ਪਾਠ 9 ਵਰਤਮਾਨ ਲੋਕਤੰਤਰ ਦਾ ਇਤਹਾਸ ਵਿਕਾਸ ਅਤੇ ਵਿਸਥਾਰ
ੳ) ਖਾਲੀ ਥਾਂਵਾਂ ਭਰੋ –
1. ਚੋਲ ਰਾਜਿਆਂ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਉਰ ਸੀ ।
2. ਚਿੱਲੀ ਵਿਚ ਸੋਸ਼ਲਿਸਟ ਪਾਰਟੀ ਦੀ ਅਗਵਾਈ ਸਾਲਵਾਡੋਰ ਅਲੈਂਡੇ ਨੇ ਕੀਤੀ।
ਅ) ਠੀਕ/ਗਲਤ ਦੱਸੋ
1. ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ। (ਗ਼ਲਤ)
2. ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਲੋਕਤੰਤਰ ਲਗਾਤਾਰ ਚੱਲ ਰਿਹਾ ਹੈ। (ਗ਼ਲਤ)
ੲ) ਬਹੁ- ਵਿਕਲਪੀ ਪ੍ਰਸ਼ਨ
1.ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆਂ ਦੇ ਦੇਸ਼ਾਂ ਨੂੰ ਸੰਸਦੀ ਲੋਕਤੰਤਰ ਪ੍ਰਣਾਲੀ ਅਪਨਾਉਣ ਦੀ ਪ੍ਰੇਰਨਾ ਦਿੱਤੀ
a) ਜਰਮਨੀ
b) ਫਰਾਂਸ
c) ਇੰਗਲੈਂਡ
d) ਚੀਨ
ਉੱਤਰ :ਫਰਾਂਸ
2.ਹੇਠ ਲਿਖੇ ਦੇਸ਼ਾਂ ਵਿੱਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ?
a) ਭਾਰਤ
b) ਅਮਰੀਕਾ
c) ਫਰਾਂਸ
d) ਚੀਨ
ਉੱਤਰ: ਭਾਰਤ
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.ਅੱਜਕੱਲ੍ਹ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ ?
ਉੱਤਰ :ਲੋਕਤੰਤਰੀ ਸ਼ਾਸਨ ਪ੍ਰਣਾਲੀ ।
ਪ੍ਰਸ਼ਨ 2. ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਤੇ ਜਰਮਨੀ ਵਿੱਚ ਪ੍ਰਚੱਲਿਤ ਵਿਚਾਰ ਧਰਾਵਾਂ ਦੇ ਨਾਂ ਲਿਖੋ ਜਿਨ੍ਹਾਂ ਕਾਰਨ ਲੋਕਤੰਤਰ ਨੂੰ ਇਕ ਵੱਡਾ ਧੱਕਾ ਲੱਗਾ?
ਉੱਤਰ : ਇਟਲੀ ਵਿਚ ਫਾਂਸੀਵਾਦ ਅਤੇ ਜਰਮਨੀ ਵਿਚ ਨਾਜ਼ੀਵਾਦ
ਪ੍ਰਸ਼ਨ 3 ਅਲੈਂਡੇ ਚਿੱਲੀ ਦੇਸ਼ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ ?
ਉੱਤਰ: 1970 ਈਸਵੀ ਵਿੱਚ ।
ਪ੍ਰਸ਼ਨ 4. ਚਿੱਲੀ ਵਿਚ ਲੋਕਤੰਤਰ ਦੀ ਮੁੜ ਬਹਾਲੀ ਕਦੋਂ ਹੋਈ ?
ਉੱਤਰ : 1990 ਈਸਵੀ ਵਿੱਚ ।
ਪ੍ਰਸ਼ਨ 5.ਪੋਲੈਂਡ ਵਿੱਚ ਲੋਕਤੰਤਰੀ ਅਧਿਕਾਰਾਂ ਦੀ ਮੰਗ ਲਈ ਹੜਤਾਲ ਦੀ ਅਗਵਾਈ ਕਿਸ ਨੇ ਕੀਤੀ ?
ਉੱਤਰ: ਲੇਕ ਵਾਲੇਸ਼ਾ ਅਤੇ ਸੋਲੀਡੈਰਟੀ ਸੰਘ ਨੇ
ਪ੍ਰਸ਼ਨ 6.ਪੋਲੈਂਡ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰ ਚੋਣਾਂ ਕਦੋਂ ਹੋਈਆਂ ਤੇ ਕੌਣ ਰਾਸ਼ਟਰਪਤੀ ਚੁਣਿਆ ਗਿਆ?
ਉੱਤਰ : ਪੋਲੈਂਡ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰ ਚੋਣਾਂ 1990 ਵਿਚ ਹੋਈਆਂ ਅਤੇ ਲੋਕ ਵਾਲੇਸ਼ਾ ਰਾਸ਼ਟਰਪਤੀ ਚੁਣਿਆ ਗਿਆ।
ਪ੍ਰਸ਼ਨ 7 ਭਾਰਤ ਵਿੱਚ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਦੋਂ ਦਿੱਤਾ ਗਿਆ ?
ਉੱਤਰ :ਭਾਰਤ ਵਿੱਚ ਸਰਵ ਵਿਆਪਕ ਬਾਲਗ ਮਤ ਅਧਿਕਾਰ 1950 ਈਸਵੀ ਵਿੱਚ ਸੰਵਿਧਾਨ ਦੇ ਲਾਗੂ ਹੋਣ ਨਾਲ ਹੀ ਦਿੱਤਾ ਗਿਆ।
ਪ੍ਰਸ਼ਨ 8.ਕਿਹੜੇ ਦੋ ਵੱਡੇ ਮਹਾਂਦੀਪ ਬਸਤੀਵਾਦ ਦਾ ਸ਼ਿਕਾਰ ਰਹੇ ?
ਉੱਤਰ : ਏਸ਼ੀਆ ਅਤੇ ਅਫ਼ਰੀਕਾ ਮਹਾਂਦੀਪ ।
ਪ੍ਰਸ਼ਨ 9. ਦੱਖਣੀ ਅਫ਼ਰੀਕਾ ਮਹਾਂਦੀਪ ਦੇ ਦੇਸ਼ ਘਾਨਾ ਨੂੰ ਕਦੋਂ ਆਜ਼ਾਦੀ ਪ੍ਰਾਪਤ ਹੋਈ ?
ਉੱਤਰ: 1957 ਈਸਵੀ ਵਿੱਚ
ਪ੍ਰਸ਼ਨ 10.ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕਿਸ ਫੌਜੀ ਕਮਾਂਡਰ ਨੇ 1999 ਵਿੱਚ ਚੁਣੀ ਹੋਈ ਸਰਕਾਰ ਦੀ ਸੱਤਾ ਤੇ ਕਬਜ਼ਾ ਕਰ ਲਿਆ?
ਉੱਤਰ: ਜਨਰਲ ਪਰਵੇਜ਼ ਮੁਸ਼ੱਰਫ ਨੇ ।
ਪ੍ਰਸ਼ਨ 11.ਦੋ ਅੰਤਰ-ਰਾਸ਼ਟਰੀ ਸੰਸਥਾਵਾਂ ਦੇ ਨਾਂ ਦੱਸੋ।
ਉੱਤਰ : ਸੰਯੁਕਤ ਰਾਸ਼ਟਰ ਸੰਘ, ਅੰਤਰ-ਰਾਸ਼ਟਰੀ ਮੁਦਰਾ ਕੋਸ਼ |
ਪ੍ਰਸ਼ਨ 12.ਅੰਤਰ-ਰਾਸ਼ਟਰੀ ਮੁਦਰਾ ਕੋਸ਼ ਸੰਸਥਾ ਕੀ ਕੰਮ ਕਰਦੀ ਹੈ ?
ਉੱਤਰ : ਇਹ ਵੱਖ- ਵੱਖ ਦੇਸ਼ਾਂ ਨੂੰ ਵਿਕਾਸ ਦੇ ਲਈ ਪੈਸਾ ਕਰਜ਼ੇ ਦੇ ਰੂਪ ਵਿੱਚ ਦਿੰਦੀ ਹੈ।
ਪ੍ਰਸ਼ਨ 13.ਸੰਯੁਕਤ ਰਾਸ਼ਟਰ ਸੰਘ ਵਿੱਚ ਕਿੰਨੇ ਦੇਸ਼ ਮੈਂਬਰ ਹਨ ?
ਉੱਤਰ: 193 ਦੇਸ਼ ।
ਪ੍ਰਸ਼ਨ 14.ਦੁਨੀਆਂ ਭਰ ਵਿਚ ਪ੍ਰਚੱਲਿਤ ਸ਼ਾਸਨ ਪ੍ਰਣਾਲੀਆਂ ਦੇ ਨਾਂ ਦੱਸੋ ।
ਉੱਤਰ: ਰਾਜਤੰਤਰ, ਤਾਨਾਸ਼ਾਹੀ, ਲੋਕਤੰਤਰ, ਸੈਨਿਕ ਤਾਨਾਸ਼ਾਹੀ, ਸੱਤਾਵਾਦੀ, ਸਰਵ ਸੱਤਾਵਾਦੀ ।
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸਰਵ ਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ?
ਉੱਤਰ : ਸਾਰੇ ਨਾਗਰਿਕਾਂ ਨੂੰ ਰੰਗ, ਨਸਲ, ਜਾਤੀ, ਜਨਮ, ਧਰਮ ਤੇ ਲਿੰਗ ਦੇ ਵਿਤਕਰੇ ਤੋਂ ਬਿਨਾਂ ਇਕ ਨਿਸ਼ਚਿਤ ਉਮਰ ‘ਤੇ ਪਹੁੰਚਣ ਤੇ ਵੋਟ ਦਾ ਅਧਿਕਾਰ ਦੇ ਦਿੱਤਾ ਜਾਂਦਾ ਹੈ । ਇਸ ਨੂੰ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਹਿੰਦੇ ਹਨ । ਭਾਰਤ ਵਿੱਚ 18 ਸਾਲ ਦੀ ਉਮਰ ਪ੍ਰਾਪਤ ਕਰਨ ਤੋਂ ਬਾਅਦ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ।
ਪ੍ਰਸ਼ਨ 2.ਚੋਲ ਵੰਸ਼ ਦੇ ਰਾਜਿਆਂ ਸਮੇਂ ਸਥਾਨਕ ਪੱਧਰ ਦੇ ਲੋਕਤੰਤਰ ‘ਤੇ ਨੋਟ ਲਿਖੋ।
ਉੱਤਰ :ਚੋਲ ਰਾਜਾਂ ਦੇ ਸਮੇਂ ਸਥਾਨਕ ਪ੍ਰਬੰਧ ਚਲਾਉਣ ਲਈ ਕਮੇਟੀ ਸਿਸਟਮ ਲਾਗੂ ਕੀਤਾ ਗਿਆ, ਜਿਸ ਨੂੰ ਵਰਿਆਮ ਪ੍ਰਣਾਲੀ ਕਹਿੰਦੇ ਸਨ।ਵੱਖ -ਵੱਖ ਕੰਮਾਂ ਲਈ ਵੱਖ- ਵੱਖ ਕਮੇਟੀਆਂ ਬਣਾਈਆਂ ਗਈਆਂ। ਜਿਵੇਂ ਕਰ ਕਮੇਟੀ, ਸਫ਼ਾਈ ਦੇ ਪ੍ਰਬੰਧ ਲਈ ਕਮੇਟੀ, ਪਾਈ ਦੇ ਪ੍ਰਬੰਧ ਲਈ ਕਮੇਟੀ, ਨਿਆਂ ਦੇ ਕੰਮਾਂ ਲਈ ਕਮੇਟੀ ਆਦਿ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਉਰ ਜੋ ਕਿ ਅੱਜ ਦੇ ਪਿੰਡਾਂ ਦੀ ਤਰ੍ਹਾਂ ਹੀ ਸੀ।ਇਸ ਦਾ ਪ੍ਰਬੰਧ ਚਲਾਉਣ ਲਈ ਤੀਹ ਮੈਂਬਰਾਂ ਦੀ ਕਮੇਟੀ ਇੱਕ ਸਾਲ ਲਈ ਉਹ ਦੇ ਬਾਲਗਾਂ ਦੁਆਰਾ ਚੁਣੀ ਜਾਂਦੀ ਸੀ ।ਪ੍ਰਸ਼ਾਸਨਿਕ ਕਮੇਟੀਆਂ ਪਿੰਡਾਂ ਦਾ ਪ੍ਰਬੰਧ ਚਲਾਉਣ ਲਈ ਫ਼ੈਸਲੇ ਆਮ ਤੌਰ ਤੇ ਦਰੱਖਤਾਂ ਜਾਂ ਮੰਦਰਾਂ ਦੇ ਵਿਹੜਿਆਂ ਵਿੱਚ ਬੈਠ ਕੇ ਲੈਂਦੀਆਂ ਸਨ |
ਪ੍ਰਸ਼ਨ 3.ਵੀਟੋ ਸ਼ਕਤੀ ਤੋਂ ਕੀ ਭਾਵ ਹੈ? ਸੰਯੁਕਤ ਰਾਸ਼ਟਰ ਸੰਘ ਵਿਚ ਵੀਟੋ ਸ਼ਕਤੀ ਕਿਹੜੇ -ਕਿਹੜੇ ਦੇਸ਼ਾਂ ਕੋਲ ਹੈ ?
ਉੱਤਰ :ਵੀਟੋ ਸ਼ਕਤੀ ਦਾ ਅਰਥ ਹੈ-ਨਾਂਹ ਕਹਿਣ ਦੀ ਸ਼ਕਤੀ। ਇਸ ਦਾ ਅਰਥ ਹੈ ਕਿ ਜਿਸ ਨੂੰ ਵੀਟੋ ਸ਼ਕਤੀ ਪ੍ਰਯੋਗ ਕਰਨ ਦਾ ਅਧਿਕਾਰ ਹੋਵੇ, ਉਸ ਦੀ ਮਰਜ਼ੀ ਤੋਂ ਬਿਨਾਂ ਕੋਈ ਮਤਾ ਪਾਸ ਨਹੀਂ ਹੋ ਸਕਦਾ। ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਫਰਾਂਸ ਤੇ ਚੀਨ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਹਨ। ਇਨ੍ਹਾਂ ਪੰਜ ਮੈਂਬਰ ਦੇਸ਼ਾਂ ਕੋਲ ਵੀਟੋ ਸ਼ਕਤੀ ਹੈ।
ਪ੍ਰਸ਼ਨ 4.ਅੰਤਰ-ਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਤੇ ਖਰੀ ਨਹੀਂ ਉਤਰਦੀ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ : ਅੰਤਰ-ਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ‘ਤੇ ਖਰੀ ਨਹੀਂ ਉੱਤਰਦੀ ਕਿਉਂਕਿ ਸੁਰੱਖਿਆ ਪ੍ਰੀਸ਼ਦ ਵਿੱਚ ਸਿਰਫ਼ ਪੰਜ ਦੇਸ਼ਾਂ ਨੂੰ ਹੀ ਵੀਟੋ ਦਾ ਅਧਿਕਾਰ ਪ੍ਰਾਪਤ ਹੈ। ਅੰਤਰ-ਰਾਸ਼ਟਰੀ ਮੁਦਰਾ ਕੋਸ਼ ਸੰਸਥਾ ਦੇ 188 ਦੇਸ਼ ਮੈਂਬਰ ਹਨ।ਸਾਰੇ ਮੈਂਬਰ ਦੇਸ਼ਾਂ ਕੋਲ ਵੋਟ ਦਾ ਅਧਿਕਾਰ ਨਹੀਂ ਹੈ ।ਸੰਸਾਰ ਬੈਂਕ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਤਰ੍ਹਾਂ ਹੀ ਹੈ।ਸੰਸਾਰ ਬੈਂਕ ਦਾ ਪ੍ਰਧਾਨ ਹਮੇਸ਼ਾ ਸੰਯੁਕਤ ਰਾਜ ਅਮਰੀਕਾ ਦੇ ਨਾਗਰਿਕ ਨੂੰ ਹੀ ਬਣਾਇਆ ਜਾਂਦਾ ਹੈ।
ਪ੍ਰਸ਼ਨ 5. ਚਿੱਲੀ ਦੇ ਲੋਕਤੰਤਰ ਦੇ ਇਤਿਹਾਸ ਉੱਤੇ ਨੋਟ ਲਿਖੋ ।
ਉੱਤਰ : ਚਿੱਲੀ ਦੱਖਣੀ ਅਮਰੀਕਾ ਦਾ ਦੇਸ਼ ਹੈ, ਜਿੱਥੇ ਅਲੈਂਡੇ ਦੀ ਸਮਾਜਵਾਦੀ ਪਾਰਟੀ ਨੂੰ 1970 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਪ੍ਰਾਪਤ ਹੋਈ । ਇਸ ਤੋਂ ਬਾਅਦ ਅਲੈਂਡੇ ਨੇ ਕਾਫ਼ੀ ਸਮਾਜ ਸੁਧਾਰਕ ਕੰਮ ਕੀਤੇ, ਜਿਸ ਦਾ ਵਿਦੇਸ਼ੀ ਕੰਪਨੀਆਂ ਨੇ ਵਿਰੋਧ ਕੀਤਾ।11 ਸਤੰਬਰ 1973 ਨੂੰ ਸੈਨਿਕ ਜਨਰਲ ਪਿਨੇਸ਼ ਨੇ ਤਖ਼ਤਾ ਪਲਟ ਦਿੱਤਾ ਜਿਸ ਵਿਚ ਅਲੈਂਡੇ ਦੀ ਮੌਤ ਹੋ ਗਈ। ਸੱਤਾ ਮਿਲਟਰੀ ਕਮਾਂਡਰ ਪਿਨੌਸ਼ ਦੇ ਹੱਥ ਵਿੱਚ ਆ ਗਈ। ਪਿਨੇਸ਼ ਨੇ ਲਗਭਗ ਸਤਾਰਾਂ ਸਾਲ ਤਕ ਆਪ ਬਣੇ ਸੈਨਿਕ ਤਾਨਾਸ਼ਾਹ ਵਜੋਂ ਰਾਜ ਕੀਤਾ। ਬਾਅਦ ਵਿੱਚ ਉਸ ਨੇ ਜਨਮੱਤ ਸਰਵੇਖਣ ਕਰਵਾਇਆ ਜਿਹੜਾ ਉਸ ਦੇ ਵਿਰੋਧ ਵਿੱਚ ਗਿਆ। 1990 ਵਿੱਚ ਉੱਥੇ ਚੋਣਾਂ ਹੋਈਆਂ ਤੇ ਦੁਬਾਰਾ ਲੋਕਤੰਤਰ ਸਥਾਪਤ ਹੋਇਆ ।
ਪ੍ਰਸ਼ਨ 6. ਅਫ਼ਰੀਕਾ ਮਹਾਂਦੀਪ ਦੇ ਦੇਸ਼ ਘਾਨਾ ਨੂੰ ਆਜ਼ਾਦ ਕਰਵਾਉਣ ਵਿੱਚ ਕਿਸ ਵਿਅਕਤੀ ਨੇ ਭੂਮਿਕਾ ਨਿਭਾਈ ?ਘਾਨਾ ਦੀ ਆਜ਼ਾਦੀ ਦਾ ਅਫ਼ਰੀਕਾ ਦੇ ਹੋਰ ਦੇਸ਼ਾਂ ਉੱਤੇ ਕੀ ਪ੍ਰਭਾਵ ਪਿਆ ?
ਉੱਤਰ:ਭਾਰਤ ਦੀ ਤਰ੍ਹਾਂ ਅਫ਼ਰੀਕਾ ਮਹਾਂਦੀਪ ਦਾ ਦੇਸ਼ ਘਾਨਾ ਵੀ ਅੰਗਰੇਜ਼ਾਂ ਦੇ ਅਧੀਨ ਸੀ । ਘਾਨਾ ਅਫ਼ਰੀਕਾ ਦਾ ਪਹਿਲਾ ਦੇਸ਼ ਸੀ ਜਿਸ ਨੇ 1957 ਵਿਚ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ। ਘਾਨਾ ਨੂੰ ਆਜ਼ਾਦ ਕਰਵਾਉਣ ਵਿਚ ਕਵਾਮੇ ਨਕਰੁਮਾਹ ਨਾਂ ਦੇ ਵਿਅਕਤੀ ਨੇ ਅਹਿਮ ਭੂਮਿਕਾ ਨਿਭਾਈ। ਉਹ ਘਾਨਾ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਬਣ ਗਿਆ। ਘਾਨਾ ਦੀ ਆਜ਼ਾਦੀ ਦਾ ਅਫ਼ਰੀਕਾ ਦੇ ਹੋਰ ਦੇਸ਼ਾਂ ਤੇ ਕਾਫ਼ੀ ਪ੍ਰਭਾਵ ਪਿਆ ਅਤੇ ਉਹ ਵੀ ਆਜ਼ਾਦੀ ਪ੍ਰਾਪਤੀ ਲਈ ਪ੍ਰੇਰਿਤ ਹੋਏ। 4 ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1. ਅੰਤਰਰਾਸ਼ਟਰੀ ਮੁਦਰਾ ਕੋਸ਼ ‘ਤੇ ਨੋਟ ਲਿਖੋ ?
ਉੱਤਰ : ਅੰਤਰਰਾਸ਼ਟਰੀ ਮੁਦਰਾ ਕੋਸ਼ ਦੁਨੀਆਂ ਦੇ ਦੇਸ਼ਾਂ ਨੂੰ ਕਰਜ਼ਾ ਦਿੰਦੀ ਹੈ। ਇਸ ਸੰਸਥਾ ਦੇ 188 ਦੇਸ਼ ਮੈਂਬਰ ਹਨ ਅਤੇ ਹਰੇਕ ਦੇਸ਼ ਦੇ ਕੋਲ ਵੋਟ ਦੇਣ ਦਾ ਅਧਿਕਾਰ ਹੈ। ਹਰੇਕ ਦੇਸ਼ ਦੀ ਵੋਟ ਦੇਣ ਦੀ ਸ਼ਕਤੀ ਉਸ ਦੇਸ਼ ਵੱਲੋਂ ਸੰਸਥਾ ਨੂੰ ਦਿੱਤੀ ਗਈ ਰਾਸ਼ੀ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ। I.M.F. ਵਿੱਚ 52% ਵੋਟ ਸ਼ਕਤੀ ਸਿਰਫ਼ 10 ਦੇਸ਼ਾਂ – ਅਮਰੀਕਾ, ਜਾਪਾਨ, ਜਰਮਨੀ, ਫਰਾਂਸ, ਇੰਗਲੈਂਡ, ਚੀਨ, ਇਟਲੀ, ਸਾਊਦੀ ਅਰਬ, ਕੈਨੇਡਾ ਅਤੇ ਰੂਸ ਕੋਲ ਹੈ। ਇਸ ਤਰ੍ਹਾਂ 178 ਦੇਸ਼ਾਂ ਦੇ ਕੋਲ ਸੰਸਥਾ ਵਿਚ ਫ਼ੈਸਲੇ ਲੈਣ ਦਾ ਅਧਿਕਾਰ ਕਾਫ਼ੀ ਘੱਟ ਹੁੰਦਾ ਹੈ ।
ਪ੍ਰਸ਼ਨ 2. ਸੰਯੁਕਤ ਰਾਸ਼ਟਰ ਸੰਘ ‘ਤੇ ਨੋਟ ਲਿਖੋ |
ਉੱਤਰ: ਸੰਯੁਕਤ ਰਾਸ਼ਟਰ ਸੰਘ (UNO) ਨਾਮੀ ਅੰਤਰਰਾਸ਼ਟਰੀ ਸੰਸਥਾ ਦਾ ਜਨਮ 24 ਅਕਤੂਬਰ 1945 ਨੂੰ ਹੋਇਆ । ਜਿਸ ਦੇ ਮੁੱਢਲੇ 51 ਮੈਂਬਰ ਸਨ ਅਤੇ ਭਾਰਤ ਵੀ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਹੈ। ਸੰਯੁਕਤ ਰਾਸ਼ਟਰ ਸੰਘ ਦਾ ਕੰਮ ਵਿਸ਼ਵ ਸ਼ਾਂਤੀ ਸਥਾਪਤ ਕਰਨਾ ਅਤੇ ਲੜਾਈਆਂ ਨੂੰ ਰੋਕਣਾ ਹੈ।ਇਸ ਸਮੇਂ ਇਸ ਦੇ 193ਮੈਂਬਰ ਹਨ। ਇਸ ਦੀ ਇਕ ਪਾਰਲੀਮੈਂਟ ਹੈ ।ਜਿਸ ਵਿਚ ਹਰ ਦੇਸ਼ ਨੂੰ ਇਕ ਵੋਟ, ਇਹ ਬਰਾਬਰ ਮੱਤ ਦਾ ਅਧਿਕਾਰ ਮਿਲਿਆ ਹੋਇਆ ਹੈ। ਇਸ ਪਾਰਲੀਮੈਂਟ ਨੂੰ ਮਹਾਂਸਭਾ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਸਾਰੇ ਦੇਸ਼ਾਂ ਦੇ ਮੈਂਬਰ ਦੁਨੀਆਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਵਿਚ ਭਾਗ ਲੈਂਦੇ ਹਨ। ਮਹਾਂ ਸਭਾ ਦਾ ਇੱਕ ਪ੍ਰਧਾਨ ਹੁੰਦਾ ਹੈ ।ਸੰਯੁਕਤ ਰਾਸ਼ਟਰ ਦਾ ਇੱਕ ਦਫ਼ਤਰ ਹੁੰਦਾ ਹੈ ਜਿਸ ਨੂੰ ਸਕੱਤਰੇਤ ਕਹਿੰਦੇ ਹਨ। ਸਕੱਤਰੇਤ ਦੇ ਮੁਖੀ ਨੂੰ ਮਹਾਂ ਸਕੱਤਰ ਕਿਹਾ ਜਾਂਦਾ ਹੈ। ਮੀਟਿੰਗਾਂ ਦੀ ਕਾਰਵਾਈ ਸਕੱਤਰ ਜਨਰਲ ਦੀ ਦੇਖ ਰੇਖ ਵਿੱਚ ਹੁੰਦੀ ਹੈ। ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਫ਼ੈਸਲੇ ਮੈਂਬਰਾਂ ਦੀ ਸਲਾਹ ਨਾਲ ਲਏ ਜਾਂਦੇ ਹਨ ।ਸੰਯੁਕਤ ਰਾਸ਼ਟਰ ਦੇ ਹੋਰ ਅੰਗ ਹਨ- ਮਹਾਂਸਭਾ, ਸੁਰੱਖਿਆ ਪ੍ਰੀਸ਼ਦ, ਆਰਥਿਕ ਅਤੇ ਸਮਾਜਿਕ ਕੌਂਸਲ, ਟਰੱਸਟੀਸ਼ਿਪ ਕੌਂਸਲ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਤ।
ਪ੍ਰਸ਼ਨ 3.ਯੂਨਾਨ ਅਤੇ ਰੋਮ ਦੇ ਪ੍ਰਾਚੀਨ ਕਾਲ ਵਿਚ ਲੋਕਤੰਤਰ ਦੇ ਵਿਕਾਸ ਦਾ ਸੰਖੇਪ ਵਰਣਨ ਕਰੋ।
ਉੱਤਰ : ਵਿਸ਼ਵ ਵਿੱਚ ਲੋਕਤੰਤਰ ਦਾ ਆਰੰਭ ਯੂਨਾਨ ਤੇ ਰੋਮਨ ਗਣਰਾਜਾਂ ਤੋਂ ਹੋਇਆ ਹੈ। ਪ੍ਰਾਚੀਨ ਯੂਨਾਨ ਦੇ ਨਗਰ ਰਾਜਾਂ ਵਿੱਚ ਸਿੱਧਾ ਜਾਂ ਪ੍ਰਤੱਖ ਲੋਕਤੰਤਰ ਪ੍ਰਚੱਲਿਤ ਸੀ। ਇਨ੍ਹਾਂ ਰਾਜਾਂ ਦੀ ਆਬਾਦੀ ਬਹੁਤ ਘੱਟ ਹੁੰਦੀ ਸੀ। ਰਾਜ ਦੇ ਨਾਗਰਿਕ ਸਿੱਧੇ ਤੌਰ ਤੇ ਪ੍ਰਸ਼ਾਸਨਿਕ ਫ਼ੈਸਲੇ ਲੈਂਦੇ ਸਨ। ਆਪਣੇ ਰਾਜ ਦੀਆਂ ਸਮਾਜਿਕ, ਆਰਥਿਕ ਤੇ ਰਾਜਨੀਤਕ ਸਮੱਸਿਆਵਾਂ ਹੱਲ ਕਰਨ ਲਈ ਹਰੇਕ ਨਾਗਰਿਕ ਕਾਨੂੰਨ ਬਣਾਉਣ, ਸਰਵਜਨਕ ਨੀਤੀਆਂ ਦਾ ਨਿਰਣਾ ਕਰਨ, ਰਾਜ ਦਾ ਵਾਰਸ਼ਿਕ ਬਜਟ ਪਾਸ ਕਰਨ ਵਿੱਚ ਸਿੱਧੇ ਤੌਰ ‘ਤੇ ਭਾਗ ਲੈਂਦਾ ਸੀ।ਪਰ ਇਹ ਲੋਕਤੰਤਰ ਸੀਮਿਤ ਲੋਕਤੰਤਰ ਸੀ ਕਿਉਂਕਿ ਇਨ੍ਹਾਂ ਨਗਰ ਰਾਜਾਂ ਵਿੱਚ ਸਮਾਜ ਦਾ ਇੱਕ ਬਹੁਤ ਵੱਡਾ ਭਾਗ ਗੁਲਾਮਾਂ ਦਾ ਸੀ ।ਜਿਨ੍ਹਾਂ ਨੂੰ ਪ੍ਰਸ਼ਾਸਨ ਦੇ ਕੰਮਾਂ ਵਿੱਚ ਭਾਗ ਨਹੀਂ ਲੈਣ ਦਿੱਤਾ ਜਾਂਦਾ ਸੀ । ਰੋਮਨ ਰਾਜਾਂ ਵਿਚ ਭਾਵੇਂ ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ ਪਰ ਰਾਜਾ ਪ੍ਰਸ਼ਾਸਨ ਆਪਣੀ ਇੱਛਾ ਅਨੁਸਾਰ ਚਲਾਉਂਦਾ ਸੀ । ਸਿਧਾਂਤਕ ਤੌਰ ਤੇ ਰਾਜੇ ਲੋਕਾਂ ਦੀ ਪ੍ਰਤਿਨਿਧਤਾ ਕਰਦੇ ਸਨ ਪਰ ਅਸਲੀ ਰੂਪ ਵਿੱਚ ਰਾਜਾ ਆਪਣੀ ਇੱਛਾ ਅਨੁਸਾਰ ਹੀ ਪ੍ਰਸ਼ਾਸਨ ਚਲਾਉਂਦਾ ਸੀ ।
ਪ੍ਰਸ਼ਨ :4.ਅੱਜ ਦੇ ਯੁੱਗ ਵਿੱਚ ਬਹੁਕੌਮੀ ਕੰਪਨੀਆਂ ਲੋਕਤੰਤਰ ਦੇ ਵਿਕਾਸ ਲਈ ਖ਼ਤਰਾ ਹਨ ?ਇਸ ਕਥਨ ਦੀ ਵਿਆਖਿਆ ਕਰੋ।
ਉੱਤਰ :ਅੱਜ ਕੱਲ੍ਹ ਵਿਕਾਸਸ਼ੀਲ ਤੇ ਪਿਛੜੇ ਹੋਏ ਦੇਸ਼ਾਂ ਨੇ ਵੀ ਖੁੱਲ੍ਹੇ ਮੁਕਾਬਲੇ ਤੇ ਵਿਸ਼ਵੀਕਰਨ ਦੀ ਨੀਤੀ ਨੂੰ ਅਪਣਾ ਲਿਆ ਹੈ । ਇਸ ਨੀਤੀ ਅਧੀਨ ਬਹੁਕੌਮੀ ਕੰਪਨੀਆਂ ਇਨ੍ਹਾਂ ਦੇਸ਼ਾਂ ਵਿਚ ਆਪਣਾ ਕਾਰੋਬਾਰ ਕਰ ਰਹੀਆਂ ਹਨ । ਇਨ੍ਹਾਂ ਕੰਪਨੀਆਂ ਦਾ ਇੱਕੋ ਇੱਕ ਉਦੇਸ਼ ਵੱਧ ਤੋਂ ਵੱਧ ਲਾਭ ਕਮਾਉਣਾ ਹੈ । ਲਾਭ ਕਮਾਉਣ ਦੀ ਪ੍ਰਵਿਰਤੀ ਨਾਲ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਦਿਨ ਪ੍ਰਤੀ ਦਿਨ ਮਹਿੰਗੀਆਂ ਹੋ ਰਹੀਆਂ ਹਨ। ਆਮ ਆਦਮੀ ਦਾ ਕਿਸੇ ਨਾ ਕਿਸੇ ਰੂਪ ਵਿੱਚ ਇਨ੍ਹਾਂ ਕੰਪਨੀਆਂ ਦੁਆਰਾ ਸ਼ੋਸ਼ਣ ਕੀਤਾ ਜਾਂਦਾ ਹੈ। ਇਨ੍ਹਾਂ ਕੰਪਨੀਆਂ ਨੇ ਗ਼ਰੀਬ ਤੇ ਅਮੀਰ ਦੇ ਅੰਤਰ ਨੂੰ ਵਧਾ ਦਿੱਤਾ ਹੈ। ਇਹ ਬਹੁਕੌਮੀ ਕੰਪਨੀਆਂ ਲੋਕਤੰਤਰ ਲਈ ਖ਼ਤਰਾ ਹਨ ।
ਤਿਆਰ ਕਰਤਾ: ਸਰਬਜੀਤ ਕੌਰ (ਸ.ਸ. ਮਿਸਟ੍ਰੈਸ) ਸ.ਸ.ਸ. ਸਕੂਲ ਰੰਘੜਿਆਲ, ਮਾਨਸਾ
ਪੜਚੋਲ ਕਰਤਾ: ਰਣਜੀਤ ਕੌਰ(ਸ.ਸ.ਮਿਸਟ੍ਰੈਸ) ਸ.ਸ.ਸ.ਸਮਾਰਟ ਸਕੂਲ ਤਿੱਬੜ, ਗੁਰਦਾਸਪੁਰ।