ਪਾਠ 5: ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵ
ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਸ਼ਬਦਾਂ ਤੋਂ ਇੱਕ ਵਾਕ ਵਿੱਚ ਦਿਓ:-
1. ਪੌਦੇ ਸੂਰਜ ਦੀ ਰੌਸ਼ਨੀ ਤੋਂ ਪ੍ਰਕਾਸ਼ ਸੰਸਲੇਸ਼ਣ ਵਿਧੀ ਰਾਹੀਂ ਆਪਣਾ ਭੋਜਨ ਤਿਆਰ ਕਰਦੇ ਹਨ।
2. ਪੰਜਾਬ ਦਾ 1837 ਵਰਗ ਕਿਲੋਮੀਟਰ ਇਲਾਕਾ ਵਣਾਂ ਹੇਠ ਹੈ ਜੋ 6.07 ਫੀਸਦੀ ਬਣਦਾ ਹੈ।
3. ਜੀਵ ਮੰਡਲ ਬਨਸਪਤੀ ਉੱਗਦੀ ਹੈ ਤੇ ਮਿੱਟੀ ਦੀ ਕਿਸਮ ਬਨਸਪਤੀ ਉੱਤੇ ਅਸਰ ਪਾਉਂਦੀ ਹੈ।
4. ਧਰਤੀ ਦਾ ਉਹ ਮੰਡਲ ਕਿਹੜਾ ਹੈ ਜਿਸ ਵਿਚ ਜੀਵਨ ਹੈ?
ਉੱਤਰ-ਜੀਵ ਮੰਡਲ।
5. ਪੰਜਾਬ ਦੇ ਕਿਹੜੇ ਜ਼ਿਲੇ, ਵਿਚ ਸਭ ਤੋਂ ਵੱਧ ਜੰਗਲ ਮਿਲਦੇ ਹਨ?
ਉੱਤਰ- ਹੁਸ਼ਿਆਰਪੁਰ
6. ਚਿੰਕਾਰਾ ਕਿਹੜੇ ਜਾਨਵਰ ਦੀ ਕਿਸਮ ਹੈ?
ਉੱਤਰ- ਛੱਲੇਦਾਰ ਸਿੰਗਾਂ ਵਾਲਾ ਹਿਰਨ।
7. ਬੀੜ ਕੀ ਹੁੰਦੀ ਹੈ?
ਉੱਤਰ- ਕਿਸੇ ਖੇਤਰ ਵਿੱਚ ਸੰਘਣੀ ਬਨਸਪਤੀ ਦੇ ਜੋ ਛੋਟੇ ਵੱਡੇ ਟੁਕੜੇ ਮਿਲਦੇ ਹਨ, ਉਹਨਾਂ ਨੂੰ ਸਥਾਨਕ ਲੋਕਾਂ ਦੁਆਰਾ ਬੀੜ ਜਾਂ ਝਿੜੀ
ਦਾ ਨਾਮ ਦਿੱਤਾ ਜਾਂਦਾ ਹੈ।
8. ਉਪ-ਊਸ਼ਣ ਝਾੜੀਦਾਰ ਬਨਸਪਤੀ ਵਿੱਚ ਮਿਲਦੇ ਘਾਹ ਦਾ ਨਾਮ ਲਿਖੋ?
ਉੱਤਰ- ਸਰਕੰਡਾ।
9. ਪੰਜਾਬ ਦੇ ਕੁੱਲ ਖੇਤਰਫਲ ਕਿੰਨੇ ਫੀਸਦੀ ਰਕਬਾ ਵਣਾਂ ਹੇਠ ਹੈ?
ਉੱਤਰ-6.07%
10. ਝਾੜੀਦਾਰ ਤੇ ਕੰਡੇਦਾਰ ਜੰਗਲੀ ਇਲਾਕਿਆਂ ਵਿੱਚ ਕਿਹੜੇ ਜਾਨਵਰ ਮਿਲਦੇ ਹਨ?
ਉੱਤਰ- ਊਠ, ਸ਼ੇਰ, ਬੱਬਰ ਸ਼ੇਰ, ਚੂਹੇ, ਖ਼ਰਗੋਸ਼ ਆਦਿ।
ੲ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :
ਪ੍ਰਸ਼ਨ 1. ਫਲੋਰਾ ਤੇ ਫੌਨਾ ਕੀ ਹਨ? ਸਪੱਸ਼ਟ ਕਰੋ।
ਉੱਤਰ- ਕਿਸੇ ਖੇਤਰ ਜਾਂ ਸਮੇਂ ਦੀ ਸਾਰੀ ਬਨਸਪਤੀ ਨੂੰ ‘ਫਲੋਰਾ’ ਦਾ ਨਾਮ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਖੇਤਰ ਜਾਂ ਕਿਸੇ ਸਮੇਂ ਵਿਚ ਮੌਜੂਦ ਸਾਰੇ ਪ੍ਰਾਣੀਆਂ ਨੂੰ ਫੋਨਾਂ ਕਿਹਾ ਜਾਂਦਾ ਹੈ।
ਪ੍ਰਸ਼ਨ 2. ਵਣਾਂ ਦੀ ਰੱਖਿਆ ਕਿਉਂ ਜ਼ਰੂਰੀ ਹੈ? ਲਿਖ ਕੇ ਸਮਝਾਓ।
ਉੱਤਰ-1. ਜੰਗਲ ਵਰਖਾ ਕਰਵਾਉਣ ਵਿੱਚ ਸਹਾਈ ਹੁੰਦੇ ਹਨ।
2. ਜੰਗਲ ਭੌਂ-ਖੁਰਨ ਅਤੇ ਹੜ੍ਹਾਂ ਉਪਰ ਕੰਟਰੋਲ ਕਰਨ ਵਿੱਚ ਸਹਾਇਤਾ ਕਰਦੇ ਹਨ।
3. ਜੰਗਲ ਕਈ ਤਰ੍ਹਾਂ ਦੀ ਲੱਕੜੀ ਪ੍ਰਦਾਨ ਕਰਦੇ ਹਨ ਜਿਹੜੇ ਅਲੱਗ ਅਲੱਗ ਕੰਮਾਂ ਲਈ ਵਰਤੀ ਜਾਂਦੀ ਹੈ।
4. ਜੰਗਲੀ ਦਰਖਤਾਂ ਤੋਂ ਜਲ ਵਾਸ਼ਪ ਹਵਾ ਵਿੱਚ ਜਾਂਦੇ ਰਹਿੰਦੇ ਹਨ ਜਿਸ ਨਾਲ ਹਵਾ ਦਾ ਤਾਪਮਾਨ ਠੰਢਾ ਰਹਿੰਦਾ ਹੈ।
5. ਜੰਗਲ ਬਹੁਤ ਵੱਡੀ ਮਾਤਰਾ ਵਿੱਚ ਕਾਰਬਨਡਾਇਆਕਸਾਈਡ ਵਰਤਦੇ ਹਨ ਅਤੇ ਹਵਾ ਵਿੱਚ ਆਕਸੀਜਨ ਛੱਡਦੇ ਹਨ ਜਿਹੜੀ ਜਾਨਵਰਾਂ ਅਤੇ ਮਨੁੱਖਾਂ ਨੂੰ ਜੀਵਨ ਦਿੰਦੀ ਹੈ।
ਪ੍ਰਸ਼ਨ 3. ਸਦਾ ਬਹਾਰ ਵਣਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-1. ਸਦਾ ਬਹਾਰ ਵਣਾਂ ਦੇ ਸਾਰੇ ਪੱਤੇ ਇਕੱਠੇ ਨਹੀਂ ਝੜਦੇ ਜਿਸ ਕਾਰਨ ਰੁੱਖ ਸਾਰਾ ਸਾਲ ਹਰੇ ਹੀ ਨਜ਼ਰ ਆਉਂਦੇ ਹਨ। 2.ਇਹ ਵਣ ਗਰਮ ਤੇ ਤਰ ਭਾਗਾਂ ਵਿੱਚ ਮਿਲਦੇ ਹਨ ਇੱਥੇ ਸਾਲਾਨਾ ਵਰਖਾ 200 ਤੋਂ 300 ਸੈਂਟੀਮੀਟਰ ਜਾਂ ਇਸ ਤੋਂ ਜ਼ਿਆਦਾ ਹੁੰਦੀ ਹੈ।
3.ਇਨ੍ਹਾਂ ਜੰਗਲਾਂ ਦੇ ਦਰੱਖਤ 60 ਮੀਟਰ ਤੱਕ ਜਾਂ ਇਸ ਤੋਂ ਵੀ ਜ਼ਿਆਦਾ ਉੱਚੇ ਜਾ ਸਕਦੇ ਹਨ। 4.ਪੰਛੀ ਝਾਤ ਤੋਂ ਇਹ ਜੰਗਲ ਇੱਕ ਛੱਤਰ ਦੀ ਤਰ੍ਹਾਂ ਲੱਗਦੇਹਨ।
5.ਇਨ੍ਹਾਂ ਵਿੱਚ ਉੱਗਣ ਵਾਲੇ ਦਰੱਖਤਾਂ ਵਿੱਚ ਮੋਹਗਨੀ, ਐਬਨੀ, ਰੋਜ਼ਵੱਡੂ, ਟਾਹਲੀ, ਬਾਂਸ, ਰਬੜ, ਸਿਨਕੋਨਾ ਅਤੇ ਮੈਗੋਲੀਆ ਆਦਿ ਸ਼ਾਮਿਲ ਹਨ।
ਪ੍ਰਸ਼ਨ 4. ਪੰਜਾਬ ਦੀ ਕੁਦਰਤੀ ਬਨਸਪਤੀ ਨਾਲ ਜਾਣ ਪਛਾਣ ਕਰਵਾਓ।
ਉੱਤਰ- ਪੰਜਾਬ ਦੇ ਕੁੱਲ ਖੇਤਰਫਲ ਦਾ 6.07% ਹਿੱਸਾ ਹੀ ਬਨਸਪਤੀ ਜਾਂ ਜੰਗਲਾਂ ਹੇਠ ਹੈ। ਪੰਜਾਬ ਦੀ ਕੁਦਰਤੀ ਬਨਸਪਤੀ ਨੂੰ ਮੁੱਖ
ਤੌਰ ਤੇ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-
1. ਹਿਮਾਲਿਆ ਪ੍ਰਕਾਰ ਦੀ ਸਿੱਲ੍ਹੀ ਸ਼ੀਤ-ਊਸ਼ਣ ਬਨਸਪਤੀ।
2. ਉਪ- ਊਸ਼ਣ ਚੀਲ ਬਨਸਪਤੀ।
3. ਉਪ- ਊਸ਼ਣ ਝਾੜੀਦਾਰ ਪਹਾੜੀ ਬਨਸਪਤੀ।
4. ਊਸ਼ਣ-ਖੁਸ਼ਕ ਪੱਤਝੜੀ ਬਨਸਪਤੀ।
5. ਊਸ਼ਣ ਕੰਡੇਦਾਰ ਬਨਸਪਤੀ।
ਪ੍ਰਸ਼ਨ 5. ਔਲਾ ਤੁਲਸੀ ਤੇ ਸਿਨਕੋਨਾ ਤੋਂ ਕੀ ਲਾਭ ਹੋ ਸਕਦੇ ਹਨ, ਲਿਖੋ।
ਉੱਤਰ-ਆਂਵਲਾ: ਇਹ ਵਿਟਾਮਿਨ ਸੀ ਨਾਲ ਭਰਪੂਰ ਹੈ। ਇਹ ਪਾਚਨ ਸ਼ਕਤੀ ਨੂੰ ਸੁਧਾਰਦਾ ਹੈ। ਇਸ ਨੂੰ ਖਾਂਸੀ ਸ਼ੂਗਰ ਅਤੇ ਕਬਜ਼ ਦੂਰ ਕਰਨ ਵਾਸਤੇ ਵਰਤਿਆ ਜਾਂਦਾ ਹੈ।
ਤੁਲਸੀ: ਖਾਂਸੀ ਜ਼ੁਕਾਮ ਅਤੇ ਬੁਖਾਰ ਦੀ ਸੂਰਤ ਵਿਚ ਵਰਤੀ ਜਾਂਦੀ ਹੈ।
ਸਿਨਕੋਨਾ: ਪੌਦੇ ਦੀ ਛਿੱਲ ਤੋਂ ਕੁਨੀਨ ਬਣਾਈ ਜਾਂਦੀ ਹੈ ਜੋ ਮਲੇਰੀਆ ਨੂੰ ਠੀਕ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ।
ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ:
ਪ੍ਰਸ਼ਨ 1.ਕੁਦਰਤੀ ਬਨਸਪਤੀ ਮਨੁੱਖੀ ਸਮਾਜ ਦੇ ਫੇਫੜੇ ਹੁੰਦੇ ਹਨ, ਕਿਵੇਂ ?
ਉੱਤਰ- ਕੁਦਰਤੀ ਬਨਸਪਤੀ ਮਨੁੱਖੀ ਸਮਾਜ ਦੇ ਫੇਫੜੇ ਹੁੰਦੇ ਹਨ ਇਹ ਕਈ ਤਰੀਕਿਆਂ ਨਾਲ ਮਨੁੱਖ ਦੀ ਸਹਾਇਤਾ ਕਰਦੇ ਹਨ ਇਨ੍ਹਾਂ
ਦੇ ਲਾਭਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:-
1. ਜੰਗਲ ਬਹੁਤ ਵੱਡੀ ਮਾਤਰਾ ਵਿੱਚ ਕਾਰਬਨਡਾਈਆਕਸਾਈਡ ਵਰਤਦੇ ਹਨ ਅਤੇ ਹਵਾ ਵਿੱਚ ਆਕਸੀਜਨ ਛੱਡਦੇ ਹਨ ਜਿਹੜੀ ਜਾਨਵਰਾਂ ਅਤੇ ਮਨੁੱਖਾਂ ਨੂੰ ਜੀਵਨ ਦਿੰਦੀ ਹੈ।
2. ਜੰਗਲ ਜੀਵਾਂ ਨੂੰ ਆਪਣੇ ਵੱਲ ਖਿੱਚਦੇ ਹਨ ਅਤੇ ਉਨ੍ਹਾਂ ਨੂੰ ਖਾਣ ਵਾਸਤੇ ਭੋਜਨ ਅਤੇ ਰਹਿਣ ਵਾਸਤੇ ਠਾਹਰ ਪ੍ਰਧਾਨ ਕਰਦੇ ਹਨ।
3. ਜੰਗਲ ਸੂਰਜ ਦੀ ਚਮਕ, ਆਵਾਜ਼ ਪ੍ਰਦੂਸ਼ਣ ਅਤੇ ਪੌਣਾਂ ਦੀ ਰਫ਼ਤਾਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
4. ਜੰਗਲ ਧਰਤੀ ਹੇਠਲੇ ਪਾਣੀ ਦਾ ਪੱਧਰ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੁੰਦੇ ਹਨ।
5. ਜੰਗਲ ਵਿੱਚ ਕਈ ਤਰ੍ਹਾਂ ਦੀਆਂ ਔਸ਼ਧਿਕ ਜੜ੍ਹੀ ਬੂਟੀਆਂ ਅਤੇ ਪੌਦੇ ਮਿਲਦੇ ਹਨ ਜਿਹੜੇ ਨਵੀਆਂ ਦਵਾਈਆਂ ਦੀ ਖੋਜ ਕਰਨ ਲਈ ਸਾਇੰਸਦਾਨਾਂ ਵਾਸਤੇ ਬਹੁਤ ਸਹਾਈ ਸਿੱਧ ਹੁੰਦੇ ਹਨ।
6. ਆਮ ਤੌਰ ‘ਤੇ ਜੰਗਲ ਸਾਡੇ ਵਾਤਾਵਰਨ ਨੂੰ ਸਿਹਤਮੰਦ ਤੇ ਸੁੰਦਰ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।
7. ਜੰਗਲ ਭੌਂ-ਖੋਰ ਨੂੰ ਰੋਕਦੇ ਹਨ ਅਤੇ ਵਰਖਾ ਕਰਵਾਉਣ ਵਿੱਚ ਸਹਾਈ ਹੁੰਦੇ ਹਨ ।
ਪ੍ਰਸ਼ਨ 2. ਕੁਦਰਤੀ ਬਨਸਪਤੀ ਨੂੰ ਕਿਹੜੇ ਭੂਗੋਲਿਕ ਤੱਤ ਪ੍ਰਭਾਵਿਤ ਕਰਦੇ ਹਨ?
ਉੱਤਰ- ਕੁਦਰਤੀ ਬਨਸਪਤੀ ਖੇਤਰੀ ਭਿੰਨਤਾਵਾਂ ਲਈ ਜ਼ਿੰਮੇਵਾਰ ਭੂਗੋਲਿਕ ਤੱਤ ਹੇਠਾਂ ਦਿੱਤੇ ਗਏ ਹਨ:
1. ਭੂਮੀ:- ਭੂਮੀ ਜਾਂ ਧਰਾਤਲ ਦਾ ਕੁਦਰਤੀ ਬਨਸਪਤੀ ਦੀ ਕਿਸਮ ਅਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਸਮੁੰਦਰੀ ਤਲ ਤੋਂ ਉੱਚਾਈ ਦੇ
ਵਧਣ ਨਾਲ ਜਾਂ ਭੂਮੀ ਦੀ ਕਿਸਮ ਦੇ ਬਦਲਾਅ ਨਾਲ ਬਨਸਪਤੀ ਦੀ ਕਿਸਮ ਵਿੱਚ ਵੀ ਤਬਦੀਲੀ ਆ ਜਾਂਦੀ ਹੈ।
2. ਮਿੱਟੀ:-ਮਿੱਟੀ ਇਕ ਅਜਿਹਾ ਮਾਧਿਅਮ ਹੈ ਜਿਸ ਵਿੱਚ ਬਨਸਪਤੀ ਉੱਗਦੀ ਹੈ। ਮਿੱਟੀ ਦੀ ਕਿਸਮ ਲਗਪਗ ਅੰਤਲੀ ਹੱਦ ਤਕ ਬਨਸਪਤੀ ਦੀ ਕਿਸਮ ਨੂੰ ਪ੍ਰਭਾਵਿਤ ਕਰਦੀ ਹੈ।
3. ਤਾਪਮਾਨ:-ਕਿਸੇ ਇਲਾਕੇ ਦਾ ਤਾਪਮਾਨ ਵੀ ਕੁਦਰਤੀ ਬਨਸਪਤੀ ਦੇ ਵਾਧੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਬਹੁਤ ਉੱਚੇ ਅਤੇ ਬਹੁਤ ਨੀਵੇਂ ਤਾਪਮਾਨ ਪੌਦਿਆਂ ਦੇ ਵਿਕਾਸ ਵਿਚ ਨਾਂਹ ਪੱਖੀ ਰੋਲ ਅਦਾ ਕਰਦੇ ਹਨ।
4. ਸੂਰਜ ਦੀ ਰੋਸ਼ਨੀ ਦੀ ਮਿਆਦ:- ਧੁੱਪ ਦੀ ਮਿਆਦ ਕਿਸੇ ਪੌਦੇ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀ ਹੈ ਕਿਉਂਕਿ ਪੌਦੇ ਸੂਰਜ ਦੀ ਰੋਸ਼ਨੀ ਵਿੱਚ ਆਪਣਾ ਭੋਜਨ ਤਿਆਰ ਕਰਦੇ ਹਨ। ਇਸ ਵਿਧੀ ਨੂੰ ਪ੍ਰਕਾਸ਼ ਸੰਸਲੇਸ਼ਣ ਕਿਹਾ ਜਾਂਦਾ ਹੈ
5. ਵਰਖਾ:- ਪੌਦੇ ਦੇ ਵਿਕਾਸ ਲਈ ਪਾਈ ਬਹੁਤ ਹੀ ਜ਼ਰੂਰੀ ਤੱਤ ਹੈ। ਇਸ ਲਈ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਬੜੀ ਸੰਘਣੀ ਕਿਸਮ ਦੀ ਕੁਦਰਤੀ ਬਨਸਪਤੀ ਹੁੰਦੀ ਹੈ ਜਦੋਂ ਕਿ ਘੱਟ ਵਰਖਾ ਵਾਲੇ ਮਾਰੂਥਲੀ ਖੇਤਰ ਵਿੱਚ ਕੁਦਰਤੀ ਬਨਸਪਤੀ ਦਾ ਵਿਕਾਸ ਬਹੁਤ ਘੱਟ ਹੁੰਦਾ ਹੈ।
ਪ੍ਰਸ਼ਨ 3. ਭਾਰਤੀ ਜੰਗਲਾਂ ਨੂੰ ਜਲਵਾਯੂ ਦੇ ਆਧਾਰ ਤੇ ਵੰਡੋ ਅਤੇ ਰੁੱਖਾਂ ਦੇ ਨਾਮ ਵੀ ਲਿਖੋ।
ਉੱਤਰ-1. ਊਸ਼ਣ ਸਦਾਬਹਾਰ ਜੰਗਲ:- ਇਹ ਉਹ ਜੰਗਲ ਹਨ ਜਿਨ੍ਹਾਂ ਦੇ ਰੁੱਖਾਂ ਦੇ ਸਾਰੇ ਪੱਤੇ ਇਕੱਠੇ ਨਹੀਂ ਝੜ੍ਹਦੇ, ਜਿਸ ਕਰ ਕੇ ਅਜਿਹੀ ਬਨਸਪਤੀ ਦੇ ਰੁੱਖ ਸਾਰਾ ਸਾਲ ਹਰੇ ਹੀ ਨਜ਼ਰ ਆਉਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਸਦਾਬਹਾਰ ਜੰਗਲ ਕਹਿੰਦੇ ਹਨ। ਇਨਾਂ ਵਿੱਚ ਉੱਗਣ ਵਾਲੇ ਦਰੱਖਤਾਂ ਵਿੱਚ ਮਹੋਗਨੀ, ਐਬਨੀ, ਰੋਜ਼ਵੱਡੂ, ਟਾਹਲੀ, ਬਾਂਸ, ਰਬੜ, ਸਿਨਕੋਨਾ ਅਤੇ ਮੈਗੋਲ ੀਆ ਆਸ਼ਾਮਿਲ ਹਨ।
2. ਊਸ਼ਣ ਪਤਝੜੀ ਜਾਂ ਮੌਨਸੂਨੀ ਜੰਗਲ:- ਇਸ ਕਿਸਮ ਦੇ ਜੰਗਲ 70 ਤੋਂ 200 ਸੈਂਟੀਮੀਟਰ ਵਰਖਾ ਪ੍ਰਾਪਤ ਕਰਨ ਵਾਲੇ ਖੇਤਰਾਂ ਵਿੱਚ ਉੱਗਦੇ ਹਨ। ਇਨਾਂ ਜੰਗਲਾਂ ਤੇ ਰੁੱਖ ਮੌਸਮ ਦੇ ਹਿਸਾਬ ਨਾਲ ਪੱਤੇ ਝਾੜ ਦਿੰਦੇ ਹਨ। ਇਨ੍ਹਾਂ ਜੰਗਲਾਂ ਵਿੱਚ ਆਮ ਤੌਰ ਤੇ ਪਾਏ ਜਾਣ ਵਾਲੇ ਰੁੱਖਾਂ ਵਿੱਚ ਟੀਕ, ਸਾਲ, ਸੰਦਲਵੱਡੂ, ਦਿਓਦਾਰ, ਟਾਹਲੀ, ਖੈਰ ਆਦਿ ਸ਼ਾਮਿਲ ਹਨ। ਪਿ ਲ, ਲਿ, ਟੀਕ਼ਸਾਲ, ਸਫੈਦਾ ਆਦਿ ਦਰੱਖਤ ਇਨ੍ਹਾਂ ਜੰਗਲਾਂ ਵਿੱਚ ਉੱਗਦੇ ਹਨ।
3. ਝਾੜੀਆਂ ਅਤੇ ਕੰਡੇਦਾਰ ਜੰਗਲ:- ਇਸ ਕਿਸਮ ਦੇ ਜੰਗਲ ਉਹਨਾਂ ਖੇਤਰਾਂ ਵਿਚ ਪਾਏ ਜਾਂਦੇ ਹਨ ਜਿੱਥੇ ਸਾਲਾਨਾ ਵਰਖਾ 70 ਸੈਂਟੀਮੀਟਰ ਜਾਂ ਇਸ ਤੋਂ ਵੀ ਘੱਟ ਹੁੰਦੀ ਹੈ।ਕਿ ਰ, ਖਜੂਰੈ,,ਥੋਹਰ ਅਤੇ ਹੋਰ ਕੰਡੇਦਾਰ ਪੌਦੇ ਇੱਥੇ ਉੱਗਦੇ ਹਨ
4. ਜਵਾਰੀ ਜਾਂ ਮੈਂਗਰੂਵ ਜੰਗਲ:- ਇਸ ਕਿਸਮ ਦੇ ਜੰਗਲਾਂ ਦਰਿਆਵਾਂ ਦੇ ਡੈਲਟਿਆਂ ਦੇ ਇਲਾਕੇ ਵਿੱਚ ਅਤੇ ਸਮੁੰਦਰੀ ਤੱਟਾਂ ਦੇ ਨਾਲ- ਨਾਲ ਮਿਲਦੇ ਹਨ। ਜਿੱਥੇ ਜਵਾਰ-ਭਾਟਿਆਂ ਦਾ ਪ੍ਰਭਾਵ ਪੈਂਦਾ ਹੈ। ਇਸ ਕਿਸਮ ਦੇ ਜੰਗਲ ਸੰਘਣੇ ਹੁੰਦੇ ਹਨ ਅਤੇ ਤਾਜ਼ੇ ਜਾਂ ਨਮਕੀਨ ਪਾਈਆਂ ਵਿੱਚ ਰਹਿ ਸਕਦੇ ਹਨ। ਸੁੰਦਰੀ, ਤਾੜ ਅਤੇ ਨਾਰੀਅਲ ਇਨ੍ਹਾਂ ਜੰਗਲਾਂ ਵਿਚ ਮਿਲਣ ਵਾਲੇ ਰੁੱਖ ਹਨ। ਰਾਇਲ ਬੰਗਾਲ ਟਾਈਗਰ ਇਨ੍ਹਾਂ ਜੰਗਲਾਂ ਵਿਚ ਮਿਲਣ ਵਾਲਾ ਸੰਸਾਰ ਪ੍ਰਸਿੱਧ ਜਾਨਵਰ ਹੈ।
5.ਪਰਬਤੀ ਜੰਗਲ:- ਸਮੁੰਦਰੀ ਤਲ ਤੋਂ ਉੱਚਾਈ ਦੇ ਵਧਣ ਨਾਲ ਅਤੇ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਪਰਬਤੀ ਭਾਗਾਂ ਵਿੱਚ ਬਨਸਪਤੀ ਦੀ ਕਿਸਮ ਬਦਲ ਜਾਂਦੀ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਊਸ਼ਣ ਪੱਤਝੜੀ ਜੰਗਲਾਂ ਵਿੱਚ ਸਦਾਬਹਾਰ ਅਖਰੋਟ, ਓਕ ਅਤੇ ਚੀਲ ਦੇ ਰੁੱਖ ਮਿਲਦੇ ਹਨ।
ਪ੍ਰਸ਼ਨ 4.ਪੰਜਾਬ ਦੀ ਕੁਦਰਤੀ ਬਨਸਪਤੀ ਦੀ ਵੰਡ ਬਾਰੇ ਚਾਨਣਾ ਪਾਓ।
ਉੱਤਰ-ਧਰਾਤਲ, ਜਲਵਾਯੂ ਅਤੇ ਮਿੱਟੀ ਦੀਆਂ ਕਿਸਮਾਂ ਵਿੱਚ ਵਖਰੇਵੇਂ ਹੋਣ ਕਾਰਨ ਪੰਜਾਬ ਦੀ ਕੁਦਰਤੀ ਬਨਸਪਤੀ ਨੂੰ ਮੁੱਖ ਤੌਰ ‘ਤੇ ਹੇਠ ਲਿਖੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ-
1.ਹਿਮਾਲਿਆ ਪ੍ਰਕਾਰ ਦੀ ਸਿੱਲ੍ਹੀ ਸੀਤ-ਊਸ਼ਣ ਬਨਸਪਤੀ- ਇਸ ਪ੍ਰਕਾਰ ਦੀ ਬਨਸਪਤੀ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਜ਼ਿਲ੍ਹਾ ਪਠਾਨਕੋਟ ਦੀ ਧਾਰ ਕਲਾਂ ਤਹਿਸੀਲ ਵਿਚ ਮਿਲਦੀ ਹੈ। ਇਸ ਖੇਤਰ ਵਿਚ ਘੱਟ ਉੱਚਾਈ ਵਾਲੇ ਚੀਲ ਦੇ ਰੁੱਖ ਵਧੇਰੇ ਮਿਲਦੇ ਹਨ। ਬਾਂਸ, ਸਹਿਤੂਤ, ਟਾਹਲੀ, ਅੰਬ, ਪਹਾੜੀ ਕਿੱਕਰ ਇੱਥੇ ਪੈਦਾ ਹੋਣ ਵਾਲੇ ਹੋਰ ਮਹੱਤਵਪੂਰਣ ਰੁੱਖ ਹਨ।
2.ਉਪ ਊਸ਼ਣ ਚੀਲ ਬਨਸਪਤੀ- ਅਜਿਹੀ ਕਿਸਮ ਦੀ ਬਨਸਪਤੀ ਮੁੱਖ ਤੌਰ ਤੇ ਪਠਾਨਕੋਟ ਜ਼ਿਲ੍ਹੇ ਦੀ ਪਠਾਨਕੋਟ ਤਹਿਸੀਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮੁਕੇਰੀਆਂ, ਦਸੂਹਾ ਅਤੇ ਹੁਸ਼ਿਆਰਪੁਰ ਤਹਿਸੀਲਾਂ ਦੀਆਂ ਉੱਚੀਆਂ ਢਲਾਨਾਂ ਤੇ ਮਿਲਦੀ ਹੈ। ਇਸ ਖੇਤਰ ਦੇ ਹੇਠਲੇ ਭਾਗਾਂ ਵਿੱਚ ਖ਼ੈਰ, ਸ਼ਹਿਤੂਤ, ਟਾਹਲੀ ਅਤੇ ਹੋਰ ਰਲੇ ਮਿਲੇ ਕਿਸਮਾਂ ਦੇ ਰੁੱਖ ਮਿਲਦੇ ਹਨ।
3.ਉਪ-ਊਸ਼ਣ ਝਾੜੀਦਾਰ ਪਹਾੜੀ ਬਨਸਪਤੀ:- ਪਠਾਨਕੋਟ ਜ਼ਿਲ੍ਹੇ ਦੇ ਬਾਕੀ ਬਚੇ ਭਾਗਾਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਰੂਪਨਗਰ ਦੇ ਪੂਰਬੀ ਭਾਗਾਂ ‘ਚ ਜ਼ਿਆਦਾਤਰ ਝਾੜੀਦਾਰ ਪਹਾੜੀ ਬਨਸਪਤੀ ਪਾਈ ਜਾਂਦੀ ਹੈ। ਇੱਥੇ ਝਾੜੀਦਾਰ ਬਨਸਪਤੀ ਤੋਂ ਇਲਾਵਾ ਕਈ ਤਰ੍ਹਾਂ ਦੇਰਲੇ ਮਿਲੇ ਰੁੱਖ ਮਿਲਦੇ ਹਨ। ਇੱਥੇ ਉੱਗਣ ਵਾਲਾ ਲੰਮੀ ਕਿਸਮ ਦਾ ਘਾਹ (ਸਰਕੰਡਾ) ਕਾਗਜ਼ ਅਤੇ ਰੱਸੀਆਂ ਦੇ ਨਿਰਮਾਣ ਵਿੱਚ ਵਰਤਿਆ ਜਾਂਦਾ ਹੈ।
4.ਊਸ਼ਣ- ਖੁਸ਼ਕ ਪੱਤਝੜੀ ਬਨਸਪਤੀ:-ਇਸ ਬਨਸਪਤੀ ਦੀ ਕਿਸਮ ਪੰਜਾਬ ਦੇ ਗਰਮ ਅਤੇ ਖੁਸ਼ਕ ਇਲਾਕਿਆਂ ਵਿਚ ਮਿਲਦੀ ਹੈ। ਰਾਜ ਦੇ ਲਹਿਰਦਾਰ ਤੇ ਉੱਚੇ ਨੀਵੇਂ ਮੈਦਾਨ, ਕੰਢੀ ਇਲਾਕਿਆਂ ਦੇ ਮੈਦਾਨ ਅਤੇ ਮੱਧਵਰਤੀ ਮੈਦਾਨਾਂ ਵਿੱਚ ਮੁੱਖ ਤੌਰ’ ਤੇ ਖੁਸ਼ਕ ਪੱਤਝੜੀ ਕਿਸਮ ਦੀ ਬਨਸਪਤੀ ਮਿਲਦੀ ਹੈ। ਐਸ.ਏ.ਐਸ ਨਗਰ ਅਤੇ ਪਟਿਆਲਾ ਵਿੱਚ ਰੁੱਖਾਂ ਦੇ ਸੰਘਣੇ ਝੁੰਡ ਜਾਂ ਇਲਾਕੇ ਜਿਨ੍ਹਾਂ ਨੂੰ ‘ਬੀੜ’ ਕਿਹਾ ਜਾਂਦਾ ਹੈ, ਮਿਲਦੇ ਸਨ। ਇਨ੍ਹਾਂ ਵਿਚੋਂ ਕੁਝ ਜਿਵੇਂ ਛੱਤ ਬੀੜ, ਬੀੜ ਭਾਦਸੋਂ, ਬੀੜ ਮੋਤੀਬਾਗ ਆਦਿ ਦੇ ਨਾਂ ਵਰਨਣਯੋਗ ਹਨ।
5.ਊਸ਼ਣ-ਕੰਡੇਦਾਰ ਬਨਸਪਤੀ:- ਇਸ ਕਿਸਮ ਦੀ ਬਨਸਪਤੀ ਮਾਨਸਾ’ ਬਠਿੰਡਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਜ਼ਿਆਦਾਤਰ ਭਾਗਾਂ ਅਤੇ
ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਮੱਧ- ਦੱਖਣੀ ਭਾਗਾਂ ਵਿੱਚ ਮਿਲਦੀ ਹੈ। ਕੰਡੇਦਾਰ ਝਾੜੀਆਂ ਤੇ ਥੋਹਰ ਤੋਂ ਇਲਾਵਾ ਟਾਹਲੀ,
ਕਿੱਕਰ, ਜੰਡ ਆਦਿ ਇੱਥੇ ਮਿਲਣ ਵਾਲੇ ਦਰੱਖਤ ਹਨ।
ਪ੍ਰਸ਼ਨ 5.ਜੰਗਲੀ ਜੀਵਨ ਅਤੇ ਉਸ ਦੀ ਸੁਰੱਖਿਆ ਵਿਧੀਆਂ ਬਾਰੇ ਵਿਸਥਾਰ ਨਾਲ ਦੱਸੋ।
ਉੱਤਰ-ਕੁਦਰਤੀ ਰਿਹਾਇਸ਼ਗਾਹਾਂ ਅਰਥਾਤ ਜੰਗਲਾਂ ਵਿੱਚ ਰਹਿ ਰਹੇ ਜਾਨਵਰਾਂ, ਪੰਛੀਆਂ ਤੇ ਕੀੜੇ ਮਕੌੜਿਆਂ ਨੂੰ ਜੰਗਲੀ ਜੀਵਨ ਕਿਹਾ ਜਾਂਦਾ ਹੈ। ਭਾਰਤੀ ਜੰਗਲਾਂ ਦੇ ਧਰਾਤਲ, ਜਲਵਾਯੂ ਹਾਲਾਤਾਂ ਅਤੇ ਈ ਦੀਆਂ ਕਿਸਮਾਂ ਵਿਚ ਭਿੰਨਤਾਵਾਂ ਹੋਣ ਕਾਰਨ ਕਈ ਕਿਸਮਾਂ ਦੀਆਂ ਕੁਦਰਤੀ ਰਿਹਾਇਸ਼ਗਾਹਾਂ ਪ੍ਰਦਾਨ ਕਰਦੇ ਹਨ। ਜਿਸ ਕਰਕੇ ਦੇਸ਼ ਵਿੱਚ ਕਈ ਕਿਸਮਾਂ ਦਾ ਜੰਗਲੀ ਜੀਵਨ ਮਿਲਦਾ ਹੈ। ਸਾਡੇ ਦੇਸ਼ ਵਿੱਚ ਜਾਨਵਰਾਂ ਦੀਆਂ 89 ਹਜ਼ਾਰ ਤੋਂ ਵੀ ਜ਼ਿਆਦਾ ਪ੍ਰਜਾਤੀਆਂ ਹਨ ਜਿਹੜਾ ਕਿ ਸੰਸਾਰ ਦੇ ਕੁੱਲ ਜਾਨਵਰ ਪ੍ਰਜਾਤੀਆਂ ਦਾ 6.5 ਪ੍ਰਤੀਸ਼ਤ ਹੈ।
ਜੰਗਲੀ ਜੀਵਾਂ ਦੀਆਂ ਸੁਰੱਖਿਆ ਵਿਧੀਆਂ
ਜੰਗਲੀ ਜੀਵ ਮਨੁੱਖੀ ਜੀਵਨ ਦਾ ਅਟੁ ਹਿੱਸਾ ਹਨ। ਇਸ ਕਰਕੇ ਜੰਗਲੀ ਜੀਵਾਂ ਨੂੰ ਬਚਾਉਣਾ ਅਤੇ ਸੰਭਾਲਣਾ ਮਨੁੱਖ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ। ਹੇਠ ਲਿਖੇ ਤਰੀਕੇ ਜੰਗਲੀ ਜੀਵਾਂ ਦੀ ਸੰਭਾਲ ਲਈ ਕਾਰਗਰ ਸਿੱਧ ਹੋ ਸਕਦੇ ਹਨ-
1. ਜੰਗਲੀ ਜੀਵਾਂ ਦੀ ਸੁਰੱਖਿਆ ਲਈ ਹੋਰ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।
2. ਸਾਡੇ ਕੌਮੀ ਪਾਰਕਾਂ ਤੇ ਜੰਗਲੀ ਜੀਵ ਪਨਾਹਗਾਹਾਂ ਵਿੱਚ ਜੰਗਲੀ ਜੀਵਾਂ ਲਈ ਪ੍ਰਬੰਧ ਅੱਛਾ ਹੋਣਾ ਚਾਹੀਦਾ ਹੈ।
3. ਸ਼ਿਕਾਰ ਕਰਨ ਤੇ ਲਗਾਈ ਗਈ ਪਾਬੰਦੀ ਸਖ਼ਤੀ ਨਾਲ ਲਾਗੂ ਹੋਈ ਚਾਹੀਦੀ ਹੈ।
4. ਸ਼ਿਕਾਰੀ ਅਤੇ ਚਰਵਾਹਿਆਂ ਵਜੋਂ ਰੁਜ਼ਗਾਰ ਕਰਨ ਵਾਲੇ ਲੋਕਾਂ ਨੂੰ ਜੰਗਲ ਵਿੱਚ ਦਾਖ਼ਲ ਹੋਣ ਦੀ ਆਗਿਆ ਨਾ ਦਿੱਤੀ ਜਾਵੇ। 5. ਖ਼ਤਮ ਹੋਣ ਦੇ ਖ਼ਤਰੇ ਵਾਲੀਆਂ ਪ੍ਰਜਾਤੀਆਂ ਅਤੇ ਜੋ ਪ੍ਰਜਾਤੀਆਂ ਖ਼ਤਮ ਹੋਣ ਦੇ ਕਿਨਾਰੇ ਹਨ ਉਨ੍ਹਾਂ ਨੂੰ ਬਚਾਉਣ ਲਈ ਖਾਸ ਧਿਆਨ ਦਿੱਤਾ ਜਾਵੇ।
6. ਲੋਕਾਂ ਵਿੱਚ ਜੰਗਲੀ ਜੀਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰਾਂ, ਵਰਕਸ਼ਾਪਾਂ ਅਤੇ ਨੁਮਾਇਸ਼ਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਤਿਆਰ ਕਰਤਾ:ਬਲਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਮਗਰਮੂਧੀਆਂ (ਗੁਰਦਾਸਪੁਰ)
ਪੜਤਾਲ ਕਰਤਾ: ਰਣਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਤਿੱਬੜ (ਗੁਰਦਾਸਪੁਰ)