ਪਾਠ 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ
ਭਾਗ -1 (ਬਹੁ ਵਿਕਲਪੀ ਪ੍ਰਸ਼ਨ )
1. ਰਿਗਵੇਦ ਦੇ ਅਨੁਸਾਰ ਪੰਜਾਬ ਦਾ ਨਾਂ ਕੀ ਸੀ?
ੳ) ਹੜੱਪਾ ਅ) ਸਪਤ ਸਿੰਧੂ ੲ) ਪੰਚਨਦ ਸ) ਪੈਂਟਾਪੋਟਾਮੀਆ
ਉੱਤਰ – ਅ) ਸਪਤ ਸਿੰਧੂ
2. ਚੀਨੀ ਯਾਤਰੀ ਕੌਣ ਸੀ?
ੳ) ਚਾਣਕਯ ਅ) ਲਾਰਡ ਕਰਜ਼ਨ ੲ) ਹਿਊਨਸਾਂਗ ਸ)ਕੋਈ ਵੀ ਨਹੀਂ
ਉੱਤਰ – ੲ) ਹਿਊਨਸਾਂਗ
3.ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਕਦੋਂ ਮਿਲਾਇਆ ਗਿਆ?
ੳ) 1849 ਅ) 1887 ੲ) 1889 ਸ)1901
ਉੱਤਰ – ੳ) 1849
4. ਕਿਹੜਾ ਦੁਆਬ ਘੱਟ ਉਪਜਾਊ ਹੈ
ੳ) ਚੱਜ ਦੁਆਬ ਅ) ਸਿੰਧ ਸਾਗਰ ਦੁਆਬ ੲ) ਰਚਨਾ ਦੁਆਬ ਸ) ਬਾਰੀ ਦੁਆਬ
ਉੱਤਰ – ਅ) ਸਿੰਧ ਸਾਗਰ ਦੁਆਬ
5. ਘੱਗਰ ਅਤੇ ਜਮੁਨਾ ਦਰਿਆਵਾਂ ਦੇ ਵਿਚਕਾਰ ਦਾ ਖੇਤਰ
ੳ) ਮਾਲਵਾ ਅ) ਬਾਂਗਰ ੲ) ਮਾਝਾ ਸ)ਕੋਈ ਵੀ ਨਹੀਂ
ਉੱਤਰ – ਅ) ਬਾਂਗਰ
6. ਮਾਲਵਾ ਖੇਤਰ ਕਿੰਨਾ ਨਦੀਆਂ ਦੇ ਵਿਚਕਾਰ ਹੈ?
ੳ)ਸਤਲੁਜ ਅਤੇ ਜਮੁਨਾ ਅ) ਸਤਲੁਜ ਅਤੇ ਘੱਗਰ ੲ)ਘੱਗਰ ਅਤੇ ਜਮੁਨਾ ਸ) ਸਤਲੁਜ ਅਤੇ ਬਿਆਸ
ਉੱਤਰ – ਅ) ਸਤਲੁਜ ਅਤੇ ਘੱਗਰ
ਅ) ਖਾਲੀ ਥਾਂਵਾਂ ਭਰੋ
1.ਹੜੱਪਾ ਸੱਭਿਅਤਾ ਦਾ ਜਨਮ ਪੰਜਾਬ ਵਿਚ ਹੋਇਆ ਸੀ।
2.’ਪੈਂਟਾ’ ਦਾ ਅਰਥ ਹੈ ਪੰਜ ਅਤੇ ‘ਪੋਟਾਮੀਆ’ ਦਾ ਅਰਥ ਨਦੀਆਂ ਹੈ।
3.ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ।
4.ਚੱਜ ਦੁਆਬ ਦਾ ਖੇਤਰ ਚਿਨਾਬ ਅਤੇ ਜੇਹਲਮ ਨਦੀ ਦੇ ਵਿਚਕਾਰ ਦਾ ਇਲਾਕਾ ਹੈ।
5.ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਸਨ।
6.ਭਾਸ਼ਾ ਦੇ ਆਧਾਰ ‘ਤੇ 1 ਨਵੰਬਰ, 1966 ਨੂੰ ਪੰਜਾਬ ਦਾ ਪੁਨਰਗਠਨ ਕੀਤਾ ਗਿਆ।
7.ਮਾਊਂਟ ਐਵਰੈਸਟ ਦੀ ਉਚਾਈ 8848 ਮੀਟਰ ਹੈ।
ੲ) ਸਹੀ ਮਿਲਾਣ ਕਰੋ:
ਉੱਤਰ : 1.ਰਿਗਵੇਦ ਸਪਤ ਸਿੰਧੂ
2. ਸੁਲੇਮਾਨ ਉੱਤਰ-ਪੱਛਮੀ ਪਰਬਤ
3.ਬਾਂਗਰ ਘੱਗਰ ਅਤੇ ਜਮੁਨਾ
4.ਸ਼ਿਵਾਲਿਕ ਉੱਪ-ਪਰਬਤੀ ਖੇਤਰ
5.ਹਿਊਨਸਾਂਗ ਸੇਕੀਆ
ਸ) ਅੰਤਰ ਦੱਸੋ : 1.ਮਾਲਵਾ ਅਤੇ ਬਾਂਗਰ
ਉੱਤਰ:ਮਾਲਵਾ:ਸਤਲੁਜ ਅਤੇ ਘੱਗਰ ਨਦੀ ਦੇ ਵਿਚਕਾਰ ਦੇ ਇਲਾਕੇ ਨੂੰ ਮਾਲਵਾ ਆਖਦੇ ਹਨ।ਇੱਥੋਂ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ ਹੈ। ਲੁਧਿਆਣਾ, ਪਟਿਆਲਾ, ਨਾਭਾ, ਸੰਗਰੂਰ, ਫ਼ਰੀਦਕੋਟ, ਬਠਿੰਡਾ ਆਦਿ ਪ੍ਰਸਿੱਧ ਸ਼ਹਿਰ ਇਸ ਭਾਗ ਵਿਚ ਸਥਿੱਤ ਹਨ।
ਬਾਂਗਰ:ਪੱਗਰ ਅਤੇ ਜਮੁਨਾ ਨਦੀ ਦੇ ਵਿਚਕਾਰ ਦੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ ।ਇਸ ਨੂੰ ਹਰਿਆਣਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਖੇਤਰ ਵਿਚ ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਕਰਨਾਲ, ਥਾਨੇਸਰ, ਰੋਹਤਕ, ਜੀਂਦ, ਗੁੜਗਾਓਂ ਆਦਿ ਪ੍ਰਸਿੱਧ ਨਗਰ ਸ਼ਾਮਲ ਹਨ।
2.ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ
ਉੱਤਰ:1947 ਈਸਵੀ ਵਿੱਚ ਆਜ਼ਾਦੀ ਦੇ ਸਮੇਂ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ-ਪੱਛਮੀ ਪੰਜਾਬ ਤੇ ਪੂਰਬੀ ਪੰਜਾਬ ਪੰਜਾਬ ਦਾ ਪੱਛਮੀ ਭਾਗ ਮੁਸਲਿਮ ਬਹੁਗਿਣਤੀ ਖੇਤਰ ਸੀ। ਉਹ ਅਲੱਗ ਹੋ ਕੇ ਪਾਕਿਸਤਾਨ ਦੇ ਰੂਪ ਵਿੱਚ ਨਵਾਂ ਦੇਸ਼ ਬਣਿਆ ਅਤੇ ਪੂਰਬੀ ਪੰਜਾਬ ਭਾਰਤ ਦਾ ਹਿੱਸਾ ਬਣਿਆ। ਉਸ ਸਮੇਂ ਪੰਜਾਬ ਦੇ 16 ਜ਼ਿਲ੍ਹੇ ਪਾਕਿਸਤਾਨ ਵਿੱਚ ਚਲੇ ਗਏ ਅਤੇ ਬਾਕੀ 13 ਜ਼ਿਲ੍ਹੇ ਭਾਰਤੀ ਪੰਜਾਬ ਵਿੱਚ ਰਹਿ ਗਏ।
3. ਦੱਰ੍ਹੇ ਤੇ ਦੁਆਬ
ਉੱਤਰ : ਦੱਰ੍ਹੇ -ਇਹ ਉੱਚੇ- ਉੱਚੇ ਪਹਾੜਾਂ ਵਿੱਚੋਂ ਲੰਘਣ ਲਈ ਕੁਦਰਤ ਦੁਆਰਾ ਬਣਾਏ ਗਏ ਰਸਤੇ ਹੁੰਦੇ ਹਨ । ਇਨ੍ਹਾਂ ਤੋਂ ਹੋ ਕੇ ਪਰਬਤਾਂ ਨੂੰ ਪਾਰ ਕੀਤਾ ਜਾ ਸਕਦਾ ਹੈ।
ਦੁਆਬ : ਦੋ ਨਦੀਆਂ ਦੇ ਵਿਚਕਾਰਲੇ ਇਲਾਕੇ ਨੂੰ ਦੋਆਬ ਆਖਦੇ ਹਨ। ਪੰਜਾਬ ਦਾ ਮੈਦਾਨ ਪੰਜ ਦੁਆਬਿਆਂ ਤੋਂ ਬਣਿਆ ਹੈ ।
4.ਹਿਮਾਲਿਆ ਅਤੇ ਉਪ-ਪਰਬਤੀ ਖੇਤਰ
ਉੱਤਰ : ਹਿਮਾਲਿਆ :ਹਿਮਾਲਿਆ ਨੂੰ ਬਰਫ਼ ਦਾ ਘਰ ਵੀ ਕਿਹਾ ਜਾਂਦਾ ਹੈ। ਹਿਮਾਲਾ ਦੀਆਂ ਪਹਾੜੀਆਂ ਪੰਜਾਬ ਵਿੱਚ ਲੜੀਵਾਰ ਹਨ ਪਰੰਤੂ ਹਿਮਾਲਾ ਦੀਆਂ ਸਾਰੀਆਂ ਪਹਾੜੀਆਂ ਦੀ ਉੱਚਾਈ ਇੱਕਸਾਰ ਨਹੀਂ ਹੈ।
ਉਪ-ਪਰਬਤੀ ਖੇਤਰ :ਹਿਮਾਲਾ ਦੀਆਂ ਪੀਰ ਪੰਜਾਲ ਲੜੀਆਂ ਦੇ ਦੱਖਣ ਵਿਚ ਸ਼ਿਵਾਲਿਕ ਅਤੇ ਕਸੌਲੀ ਦੀਆਂ ਪਹਾੜੀਆਂ ਦੇ ਢਲਾਣ ਵਾਲੇ ਖੇਤਰ ਨੂੰ ਪੰਜਾਬ ਦਾ ਤਰਾਈ ਜਾਂ ਉਪ-ਪਰਬਤੀ ਖੇਤਰ ਕਿਹਾ ਜਾਂਦਾ ਹੈ। ਇਸ ਖੇਤਰ ਦੀਆਂ ਪਹਾੜੀਆਂ ਦੀ ਔਸਤ ਉਚਾਈ 1000-3000 ਫੁੱਟ ਹੈ।
5.ਚੱਜ ਦੁਆਬ ਅਤੇ ਬਿਸਤ ਜਲੰਧਰ ਦੁਆਬ:
ਉੱਤਰ:ਚੱਜ ਦੁਆਬ:-ਚਨਾਬ ਅਤੇ ਜੇਹਲਮ ਨਦੀ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਗੁਜਰਾਤ, ਭੇਰਾ ਅਤੇ ਸ਼ਾਹਪੁਰ ਹਨ ।
ਬਿਸਤ ਜਲੰਧਰ ਦੁਆਬ :ਦਰਿਆ ਬਿਆਸ ਅਤੇ ਸਤਲੁਜ ਦੇ ਵਿਚਕਾਰ ਸਥਿੱਤ ਇਲਾਕੇ ਨੂੰ ਬਿਸਤ -ਜਲੰਧਰ ਦੁਆਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਇਲਾਕੇ ਦਾ ਪ੍ਰਚੱਲਿਤ ਨਾਂ ਦੁਆਬਾ ਹੈ। ਇਹ ਇਲਾਕਾ ਬਹੁਤ ਉਪਜਾਊ ਹੈ । ਜਲੰਧਰ ਅਤੇ
ਹੁਸ਼ਿਆਰਪੁਰ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ।
2.ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ 1. ਪੰਜਾਬ ਸ਼ਬਦ ਤੋਂ ਕੀ ਭਾਵ ਹੈ ?
ਉੱਤਰ :ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ+ਆਬ ਤੋਂ ਬਣਿਆ ਹੈ। ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ
ਪ੍ਰਸ਼ਨ 2.ਯੂਨਾਨੀਆਂ ਨੇ ਪੰਜਾਬ ਦਾ ਕੀ ਨਾਂ ਰੱਖਿਆ ਸੀ ?
ਉੱਤਰ :ਪੈਂਟਾਪੋਟਾਮੀਆ।
ਪ੍ਰਸ਼ਨ 3.”ਸਪਤ ਸਿੰਧੂ’ ਤੋਂ ਕੀ ਭਾਵ ਹੈ ?
ਉੱਤਰ:ਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਕਿਹਾ ਜਾਂਦਾ ਸੀ ਕਿਉਂਕਿ ਉਸ ਸਮੇਂ ਇਹ ਸੱਤ ਨਦੀਆਂ ਦਾ ਪ੍ਰਦੇਸ਼ ਸੀ।
ਪ੍ਰਸ਼ਨ 4.1947 ਈ. ਵਿਚ ਪੰਜਾਬ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ?
ਉੱਤਰ: ਪੂਰਬੀ ਪੰਜਾਬ (ਭਾਰਤ) ਅਤੇ ਪੱਛਮੀ ਪੰਜਾਬ( ਪਾਕਿਸਤਾਨ)।
ਪ੍ਰਸ਼ਨ 5.ਪੰਜਾਬ ਦੀ ਉੱਤਰ- ਪੱਛਮੀ ਸੀਮਾ ਵਿੱਚ ਸਥਿੱਤ ਕਿਸੇ ਦੋ ਦੱਰ੍ਹਿਆਂ ਦੇ ਨਾਂ ਦੱਸੋ
ਉੱਤਰ:ਖੈਬਰ, ਕੁਰਮ, ਟੋਚੀ।
ਪ੍ਰਸ਼ਨ 6.ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਕਦੋਂ ਅਤੇ ਕਿੰਨ੍ਹੇ ਰਾਜਾਂ ਵਿੱਚ ਵੰਡਿਆ ਗਿਆ ?
ਉੱਤਰ :ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ 1 ਨਵੰਬਰ 1966 ਨੂੰ ਪੰਜਾਬ ਅਤੇ ਹਰਿਆਣਾ ਦੇ ਰਾਜਾਂ ਵਿੱਚ ਵੰਡ ਦਿੱਤਾ ਗਿਆ।
3.ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ 1.ਪੰਜਾਬ ਦੇ ਵੱਖ -ਵੱਖ ਇਤਿਹਾਸਿਕ ਨਾਵਾਂ ਤੇ ਚਾਨਣਾ ਪਾਓ।
ਉੱਤਰ :1.ਵੈਦਿਕ ਕਾਲ ਵਿੱਚ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ
2.ਪੁਰਾਣਾਂ ਵਿਚ ਪੰਜਾਬ ਨੂੰ ਪੰਚਨਦ ਕਿਹਾ ਗਿਆ ।
3.ਯੂਨਾਨੀਆਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਦਿੱਤਾ।
4.ਚੀਨੀ ਯਾਤਰੀ ਹਿਊਨਸਾਂਗ ਨੇ ਪੰਜਾਬ ਨੂੰ ਸੇਕੀਆ ਦਾ ਨਾਂ ਦਿੱਤਾ।
5.ਟੱਕ ਕਬੀਲੇ ਦੇ ਲੋਕਾਂ ਨੇ ਪੰਜਾਬ ਨੂੰ ਟੱਕ ਪ੍ਰਦੇਸ਼ ਦਾ ਨਾਂ ਦਿੱਤਾ ।
6.ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਲਾਹੌਰ ਸੂਬੇ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
7. ਮੁਗ਼ਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਪੰਜਾਬ ਦਾ ਨਾਂ ਦਿੱਤਾ।
8.ਅੰਗਰੇਜ਼ਾਂ ਨੇ ਪੰਜਾਬ ਨੂੰ ਪੰਜਾਬ ਪ੍ਰਾਂਤ ਦਾ ਨਾਂ ਦਿੱਤਾ।
9. 1947 ਈਸਵੀ ਵਿੱਚ ਭਾਰਤ -ਪਾਕਿ ਵੰਡ ਪਿੱਛੋਂ ਪੰਜਾਬ ਨੂੰ ਪੂਰਬੀ ਤੇ ਪੱਛਮੀ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਗਿਆ। ਦੋਵਾਂ ਦੇਸ਼ਾਂ ਵਿੱਚ ਅੱਜ ਵੀ ਇਸ ਨੂੰ ਪੰਜਾਬ ਕਿਹਾ ਜਾਂਦਾ ਹੈ।
ਪ੍ਰਸ਼ਨ 2. ਪੰਜਾਬ ਦੇ ਇਤਿਹਾਸ ਦਾ ਅਧਿਐਨ ਕਰਨ ਲਈ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਅਧਿਐਨ ਕਿਉਂ ਜ਼ਰੂਰੀ ਹੈ?
ਉੱਤਰ :ਕਿਸੇ ਵੀ ਪ੍ਰਦੇਸ਼ ਦੇ ਇਤਿਹਾਸ ਬਾਰੇ ਜਾਨਣ ਲਈ ਉਸ ਪ੍ਰਦੇਸ਼ ਦੀਆਂ ਭੂਗੋਲਿਕ ਅਵਸਥਾਵਾਂ ਦਾ ਅਧਿਐਨ ਜ਼ਰੂਰੀ ਹੈ। ਪੰਜਾਬ ਦਾ ਰਹਿਣ –ਸਹਿਣ ਪਹਿਰਾਵਾ, ਲੋਕਾਂ ਦਾ ਸੁਭਾਅ ਤੇ ਵਿਚਾਰ -ਸ਼ਕਤੀ ਭੂਗੋਲਿਕ ਤੱਥਾਂ ਦੁਆਰਾ ਪ੍ਰਭਾਵਿਤ ਹੋਈ ਹੈ।ਇੱਥੋਂ ਦਾ ਉਪਜਾਊ ਮੈਦਾਨ ਸੱਭਿਆਚਾਰ ਦਾ ਪੰਘੂੜਾ ਹੈ।ਇਸ ਮੈਦਾਨ ਤੇ ਅਨੇਕਾਂ ਯੁੱਧ ਹੋਏ ਤੇ ਲੱਖਾਂ ਵੀਰ ਸ਼ਹੀਦ ਹੋਏ ।ਇਥੋਂ ਦੀਆਂ ਨਦੀਆਂ ਨੇ ਅਨੇਕਾਂ ਵਾਰ ਹਮਲਾਵਰਾਂ ਦਾ ਮਾਰਗ ਦਰਸ਼ਨ ਕੀਤਾ।ਪੰਜਾਬ ਦੀਆਂ ਭੌਤਿਕ ਅਵਸਥਾਵਾਂ ਨੇ ਪੰਜਾਬ ਨੂੰ ਰੰਗ- ਭੂਮੀ ਤੇ ਰਣ-ਭੂਮੀ ਦੋਨਾਂ ਦਾ ਪੱਧਰ ਪ੍ਰਦਾਨ ਕੀਤਾ।
ਪ੍ਰਸ਼ਨ 3. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ?
ਉੱਤਰ :ਪੰਜਾਬ ਦੇ ਉੱਤਰ -ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ ਵਿੱਚ ਕਈ ਦਰ੍ਹੇ ਸਥਿੱਤ ਹਨ ਜਿਨ੍ਹਾਂ ਵਿੱਚੋਂ ਵਿਦੇਸ਼ੀ ਹਮਲਾਵਰ ਲੰਘ ਕੇ ਭਾਰਤ ਤੇ ਹਮਲਾ ਕਰਦੇ ਸਨ। 18ਵੀਂ ਸਦੀ ਤਕ ਸਾਰੇ ਹਮਲਾਵਰ ਇਨ੍ਹਾਂ ਦੱਰ੍ਹਿਆਂ ਰਾਹੀਂ ਹੀ ਭਾਰਤ ਤੇ ਹਮਲਾ ਕਰਦੇ ਰਹੇ ਹਨ।ਸਭ ਤੋਂ ਪਹਿਲਾਂ ਅੱਗੇ ਵਧਣ ਲਈ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪੈਂਦਾ ਸੀ ਇਸ ਤਰ੍ਹਾਂ ਪੰਜਾਬ ਭਾਰਤ ਲਈ ਪ੍ਰਵੇਸ਼ ਦੁਆਰ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ।
ਪ੍ਰਸ਼ਨ 4.ਪੰਜਾਬ ਵਿੱਚ ਇਸਲਾਮ ਧਰਮ ਦਾ ਪ੍ਰਸਾਰ ਤੇਜ਼ੀ ਨਾਲ ਕਿਉਂ ਹੋਇਆ ?
ਉੱਤਰ :ਇਸਲਾਮ ਧਰਮ ਦਾ ਜਨਮ ਮੱਕਾ-ਮਦੀਨਾ ਵਿੱਚ ਹੋਇਆ ਤੇ ਤੇਜ਼ੀ ਨਾਲ ਮੱਧ ਏਸ਼ੀਆ ਦੇ ਖੇਤਰਾਂ ਵਿੱਚ ਫੈਲ ਗਿਆ। ਇਨ੍ਹਾਂ ਦੇਸ਼ਾਂ ਤੋਂ ਮੁਸਲਿਮ ਹਮਲਾਵਰ, ਧਰਮ ਪ੍ਰਚਾਰਕ,ਵਪਾਰੀ ਤੇ ਸੂਫ਼ੀ ਸੰਤ ਉੱਤਰ- ਪੱਛਮੀ ਦਰਿਆ ਰਾਹੀਂ ਭਾਰਤ ਆਏ । ਮੁਸਲਿਮ ਹਮਲਾਵਰਾਂ ਨੇ ਪੰਜਾਬ ਤੇ ਅਧਿਕਾਰ ਕੀਤਾ ਤੇ ਲੋਕਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ।ਹਿੰਦੂ ਜਾਤੀ ਦੇ ਕਠੋਰ ਰੀਤੀ- ਰਿਵਾਜਾਂ ਅਤੇ ਜਾਤੀ ਭੇਦ- ਭਾਵ ਕਾਰਨ ਨਿਮਨ ਜਾਤੀ ਦੇ ਬਹੁਤੇ ਲੋਕਾਂ ਨੇ ਇਸਲਾਮ ਧਰਮ ਅਪਣਾ ਲਿਆ।ਜਿਸ ਕਰਕੇ ਇਸਲਾਮ ਧਰਮ ਪੰਜਾਬ ਵਿਚ ਤੇਜ਼ੀ ਨਾਲ ਫੈਲਿਆ।
ਪ੍ਰਸ਼ਨ.5.ਪੰਜਾਬ ਦੀ ਭੂਗੋਲਿਕ ਸਥਿਤੀ ਦਾ ਲੋਕਾਂ ਦੀ ਆਰਥਿਕ ਸਥਿਤੀ ‘ਤੇ ਕੀ ਪ੍ਰਭਾਵ ਪਿਆ ?
ਉੱਤਰ:1.ਇੱਥੇ ਸਾਰਾ ਸਾਲ ਵਗਦੀਆਂ ਹਿਮਾਲਿਆ ਦੀਆਂ ਨਦੀਆਂ ਰਾਹੀਂ ਲਿਆਂਦੀ ਮਿੱਟੀ ਨਾਲ ਬਣੇ ਮੈਦਾਨ ਬਹੁਤ ਉਪਜਾਊ ਹਨ।
2.ਉਪਜਾਊ ਭੂਮੀ ਕਾਰਨ ਇੱਥੇ ਫ਼ਸਲ ਚੰਗੀ ਹੋਣ ਨਾਲ ਲੋਕ ਖੁਸ਼ਹਾਲ ਹੁੰਦੇ ਗਏ ।
3.ਪੰਜਾਬ ਦੀ ਖ਼ੁਸ਼ਹਾਲੀ ਨੇ ਵਿਦੇਸ਼ੀ ਵਪਾਰੀਆਂ ਨੂੰ ਹਮੇਸ਼ਾ ਆਪਣੇ ਵੱਲ ਖਿੱਚਿਆ ਹੈ ਜਿਸ ਕਾਰਨ ਪੰਜਾਬ ਦੇ ਸ਼ੁਰੂ ਤੋਂ ਹੀ ਮੱਧ ਏਸ਼ੀਆ ਨਾਲ ਵਪਾਰਕ ਸੰਬੰਧ ਰਹੇ ਹਨ |
4.ਹਿਮਾਲਿਆ ਤੋਂ ਪ੍ਰਾਪਤ ਲੱਕੜ ਦੇ ਕਾਰਨ ਪੰਜਾਬ ਵਿਚ ਫਰਨੀਚਰ ਤੇ ਖੇਡਾਂ ਦਾ ਸਮਾਨ ਬਣਨ ਲੱਗਾ ।
ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ |
ਉੱਤਰ :ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਤਿੰਨ ਭਾਗਾਂ- ਹਿਮਾਲਾ ਅਤੇ ਉਸਦੀਆਂ ਉੱਤਰ ਪੱਛਮੀ ਪਹਾੜੀਆਂ, ਉਪ- ਪਰਬਤੀ ਖੇਤਰ ਤੇ ਮੈਦਾਨੀ ਖੇਤਰ ਵਿੱਚ ਵੰਡਿਆ ਜਾਂਦਾ ਹੈ:
1.ਹਿਮਾਲਾ ਅਤੇ ਉਸ ਦੀਆਂ ਉੱਤਰ-ਪੱਛਮੀ ਪਰਬਤ ਲੜੀਆਂ-ਹਿਮਾਲਾ ਨੂੰ ‘ਬਰਫ਼ ਦਾ ਘਰ’ ਵੀ ਕਿਹਾ ਜਾਂਦਾ ਹੈ ਇਹ ਭਾਰਤ ਦੇ ਉੱਤਰ- ਪੱਛਮ ਵਿੱਚ ਸਥਿੱਤ ਹੈ ।ਇਸ ਦੀ ਲੰਬਾਈ ਪੱਛਮ ਤੋਂ ਪੂਰਬ ਵੱਲ ਲਗਭਗ 2400 ਕਿਲੋਮੀਟਰ ਹੈ ਅਤੇ ਉੱਤਰ ਤੋਂ ਦੱਖਣ ਵੱਲ ਚੌੜਾਈ ਲਗਭਗ 250 ਕਿਲੋਮੀਟਰ ਹੈ।ਹਿਮਾਲਾ ਵਿੱਚ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਥਿੱਤ ਹੈ।ਉੱਚਾਈ ਦੇ ਹਿਸਾਬ ਨਾਲ ਅਸੀਂ ਹਿਮਾਲਾ ਪਰਬਤ ਨੂੰ ਤਿੰਨ ਭਾਗਾਂ ਮਹਾਨ ਹਿਮਾਲਾ, ਮੱਧ ਹਿਮਾਲਾ ਤੇ ਬਾਹਰੀ ਹਿਮਾਲਿਆ ਵਿੱਚ ਵੰਡਦੇ ਹਾਂ। ਪੰਜਾਬ ਦੇ ਉੱਤਰ- ਪੱਛਮ ਵਿਚ ਹਿਮਾਲਾ ਦੀਆਂ ਸੁਲੇਮਾਨ ਅਤੇ ਕਿਰਥਾਰ ਪਰਬਤ ਸ਼ਾਖਾਵਾਂ ਹਨ ।ਇਨ੍ਹਾਂ ਵਿੱਚ ਕਈ ਦੱਰ੍ਹੇ ਬਣੇ ਹੋਏ ਹਨ ।ਇੱਥੇ ਖੈਬਰ ,ਕੁਰਮ, ਟੋਚੀ, ਗੋਮਲ ਤੇ ਬੋਲਾਨ ਦੱਰ੍ਹੇ ਪ੍ਰਸਿੱਧ ਹਨ। ਪੱਛਮੀ ਅਤੇ ਮੱਧ ਏਸ਼ੀਆਈ ਦੇਸ਼ਾਂ ਤੋਂ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰ੍ਹਿਆਂ ਰਾਹੀਂ ਹੀ ਪੰਜਾਬ ਹੁੰਦੇ ਹੋਏ ਭਾਰਤ ਤੇ ਹਮਲਾ ਕਰਦੇ ਸਨ ਇਨ੍ਹਾਂ ਦੱਰ੍ਹਿਆਂ ਰਾਹੀਂ ਹੀ ਭਾਰਤ ਦਾ ਮੱਧ ਏਸ਼ੀਆ ਨਾਲ ਵਪਾਰ ਹੁੰਦਾ ਹੈ ।
2.ਉਪ-ਪਰਬਤੀ ਖੇਤਰ: ਹਿਮਾਲਾ ਦੀਆਂ ਪੀਰ ਪੰਜਾਲ ਸ਼ਾਖਾਵਾਂ ਦੇ ਦੱਖਣ ਵਿੱਚ ਸ਼ਿਵਾਲਿਕ ਅਤੇ ਕਸੌਲੀ ਦੀਆਂ ਪਹਾੜੀਆਂ ਦੇ ਢਲਾਨੀ ਖੇਤਰ ਨੂੰ ਪੰਜਾਬ ਦਾ ਤਰਾਈ ਜਾਂ ਉਪ ਪਰਬਤੀ ਖੇਤਰ ਕਿਹਾ ਜਾਂਦਾ ਹੈ ।ਇੱਥੋਂ ਦੀਆਂ ਪਹਾੜੀਆਂ 1000-3000 ਫੁੱਟ ਉੱਚੀਆਂ ਹਨ। ਇੱਥੇ ਦੀ ਮਿੱਟੀ ਰੇਤਲੀ ਅਤੇ ਪਥਰੀਲੀ ਹੋਣ ਕਾਰਨ ਘੱਟ ਉਪਜਾਊ ਹੈ। ਇਹ ਇਲਾਕਾ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ।
3.ਮੈਦਾਨੀ ਭਾਗ: -ਪੰਜਾਬ ਦੇ ਉੱਪ-ਪਰਬਤੀ ਖੇਤਰ ਦੇ ਹੇਠਾਂ ਦੱਖਣ ਵਾਲੇ ਪਾਸੇ ਸਿੰਧ ਨਦੀ ਤੋਂ ਲੈ ਕੇ ਜਮੁਨਾ ਨਦੀ ਤਕ ਮੈਦਾਨੀ ਖੇਤਰ ਹੈ। ਇੱਥੋਂ ਦੀ ਮਿੱਟੀ ਜਲੌਢੀ ਹੈ। ਇਸ ਨੂੰ ਮੁੱਖ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ –
1.ਪੰਜ ਦੁਆਬ: ਦੋ ਨਦੀਆਂ ਦੇ ਵਿਚਕਾਰ ਦੀ ਭੂਮੀ ਨੂੰ ਦੁਆਬ ਕਹਿੰਦੇ ਹਨ। ਪੰਜਾਬ ਨੂੰ ਪੰਜ ਦੁਆਬਿਆਂ ਵਿਚ ਵੰਡਿਆ ਗਿਆ ਹੈ। ੳ) ਸਿੰਧ ਸਾਗਰ ਦੁਆਬ: ਇਹ ਸਿੰਧ ਤੇ ਜੇਹਲਮ ਨਦੀ ਦੇ ਵਿਚਕਾਰ ਫੈਲਿਆ ਹੈ ਜੋ ਘੱਟ ਉਪਜਾਊ ਹੈ ।
ਅ) ਚੱਜ ਦੁਆਬ :ਇਹ ਜੇਹਲਮ ਤੇ ਚਨਾਬ ਨਦੀਆਂ ਦੇ ਵਿਚਕਾਰ ਦਾ ਇਲਾਕਾ ਹੈ ਜੋ ਸਿੰਧ ਤੋਂ ਉਪਜਾਊ ਹੈ ।
ੲ) ਰਚਨਾ ਦੁਆਬ :ਇਹ ਰਾਵੀ ਅਤੇ ਚਨਾਬ ਦੇ ਵਿਚਕਾਰਲਾ ਇਲਾਕਾ ਹੈ ਜੋ ਬਹੁਤ ਉਪਜਾਊ ਹੈ ।
ਸ) ਬਾਰੀ ਦੁਆਬ :ਇਹ ਬਿਆਸ ਤੇ ਰਾਵੀ ਦਰਿਆ ਦੇ ਵਿਚਕਾਰਲਾ ਉਪਜਾਊ ਇਲਾਕਾ ਹੈ ਜਿਸ ਨੂੰ ਮਾਝਾ ਵੀ ਕਿਹਾ ਜਾਂਦਾ ਹੈ ।
ਹ) ਬਿਸਤ ਜਲੰਧਰ ਦੁਆਬ : ਇਹ ਬਿਆਸ ਤੇ ਸਤਲੁਜ ਦਾ ਵਿਚਕਾਰਲਾ ਇਲਾਕਾ ਹੈ। ਇਸ ਨੂੰ ਦੁਆਬਾ ਕਿਹਾ ਜਾਂਦਾ ਹੈ। ਇਹ ਬਹੁਤ ਉਪਜਾਊ ਹੈ।
2.ਮਾਲਵਾ ਤੇ ਬਾਂਗਰ :
ੳ) ਮਾਲਵਾ: ਸਤਲੁਜ ਅਤੇ ਘੱਗਰ ਨਦੀਆਂ ਦੇ ਵਿਚਕਾਰ ਫੈਲੇ ਪ੍ਰਦੇਸ਼ ਨੂੰ ਮਾਲਵਾ ਕਹਿੰਦੇ ਹਨ। ਲੁਧਿਆਣਾ, ਪਟਿਆਲਾ, ਨਾਭਾ, ਸੰਗਰੂਰ, ਫ਼ਰੀਦਕੋਟ, ਬਠਿੰਡਾ ਇਸ ਦੇ ਪ੍ਰਸਿੱਧ ਸ਼ਹਿਰ ਹਨ।
ਅ) ਬਾਂਗਰ: ਪੱਗਰ ਅਤੇ ਯਮੁਨਾ ਨਦੀ ਦੇ ਵਿਚਕਾਰਲੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਨੂੰ ਹਰਿਆਣਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਜੀਂਦ, ਰੋਹਤਕ, ਕਰਨਾਲ ਇਸ ਦੇ ਪ੍ਰਮੁੱਖ ਸ਼ਹਿਰ ਹਨ।
3.ਦੱਖਣ ਪੱਛਮ ਦੇ ਮਾਰੂਥਲ: ਪੰਜਾਬ ਦੇ ਦੁਆਬਿਆਂ ਦੇ ਹੇਠਲੇ ਪਾਸੇ ਦੱਖਣ- ਪੱਛਮ ਵਿਚ ਘੱਟ ਵਰਖਾ ਵਾਲਾ ਰੇਤਲਾ ਇਲਾਕਾ ਹੈ। ਇਹ ਹੁਣ ਪਾਕਿਸਤਾਨ ਵਿੱਚ ਹੈ। ਮੌਜੂਦਾ ਪੰਜਾਬ ਦੇ ਫ਼ਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਦੇ ਕੁਝ ਭਾਗ ਇਸ ਖੇਤਰ ਵਿੱਚ ਸ਼ਾਮਲ ਹਨ ।
ਪ੍ਰ 2.ਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬ ਦੇ ਰਾਜਨੀਤਕ ਅਤੇ ਧਾਰਮਿਕ ਖੇਤਰ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ? ਵਿਸਥਾਰ ਸਹਿਤ ਲਿਖੋ |
ਉੱਤਰ :ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇਸ ਨੂੰ ਹਰ ਪੱਖੋਂ ਪ੍ਰਭਾਵਿਤ ਕੀਤਾ ਹੈ। ਪੰਜਾਬ ਦੀ ਸਥਿਤੀ ਨੇ ਇਸ ਦੇ ਰਾਜਨੀਤਿਕ ਤੇ ਧਾਰਮਿਕ ਖੇਤਰ ਤੇ ਹੇਠ ਲਿਖੇ ਪ੍ਰਭਾਵ ਪਾਏ
ਰਾਜਨੀਤਕ ਖੇਤਰ ਤੇ ਪ੍ਰਭਾਵ :
1.ਸਾਰੇ ਹਮਲਾਵਰ ਪੰਜਾਬ ਵਿੱਚੋਂ ਦੀ ਲੰਘ ਕੇ ਹੀ ਭਾਰਤ ‘ਤੇ ਹਮਲਾ ਕਰਦੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬੀਆਂ ਨਾਲ ਯੁੱਧ ਕਰਨਾ ਪੈਂਦਾ ਸੀ ।
2.ਸਾਰੇ ਮਹੱਤਵਪੂਰਨ ਯੁੱਧ ਪੰਜਾਬ ਦੀ ਧਰਤੀ ਤੇ ਹੀ ਲੜੇ ਗਏ
3.ਜੰਗਲਾਂ ਅਤੇ ਪਹਾੜਾਂ ਨੇ ਵੀ ਪੰਜਾਬ ਦੇ ਰਾਜਨੀਤਿਕ ਇਤਿਹਾਸ ਨੂੰ ਪ੍ਰਭਾਵਿਤ ਕੀਤਾ। ਸਿੱਖਾਂ ਨੇ ਅਬਦਾਲੀ ਦੇ ਵਿਰੁੱਧ ਸੰਘਰਸ਼ ਕਰਨ ਲਈ ਜੰਗਲਾਂ ਵਿੱਚ ਸ਼ਰਨ ਲਈ
4.ਪੰਜਾਬ ਦੀ ਰਾਜਨੀਤਿਕ ਤੇ ਭੂਗੋਲਿਕ ਸਥਿਤੀ ਕਾਰਨ ਹੀ ਅੰਗਰੇਜ਼ ਪੰਜਾਬ ਨੂੰ ਸਭ ਤੋਂ ਬਾਅਦ ਬ੍ਰਿਟਿਸ਼ ਭਾਰਤੀ ਰਾਜ ਵਿੱਚ ਮਿਲਾ ਸਕੇ ।
ਧਾਰਮਿਕ ਖੇਤਰ ਤੇ ਪ੍ਰਭਾਵ:
1.ਵੇਦਾਂ ਦੀ ਰਚਨਾ ਪੰਜਾਬ ਦੀ ਧਰਤੀ ‘ਤੇ ਹੀ ਹੋਈ।
2.ਪੰਜਾਬ ਵਿੱਚ ਅਨੇਕਾਂ ਧਾਰਮਿਕ ਅੰਦੋਲਨ ਹੋਏ ।
3.ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਸਿੱਖ ਧਰਮ ਦੀ ਉੱਤਪਤੀ ਹੋਈ ।
4.ਅੱਤਿਆਚਾਰਾਂ ਵਿਰੁੱਧ ਧਰਮ ਦੀ ਰੱਖਿਆ ਲਈ ਸਿੱਖ ਗੁਰੂਆਂ ਦੇ ਬਲਿਦਾਨ ਸਦਕਾ ਪੰਜਾਬ ਵਿੱਚ ਸਿੱਖ ਧਰਮ ਤੇਜ਼ੀ ਨਾਲ ਵਿਕਸਤ ਹੋਇਆ ।
3.ਵਿਦੇਸ਼ੀ ਹਮਲਿਆਂ ਦੇ ਪੰਜਾਬ ਦੇ ਲੋਕਾਂ ਤੇ ਕੀ ਪ੍ਰਭਾਵ ਪਏ?
ਉੱਤਰ :ਮੱਧ ਏਸ਼ੀਆ ਵੱਲੋਂ ਆਉਣ ਵਾਲੇ ਸਾਰੇ ਹਮਲਾਵਰ ਪੰਜਾਬ ਵਿਚ ਪਹਿਲਾਂ ਆਏ ।ਇਨ੍ਹਾਂ ਵਿੱਚੋਂ ਕੁਝ ਪੰਜਾਬ ਵਿੱਚ ਹੀ ਵੱਸ ਗਏ । ਨਿਰੰਤਰ ਯੁੱਧਾਂ ਕਾਰਨ ਪੰਜਾਬ ਦੇ ਲੋਕਾਂ ਵਿਚ ਨਿਡਰਤਾ ਤੇ ਮਾਣ ਦੀ ਭਾਵਨਾ ਵਧੀ। ਕਈ ਜਾਤੀਆਂ, ਉਪ- ਜਾਤੀਆਂ ਤੇ ਕਬੀਲਿਆਂ ਦੇ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਪੰਜਾਬੀਆਂ ਦੇ ਖਾਣ- ਪੀਣ ਰੀਤੀ- ਰਿਵਾਜ, ਭਾਸ਼ਾ, ਰਹਿਣ – ਸਹਿਣ, ਪਹਿਰਾਵੇ ਆਦਿ ਵਿੱਚ ਵੀ ਤਬਦੀਲੀ ਆਈ ।ਪੰਜਾਬ ਉੱਤੇ ਹੁੰਦੇ ਹਮਲਿਆਂ ਕਾਰਨ ਪੰਜਾਬ ਦੀ ਕਲਾ ਤੇ ਸਾਹਿਤ ਦਾ ਬਹੁਤ ਨੁਕਸਾਨ ਹੋਇਆ । ਭਿੰਨ- ਭਿੰਨ ਸਮਿਆਂ ਵਿੱਚ ਪੰਜਾਬ ਦੀਆਂ ਰਾਜਨੀਤਿਕ ਸੀਮਾਵਾਂ ਸੁੰਗੜਦੀਆਂ ਤੇ ਫੈਲਦੀਆਂ ਰਹੀਆਂ ।