2. ਜਨਮ–ਦਿਨ
ਕਹਾਣੀਕਾਰ – ਪ੍ਰੋ: ਸਵਿੰਦਰ ਸਿੰਘ ਉੱਪਲ
••• ਸਾਰ •••
ਜਦੋਂ ਜੁਗਲ ਪ੍ਰਸ਼ਾਦ ਦੀ ਪੰਜ ਰੁਪਏ ਤਨਖਾਹ ਵਧੀ, ਤਾਂ ਉਹ ਆਪਣੀ ਪਤਨੀ ਦੇ ਵਿਰੋਧ ਦੇ ਬਾਵਜੂਦ ਚਾਲ਼ੀ ਰੁਪਏ ਉਧਾਰ ਮੰਗ-ਤੰਗ ਕੇ ਆਪਣੇ ਪੁੱਤਰ ਜੋਤੀ ਨੂੰ ਮੁੱਢ ਤੋਂ ਅੰਗਰੇਜ਼ੀ ਪੜ੍ਹਾਉਣ ਤੇ ਨਵੀਆਂ ਵਿੱਦਿਅਕ ਵਿਉਂਤਾਂ ਅਨੁਸਾਰ ਚੱਲ ਰਹੇ ਸਕੂਲ ਵਿੱਚ ਦਾਖ਼ਲ ਕਰਵਾ ਕੇ ਖ਼ੁਸ਼ ਸੀ। ਮਹੀਨੇ ਬਾਅਦ ਇਮਤਿਹਾਨ ਤੋਂ ਉਸ ਨੂੰ ਪਤਾ ਲੱਗਾ ਕੇ ਜੋਤੀ ਸੋਹਣਾ ਹੋਣ ਦੇ ਨਾਲ਼–ਨਾਲ਼ ਪੜ੍ਹਾਈ ਵਿਚ ਵੀ ਸਾਰੇ ਜਮਾਤੀਆਂ ਤੋਂ ਅੱਗੇ ਸੀ। ਇਸ ਸਬੰਧੀ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਦਿੱਤੀ। ਜਿਸ ਕਰਕੇ ਜੁਗਲ ਪ੍ਰਸ਼ਾਦ ਅਤੇ ਉਸ ਦੀ ਪਤਨੀ ਬਹੁਤ ਖ਼ੁਸ਼ ਸਨ। ਇੱਕ ਦਿਨ ਜੁਗਲ ਪ੍ਰਸ਼ਾਦ ਨੂੰ ਪ੍ਰਿੰਸੀਪਲ ਦੀ ਚਿੱਠੀ ਤੋਂ ਪਤਾ ਲੱਗਾ ਕਿ ਸ਼ਹਿਰ ਦੀ ਨਾਗਰਿਕ ਸਭਾ ਵੱਲੋਂ ਐਤਵਾਰ ਨੂੰ ਮਨਾਏ ਜਾ ਰਹੇ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ੍ਰੀ ਜਵਾਲਾ ਪ੍ਰਸ਼ਾਦ ਦੇ ਜਨਮ ਦਿਨ ਦੇ ਮੌਕੇ ਉੱਤੇ ਮੰਤਰੀ ਜੀ ਸ਼ਹਿਰ ਦੇ ਚੋਣਵੇਂ ਸਕੂਲਾਂ ਦੇ ਬੱਚਿਆਂ ਨੂੰ ਮਿਲ਼ਣਾ ਚਾਹੁੰਦੇ ਹਨ ਅਤੇ ਇਸ ਕੰਮ ਲਈ ਜੋਤੀ ਨੂੰ ਚੁਣਿਆ ਗਿਆ ਹੈ ਜੋ ਮੰਤਰੀ ਜੀ ਦੇ ਗਲ ਹਾਰ ਪਾਵੇਗਾ। ਇਸ ਗੱਲ ਦੀ ਜੁਗਲ ਪ੍ਰਸ਼ਾਦ ਤੇ ਉਸ ਦੀ ਪਤਨੀ ਨੂੰ ਬਹੁਤ ਖ਼ੁਸ਼ੀ ਪ੍ਰਾਪਤ ਹੋਈ। ਪਰ ਘਰ ਵਿੱਚ ਪਹਿਲਾਂ ਤੋਂ ਚੱਲ ਰਹੀ ਪੈਸਿਆਂ ਦੀ ਤੰਗੀ ਕਾਰਨ ਉਨ੍ਹਾਂ ਨੇ ਜੋਤੀ ਦੀ ਬੁਘਨੀ ਵਿੱਚੋਂ ਸੱਤ ਆਨੇ ਕੱਢ ਕੇ ਅਤੇ ਇੱਕ ਮਿੱਤਰ ਤੋਂ ਮੁਸ਼ਕਿਲ ਨਾਲ਼ ਤਿੰਨ ਰੁਪਏ ਉਧਾਰ ਲੈ ਕੇ ਜੋਤੀ ਲਈ ਬੂਟ, ਚਿੱਟੇ ਰੰਗ ਦੀਆਂ ਜ਼ੁਰਾਬਾਂ, ਨਿੱਕਰ ਅਤੇ ਕਮੀਜ਼ ਦਾ ਪ੍ਰਬੰਧ ਕੀਤਾ।
ਸਮਾਗਮ ਵਾਲ਼ੇ ਦਿਨ ’ਤੇ ਜੋਤੀ ਨੂੰ ਭੇਜ ਕੇ ਸਾਰਾ ਟੱਬਰ ਤ੍ਰਿਕਾਲਾਂ ਨੂੰ ਉਸ ਦੀ ਬੇਸਬਰੀ ਨਾਲ਼ ਉਡੀਕ ਕਰ ਰਿਹਾ ਸੀ ਕਿ ਉਹ ਆਵੇ ਤੇ ਉਹਨਾਂ ਨੂੰ ਸਾਰੇ ਰੌਣਕ ਮੇਲੇ ਵਿੱਚ ਮਿਲ਼ੇ ਮਾਣ ਸਨਮਾਨ ਦਾ ਹਾਲ ਸੁਣਾਵੇ। ਪਰ ਕੁੱਝ ਦੇਰ ਮਗਰੋਂ ਪ੍ਰਿੰਸੀਪਲ ਡਸਕੋਰੇ ਲੈ ਰਹੇ ਜੋਤੀ ਨੂੰ ਨਾਲ਼ ਲੈ ਕੇ ਪੁੱਜੀ। ਉਸ ਨੇ ਅਫ਼ਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਜੋਤੀ ਨੂੰ ਮੰਤਰੀ ਜੀ ਨੂੰ ਹਾਰ ਪਾਉਣ ਦਾ ਮਾਣ ਨਹੀਂ ਮਿਲ਼ ਸਕਿਆ ਕਿਉਂਕਿ ਸੇਠ ਲੱਖਪਤ ਰਾਏ ਨੇ ਉਨ੍ਹਾਂ ਦੇ ਚੇਅਰਮੈਨ ਤੋਂ ਅਖਵਾ ਕੇ ਇਸ ਕੰਮ ਲਈ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਸੀ। ਇਹ ਸੁਣ ਕੇ ਜੁਗਲ ਪ੍ਰਸ਼ਾਦ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਵੱਡਾ ਝਟਕਾ ਲੱਗਾ ਅਤੇ ਉਹ ਗੁੱਸੇ ਨਾਲ਼ ਆਪੇ ਤੋਂ ਬਾਹਰ ਹੋਇਆ ਕਹਿਣ ਲੱਗਾ ਕਿ ਅੱਜ ਮੰਤਰੀ ਦਾ ਜਨਮ ਦਿਨ ਨਹੀਂ ਸਗੋਂ ਉਸ ਦੇ ਅੰਦਰ ਪੈਦਾ ਹੋਈ ਉਸ ਦਲੇਰੀ, ਹਿੰਮਤ ਤੇ ਜੁਰੱਅਤ ਦਾ ਜਨਮ ਦਿਨ ਹੈ, ਜੋ ਹੁਣ ਅਮੀਰਾਂ ਨੂੰ ਗ਼ਰੀਬਾਂ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਪੈਰਾਂ ਹੇਠ ਲਿਤਾੜਨ ਨਹੀਂ ਦੇਵੇਗੀ।
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਜੁਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖ਼ਲ ਕਿਉਂ ਕਰਵਾਉਣਾ ਚਾਹੁੰਦਾ ਸੀ?
ਉੱਤਰ – ਜੁਗਲ ਪ੍ਰਸ਼ਾਦ ਚਾਹੁੰਦਾ ਸੀ ਕਿ ਸ਼ੁਰੂ ਤੋਂ ਅੰਗਰੇਜ਼ੀ ਪੜਾਉਣ ਵਾਲ਼ੇ ਸਕੂਲ ਵਿੱਚ ਜੋਤੀ ਅੰਗਰੇਜ਼ੀ ਸਿੱਖ ਕੇ ਨਿਪੁੰਨ ਬਣ ਜਾਵੇ। ਉਹ ਸਮਝਦਾ ਸੀ ਕਿ ਇਸ ਸਕੂਲ ਵਿੱਚ ਬੱਚੇ ਦੀ ਸ਼ਖ਼ਸੀਅਤ ਦੀ ਉਸਾਰੀ ਲਈ ਵਿਸ਼ੇਸ਼ ਮੌਕੇ ਦਿੱਤੇ ਜਾਂਦੇ ਹਨ। ਜਿਸ ਨਾਲ਼ ਬੱਚੇ ਸਾਫ਼–ਸੁਥਰਾ ਰਹਿਣਾ, ਚੰਗੇ ਕੱਪੜੇ ਪਹਿਨਣਾ ਅਤੇ ਪਿਆਰ ਨਾਲ਼ ਮਿਲ਼–ਜੁਲ ਕੇ ਰਹਿਣ ਤੋਂ ਇਲਾਵਾ ਉਹਨਾਂ ਵਿੱਚ ਸਵੈ–ਵਿਸ਼ਵਾਸ ਵਰਗੇ ਗੁਣ ਵੀ ਪੈਦਾ ਹੁੰਦੇ ਹਨ। ਉਹ ਸਮਝਦਾ ਸੀ ਕਿ ਇੱਥੇ ਪੜ੍ਹ ਕੇ ਉਸ ਦਾ ਪੁੱਤਰ ਵੱਡਾ ਹੋ ਕੇ ਅਫ਼ਸਰ ਬਣੇਗਾ।
ਪ੍ਰਸ਼ਨ 2. ਸਕੂਲ ਦੀ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਕਿਉਂ ਦਿੱਤੀ?
ਉੱਤਰ – ਜਦੋਂ ਇੱਕ ਮਹੀਨੇ ਬਾਅਦ ਇਮਤਿਹਾਨ ਹੋਇਆ ਤਾਂ ਜੁਗਲ ਪ੍ਰਸਾਦ ਦਾ ਪੁੱਤਰ ਜੋਤੀ ਇਮਤਿਹਾਨ ਵਿੱਚ ਸਾਰੇ ਜਮਾਤੀਆਂ ਨਾਲ਼ੋਂ ਅੱਵਲ ਰਿਹਾ। ਜਿਸ ਕਰਕੇ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਅਜਿਹੇ ਹੋਣਹਾਰ ਪੁੱਤਰ ਦਾ ਪਿਤਾ ਹੋਣ ’ਤੇ ਵਧਾਈ ਦਿੱਤੀ।
ਪ੍ਰਸ਼ਨ 3. “ਇਹ ਮੇਰਾ ਲਾਲ ਜਾਏਗਾ, ਐਡੇ ਵੱਡੇ ਮੰਤਰੀ ਕੋਲ, ਮੈਂ ਸਦਕੇ ਜਾਵਾਂ।” ਜੋਤੀ ਦੀ ਮਾਂ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਸੀ ?
ਉੱਤਰ – ਜੋਤੀ ਦੀ ਮਾਂ ਦੇ ਇਨ੍ਹਾਂ ਸ਼ਬਦਾਂ ਤੋਂ ਭਾਵ ਸੀ ਕਿ ਉਹ ਬਹੁਤ ਖ਼ੁਸ਼ ਹੈ ਕਿ ਉਸ ਦਾ ਪੁੱਤਰ ਬੜਾ ਲਾਇਕ ਅਤੇ ਹੋਣਹਾਰ ਹੈ, ਜੋ ਪ੍ਰਾਂਤ ਦੇ ਵੱਡੇ ਮੰਤਰੀ ਦੇ ਗਲ ਵਿੱਚ ਹਾਰ ਪਾਵੇਗਾ। ਉਹ ਇਸ ਗੱਲ ਲਈ ਆਪਣੇ ਪੁੱਤਰ ਤੋਂ ਕੁਰਬਾਨ ਜਾਂਦੀ ਹੈ ਅਤੇ ਉਸ ਉੱਤੇ ਮਾਣ ਕਰਦੀ ਹੈ।
ਪ੍ਰਸ਼ਨ 4. ਜੁਗਲ ਪ੍ਰਸ਼ਾਦ ਦੀ ਸੋਚ ਅਨੁਸਾਰ ਘੱਟ ਆਮਦਨ ਹੁੰਦਿਆਂ ਉਸ ਦੀ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਤੋਰਦੀ ਸੀ ?
ਉੱਤਰ – ਜੁਗਲ ਪ੍ਰਸਾਦ ਦੀ ਸੋਚ ਅਨੁਸਾਰ ਘੱਟ ਆਮਦਨ ਹੁੰਦਿਆਂ ਵੀ ਉਸ ਦੀ ਪਤਨੀ ਡੇਢ ਸੌ ਰੁਪਏ ਵਿੱਚ ਪੰਜ ਬੱਚਿਆਂ ਨੂੰ ਪਾਲ ਰਹੀ ਸੀ। ਉਹ ਉਸ ਨੂੰ ਬੱਚਿਆਂ ਦੀਆਂ ਬੁਗਨੀਆਂ ਵਿੱਚੋਂ ਪੈਸੇ ਇਕੱਠੇ ਕਰਦੀ ਦੇਖ ਕੇ ਸੋਚਦਾ ਕਿ ਕਿਸ ਤਰ੍ਹਾਂ ਉਹ ਯਤਨ ਕਰ ਰਹੀ ਸੀ ਕਿ ਉਸ ਦਾ ਬੱਚਾ ਸਕੂਲ ਵਾਲ਼ਿਆਂ ਦੀ ਇੱਛਾ ਅਨੁਸਾਰ ਨਾਗਰਿਕ ਸਭਾ ਦੁਆਰਾ ਐਤਵਾਰ ਨੂੰ ਹੋਣ ਵਾਲ਼ੇ ਸਮਾਗਮ ਵਿਚ ਸ਼ਾਮਲ ਹੋ ਸਕੇ।
ਪ੍ਰਸ਼ਨ 5. ਤ੍ਰਿਕਾਲਾਂ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ?
ਉੱਤਰ – ਤਿਰਕਾਲਾਂ ਨੂੰ ਜੁਗਲ ਪ੍ਰਸ਼ਾਦ ਦਾ ਸਾਰਾ ਪਰਿਵਾਰ ਜੋਤੀ ਦੇ ਸਮਾਗਮ ਵਿੱਚੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜੋ ਉਹ ਉਸ ਦੇ ਮੂੰਹੋਂ ਸਮਾਗਮ ਵਿੱਚ ਪ੍ਰਾਪਤ ਹੋਏ ਮਾਣ ਨੂੰ ਵਿਸਥਾਰ ਨਾਲ਼ ਸੁਣ ਸਕਣ।
ਪ੍ਰਸ਼ਨ 6. ਡਸਕੋਰੇ ਭਰ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸ਼ਾਦ ਨੂੰ ਕੀ ਕਹਿੰਦੀ ਹੈ ?
ਉੱਤਰ – ਡਸਕੋਰੇ ਭਰ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਅਫ਼ਸੋਸ ਪ੍ਰਗਟ ਕਰਦੀ ਹੋਈ ਜੁਗਲ ਪ੍ਰਸ਼ਾਦ ਨੂੰ ਦੱਸਦੀ ਹੈ ਕਿ ਉਸ ਦੇ ਪੁੱਤਰ ਨੂੰ ਮੰਤਰੀ ਜੀ ਨੂੰ ਹਾਰ ਪਾਉਣ ਦਾ ਮਾਣ ਨਹੀਂ ਮਿਲ਼ ਸਕਿਆ, ਕਿਉਂਕਿ ਸੇਠ ਲਖਪਤ ਰਾਏ ਨੇ ਉਨ੍ਹਾਂ ਦੇ ਚੇਅਰਮੈਨ ਨੂੰ ਕਹਿ ਕੇ ਜੋਤੀ ਦੇ ਨਾਂ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਸੀ।
ਪ੍ਰਸ਼ਨ 7. “ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ ਮੇਰਾ ਜਨਮ ਦਿਨ ਏ।” ਜੁਗਲ ਪ੍ਰਸ਼ਾਦ ਨੇ ਇਹ ਗੱਲ ਕਿਸ ਸੰਦਰਭ ਵਿੱਚ ਕਹੀ?
ਉੱਤਰ – ਜੁਗਲ ਪ੍ਰਸ਼ਾਦ ਨੇ ਡਸਕੋਰੇ ਭਰ ਰਹੇ ਜੋਤੀ ਨੂੰ ਦੇਖ ਅਤੇ ਪ੍ਰਿੰਸੀਪਲ ਦੇ ਮੂੰਹੋਂ ਸਾਰਾ ਹਾਲ ਸੁਣ ਕੇ ਗੁੱਸੇ ਵਿੱਚ ਆ ਕੇ ਇਹ ਕਿਹਾ। ਕਿਉਂਕਿ ਉਸ ਨੂੰ ਅੱਜ ਮਹਿਸੂਸ ਹੋਇਆ ਕਿ ਉਸ ਨੂੰ ਦਲੇਰੀ ਅਤੇ ਹਿੰਮਤ ਕਰਕੇ ਅਜਿਹੇ ਅਮੀਰ ਲੋਕਾਂ ਖ਼ਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜੋ ਗ਼ਰੀਬਾਂ ਦੀਆਂ ਸੱਧਰਾਂ ਅਤੇ ਉਮੰਗਾਂ ਨੂੰ ਲਿਤਾੜਦੇ ਹਨ। ਇਸ ਲਈ ਉਹ ਆਪਣੇ ਅੰਦਰ ਪੈਦਾ ਹੋਈ ਹਿੰਮਤ ਅਤੇ ਦਲੇਰੀ ਲਈ ਆਪਣਾ ਜਨਮ ਦਿਨ ਕਹਿੰਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਜਨਮ ਦਿਨ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ – ਪ੍ਰੋ: ਸਵਿੰਦਰ ਸਿੰਘ ਉੱਪਲ।
ਪ੍ਰਸ਼ਨ 2. ਜੁਗਲ ਪ੍ਰਸ਼ਾਦ ਦੀ ਤਨਖਾਹ ਕਿੰਨੀ ਵਧੀ ਸੀ?
ਉੱਤਰ – ਪੰਜ ਰੁਪਏ।
ਪ੍ਰਸ਼ਨ 3. ਜੁਗਲ ਪ੍ਰਸ਼ਾਦ ਦੇ ਸਭ ਤੋਂ ਛੋਟੇ ਲੜਕੇ ਦਾ ਨਾਂ ਕੀ ਸੀ ?
ਉੱਤਰ – ਜੋਤੀ।
ਪ੍ਰਸ਼ਨ 4. ਜੁਗਲ ਪ੍ਰਸ਼ਾਦ ਜੋਤੀ ਨੂੰ ਕੀ ਬਣਾਉਣਾ ਚਾਹੁੰਦਾ ਸੀ?
ਉੱਤਰ – ਵੱਡਾ ਅਤੇ ਚੰਗਾ ਅਫ਼ਸਰ।
ਪ੍ਰਸ਼ਨ 5. ਜੁਗਲ ਪ੍ਰਸ਼ਾਦ ਦੀ ਪਤਨੀ ਦਾ ਨਾਂ ਕੀ ਸੀ?
ਉੱਤਰ – ਦੇਵਕੀ।
ਪ੍ਰਸ਼ਨ 6. ਮੰਤਰੀ ਜਵਾਲਾ ਪ੍ਰਸ਼ਾਦ ਦਾ ਜਨਮ–ਦਿਨ ਕੌਣ ਮਨਾ ਰਿਹਾ ਸੀ ?
ਉੱਤਰ – ਨਾਗਰਿਕ ਸਭਾ।
ਪ੍ਰਸ਼ਨ 7. ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ ?
ਉੱਤਰ – ਕੇ. ਜੀ. ਵਿੱਚ।
ਪ੍ਰਸ਼ਨ 8. ਜੋਤੀ ਕਿਸ ਗੱਲ ਕਰਕੇ ਮੰਤਰੀ ਦੇ ਹਾਰ ਪਾਉਣ ਲਈ ਚੁਣਿਆ ਗਿਆ ਸੀ?
ਉੱਤਰ – ਲਾਇਕ ਹੋਣ ਕਰਕੇ।
ਪ੍ਰਸ਼ਨ 9. ਜੁਗਲ ਪ੍ਰਸ਼ਾਦ ਤੇ ਦੇਵਕੀ ਦੇ ਕਿੰਨੇ ਬੱਚੇ ਸਨ?
ਉੱਤਰ – ਪੰਜ।
ਪ੍ਰਸ਼ਨ 10. ਦੇਵਕੀ ਨੇ ਜੋਤੀ ਲਈ ਚਿੱਟੀ ਕਮੀਜ਼ ਕਿਸ ਕੱਪੜੇ ਤੋਂ ਤਿਆਰ ਕੀਤੀ?
ਉੱਤਰ – ਇੱਕ ਪੁਰਾਣੀ ਚਿੱਟੀ ਚਾਦਰ ਤੋਂ।
ਪ੍ਰਸ਼ਨ 11. ਜੋਤੀ ਦੁਆਰਾ ਮੰਤਰੀ ਨੂੰ ਹਾਰ ਪਾਉਣ ਵਾਲ਼ਾ ਸਮਾਗਮ ਕਿਸ ਦਿਨ ਸੀ?
ਉੱਤਰ – ਐਤਵਾਰ ਨੂੰ।
ਪ੍ਰਸ਼ਨ 12. ਕਿਸ ਨੇ ਮੰਤਰੀ ਦੇ ਹਾਰ ਪਾਉਣ ਲਈ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਸੀ ?
ਉੱਤਰ – ਸੇਠ ਲਖਪਤ ਰਾਏ ਨੇ।
ਪ੍ਰਸ਼ਨ 13. ਜੋਤੀ ਦਾ ਹੱਕ ਖੋਹੇ ਜਾਣ ਮਗਰੋਂ ਜੁਗਲ ਪ੍ਰਸ਼ਾਦ ਨੂੰ ਆਪਣੇ ਅੰਦਰ ਕਿਸ ਚੀਜ਼ ਦਾ ਜਨਮ ਹੋਇਆ ਪ੍ਰਤੀਤ ਹੋਇਆ?
ਉੱਤਰ – ਜੁਅਰਤ ਤੇ ਦਲੇਰੀ ਦਾ।
ਪ੍ਰਸ਼ਨ 14. ਜਨਮ ਦਿਨ ਕਹਾਣੀ ਦਾ ਅੰਤ ਕਿਹੋ–ਜਿਹਾ ਹੈ ?
ਉੱਤਰ – ਦੁੱਖ ਭਰਿਆ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037