3. ਮੌਨਧਾਰੀ- ਇਕਾਂਗੀ
ਇਕਾਂਗੀਕਾਰ – ਈਸ਼ਵਰ ਚੰਦਰ ਨੰਦਾ
••• ਮਦਨ ਲਾਲ ਦਾ ਪਾਤਰ ਚਿਤਰਨ •••
• ਜਾਣ-ਪਛਾਣ – ਮਦਨ ਲਾਲ ‘ਮੌਨਧਾਰੀ’ ਇਕਾਂਗੀ ਦਾ ਇਕ ਮਹੱਤਵਪੂਰਨ ਪਾਤਰ ਹੈ। ਉਸ ਦੀ ਉਮਰ ਤੀਹ-ਬੱਤੀ ਸਾਲ ਹੈ। ਉਹ ਰਿਸ਼ਤੇ ਵਿੱਚ ਰਾਮ ਪਿਆਰੀ ਦਾ ਭਾਣਜਾ ਲੱਗਦਾ ਹੈ। ਉਸ ਦੀ ਮਾਂ ਦਾ ਨਾਂ ਗਿਆਨੋ ਹੈ। ਇਕਾਂਗੀ ਵਿੱਚ ਆਉਂਦੇ ਸਮੇਂ ਉਸ ਦਾ ਹੁਲੀਆ ਕਾਫ਼ੀ ਵਿਗੜਿਆ ਹੈ। ਉਸ ਦੇ ਅੱਧ-ਮੈਲ਼ਾ ਪਜਾਮਾ ਅਤੇ ਕੋਟ ਨਾਲ਼ ਉੱਪਰਲੇ ਬਟਨ ਤੋਂ ਬਿਨਾਂ ਕਮੀਜ਼ ਪਾਇਆ ਹੋਇਆ ਹੈ। ਉਸ ਦੇ ਸਿਰ ਦੀ ਪੱਗ ਵੀ ਬਹੁਤੀ ਸਾਫ਼ ਨਹੀਂ, ਜਿਸ ਦੇ ਵਲ਼ਾਂ ਹੇਠੋਂ ਪੱਟੀ ਦਿਸਦੀ ਹੈ, ਜੋ ਉਸ ਨੇ ਆਪਣੀ ਪਹਿਚਾਣ ਵਾਲ਼ਾ ਦਾਗ ਛੁਪਾਉਣ ਲਈ ਬੰਨ੍ਹੀ ਹੈ। ਉਹ ਇਕ ਦਫ਼ਤਰ ਵਿੱਚ ਕਲਰਕ ਸੀ। ਉਸ ਦੇ ਆਪਣੇ ਕਹੇ ਅਨੁਸਾਰ ਉਸ ਦੇ ਦਫ਼ਤਰ ਦੇ ਇੱਕ ਭੂਸ਼ਨ ਨਾਂ ਦੇ ਕਲਰਕ ਨੇ ਉਸ ਨੂੰ ਵਰਗਲਾ ਕੇ ਆਪਣੇ ਨਾਲ਼ ਰਲ਼ਾ ਲਿਆ ਅਤੇ ਉਹ ਉੱਥੋਂ ਅਠਤਾਲੀ ਹਜ਼ਾਰ ਰੁਪਇਆ ਲੈ ਕੇ ਭੱਜ ਗਿਆ। ਜਦੋਂ ਪੁਲਿਸ ਨੇ ਉਸਨੂੰ ਫੜ੍ਹ ਲਿਆ, ਤਾਂ ਉਸਨੇ ਪੁਲਿਸ ਨੂੰ ਇਹ ਕਹਿ ਕੇ ਉਸਦੇ ਪਿੱਛੇ ਲਾ ਦਿੱਤਾ ਕਿ ਪੈਸਾ ਉਸ ਕੋਲ਼ ਹੈ। ਮਦਨ ਤਿੰਨ-ਚਾਰ ਮਹੀਨਿਆਂ ਦਾ ਭਗੌੜਾ ਸੀ ਅਤੇ ਅੰਤ ਪੁਲਿਸ ਭੇਸ ਬਦਲ ਕੇ ਉਸ ਨੂੰ ਮਾਸੀ ਦੇ ਘਰੋਂ ਜਾ ਫੜ੍ਹਦੀ ਹੈ।
• ਚਿੰਤਾ ਵਿੱਚ ਫਸਿਆ ਹੋਇਆ – ਉਸ ਦੇ ਚਿਹਰੇ ਤੋਂ ਪਤਾ ਲੱਗਦਾ ਕਿ ਉਹ ਚਿੰਤਾਵਾਂ ਵਿੱਚ ਫਸਿਆ ਹੋਇਆ ਹੈ। ਉਸਦਾ ਚਿਹਰਾ ਫ਼ਿਕਰਾਂ ਕਾਰਨ ਮੁਰਝਾਇਆ ਹੋਇਆ ਹੈ। ਫ਼ਿਕਰਾਂ ਤੇ ਚਿੰਤਾ ਦਾ ਮਾਰਿਆ ਹੋਣ ਕਰਕੇ ਉਹ ਆਪਣੇ–ਆਪ ਨੂੰ ਬੁਰੀ ਕਿਸਮਤ ਵਾਲ਼ਾ ਸਮਝਦਾ ਹੈ। ਉਹ ਪੁਲਿਸ ਦੀ ਕੁੱਟ ਤੋਂ ਵੀ ਡਰਦਾ ਹੈ।
• ਕਾਨੂੰਨ ਦਾ ਭਗੌੜਾ – ਉਹ ਕਾਨੂੰਨ ਦਾ ਭਗੌੜਾ ਸੀ। ਪੁਲਿਸ ਤੋਂ ਡਰਦਾ ਮਾਰਿਆ ਉਹ ਤਿੰਨ-ਚਾਰ ਮਹੀਨੇ ਦਾ ਘਰੋਂ ਭੱਜ ਕੇ ਲੁਕਦਾ ਫਿਰਦਾ ਹੈ। ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ ਅਤੇ ਉਹ ਬਚਣ ਲਈ ਮਾਸੀ ਕੋਲ਼ ਆ ਕੇ ਲੁਕ ਜਾਂਦਾ ਹੈ।
• ਅਪਰਾਧੀ – ਉਹ ਇੱਕ ਅਪਰਾਧੀ ਹੈ। ਉਸ ਦੇ ਦੱਸਣ ਅਨੁਸਾਰ ਹੀ ਉਹ ਪੰਜਾਹ ਹਜ਼ਾਰ ਰੁਪਏ ਦੇ ਘਪਲੇ ਵਿੱਚ ਸ਼ਾਮਲ ਅਪਰਾਧੀ ਹੈ। ਉਹ ਆਪਣੀ ਮਾਸੀ ਕੋਲ਼ ਸਾਰੇ ਇਲਜ਼ਾਮ ਆਪਣੇ ਸਾਥੀ ਕਲਰਕ ਉੱਤੇ ਲਾ ਕੇ ਆਪਣੇ–ਆਪ ਨੂੰ ਬੇਕਸੂਰ ਦੱਸਦਾ ਹੈ।
• ਲਾਲਚੀ ਤੇ ਬੇਅਕਲ – ਉਹ ਇੱਕ ਲਾਲਚੀ, ਪਰ ਬੇਅਕਲ ਵਿਅਕਤੀ ਹੈ। ਉਸ ਦੇ ਆਪਣੇ ਕਹਿਣ ਅਨੁਸਾਰ ਹੀ ਉਹ ਆਪਣੇ ਦਫ਼ਤਰ ਦੇ ਕਲਰਕ ਭੂਸ਼ਨ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਅਤੇ ਉਸ ਦੇ ਵਰਗਲਾ ਲੈਣ ਤੇ ਉਸ ਦੇ ਮਗਰ ਲੱਗ ਕੇ ਪੈਸਿਆਂ ਦਾ ਘਪਲਾ ਕਰਨ ਵਿੱਚ ਸ਼ਾਮਲ ਹੋ ਜਾਂਦਾ ਹੈ।
• ਝੂਠ ਬੋਲਣ ਵਾਲ਼ਾ – ਜਦੋਂ ਕਿਸ਼ੋਰ ਉਸ ਨੂੰ ਉਸ ਦੇ ਆਉਣ ਬਾਰੇ ਹੈਰਾਨ ਹੋਇਆ ਪੁੱਛਦਾ ਹੈ, ਤਾਂ ਉਹ ਉਸ ਨੂੰ ਝੂਠ ਬੋਲਦਾ ਹੋਇਆ ਕਹਿੰਦਾ ਹੈ ਕਿ ਉਹ ਅੱਜ-ਕੱਲ੍ਹ ਇਧਰ ਦੌਰੇ ‘ਤੇ ਆਇਆ ਹੋਇਆ ਹੈ। ਕੋਲੋਂ ਲੰਘਦਾ ਹੋਣ ਕਰਕੇ ਉਹ ਰਾਤ ਦੀ ਰਾਤ ਉਨ੍ਹਾਂ ਨੂੰ ਮਿਲ਼ਣ ਲਈ ਆ ਗਿਆ।
••• ਕਿਸ਼ੋਰ ਚੰਦ ਦਾ ਪਾਤਰ ਚਿਤਰਨ •••
• ਜਾਣ-ਪਛਾਣ – ਕਿਸ਼ੋਰ ਚੰਦ ‘ਮੌਨਧਾਰੀ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਹ ਹਰੀ ਚੰਦ ਅਤੇ ਰਾਮ ਪਿਆਰੀ ਦਾ ਪੁੱਤਰ ਹੈ। ਉਸ ਦੀ ਉਮਰ ਲਗਭਗ 30 ਸਾਲ ਹੈ। ਉਹ ਸਰਕਾਰੀ ਦਫ਼ਤਰ ਵਿੱਚ ਸਹਾਇਕ ਦਾ ਕੰਮ ਕਰਦਾ ਹੈ ਅਤੇ ਆਪਣੇ ਮਾਤਾ-ਪਿਤਾ ਨਾਲ਼ ਸਰਕਾਰੀ ਕੁਆਟਰ ਵਿੱਚ ਰਹਿੰਦਾ ਹੈ।
• ਸੰਤਾਂ – ਸਾਧੂਆਂ ਨੂੰ ਪਸੰਦ ਨਾ ਕਰਨ ਵਾਲ਼ਾ – ਕਿਸ਼ੋਰ ਚੰਦ ਸੰਤਾਂ-ਸਾਧੂਆਂ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦਾ। ਉਹ ਉਨ੍ਹਾਂ ਨੂੰ ਵਿਹਲੇ, ਭੇਖੀ, ਪਖੰਡੀ ਅਤੇ ਮੰਗਤੇ ਸਮਝਦਾ ਹੈ। ਉਹ ਉਹਨਾਂ ਨੂੰ ਘਰ ਵਿੱਚ ਨਹੀਂ ਆਉਣ ਦੇਣਾ ਚਾਹੁੰਦਾ ਹੈ। ਇਸੇ ਲਈ ਉਹ ਘਰ ਆਏ ਸਾਧੂਆਂ ਦੀਆਂ ਅੰਧ–ਵਿਸ਼ਵਾਸ ਵਾਲ਼ੀਆਂ ਗੱਲਾਂ ਉੱਪਰ ਵਿਸ਼ਵਾਸ ਨਹੀਂ ਕਰਦਾ।
• ਅੰਧ–ਵਿਸ਼ਵਾਸ ਤੋਂ ਨਾ ਡਰਨ ਵਾਲ਼ਾ – ਉਹ ਸਾਧੂਆਂ ਦੀਆਂ ਅੰਧ–ਵਿਸ਼ਵਾਸੀ ਗੱਲਾਂ ਅਤੇ ਉਨ੍ਹਾਂ ਦੀ ਸ਼ਕਤੀ ਤੋਂ ਨਹੀਂ ਡਰਦਾ। ਉਹ ਉਨ੍ਹਾਂ ਨੂੰ ਘਰੋਂ ਬਾਹਰ ਨਿਕਲ਼ ਜਾਣ ਲਈ ਕਹਿੰਦਾ ਹੈ। ਉਹ ਉਨ੍ਹਾਂ ਨੂੰ ਵਿਹਲੇ, ਨਿਕੰਮੇ ਤੇ ਮੁਫ਼ਤ ਦਾ ਖਾ-ਖਾ ਕੇ ਮੋਟੇ ਹੋਏ ਸਮਝਦਾ ਹੈ। ਉਹ ਉਨ੍ਹਾਂ ਦੀਆਂ ਵਰਗਲਾ ਲੈਣ ਵਾਲ਼ੀਆਂ ਗੱਲਾਂ ਵਿਚ ਵੀ ਨਹੀਂ ਆਉਂਦਾ।
• ਆਲ਼ੇ-ਦੁਆਲ਼ੇ ਤੋਂ ਚੇਤੰਨ – ਉਹ ਸਮਾਜਿਕ ਆਲੇ਼-ਦੁਆਲ਼ੇ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੈ। ਉਹ ਜਾਣਦਾ ਹੈ ਕਿ ਚੋਰ-ਲੁਟੇਰੇ ਪਖੰਡੀ ਸਾਧ ਬਣਕੇ ਲੋਕਾਂ ਨੂੰ ਲੁੱਟਦੇ-ਫਿਰਦੇ ਹਨ। ਉਹ ਘਰਾਂ ਵਿੱਚ ਆ ਕੇ ਜਨਾਨੀਆ ਤੋਂ ਜ਼ੇਵਰ ਤੇ ਹੋਰ ਕੀਮਤੀ ਸਮਾਨ ਠੱਗ ਕੇ ਲੈ ਜਾਂਦੇ ਹਨ। ਉਹ ਉਹਨਾਂ ਨੂੰ ਅਸਲ ਵਿਸ਼ਵਾਸਘਾਤੀ ਤੇ ਵਿਭਚਾਰੀ ਕਹਿੰਦਾ ਹੈ। ਉਹ ਆਪਣੇ ਬਾਪ ਹਰੀ ਚੰਦ ਨੂੰ ਦੱਸਦਾ ਹੈ ਕਿ ਉਸ ਨੇ ਅਖ਼ਬਾਰ ਵਿੱਚ ਪੜ੍ਹਿਆ ਹੈ ਕਿ ਦੋ ਹਵਾਲਾਤੀ ਮੁਲਜ਼ਮ ਫਰਾਰ ਹੋ ਗਏ ਹਨ। ਉਹ ਘਰ ਆਏ ਸਾਧੂਆਂ ‘ਤੇ ਵੀ ਭਗੌੜੇ ਮੁਲਜ਼ਮ ਹੋਣ ਦਾ ਸ਼ੱਕ ਜ਼ਾਹਰ ਕਰਦਾ ਹੈ।
• ਨਿੱਡਰ ਤੇ ਬੇਬਾਕ – ਉਹ ਘਰ ਆਏ ਸਾਧੂਆਂ ਦੀ ਕਿਸੇ ਰੂਹਾਨੀ ਸ਼ਕਤੀ ਤੋਂ ਨਹੀਂ ਡਰਦਾ ਅਤੇ ਬੇਬਾਕੀ ਨਾਲ਼ ਉਨ੍ਹਾਂ ਦੀਆਂ ਪਖੰਡ ਵਾਲ਼ੀਆਂ ਚਾਲਾਂ ਨੂੰ ਸਮਝ ਕੇ ਉਹਨਾਂ ਨੂੰ ਜਲਦੀ ਘਰ ਤੋਂ ਭਜਾਉਣ ਦੀ ਕੋਸ਼ਸ਼ ਕਰਦਾ ਹੈ। ਉਹ ਉਹਨਾਂ ਨੂੰ ਪੁਲਿਸ ਨੂੰ ਫੜਾਉਣ ਲਈ ਵੀ ਕਹਿੰਦਾ ਹੈ।
••• ਹਰੀ ਚੰਦ ਦਾ ਪਾਤਰ ਚਿਤਰਨ •••
• ਜਾਣ-ਪਛਾਣ – ਹਰੀ ਚੰਦ ‘ਮੌਨਧਾਰੀ‘ ਇਕਾਂਗੀ ਦਾ ਇਕ ਮਹੱਤਵਪੂਰਨ ਪਾਤਰ ਹੈ। ਉਹ ਰਾਮ ਪਿਆਰੀ ਦਾ ਪਤੀ ਅਤੇ ਕਿਸ਼ੋਰ ਚੰਦ ਦਾ ਬਾਪ ਹੈ। ਉਸ ਦੀ ਉਮਰ ਲਗਭਗ ਸੱਠ ਸਾਲ ਹੈ। ਉਹ ਆਪਣੀ ਪਤਨੀ ਸਮੇਤ ਪੁੱਤਰ ਨਾਲ਼ ਉਸ ਦੇ ਸਰਕਾਰੀ ਕੁਆਟਰ ਵਿੱਚ ਰਹਿੰਦਾ ਹੈ। ਇਕਾਂਗੀ ਵਿਚੋਂ ਉਸ ਦੀ ਸਖ਼ਸ਼ੀਅਤ ਦੇ ਹੇਠ ਲਿਖੇ ਵਿਸ਼ੇਸ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ।
• ਪਹਿਰਾਵਾ – ਉਹ ਹੱਥ ਵਿੱਚ ਸੋਟੀ ਫੜ੍ਹ ਕੇ ਸਹਾਰੇ ਨਾਲ਼ ਤੁਰਦਾ ਹੈ। ਉਸਦੇ ਸਿਰ ਉੱਤੇ ਤੁੱਰ੍ਹਾ ਅਤੇ ਸ਼ਮਲਾ ਬਣਾ ਕੇ ਸਾਫ਼ਾ ਬੰਨ੍ਹਿਆ ਹੋਇਆ ਹੈ। ਉਸ ਨੇ ਖੁੱਲ੍ਹਾ ਪਜਾਮਾ, ਲੰਮਾ ਕੋਟ ਤੇ ਪੈਰੀਂ ਠਿੱਬੇ ਜਿਹੇ ਪੁਰਾਣੇ ਗੁਰਗਾਬੀ ਸ਼ਕਲ ਦੇ ਸਲੀਪਰ ਪਾਏ ਹੋਏ ਹਨ।
• ਬਿਮਾਰ – ਇਕਾਂਗੀ ਵਿੱਚ ਹਰੀ ਚੰਦ ਸਰੀਰਕ ਤੌਰ ‘ਤੇ ਕਾਫ਼ੀ ਬਿਮਾਰ ਹੈ। ਇਕਾਂਗੀ ਦੇ ਸ਼ੁਰੂ ਵਿੱਚ ਹੀ ਉਹ ਹੱਥ ਵਿੱਚ ਦਵਾਈ ਵਾਲ਼ੀ ਸ਼ੀਸ਼ੀ ਫੜ ਕੇ ਦਵਾਈ ਲੈਣ ਜਾਂਦਾ ਹੈ। ਇਕਾਂਗੀ ਵਿੱਚ ਉਹ ਦੱਸਦਾ ਹੈ ਕਿ ਡਾਕਟਰ ਨੇ ਉਸ ਨੂੰ ਦਿਲ ਦੀ ਖ਼ਰਾਬੀ, ਖ਼ੂਨ ਦੀ ਕਮੀ, ਦਿਲ ਦੀ ਧੜਕਣ, ਫੇਫੜਿਆਂ ਦੀ ਖ਼ਰਾਬੀ ਤੇ ਬਾਰਾਮਾਸੀ ਜ਼ੁਕਾਮ ਆਦਿ ਰੋਗ ਦੱਸ ਕੇ ਦਵਾਈ ਦਿੱਤੀ ਹੈ ਤੇ ਕਿਹਾ ਹੈ ਕਿ ਜੇਕਰ ਇਸ ਦਵਾਈ ਨਾਲ਼ ਠੀਕ ਨਾ ਹੋਇਆ, ਤਾਂ ਉਸ ਨੂੰ ਬਹੁਤ ਸਾਰੇ ਟੈਸਟ ਕਰਵਾਉਣੇ ਪੈਣਗੇ।
• ਚਿੜਚਿੜਾ – ਸਿਹਤ ਖ਼ਰਾਬ ਹੋਣ ਕਰਕੇ ਹੀ ਉਸ ਦਾ ਪਰਿਵਾਰ ਦੇ ਜੀਆਂ ਨਾਲ਼ ਵਰਤਾਓ ਖਿਝਿਆ ਹੋਇਆ ਰਹਿੰਦਾ ਹੈ। ਇਕਾਂਗੀ ਵਿੱਚ ਰਾਮ ਪਿਆਰੀ ਦੇ ਪੁੱਛਣ ਤੇ ਕਿ ਉਹ ਕਿੱਥੇ ਚੱਲਿਆ ਹੈ, ਉਹ ਜਵਾਬ ਦਿੰਦਾ ਹੈ ਕਿ ਢੱਠੇ ਖੂਹ ਵਿੱਚ ਚੱਲਿਆ ਹੈ। ਉਸ ਨੂੰ ਰਾਮ ਪਿਆਰੀ ਦੁਆਰਾ ਮਦਨ ਨੂੰ ਪਨਾਹ ਦੇਣ ਦੀ ਗੱਲ ਤੋਂ ਵੀ ਖਿਝ ਆਉਂਦੀ ਹੈ, ਕਿਉਂਕਿ ਉਹ ਇੱਕ ਅਪਰਾਧੀ ਅਤੇ ਭਗੌੜਾ ਹੈ।
• ਵਹਿਮਾਂ-ਭਰਮਾਂ ਨੂੰ ਮੰਨਣ ਵਾਲ਼ਾ – ਉਹ ਇੱਕ ਵਹਿਮੀ ਕਿਸਮ ਦਾ ਆਦਮੀ ਹੈ। ਉਹ ਰਾਮ ਪਿਆਰੀ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਬਾਹਰ ਜਾਂਦੇ ਨੂੰ ਪਿੱਛੋਂ ਅਵਾਜ਼ ਨਾ ਮਾਰਿਆ ਕਰੇ। ਡਾਕਟਰ ਉਸ ਨੂੰ ਬਹੁਤ ਸਾਰੀਆਂ ਬਿਮਾਰੀਆਂ ਅਤੇ ਟੈਸਟਾਂ ਬਾਰੇ ਦੱਸ ਦਿੰਦਾ ਹੈ, ਤਾਂ ਉਹ ਇਸ ਦਾ ਕਾਰਨ ਉਸ ਨੂੰ ਡਾਕਟਰ ਕੋਲ਼ ਜਾਂਦੇ ਸਮੇਂ ਰਾਮ ਪਿਆਰੀ ਦੁਆਰਾ ਪਿੱਛੋਂ ਅਵਾਜ਼ ਮਾਰਨ ਕਰਕੇ ਹੋਈ ਬਦਸ਼ਗਨੀ ਹੀ ਸਮਝਦਾ ਹੈ।
• ਹਾਜ਼ਰ-ਜੁਆਬ ਤੇ ਮਖੌਲੀਆ – ਇਕਾਂਗੀ ਵਿੱਚ ਉਸ ਦੀ ਰਾਮ ਪਿਆਰੀ ਤੇ ਸਾਧੂ ਨਾਲ਼ ਹੋਈ ਗੱਲ-ਬਾਤ ਹਾਜ਼ਰ-ਜ਼ੁਆਬੀ ਭਰੀ ਹੈ। ਉਹ ਸਾਧੂ ਦੀਆਂ ਕਹੀਆਂ ਗੱਲਾਂ ਨੂੰ ਗੰਭੀਰਤਾ ਨਾਲ਼ ਨਹੀਂ ਲੈਂਦਾ, ਸਗੋਂ ਉਨ੍ਹਾਂ ਦੀ ਹਰ ਗੱਲ ਨੂੰ ਮਖੌਲੀਆ ਲਹਿਜ਼ੇ ਵਿਚ ਲੈਂਦਾ ਹੈ।
• ਸਾਧੂਆਂ ਨੂੰ ਬੁਰਾ ਬੋਲਣ ਦੇ ਵਿਰੁੱਧ – ਆਪ ਭਾਵੇਂ ਹਰੀ ਚੰਦ ਸਾਧੂਆਂ ਦੀਆਂ ਗੱਲਾਂ ਤੇ ਸਲਾਹਵਾਂ ਨੂੰ ਬਹੁਤੀ ਗੰਭੀਰਤਾ ਨਾਲ਼ ਨਹੀਂ ਲੈਂਦਾ, ਪਰੰਤੂ ਉਹ ਆਪਣੇ ਪੁੱਤਰ ਕਿਸ਼ੋਰ ਨੂੰ ਸਾਧੂ ਤੇ ਮੌਨਧਾਰੀ ਬਾਰੇ ਨਿਰਾਦਰ ਭਰੇ ਸ਼ਬਦ ਬੋਲਣ ਤੋਂ ਵਰਜਦਾ ਹੈ।
• ਹਾਸ-ਰਸ ਪੈਦਾ ਕਰਨ ਵਾਲ਼ਾ – ਇਕਾਂਗੀ ਵਿੱਚ ਉਸ ਦੀਆਂ ਗੱਲਾਂ ਖੂਬ ਹਾਸ-ਰਸ ਪੈਦਾ ਕਰਦੀਆਂ ਹਨ। ਉਹ ਸਾਧੂਆਂ ਨਾਲ਼ ਵੀ ਮਸ਼ਕਰੀਆਂ ਕਰਦਾ ਹੋਇਆ ਇਕਾਂਗੀ ਵਿੱਚ ਹਾਸ-ਰਸ ਪੈਦਾ ਕਰਦਾ ਹੈ।
••• ਰਾਮ ਪਿਆਰੀ ਦਾ ਪਾਤਰ ਚਿਤਰਨ •••
• ਜਾਣ-ਪਛਾਣ – ਰਾਮ ਪਿਆਰੀ ‘ਮੌਨਧਾਰੀ’ ਇਕਾਂਗੀ ਦੀ ਇਕ ਮਹੱਤਵਪੂਰਨ ਔਰਤ ਪਾਤਰ ਹੈ। ਉਹ ਹਰੀ ਚੰਦ ਦੀ ਪਤਨੀ ਹੈ ਅਤੇ ਕਿਸ਼ੋਰ ਚੰਦ ਦੀ ਮਾਂ ਹੈ। ਉਹ ਅੱਧਖੜ ਉਮਰ ਦੀ ਭੋਲੀ-ਭਾਲੀ ਔਰਤ ਹੈ।
• ਪਰੇਸ਼ਾਨੀਆਂ ਦਾ ਸ਼ਿਕਾਰ – ਆਪਣੇ ਰੋਜ਼ਾਨਾ ਜੀਵਨ ਵਿੱਚ ਉਹ ਪੈਸੇ ਦੀ ਤੰਗੀ, ਵਧ ਰਹੀ ਮਹਿੰਗਾਈ ਅਤੇ ਪਤੀ ਦੀ ਬਿਮਾਰੀ ਆਦਿ ਕਈ ਪਰੇਸ਼ਾਨੀਆਂ ਦਾ ਸ਼ਿਕਾਰ ਹੈ। ਹੁਣ ਉਸ ਲਈ ਨਵੀਂ ਪਰੇਸ਼ਾਨੀ ਆ ਗਈ ਹੈ ਕਿ ਉਸ ਦਾ ਭਾਣਜਾ ਅਪਰਾਧ ਵਿੱਚ ਫਸ ਗਿਆ ਅਤੇ ਪੁਲਿਸ ਉਸ ਨੂੰ ਲੱਭ ਰਹੀ ਹੈ।
• ਨੇਕੀ ਕਰਨ ਵਾਲ਼ੀ – ਉਹ ਸਾਕ-ਸੰਬੰਧੀਆਂ ਨਾਲ਼ ਮੋਹ-ਪਿਆਰ ਰੱਖਣ ਵਾਲ਼ੀ ਅਤੇ ਨੇਕ ਕੰਮ ਕਰਨ ਵਾਲ਼ੀ ਔਰਤ ਹੈ। ਜਦੋਂ ਉਸ ਦਾ ਭਾਣਜਾ ਮਦਨ ਪੁਲਿਸ ਤੋਂ ਭਗੌੜਾ ਹੋ ਕੇ ਉਸ ਦੇ ਘਰ ਆਉਂਦਾ ਹੈ, ਤਾਂ ਉਹ ਉਸ ਦੀ ਹਾਲਤ ਵੇਖ ਕੇ ਫ਼ਿਕਰਮੰਦ ਹੁੰਦੀ ਹੈ ਅਤੇ ਉਸ ਨੂੰ ਦਿਲਾਸਾ ਦਿੰਦੀ ਹੈ ਕਿ ਪੁਲਿਸ ਇੱਥੇ ਨਹੀਂ ਆ ਸਕਦੀ।
• ਸਰਬੱਤ ਦਾ ਭਲਾ ਮੰਗਣ ਵਾਲ਼ੀ – ਉਹ ਆਪਣੇ ਪਤੀ ਦੁਆਰਾ ਮਦਨ ਦੇ ਘਰ ਆਉਣ ਦਾ ਵਿਰੋਧ ਕਰਨ ਤੇ ਉਸ ਨੂੰ ਕਹਿੰਦੀ ਹੈ ਕਿ ਕਿਸੇ ਵੇਲੇ ਸੱਤ ਬਿਗਾਨਿਆਂ ਨੂੰ ਵੀ ਲੁਕਾਉਣਾ ਪੈਂਦਾ ਹੈ, ਇਹ ਤਾਂ ਫੇਰ ਵੀ ਆਪਣਾ ਹੈ। ਉਹ ਅਰਦਾਸ ਕਰਦੀ ਹੋਈ ਸਰਬੱਤ ਦਾ ਭਲਾ ਮੰਗਦੀ ਹੈ।
• ਸਾਧੂਆਂ ਦੀ ਸੇਵਾ ਕਰਨ ਵਾਲ਼ੀ – ਰਾਮ ਪਿਆਰੀ ਘਰ ਆਏ ਸਾਧੂ ਤੇ ਮੌਨਧਾਰੀ ਨੂੰ ਸਤਿਕਾਰ ਨਾਲ਼ ਬਿਠਾਉਂਦੀ ਹੈ ਅਤੇ ਚਾਹ-ਪਾਣੀ ਪੁੱਛਦੀ ਹੈ। ਉਹ ਉਹਨਾਂ ਦੁਆਰਾ ਰੋਟੀ ਖਾਣ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਨੂੰ ਫਲ਼ ਖਾਣ ਲਈ ਦਿੰਦੀ ਹੈ। ਸਾਧੂ ਵੀ ਉਸ ਦੁਆਰਾ ਕੀਤੀ ਸੇਵਾ ਦੀ ਵਡਿਆਈ ਕਰਦੇ ਹਨ।
• ਸਾਧੂਆਂ ਦਾ ਨਿਰਾਦਰ ਨਾ ਸਹਿਣ ਵਾਲ਼ੀ – ਉਹ ਸਾਧੂਆਂ ਦੀ ਸ਼ਕਤੀ ਤੋਂ ਇੰਨੀ ਪ੍ਰਭਾਵਿਤ ਹੁੰਦੀ ਹੈ ਕਿ ਉਹ ਲੁਕਦੇ-ਫਿਰਦੇ ਮਦਨ ਨੂੰ ਵੀ ਆਪਣਾ ਕਸ਼ਟ ਨਿਵਾਰਨ ਲਈ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਕਹਿੰਦੀ ਹੈ। ਉਹ ਸਾਧੂਆਂ ਪ੍ਰਤੀ ਕਿਸ਼ੋਰ ਨੂੰ ਅਪਸ਼ਬਦ ਬੋਲਣ ਤੋਂ ਵਰਜਦੀ ਹੈ।
••• ਸਾਧੂ ਦਾ ਪਾਤਰ ਚਿਤਰਨ •••
• ਜਾਣ-ਪਛਾਣ – ਸਾਧੂ ‘ਮੌਨਧਾਰੀ’ ਇਕਾਂਗੀ ਦਾ ਇਕ ਮਹੱਤਵਪੂਰਨ ਪਾਤਰ ਹੈ। ਉਸ ਦੀ ਉਮਰ ਪੈਂਤੀ-ਚਾਲੀ ਸਾਲ ਹੈ। ਉਸ ਦਾ ਸਰੀਰ ਪਤਲਾ ਹੈ। ਅਸਲ ਵਿੱਚ ਉਹ ਪੁਲਿਸ ਦਾ ਹਵਾਲਦਾਰ ਹੈ ਅਤੇ ਸਾਧੂ ਦੇ ਭੇਸ ਵਿੱਚ ਮੁਲਜ਼ਮ ਦੀ ਭਾਲ ਵਿੱਚ ਹੈ। ਅਖ਼ੀਰ ਉਹ ਆਪਣੀ ਚਾਲ ਵਿੱਚ ਕਾਮਯਾਬ ਹੋ ਕੇ ਮੁਲਜ਼ਮ ਮਦਨ ਨੂੰ ਗ੍ਰਿਫ਼ਤਾਰ ਕਰ ਲੈਂਦਾ ਹੈ।
• ਸਫ਼ਲ ਸੂਹੀਆ – ਸਾਧੂ ਇਕ ਸਫ਼ਲ ਸੂਹੀਆ ਹੈ। ਸਾਧੂ ਦੇ ਰੂਪ ਵਿੱਚ ਉਸ ਨੂੰ ਕੋਈ ਪਹਿਚਾਣ ਨਹੀਂ ਸਕਦਾ। ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਭਗੌੜੇ ਮਦਨ ਨੂੰ ਗ੍ਰਿਫ਼ਤਾਰ ਕਰ ਲੈਂਦਾ ਹੈ।
• ਦੂਜਿਆਂ ਨੂੰ ਗੱਲਾਂ ਨਾਲ਼ ਭਰਮਾਉਣ ਵਾਲ਼ਾ – ਉਹ ਲੋਕਾਂ ਦੇ ਘਰਾਂ ਦੇ ਬਾਹਰ ਅਧਿਆਤਮਿਕ ਰਸ ਨਾਲ਼ ਭਰੇ ਗੀਤ ਗਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਉਹ ਸਰਬੱਤ ਦਾ ਭਲਾ ਮੰਗ ਕੇ ਰਾਮ ਪਿਆਰੀ ਉੱਪਰ ਆਪਣਾ ਪ੍ਰਭਾਵ ਪਾਉਂਦਾ ਹੈ ਅਤੇ ਉਸ ਦੇ ਘਰ ਦੇ ਅੰਦਰ ਦਾਖਲ਼ ਹੋ ਜਾਂਦਾ ਹੈ।
• ਚੁਸਤ-ਚਲਾਕ – ਉਹ ਬਹੁਤ ਚੁਸਤ-ਚਲਾਕ ਹੈ। ਉਹ ਚਲਾਕੀ ਨਾਲ਼ ਰਾਮ ਪਿਆਰੀ ਦੇ ਘਰ ਵਿੱਚ ਕਲੇਸ਼ ਦੀ ਮੌਜੂਦਗੀ ਹੋਣ ਬਾਰੇ ਦੱਸ ਕੇ ਉਸ ਤੇ ਪ੍ਰਭਾਵ ਪਾਉਂਦਾ ਹੈ। ਉਹ ਬਿਮਾਰੀ ਠੀਕ ਕਰਨ ਦੀਆਂ ਗੱਲਾਂ ਨਾਲ਼ ਵੀ ਆਪਣਾ ਪ੍ਰਭਾਵ ਪੂਰੇ ਪਰਿਵਾਰ ਉੱਤੇ ਪਾਉਣ ਦੀ ਕੋਸ਼ਸ਼ ਕਰਦਾ ਹੈ। ਦਾਨ ਸਾਰੇ ਰੋਗਾਂ ਦੀ ਦਾਰੂ ਹੈ, ਦਾਨ ਦੇਣ ਨਾਲ਼ ਕੁੱਝ ਘਟਦਾ ਨਹੀਂ, ਧਨ ਤੋਂ ਵੱਡਾ ਕੋਈ ਰੋਗ ਨਹੀਂ ਅਤੇ ਹਰ ਕਸ਼ਟ ਦਾ ਨਿਵਾਰਨ ਹੈ ਆਦਿ ਗੱਲਾਂ ਕਰਕੇ ਉਹ ਰਾਮ ਪਿਆਰੀ ਤੋਂ ਅੰਦਰ ਲੁਕੇ ਹੋਏ ਮਦਨ ਨੂੰ ਬਾਹਰ ਕਢਵਾ ਲੈਂਦਾ ਹੈ ਅਤੇ ਗ੍ਰਿਫ਼ਤਾਰ ਕਰ ਲੈਂਦਾ ਹੈ।
••• ਮੌਨਧਾਰੀ ਦਾ ਪਾਤਰ ਚਿਤਰਨ •••
• ਜਾਣ-ਪਛਾਣ – ‘ਮੌਨਧਾਰੀ‘ ਇਸੇ ਨਾਂ ਦੀ ਇਕਾਂਗੀ ਵਿੱਚ ਇੱਕ ਮਹੱਤਵਪੂਰਨ ਪਾਤਰ ਹੈ। ਉਸ ਦੀ ਉਮਰ ਲਗਪਗ ਪੰਜਾਹ ਸਾਲ ਹੈ। ਉਹ ਸਰੀਰ ਦਾ ਮੋਟਾ ਹੈ। ਉਹ ਦੀਪ ਚੰਦ ਨਾਂ ਦਾ ਇੱਕ ਪੁਲਿਸ ਇੰਸਪੈਕਟਰ ਹੈ। ਉਹ ਆਪਣੇ ਸਾਥੀ ਹਵਾਲਦਾਰ ਨਾਲ਼ ਮੌਨਧਾਰੀ ਸਾਧੂ ਦਾ ਰੂਪ ਬਣਾ ਕੇ ਗਬਨ ਦੇ ਦੋਸ਼ੀ ਭਗੌੜੇ ਮਦਨ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦਾ ਪਿੱਛਾ ਕਰਦਾ ਹੋਇਆ ਹਰੀ ਚੰਦ ਤੇ ਰਾਮ ਪਿਆਰੀ ਦੇ ਘਰ ਆਇਆ ਹੈ ਅਤੇ ਅੰਤ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਪ੍ਰਾਪਤ ਕਰਦਾ ਹੈ।
• ਇਕ ਸਫ਼ਲ ਸੂਹੀਆ – ਮੌਨਧਾਰੀ ਇਕ ਸਫ਼ਲ ਸੂਹੀਆ ਹੈ। ਗੱਲ-ਬਾਤ ਲਈ ਸਾਧੂ ਦੇ ਰੂਪ ਵਿੱਚ ਹਵਾਲਦਾਰ ਉਸ ਦੇ ਨਾਲ਼ ਹੈ ਅਤੇ ਉਹ ਆਪ ਮੌਨਧਾਰੀ ਸਾਧੂ ਹੋਣ ਦਾ ਨਾਟਕ ਕਰਦਾ ਚੁੱਪ ਰਹਿੰਦਾ ਹੈ। ਉਹ ਸਿਰਫ਼ ਹੱਥ ਦੇ ਇਸ਼ਾਰੇ ਨਾਲ਼ ਹੀ ਅਸ਼ੀਰਵਾਦ ਦਿੰਦਾ ਹੈ।
• ਚੁਸਤ-ਚਲਾਕ – ਉਹ ਬੜੀ ਚੁਸਤੀ – ਚਲਾਕੀ ਨਾਲ਼ ਮੂੰਹ ਵਿੱਚੋਂ ਕੁੱਝ ਨਹੀਂ ਬੋਲਦਾ ਅਤੇ ਉਸ ਦਾ ਸਾਥੀ ਸਾਧੂ ਹੀ ਉਸ ਦੇ ਮੌਨਵਰਤ ਤੇ ਕਸ਼ਟ ਨਿਵਾਰਨ ਦੀ ਸ਼ਕਤੀ ਦਾ ਪ੍ਰਭਾਵ ਰਾਮ ਪਿਆਰੀ ‘ਤੇ ਪਾ ਕੇ ਮਦਨ ਨੂੰ ਅੰਦਰੋਂ ਬਾਹਰ ਕੱਢਣ ਤੇ ਫਿਰ ਉਸ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰਦਾ ਹੈ।
• ਆਪਣੀ ਪੁਲਸੀਆ ਕਾਰਵਾਈ ਕਰਨ ਵਿੱਚ ਸਫ਼ਲ – ਮਦਨ ਸਾਧੂਆਂ ਦੇ ਭੇਸ ਵਿੱਚ ਆਈ ਪੁਲਿਸ ਨੂੰ ਪਹਿਚਾਣ ਕੇ ਭੱਜਣ ਦੀ ਕੋਸ਼ਸ਼ ਕਰਦਾ ਹੈ, ਤਾਂ ਉਹ ਫੁਰਤੀ ਨਾਲ਼ ਆਪਣੀ ਰਿਵਾਲਵਰ ਤਾਣ ਕੇ ਉਸ ਨੂੰ ਖ਼ਬਰਦਾਰ ਕਰਦਾ ਹੈ। ਅਖ਼ੀਰ ਉਹ ਆਪਣੀ ਯੋਗ ਕਾਰਵਾਈ ਕਰਕੇ ਮਦਨ ਨੂੰ ਫੜ੍ਹਨ ਵਿੱਚ ਕਾਮਯਾਬ ਹੋ ਜਾਂਦਾ ਹੈ।
••• ਵਾਰਤਾਲਾਪ ਸੰਬੰਧੀ ਪ੍ਰਸ਼ਨ •••
1. “ਬਕ-ਬਕ ਬੰਦ ਕਰ ਬਾਬਾ ! ਪਿਤਾ ਜੀ, ਫੇਰ ਉਹੋ ਗੱਲਾਂ। ਮੈਂ ਤੁਹਾਨੂੰ ਕਿੰਨੀ ਵਾਰੀ ਸਮਝਾ ਚੁੱਕਾ ਹਾਂ, ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ। ਉੱਠੋ ਬਾਬਾ, ਨਿਕਲ਼ੋ ਏਥੋਂ।”
ਪ੍ਰਸ਼ਨ – 1. ਇਹ ਵਾਰਤਾਲਾਪ ਕਿਸ ਇਕਾਂਗੀ ਦਾ ਹੈ?
2. ਇਹ ਇਕਾਂਗੀ ਕਿਸ ਦੀ ਰਚਨਾ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਪੁੱਤਰ ਪਿਤਾ ਨੂੰ ਕੀ ਸਮਝਾ ਚੁੱਕਾ ਹੈ?
5. ਇੱਥੇ ਬਾਬਿਆਂ ਨੂੰ ਕੀ ਕਰਨ ਲਈ ਕਿਹਾ ਹੈ?
ਉੱਤਰ – 1. ਮੌਨਧਾਰੀ।
2. ਈਸ਼ਵਰ ਚੰਦਰ ਨੰਦਾ।
3. ਇਹ ਸ਼ਬਦ ਕਿਸ਼ੋਰ ਨੇ ਆਪਣੇ ਪਿਤਾ ਹਰੀ ਚੰਦ ਅਤੇ ਸਾਧੂ ਨੂੰ ਕਹੇ।
4. ਪਖੰਡੀ ਸਾਧਾਂ ਨੂੰ ਘਰ ਨਾ ਲਿਆਉਣ ਲਈ।
5. ਘਰੋਂ ਬਾਹਰ ਜਾਣ ਲਈ।
2. “ਖ਼ਬਰਦਾਰ ! ਹਿੱਲੋ ਮੱਤ। ਮੈਂ ਇਨਸਪੈੱਕਟਰ ਦੀਪ ਚੰਦ। ਹਵਾਲਦਾਰ! ਜਾਣੇ ਨਾ ਪਾਏ, ਮੁਲਜ਼ਮ।”
ਪ੍ਰਸ਼ਨ – 1. ਇਹ ਵਾਰਤਾਲਾਪ ਕਿਸ ਇਕਾਂਗੀ ਦਾ ਹੈ?
2. ਇਹ ਇਕਾਂਗੀ ਕਿਸ ਦੀ ਰਚਨਾ ਹੈ?
3. ਹਵਾਲਦਾਰ ਨੂੰ ਕੀ ਕਰਨ ਲਈ ਕਿਹਾ ਗਿਆ?
4. ‘ਜਾਣੇ ਨਾ ਪਾਏ ਮੁਲਜ਼ਮ’ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
5. ਮਦਨ ਨੂੰ ਕਿਵੇਂ ਖ਼ਬਰਦਾਰ ਕੀਤਾ ਗਿਆ?
ਉੱਤਰ – 1. ਮੌਨਧਾਰੀ।
2. ਈਸ਼ਵਰ ਚੰਦਰ ਨੰਦਾ।
3. ਮੁਲਜ਼ਮ ਨੂੰ ਭੱਜਣ ਤੋਂ ਰੋਕਣ ਲਈ।
4. ਇਹ ਸ਼ਬਦ ਇੰਸਪੈਕਟਰ ਦੀਪ ਚੰਦ ਨੇ ਹਵਾਲਦਾਰ ਨੂੰ ਕਹੇ।
5. ਰਿਵਾਲਵਰ ਤਾਣ ਕੇ।
3. “ਸੁਖੀਂ – ਸਾਂਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ। ਘਬਰਾ ਨਾ। ਚੱਲ ਅੰਦਰ। ਹੱਥ–ਮੂੰਹ ਧੋ ਤੇ ਤੇਰਾ ਵੀਰਾ ਦਫ਼ਤਰੋਂ ਔਂਦਾ ਏ ਤਾਂ ਤੁਹਾਨੂੰ ਚਾਹ ਬਣਾ ਕੇ ਦੇਨੀ ਆਂ।”
ਪ੍ਰਸ਼ਨ – 1. ਇਹ ਵਾਰਤਾਲਾਪ ਕਿਸ ਇਕਾਂਗੀ ਦਾ ਹੈ?
2. ਇਹ ਇਕਾਂਗੀ ਕਿਸ ਦੀ ਰਚਨਾ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਰਾਮ ਪਿਆਰੀ ਮਦਨ ਨੂੰ ਕਿਵੇਂ ਦਿਲਾਸਾ ਦੇਂਦੀ ਹੈ?
5. ਵੀਰਾ ਕਿੱਥੋਂ ਆਉਣ ਵਾਲ਼ਾ ਹੈ ਅਤੇ ਉਸ ਦੇ ਆਉਣ ’ਤੇ ਕੀ ਬਣਾਉਣ ਦਾ ਵਿਚਾਰ ਹੈ?
ਉੱਤਰ – 1. ਮੌਨਧਾਰੀ।
2. ਈਸ਼ਵਰ ਚੰਦਰ ਨੰਦਾ।
3. ਇਹ ਸ਼ਬਦ ਰਾਮ ਪਿਆਰੀ ਨੇ ਮਦਨ ਨੂੰ ਕਹੇ।
4. ਇਹ ਕਹਿ ਕੇ ਕਿ ਇੱਥੇ ਪੁਲਿਸ ਨਹੀਂ ਆ ਸਕਦੀ।
5. ਦਫ਼ਤਰੋਂ ਆਉਣ ਵਾਲ਼ਾ ਹੈ, ਚਾਹ ਬਣਾ ਕੇ ਦੇਣੀ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਮੌਨਧਾਰੀ’ ਇਕਾਂਗੀ ਦਾ ਲੇਖਕ ਕੌਣ ਹੈ?
ਉੱਤਰ – ਈਸ਼ਵਰ ਚੰਦਰ ਨੰਦਾ।
ਪ੍ਰਸ਼ਨ 2. ਰਾਮ ਪਿਆਰੀ ਦੇ ਪਤੀ ਦਾ ਕੀ ਨਾਂ ਹੈ?
ਉੱਤਰ – ਹਰੀ ਚੰਦ।
ਪ੍ਰਸ਼ਨ 3. ਹਰੀ ਚੰਦ ਦੀ ਉਮਰ ਕਿੰਨੀ ਹੈ?
ਉੱਤਰ – ਲਗਭਗ 60 ਸਾਲ।
ਪ੍ਰਸ਼ਨ 4. ਮਦਨ ਲਾਲ ਦੀ ਉਮਰ ਕਿੰਨੀ ਹੈ?
ਉੱਤਰ – ਤੀਹ-ਬੱਤੀ ਸਾਲ।
ਪ੍ਰਸ਼ਨ 5. ਮਦਨ ਲਾਲ ਤੇ ਰਾਮ ਪਿਆਰੀ ਦਾ ਆਪਸ ਵਿੱਚ ਕੀ ਰਿਸ਼ਤਾ ਹੈ?
ਉੱਤਰ – ਮਾਸੀ – ਭਣੇਵਾ।
ਪ੍ਰਸ਼ਨ 6. ਸਾਧੂ ਦਾ ਜੋਟੀਦਾਰ ਕੌਣ ਹੈ?
ਉੱਤਰ – ਮੌਨਧਾਰੀ।
ਪ੍ਰਸ਼ਨ 7. ਰਾਮ ਪਿਆਰੀ ਤੇ ਹਰੀ ਚੰਦ ਦੇ ਪੁੱਤਰ ਦਾ ਨਾਂ ਕੀ ਹੈ?
ਉੱਤਰ – ਕਿਸ਼ੋਰ ਚੰਦ।
ਪ੍ਰਸ਼ਨ 8. ਕਿਸ਼ੋਰ ਚੰਦ ਦੀ ਉਮਰ ਕਿੰਨੀ ਹੈ?
ਉੱਤਰ – ਲਗਭਗ ਤੀਹ ਸਾਲ।
ਪ੍ਰਸ਼ਨ 9. ਕੁਲੀ ਰਾਮ ਪਿਆਰੀ ਦੇ ਘਰ ਕਿਸ ਦੀ ਟਰੰਕੀ ਛੱਡ ਕੇ ਜਾਂਦਾ ਹੈ?
ਉੱਤਰ – ਮਦਨ ਦੀ।
ਪ੍ਰਸ਼ਨ 10. ਪੁਲਿਸ ਕਿਸ ਦੇ ਪਿੱਛੇ ਪਈ ਹੋਈ ਸੀ?
ਉੱਤਰ – ਮਦਨ ਦੇ।
ਪ੍ਰਸ਼ਨ 11. ਪੁਲਿਸ ਮਦਨ ਦੇ ਪਿੱਛੇ ਕਿਉਂ ਪਈ ਹੋਈ ਸੀ?
ਉੱਤਰ – ਗ਼ਬਨ ਦਾ ਦੋਸ਼ੀ ਹੋਣ ਕਰਕੇ
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037