ਪਾਠ 3 ਸਿੱਖ ਧਰਮ ਦਾ ਵਿਕਾਸ (1539 ਈ.-1581 ਈ.)
ੳ) ਬਹੁ ਵਿਕਲਪੀ ਪ੍ਰਸ਼ਨ
ਪ੍ਰਸ਼ਨ 1. ਕਿਹੜੇ ਗੁਰੂ ਜੀ ਨੇ ਗੋਇੰਦਵਾਲ ਵਿੱਚ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ?
ੳ) ਸ੍ਰੀ ਗੁਰੂ ਅੰਗਦ ਦੇਵ ਜੀ
ਅ) ਸ੍ਰੀ ਗੁਰੂ ਅਮਰਦਾਸ ਜੀ
ੲ) ਸ੍ਰੀ ਗੁਰੂ ਰਾਮਦਾਸ ਜੀ
ਸ) ਸ੍ਰੀ ਗੁਰੂ ਨਾਨਕ ਦੇਵ ਜੀ
ਉੱਤਰ:ਸ੍ਰੀ ਗੁਰੂ ਅੰਗਦ ਦੇਵ ਜੀ।
2) ਮੰਜੀਦਾਰਾਂ ਦੀ ਕੁੱਲ ਸੰਖਿਆ ਕਿੰਨੀ ਸੀ?
ੳ) 20
ਅ) 21
ੲ) 22
ਸ) 23
ਉੱਤਰ : 22
3) ਮੁਗ਼ਲ ਬਾਦਸ਼ਾਹ ਅਕਬਰ ਕਿਹੜੇ ਗੁਰੂ ਜੀ ਨੂੰ ਮਿਲਣ ਗੋਇੰਦਵਾਲ ਵਿਖੇ ਆਏ?
ੳ) ਸ੍ਰੀ ਗੁਰੂ ਨਾਨਕ ਦੇਵ ਜੀ
ਅ) ਸ੍ਰੀ ਗੁਰੂ ਅੰਗਦ ਦੇਵ ਜੀ
ੲ) ਸ੍ਰੀ ਗੁਰੂ ਅਮਰਦਾਸ ਜੀ
ਸ) ਸ੍ਰੀ ਗੁਰੂ ਰਾਮਦਾਸ ਜੀ
ਉੱਤਰ: ਸ੍ਰੀ ਗੁਰੂ ਅਮਰਦਾਸ ਜੀ।
4) ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਿੱਥੇ ਗਏ?
ੳ) ਸ੍ਰੀ ਅੰਮ੍ਰਿਤਸਰ ਸਾਹਿਬ
ਅ) ਕਰਤਾਰਪੁਰ
ੲ) ਗੋਇੰਦਵਾਲ
ਸ) ਲਾਹੌਰ
ਉੱਤਰ :ਕਰਤਾਰਪੁਰ।
5) ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਕਿਹੜੇ ਪੁੱਤਰ ਨੂੰ ਗੁਰਗੱਦੀ ਦਿੱਤੀ
ੳ) ਪਿਰਥੀ ਚੰਦ
ਅ) ਮਹਾਂ ਦੇਵ
ੲ) ਅਰਜਨ ਦੇਵ ਜੀ
ਸ) ਕਿਸੇ ਨੂੰ ਨਹੀਂ
ਉੱਤਰ: ਅਰਜਨ ਦੇਵ ਜੀ।
ਅ) ਖਾਲੀ ਥਾਵਾਂ ਭਰੋ
1. ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿਚ ਬਾਲ ਬੋਧ ਲਿਖਿਆ।
2. ਸ੍ਰੀ ਗੁਰੂ ਅਮਰਦਾਸ ਜੀ ਹਰ ਸਾਲ ਹਰਿਦੁਆਰ ਵਿੱਚ ਗੰਗਾ ਇਸ਼ਨਾਨ ਕਰਨ ਲਈ ਜਾਂਦੇ ਸਨ।
3. ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿੱਚ ਬਾਉਲੀ ਦਾ ਨਿਰਮਾਣ ਪੂਰਾ ਕਰਵਾਇਆ।
4. ਸ੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਨਗਰ ਦੀ ਸਥਾਪਨਾ ਕੀਤੀ।
5. ‘ਲਾਵਾਂ’ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਦੀ ਪ੍ਰਸਿੱਧ ਰਚਨਾ ਹੈ।
ੲ) ਸਹੀ ਮਿਲਾਨ ਕਰੋ:
ਉੱਤਰ: 1. ਬਾਬਾ ਬੁੱਢਾ ਜੀ ਅੰਮ੍ਰਿਤ ਸਰੋਵਰ
2. ਮਸੰਦ ਪ੍ਰਥਾ ਸ੍ਰੀ ਗੁਰੂ ਰਾਮਦਾਸ ਜੀ
3. ਭਾਈ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਜੀ
4. ਮੰਜੀ ਪ੍ਰਥਾ ਸ੍ਰੀ ਗੁਰੂ ਅਮਰਦਾਸ ਜੀ
ਅੰਤਰ ਦੱਸੋ :
1.ਸੰਗਤ ਅਤੇ ਪੰਗਤ
ਉੱਤਰ- ਸੰਗਤ- ਸੰਗਤ ਦਾ ਅਰਥ ਹੈ ਇੱਕ ਧਾਰਮਿਕ ਇਕੱਠ ਜਿਸ ਵਿੱਚ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਹਿੱਸਾ ਲੈ ਸਕਦੇ ਹਨ।ਇਸ ਪ੍ਰਥਾ ਨੂੰ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਅਤੇ ਗੁਰੂ ਅੰਗਦ ਦੇਵ ਜੀ ਨੇ ਹੋਰ ਵਿਕਸਤ ਕੀਤਾ ।
ਪੰਗਤ- ਪੰਗਤ ਤੋਂ ਭਾਵ ਹੈ ਗੁਰੂ ਘਰ ਵਿੱਚ ਬਣੇ ਲੰਗਰ ਨੂੰ ਇਸਤਰੀ ਪੁਰਖ ਬੱਚੇ ਗ਼ਰੀਬ ਬੇਸਹਾਰਾ ਲੋਕ ਬਿਨਾਂ ਕਿਸੇ ਭੇਦ ਭਾਵ ਦੇ ਇੱਕੋ ਕਤਾਰ ਵਿਚ ਬੈਠ ਕੇ ਛਕਦੇ ਹਨ ।ਬਾਦਸ਼ਾਹ ਅਕਬਰ ਨੇ ਵੀ ਸ੍ਰੀ ਗੁਰੂ ਅਮਰ ਦਾਸ ਜੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਸੰਗਤ ਨਾਲ ਵਿਚ ਬੈਠ ਕੇ ਲੰਗਰ ਛਕਿਆ ਸੀ।
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾਂ ਨਾਂ ਕੀ ਸੀ?
ਉਤਰ: ਭਾਈ ਲਹਿਣਾ ਜੀ।
ਪ੍ਰਸ਼ਨ 2. ‘ਗੁਰਮੁਖੀ’ ਲਿਪੀ ਤੋਂ ਕੀ ਭਾਵ ਹੈ?
ਉਤਰ: ‘ਗੁਰਮੁਖੀ ਲਿਪੀ ਦਾ ਅਰਥ ਹੈ ਗੁਰੂਆਂ ਦੇ ਮੁੱਖ ਤੋਂ ਨਿਕਲਣ ਵਾਲੀ। ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿੱਚ ਹਨ।
ਪ੍ਰਸ਼ਨ 3. ਮੰਜੀਦਾਰ ਕਿਸਨੂੰ ਕਿਹਾ ਜਾਂਦਾ ਸੀ?
ਉੱਤਰ : ਮੰਜੀਆਂ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ ਜੋ ਮੰਜੀ ‘ਤੇ ਬੈਠ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ। ਇਹ ਗੁਰੂ ਸਾਹਿਬ ਤੇ ਸੰਗਤ ਦੇ ਵਿਚਕਾਰ ਕੜੀ ਦਾ ਕੰਮ ਕਰਦੇ ਸਨ।
ਪ੍ਰਸ਼ਨ 4. ਅੰਮ੍ਰਿਤਸਰ ਦਾ ਪੁਰਾਣਾ ਨਾਂ ਕੀ ਸੀ?
ਉੱਤਰ: ਰਾਮਦਾਸਪੁਰ।
ਪ੍ਰਸ਼ਨ 5. ਸ੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ?
ਉੱਤਰ: ਭਾਈ ਜੇਠਾ ਜੀ।
ਪ੍ਰਸ਼ਨ 6. ਮਸੰਦ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ: ਮਸੰਦ ਪ੍ਰਥਾ ਦਾ ਆਰੰਭ ਗੁਰੂ ਰਾਮਦਾਸ ਜੀ ਨੇ ਕੀਤਾ। ਗੁਰੂ ਰਾਮਦਾਸ ਜੀ ਦੁਆਰਾ ਆਪਣੇ ਕੁੱਝ ਪ੍ਰਤੀਨਿਧੀਆਂ ਨੂੰ ਸੰਗਤਾਂ ਤੋਂ ਭੇਟਾ ਇਕੱਠੀ ਕਰਨ ਲਈ ਭੇਜਿਆ ਜਾਂਦਾ ਸੀ,ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ। ਇਨ੍ਹਾਂ ਦਾ ਮੁੱਖ ਕੰਮ ਸੰਗਤ ਦੇ ਸਮੂਹਿਕ ਮਸਲਿਆਂ ਦਾ ਹੱਲ ਕਰਨਾ ਤੇ ਉਨ੍ਹਾਂ ਨੂੰ ਗੁਰੂ ਘਰ ਨਾਲ ਜੋੜਨਾ ਸੀ।
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1. ਮੰਜੀ ਪ੍ਰਥਾ ‘ਤੇ ਨੋਟ ਲਿਖੋ।
ਉੱਤਰ-ਸਿੱਖ ਧਰਮ ਦੇ ਪ੍ਰਚਾਰ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ। ਗੁਰੂ ਜੀ ਨੇ 22 ਮੰਜੀਆਂ ਦੀ ਸਥਾਪਨਾ ਕੀਤੀ। ਹਰ ਮੰਜੀ ਦੇ ਮੁੱਖੀ ਨੂੰ ਮੰਜੀਦਾਰ ਕਿਹਾ ਜਾਂਦਾ ਸੀ। ਇਹ ਗੁਰੂ ਸਾਹਿਬ ਅਤੇ ਸੰਗਤ ਦੇ ਵਿਚਕਾਰ ਕੜੀ ਦਾ ਕੰਮ ਕਰਦੇ ਸਨ । ਸੰਗਤ ਆਪਣੀਆਂ ਭੇਟਾਵਾਂ ਇਨ੍ਹਾਂ ਰਾਹੀਂ ਹੀ ਗੁਰੂ ਸਾਹਿਬ ਤੱਕ ਪਹੁੰਚਾਉਂਦੀ ਸੀ। ਮੰਜੀ ਪ੍ਰਥਾ ਦੀ ਸਥਾਪਨਾ ਨਾਲ ਦੂਰ ਦੁਰਾਡੇ ਦੀ ਸੰਗਤ ਵੀ ਗੁਰੂ ਘਰ ਨਾਲ ਜੁੜੀ ਹੋਈ ਸੀ।
ਪ੍ਰਸ਼ਨ-2. ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ ?
ਉੱਤਰ- 1. ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ‘ਗੁਰਮੁਖੀ ਲਿਪੀ’ ਦਾ ਨਾਂ ਦਿੱਤਾ।
2. ਗੁਰੂ ਜੀ ਨੇ ਗੁਰਮੁਖੀ ਲਿਪੀ ਵਿਚ ਬਾਲ ਬੋਧ ਵੀ ਲਿਖਿਆ।
3. ਗੁਰੂ ਜੀ ਨੇ ਆਪਣੀ ਬਾਣੀ ਦੀ ਰਚਨਾ ਵੀ ਇਸੇ ਲਿਪੀ ਵਿਚ ਹੀ ਕੀਤੀ।
4. ਗੁਰੂ ਜੀ ਨੇ ਇਸ ਲਿਪੀ ਨੂੰ ਮਿਆਰੀ ਰੂਪ ਪ੍ਰਦਾਨ ਕੀਤਾ ।ਜਿਸ ਕਰਕੇ ਇਹ ਲਿਪੀ ਆਮ ਲੋਕਾਂ ਵਿੱਚ ਹਰਮਨ ਪਿਆਰੀ ਹੋ ਗਈ ।
ਪ੍ਰਸ਼ਨ-3. ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਸਮਾਜ ਸੁਧਾਰਕ ਕੰਮਾਂ ‘ਤੇ ਨੋਟ ਲਿਖੋ।
ਉੱਤਰ- 1. ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤੀ- ਭੇਦ ਅਤੇ ਛੂਤ-ਛਾਤ ਦੀ ਨਿੰਦਿਆ ਕੀਤੀ।
2. ਗੁਰੂ ਜੀ ਨੇ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਸਤੀ ਪ੍ਰਥਾ ਦਾ ਵਿਰੋਧ ਕੀਤਾ।
3. ਗੁਰੂ ਜੀ ਨੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਤੇ ਇਸਤਰੀਆਂ ਨੂੰ ਪਰਦਾ ਨਾ ਕਰਨ ਦਾ ਆਦੇਸ਼ ਦਿੱਤਾ ।
4. ਗੁਰੂ ਜੀ ਨੇ ਸਿੱਖਾਂ ਨੂੰ ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ।
5. ਗੁਰੂ ਜੀ ਨੇ ਜਲ ਦੀ ਪੂਰਤੀ ਲਈ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕੀਤਾ।
ਪ੍ਰਸ਼ਨ-4. ਅੰਮ੍ਰਿਤਸਰ ਦੀ ਸਥਾਪਨਾ ‘ਤੇ ਨੋਟ ਲਿਖੋ।
ਉੱਤਰ- ਅੰਮ੍ਰਿਤਸਰ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ। ਉਨ੍ਹਾਂ ਨੇ 1577 ਈਸਵੀ ਵਿੱਚ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਨੇ ਸਿੱਖਾਂ ਨੂੰ ਉੱਥੇ ਜਾ ਕੇ ਵਸਣ ਦਾ ਆਦੇਸ਼ ਦਿੱਤਾ। ਗੁਰੂ ਜੀ ਦੇ ਆਦੇਸ਼ ਅਨੁਸਾਰ ਇੱਥੇ 52 ਵਪਾਰੀ ਆ ਕੇ ਵੱਸ ਗਏ ਜਿਨ੍ਹਾਂ ਨੇ ਇੱਥੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ। ਹੌਲੀ- ਹੌਲੀ ਇੱਥੇ ਇੱਕ ਬਜ਼ਾਰ ਬਣ ਗਿਆ, ਜਿਸ ਨੂੰ ਗੁਰੂ ਕਾ ਬਾਜ਼ਾਰ ਕਿਹਾ ਜਾਣ ਲੱਗਾ। ਇਸ ਨੂੰ ਰਾਮਦਾਸ ਪੁਰਾ, ਚੱਕ ਗੁਰੂ, ਚੱਕ ਗੁਰੂ ਰਾਮਦਾਸ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ। ਬਾਅਦ ਵਿੱਚ ਇਸ ਦਾ ਨਾਂ ਅੰਮ੍ਰਿਤ ਸਰੋਵਰ ਤੋਂ ਅੰਮ੍ਰਿਤਸਰ ਪੈ ਗਿਆ।
3. ਵੱਡੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1. ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ। ਵਰਣਨ ਕਰੋ।
ਉੱਤਰ- 1. ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਗੁਰਮੁਖੀ ਦਾ ਨਾਂ ਦਿੱਤਾ।
2. ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਸੌਂਪੀ ਗੁਰਬਾਣੀ ਦੀ ਪੋਥੀ ਦੀ ਸੰਭਾਲ ਕੀਤੀ ਅਤੇ ਆਪ ਵੀ ਨਾਨਕ ਨਾਂ ਹੇਠ ਬਾਈ ਦੀ ਰਚਨਾ ਕੀਤੀ |
3. ਉਨ੍ਹਾਂ ਨੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ। ਜਿਸ ਨਾਲ ਸਮਾਜ ਵਿਚ ਭਾਈਚਾਰਾ, ਆਪਸੀ ਸਹਿਯੋਗ ਅਤੇ ਵੰਡ ਕੇ ਛਕਣ ਦੀ ਭਾਵਨਾ ਦਾ ਵਿਕਾਸ ਹੋਇਆ।
4. ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਸੰਗਤ ਪ੍ਰਥਾ ਨੂੰ ਹੋਰ ਵਿਕਸਤ ਕੀਤਾ। ਇਸ ਨੇ ਸਿੱਖਾਂ ਨੂੰ ਸੰਗਠਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
5. ਗੁਰੂ ਜੀ ਨੇ ਸੰਗਤਾਂ ਨੂੰ ਕਸਰਤ ਅਤੇ ਕੁਸ਼ਤੀ ਦੀ ਸਿਖਲਾਈ ਦੇਣ ਲਈ ਇੱਕ ਅਖਾੜਾ ਤਿਆਰ ਕਰਵਾਇਆ। ਜਿਸ ਨੂੰ ‘ਮੱਲ ਅਖਾੜਾ’ ਕਿਹਾ ਜਾਂਦਾ ਸੀ।
6. ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਨਗਰ ਦੀ ਸਥਾਪਨਾ ਕੀਤੀ।
7. ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਹ ਉਨ੍ਹਾਂ ਦਾ ਬਹੁਤ ਹੀ ਮਹੱਤਵਪੂਰਨ ਕਦਮ ਸੀ।
ਪ੍ਰਸ਼ਨ-2, ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਦਾ ਵਰਣਨ ਕਰੋ ।
ਉੱਤਰ- ਸ੍ਰੀ ਗੁਰੂ ਅਮਰਦਾਸ ਜੀ ਨੇ 1552 ਈਸਵੀ ਤੋਂ 1576ਈਸਵੀ ਤੱਕ 22 ਸਾਲ ਸਿੱਖ ਧਰਮ ਦੀ ਅਗਵਾਈ ਕੀਤੀ। ਇਸ ਸਮੇਂ ਵਿਚ ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਕਈ ਸ਼ਲਾਘਾਯੋਗ ਕਾਰਜ ਕੀਤੇ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ –
1. ਗੋਇੰਦਵਾਲ ਵਿੱਚ ਬਾਉਲੀ ਦਾ ਨਿਰਮਾਣ- ਗੋਇੰਦਵਾਲ ਨਗਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਹੇਠ ਕਰਵਾਈ ਸੀ। ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ 1552 ਈ. ਵਿੱਚ ਇੱਥੇ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ ਤੇ 1559 ਈ.ਵਿੱਚ ਪੂਰਾ ਕਰਵਾਇਆ। ਇਸ ਬਾਉਲੀ ਦੀਆਂ 84 ਪੌੜੀਆਂ ਹਨ। ਬਾਉਲੀ ਦੇ ਨਿਰਮਾਣ ਨੇ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ।
2.ਲੰਗਰ ਪ੍ਰਥਾ ਦਾ ਵਿਸਥਾਰ- ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਲੰਗਰ ਪ੍ਰਥਾ ਦਾ ਵਿਸਥਾਰ ਗੁਰੂ ਅਮਰਦਾਸ ਜੀ ਨੇ ਕੀਤਾ। ਉਨ੍ਹਾਂ ਨੇ ਸੰਗਤਾਂ ਨੂੰ ਲੰਗਰ ਲਈ ਆਪਣੇ ਹੱਕ ਦੀ ਕਮਾਈ ਵਿੱਚੋਂ ਦਾਨ ਦੇਣ ਲਈ ਵੀ ਪ੍ਰੇਰਿਤ ਕੀਤਾ। ਇਸ ਪ੍ਰਥਾ ਨਾਲ ਸੰਗਤ ਵਿਚ ਜਾਤੀ ਭੇਦ-ਭਾਵ ਸਮਾਪਤ ਹੋਇਆ ਅਤੇ ਉਨ੍ਹਾਂ ਵਿੱਚ ਏਕਤਾ ਦੀ ਭਾਵਨਾ ਦਾ ਵਿਕਾਸ ਹੋਇਆ।
3.ਬਾਈ ਦੀ ਰਚਨਾ- ਸ੍ਰੀ ਗੁਰੂ ਅਮਰਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ਼ਬਦਾਂ ਦੀ ਪੋਥੀ ਪ੍ਰਾਪਤ ਹੋਈ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪ 17 ਰਾਗਾਂ ਵਿਚ 907 ਸ਼ਬਦਾਂ ਦੀ ਰਚਨਾ ਕਰ ਕੇ ਇਸ ਪੋਥੀ ਵਿੱਚ ਸ਼ਾਮਿਲ ਕੀਤੇ |
4. ਮੰਜੀ ਪ੍ਰਥਾ ਦੀ ਸਥਾਪਨਾ- ਸਿੱਖ ਧਰਮ ਦੇ ਪ੍ਰਚਾਰ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 22 ਮੰਜੀਆਂ ਦੀ ਸਥਾਪਨਾ ਕੀਤੀ। ਮੰਜੀਆਂ ਦੇ ਮੁਖੀ ਨੂੰ ਮੰਜੀਦਾਰ ਕਿਹਾ ਜਾਂਦਾ ਸੀ। ਇਹ ਮੰਜੀਦਾਰ ਸੰਗਤਾਂ ਤੋਂ ਭੇਟਾਵਾਂ ਇਕੱਠੀਆਂ ਕਰਕੇ ਗੁਰੂ ਘਰ ਤੱਕ ਪਹੁੰਚਾਉਂਦੇ ਸਨ ਅਤੇ ਗੁਰੂ ਸਾਹਿਬ ਤੇ ਸੰਗਤ ਦੇ ਵਿਚਕਾਰ ਕੜੀ ਦਾ ਕੰਮ ਕਰਦੇ ਸਨ।
ਪ੍ਰਸ਼ਨ-3. ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਕਿਹੜੇ ਮਹੱਤਵਪੂਰਨ ਕਾਰਜ ਕੀਤੇ। ਵਰਣਨ ਕਰੋ ।
ਉੱਤਰ- 1. ਰਾਮਦਾਸਪੁਰ ਜਾਂ ਅੰਮ੍ਰਿਤਸਰ ਨਗਰ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਦੀ ਸਿੱਖ ਧਰਮ ਨੂੰ ਸਭ ਤੋਂ ਵੱਡੀ ਦੇਣ ਹੈ।
2. ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ ਸਥਾਨਕ ਸਿੱਖ ਸੰਗਤ ਦੇ ਲਈ ਇਹ ਗੁਰੂ ਘਰ ਦੇ ਪ੍ਰਤੀਨਿਧ ਸਨ। ਇਨ੍ਹਾਂ ਦਾ ਮੁੱਖ ਕੰਮ ਸੰਗਤ ਦੇ ਮਸਲਿਆਂ ਦਾ ਹੱਲ ਕਰਨਾ ਅਤੇ ਉਨ੍ਹਾਂ ਨੂੰ ਗੁਰੂ ਘਰ ਨਾਲ ਜੋੜਨਾ ਸੀ।
3. ਗੁਰੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਪਾਈ ਦੀ ਪੋਥੀ ਤੋਂ 30 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ। 4. ਉਨ੍ਹਾਂ ਨੇ ਅੱਠ ਵਾਰਾਂ ਅਤੇ ਘੋੜੀਆਂ ਦੇ ਨਾਲ-ਨਾਲ ਸੂਹੀ ਰਾਗਾਂ ਵਿਚ ‘ਲਾਵਾਂ’ ਸਿਰਲੇਖ ਹੇਠ ਬਾਣੀ ਰਚਿਤ ਕੀਤੀ ਜੋ ਕਿ ਆਨੰਦ ਕਾਰਜ ਦੀ ਮੌਕੇ ‘ਤੇ ਪੜ੍ਹੀ ਜਾਂਦੀ ਹੈ।
5. ਗੁਰੂ ਰਾਮਦਾਸ ਜੀ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਸ੍ਰੀ ਅਰਜਨ ਦੇਵ ਨੂੰ ਗੁਰਗੱਦੀ ਲਈ ਸਭ ਤੋਂ ਯੋਗ ਸਮਝਿਆ ਅਤੇ 1581ਈ. ਵਿੱਚ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ।
6. ਉਨ੍ਹਾਂ ਨੇ ਆਮ ਲੋਕਾਂ ਨੂੰ ਇੱਕ ਵੱਖਰੀ ਜੀਵਨ ਸ਼ੈਲੀ, ਧਾਰਮਿਕ ਸ਼ੈਲੀ ਅਤੇ ਵੱਖਰੇ ਰੀਤੀ-ਰਿਵਾਜ ਪ੍ਰਦਾਨ ਕਰਕੇ ਸਿੱਖ ਧਰਮ ਨੂੰ ਇੱਕ ਵੱਖਰੀ ਪਛਾਣ ਦਿੱਤੀ।
ਪ੍ਰਸ਼ਨ-4. ਗੁਰੂਆਂ ਦੁਆਰਾ ਨਵੇਂ ਨਗਰਾਂ ਦੀ ਸਥਾਪਨਾ ਅਤੇ ਨਵੀਆਂ ਪਰੰਪਰਾਵਾਂ ਦੀ ਸ਼ੁਰੂਆਤ ਨੇ ਸਿੱਖ ਧਰਮ ਦੇ ਵਿਕਾਸ ਵਿਚ ਕੀ ਯੋਗਦਾਨ ਪਾਇਆ?
ਉੱਤਰ- ਸਿੱਖ ਗੁਰੂਆਂ ਦੁਆਰਾ ਨਵੇਂ ਨਗਰ ਵਸਾਉਣ ਦਾ ਮਕਸਦ ਸੀ ਕਿ ਸਿੱਖਾਂ ਨੂੰ ਆਪਣੇ ਅਲੱਗ ਤੀਰਥ ਸਥਾਨ ਦਿੱਤੇ ਜਾਣ ਤਾਂ ਜੋ ਉਨ੍ਹਾਂ ਵਿੱਚ ਏਕਤਾ ਦੀ ਭਾਵਨਾ ਦਾ ਵਿਕਾਸ ਹੋ ਸਕੇ।
1. ਗੋਇੰਦਵਾਲ ਸਾਹਿਬ ਦੀ ਸਥਾਪਨਾ- ਸ੍ਰੀ ਗੁਰੂ ਅੰਗਦ ਦੇਵ ਜੀ ਨੇ 1546ਈ. ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਗਰਾਨੀ ਹੇਠ ਗੋਇੰਦਵਾਲ ਨਗਰ ਦੀ ਸਥਾਪਨਾ ਕੀਤੀ। ਸਮਾਂ ਪਾ ਕੇ ਗੋਇੰਦਵਾਲ ਸਿੱਖਾਂ ਦਾ ਇੱਕ ਵੱਖਰਾ ਪ੍ਰਮੁੱਖ ਕੇਂਦਰ ਬਣ ਗਿਆ।
2.ਅੰਮ੍ਰਿਤਸਰ ਦੀ ਸਥਾਪਨਾ- ਅੰਮ੍ਰਿਤਸਰ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਦੀ ਸਿੱਖ ਧਰਮ ਨੂੰ ਸਭ ਤੋਂ ਵੱਡੀ ਦੇਣ ਹੈ। ਸਿੱਖਾਂ ਲਈ ਇਹ ਨਗਰ ਧਰਮ ਪ੍ਰਚਾਰ ਅਤੇ ਵਪਾਰ ਦਾ ਵੱਡਾ ਕੇਂਦਰ ਬਣ ਗਿਆ।
ਪਰੰਪਰਾਵਾਂ
1. ਲੰਗਰ ਪ੍ਰਥਾ– ਗੁਰੂ ਸਾਹਿਬਾਨ ਦੁਆਰਾ ਚਲਾਈ ਲੰਗਰ ਪ੍ਰਥਾ ਕਰਕੇ ਲੋਕਾਂ ਵਿੱਚ ਭੇਦ-ਭਾਵ ਤੇ ਛੂਤ-ਛਾਤ ਦੀ ਭਾਵਨਾ ਘਟੀ ਤੇ ਇਸ ਨਾਲ ਸਮਾਜ ਵਿਚ ਭਾਈਚਾਰਾ, ਆਪਸੀ ਸਹਿਯੋਗ ਤੇ ਵੰਡ ਕੇ ਛਕਣ ਦੀ ਭਾਵਨਾ ਦਾ ਵਿਕਾਸ ਹੋਇਆ।
2. ਬਾਣੀ ਦੀ ਸੰਭਾਲ- ਸਿੱਖ ਗੁਰੂ ਸਾਹਿਬਾਨ ਦੁਆਰਾ ਆਪਣੇ ਤੋਂ ਪਹਿਲੇ ਗੁਰੂਆਂ ਦੀ ਬਾਣੀ ਦੀ ਸੰਭਾਲ ਅਤੇ ਰਚਨਾ ਕਰਕੇ ਸਿੱਖ ਜਗਤ ਨੂੰ ਇਕ ਨਵਾਂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤਾ।
3. ਸਮਾਜ ਸੁਧਾਰ-ਸਿੱਖ ਗੁਰੂ ਸਾਹਿਬਾਨ ਨੇ ਜਾਤੀ-ਭੇਦ, ਛੂਤ-ਛਾਤ, ਸਤੀ ਪ੍ਰਥਾ ਤੇ ਪਰਦਾ ਪ੍ਰਥਾ ਦੀ ਨਿੰਦਾ ਕੀਤੀ ।ਉਨ੍ਹਾਂ ਨੇ ਸਿੱਖਾਂ ਨੂੰ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਵੀ ਉਪਦੇਸ਼ ਦਿੱਤਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਗੁਰੂਆਂ ਦੁਆਰਾ ਚਲਾਈਆਂ ਪਰੰਪਰਾਵਾਂ ਦਾ ਉਦੇਸ਼ ਸਿੱਖਾਂ ਵਿਚ ਸਮਾਜਿਕ ਏਕਤਾ ਤੇ ਭਾਈਚਾਰਾ ਪੈਦਾ ਕਰਨਾ ਸੀ ।