ਪਾਠ – 3 (a) ਭਾਰਤ : ਜਲਪ੍ਰਵਾਹ
ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਸ਼ਬਦਾਂ ਤੋਂ ਇੱਕ ਵਾਕ ਵਿੱਚ ਦਿਓ:-
ਪ੍ਰਸ਼ਨ 1. ਇਨ੍ਹਾਂ ਵਿੱਚੋਂ ਕਿਹੜਾ ਦਰਿਆ ਗੰਗਾ ਦੀ ਸਹਾਇਕ ਨਦੀ ਨਹੀਂ ਹੈ:
1) ਜਮੁਨਾ (ਯਮੁਨਾ)
2) ਬਿਆਸ
3) ਗੰਡਕ
4) ਸੋਨ
ਉੱਤਰ: ਬਿਆਸ
ਪ੍ਰਸ਼ਨ 2.ਇਨ੍ਹਾਂ ਵਿੱਚੋਂ ਕਿਹੜੀ ਝੀਲ ਕੁਦਰਤੀ ਨਹੀਂ ਹੈ:
1) ਰੇਣੂਕਾ
2) ਚਿਲਕਾ
3) ਡਲ
4) ਰਣਜੀਤ ਸਾਗਰ
ਉੱਤਰ : ਰਣਜੀਤ ਸਾਗਰ
ਪ੍ਰਸ਼ਨ 3. ਭਾਰਤ ਵਿੱਚ ਸਭ ਤੋਂ ਵੱਡਾ ਨਦੀ ਤੰਤਰ ਕਿਹੜਾ ਹੈ?
1) ਗੰਗਾ ਜਲਤੰਤਰ
3) ਬ੍ਰਹਮਪੁੱਤਰ ਤੰਤਰ
2) ਗੋਦਾਵਰੀ ਤੰਤਰ
4) ਸਿੰਧ ਜਲਤੰਤਰ
ਉੱਤਰ : ਗੰਗਾ ਜਲਤੰਤਰ
ਪ੍ਰਸ਼ਨ 4. ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ?
ਉੱਤਰ : ਸੁੰਦਰਬਨ ਡੈਲਟਾ।
ਪ੍ਰਸ਼ਨ 5. ਦੋਆਬ ਕਿਸ ਨੂੰ ਆਖਦੇ ਹਨ
ਉੱਤਰ : ਦੋ ਦਰਿਆਵਾਂ ਦੇ ਵਿੱਚਕਾਰਲੇ ਇਲਾਕੇ ਨੂੰ।
ਪ੍ਰਸ਼ਨ 6. ਸਿੰਧ ਦਰਿਆ ਦੀ ਕੁੱਲ ਲੰਬਾਈ ਕਿੰਨੀ ਹੈ ਤੇ ਭਾਰਤ ਵਿੱਚ ਇਸ ਦਾ ਕਿੰਨਾ ਹਿੱਸਾ ਪੈਂਦਾ ਹੈ?
ਉੱਤਰ : ਸਿੰਧ ਦਰਿਆ ਦੀ ਕੁੱਲ ਲੰਬਾਈ 2880 ਕਿਲੋਮੀਟਰ ਅਤੇ ਭਾਰਤ ਵਿੱਚ ਇਸ ਦੀ ਲੰਬਾਈ 709 ਕਿਲੋਮੀਟਰ ਹੈ।
ਪ੍ਰਸ਼ਨ 7. ਪ੍ਰਾਇਦੀਪੀ ਭਾਰਤ ਦੀਆਂ ਤਿੰਨ ਨਦੀਆਂ ਦੱਸੋ ਜੋ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਹਨ।
ਉੱਤਰ : ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਅਤੇ ਮਹਾਂਨਦੀ।
ਪ੍ਰਸ਼ਨ 8. ਭਾਰਤੀ ਨਦੀ ਤੰਤਰ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ?
ਉੱਤਰ : ਭਾਰਤ ਦੇ ਨਦੀ ਤੰਤਰ ਨੂੰ ਚਾਰ ਭਾਗਾਂ ਵਿੱਚ ਵੰਡ ਸਕਦੇ ਹਾਂ
1. ਹਿਮਾਲਿਆ ਦੀਆਂ ਨਦੀਆਂ
2. ਪ੍ਰਾਇਦੀਪੀ ਨਦੀ ਤੰਤਰ
3. ਤੱਟ ਦੀਆਂ ਨਦੀਆਂ
4. ਅੰਦਰੂਨੀ ਨਦੀ ਤੰਤਰ
ਪ੍ਰਸ਼ਨ 9. ਸਿੰਧ ਦਰਿਆ ਕਿਹੜੇ ਗਲੇਸ਼ੀਅਰ ‘ਚੋਂ ਜਨਮ ਲੈਂਦਾ ਹੈ ?
ਉੱਤਰ : ਬੋਖਰ-ਛੂ ਹਿਮਨਦੀ।
ਪ੍ਰਸ਼ਨ 10. ਕੋਈ ਦੋ ਮੌਸਮੀ ਦਰਿਆਵਾਂ ਦੇ ਨਾਮ ਲਿਖੋ।
ਉੱਤਰ : ਮਹਾਂਨਦੀ ਅਤੇ ਗੋਦਾਵਰੀ
ਪ੍ਰਸ਼ਨ 11. ਮਹਾਂਨਦੀ ਦਾ ਜਨਮ ਸਥਾਨ ਕੀ ਹੈ? ਇਸਦੀਆਂ ਦੋ ਸਹਾਇਕ ਨਦੀਆਂ ਦੱਸੋ।
ਉੱਤਰ : ਮਹਾਂਨਦੀ ਛੱਤੀਸਗੜ੍ਹ ਰਾਜ ਦੇ ਦੰਡਾਕਾਰਨਿਆਂ ਤੋਂ ਨਿਕਲਦੀ ਹੈ। ਇਬ ਅਤੇ ਸ਼ਿਉਨਾਥ ਇਸ ਦੀਆਂ ਸਹਾਇਕ ਨਦੀਆਂ ਹਨ।
ਪ੍ਰਸ਼ਨ 12. ਭਾਰਤ ਦੀਆ ਪੰਜ ਪ੍ਰਮੁੱਖ ਕੁਦਰਤੀ ਝੀਲਾਂ ਦੇ ਨਾਮ ਲਿਖੋ।
ਉੱਤਰ : ਚੰਦਰਤਾਲ, ਡੱਲ, ਪੁਲੀਕੱਟ, ਚਿਲਕਾ ਅਤੇ ਪੁਸ਼ਕਰ
ੲ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :
ਪ੍ਰਸ਼ਨ 1. ਗੰਗਾ ਦਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਇਸ ਦੀ ਰੋਕਥਾਮ ਲਈ ਕੀ ਕੀਤਾ ਗਿਆ ਹੈ?
ਉੱਤਰ: ਗੰਗਾ ਨਦੀ ਵਿੱਚ ਪ੍ਰਦੂਸ਼ਣ ਦੀ ਮਾਤਰਾ ਖ਼ਤਰੇ ਦੀ ਹੱਦ ਤੋਂ ਵੀ ਕਿਤੇ ਜ਼ਿਆਦਾ ਹੈ ਇਸ ਦੀ ਰੋਕਥਾਮ ਲਈ ਸਰਕਾਰਾਂ ਨੇ ਸਮੇਂ- ਸਮੇਂ ‘ਤੇ ਕਦਮ ਚੁੱਕੇ ਹਨ। ਅਪ੍ਰੈਲ 1986 ਵਿੱਚ ਗੰਗਾ ਐਕਸ਼ਨ ਪਲਾਨ ਬਣਾਇਆ ਗਿਆ ਸੀ ਤੇ ਇਸ ਨੂੰ ਜਾਰੀ ਰੱਖਦੇ ਹੋਏ 2009 ਵਿੱਚ ਤਤਕਾਲੀ ਸਰਕਾਰ ਨੇ ਨੈਸ਼ਨਲ ਰੰਗਾ ਬੇਸਿਨ ਅਥਾਰਟੀ ਦਾ ਨਿਰਮਾਣ ਕੀਤਾ ਸੀ। ਸੰਨ 2015 ਵਿੱਚ ਕੇਂਦਰ ਸਰਕਾਰ ਨੇ ਗੰਗਾ ਨਦੀ ਨੂੰ ਸਾਫ਼ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਸਨ।
ਪ੍ਰਸ਼ਨ 2. ਭਾਰਤ ਦੇ ਅੰਦਰੂਨੀ ਜਲਤੰਤਰ ‘ਤੇ ਨੋਟ ਲਿਖੋ।
ਉੱਤਰ : ਭਾਰਤ ਦੀਆਂ ਕੁਝ ਨਦੀਆਂ ਸਮੁੰਦਰ ਤੱਕ ਨਹੀਂ ਪਹੁੰਚਦੀਆਂ ਅਤੇ ਰਸਤੇ ਵਿੱਚ ਵਿਲੀਨ ਹੋ ਜਾਂਦੀਆਂ ਹਨ। ਲਗਭਗ 465
ਕਿਲੋਮੀਟਰ ਲੰਬੀ ਘੱਗਰ ਨਦੀ ਇਸ ਦੀ ਸਭ ਤੋਂ ਮਹੱਤਵਪੂਰਨ ਉਦਾਹਰਨ ਹੈ। ਇਸੇ ਤਰ੍ਹਾਂ ਲੂਨੀ ਨਦੀ (ਰਾਜਸਥਾਨ) ਅਤੇ ਲੱਦਾਖ ਵਿੱਚ ਵਗਣ ਵਾਲੀਆਂ ਨਦੀਆਂ ਇਸਦੀ ਉਦਾਹਰਨ ਹਨ।
ਪ੍ਰਸ਼ਨ 4. ਬਿਰਧ ਗੰਗਾ ਕੀ ਹੈ?
ਉੱਤਰ : ਗੰਗਾ ਤੋਂ ਬਾਅਦ ਭਾਰਤ ਦੀ ਦੂਸਰੀ ਸਭ ਤੋਂ ਲੰਬੀ ਨਦੀ ਗੋਦਾਵਰੀ ਹੈ। ਇਸ ਨੂੰ ਬਿਰਧ ਗੰਗਾ ਜਾਂ ਦੱਖਣੀ ਗੰਗਾ ਵੀ ਕਿਹਾ ਜਾਂਦਾ ਹੈ। ਗੋਦਾਵਰੀ ਨਦੀ ਮਹਾਂਰਾਸ਼ਟਰ ਵਿੱਚ ਬ੍ਰਹਮਗਿਰੀ ਦੀਆਂ ਪਹਾੜੀਆਂ ਵਿੱਚ ਨਾਸਿਕ ਤੇ ਤ੍ਰਿਬਕੇਸ਼ਵਰ ਤੋਂ ਨਿਕਲਦੀ ਹੈ। ਇਸ ਦੀ ਲੰਬਾਈ 1456 ਕਿਲੋਮੀਟਰ ਹੈ।
ਪ੍ਰਸ਼ਨ 5. ਧੂੰਆਂਧਾਰ ਝਰਨਾ ਕਿਸ ਨਦੀ ‘ਤੇ ਹੈ ? ਉਸ ਦੀਆਂਸਹਾਇਕ ਨਦੀਆਂ ਦੇ ਨਾਮ ਲਿਖੋ ।
ਉੱਤਰ: ਧੂੰਆਂਧਾਰ ਝਰਨਾ ਨਰਮਦਾ ਨਦੀ ‘ਤੇ ਹੈ। ਮੱਧ ਪ੍ਰਦੇਸ਼ ਵਿੱਚ ਜਬਲਪੁਰ ਨੇੜੇ ਨਰਮਦਾ ਨਦੀ ਧੂੰਆਧਾਰ ਨਾਂ ਦਾ ਖੂਬਸੂਰਤ ਝਰਨਾ ਬਣਾਉਂਦੀ ਹੈ। ਭੁਰਨੇ ਰ, ਸ਼ੱਕਰ,ਦੂਧੀ, ਗੰਜਲ, ਹੀਰਾਂ, ਬਰਨਾ ਨਦੀਆਂਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ।
ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ:
ਪ੍ਰਸ਼ਨ 1. ਹਿਮਾਲਿਆਈ ਤੇ ਪ੍ਰਾਇਦੀਪੀ ਨਦੀਆਂ ਕਿਹੜੀਆਂ ਹਨ ਤੇ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਕੀ ਅੰਤਰ ਹੈ, ਲਿਖੋ ?
ਉੱਤਰ : ਹਿਮਾਲਿਆਈ ਨਦੀਆਂ: ਹਿਮਾਲਿਆ ਦੇ ਨਦੀ ਤੰਤਰ ਵਿੱਚ ਤਿੰਨ ਪ੍ਰਮੁੱਖ ਨਦੀਆਂ ਸਿੰਧ, ਗੰਗਾ,ਬ੍ਰਹਮਪੁੱਤਰ ਅਤੇ ਉਸ ਦੀਆਂ
ਸਹਾਇਕ ਨਦੀਆਂ ਆਉਂਦੀਆਂ ਹਨ। ਇਹ ਨਦੀਆਂ ਬਾਰਾਂਮਾਸੀ ਹਨ।
ਪ੍ਰਾਇਦੀਪੀ ਨਦੀਆ: ਇਹ ਮੌਸਮੀ ਨਦੀਆਂ ਹਨ। ਦੱਖਣ ਭਾਰਤੀ ਪ੍ਰਾਇਦੀਪੀ ਨਦੀਆਂ ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਆਦਿ ਪੂਰਬ ਦਿਸ਼ਾ ਵੱਲ ਵਹਿੰਦੀਆਂ ਹਨ ਅਤੇ ਡੈਲਟੇ ਵੀ ਬਣਾਉਂਦੀਆਂ ਹਨ।
ਹਿਮਾਲਿਆਈ ਤੇ ਪ੍ਰਾਇਦੀਪੀ ਨਦੀਆਂ ਵਿੱਚ ਅੰਤਰ
ਹਿਮਾਲਿਆ ਦੀਆਂ ਨਦੀਆਂ
1. ਇਹ ਹਿਮਾਲਿਆ ਦੇ ਪਹਾੜਾਂ ਵਿੱਚੋਂ ਨਿਕਲਦੀਆਂ ਹਨ।
2. ਇਹ ਨਦੀਆਂ ਦੇ ਜਲਤੰਤਰ ਵੱਡੇ ਹਨ।
3. ਇਹ ਨਦੀਆਂ ਸਾਰਾ ਸਾਲ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ।
4. ਇਹ ਗਹਿਰੀਆਂ ਖੱਡਾਂ ਵਿਚ ਵਹਿੰਦੀਆਂ ਹਨ।
5. ਇਹ ਨਦੀਆਂ ਆਪਣੀ ਜਵਾਨ ਅਵਸਥਾ ਵਿੱਚ ਹਨ।
6. ਇਹ ਨਦੀਆਂ ਡੈਲਟੇ ਬਣਾਉਂਦੀਆਂ ਹਨ। ਗੰਗਾ ਬ੍ਰਹਮਪੁੱਤਰ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ।
ਪ੍ਰਾਇਦੀਪੀ ਨਦੀਆਂ
1. ਇਹ ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ ਦੀਆਂ ਲੜੀਆਂ ਚੋਂ ਨਿਕਲਦੀਆਂ ਹਨ।
2. ਇਨ੍ਹਾਂ ਦੇ ਜਲਤੰਤਰ ਛੋਟੇ ਹਨ।
3. ਇਹ ਮੌਸਮੀ ਨਦੀਆਂ ਹਨ।
4. ਇਹ ਤੰਗ ਤੇ ਸੌੜੀਆਂ ਦਰਾੜ ਘਾਟੀਆਂ ਵਿੱਚ ਵਹਿੰਦੀਆਂ ਹਨ।
5. ਇਹ ਨਦੀਆਂ ਬੁੱਢੀ ਅਵਸਥਾ ਵਿੱਚ ਹਨ।
6. ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਨਦੀਆਂ ਡੈਲਟਾ ਬਣਾਉਂਦੀਆਂ ਹਨ। ਨਰਮਦਾ ਅਤੇ ਤਾਪੀ ਨਦੀਆਂ ਐਸਚੁਰੀ ਬਣਾਉਂਦੀਆਂ ਹਨ।
ਪ੍ਰਸ਼ਨ 2. ਭਾਰਤ ਦੇ ਕਿਸੇ ਤਿੰਨ ਨਦੀ ਤੰਤਰਾਂ ਬਾਰੇ ਜਾਣੂ ਕਰਵਾ ਕੇ ਇਸ ਇੱਕ ਦੀ ਵਿਸਤ੍ਰਿਤ ਵਿਆਖਿਆ ਕਰੋ ।
ਉੱਤਰ : ਭਾਰਤ ਦੇ ਤਿੰਨ ਨਦੀ ਤੰਤਰ :- ਹਿਮਾਲਿਆ ਨਦੀ ਤੰਤਰ, ਪ੍ਰਾਇਦੀਪੀ ਨਦੀ ਤੰਤਰ, ਤੱਟੀ ਨਦੀਆਂ
ਹਿਮਾਲਿਆਈ ਨਦੀ ਤੰਤਰ
ਹਿਮਾਲਿਆ ਦੀਆਂ ਨਦੀਆਂ ਬਾਰਾਂਮਾਸੀ ਹਨ। ਇਹ ਨਦੀਆਂ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ। ਹਿਮਾਲਿਆ ਦੇ ਨਦੀ ਤੰਤਰ ਵਿੱਚ
ਤਿੰਨ ਪ੍ਰਮੁੱਖ ਨਦੀਆ ਸਿੰਧ, ਗੰਗਾ, ਬ੍ਰਹਮਪੁੱਤਰ ਅਤੇ ਉਸ ਦੀ ਸਹਾਇਕ ਨਦੀ ਆਉਂਦੀਆ ਹਹਿਮਾਲਿਆ ਦੀਆਂ ਨਦੀਆਂ ਦਾ ਵਰਨਣ
ਹੇਠ ਲਿਖੇ ਅਨੁਸਾਰ ਹੈ:-
1) ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ:- ਸਿੰਧ ਨਦੀ ਬੋਖਰ-ਛੂ ਹਿਮਨਦੀ (ਤਿੱਬਤ) ਤੋਂ ਨਿਕਲਦੀ ਹੈ। ਤਿੱਬਤ ਵਿੱਚ ਸਿੰਧ ਨੂੰ ਸਿੰਘੋ ਖੰਬਨ’ ਜਾਂ ‘ਸ਼ੇਰ ਦਾ ਮੁੱਖ’ ਕਿਹਾ ਜਾਂਦਾ ਹੈ। ਸਿੰਧ ਦਰਿਆ ਦੀ ਕੁੱਲ ਲੰਬਾਈ 2880 ਕਿਲੋਮੀਟਰ ਅਤੇ ਭਾਰਤ ਵਿੱਚ ਇਸ ਦੀ ਲੰਬਾਈ 709 ਕਿਲੋਮੀਟਰ ਹੈ। ਇਸ ਦੀਆਂ ਸਹਾਇਕ ਨਦੀਆਂ ਜਾਸਕਰ, ਚਿਨਾਬ, ਸਤਲੁਜ, ਸੌਆਨ, ਬਿਆਸ, ਰਾਵੀ, ਸ਼ਿਊਕ, ਗਿਲਗਿਤ, ਕਾਬੁਲ, ਸਕਾਰਦੂ ਤੇ ਸ਼ਿਗੋ ਆਦਿ ਹਨ।
2) ਗੰਗਾ-ਜਲ ਤੰਤਰ:- ਰੰਗਾ ਨਦੀ ਉਤਰਾਖੰਡ ਵਿੱਚ ਗੰਗੋਤਰੀ ਗੋਮੁੱਖ ਹਿੰਮਨਦੀ ਤੋਂ ਜਨਮ ਲੈਂਦੀ ਹੈ। ਇਸ ਦੀ ਮੁੱਖ ਧਾਰਾ ਨੂੰ ਭਾਗੀਰਥੀ ਕਿਹਾ ਜਾਂਦਾ ਹੈ। ਬੰਗਾਲ ਦੀ ਖਾੜੀ ਵਿਚ ਸਮੁੰਦਰ ਨਾਲ ਮੇਲ ਤੋਂ ਪਹਿਲਾਂ ਗੰਗਾ, ਬ੍ਰਹਮਪੁੱਤਰ ਨਦੀ ਨਾਲ ਮਿਲ ਕੇ ਸੰਸਾਰ ਦਾ ਸਭ ਤੋਂ ਵਿਸ਼ਾਲ ਡੈਲਟਾ, ਸੁੰਦਰਬਨ ਡੈਲਟਾ ਬਣਾਉਂਦੀ ਹੈ। ਇਸ ਦੀਆਂ ਸਹਾਇਕ ਨਦੀਆਂ ਰਾਮ ਗੰਗਾ,ਗੋਮਤੀ, ਘਾਗਰਾ, ਗੰਡਕ, ਭੂਰੀ, ਕੋਸੀ, ਯਮੁਨਾ, ਸੋਨ, ਕੇਨ, ਬੇਤਵਾ, ਚੰਬਲ, ਚੰਬਾ, ਸਿੰਧ ਆਦਿ ਹਨ।
3) ਬ੍ਰਹਮਪੁੱਤਰ ਜਲਤੰਤਰ:- ਬ੍ਰਹਮਪੁੱਤਰ ਨਦੀ ਤਿੱਬਤ ਵਿੱਚ ਕੈਲਾਸ਼ ਪਰਬਤ ਲੜੀ ਵਿੱਚ ਆਂਗਸੀ ਹਿਮਨਦੀ ਤੋਂ ਜਨਮ ਲੈਂਦੀ ਹੈ। ਬ੍ਰਹਮਪੁੱਤਰ ਦੀ ਕੁੱਲ ਲੰਬਾਈ 2900 ਕਿਲੋਮੀਟਰ ਹੈ। ਗੰਗਾ ਨਦੀ ਨਾਲ ਮਿਲ ਕੇ ਇਹ ਸੁੰਦਰਬਨ ਡੈਲਟਾ ਬਣਾਉਂਦੀ ਹੈ। ਸੁਬਨਸਿਰੀ, ਕਾਮੋਂਗ, ਧਨਸਿਰੀ, ਦਿਹਾਂਗ, ਲੋਹਿਤ, ਤੀਸਤਾ, ਤੋਰਸਾ, ਮਾਨਸ ਆਦਿ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ।
ਪ੍ਰਸ਼ਨ 3.ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੀਆਂ ਨਦੀਆਂਦੇ ਆਰਥਿਕ ਪੱਖੋਂ ਉਪਯੋਗਾਂ ਦੀ ਚਰਚਾ ਕਰੋ ।
ਉੱਤਰ: ਭਾਰਤੀ ਆਰਥਿਕਤਾ ਵਿੱਚ ਨਦੀਆਂ ਦੀ ਭੂਮਿਕਾ– ਸੰਸਾਰ ਦੀਆਂ ਸਭ ਤੋਂ ਪੁਰਾਤਨ ਸੱਭਿਅਤਾਵਾਂ ਵਿੱਚੋਂ ਇੱਕ ਸਿੰਧ ਘਾਟੀ ਦੀ ਸੱਭਿਅਤਾ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਕੰਢੇ ਹੀ ਪ੍ਰਫੁੱਲਿਤ ਹੋਈ ਸੀ। ਪਾਈ ਨੇ ਸੰਸਾਰ ਦੀਆਂ ਸੱਭਿਅਤਾਵਾਂ ਨੂੰ ਜਨਮ ਦਿੱਤਾ ਹੈ। ਲੋਕ ਪਾਣੀ ਮਿਲਣ ਵਾਲੇ ਸਥਾਨ ਉੱਤੇ ਹੀ ਪੱਕੇ ਤੌਰ ‘ਤੇ ਵੱਸਦੇ ਹਨ। ਲੋਕ ਗੀਤ, ਕਹਾਣੀਆਂ, ਲੋਕ ਨਾਚ ਪਾਈ ‘ਤੇ ਅਧਾਰਿਤ ਰਹੇ ਹਨ। ਇਸ ਤਰ੍ਹਾਂ ਭਾਰਤ ਦੀਆਂ ਨਦੀਆਂ ਵੀ ਭਾਰਤੀ ਆਰਥਿਕਤਾ ਦੇ ਪ੍ਰਾਣ ਹਨ। ਪਾਣੀ ਸਭ ਤੋਂ ਮਹੱਤਵਪੂਰਨ ਕੁਦਰਤੀ ਸੋਮਾ ਹੈ। ਇਹ ਸਾਡੀ ਜ਼ਿੰਦਗੀ ਨਾਲ ਹਰ ਪੱਖੋਂ ਹੀ ਜੁੜਿਆ ਹੋਇਆ ਹੈ। ਜਿਊਣ ਲਈ, ਖੇਤੀਬਾੜੀ ਵਿੱਚ, ਸਿੰਚਾਈ ਲਈ, ਉਦਯੋਗਾਂ ਵਿਚ, ਘਰਾਂ ਵਿਚ, ਹਰ ਜਗ੍ਹਾ ਪਾਈ ਦੀ ਲੋੜ ਹੈ। ਭਾਰਤੀ ਨਦੀਆਂ ਦੇ ਉਸਾਰੇ ਪਣ ਬਿਜਲੀ ਘਰ ਭਾਰਤ ਦੇ ਕਾਰਖਾਨਿਆਂ ਨੂੰ ਚਲਾ ਰਹੇ ਹਨ। ਸਾਡੇ ਘਰ ਬਿਜਲੀ ਨਾਲ ਰੌਸ਼ਨ ਹਨ। ਅੰਦਰੂਨੀ ਜਲਮਾਰਗੀ ਆਵਾਜਾਈ ਵੀ ਭਾਰਤੀ ਆਰਥਿਕਤਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਤਿਆਰ ਕਰਤਾ:ਬਲਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਮਗਰਮੂਧੀਆਂ (ਗੁਰਦਾਸਪੁਰ)
Vetted by:ਰਣਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਤਿੱਬੜ (ਗੁਰਦਾਸਪੁਰ)