1. ਕੱਲੋ
ਕਹਾਣੀਕਾਰ – ਨਾਨਕ ਸਿੰਘ
••• ਸਾਰ •••
ਜਦੋਂ 1936 ਈ: ਵਿੱਚ ਲੇਖਕ ਨੇ ‘ਕਾਗਤਾਂ ਦੀ ਬੇੜੀ’ ਨਾਵਲ ਲਿਖਣ ਲਈ ਪੈਸੇ ਦੀ ਤੰਗੀ ਕਾਰਨ ਧਰਮਸ਼ਾਲਾ ਵਿੱਚ ਮੈਕਲੋਡ ਗੰਜ ਦੇ ਕਿਸੇ ਹੋਟਲ ਦੀ ਥਾਂ ਇੱਕ ਗੁੰਮਨਾਮ ਮੁਹੱਲੇ ਵਿੱਚ ਡੇਰਾ ਲਾਇਆ, ਤਾਂ ਉੱਥੋਂ ਦੀ ਇੱਕ ਕੱਲੋ ਨਾਂ ਦੀ ਬੇਪ੍ਰਵਾਹ ਤੇ ਢੀਠ ਸਫਾਈ-ਸੇਵਿਕਾ ਨੇ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ, ਜੋ ਹਰ ਇੱਕ ਨਾਲ਼ ਆਢ੍ਹਾ ਲਾਈ ਰੱਖਦੀ ਸੀ ਅਤੇ ਹਰ ਵੇਲੇ ਸੜੀ-ਭੁੱਜੀ ਰਹਿੰਦੀ ਸੀ। ਉਸ ਦੇ ਰੌਲੋ-ਰੱਪੇ ਦੇ ਕਾਰਨ ਉਸ ਨੇ ਉਸ ਥਾਂ ਨੂੰ ਬਦਲ ਲੈਣ ਦਾ ਫੈਸਲਾ ਕੀਤਾ, ਪਰ ਅਗਲੇ ਦਿਨ ਜ਼ੋਰਦਾਰ ਬਾਰਿਸ਼ ਹੋਣ ਕਰਕੇ ਉਹ ਉੱਥੇ ਹੀ ਬੈਠਾ ਨਾਵਲ ਲਿਖਦਾ ਰਿਹਾ। ਜਦੋਂ ਦੁਪਹਿਰ ਦੇ ਸਮੇਂ ਉਹ ਬੈਠਾ ਅੰਬ ਚੂਪ ਰਿਹਾ ਸੀ, ਤਾਂ ਕੱਲੋ ਅਚਾਨਕ ਇੱਕ-ਦਮ ਆ ਧਮਕੀ ਅਤੇ ਉਸਨੂੰ ਬੂਹਿਓਂ ਬਾਹਰ ਗਿਟਕਾਂ ਦੇ ਛਿੱਲੜ ਸੁੱਟਣ ਕਾਰਨ ਬੁਰਾ-ਭਲਾ ਬੋਲਣ ਲੱਗੀ, ਪਰ ਲੇਖਕ ਨੇ ਉਸ ਨੂੰ ‘ਬਹਿਨ’ (ਭੈਣ) ਕਹਿ ਕੇ ਆਪਣੀ ਗਲਤੀ ਮੰਨ ਲਈ ਤੇ ਆਪ ਹੀ ਸਫਾਈ ਕਰਨ ਲੱਗ ਪਿਆ। ਕੱਲੋ ਨੇ ਲੇਖਕ ਨੂੰ ਸਫਾਈ ਕਰਨ ਤੋਂ ਹਟਾ ਕੇ ਸਾਰਾ ਕੰਮ ਆਪ ਕਰ ਦਿੱਤਾ। ਦੂਸਰੇ ਦਿਨ ਕੱਲੋ ਨੇ ਮਹੱਲੇ ਵਿੱਚ ਆ ਕੇ ਸਭ ਤੋਂ ਪਹਿਲਾਂ ਉਸ ਦੇ ਬੂਹੇ ਅੱਗੇ ਸਫ਼ਾਈ ਕੀਤੀ ਤੇ ਨਾਲੀ ਦਾ ਗੰਦ ਵੀ ਕੱਢ ਦਿੱਤਾ। ਕੱਲੋ ਨੇ ਲੇਖਕ ਨੂੰ ‘ਦਾਦਾ’ ਕਹਿ ਕੇ ਘਰ ਦੇ ਅੰਦਰ ਦਾ ਕੂੜਾ ਬਾਹਰ ਸੁੱਟਣ ਬਾਰੇ ਪੁੱਛਿਆ। ਇੱਕ ਵਾਰ ਉਸ ਨੂੰ ਆਪਣੇ ਲਈ ਵਰਤਿਆ ‘ਦਾਦਾ’ ਸ਼ਬਦ ਅਜੀਬ ਲੱਗਾ। ਜਦੋਂ ਲੇਖਕ ਵੱਲੋਂ ਮਜ਼ਦੂਰੀ ਵਜੋਂ ਉਸ ਵੱਲ ਸੁੱਟੇ ਦੋ ਆਨੇ ਨਾ ਚੁੱਕੇ, ਤਾਂ ਲੇਖਕ ਨੇ ਇੱਕ ਵਾਰ ਤਾਂ ਉਸ ਨੂੰ ਲਾਲਚੀ ਸਮਝਿਆ, ਪਰ ਜਲਦੀ ਹੀ ਉਸ ਨੂੰ ਆਪਣੀ ਸਮਝ ਤੇ ਪਛਤਾਵਾ ਹੋਇਆ ਅਤੇ ਉਹ ਉਸ ਨਾਲ਼ ਗੱਲਾਂ ਕਰਕੇ ਜਾਣ ਗਿਆ ਕਿ ਉਹ ਬੰਗਾਲਣ ਹੈ। ਇਸ ਲਈ ਉਸ ਨੇ ਲੇਖਕ ਨੂੰ ‘ਦਾਦਾ’ (ਵੱਡਾ ਭਰਾ) ਕਿਹਾ।
ਹੁਣ ਲੇਖਕ ਸਮਝ ਗਿਆ ਕਿ ਉਹ ਪਿਆਰ ਦੀ ਭੁੱਖੀ ਆਤਮਾ ਹੈ ਜੋ ਲੇਖਕ ਦੇ ‘ਬਹਿਨ’ ਕਹਿਣ ਤੇ ਪਸੀਜ ਗਈ। ਜਦ ਕਿ ਸਾਰਾ ਮਹੱਲਾ ਉਸ ਨੂੰ ਬੁਰਾ-ਭਲਾ ਬੋਲਦਾ ਸੀ। ਇਸ ਸਮੇਂ ਕੱਲੋ ਨੂੰ ਪਤਾ ਲੱਗਾ ਕਿ ਉਹ ਇਕ ਲੇਖਕ ਹੈ ਤੇ ਉੱਥੋਂ ਦੇ ਰੌਲੇ ਕਾਰਨ ਉਹ ਉੱਥੋਂ ਚੱਲਾ ਜਾਣਾ ਚਾਹੁੰਦਾ ਹੈ। ਇਸ ਤੋਂ ਪਿੱਛੋਂ ਕੱਲੋ ਨੇ ਨਾ ਕੇਵਲ ਲੋਕਾਂ ਨਾਲ਼ ਲੜਨਾ-ਝਗੜਨਾ ਬੰਦ ਕਰ ਦਿੱਤਾ, ਸਗੋਂ ਉਹ ਬੱਚਿਆਂ ਨੂੰ ਵੀ ਪਿਆਰ ਨਾਲ਼ ਰੌਲਾ ਪਾਉਣ ਤੋਂ ਰੋਕਣ ਲੱਗ ਪਈ, ਜਿਸ ਕਰਕੇ ਲੇਖਕ ਨੂੰ ਰਹਿਣ ਵਾਲ਼ੀ ਜਗ੍ਹਾ ਬਦਲਣ ਦੀ ਲੋੜ ਨਾ ਪਈ। ਨਾਵਲ ਦਾ ਕੰਮ ਪੂਰਾ ਹੋਣ ਮਗਰੋਂ ਲੇਖਕ ਨੇ ਕੱਲੋ ਨੂੰ ਆਪਣੇ ਵਾਪਸ ਜਾਣ ਬਾਰੇ ਦੱਸਿਆ ਅਤੇ ਅਗਲੇ ਦਿਨ ਜਦੋਂ ਉਹ ਕੱਲੋ ਨੂੰ ਮਿਲਣ ਦੀ ਉਡੀਕ ਕਰਦਾ ਬੱਸ ਵਿੱਚ ਜਾ ਬੈਠਾ, ਤਾਂ ਉਸ ਸਮੇਂ ਉਹ ਉਸ ਦੀ ਪਤਨੀ ਲਈ ਅੰਬਾਂ ਦੀ ਟੋਕਰੀ ਲੈ ਕੇ ਪੁੱਜੀ ਤੇ ਨਾਲ਼ ਹੀ ਕਹਿਣ ਲੱਗੀ ਕਿ ਉਸ ਨੇ ਅੰਬਾਂ ਨੂੰ ਛੂਹਿਆ ਨਹੀਂ। ਲੇਖਕ ਨੇ ਟੋਕਰੀ ਖੁਸ਼ੀ-ਖੁਸ਼ੀ ਉਸ ਤੋਂ ਲੈ ਲਈ, ਜਿਸ ਨਾਲ਼ ਉਹ ਖਿੜ ਗਈ। ਲੇਖਕ ਬੱਸ ਵਿੱਚ ਜਾ ਬੈਠਾ ਤੇ ਕੱਲੋ ਪਿਆਰ ਵਿੱਚ ਭਿੱਜੀ ਬੱਸ ਵੱਲ ਵੇਖ ਰਹੀ ਸੀ।
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. “ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ਼ ਕਦੋਂ ਦੂਰ ਹੋ ਸਕਦੀ ਸੀ?” ਲੇਖਕ ਨੇ ਅਜਿਹਾ ਕਿਉਂ ਸੋਚਿਆ?
ਉੱਤਰ – ਲੇਖਕ ਪਹਿਲਾਂ ਨਾਵਲ ਲਿਖਣ ਲਈ ਕਈ ਸਾਲਾਂ ਤੋਂ ਧਰਮਸ਼ਾਲਾ ਦੀ ਰਮਣੀਕ ਥਾਂ ਮੈਕਲੋਡ ਗੰਜ ਵਿੱਚ ਜਾ ਕੇ ਲਿਖਦਾ ਸੀ, ਪਰ ਇਸ ਵਾਰ ਉਸ ਨੇ ਪੈਸੇ ਦੀ ਕਮੀ ਹੋਣ ਕਰਕੇ ਆਪਣਾ ਮਨ ਮਾਰ ਕੇ ਘਰ ਵਿੱਚ ਬੈਠ ਕੇ ਹੀ ਨਾਵਲ ਲਿਖਣਾ ਸ਼ੁਰੂ ਕਰ ਦਿੱਤਾ, ਪਰ ਗੱਲ ਨਾ ਬਣਦੀ ਦੇਖ ਉਸ ਦਾ ਦਿਲ ਧਰਮਸ਼ਾਲਾ ਜਾਣ ਲਈ ਹੀ ਕਾਹਲਾ ਪੈ ਰਿਹਾ ਸੀ। ਕਿਉਂਕਿ ਘਰ ਵਿੱਚ ਬੈਠ ਕੇ ਨਾਵਲ ਲਿਖਦਿਆਂ ਉਸ ਨੂੰ ਉਹ ਸੁਆਦ ਨਹੀਂ ਸੀ ਆਉਂਦਾ ਜੋ ਉੱਥੇ ਪਹਾੜਾਂ ਦੀ ਰਮਨੀਕ ਗੋਦੀ ਵਿੱਚ ਬਹਿ ਕੇ ਆਉਂਦਾ ਸੀ। ਉਸ ਲਈ ਲੇਖਕ ਨੇ ਇੰਜ ਸੋਚਿਆ।
ਪ੍ਰਸ਼ਨ 2. ਲੇਖਕ ਨੂੰ ਆਪਣਾ ਨਾਵਲ ਲਿਖਣ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?
ਉੱਤਰ – ਇੱਕ ਤਾਂ ਪੈਸੇ ਵੱਲੋਂ ਹੱਥ ਤੰਗ ਹੋਣ ਕਰਕੇ ਲੇਖਕ ਨੂੰ ਧਰਮਸ਼ਾਲਾ ਵਿੱਚ ਆਪਣੀ ਮਨਪਸੰਦ ਥਾਂ ਮੈਕਲੋਡ ਗੰਜ ਦੀ ਕਿਸੇ ਹੋਟਲ ਵਿੱਚ ਜਾ ਕੇ ਰਹਿਣ ਦੀ ਥਾਂ ਕਿਸੇ ਗੁੰਮਨਾਮ ਮੁਹੱਲੇ ਵਿੱਚ ਆਪਣੇ ਇੱਕ ਦੋਸਤ ਦੇ ਘਰ ਰੁਕਣਾ ਪਿਆ। ਦੂਜਾ ਜਿਸ ਮੁਹੱਲੇ ਵਿੱਚ ਉਹ ਰੁਕਿਆ, ਉਥੋਂ ਦੀ ਸਫਾਈ-ਸੇਵਿਕਾ ਬੜੀ ਗੁੱਸੇ-ਖੋਰ ਤੇ ਝਗੜਾਲੂ ਸੁਭਾਅ ਵਾਲ਼ੀ ਸੀ। ਉਹ ਗਲੀ ਵਿੱਚ ਕਿਸੇ ਨਾ ਕਿਸੇ ਨਾਲ਼ ਆਢ੍ਹਾ ਲਾਈ ਰੱਖਦੀ ਸੀ। ਮੁਹੱਲੇ ਦੇ ਲੋਕਾਂ ਦੀ ਇੱਕ ਗੱਲ ਬਦਲੇ ਉਹ ਚਾਰ ਸੁਣਾਉਂਦੀ ਸੀ। ਜਿਸ ਰੌਲੇ-ਰੱਪੇ ਕਾਰਨ ਲੇਖਕ ਨੂੰ ਨਾਵਲ ਲਿਖਣ ਵਿੱਚ ਮੁਸਕਲ ਆ ਰਹੀ ਸੀ।
ਪ੍ਰਸ਼ਨ 3. “ਬੜੀ ਭੂਲ ਹੋਈ ਬਹਿਨ, ਮੁਆਫ ਕਰਨਾ, ਪ੍ਰਦੇਸੀ ਨੂੰ ਖ਼ਿਆਲ ਨਹੀਂ ਰਿਹਾ।” ਲੇਖਕ ਦੇ ਇਨ੍ਹਾਂ ਸ਼ਬਦਾਂ ਦਾ ਕੱਲੋ ਦੇ ਵਿਹਾਰ ਤੇ ਕੀ ਅਸਰ ਪਿਆ?
ਉੱਤਰ – ਜਦੋਂ ਅੰਬ ਚੂਪ ਕੇ ਗਿਟਕਾਂ ਅਤੇ ਛਿਲੜ ਬਾਹਰ ਸੁੱਟ ਰਹੇ ਲੇਖਕ ਨੂੰ ਕੱਲੋ ਨੇ ਆ ਕੇ ਫਿਟਕਾਰ ਭਰੇ ਸ਼ਬਦ ਬੋਲੇ ਤਾਂ ਲੇਖਕ ਨੇ ਉਸ ਨੂੰ ‘ਬਹਿਨ’ ਸ਼ਬਦ ਨਾਲ਼ ਸੰਬੋਧਨ ਕਰਦਿਆਂ ਆਪਣੀ ਗਲਤੀ ਲਈ ਮੁਆਫੀ ਮੰਗ ਲਈ। ਆਪਣੇ ਲਈ ‘ਬਹਿਨ’ ਸ਼ਬਦ ਸੁਣਨ ਤੋਂ ਬਾਅਦ ਕੱਲੋ ਦੇ ਵਿਹਾਰ ਵਿੱਚ ਇਕਦਮ ਤਬਦੀਲੀ ਆ ਗਈ। ਉਹ ਲੇਖਕ ਦੇ ਪਿਆਰ ਨਾਲ਼ ਭਰੇ ਸ਼ਬਦਾਂ ਨਾਲ਼ ਇੱਕ ਦਮ ਪਿਘਲ ਕੇ ਮੋਮ ਹੋ ਗਈ। ਉਸ ਨੇ ਲੇਖਕ ਨੂੰ ਗਿਟਕਾਂ ਤੇ ਛਿੱਲੜ ਇਕੱਠੇ ਕਰਨ ਤੋਂ ਹਟਾ ਕੇ ਇਹ ਕੰਮ ਆਪ ਕਰ ਦਿੱਤਾ ਤੇ ਨਾਲ਼ ਹੀ ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ। ਅਗਲੇ ਦਿਨ ਉਸ ਨੇ ਸਭ ਤੋਂ ਪਹਿਲਾਂ ਲੇਖਕ ਦੇ ਘਰ ਦਾ ਅੱਗਾ ਸਾਫ਼ ਕੀਤਾ ਅਤੇ ਮੁਹੱਲੇ ਦੇ ਲੋਕਾਂ ਪ੍ਰਤੀ ਉਸ ਦਾ ਵਤੀਰਾ ਬਦਲ ਗਿਆ।
ਪ੍ਰਸ਼ਨ 4. ਲੇਖਕ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਕੱਲੋ ਦਾ ਸੁਭਾਅ ਕਿਹੋ ਜਿਹਾ ਸੀ?
ਉੱਤਰ – ਲੇਖਕ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਕੱਲੋ ਮੁਹੱਲੇ ਦੇ ਲੋਕਾਂ ਨਾਲ਼ ਆਢ੍ਹਾ ਲਾਈ ਰੱਖਦੀ ਸੀ। ਉਹ ਹਰ ਵੇਲੇ ਸੜੀ-ਭੁੱਜੀ ਰਹਿੰਦੀ ਸੀ ਅਤੇ ਹਰ ਇੱਕ ਨਾਲ਼ ਲੜਾਈ ਝਗੜਾ ਕਰਦੀ ਸੀ। ਸਫਾਈ ਦਾ ਕੰਮ ਵੀ ਵਧੀਆ ਢੰਗ ਨਾਲ਼ ਨਹੀਂ ਕਰਦੀ ਸੀ। ਜਮੀਨ ਤੇ ਝਾੜੂ ਘੜੀਸ ਦੀ ਰਹਿੰਦੀ ਸੀ ਅਤੇ ਮੁਹੱਲੇ ਦੇ ਲੋਕਾਂ ਨੂੰ ਬੁਰਾ-ਭਲਾ ਬੋਲਦੀ ਸੀ। ਬਦਲੇ ਵਿੱਚ ਮੁਹੱਲੇ ਦੀਆਂ ਔਰਤਾਂ ਵੀ ਉਸ ਨੂੰ ਬੋਲ-ਕਬੋਲ ਬੋਲਦੀਆਂ ਸਨ। ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ ਅਤੇ ਕਿਸੇ ਦਾ ਕਹਿਣਾ ਵੀ ਨਹੀਂ ਮੰਨਦੀ ਸੀ।
ਪ੍ਰਸ਼ਨ 5. ਲੇਖਕ ਨੂੰ ਕੱਲੋਂ ਲਾਲਚੀ ਕਿਉਂ ਜਾਪੀ?
ਉੱਤਰ – ਜਦੋਂ ਲੇਖਕ ਨੇ ਉਸ ਨੂੰ ਕੀਤੇ ਕੰਮ ਦੀ ਮਜ਼ਦੂਰੀ ਲੈਣ ਲਈ ਖੜ੍ਹੀ ਸਮਝ ਕੇ ਉਸ ਵੱਲ ਆਨਾ ਸੁੱਟਿਆ, ਤਾਂ ਉਸ ਨੇ ਉਹ ਨਾ ਚੁੱਕਿਆ ਤੇ ਲੇਖਕ ਵੱਲ ਤੱਕ ਕੇ ਆਪਣੀ ਨਜ਼ਰ ਪਰ੍ਹੇ ਹਟਾ ਲਈ। ਲੇਖਕ ਨੂੰ ਜਾਪਿਆ ਕਿ ਉਹ ਲਾਲਚੀ ਹੈ ਅਤੇ ਉਹ ਹੋਰ ਪੈਸੇ ਚਾਹੁੰਦੀ ਹੈ। ਲੇਖਕ ਨੇ ਉਸ ਤੋਂ ਪਿੱਛਾ ਛੁਡਾਉਣ ਲਈ ਉਸ ਵੱਲ ਇੱਕ ਹੋਰ ਆਨਾ ਸੁੱਟਿਆ, ਪਰ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਦੇਖ ਕੇ ਲੇਖਕ ਨੂੰ ਯਕੀਨ ਹੋ ਗਿਆ ਕਿ ਉਹ ਪੱਕਾ ਲਾਲਚ ਕਰ ਰਹੀ ਹੈ, ਜਿਸ ਕਰਕੇ ਉਸ ਨੇ ਉਸ ਨੂੰ, ਇਹਨੇ ਕ ਕੰਮ ਲਈ ਹੋਰ ਕਿੰਨ੍ਹੇ ਪੈਸੇ ਚਾਹੀਦੇ ਆ, ਕਹਿ ਕੇ ਲਾਲਚੀ ਸੁਭਾਅ ਲਈ ਕੋਸਿਆ।
ਪ੍ਰਸ਼ਨ 6. ਲੇਖਕ ਨਾਲ਼ ਗੱਲ ਕਰਦੀ ਕੱਲੋਂ ਚੁੱਪ ਕਿਉਂ ਹੋ ਗਈ ਸੀ?
ਉੱਤਰ – ਲੇਖਕ ਨਾਲ਼ ਗੱਲ ਕਰਦੀ ਆਪਣੇ ਚਾਰ ਭੈਣਾਂ, ਭਰਾ ਕੋਈ ਨਾ ਹੋਣ ਅਤੇ ਮਾਂ-ਬਾਪ ਦੇ ਹਲਾਤ ਬਾਰੇ ਗੱਲ ਕਰਦੀ ਕੱਲੋ ਚੁੱਪ ਹੋ ਗਈ ਕਿਉਂਕਿ ਉਸ ਨੇ ਦੇਖਿਆ ਕਿ ਬਾਹਰ ਮੀਂਹ ਵੀ ਬੰਦ ਹੋ ਚੁੱਕਾ ਸੀ ਤੇ ਮੁਹੱਲੇ ਵਿੱਚ ਉਸ ਦਾ ਕੰਮ ਵੀ ਬਹੁਤ ਪਿਆ ਸੀ। ਇਸ ਕਰਕੇ ਲੇਖਕ ਨਾਲ਼ ਗੱਲ ਕਰਨੀ ਬੰਦ ਕਰ ਕੇ ਉਸ ਨੇ ਆਪਣਾ ਝਾੜੂ ਤੇ ਛਾਬਾ ਚੁੱਕਿਆ ਤੇ ਕੰਮ ਲਈ ਚਲੀ ਗਈ।
ਪ੍ਰਸ਼ਨ 7. ਕੱਲੋ ਨੇ ਲੇਖਕ ਨੂੰ ਕਿਹੜੀ ਸੌਗਾਤ ਭੇਟ ਕੀਤੀ ਤੇ ਕਿਉਂ?
ਉੱਤਰ – ਕੱਲੋ ਨੇ ਲੇਖਕ ਨੂੰ ਅੰਬਾਂ ਦੀ ਟੋਕਰੀ ਸੌਗਾਤ ਵਜੋਂ ਭੇਟ ਕੀਤੀ। ਉਹ ਇਹ ਅੰਬ ਲੇਖਕ ਦੀ ਪਤਨੀ ਲਈ ਭੇਜਣਾ ਚਾਹੁੰਦੀ ਸੀ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਕੱਲੋ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ – ਨਾਨਕ ਸਿੰਘ।
ਪ੍ਰਸ਼ਨ 2. ‘ਕੱਲੋ’ ਕਹਾਣੀ ਦੀ ਘਟਨਾ ਕਦੋਂ ਵਾਪਰੀ?
ਉੱਤਰ – 1936 ਈ: ਵਿੱਚ।
ਪ੍ਰਸ਼ਨ 3. ਲੇਖਕ ਕਿਹੜਾ ਨਾਵਲ ਲਿਖਣ ਲਈ ਪਹਾੜ ਉੱਤੇ ਜਾਣਾ ਚਾਹੁੰਦਾ ਸੀ?
ਉੱਤਰ – ਕਾਗਤਾਂ ਦੀ ਬੇੜੀ।
ਪ੍ਰਸ਼ਨ 4. ਲੇਖਕ ‘ਕਾਗਤਾਂ ਦੀ ਬੇੜੀ’ ਨਾਵਲ ਲਿਖਣ ਲਈ ਕਿੱਥੇ ਪਹੁੰਚਾ?
ਉੱਤਰ – ਧਰਮਸ਼ਾਲਾ।
ਪ੍ਰਸ਼ਨ 5. ਕੱਲੋ ਮੁਹੱਲੇ ਵਿੱਚ ਕੀ ਕੰਮ ਕਰਦੀ ਸੀ?
ਉੱਤਰ – ਸਫਾਈ ਦਾ।
ਪ੍ਰਸ਼ਨ 6. ਕੱਲੋ ਕਿਹੋ ਜਿਹੇ ਸੁਭਾਅ ਦੀ ਮਾਲਕ ਸੀ?
ਉੱਤਰ – ਈਰਖਾ ਭਰੇ ਸਭਾਅ ਦੀ।
ਪ੍ਰਸ਼ਨ 7. ਲੇਖਕ ਨੂੰ ਕੱਲੋ ਕਿਹੋ ਜਿਹੀ ਲੱਗਦੀ?
ਉੱਤਰ – ਮਨਹੂਸ।
ਪ੍ਰਸ਼ਨ 8. ਕੱਲੋ ਨੇ ਲੇਖਕ ਨੂੰ ਅੰਬਾਂ ਦੀਆਂ ਗਿਟਕਾਂ ਸੁੱਟਦਿਆਂ ਦੇਖ ਕੇ ਕੀ ਕੀਤਾ?
ਉੱਤਰ – ਉਸ ਨੂੰ ਫਿਟਕਾਰ ਪਾਈ।
ਪ੍ਰਸ਼ਨ 9. ਕੱਲੋ ਦੇ ਮੂੰਹੋਂ ਨਿਕਲੇ ਕਿਹੜੇ ਸ਼ਬਦ ਨੇ ਲੇਖਕ ਨੂੰ ਔਖਾ ਕੀਤਾ?
ਉੱਤਰ – ਦਾਦਾ।
ਪ੍ਰਸ਼ਨ 10. ਲੇਖਕ ਦੇ ਕਿਹੜੇ ਸ਼ਬਦ ਨੇ ਕੱਲੋ ਦਾ ਸੁਭਾਅ ਬਦਲ ਦਿੱਤਾ?
ਉੱਤਰ – ਬਹਿਨ।
ਪ੍ਰਸ਼ਨ 11. ਲੇਖਕ ਨੂੰ ਕੱਲੋ ਦੇ ਅੰਦਰ ਕਿਸ ਚੀਜ਼ ਦੀ ਭੁੱਖ ਮਹਿਸੂਸ ਹੋਈ?
ਉੱਤਰ – ਪਿਆਰ ਦੀ।
ਪ੍ਰਸ਼ਨ 12. ਲੇਖਕ ਨੂੰ ਕੱਲੋ ਦੇ ਸੀਨੇ ਵਿੱਚ ਕਿਹੋ ਜਿਹਾ ਦਿਲ ਮੌਜੂਦ ਜਾਪਿਆ?
ਉੱਤਰ – ਕੋਮਲ ਤੇ ਨਿੱਘਾ।
ਪ੍ਰਸ਼ਨ 13. ਲੇਖਕ ਨਾਲ਼ ਸੰਪਰਕ ਵਿੱਚ ਆਉਣ ਤੋਂ ਬਾਅਦ ਕੱਲੋ ਦੇ ਸੁਭਾਅ ਵਿੱਚ ਕੀ ਤਬਦੀਲੀ ਆਈ?
ਉੱਤਰ – ਉਹ ਸ਼ਾਂਤ ਸੁਭਾ ਵਾਲ਼ੀ ਬਣ ਗਈ।
ਪ੍ਰਸ਼ਨ 14. ਕੱਲੋ ਬੱਸ ਅੱਡੇ ਉੱਤੇ ਲੇਖਕ ਲਈ ਕੀ ਸੁਗਾਤ ਲੈ ਕੇ ਆਈ?
ਉੱਤਰ – ਅੰਬਾਂ ਦੀ ਟੋਕਰੀ।
ਪ੍ਰਸ਼ਨ 15. ‘ਕੱਲੋਂ’ ਕਹਾਣੀ ਦਾ ਮੁੱਖ ਪਾਤਰ ਕੌਣ ਹੈ?
ਉੱਤਰ – ਕੱਲੋ।
ਪ੍ਰਸ਼ਨ 16. ਲੇਖਕ ਨੇ ਮਜਦੂਰੀ ਵਜੋਂ ਪਹਿਲਾਂ ਕੱਲੋ ਵੱਲ ਕਿੰਨੇ ਪੈਸੇ ਸੁੱਟੇ ਸਨ?
ਉੱਤਰ – ਇੱਕ ਆਨਾ।
ਪ੍ਰਸ਼ਨ 17. ਕੱਲੋ ਨੇ ਅੰਬਾਂ ਦੀ ਟੋਕਰੀ ਲੇਖਕ ਨੂੰ ਕਿਸ ਵਾਸਤੇ ਦਿੱਤੀ ਸੀ।
ਉੱਤਰ – ਲੇਖਕ ਦੀ ਪਤਨੀ ਵਾਸਤੇ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037