ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੇ ਸਨ। ਜਿਸ ਕਾਰਨ ਪਾਲੀ ਨੂੰ ਜੀਤ ਪ੍ਰਤੀ ਮਨ ਹੀ ਮਨ ਗੁੱਸਾ ਵੀ ਆਉਂਦਾ, ਪਰ ਉਹ ਉਸ ਨਾਲ਼ ਝਗੜਾ ਕਰਨਾ ਵੀ ਠੀਕ ਨਾ ਸਮਝਦੀ।
ਇੱਕ ਦਿਨ ਰਸਤੇ ਵਿੱਚ ਚੈੱਕਰ ਬੱਸ ਵਿੱਚ ਚੜ੍ਹ ਆਇਆ। ਪਾਲੀ ਉਸ ਨੂੰ ਦੇਖਕੇ ਘਬਰਾ ਗਈ ਕਿਉਂਕਿ ਉਸ ਦਿਨ ਵੀ ਜੀਤ ਨੇ ਨਾ ਉਸ ਤੋਂ ਪੈਸੇ ਲਏ ਅਤੇ ਨਾ ਟਿਕਟ ਦਿੱਤੀ। ਪਰੰਤੂ ਪਾਲੀ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਜੀਤ ਨੇ ਪਾਲੀ ਦੀ ਟਿਕਟ ਆਪਣੀ ਜੇਬ ਵਿਚੋਂ ਕੱਢਕੇ ਦਿਖਾਉਂਦਿਆਂ ਕਿਹਾ ਕਿ ਇਹ ਉਸ ਦੀ ਭੈਣ ਹੈ। ਪਾਲੀ ਹੈਰਾਨ ਸੀ ਕਿ ਸੱਠ ਰੁਪਏ ਦੀ ਤਨਖ਼ਾਹ ਲੈਣ ਵਾਲ਼ਾ ਕੰਡਕਟਰ ਉਸ ਦੀ ਟਿਕਟ ਦੇ ਪੈਸੇ ਕਿਸ ਤਰਾਂ ਭਰਦਾ ਹੋਵੇਗਾ । ਹਸਪਤਾਲ ਵਿੱਚ ਉਹ ਇਹ ਸੋਚ ਕੇ ਬੇਚੈਨ ਹੁੰਦੀ ਰਹੀ । ਸ਼ਾਮ ਨੂੰ ਜਦੋਂ ਉਹ ਬੱਸ ਅੱਡੇ ‘ਤੇ ਪਹੁੰਚੀ, ਤਾਂ ਜੀਤ ਨੇ ਉਸ ਨੂੰ ਦੱਸਿਆ ਕਿ ਉਸ ਦੀ ਭੈਣ ਅਮਰਜੀਤ ਲਾਹੌਰ ਵਿੱਚ ਡਾਕਟਰੀ ਪੜ੍ਹਦੀ ਸੀ, ਪਰ ਉਹ ਹੱਲਿਆਂ ਵਿੱਚ ਟੱਬਰ ਸਮੇਤ ਮਰ ਗਈ । ਉਹ ਰੁਲਦਾ–ਖੁਲਦਾ ਇੱਥੇ ਪਹੁੰਚ ਕੇ ਕੰਡਕਟਰ ਲੱਗ ਗਿਆ ਤੇ ਉਸ ਨੂੰ ਉਸ ਦੇ ਹੱਥ ਵਿੱਚ ਬੈਗ ਤੇ ਟੂਟੀਆਂ ਦੇਖ ਕੇ ਆਪਣੀ ਭੈਣ ਯਾਦ ਆ ਜਾਂਦੀ ਹੈ। ਇਹ ਸੁਣ ਕੇ ਪਾਲੀ ਬਹੁਤ ਬੇਚੈਨ ਹੋ ਗਈ । ਉਸ ਨੂੰ ਸਮਝ ਨਹੀਂ ਸੀ ਲਗਦੀ ਕਿ ਉਹ ਕੀ ਕਹੇ, ਪਰ ਪਾਲੀ ਉਸ ਨੂੰ ਜਾਂਦੇ ਨੂੰ ਬੜੀਆਂ ਮੋਹ ਭਰੀਆਂ ਅੱਖਾਂ ਨਾਲ ਦੇਖ ਰਹੀ ਸੀ ।
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ਬੱਸ ਵਿੱਚ ਸਵਾਰ ਇੱਕ ਸਰਦਾਰ ਪਾਲੀ ਬਾਰੇ ਵੀ ਆਖਦਾ ਹੈ ?
ਉੱਤਰ – ਬੱਸ ਵਿੱਚ ਸਵਾਰ ਇੱਕ ਸਰਦਾਰ ਪਾਲੀ ਦੀ ਪ੍ਰਸੰਸਾ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਕਈ ਵਾਰੀ ਪਟਿਆਲੇ ਗਿਆ ਹੈ। ਉਸਨੇ ਇਹ ਡਾਕਟਰਨੀ ਕੁੜੀ ਕਦੇ ਬੋਲਦੀ ਨਹੀਂ ਸੁਣੀ। ਇਸ ਲਈ ਉਹ ਪਾਲੀ ਨੂੰ ਕਿਸੇ ਘਰਾਣੇ ਦੀ ਕੁੜੀ ਕਹਿੰਦਾ ਹੈ ।
ਪ੍ਰਸ਼ਨ 2. ਬੱਸ ਕੰਡਕਟਰ ਨੇ ਟਿਕਟ ਦੇਣ ਲੱਗਿਆਂ ਪਾਲੀ ਅਤੇ ਬੁੱਢੀ ਮਾਈ ਨਾਲ ਕਿਹੋ ਜਿਹਾ ਵਰਤਾਓ ਕੀਤਾ ? ਉੱਤਰ – ਬੱਸ ਕੰਡਕਟਰ ਦਾ ਵਰਤਾਓ ਪਾਲੀ ਪ੍ਰਤੀ ਹਮਦਰਦੀ ਵਾਲ਼ਾ ਪਰ ਬੁੱਢੀ ਮਾਈ ਪ੍ਰਤੀ ਰੁੱਖਾ ਸੀ। ਬੱਸ ਕਿਰਾਏ ਲਈ ਖੁੱਲ੍ਹੇ ਪੈਸੇ ਨਾ ਹੋਣ ਕਾਰਨ ਕੰਡਕਟਰ ਨੇ ਪਾਲੀ ਨੂੰ ਤਾਂ ਕਿਰਾਇਆ ਅਗਲੇ ਦਿਨ ਦੇਣ ਦੀ ਮੋਹਲਤ ਦੇ ਦਿੱਤੀ, ਪਰ ਇੱਕ ਬੁੱਢੀ ਮਾਈ ਨਾਲ਼ ਰੁੱਖਾ ਵਰਤਾਓ ਕੀਤਾ। ਉਸ ਨੇ ਬੁੱਢੀ ਮਾਈ ਨੂੰ ਬੱਸ ਵਿੱਚੋਂ ਹੇਠਾਂ ਉੱਤਰ ਕੇ ਪੈਸੇ ਭੰਨਾ ਕੇ ਲਿਆਉਣ ਲਈ ਕਿਹਾ। ਉਸ ਨੇ ਬੁੱਢੀ ਦੁਆਰਾ ਤਰਲੇ ਕਰਨ ਉੱਤੇ ਹੀ ਉਸ ਨੂੰ ਬੈਠਣ ਦਿੱਤਾ ।
ਪ੍ਰਸ਼ਨ 3. ਬੱਸ ਕੰਡਕਟਰ ਬਾਰੇ ਪਾਲੀ ਦੇ ਮਨ ਵਿੱਚ ਕੀ ਵਿਚਾਰ ਆ ਰਹੇ ਸਨ ?
ਉੱਤਰ – ਪਾਲੀ ਨੂੰ ਸ਼ੁਰੂ ਵਿੱਚ ਤਾਂ ਬੱਸ ਕੰਡਕਟਰ ਜੀਤ ਦਾ ਹਮਦਰਦੀ ਭਰਪੂਰ ਵਰਤਾਓ ਵਧੀਆ ਲੱਗਾ ਪਰ ਜਦੋਂ ਜੀਤ ਨੇ ਪਾਲੀ ਤੋਂ ਕਿਰਾਇਆ ਨਾ ਲਿਆ, ਉਸ ਲਈ ਭਰੀ ਬੱਸ ਵਿੱਚ ਬੈਠਣ ਲਈ ਸੀਟ ਰੱਖੀ ਅਤੇ ਉਸ ਦੀ ਉਡੀਕ ਵਿੱਚ ਬੱਸ ਨੂੰ ਰੋਕੀ ਰੱਖਿਆ, ਤਾਂ ਜੀਤ ਦਾ ਅਜਿਹਾ ਵਰਤਾਓ ਪਾਲੀ ਨੂੰ ਚੰਗਾ ਨਹੀਂ ਲੱਗਿਆ ਕਿਉਂਕਿ ਉਹ ਬਿਨਾਂ ਟਿਕਟ ਲਏ ਸਫਰ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਡਰ ਸੀ ਕਿ ਬਾਕੀ ਸਵਾਰੀਆਂ ਕੀ ਸੋਚਦੀਆਂ ਹੋਣਗੀਆਂ। ਜਦੋਂ ਪਾਲੀ ਨੂੰ ਪਤਾ ਲੱਗਾ ਕਿ ਜੀਤ ਉਸ ਦੀ ਟਿਕਟ ਦੇ ਪੈਸੇ ਆਪਣੀ ਜੇਬ ਵਿੱਚੋਂ ਭਰ ਰਿਹਾ ਹੈ, ਤਾਂ ਪਾਲੀ ਨੂੰ ਹੈਰਾਨੀ ਹੋਈ ਕਿ ਸੱਠ ਰੁਪਏ ਦੀ ਤਨਖ਼ਾਹ ਨਾਲ ਗੁਜ਼ਾਰਾ ਕਰਨ ਵਾਲ਼ਾ ਉਸ ਦੀ ਟਿਕਟ ਦੇ ਪੈਸੇ ਕਿਵੇਂ ਦਿੰਦਾ ਹੋਵੇਗਾ।
ਪ੍ਰਸ਼ਨ 4. ਬੱਸ ਵਿੱਚ ਟਿਕਟ ਚੈੱਕਰ ਦੇ ਚੜ੍ਹ ਜਾਣ ਨਾਲ਼ ਪਾਲੀ ਕਿਉਂ ਡਰ ਰਹੀ ਸੀ ?
ਉੱਤਰ – ਪਾਲੀ ਨੇ ਟਿਕਟ ਲਈ ਪੈਸੇ ਅੱਗੇ ਕੀਤੇ ਸਨ, ਪਰ ਜੀਤ ਨੇ ਪਾਲੀ ਤੋਂ ਟਿਕਟ ਦੇ ਪੈਸੇ ਨਹੀਂ ਲਏ ਸਨ। ਜਦੋਂ ਚੈੱਕਰ ਬੱਸ ਵਿਚ ਚੜ੍ਹ ਕੇ ਟਿਕਟਾਂ ਚੈੱਕ ਕਰਨ ਲੱਗਾ, ਤਾਂ ਕੰਡਕਟਰ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ, ਉਹ ਬਹੁਤ ਪ੍ਰੇਸ਼ਾਨ ਹੋ ਗਈ । ਉਸ ਨੂੰ ਡਰ ਸੀ ਕਿ ਉਸ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਸ ਕੋਲ ਟਿਕਟ ਨਹੀਂ ਹੈ।
ਪ੍ਰਸ਼ਨ 5. ਹਸਪਤਾਲ ਵਿੱਚ ਕਿਹੜੀ ਗੱਲ ਪਾਲੀ ਨੂੰ ਬੇਚੈਨ ਕਰ ਰਹੀ ਸੀ ?
ਉੱਤਰ – ਹਸਪਤਾਲ ਵਿੱਚ ਪਾਲੀ ਨੂੰ ਇਸ ਗੱਲ ਦੀ ਬੇਚੈਨੀ ਸੀ ਕਿ ਬੱਸ ਕੰਡਕਟਰ ਜੀਤ ਕਿਸ ਤਰ੍ਹਾਂ ਆਪਣੀ ਸੱਠ ਰੁਪਏ ਦੀ ਤਨਖ਼ਾਹ ਵਿਚੋਂ ਉਸ ਦੀ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇਗਾ । ਉਹ ਸੋਚ ਰਹੀ ਸੀ ਕਿ ਹੋ ਸਕਦਾ ਹੈ ਉਸ ਨੂੰ ਕਿਸੇ ਦਿਨ ਰੋਟੀ ਤੋਂ ਬਿਨਾਂ ਵੀ ਰਹਿਣਾ ਪੈਂਦਾ ਹੋਵੇ।
ਪ੍ਰਸ਼ਨ 6. ਬੱਸ ਕੰਡਕਟਰ ਨੇ ਪਾਲੀ ਨਾਲ਼ ਆਪਣਾ ਕਿਹੜਾ ਰਾਜ਼ ਸਾਂਝਾ ਕੀਤਾ ?
ਉੱਤਰ – ਬੱਸ ਕੰਡਕਟਰ ਜੀਤ ਨੇ ਪਾਲੀ ਨਾਲ਼ ਆਪਣੇ ਦਿਲ ਦਾ ਰਾਜ਼ ਸਾਂਝਾ ਕਰਦਿਆਂ ਦੱਸਿਆ ਕਿ ਉਸ ਦੀ ਭੈਣ ਵੀ ਲਾਹੌਰ ਵਿੱਚ ਡਾਕਟਰੀ ਵਿਚ ਪੜ੍ਹਦੀ ਸੀ, ਹੱਲਿਆਂ ਵੇਲੇ ਉਹ ਸਾਰੇ ਟੱਬਰ ਸਮੇਤ ਮਾਰੀ ਗਈ। ਉਹ ਰੁਲਦਾ–ਖੁਲਦਾ ਇੱਧਰ ਆ ਗਿਆ । ਪੜ੍ਹਾਈ ਨਾ ਹੋਣ ਕਰਕੇ ਉਹ ਕੰਡਕਟਰ ਬਣ ਗਿਆ । ਉਸ ਨੂੰ ਪਾਲੀ ਦਾ ਬੈਗ ਤੇ ਟੂਟੀਆਂ ਦੇਖ ਕੇ ਆਪਣੀ ਭੈਣ ਅਮਰਜੀਤ ਯਾਦ ਆ ਜਾਂਦੀ ਹੈ । ਇਸ ਕਰਕੇ ਉਹ ਉਸ ਨਾਲ਼ ਇੰਨਾ ਮੋਹ ਰੱਖਦਾ ਹੈ।
ਪ੍ਰਸ਼ਨ 7. ਬੱਸ ਕੰਡਕਟਰ ਦਾ ਸੁਭਾ ਕਿਹੋ ਜਿਹਾ ਸੀ ?
ਉੱਤਰ – ਬੱਸ ਕੰਡਕਟਰ 1947 ਦੇ ਘੱਲੂਘਾਰੇ ਦਾ ਸ਼ਿਕਾਰ ਇੱਕ ਨੌਜਵਾਨ ਸੀ । ਉਸ ਦਾ ਪਰਿਵਾਰ ਪਾਕਿਸਤਾਨ ਵਿੱਚ ਹੱਲਿਆਂ ਵੇਲੇ ਮਾਰਿਆ ਗਿਆ ਸੀ। ਉਹ ਇੱਕ ਗਰੀਬ ਅਤੇ ਇਮਾਨਦਾਰ ਆਦਮੀ ਹੈ। ਉਸ ਦੇ ਦਿਲ ਵਿੱਚ ਆਪਣੀ ਮਰ ਚੁੱਕੀ ਭੈਣ ਲਈ ਬਹੁਤ ਪਿਆਰ ਹੈ। ਉਸ ਦੀ ਭੈਣ ਡਾਕਟਰੀ ਦੀ ਪੜ੍ਹਾਈ ਕਰਦੀ ਸੀ। ਇਸ ਲਈ ਉਹ ਪਾਲੀ ਵਿੱਚੋਂ ਆਪਣੀ ਮਰ ਚੁੱਕੀ ਭੈਣ ਦਾ ਚਿਹਰਾ ਦੇਖਦਾ ਹੈ ਅਤੇ ਉਸ ਨਾਲ ਹਮਦਰਦੀ ਅਤੇ ਪਿਆਰ ਨਾਲ਼ ਪੇਸ਼ ਆਉਂਦਾ ਹੈ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਬੱਸ ਕੰਡਕਟਰ ਕਹਾਣੀ ਕਿਸ ਦੀ ਲਿਖੀ ਹੈ ?
ਉੱਤਰ – ਦਲੀਪ ਕੌਰ ਟਿਵਾਣਾ ਦੀ।
ਪ੍ਰਸ਼ਨ 2. ਪਾਲੀ ਕੀ ਕੰਮ ਕਰਦੀ ਸੀ ?
ਉੱਤਰ – ਡਾਕਟਰੀ ।
ਪ੍ਰਸ਼ਨ 3. ਪਾਲੀ ਦੀ ਤਨਖ਼ਾਹ ਕਿੰਨੀ ਸੀ ?
ਉੱਤਰ – ਤਿੰਨ ਸੌ ਰੁਪਏ।
ਪ੍ਰਸ਼ਨ 4. ਡਾਕਟਰ ਪਾਲੀ ਦੀ ਬਦਲੀ ਕਿੱਥੋਂ ਕਿੱਥੇ ਹੋਈ ਸੀ ?
ਉੱਤਰ – ਨਾਭੇ ਤੋਂ ਪਟਿਆਲੇ ।
ਪ੍ਰਸ਼ਨ 5. ਪਾਲੀ ਨੇ ਟਿਕਟ ਲੈਣ ਲਈ ਕਿੰਨੇ ਰੁਪਏ ਕੱਢੇ ?
ਉੱਤਰ – ਦਸ ਰੁਪਏ ਦਾ ਨੋਟ ।
ਪ੍ਰਸ਼ਨ 6. ਜੀਤ ਨੇ ਪਾਲੀ ਨੂੰ ਕਿੱਥੇ ਉਤਾਰਿਆ ।
ਉੱਤਰ – ਸਿਨੇਮੇ ਦੇ ਕੋਲ ।
ਪ੍ਰਸ਼ਨ 7. ਭਰੀ ਹੋਈ ਬੱਸ ਵਿਚ ਪਾਲੀ ਲਈ ਸੀਟ ਕਿਸ ਨੇ ਰੱਖੀ ਹੋਈ ਸੀ ?
ਉੱਤਰ – ਜੀਤ ਕੰਡਕਟਰ ਨੇ ।
ਪ੍ਰਸ਼ਨ 8. ਕੰਡਕਟਰ ਨੇ ਟਿਕਟ ਚੈਕਰ ਨੂੰ ਆਪਣਾ ਤੇ ਪਾਲੀ ਦਾ ਕੀ ਰਿਸ਼ਤਾ ਦੱਸਿਆ ?
ਉੱਤਰ – ਭੈਣ – ਭਰਾ ਦਾ ।
ਪ੍ਰਸ਼ਨ 9. ਜੀਤ ਕੰਡਕਟਰ ਦੀ ਤਨਖ਼ਾਹ ਕਿੰਨੀ ਸੀ ?
ਉੱਤਰ – ਸੱਠ ਰੁਪਏ ।
ਪ੍ਰਸ਼ਨ 10: ਜੀਤ ਕੰਡਕਟਰ ਦੀ ਭੈਣ ਕੀ ਬਣਨਾ ਚਾਹੁੰਦੀ ਸੀ ?
ਉੱਤਰ – ਡਾਕਟਰ ।
ਪ੍ਰਸ਼ਨ 11. ਜੀਤ ਕੰਡਕਟਰ ਦੀ ਭੈਣ ਕਿੱਥੇ ਡਾਕਟਰੀ ਵਿਚ ਪੜ੍ਹਦੀ ਸੀ ?
ਉੱਤਰ – ਲਾਹੌਰ ਵਿਚ ।
ਪ੍ਰਸ਼ਨ 12. ਜੀਤ ਕੰਡਕਟਰ ਦੇ ਘਰ ਦੇ ਸਾਰੇ ਜੀ ਕਿੱਥੇ ਮਾਰੇ ਗਏ ਸਨ ?
ਉੱਤਰ – ਲਾਹੌਰ ਵਿਚ ਹੱਲਿਆਂ ਵੇਲੇ ।
ਪ੍ਰਸ਼ਨ 13. ਜੀਤ ਕੰਡਕਟਰ ਦੀ ਭੈਣ ਦਾ ਨਾਂ ਕੀ ਸੀ ?
ਉੱਤਰ – ਅਮਰਜੀਤ ।
ਪ੍ਰਸ਼ਨ 14. ਜੀਤ ਕੰਡਕਟਰ ਨੂੰ ਪਾਲੀ ਨੂੰ ਦੇਖ ਕੇ ਕੌਣ ਯਾਦ ਆ ਜਾਂਦਾ ਸੀ ?
ਉੱਤਰ – ਆਪਣੀ ਭੈਣ ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037 |