4. ਗ਼ੁਬਾਰੇ – ਇਕਾਂਗੀ
ਇਕਾਂਗੀਕਾਰ – ਡਾ. ਆਤਮਜੀਤ
••• ਦਾਦੀ ਦਾ ਚਰਿੱਤਰ–ਚਿਤਰਨ •••
• ਜਾਣ-ਪਛਾਣ – ਦਾਦੀ ‘ਗ਼ੁਬਾਰੇ‘ ਇਕਾਂਗੀ ਦੀ ਮੁੱਖ ਪਾਤਰ ਹੈ। ਉਹ ਇੱਕ ਬਜ਼ੁਰਗ ਔਰਤ ਹੈ ਅਤੇ ਉਸਦੇ ਸਿਰ ਦੇ ਵਾਲ ਚਿੱਟੇ ਹਨ । ਉਸਦੇ ਪੰਜ ਪੋਤੇ-ਪੋਤੀਆਂ ਦੀਪੀ, ਬੱਬੀ, ਰਾਜੂ, ਵਿੱਕੀ ਤੇ ਰਿੱਕੀ ਹਨ । ਉਹ ਸੋਟੀ ਦੇ ਸਹਾਰੇ ਨਾਲ ਇਧਰ-ਉਧਰ ਫਿਰ-ਤੁਰ ਲੈਂਦੀ ਹੈ । ਉਹ ਆਪਣੇ ਪੁੱਤਰ-ਨੂੰਹ ਨਾਲ ਰਹਿੰਦੀ ਹੈ । ਉਸਦਾ ਆਪਣੇ ਛੋਟੇ ਪੋਤੇ ਰਾਜੂ ਨਾਲ ਸਭ ਤੋਂ ਵਧੇਰੇ ਪਿਆਰ ਹੈ ।
• ਪੋਤੇ-ਪੋਤਰੀਆਂ ਨੂੰ ਪਿਆਰ ਕਰਨ ਵਾਲੀ – ਦਾਦੀ ਆਪਣੇ ਪੋਤੇ-ਪੋਤਰੀਆਂ ਨੂੰ ਬਹੁਤ ਪਿਆਰ ਕਰਦੀ ਹੈ । ਉਹ ਉਨ੍ਹਾਂ ਨੂੰ ਛਾਤੀ ਨਾਲ ਲਾਉਂਦੀ, ਗਲਵਕੜੀ ਪਾਉਂਦੀ ਅਤੇ ਉਨ੍ਹਾਂ ਨੂੰ ਚੁੰਮ ਕੇ ਆਪਣਾ ਮੂੰਹ ਸੁੱਚਾ ਕਰਦੀ ਹੈ। ਜਦੋਂ ਉਹ ਥੋੜ੍ਹਾ ਸਮਾਂ ਨਜ਼ਰ ਨਾ ਆਉਣ ਤਾਂ ਉਸਦਾ ਅਥਾਹ ਪਿਆਰ ਅੱਖਾਂ ਵਿੱਚ ਅੱਥਰੂ ਬਣਕੇ ਝਲਕ ਆਉਂਦਾ ਹੈ ।
• ਸ਼ੋਰ-ਸ਼ਰਾਬਾ ਨਾ ਪਸੰਦ ਕਰਨ ਵਾਲੀ – ਦਾਦੀ ਜਿਆਦਾ ਸ਼ੋਰ ਵੀ ਪਸੰਦ ਨਹੀਂ ਕਰਦੀ । ਜਦੋਂ ਬੱਚੇ ਖੇਡਦੇ ਹੋਏ ਰੌਲਾ ਪਾਉਂਦੇ ਹਨ, ਤਾਂ ਉਹ ਖਿਝ ਜਾਂਦੀ ਹੈ ਅਤੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਵਰਜਦੀ ਹੈ।
• ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਕਰਨ ਵਾਲੀ – ਇਕਾਂਗੀ ਵਿੱਚ ਦਾਦੀ ਇੱਕ ਅਜਿਹੀ ਪਾਤਰ ਹੈ, ਜੋ ਵਹਿਮਾਂ-ਭਰਮਾਂ ਦੀ ਸ਼ਿਕਾਰ ਹੈ । ਉਸ ਨੂੰ ਚਾਬੀਆਂ ਤੇ ਕੈਂਚੀ ਖੜਕਾਉਣਾ, ਰਾਤ ਨੂੰ ਝਾੜੂ ਲਾਉਣਾ, ਰਾਤ ਨੂੰ ਨਹੁੰ ਕੱਟਣਾ, ਰਾਤ ਨੂੰ ਮੰਜੇ ਦੀ ਦੌਣ ਕੱਸਣਾ, ਰਾਤ ਨੂੰ ਸਿਰ ਵਾਹੁਣਾ, ਸਿਰ ਦੇ ਭਾਰ ਮੰਜਾ ਖੜਾ ਕਰਨਾ, ਬੂਟ ਪਾ ਕੇ ਸੌਣਾ, ਵੀਰਵਾਰ ਨੂੰ ਸਿਰ ਧੋਣਾ, ਮੰਗਲਵਾਰ ਤੇ ਸ਼ਨੀਵਾਰ ਨੂੰ ਕੱਪੜੇ ਧੋਣ ਨਾਲ ਸੰਬੰਧਤ ਅਨੇਕਾਂ ਵਹਿਮ ਲੱਗੇ ਹੋਏ ਹਨ । ਇਸ ਤੋਂ ਇਲਾਵਾ ਉਹ ਭੂਤ-ਪ੍ਰੇਤਾਂ ਵਿਚ ਵੀ ਵਿਸ਼ਵਾਸ ਰੱਖਦੀ ਹੈ ।
• ਬੱਚਿਆਂ ਨੂੰ ਡਰਾਉਣੀਆਂ ਕਹਾਣੀਆਂ ਸੁਣਾਉਣ ਵਾਲੀ – ਉਹ ਬੱਚਿਆ ਨੂੰ ਭੂਤ-ਪ੍ਰੇਤਾਂ ਅਤੇ ਚੁੜੇਲਾਂ ਨਾਲ ਸੰਬੰਧਤ ਡਰਾਉਣੀਆਂ ਕਹਾਣੀਆਂ ਸੁਣਾਉਂਦੀ ਹੈ । ਉਹ ਬੱਚਿਆਂ ਨੂੰ ਚੰਦਰਮੁਖੀ ਦੀ ਗਾਥਾ ਸੁਣਾਉਂਦੀ ਹੈ, ਜਿਸਦਾ ਬਾਪ ਸ਼੍ਰਿੰਗਟੋ ਭੂਤ ਬਹੁਤ ਭਿਆਨਕ ਸ਼ਕਲ ਦਾ ਹੁੰਦਾ ਹੈ, ਜੋ ਕਿ ਆਪਣੀ ਧੀ ਦੇ ਹਜ਼ਾਰ ਟੁਕੜੇ ਕਰਕੇ ਵੀ ਉਸ ਨੂੰ ਫਿਰ ਤੋਂ ਜੋੜ ਲੈਂਦਾ ਸੀ।
• ਨਵੀਂ ਪੀੜ੍ਹੀ ਤੋਂ ਨਿਰਾਸ਼ – ਉਹ ਨਵੀਂ ਪੀੜ੍ਹੀ ਦੇ ਬੱਚਿਆਂ ਤੋਂ ਨਿਰਾਸ਼ ਹੈ, ਜੋ ਉਸ ਵਾਂਗ ਵਹਿਮਾਂ-ਭਰਮਾਂ ਨੂੰ ਨਹੀਂ ਮੰਨਦੇ। ਉਹ ਕਹਿੰਦੀ ਹੈ ਕਿ ਇਸ ਕਲਜੁਗ ਦਾ ਕੋਈ ਬੱਚਾ ਚੱਜਦਾ ਨਹੀਂ ਹੈ ਅਤੇ ਬੱਚਿਆਂ ਨੂੰ ਵੱਡਿਆਂ ਦੀ ਕੋਈ ਸ਼ਰਮ ਨਹੀਂ। ਉਹ ਉਨ੍ਹਾਂ ਨੂੰ ਰੁੜ੍ਹ-ਪੁੜ ਜਾਣੇ ਤੇ ਖ਼ਸਮਾਂ ਖਾਣੇ ਆਖ ਕੇ ਸ਼ਰਮ ਕਰਨ ਲਈ ਕਹਿੰਦੀ ਹੋਈ ਉਨ੍ਹਾਂ ਤੋਂ ਨਿਰਾਸ਼ਾ ਦੇ ਭਾਵ ਪ੍ਰਗਟ ਕਰਦੀ ਹੈ ।
• ਸਮਝਾਉਣ ਨਾਲ ਸਮਝ ਜਾਣ ਵਾਲੀ – ਇਕਾਂਗੀ ਦੇ ਅੰਤ ਵਿੱਚ ਉਹ ਬੱਚਿਆਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਹੋਏ ਦੇਖ ਕੇ ਸਮਝ ਜਾਂਦੀ ਹੈ ਕਿ ਬੱਚੇ ਹੁਣ ਉਸ ਦੀਆਂ ਭੂਤ-ਪ੍ਰੇਤਾਂ ਵਾਲੀਆਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਨਗੇ । ਇਸ ਸਭ ਦੇ ਬਾਵਜੂਦ ਵੀ ਉਹ ਬੱਚਿਆਂ ਨਾਲ ਅਥਾਹ ਪਿਆਰ ਕਰਦੀ ਹੈ।
••• ਮੰਮੀ ਦਾ ਚਰਿੱਤਰ–ਚਿਤਰਨ •••
• ਜਾਣ-ਪਛਾਣ – ਮੰਮੀ ‘ਗ਼ੁਬਾਰੇ’ ਇਕਾਂਗੀ ਦੀ ਇੱਕ ਮਹੱਤਵਪੂਰਨ ਪਾਤਰ ਹੈ । ਉਹ ਆਪਣੇ ਪਤੀ ਤੇ ਸੱਸ ਨਾਲ ਰਹਿੰਦੀ ਹੈ । ਉਸ ਦੇ ਤਿੰਨ ਬੱਚੇ ਹਨ- ਰਾਜੂ, ਬੱਬੀ ਤੇ ਦੀਪੀ । ਇਕਾਂਗੀ ਵਿੱਚ ਉਹ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਵਾਲੀ ਅਗਾਂਹਵਧੂ ਵਿਚਾਰਾਂ ਵਾਲੀ ਔਰਤ ਹੈ।
• ਵੱਡਿਆਂ ਦਾ ਸਤਿਕਾਰ ਕਰਨ ਵਾਲੀ – ਉਹ ਆਪਣੀ ਸੱਸ ਦਾ ਬਹੁਤ ਸਤਿਕਾਰ ਕਰਦੀ ਹੈ। ਇਕਾਂਗੀ ਵਿੱਚ ਉਹ ਬੱਚਿਆਂ ਨੂੰ ਸਮਝਾਉਂਦੀ ਹੈ ਕਿ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਵੱਡਿਆਂ ਦੇ ਅੱਗੇ ਨਹੀਂ ਬੋਲਣਾ ਚਾਹੀਦਾ। ਉਹ ਬੱਚਿਆਂ ਨੂੰ ਦੱਸਦੀ ਹੈ ਕਿ ਦਾਦੀ ਵਹਿਮ ਕਰਦੀ ਹੈ, ਪਰ ਉਹ ਝੂਠ ਨਹੀਂ ਬੋਲਦੀ।
• ਬੱਚਿਆਂ ਦੀ ਪੜ੍ਹਾਈ ਦਾ ਖ਼ਿਆਲ ਰੱਖਣ ਵਾਲੀ – ਉਹ ਬੱਚਿਆਂ ਦੀ ਪੜ੍ਹਾਈ ਧਿਆਨ ਰੱਖਦੀ ਹੈ । ਉਹ ਵਿਹਲੇ ਸਮੇਂ ਬੱਚਿਆਂ ਨੂੰ ਪੜ੍ਹਾਈ ਕਰਨ ਅਤੇ ਆਪਣੇ ਸਕੂਲ ਦਾ ਕੰਮ ਕਰਨ ਲਈ ਕਹਿੰਦੀ ਹੈ।
• ਵਿਗਿਆਨਿਕ ਸੋਚ ਵਾਲੀ – ਉਹ ਵਿਗਿਆਨਿਕ ਸੋਚ ਵਾਲੀ ਅਤੇ ਅਗਾਂਹਵਧੂ ਵਿਚਾਰਾਂ ਵਾਲੀ ਔਰਤ ਹੈ । ਉਹ ਦਾਦੀ ਨੂੰ ਸਤਿਕਾਰ ਨਾਲ ਸਮਝਾਉਂਦੀ ਹੈ ਕਿ ਬੱਚਿਆਂ ਨੂੰ ਭੂਤਾਂ-ਪ੍ਰੇਤਾਂ ਦਾ ਡਰ ਪਾ ਕੇ ਰੱਖਣਾ ਠੀਕ ਨਹੀਂ ਹੈ।
• ਵਹਿਮਾਂ-ਭਰਮਾਂ ਦੇ ਵਿਰੁੱਧ – ਉਹ ਆਪ ਵੀ ਭੂਤਾਂ-ਪ੍ਰਤਾਂ ਤੇ ਚੁੜੇਲਾਂ ਦੇ ਵਹਿਮ ਨਹੀਂ ਕਰਦੀ ਤੇ ਆਪਣੇ ਬੱਚਿਆਂ ਨੂੰ ਵੀ ਦੱਸਦੀ ਹੈ ਕਿ ਭੂਤ ਨਹੀਂ ਹੁੰਦੇ। ਉਹ ਬੱਚਿਆਂ ਨੂੰ ਭੂਤਾਂ-ਪ੍ਰੇਤਾਂ ਸੰਬੰਧੀ ਵਹਿਮਾਂ ਤੋਂ ਜਾਣੂ ਕਰਵਾਉਂਦੀ ਹੈ। ਉਹ ਬੱਚਿਆਂ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ ਕਿ ਚੰਗੇ ਬੱਚਿਆਂ ਕੋਲ ਭੂਤ ਕਦੇ ਨਹੀਂ ਆਉਂਦੇ ।
• ਬੱਚਿਆਂ ਨਾਲ ਪਿਆਰ ਕਰਨ ਵਾਲੀ – ਉਸਦਾ ਹਰ ਮਾਂ ਵਾਂਗ ਆਪਣੇ ਬੱਚਿਆਂ ਨਾਲ ਅਥਾਹ ਪਿਆਰ ਹੈ । ਉਹ ਸੁੱਤੇ ਪਏ ਚੀਕਾਂ ਮਾਰਦੇ ਰਾਜੂ ਨੂੰ ਪਿਆਰ ਨਾਲ ਪਲੋਸਦੀ ਹੈ । ਉਹ ਚਾਹੁੰਦੀ ਹੈ ਕਿ ਉਸਦੇ ਬੱਚੇ ਚੰਗੀ ਪੜ੍ਹਾਈ ਕਰਨ ਤੇ ਵਹਿਮਾਂ-ਭਰਮਾਂ ਦੇ ਭਰਮ ਭੁਲੇਖਿਆਂ ਤੋਂ ਮੁਕਤ ਰਹਿਣ ।
••• ਮੈਡਮ ਦਾ ਚਰਿੱਤਰ–ਚਿਤਰਨ •••
• ਜਾਣ-ਪਛਾਣ – ਇਕਾਂਗੀ ਵਿੱਚ ਮੈਡਮ ਬੱਚਿਆਂ ਨੂੰ ਪੜ੍ਹਾਉਂਦੀ ਹੈ । ਉਹ ਵਹਿਮਾਂ-ਭਰਮਾਂ ਤੋਂ ਦੂਰ ਅਗਾਂਹਵਧੂ ਵਿਚਾਰਾਂ ਵਾਲੀ ਔਰਤ ਹੈ। ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ-ਨਾਲ ਵਹਿਮਾਂ – ਭਰਮਾਂ ਤੋਂ ਵੀ ਮੁਕਤ ਕਰਦੀ ਹੈ। ਇਕਾਂਗੀ ਵਿੱਚ ਉਸਦੇ ਚਰਿੱਤਰ ਦੇ ਮੁੱਖ ਪੱਖ ਅੱਗੇ ਦਿੱਤੇ ਹਨ।
• ਵਹਿਮਾਂ-ਭਰਮਾਂ ਨੂੰ ਨਾ ਮੰਨਣ ਵਾਲੀ – ਮੈਡਮ ਵਹਿਮਾਂ–ਭਰਮਾਂ ਨੂੰ ਨਹੀਂ ਮੰਨਦੀ। ਉਹ ਵਹਿਮਾਂ ਵਿਚ ਫਸੇ ਬੱਚਿਆਂ ਨੂੰ ਇਨ੍ਹਾਂ ਵਿੱਚੋਂ ਕੱਢਣ ਲਈ ਕਹਿੰਦੀ ਹੈ ਕਿ ਵਹਿਮ–ਭਰਮ ਨਿਰੇ ਗ਼ੁਬਾਰੇ ਵਾਂਗ ਹਨ, ਜੋ ਕਿ ਹਵਾ ਨਾਲ ਫੁੱਲੇ ਹੋਏ ਹੋਣ ਤੇ ਪਿਆਰੇ ਲਗਦੇ ਹਨ। ਇਹ ਵਹਿਮ ਦੇ ਕੱਚੇ ਧਾਗੇ ਨਾਲ ਉੱਡਦੇ ਹਨ, ਪਰ ਇਨ੍ਹਾਂ ਦੀ ਇੱਕ ਉਮਰ ਹੁੰਦੀ ਹੈ ਤੇ ਅੰਤ ਇਹ ਆਪ ਹੀ ਡਿੱਗ ਪੈਂਦੇ ਹਨ। ਇਹ ਸਾਡੇ ਸਰਦਾਰ ਨਹੀਂ, ਸਗੋਂ ਸਾਡੇ ਸੇਵਕ ਹਨ ।
• ਵਿਗਿਆਨਿਕ ਸੋਚ ਵਾਲੀ – ਮੈਡਮ ਵਿਗਿਆਨਿਕ ਸੋਚ ਦੀ ਮਾਲਕ ਹੈ ਅਤੇ ਹਰ ਗੱਲ ਤਰਕ ਨਾਲ ਕਰਦੀ ਹੈ । ਉਹ ਬੱਚਿਆਂ ਨੂੰ ਸਮਝਾਉਂਦੀ ਹੈ ਕਿ ਵਹਿਮ ਕਿਸ ਤਰ੍ਹਾਂ ਪੈਦਾ ਹੋਏ ਹਨ ਤੇ ਹੁਣ ਇਨ੍ਹਾਂ ਦੀ ਲੋੜ ਕਿਉਂ ਨਹੀਂ । ਉਹ ਹਰ ਵਹਿਮ ਦੇ ਵਿਗਿਆਨਿਕ ਆਧਾਰ ਤੋਂ ਬੱਚਿਆਂ ਨੂੰ ਜਾਣੂ ਕਰਵਾਉਂਦੀ ਹੈ। ਉਹ ਚਾਬੀਆਂ ਤੇ ਕੈਂਚੀ ਨਾ ਖੜਕਾਉਣਾ, ਰਾਤ ਨੂੰ ਝਾੜੂ ਨਾ ਲਾਉਣ, ਰਾਤ ਨੂੰ ਨਹੁੰ ਨਾ ਕੱਟਣ, ਰਾਤ ਨੂੰ ਮੰਜੇ ਦੀ ਦੌਣ ਨਾ ਕੱਸਣ, ਰਾਤ ਨੂੰ ਸਿਰ ਨਾ ਵਾਹੁਣ, ਸਿਰ ਦੇ ਭਾਰ ਮੰਜਾ ਨਾ ਖੜਾ ਕਰਨ, ਬੂਟ ਪਾ ਕੇ ਨਾ ਸੌਣ, ਵੀਰਵਾਰ ਨੂੰ ਸਿਰ ਨਾ ਧੋਣ, ਮੰਗਲਵਾਰ ਤੇ ਸ਼ਨੀਵਾਰ ਨੂੰ ਕੱਪੜੇ ਧੋਣ ਆਦਿ ਵਹਿਮਾਂ ਦੇ ਪੈਦਾ ਹੋਣ ਸੰਬੰਧੀ ਕਾਰਨ ਦੱਸਕੇ ਬੱਚਿਆਂ ਨੂੰ ਸਮਝਾਉਂਦੀ ਹੈ।
• ਇੱਕ ਵਧੀਆ ਉਪਦੇਸ਼ਕ – ਉਹ ਇੱਕ ਵਧੀਆ ਉਪਦੇਸ਼ਕ ਹੈ। ਉਹ ਬੱਚਿਆਂ ਨੂੰ ਵੱਡਿਆਂ ਦਾ ਆਦਰ ਕਰਨ ਅਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੀ ਹੈ ।
••• ਮਦਾਰੀ ਦਾ ਚਰਿੱਤਰ–ਚਿਤਰਨ •••
• ਜਾਣ-ਪਛਾਣ – ਮਦਾਰੀ ‘ਗ਼ੁਬਾਰੇ’ ਇਕਾਂਗੀ ਦਾ ਇੱਕ ਪਾਤਰ ਹੈ। ਸਾਰੇ ਬੱਚੇ ਉਸਨੂੰ ਅੰਕਲ ਕਹਿੰਦੇ ਹਨ । ਉਹ ਤਮਾਸ਼ਾ ਦਿਖਾ ਕੇ ਬੱਚਿਆਂ ਦਾ ਮਨੋਰੰਜਨ ਕਰਦਾ ਹੈ ਅਤੇ ਪੈਸੇ ਕਮਾਉਂਦਾ ਹੈ । ਪਰ ਅੰਤ ਤੇ ਉਸਦਾ ਭੇਤ ਖੁੱਲ੍ਹ ਜਾਂਦਾ ਹੈ ।
• ਮਨੋਰੰਜਨ ਕਰਨ ਵਾਲਾ – ਉਹ ਆਪਣਾ ਤਮਾਸ਼ਾ ਦਿਖਾ ਕੇ ਬੱਚਿਆਂ ਅਤੇ ਹੋਰ ਲੋਕਾਂ ਦਾ ਮਨੋਰੰਜਨ ਕਰਦਾ ਹੈ । ਤਮਾਸ਼ਾ ਦੇਖਕੇ ਬੱਚੇ ਹੱਸਦੇ ਖੇਡਦੇ ਹਨ ।
• ਚੁਸਤ-ਚਲਾਕ – ਉਹ ਬਹੁਤ ਚੁਸਤ ਚਲਾਕ ਹੈ । ਉਹ ਝੂਠੀਆਂ ਗੱਲਾਂ ਦਾ ਸਹਾਰਾ ਲੈ ਕੇ ਬੱਚਿਆਂ ਦਾ ਮਨੋਰੰਜਨ ਕਰਦਾ ਅਤੇ ਪੈਸੇ ਇਕੱਠੇ ਕਰਦਾ ਹੈ ।
• ਵਹਿਮਾਂ-ਭਰਮਾਂ ਦਾ ਸਹਾਰਾ ਲੈਣ ਵਾਲਾ – ਉਹ ਆਪਣੇ ਤਮਾਸ਼ੇ ਵਿੱਚ ਬੱਚਿਆਂ ਨੂੰ ਵਹਿਮਾਂ- ਭਰਮਾਂ ਨਾਲ ਭਰਪੂਰ ਭੂਤ-ਪ੍ਰੇਤਾਂ ਅਤੇ ਚੁੜੇਲਾਂ ਦੀਆਂ ਗੱਲਾਂ ਕਰਦਾ ਹੈ । ਉਹ ਰੰਗ-ਬਰੰਗੇ ਥੈਲੇ ਵਿੱਚੋਂ ਬੰਬ ਦਾ ਗੋਲਾ ਨਿਕਲਣ ਬਾਰੇ ਕਹਿਕੇ ਬੱਚਿਆਂ ਨੂੰ ਭਰਮਾਉਂਦਾ ਹੈ ।
• ਨੱਸ ਜਾਣ ਵਾਲਾ – ਜਦੋਂ ਇੱਕ ਸਰਕਸ ਦਾ ਕੁੱਤਾ ਉਸ ਦੇ ਥੈਲੇ ਨੂੰ ਪਾੜ ਕੇ ਉਸ ਦੇ ਝੂਠ ਨੂੰ ਉਜਾਗਰ ਕਰ ਦਿੰਦਾ ਹੈ ਤਾਂ ਉਹ ਦੌੜ ਜਾਂਦਾ ਹੈ ਅਤੇ ਬੱਚੇ ਉਸਨੂੰ ਲੱਭਦੇ ਹਨ।
ਵਾਰਤਾਲਾਪ ਸੰਬੰਧੀ ਪ੍ਰਸ਼ਨ
ੳ. “ਠਹਿਰੋ, ਰੁੜ੍ਹ-ਪੁੜ੍ਹ ਜਾਣਿਓਂ, ਐਧਰ ਆਓ ।
ਠਹਿਰੋ ਖਸਮਾਂ ਖਾਣਿਓਂ , ਐਧਰ ਆਓ ।
ਹੱਸਦੇ ਹੋ ? ਕੁਝ ਸ਼ਰਮ ਕਰੋ ।
ਕਲਜੁਗ ਦਿਓ ਨਿਆਣਿਓ, ਐਧਰ ਆਓ ।
ਮਾਵਾਂ ਅੱਗੇ ਨੱਸਦੇ ਹੋ ? ਕੁਝ ਸ਼ਰਮ ਕਰੋ ।
ਠਹਿਰੋ, ਰੁੜ੍ਹ-ਪੁੜ੍ਹ ਜਾਣਿਓਂ, ਐਧਰ ਆਓ ।”
“ਅੱਛਾ ਬਾਬਾ , ਮੈਂ ਹਾਰੀ ।
ਇਆਣੀ ਯਾਰੀ ਸਦਾ ਖ਼ੁਆਰੀ,
ਤੁਹਾਡੇ ਮਾਂ-ਪਿਓ ਨੂੰ ਦੱਸੂੰਗੀ ।
ਪਰ ਲਗਾਮਾਂ ਕੱਸੂੰਗੀ ।”
ਪ੍ਰਸ਼ਨ – 1. ਇਕਾਂਗੀ ਦਾ ਨਾਂ ਕੀ ਹੈ ?
2. ਇਕਾਂਗੀਕਾਰ ਦਾ ਕੀ ਨਾਂ ਹੈ ?
3. ਇਹ ਵਾਰਤਾਲਾਪ ਕੌਣ ਕਿਸ ਨੂੰ ਬੋਲਦਾ ਹੈ ?
4. ਬੱਚਿਆਂ ਦੀ ਦਾਦੀ ਬੱਚਿਆਂ ਨੂੰ ਕਲਜੁਗ ਦੇ ਨਿਆਣੇ ਕਿਉਂ ਕਹਿੰਦੀ ਹੈ ?
5. ਦਾਦੀ ਬੱਚਿਆਂ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ ?
ਉੱਤਰ – 1. ਗ਼ੁਬਾਰੇ ।
2. ਡਾ. ਆਤਮਜੀਤ ।
3. ਦਾਦੀ ਬੱਚਿਆਂ ਨੂੰ ।
4. ਵੱਡਿਆਂ ਅੱਗੇ ਹੱਸਣ ਅਤੇ ਮਾਂਵਾਂ ਅੱਗੇ ਨੱਸਣ ਕਰਕੇ ।
5. ਬੱਚਿਆਂ ਦੇ ਮਾਂ-ਪਿਓ ਕੋਲ ਸ਼ਿਕਾਇਤ ਕਰਨ ਦਾ ।
ਅ. “……ਭੂਤ ਦੀ ਧੀ, ਚੰਦਰਮੁਖੀ, ਭਾਵੇਂ ਸੋਹਣੀ ਪਰ ਬਹੁਤ ਦੁਖੀ ।
ਭੂਤ ਜਦੋਂ ਜਾਂਦਾ ਸੀ ਬਾਹਰ , ਉਹਦੇ ਟੁਕੜੇ ਕਰੇ ਹਜ਼ਾਰ ।
ਜਦ ਆਵੇ ਉਹ ਵਾਪਸ ਘਰ, ਟੁਕੜੇ ’ਕੱਠੇ ਲੈਂਦਾ ਕਰ ।
ਰੋਜ਼ ਸ਼ਾਮ ਨੂੰ ਜਿਊਂਦੀ ਧੀ, ਰੋਜ਼ ਸਵੇਰੇ ਜਾਂਦੀ ਮਰ ।”
ਪ੍ਰਸ਼ਨ – 1. ਇਕਾਂਗੀ ਦਾ ਨਾਂ ਕੀ ਹੈ ?
2. ਇਕਾਂਗੀਕਾਰ ਦਾ ਕੀ ਨਾਂ ਹੈ ?
3. ਭੂਤ ਦੀ ਧੀ ਦਾ ਨਾਂ ਕੀ ਸੀ ਅਤੇ ਉਹ ਕਿਹੋ-ਜਿਹੀ ਸੀ ?
4. ਇਹ ਕਹਾਣੀ ਬੱਚਿਆਂ ਨੂੰ ਕੌਣ ਸਣਾਉਂਦਾ ਹੈ ?
5. ਭੂਤ ਘਰੋਂ ਬਾਹਰ ਜਾਣ ਵੇਲੇ ਕੀ ਕਰਦਾ ਸੀ ?
ਉੱਤਰ – 1. ਗ਼ੁਬਾਰੇ ।
2. ਡਾ. ਆਤਮਜੀਤ ।
3. ਚੰਦਰਮੁਖੀ, ਉਹ ਬਹੁਤ ਸੋਹਣੀ ਸੀ ।
4. ਦਾਦੀ ਬੱਚਿਆਂ ਨੂੰ ।
5. ਆਪਣੀ ਧੀ ਚੰਦਰਮੁਖੀ ਦੇ ਹਜ਼ਾਰ ਟੁਕੜੇ ਕਰਦਾ ਸੀ ।
ੲ. “ਸੁਣੋ ਫੇਰ । ਇੱਕ ਵੇਲਾ ਸੀ ਜਦ ਲੋਕੀਂ ਪੈਦਲ, ਦੂਰ-ਦੂਰ ਤੱਕ ਜਾਂਦੇ ਸਨ ।
ਮਿਲਨ-ਗਿਲ਼ਨ ਲਈ ਜਦੋਂ ਨਿਕਲਦੇ, ਮਹੀਨਿਆਂ ਬਾਅਦ ਉਹ ਆਉਂਦੇ ਸਨ ।
ਬਿੱਲੀ ਰਸਤਾ ਕੱਟ ਗਈ ਜਾਂ, ਅਵਾਜ਼ ਪਿੱਛੋਂ ਦੀ ਲੱਗ ਗਈ ਏ ।
ਲੰਬੜ ਮੱਥੇ ਲੱਗ ਗਿਆ ਏ ਜਾਂ ਨਿੱਛ ਮਗਰੋਂ ਵੱਜ ਗਈ ਏ, ਇਹ ਤਾਂ ਨਿਰੇ ਬਹਾਨੇ ਸਨ ।”
ਪ੍ਰਸ਼ਨ – 1. ਇਕਾਂਗੀ ਦਾ ਨਾਂ ਕੀ ਹੈ ?
2. ਇਕਾਂਗੀਕਾਰ ਦਾ ਕੀ ਨਾਂ ਹੈ ?
3. ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ ?
4. ਪਹਿਲਾਂ ਲੋਕੀਂ ਰਿਸ਼ਤੇਦਾਰਾਂ ਕੋਲ ਕਿਸ ਤਰ੍ਹਾਂ ਜਾਂਦੇ ਸਨ ਅਤੇ ਕਿੰਨੀ ਕੁ ਦੇਰ ਬਾਅਦ ਮੁੜਿਆ ਕਰਦੇ ਸਨ ?
5. ਮੈਡਮ ਕਿਹੜੇ ਵਹਿਮਾਂ-ਭਰਮਾਂ ਦਾ ਜ਼ਿਕਰ ਕਰਦੀ ਹੈ, ਕਿਉਂ ?
ਉੱਤਰ – 1. ਗ਼ੁਬਾਰੇ ।
2. ਡਾ. ਆਤਮਜੀਤ ।
3. ਮੈਡਮ ਸਾਰਿਆਂ ਨੂੰ ।
4. ਪੈਦਲ ਜਾਂਦੇ ਸਨ ਅਤੇ ਮਹੀਨਿਆਂ ਕੁ ਬਾਅਦ ਮੁੜਦੇ ਸਨ ।
5. ਬਿੱਲੀ ਦਾ ਰਸਤਾ ਕੱਟਣਾ, ਲੰਬੜ ਮੱਥੇ ਲੱਗਣਾ, ਪਿੱਛੋਂ ਅਵਾਜ਼ ਵੱਜਣੀ ਅਤੇ ਨਿੱਛ ਵੱਜਣੀ ਇਹ ਬਹਾਨੇ ਰਿਸ਼ਤੇਦਾਰਾਂ ਨੂੰ ਕੁਝ ਹੋਰ ਸਮਾਂ ਰੋਕਣ ਲਈ ਵਰਤੇ ਜਾਂਦੇ ਸਨ ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਗ਼ੁਬਾਰੇ’ ਇਕਾਂਗੀ ਦਾ ਲੇਖਕ ਕੌਣ ਹੈ ?
ਉੱਤਰ – ਡਾ: ਆਤਮਜੀਤ ।
ਪ੍ਰਸ਼ਨ 2. ਦਾਦੀ ਦੀਆਂ ਲੱਤਾਂ ਤੇ ਬਾਂਹਾਂ ਕੌਣ ਘੁੱਟ ਰਹੇ ਹਨ ?
ਉੱਤਰ – ਬੱਚੇ ।
ਪ੍ਰਸ਼ਨ 3. ਰੱਸਾ–ਟੱਪਣ ਦੀ ਖੇਡ ਕੌਣ ਖੇਡਦੇ ਹਨ ?
ਉੱਤਰ – ਦੀਪੀ, ਵਿੱਕੀ ਤੇ ਰਿੱਕੀ ।
ਪ੍ਰਸ਼ਨ 4. ਰਾਜੂ ਤੇ ਬੱਬੀ ਕਿਹੜੀ ਖੇਡ ਖੇਡਦੇ ਹਨ ?
ਉੱਤਰ – ਬੰਟੇ ।
ਪ੍ਰਸ਼ਨ 5. ਬੱਚੇ ਕਿਹੜੀ ਖੇਡ ਖੇਡਦੇ ਹੋਏ ਝਗੜਾ ਕਰਦੇ ਹਨ ?
ਉੱਤਰ – ਕੋਟਲਾ–ਛਪਾਕੀ ।
ਪ੍ਰਸ਼ਨ 6. ਦਾਦੀ ਕਿਸ ਦੀ ਕਥਾ ਸੁਣਾਉਂਦੀ ਹੈ ?
ਉੱਤਰ – ਚੰਦਰਮੁਖੀ ਦੀ ।
ਪ੍ਰਸ਼ਨ 7. ਕਥਾ ਵਿੱਚ ਚੰਦਰਮੁਖੀ ਦਾ ਪਿੰਡ ਕਿੱਥੇ ਸੀ ?
ਉੱਤਰ – ਬੱਦਲਾਂ ਵਿੱਚ ।
ਪ੍ਰਸ਼ਨ 8. ਚੰਦਰਮੁਖੀ ਦੇ ਪਿਤਾ ਦਾ ਨਾਂ ਕੀ ਸੀ ?
ਉੱਤਰ – ਸ਼੍ਰਿੰਗਟੋ ਭੂਤ ।
ਪ੍ਰਸ਼ਨ 9. ਚੁੱਲ੍ਹਿਆਂ ਵਰਗੀਆਂ ਨਾਸਾਂ ਕਿਸ ਦੀਆਂ ਹਨ ?
ਉੱਤਰ – ਸ਼੍ਰਿੰਗਟੋ ਭੂਤ ਦੀਆਂ ।
ਪ੍ਰਸ਼ਨ 10. ਬੱਚੇ ਪੇਪਰ ਮਾੜੇ ਹੋਣ ਨੂੰ ਕਿਸ ਗੱਲ ਨਾਲ ਜੋੜਦੇ ਹਨ ?
ਉੱਤਰ – ਵਹਿਮਾਂ ਨਾਲ ।
ਪ੍ਰਸ਼ਨ 11. ਇਕਾਂਗੀ ਵਿੱਚ ਮੈਡਮ ਅਨੁਸਾਰ ਭੂਤ ਕਿਸ ਦਾ ਨਾਂ ਹੈ ?
ਉੱਤਰ – ਸਮੇਂ ਦਾ ।
ਪ੍ਰਸ਼ਨ 12. ਸਾਡੇ ਨਿੱਡਰ ਹੋਣ ਨਾਲ ਕੌਣ ਮਰ ਜਾਂਦਾ ਹੈ ?
ਉੱਤਰ – ਭੂਤ – ਪ੍ਰੇਤ ।
ਪ੍ਰਸ਼ਨ 13. ਮਦਾਰੀ ਦੇ ਥੈਲੇ ਵਿੱਚੋਂ ਕੀ ਨਿਕਲਿਆ ?
ਉੱਤਰ – ਲੀਰਾਂ ।
ਪ੍ਰਸ਼ਨ 14. ਨਕਲੀ ਦਾਦੀ ਦਾ ਰੂਪ ਕੌਣ ਧਾਰਦਾ ਹੈ ?
ਉੱਤਰ – ਦੀਪੀ ।
ਪ੍ਰਸ਼ਨ 15. ਇਕਾਂਗੀ ਦੇ ਅੰਤ ਵਿੱਚ ਕਿਹੜੀ ਗੰਢ ਖੁੱਲ੍ਹ ਜਾਂਦੀ ਹੈ ?
ਉੱਤਰ – ਵਹਿਮਾਂ-ਭਰਮਾਂ ਦੇ ਝੂਠ ਦੀ ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037 |