5. ਸਾਂਝੀ ਕੰਧ – ਕਹਾਣੀ
ਕਹਾਣੀਕਾਰ – ਸੰਤੋਖ ਸਿੰਘ ਧੀਰ
ਸਾਰ
ਕਪੂਰ ਸਿੰਘ ਦਾ ਮਕਾਨ ਬਾਰਸ਼ਾਂ ਕਾਰਨ ਢਹਿ-ਢੇਰੀ ਹੋ ਗਿਆ ਪਰ ਇੱਕ ਕੱਚੀ ਕੰਧ ਖੜ੍ਹੀ ਸੀ, ਜੋ ਉਸ ਦੇ ਚਾਚੇ ਦੇ ਪੁੱਤਰ ਦਰਬਾਰੇ ਨਾਲ਼ ਸਾਂਝੀ ਸੀ। ਕਪੂਰ ਸਿੰਘ ਉਸ ਕੰਧ ਨੂੰ ਢਾਹ ਕੇ ਸਾਰਾ ਮਕਾਨ ਨਵੇਂ ਸਿਰੇ ਤੋਂ ਪੱਕਾ ਬਣਾਉਣਾ ਚਾਹੁੰਦਾ ਸੀ , ਪਰ ਦਰਬਾਰੇ ਦਾ ਉਸ ਕੰਧ ਨੂੰ ਪੱਕਾ ਕਰੇ ਬਿਨਾਂ ਸਰਦਾ ਸੀ, ਇਸ ਲਈ ਉਹ ਕਪੂਰ ਸਿੰਘ ਦੀ ਕੋਈ ਗੱਲ ਨਹੀਂ ਸੁਣਦਾ। ਇੱਕ ਦਿਨ ਕਪੂਰ ਸਿੰਘ ਨੇ ਸਰਪੰਚ ਧੰਮਾ ਸਿੰਘ, ਰਾਮ ਰਤਨ ਪਟਵਾਰੀ ਅਤੇ ਲੰਬੜਦਾਰ ਦੀ ਹਾਜ਼ਰੀ ਵਿੱਚ ਉਸ ਨਾਲ਼ ਗੱਲ ਕੀਤੀ, ਤਾਂ ਦਰਬਾਰੇ ਨੇ ਸਰਪੰਚ ਦੀ ਚੁੱਕ ਕਾਰਨ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਪੂਰ ਸਿੰਘ ਨਾਲ ਝਗੜ ਪਿਆ। ਲੰਬੜਦਾਰ ਨੇ ਵਿੱਚ ਆ ਕੇ ਦੋਹਾਂ ਨੂੰ ਝਗੜਾ ਕਰਨ ਤੋਂ ਰੋਕ ਲਿਆ ਅਤੇ ਕਪੂਰ ਸਿੰਘ ਨੂੰ ਘਰ ਭੇਜ ਦਿੱਤਾ।
ਕੋਈ ਫੈਸਲਾ ਨਾ ਹੁੰਦਾ ਦੇਖ ਕਪੂਰ ਸਿੰਘ ਨੇ ਦਰਬਾਰੇ ਵੱਲ ਦੀ ਕੰਧ ਨੂੰ ਛੱਡ ਕੇ ਬਾਕੀ ਮਕਾਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਥੋੜ੍ਹੇ ਦਿਨਾਂ ਵਿੱਚ ਬਾਕੀ ਮਕਾਨ ਬਣ ਗਿਆ ਤੇ ਗੱਲ ਕੰਧ ਉੱਤੇ ਆ ਕੇ ਰੁਕ ਗਈ। ਕਪੂਰ ਸਿੰਘ ਨੇ ਪਿੰਡ ਦੀ ਪੰਚਾਇਤ ਦਾ ਇਕੱਠ ਕੀਤਾ। ਪੰਚਾਇਤ ਦੇ ਸਾਹਮਣੇ ਵੀ ਦਰਬਾਰੇ ਨੇ ਪਹਿਲਾਂ ਤਾਂ ਬਹੁਤ ਨਾਂਹ–ਨੁੱਕਰ ਕੀਤੀ, ਪਰ ਮਗਰੋਂ ਉਸ ਨੂੰ ਸਾਰਿਆਂ ਦੀ ਸਾਂਝੀ ਰਾਏ ਅੱਗੇ ਝੁਕਣਾ ਪਿਆ । ਫੈਸਲੇ ਅਨੁਸਾਰ ਉਸ ਨੂੰ ਮਜ਼ਦੂਰੀ ਛੱਡ ਦਿੱਤੀ ਗਈ, ਪਰ ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਉਸ ਨੂੰ ਮੰਨਣਾ ਹੀ ਪਿਆ। ਦਰਬਾਰੇ ਨੂੰ ਕੰਧ ਦੀ ਹਾਲੇ ਲੋੜ ਨਾ ਹੋਣ ਕਰਕੇ ਰਿਆਇਤ ਵਜੋਂ ਉਸ ਦੇ ਹਿੱਸੇ ਦੀ ਰਕਮ ਦੋ ਲੰਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ ਗਈ। ਪਹਿਲੀ ਕਿਸ਼ਤ ਉਸ ਨੇ ਆਉਂਦੀ ਨਿਮਾਣੀ ਨੂੰ ਦੇਣੀ ਸੀ ਤੇ ਦੂਜੀ ਲੋਹੜੀ ਨੂੰ ।
ਫੈਸਲੇ ਮਗਰੋਂ ਪੰਚਾਇਤ ਦੀ ਹਾਜ਼ਰੀ ਵਿੱਚ ਕੰਧ ਢਾਹ ਕੇ ਜਦੋਂ ਨੀਂਹ ਦੀ ਇੱਟ ਰੱਖਣ ਲੱਗੇ, ਤਾਂ ਧੰਮਾ ਸਿੰਘ ਸਰਪੰਚ ਨੇ ਰੱਸੀ ਇੱਕ ਹੱਥ ਕਪੂਰ ਸਿੰਘ ਵੱਲ ਵੱਧ ਰੱਖ ਕੇ ਫਿਰ ਤੋਂ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਰਿਆਂ ਦੇ ਸਾਹਮਣੇ ਉਸ ਦੀ ਇਹ ਚਾਲ ਨਾ ਚੱਲ ਸਕੀ। ਜਦੋਂ ਕੰਧ ਲਈ ਮਿਸਤਰੀ ਸਾਲ੍ਹ ਲਮਕਾ ਕੇ ਨਿਸ਼ਾਨ ਲਾਉਣ ਲੱਗਾ, ਤਾਂ ਆਪਣੀ ਹੋਈ ਨਮੋਸ਼ੀ ਕਾਰਨ ਦਰਬਾਰਾ ਫਿਰ ਬੋਲ ਪਿਆ ਕਿ ਉਸ ਨੂੰ ਇਹ ਮਨਜ਼ੂਰ ਨਹੀਂ, ਕਿਉਂਕਿ ਕੰਧ ਚਾਰ ਉਂਗਲਾਂ ਉਸ ਦੇ ਪਾਸੇ ਵੱਲ ਹੈ । ਇਸ ਗੱਲ ਤੋਂ ਕਪੂਰ ਸਿੰਘ ਵੀ ਬੋਲ ਪਿਆ, ਦਰਬਾਰੇ ਨੇ ਗਾਲ੍ਹ ਕੱਢ ਦਿੱਤੀ ਅਤੇ ਦੋਹਾਂ ਧਿਰਾਂ ਵਿਚਕਾਰ ਡਾਂਗਾਂ ਤੇ ਗੰਡਾਸੀਆਂ ਨਾਲ਼ ਝਗੜਾ ਸੂਰੂ ਹੋ ਗਿਆ। ਇਸ ਲੜਾਈ ਕਾਰਨ ਦੋਵੇਂ ਧਿਰਾਂ ਜ਼ਖ਼ਮੀ ਹੋ ਗਈਆਂ ਤੇ ਫਿਰ ਦੋਹਾਂ ਦੀਆਂ ਜ਼ਮਾਨਤਾਂ ਹੋਈਆਂ।
ਇਸ ਤੋਂ ਬਾਅਦ ਪੰਚਾਇਤ ਦੇ ਫੈਸਲੇ ਅਨੁਸਾਰ ਹੀ ਕੰਧ ਤਾਂ ਬਣ ਗਈ ਪਰ ਦੋਹਾਂ ਧਿਰਾਂ ਵਿੱਚ ਵੈਰ ਦੀ ਕੰਧ ਵੀ ਖੜ੍ਹੀ ਹੋ ਗਈ। ਦਰਬਾਰੇ ਨੇ ਇਕਰਾਰ ਉੱਤੇ ਕਪੂਰ ਸਿੰਘ ਦੇ ਪੈਸੇ ਵੀ ਨਾ ਦਿੱਤੇ ਪਰ ਕਪੂਰ ਸਿੰਘ ਚੁੱਪ ਰਿਹਾ। ਇਕ ਦਿਨ ਕਪੂਰ ਸਿੰਘ ਨੂੰ ਚਾਚੀ ਰਾਮ ਕੌਰ ਤੋਂ ਪਤਾ ਲੱਗਾ ਕਿ ਦਰਬਾਰਾ ਨਮੂਨੀਏ ਨਾਲ ਬੁਰੀ ਤਰ੍ਹਾਂ ਬਿਮਾਰ ਹੈ। ਕਪੂਰ ਸਿੰਘ ਸਭ ਕੁਝ ਭੁੱਲ-ਭਲਾ ਕੇ ਦਰਬਾਰੇ ਦਾ ਹਾਲ-ਚਾਲ ਪੁੱਛਣ ਲਈ ਉਸ ਦੇ ਘਰ ਚਲਾ ਗਿਆ। ਕਪੂਰ ਸਿੰਘ ਨੇ ਇਲਾਜ ਲਈ ਦਰਬਾਰੇ ਨੂੰ ਦਸ ਰੁਪਏ ਦਿੱਤੇ ਅਤੇ ਮੰਡੀਓਂ ਡਾਕਟਰ ਭੇਜਣ ਦਾ ਵੀ ਕਿਹਾ। ਕਪੂਰ ਸਿੰਘ ਦੀ ਦਿਖਾਈ ਹਮਦਰਦੀ ਕਾਰਨ ਦਰਬਾਰਾ ਭਾਵਕ ਹੋ ਗਿਆ। ਉਸ ਨੇ ਕਪੂਰ ਸਿੰਘ ਨੂੰ ਕੰਧ ਵਾਲ਼ੇ ਪੈਸੇ ਦੇਣ ਵਾਲੇ ਰਹਿੰਦੇ ਹੋਣ ਬਾਰੇ ਵੀ ਕਿਹਾ। ਕਪੂਰ ਸਿੰਘ ਨੇ ਉਸ ਨੂੰ ਪੈਸਿਆਂ ਦਾ ਫ਼ਿਕਰ ਛੱਡ ਕੇ ਤਕੜਾ ਹੋਣ ਲਈ ਕਿਹਾ। ਉਸ ਸਮੇਂ ਦਰਬਾਰੇ ਨੇ ਮੰਨ ਲਿਆ ਕਿ ਉਸ ਨੇ ਸਰਪੰਚ ਦੀ ਚੁੱਕ ਕਾਰਨ ਝਗੜਾ ਕੀਤਾ ਸੀ। ਉਸ ਸਮੇਂ ਉਸ ਨੇ ਆਪਣੀ ਧੀ ਬੰਸੋ ਦੇ ਵਿਆਹ ਬਾਰੇ ਵੀ ਕਪੂਰ ਸਿੰਘ ਨਾਲ਼ ਸਲਾਹ ਕੀਤੀ ਅਤੇ ਕਪੂਰ ਸਿੰਘ ਨੇ ਵਿਆਹ ‘ਤੇ ਆਉਣ ਦਾ ਇਕਰਾਰ ਕੀਤਾ। ਉਸ ਸਮੇਂ ਦੋਹਾਂ ਦੀਆਂ ਅੱਖਾਂ ਵਿਚੋਂ ਹੰਝੂਆਂ ਦੀਆਂ ਧਾਰਾਂ ਵਗ ਰਹੀਆਂ ਸਨ।
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ਼ ਕੰਧ ਸਾਂਝੀ ਕਰਨ ਦੀ ਲੋੜ ਕਿਉਂ ਨਹੀਂ ਸੀ ?
ਉੱਤਰ – ਦਰਬਾਰਾ ਸਿੰਘ ਦਾ ਇਸ ਕਰਕੇ ਕੰਧ ਨੂੰ ਪੱਕੀ ਕੀਤੇ ਬਿਨਾਂ ਵੀ ਸਰਦਾ ਸੀ, ਕਿਉਂਕਿ ਉਸ ਕੋਲ ਦੋ ਘਰ ਸਨ। ਉਸ ਕੋਲ ਆਪਣੇ ਰਹਿਣ ਲਈ ਇੱਕ ਵੱਖਰਾ ਘਰ ਸੀ। ਇਸ ਕੰਧ ਵਾਲੇ ਪੁਰਾਣੇ ਕੋਠੇ ਵਿੱਚ ਉਸ ਦਾ ਕੱਖ-ਕੰਡਾ ਤੇ ਡੰਗਰ-ਵੱਛਾ ਹੀ ਹੁੰਦਾ ਸੀ।
ਪ੍ਰਸ਼ਨ 2. ਸਰਪੰਚ ਦੇ ਖੰਘੂਰੇ ਦਾ ਦਰਬਾਰਾ ਸਿੰਘ ਉੱਤੇ ਕੀ ਅਸਰ ਹੋਇਆ ?
ਉੱਤਰ – ਕਪੂਰ ਸਿੰਘ ਦੁਆਰਾ ਸਾਂਝੀ ਕੰਧ ਪੱਕੀ ਕਰਨ ਲਈ ਨਿਮਰਤਾ ਭਰਪੂਰ ਬੇਨਤੀ ਕਰਨ ਕਰਕੇ ਦਰਬਾਰੇ ਦੀ ਨਾ ਮੰਨਣ ਵਾਲੀ ਜਿੱਦ ਨਰਮ ਹੁੰਦੀ ਦਿਖੀ, ਤਾਂ ਇਸ ਝਗੜੇ ਦੀ ਜੜ੍ਹ ਸਰਪੰਚ ਨੇ ਖੰਘੂਰਾ ਮਾਰਿਆ, ਜੋ ਕਪੂਰ ਸਿੰਘ ਦੀ ਗੱਲ ਨਾ ਮੰਨਣ ਲਈ ਸੰਕੇਤ ਸੀ। ਇਸ ਖੰਘੂਰੇ ਤੋਂ ਬਾਅਦ ਦਰਬਾਰਾ ਸਿੰਘ ਦਾ ਰੁੱਖ਼ ਹੀ ਬਦਲ ਗਿਆ। ਉਹ ਫਿਰ ਆਪਣੀ ਜਿੱਦ ’ਤੇ ਅੜ ਗਿਆ ਅਤੇ ਉਸ ਦੇ ਮੱਥੇ ਵਿੱਚ ਮੁੜ ਤਿਉੜੀਆਂ ਭਰ ਆਈਆਂ। ਉਸ ਨੇ ਕਪੂਰ ਸਿੰਘ ਦੀ ਗੱਲ ਮੰਨਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ।
ਪ੍ਰਸ਼ਨ 3. ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਕਪੂਰ ਸਿੰਘ ਦੀ ਸਾਂਝੀ ਕੰਧ ਬਣਾਉਣ ਵਿਚ ਮੱਦਦ ਨਹੀਂ ਸੀ ਕਰ ਰਿਹਾ, ਕਿਉਂ ?
ਉੱਤਰ – ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਕਪੂਰ ਸਿੰਘ ਨਾਲ਼ ਸਾਂਝੀ ਕੰਧ ਬਣਾਉਣ ਵਿੱਚ ਉਸ ਦੀ ਮੱਦਦ ਨਹੀਂ ਕਰ ਪਾ ਰਿਹਾ ਸੀ, ਕਿਉਂਕਿ ਭਾਈਚਾਰਕ ਸਾਂਝ ਤੇ ਪਿਆਰ ਦਾ ਦੋਖੀ ਸਰਪੰਚ ਧੁੰਮਾ ਸਿੰਘ ਉਸ ਨੂੰ ਕਪੂਰ ਸਿੰਘ ਨਾਲ ਸੁਲਾਹ ਨਾ ਕਰਨ ਲਈ ਚੁੱਕ ਰਿਹਾ ਸੀ। ਉਹ ਝਗੜਾ ਕਰਵਾਉਣ ਲਈ ਵਾਰ-ਵਾਰ ਦਰਬਾਰਾ ਸਿੰਘ ਨੂੰ ਕਪੂਰ ਸਿੰਘ ਦੇ ਖਿਲਾਫ਼ ਉਕਸਾ ਰਿਹਾ ਸੀ।
ਪ੍ਰਸ਼ਨ 4. ਕਪੂਰ ਸਿੰਘ ਨੂੰ ਕਿਹੜੀ ਗੱਲ ਦਾ ਡਰ ਸੀ, ਜਿਸ ਕਰਕੇ ਉਹ ਦਰਬਾਰਾ ਸਿੰਘ ਪ੍ਰਤੀ ਨਰਮਾਈ ਵਰਤ ਰਿਹਾ ਸੀ ?
ਉੱਤਰ – ਕਪੂਰ ਸਿੰਘ ਲੜਾਈ ਝਗੜਾ ਹੋਣ ਦੇ ਡਰੋਂ ਹੀ ਦਰਬਾਰਾ ਸਿੰਘ ਨਾਲ਼ ਨਰਮੀ ਨਾਲ ਪੇਸ਼ ਆ ਰਿਹਾ ਸੀ। ਸਾਂਝੀ ਕੱਚੀ ਕੰਧ ਨੂੰ ਪੱਕਾ ਕੀਤੇ ਬਿਨਾਂ ਉਸ ਦਾ ਮਕਾਨ ਸਿਰੇ ਨਹੀਂ ਚੜ੍ਹ ਰਿਹਾ ਸੀ। ਕੰਧ ਦਾ ਸਾਰਾ ਖਰਚ ਤਾਂ ਇੱਕ ਵਾਰ ਉਹ ਆਪ ਵੀ ਕਰ ਸਕਦਾ ਸੀ, ਪਰ ਦਰਬਾਰਾ ਸਿੰਘ ਦੀ ਸਹਿਮਤੀ ਤੋਂ ਬਿਨਾਂ ਕੰਧ ਨੂੰ ਢਾਹ ਕੇ ਸਹੀ ਥਾਂ ’ਤੇ ਪੱਕੀ ਕੰਧ ਬਣਾਉਣਾ ਸੌਖਾ ਨਹੀਂ ਸੀ।
ਪ੍ਰਸ਼ਨ 5. ‘‘ਸਭ ਦੂਰ ਹੋ ਜੂ, ਚੁਗਾਠ ਬਚ ਰਹੇ, ਵਾਣ ਬਥੇਰਾ ।” ਇਹ ਸ਼ਬਦ ਕਪੂਰ ਸਿੰਘ ਨੇ ਕਿਸ ਨੂੰ ਅਤੇ ਕਿਉਂ ਕਹੇ ?
ਉੱਤਰ – ਇਹ ਸ਼ਬਦ ‘ਸਾਂਝੀ ਕੰਧ’ ਕਹਾਣੀ ਵਿਚ ਕਪੂਰ ਸਿੰਘ ਨੇ ਨਮੂਨੀਏ ਨਾਲ ਬਿਮਾਰ ਪਏ ਦਰਬਾਰੇ ਨੂੰ ਉਸ ਸਮੇਂ ਕਹੇ, ਜਦੋਂ ਉਹ ਪੁਰਾਣੀਆਂ ਗੱਲਾਂ ਨੂੰ ਭੁੱਲਾ ਕੇ ਉਸ ਦੇ ਘਰ ਉਸ ਦਾ ਹਾਲ-ਚਾਲ ਪੁੱਛਣ ਜਾਂਦਾ ਹੈ। ਜਦੋਂ ਦਰਬਾਰਾ ਸਿੰਘ ਨੇ ਬਿਮਾਰੀ ਕਾਰਨ ਹੋਈ ਕਮਜ਼ੋਰੀ ਬਾਰੇ ਕਿਹਾ, ਤਾਂ ਕਪੂਰ ਸਿੰਘ ਨੇ ਉਸ ਨੂੰ ਹੌਂਸਲਾ ਦੇਣ ਲਈ ਇਹ ਸ਼ਬਦ ਕਹੇ।
ਪ੍ਰਸ਼ਨ 6. ਕਹਾਣੀ ਦੇ ਅੰਤ ਵਿਚ ਕਪੂਰ ਸਿੰਘ ਆਪਣੇ ਬਿਮਾਰ ਭਰਾ ਦਰਬਾਰੇ ਨੂੰ ਕਿਸ ਤਰ੍ਹਾਂ ਹੌਂਸਲਾ ਦਿੰਦਾ ਹੈ ?
ਉੱਤਰ – ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਨਮੂਨੀਏ ਕਾਰਨ ਬਿਮਾਰ ਪਏ ਆਪਣੇ ਭਰਾ ਦਰਬਾਰਾ ਸਿੰਘ ਨੂੰ ਹੌਂਸਲਾ ਦੇਣ ਲਈ ਮੱਦਦ ਵਜੋਂ ਦਸ ਰੁਪਏ ਉਸ ਦੀ ਜੇਬ ਵਿੱਚ ਪਾਉਂਦਾ ਹੈ ਅਤੇ ਮੰਡੀ ਜਾ ਕੇ ਉੱਥੋਂ ਡਾਕਟਰ ਨੂੰ ਭੇਜਣ ਦਾ ਵੀ ਹੌਂਸਲਾ ਦਿੰਦਾ ਹੈ। ਜਦੋਂ ਦਰਬਾਰੇ ਨੇ ਉਸ ਦੇ ਕਿਸ਼ਤਾਂ ਦੇ ਪੈਸੇ ਦੇਣ ਵਾਲੇ ਰਹਿੰਦੇ ਹੋਣ ਦਾ ਦੁੱਖ ਜਤਾਇਆ, ਤਾਂ ਕਪੂਰ ਸਿੰਘ ਨੇ ਉਸ ਨੂੰ ਪੈਸਿਆਂ ਦਾ ਫ਼ਿਕਰ ਨਾ ਕਰਕੇ ਜਲਦੀ ਠੀਕ ਹੋਣ ਦਾ ਹੌਂਸਲਾ ਦਿੱਤਾ।
ਪ੍ਰਸ਼ਨ 7. ‘ਸਾਂਝੀ ਕੰਧ ਕਹਾਣੀ ਵਿਚ ਕਹਾਣੀਕਾਰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ?
ਉੱਤਰ – ਇਸ ਕਹਾਣੀ ਰਾਹੀਂ ਕਹਾਣੀਕਾਰ ਪਿੰਡਾਂ ਦੇ ਸਮਾਜਿਕ ਤੇ ਭਾਈਚਾਰਕ ਜੀਵਨ ਵਿੱਚ ਝਗੜੇ ਕਰਵਾ ਕੇ ਨਫ਼ਰਤ ਦਾ ਜ਼ਹਿਰ ਘੋਲਣ ਵਾਲ਼ੇ ਧੰਮਾ ਸਿੰਘ ਸਰਪੰਚ ਵਰਗੇ ਚੌਧਰੀਆਂ ਦੇ ਕਿਰਦਾਰ ਨੂੰ ਨੰਗਾ ਕਰਦਾ ਹੈ। ਸਾਨੂੰ ਅਜਿਹੇ ਭਾਈਚਾਰਕ ਸਾਂਝ ਦੇ ਦੁਸ਼ਮਣ ਵਿਅਕਤੀਆਂ ਦੀਆਂ ਚੁਸਤ ਚਾਲਾਂ ਤੋਂ ਬੱਚ ਕੇ ਪਿਆਰ ਨਾਲ਼ ਰਹਿਣ ਦਾ ਸੁਨੇਹਾ ਮਿਲਦਾ ਹੈ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਸਾਂਝੀ ਕੰਧ‘ ਕਹਾਣੀ ਦਾ ਲੇਖਕ ਕੌਣ ਹੈ ?
ਉੱਤਰ – ਸੰਤੋਖ ਸਿੰਘ ਧੀਰ ।
ਪ੍ਰਸ਼ਨ 2. ਕਪੂਰ ਸਿੰਘ ਕਿਸ ਕਹਾਣੀ ਦਾ ਮੁੱਖ ਪਾਤਰ ਹੈ ?
ਉੱਤਰ – ਸਾਂਝੀ ਕੰਧ ।
ਪ੍ਰਸ਼ਨ 3. ਕਪੂਰ ਸਿੰਘ ਦੇ ਮਕਾਨ ਦੀ ਖੱਬੇ ਪਾਸੇ ਦੀ ਕੰਧ ਕਿਸ ਨਾਲ਼ ਸਾਂਝੀ ਸੀ ?
ਉੱਤਰ – ਦਰਬਾਰੇ ਨਾਲ਼ ।
ਪ੍ਰਸ਼ਨ 4. ਦਰਬਾਰਾ ਕਪੂਰ ਸਿੰਘ ਦਾ ਕੀ ਲੱਗਦਾ ਸੀ ?
ਉੱਤਰ – ਚਾਚੇ ਦਾ ਪੁੱਤ ।
ਪ੍ਰਸ਼ਨ 5. ਕਪੂਰ ਸਿੰਘ ਦੇ ਘਰ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ ?
ਉੱਤਰ – ਮਾੜੀ ।
ਪ੍ਰਸ਼ਨ 6. ਕਪੂਰ ਸਿੰਘ ਨੇ ਕਰਜ਼ਾ ਲੈਣ ਲਈ ਕਿੰਨੇ ਵਿੱਘੇ ਜਮੀਨ ਬੈ ਕੀਤੀ ?
ਉੱਤਰ – ਦਸ ਵਿੱਘੇ ।
ਪ੍ਰਸ਼ਨ 7. ਕਪੂਰ ਸਿੰਘ ਦੇ ਮਕਾਨ ਦੇ ਸੱਜੇ ਪਾਸੇ ਦੀ ਕੰਧ ਕਿਸ ਨਾਲ਼ ਸਾਂਝੀ ਸੀ ?
ਉੱਤਰ – ਚਾਚੀ ਰਾਮ ਕੌਰ ਨਾਲ਼ ।
ਪ੍ਰਸ਼ਨ 8. ਕਪੂਰ ਸਿੰਘ ਦੇ ਮਕਾਨ ਦੇ ਪਿਛਲੇ ਪਾਸੇ ਕਿਸ ਦਾ ਘਰ ਸੀ ?
ਉੱਤਰ – ਚੰਨਣ ਸਿੰਘ ਚੀਨੀਏ ਦਾ ।
ਪ੍ਰਸ਼ਨ 9. ਦਰਬਾਰਾ ਕਿਸ ਦੀ ਚੁੱਕ ਵਿੱਚ ਸੀ ?
ਉੱਤਰ – ਸਰਪੰਚ ਧੁੰਮਾ ਸਿੰਘ ਦੀ ।
ਪ੍ਰਸ਼ਨ 10. ਸਾਂਝੀ ਕੰਧ ਦਾ ਫੈਸਲਾ ਕਰਵਾਉਣ ਲਈ ਕੌਣ ਆਇਆ ?
ਉੱਤਰ – ਪੰਚਾਇਤ ਦੇ ਆਦਮੀ ।
ਪ੍ਰਸ਼ਨ 11. ਦਰਬਾਰੇ ਨੇ ਕਪੂਰ ਸਿੰਘ ਦੇ ਕੀ ਮਾਰਿਆ ?
ਉੱਤਰ – ਲਾਠੀ ।
ਪ੍ਰਸ਼ਨ 12. ਕਪੂਰ ਸਿੰਘ ਨੂੰ ਦਰਬਾਰੇ ਦੇ ਬਿਮਾਰ ਹੋਣ ਬਾਰੇ ਕਿਸ ਤੋਂ ਪਤਾ ਲੱਗਾ ?
ਉੱਤਰ – ਚਾਚੀ ਰਾਮ ਕੌਰ ਤੋਂ ।
ਪ੍ਰਸ਼ਨ 13. ਦਰਬਾਰੇ ਨੂੰ ਕਿਹੜੀ ਬਿਮਾਰੀ ਸੀ ?
ਉੱਤਰ – ਨਮੂਨੀਏ ਦੀ ।
ਪ੍ਰਸ਼ਨ 14. ਹਰਬੰਸੋ ਕਿਸ ਦੀ ਧੀ ਹੈ ?
ਉੱਤਰ – ਦਰਬਾਰੇ ਦੀ ।
ਪ੍ਰਸ਼ਨ 15. ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਕਿਹੜੀ ਸੀ ?
ਉੱਤਰ – ਕਪੂਰ ਸਿੰਘ ਦੇ ਘਰ ਦਾ ਢਹਿਣਾ ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037 |