ਪਾਠ 1 (B) ਪੰਜਾਬ ਆਕਾਰ ਅਤੇ ਸਥਿਤੀ
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਸ਼ਬਦਾਂ ਤੋਂ ਇੱਕ ਵਾਕ ਵਿੱਚ ਦਿਉ:-
ਪ੍ਰਸ਼ਨ 1. ਪੰਜਾਬ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-ਪੰਜ ਦਰਿਆਵਾਂ ਦੀ ਧਰਤੀ।
ਪ੍ਰਸ਼ਨ 2. ਪੈਪਸੂ ਦਾ ਪੂਰਾ ਨਾਂ ਕੀ ਹੈ ?
ਉੱਤਰ— ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ।
ਪ੍ਰਸ਼ਨ 3. ਪੰਜਾਬ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਕੀ ਹੈ ?
ਉੱਤਰ-ਪੰਜਾਬ 29°30′ ਉੱਤਰੀ ਅਕਸ਼ਾਂਸ਼ ਤੋਂ ਲੈ ਕੇ 32°.32° ਉੱਤਰੀ ਅਕਸ਼ਾਂਸ਼ ਤੱਕ ਅਤੇ 73°55′ ਪੂਰਬ ਤੋਂ ਲੈ ਕੇ 76°50′ ਪੂਰਬ ਦੇਸ਼ਾਂਤਰ ਵਿੱਚ ਸਥਿਤ ਹੈ।
ਪ੍ਰਸ਼ਨ 4. ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਦੇ ਪੁਰਾਣੇ ਨਾਂ ਕੀ ਸਨ ?
ਉੱਤਰ—ਰਾਵੀ ਦਰਿਆ ਦਾ ਪੁਰਾਣਾ ਨਾਂ ਪੁਰੁਸ਼ਨੀ, ਬਿਆਸ ਦਾ ਨਾਂ ਵਿਪਾਸਾ ਅਤੇ ਸਤਲੁਜ ਦਾ ਨਾਂ ਸੁਤੁਦਰੀ ਸੀ।
ਪ੍ਰਸ਼ਨ 5. ਹੇਠ ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਕੌਮਾਂਤਰੀ ਸਰਹੱਦ ਨਾਲ ਨਹੀਂ ਲੱਗਦਾ :
(i) ਪਠਾਨਕੋਟ (ii) ਫ਼ਰੀਦਕੋਟ` (iii) ਲੁਧਿਆਣਾ (iv)ਤਰਨਤਾਰਨ।
ਉੱਤਰ— (ii) ਫ਼ਰੀਦਕੋਟ।
ਪ੍ਰਸ਼ਨ 6. ਕਿਹੜਾ ਜੋੜਾ ਸਹੀ ਨਹੀਂ ਹੈ :
(i) ਬਟਾਲਾ: ਖੇਤੀ ਦੇ ਸੰਦਾਂ
(ii) ਜਲੰਧਰ: ਖੇਡਾਂ ਦਾ ਸਮਾਨ
(iii) ਅਬੋਹਰ: ਸੰਗੀਤ ਸਾਜ਼ਾਂ ਦੀਆਂ ਸਨਅਤਾਂ
(iv) ਗੋਬਿੰਦਗੜ੍ਹ: ਲੋਹਾ ਢਲਾਈ ਦੀਆਂ ਸਨਅਤਾਂ।
ਉੱਤਰ—(i) ਗਲਤ, (ii) ਸਹੀ, (iii) ਗਲਤ, (iv) ਸਹੀ।
(ੲ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ:
ਪ੍ਰਸ਼ਨ 1. ਪੰਜਾਬ ਦੀਆਂ ਕੋਈ 6 ਗੈਰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਨਾਂ ਤੇ ਸਥਾਪਨਾ ਸਥਾਨ ਲਿਖੋ।
ਉੱਤਰ— 1.ਗੁਰੂ ਨਾਨਕ ਦੇਵ ਯੂਨੀਵਰਸਿਟੀ -ਅੰਮ੍ਰਿਤਸਰ
2. ਪੰਜਾਬ ਖੇਤੀਬਾੜੀ ਯੂਨੀਵਰਸਿਟੀ- ਲੁਧਿਆਣਾ
3. ਪੰਜਾਬ ਯੂਨਵਰਸਿਟੀ- ਚੰਡੀਗੜ੍ਹ
4. ਪੰਜਾਬੀ ਯੂਨੀਵਰਸਿਟੀ- ਪਟਿਆਲਾ
5. ਸੈਂਟਰਲ ਯੂਨਵਰਸਿਟੀ ਆਫ ਪੰਜਾਬ- ਬਠਿੰਡਾ
6. ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ -ਕਪੂਰਥਲਾ।
ਪ੍ਰਸ਼ਨ 2. ਵਰਤਮਾਨ ਪੰਜਾਬ ਦੀ ਭੂਗੋਲਿਕ ਸਥਿਤੀ ਤੇ ਆਂਢ-ਗੁਆਂਢ ਬਾਰੇ ਦੱਸੋ।
ਉੱਤਰ-ਵਰਤਮਾਨ ਪੰਜਾਬ ਭਾਰਤ ਦੇ ਉੱਤਰ-ਪੱਛਮ ਵੱਲ ਸਥਿਤ ਹੈ। ਇਹ 29°30′ ਉੱਤਰੀ ਅਕਸ਼ਾਂਸ਼ ਤੋਂ ਲੈ ਕੇ 32°32′ ਉੱਤਰੀ ਅਕਸ਼ਾਂਸ਼ ਤੱਕ ਅਤੇ 73°55′ ਪੂਰਬ ਤੋਂ ਲੈ ਕੇ 76°50′ ਪੂਰਬ ਵਿਚਾਲੇ ਸਥਿਤ ਹੈ। ਪੰਜਾਬ ਦਾ ਕੁੱਲ ਖੇਤਰਫ਼ਲ 50,362 ਵਰਗ ਕਿਲੋਮੀਟਰ ਹੈ। ਇਹ ਭਾਰਤ ਦੇ ਕੁੱਲ ਖੇਤਰਫ਼ਲ ਦਾ 1.6% ਬਣਦਾ ਹੈ। ਖੇਤਰਫ਼ਲ ਦੇ ਲਿਹਾਜ ਨਾਲ ਇਸਦਾ ਭਾਰਤ ਦੇ 29 ਰਾਜਾਂ ਵਿੱਚੋਂ 20ਵਾਂ ਸਥਾਨ ਹੈ। ਪੰਜਾਬ ਦੇ ਪੂਰਬ ਵੱਲ ਹਿਮਾਚਲ ਪ੍ਰਦੇਸ਼, ਦੱਖਣ ਵੱਲ ਹਰਿਆਣਾ, ਦੱਖਣ-ਪੱਛਮ ਵੱਲ ਰਾਜਸਥਾਨ ਦੇ ਰਾਜ ਸਥਿਤ ਹਨ।
ਪ੍ਰਸ਼ਨ 3. ਪੰਜਾਬ ਦੇ ਕੁੱਲ ਕਿੰਨੇ ਮੰਡਲ, ਜ਼ਿਲ੍ਹੇ, ਤਹਿਸੀਲਾਂ ਤੇ ਬਲਾਕ ਹਨ ?
ਉੱਤਰ-ਪੰਜਾਬ ਦੀ ਗਿਣਤੀ ਭਾਰਤ ਦੇ ਮਹਾਨ ਰਾਜਾਂ ਵਿੱਚ ਕੀਤੀ ਜਾਂਦੀ ਹੈ। ਇਸ ਦੇ 5 ਮੰਡਲ ਹਨ। ਇਨ੍ਹਾਂ ਦੇ ਨਾਂ ਫ਼ਰੀਦਕੋਟ ਮੰਡਲ, ਫ਼ਿਰੌਜਪੁਰ ਮੰਡਲ, ਜਲੰਧਰ ਮੰਡਲ, ਪਟਿਆਲਾ ਮੰਡਲ ਅਤੇ ਰੋਪੜ ਮੰਡਲ ਹਨ। ਇਸ ਦੇ ਕੁੱਲ 22 ਜ਼ਿਲ੍ਹੇ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਨਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਲੁਧਿਆਣਾ, ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਅਤੇ ਮੋਗਾ ਹਨ। ਇਨ੍ਹਾਂ ਵਿੱਚ ਖੇਤਰਫ਼ਲ ਦੇ ਪੱਖ ਤੋਂ ਸਭ ਤੋਂ ਵੱਡਾ ਜ਼ਿਲਾ ਲੁਧਿਆਣਾ ਅਤੇ ਸਭ ਤੋਂ ਛੋਟਾ ਜ਼ਿਲ੍ਹਾ ਪਠਾਨਕੋਟ ਹੈ। ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ ਵਿੱਚ 86 ਤਹਿਸੀਲਾਂ ਅਤੇ 146 ਬਲਾਕ ਹਨ।
ਪ੍ਰਸ਼ਨ 4. ਪੈਪਸੂ ਬਾਰੇ ਵਿਸਤ੍ਰਿਤ ਜਾਣਕਾਰੀ ਦਿਉ ।
ਉੱਤਰ—ਪੈਪਸੂ ਦਾ ਗਠਨ 15 ਜੁਲਾਈ, 1948 ਈ. ਨੂੰ ਕੀਤਾ ਗਿਆ ਸੀ। ਪੈਪਸੂ ਤੋਂ ਭਾਵ ਸੀ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ। ਇਹ ਪੂਰਬੀ ਪੰਜਾਬ ਦੀਆਂ 8 ਰਿਆਸਤਾਂ ਦਾ ਗਠਨ ਸੀ। ਇਨ੍ਹਾਂ ਰਿਆਸਤਾਂ ਦੇ ਨਾਂ ਸਨ-ਪਟਿਆਲਾ, ਨਾਭਾ, ਜੀਂਦ, ਫ਼ਰੀਦਕੋਟ, ਕਪੂਰਥਲਾ, ਕਲਸੀਆ, ਨਾਲਾਗੜ੍ਹ ਅਤੇ ਮਲੇਰਕੋਟਲਾ। ਪੈਪਸੂ ਦੀ ਰਾਜਧਾਨੀ ਪਟਿਆਲਾ ਨੂੰ ਘੋਸ਼ਿਤ ਕੀਤਾ ਗਿਆ। 1953 ਈ. ਵਿੱਚ ਰਾਜਾਂ ਦੇ ਪੁਨਰਗਠਨ ਲਈ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ। ਇਸ ਕਮਿਸ਼ਨ ਨੇ ਆਪਣੀ ਰਿਪੋਰਟ 1955 ਈ. ਵਿੱਚ ਪੇਸ਼ ਤੀ। ਇਸ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ਤੇ 1956 ਈ. ਵਿੱਚ ਪੈਪਸੂ ਦਾ ਅੰਤ ਕਰ ਦਿੱਤਾ ਗਿਆ ਅਤੇ ਉਸ ਨੂੰ ਪੰਜਾਬ ਵਿੱਚ ਸ਼ਾਮਲ ਕਰ ਲਿਆ ਗਿਆ।
ਪ੍ਰਸ਼ਨ 5. ਜੇ ਪਠਾਨਕੋਟ ਤੋਂ ਫ਼ਾਜ਼ਿਲਕਾ ਜਾਣ ਲਈ ਸਰਹੱਦੀ ਜ਼ਿਲ੍ਹਿਆਂ ਵਿੱਚੋਂ ਨਾ ਲੰਘਣਾ ਹੋਵੇ ਤਾਂ ਕਿਹੜਾ ਛੋਟੇ ਤੋਂ ਛੋਟਾ ਰਾਹ ਅਖ਼ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ-ਹੁਸ਼ਿਆਰਪੁਰ, ਜਲੰਧਰ, ਮੋਗਾ, ਫ਼ਰੀਦਕੋਟ ਤੋਂ ਸ੍ਰੀ ਮੁਕਤਸਰ ਸਾਹਿਬ ਦਾ ਰਸਤਾ ਅਖ਼ਤਿਆਰ ਕੀਤਾ ਜਾ ਸਕਦਾ ਹੈ।
(ੲ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ :
ਪ੍ਰਸ਼ਨ 1. ਪੰਜਾਬ ਦੇ ਭੂਗੋਲਿਕ ਇਤਿਹਾਸ ਦੀ ਜਾਣਕਾਰੀ ਦਿਉ।
ਉੱਤਰ-ਭਾਰਤ ਦੇ ਰਾਜਾਂ ਵਿੱਚੋਂ ਪੰਜਾਬ ਨੂੰ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ। ਇਸ ਦੇ ਧਰਾਤਲ ਵਿੱਚ ਸਾਨੂੰ ਕੁਦਰਤ ਦਾ ਹਰ ਨੂਰ ਦੇਖਣ ਨੂੰ ਮਿਲਦਾ ਹੈ। ਪੰਜਾਬ ਦੇ ਉੱਤਰ ਵਿੱਚ ਵਿਸ਼ਾਲ ਹਿਮਾਲਿਆ ਪਰਬਤ ਹੈ। ਇਸ ਦੀਆਂ ਬਰਫ਼ ਨਾਲ ਢੱਕੀਆਂ ਹੋਈਆਂ ਚੋਟੀਆਂ ਅਸਮਾਨ ਨੂੰ ਛੂਹੰਦੀਆਂ ਨਜ਼ਰ ਆਉਂਦੀਆਂ ਹਨ। ਇੱਥੇ ਵਹਿਣ ਵਾਲੀਆਂ ਕਲ-ਕਲ ਕਰਦੀਆਂ ਨਦੀਆਂ ਪੰਜਾਬ ਦੇ ਨਿਖਾਰ ਨੂੰ ਚਾਰ ਚੰਨ ਲਾਉਂਦੀਆਂ ਹਨ। ਪੰਜਾਬ ਦੇ ਭੂਗੋਲਿਕ ਇਤਿਹਾਸ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ—
1. ਪੰਜਾਬ ਤੋਂ ਭਾਵ: ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ ਅਤੇ ਆਬ ਦੇ ਮੇਲ ਤੋਂ ਬਣਿਆ ਹੈ। ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ ਹੈ ਪਾਣੀ ਜਾਂ ਦਰਿਆ। ਇਸ ਲਈ ਪੰਜਾਬ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ— ਸਤਲੁਜ, ਬਿਆਸ, ‘ ਰਾਵੀ, ਜੇਹਲਮ ਅਤੇ ਚਨਾਬ।
2. ਸਪਤ ਸਿੰਧੂ: ਆਰੀਆਂ ਦੇ ਸਭ ਤੋਂ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਪੰਜਾਬ ਨੂੰ ਸਪਤ ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸਪਤ ਸਿੰਧੂ ਤੋਂ ਭਾਵ ਸੀ ਸੱਤ ਦਰਿਆ। ਇਹ ਸੱਤ ਦਰਿਆ ਉਸ ਸਮੇਂ ਪੰਜਾਬ ਵਿੱਚ ਵਹਿੰਦੇ ਸਨ। ਇਨ੍ਹਾਂ ਦੇ ਨਾਂ ਸਨ ਸਿੰਧ (ਸਿੰਧੂ), ਜੇਹਲਮ (ਵਿਤਸਤਾ), ਚਨਾਬ (ਅਸਕਿਨੀ), ਰਾਵੀ (ਪੁਰੁਸ਼ਨੀ), ਬਿਆਸ (ਵਿਪਾਸਾ), ਸਤਲੁਜ (ਸੁਤੁਦਰੀ) ਅਤੇ ਸਰਸਵਤੀ (ਸੁਰਸੁਤੀ)। ਉਸ ਸਮੇਂ ਸਿੰਧ ਅਤੇ ਸਰਸਵਤੀ ਪੰਜਾਬ ਦੀਆਂ ਬਾਹਰਲੀਆਂ ਹੱਦਾਂ ਸਨ।
3. ਪੰਚਨਦ ਅਤੇ ਪੈਂਟਾਪੋਟਾਮਿਆ: ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਪੰਚਨਦ ਕਿਹਾ ਗਿਆ ਹੈ। ਪੰਚਨਦ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ। ਯੂਨਾਨੀਆਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਸ ਦਾ ਨਾਂ ਪੈਂਟਾਪੋਟਾਮਿਆ ਰੱਖਿਆ। ਪੈਂਟਾ ਤੋਂ ਭਾਵ ਸੀ ਪੰਜ ਅਤੇ ਪੋਟਾਮਿਆ ਦਾ ਅਰਥ ਸੀ ਦਰਿਆ। ਇਸ ਤਰ੍ਹਾਂ ਯੂਨਾਨੀਆਂ ਨੇ ਵੀ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ।
4. ਟੱਕ ਪ੍ਰਦੇਸ਼: ਪ੍ਰਸਿੱਧ ਇਤਿਹਾਸਕਾਰ ਅਲੈਗਜ਼ੈਂਡਰ ਕਨਿੰਘਮ ਦੇ ਵਿਚਾਰ ਅਨੁਸਾਰ ਪ੍ਰਾਚੀਨ ਕਾਲ ਵਿੱਚ ਪੰਜਾਬ ਵਿੱਚ ਟੱਕ ਕਬੀਲੇ ਦਾ ਕਈ ਸਦੀਆਂ ਤੱਕ ਸ਼ਾਸਨ ਰਿਹਾ। ਇਸ ਕਾਰਨ ਪੰਜਾਬ ਨੂੰ ਟੱਕ ਪ੍ਰਦੇਸ਼ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ।
5. ਲਾਹੌਰ ਸੂਬਾ: ਮੱਧ ਕਾਲ ਵਿੱਚ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਜਾਣ ਲੱਗਾ। ਅਜਿਹਾ ਇਸ ਦੀ ਰਾਜਧਾਨੀ ਲਾਹੌਰ ਕਾਰਨ ਕਿਹਾ ਜਾਣ ਲੱਗਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀਆਂ ਸਰਹੱਦਾਂ ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਲੈ ਕੇ ਗੰਗਾ ਨਦੀ ਤੱਕ ਫੈਲੀਆਂ ਹੋਈਆਂ ਸਨ। ਇਸ ਸਮੇਂ ਵੀ ਪੰਜਾਬ ਨੂੰ ਲਾਹੌਰ ਸੂਬਾ ਜਾਂ ਲਾਹੌਰ ਰਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
6. ਭਾਰਤ ਦੀ ਵੰਡ: 1947 ਈ. ਵਿੱਚ ਭਾਰਤ ਦੀ ਵੰਡ ਸਮੇਂ ਪੰਜਾਬ ਦੇ ਜ਼ਿਆਦਾਤਰ ਪ੍ਰਦੇਸ਼ (16 ਜ਼ਿਲ੍ਹੇ) ਪਾਕਿਸਤਾਨ ਵਿੱਚ ਰਹਿ ਗਏ। ਭਾਰਤ ਦੇ ਹਿੱਸੇ ਕੇਵਲ 34% ਹਿੱਸਾ (13 ਜ਼ਿਲ੍ਹੇ) ਹੀ ਆਏ। ਇਸ ਨੂੰ ਪੂਰਬੀ ਜਾਂ ਭਾਰਤੀ ਪੰਜਾਬ ਕਿਹਾ ਜਾਂਦਾ ਹੈ।
7. ਪੈਪਸੂ ਦਾ ਗਠਨ: ਪੈਪਸੂ ਦਾ ਗਠਨ 15 ਜੁਲਾਈ, 1948 ਈ. ਨੂੰ ਕੀਤਾ ਗਿਆ। ਪੈਪਸੂ ਤੋਂ ਭਾਵ ਸੀ ਪਟਿਆਲਾ ਅਤੇ ਪੰਜਾਬ ਈਸਟ ਸਟੇਟਸ ਯੂਨੀਅਨ। ਇਸ ਵਿੱਚ ਪਟਿਆਲਾ ਅਤੇ 7 ਹੋਰ ਰਿਆਸਤਾਂ- ਨਾਭਾ, ਜੀਂਦ, ਕਪੂਰਥਲਾ, ਫ਼ਰੀਦਕੋਟ, ਨਾਲਾਗੜ੍ਹ, ਕਲਸੀਆਂ ਅਤੇ ਮਲੇਰਕੋਟਲਾ ਸ਼ਾਮਿਲ ਸਨ। 1956 ਈ. ਵਿੱਚ ਪੈਪਸੂ ਦਾ ਅੰਤ ਕਰਕੇ ਇਸ ਨੂੰ ਪੰਜਾਬ ਵਿੱਚ ਸ਼ਾਮਲ ਕਰ ਦਿੱਤਾ ਗਿਆ।
8. ਪੰਜਾਬੀ ਸੂਬੇ ਦਾ ਨਿਰਮਾਣ: ਪੰਜਾਬ ਵਿੱਚ ਪੰਜਾਬੀ ਸੂਬੇ ਦੇ ਨਿਰਮਾਣ ਲਈ ਇੱਕ ਲੰਬਾ ਸੰਘਰਸ਼ ਚੱਲਿਆ। ਅੰਤ ਸ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਤੇ 1 ਨਵੰਬਰ, 1966 ਈ. ਨੂੰ ਪੰਜਾਬ ਦੀ ਭਾਸ਼ਾ ਦੇ ਆਧਾਰ ‘ਤੇ ਫਿਰ ਵੰਡ ਕੀਤੀ ਗਈ। ਇਸ ਵਿੱਚੋਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਨਵੇਂ ਰਾਜ ਬਣਾ ਦਿੱਤੇ ਗਏ।
ਪ੍ਰਸ਼ਨ 2. ਮਾਲਵਾ ਖੇਤਰ ਵਿੱਚ ਪੈਂਦੇ ਕੋਈ ਛੇ ਜ਼ਿਲਿਆਂ ਬਾਰੇ ਸੰਖੇਪ ਜਾਣਕਾਰੀ ਦਿਉ।
ਉੱਤਰ—ਪੰਜਾਬ ਦਾ ਮਾਲਵਾ ਖੇਤਰ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੇਤਰ ਹੈ। ਇਸ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 10 ਜ਼ਿਲ੍ਹੇ ਸਥਿਤ ਹਨ। ਇਨ੍ਹਾਂ ਵਿੱਚੋਂ 6 ਜ਼ਿਲ੍ਹਿਆਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ—
1. ਬਰਨਾਲਾ: ਬਰਨਾਲਾ ਪੰਜਾਬ ਦਾ ਇੱਕ ਮਹੱਤਵਪੂਰਨ ਇਤਿਹਾਸਕ ਜ਼ਿਲ੍ਹਾ ਹੈ। ਇਸ ਨੂੰ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਬਣਾਇਆ ਸੀ। 2006 ਈ. ਵਿੱਚ ਇਸ ਨੂੰ ਪੰਜਾਬ ਦਾ 20ਵਾਂ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ। ਇਹ ਪੰਜਾਬ ਦੀ ਸਭ ਤੋਂ ਘੱਟ ਵਸੋਂ ਵਾਲਾ ਜ਼ਿਲ੍ਹਾ ਹੈ। ਇਸ ਦੀ ਵਸੋਂ ਘਣਤਾ 419 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਇੱਥੋਂ ਦਾ ਲਿੰਗ ਅਨੁਪਾਤ 876 ਹੈ। ਇੱਥੋਂ ਦੇ ਲੋਕਾਂ ਦੀ ਸਾਖਰਤਾ ਦਰ 67.82% ਹੈ। ਬਰਨਾਲਾ ਜ਼ਿਲ੍ਹਾ ਦੋ ਤਹਿਸੀਲਾਂ ਅਤੇ ਤਿੰਨ ਬਲਾਕਾਂ ਵਿੱਚ ਵੰਡਿਆ ਹੋਇਆ ਹੈ।
2. ਲੁਧਿਆਣਾ: ਲੁਧਿਆਣਾ ਦੀ ਸਥਾਪਨਾ ਲੋਧੀਆਂ ਨੇ 1480 ਈ. ਵਿੱਚ ਕੀਤੀ ਸੀ। ਇਸ ਸਮੇਂ ਇਸ ਦੀ ਗਿਣਤੀ ਪੰਜਾਬ ਦੇ ਪ੍ਰਸਿੱਧ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ। ਇਹ ਸਤਲੁਜ ਨਦੀ ਦੇ ਕੰਢੇ ‘ਤੇ ਸਥਿਤ ਹੈ। ਇੱਥੋਂ ਦੀ ਵਸੋਂ ਘਣਤਾ 978 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ਜਿਹੜੀ ਪੰਜਾਬ ਵਿੱਚ ਸਭ ਤੋਂ ਵੱਧ ਹੈ। ਇੱਥੋਂ ਦਾ ਲਿੰਗ ਅਨੁਪਾਤ 873 ਹੈ। ਇੱਥੋਂ ਦੇ ਲੋਕਾਂ ਦੀ ਸਾਖਰਤਾ ਦਰ 82.20% ਹੈ। ਇਹ ਜ਼ਿਲ੍ਹਾ 7 ਤਹਿਸੀਲਾਂ ਅਤੇ 13 ਬਲਾਕਾਂ ਵਿੱਚ ਵੰਡਿਆ ਹੋਇਆ ਹੈ। ਲੁਧਿਆਣਾ ਨੂੰ ਭਾਰਤ ਦਾ ਮਾਨਚੈਸਟਰ ਕਿਹਾ ਜਾਂਦਾ ਹੈ। ਇਹ ਹੌਜ਼ਰੀ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਇਹ ਖੇਤਰਫ਼ਲ ਦੇ ਪੱਖ ਤੋਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ।
3. ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਪੰਜਾਬ ਦਾ ਇੱਕ ਬਹੁਤ ਪ੍ਰਸਿੱਧ ਇਤਿਹਾਸਕ ਜ਼ਿਲ੍ਹਾ ਹੈ। ਇਸ ਦਾ ਪੁਰਾਣਾ ਨਾਂ ਖਿਦਰਾਨਾ ਸੀ। 1705 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਮੁਗ਼ਲਾਂ ਨਾਲ ਆਖਰੀ ਲੜਾਈ ਲੜੀ ਸੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਇਹ 1995 ਈ. ਵਿੱਚ ਪੰਜਾਬ ਦਾ ਜ਼ਿਲ੍ਹਾ ਬਣਿਆ। ਇੱਥੋਂ ਦੀ ਵਸੋਂ ਘਣਤਾ 348 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਇੱਥੋਂ ਦਾ ਲਿੰਗ ਅਨੁਪਾਤ 896 ਹੈ। ਇੱਥੋਂ ਦੇ ਲੋਕਾਂ ਦੀ ਸਾਖਰਤਾ ਦਰ 65.81% ਹੈ। ਇੱਥੋਂ ਦਾ ਮਾਘੀ ਮੇਲਾ ਬਹੁਤ ਪ੍ਰਸਿੱਧ ਹੈ।
4. ਮਾਨਸਾ: ਮਾਨਸਾ ਨੂੰ 1992 ਈ. ਵਿੱਚ ਪੰਜਾਬ ਦਾ ਜ਼ਿਲ੍ਹਾ ਬਣਨ ਦਾ ਮਾਣ ਪ੍ਰਾਪਤ ਹੋਇਆ। ਇਹ ਜ਼ਿਲ੍ਹਾ ਕਪਾਹ ਦੀ ਪੈਦਾਵਾਰ ਲਈ ਬਹੁਤ ਪ੍ਰਸਿੱਧ ਹੈ। ਇਸ ਕਰਕੇ ਇਸ ਨੂੰ ਚਿੱਟੇ ਸੋਨੇ ਦੀ ਭੂਮੀ (Land of White Gold) ਦੇ ਨਾਂ ਨਾਲ ਜਾਣਿਆ ਜਾਂਦਾ ਹੈ। 2011 ਈ. ਦੀ ਜਨਗਣਨਾ ਦੇ ਅਨੁਸਾਰ ਇੱਥੋਂ ਦੀ ਵਸੋਂ 7,69,751 ਸੀ। ਇੱਥੋਂ ਦੀ ਵਸੋਂ ਘਣਤਾ 350 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਇੱਥੋਂ ਦਾ ਲਿੰਗ ਅਨੁਪਾਤ 883 ਹੈ। ਇੱਥੋਂ ਦੇ ਲੋਕਾਂ ਦੀ ਸਾਖਰਤਾ ਦਰ 61.83% ਹੈ ਜਿਹੜੀ ਪੰਜਾਬ ਵਿੱਚ ਸਭ ਤੋਂ ਘੱਟ ਹੈ। ਇਹ ਜ਼ਿਲ੍ਹਾ 3 ਤਹਿਸੀਲਾਂ ਅਤੇ 4 ਬਲਾਕਾਂ ਵਿੱਚ ਵੰਡਿਆ ਹੋਇਆ ਹੈ।
5. ਬਠਿੰਡਾ: ਬਠਿੰਡਾ ਨੂੰ ਮਾਲਵਾ ਖੇਤਰ ਦਾ ਦਿਲ ਕਿਹਾ ਜਾਂਦਾ ਹੈ। ਇਹ 1956 ਈ. ਵਿੱਚ ਪੰਜਾਬ ਦਾ ਜ਼ਿਲ੍ਹਾ ਬਣਿਆ ਸੀ। ਇੱਥੋਂ ਦੀ ਵਸੋਂ ਘਣਤਾ 414 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ।ਇੱਥੋਂ ਦਾ ਲਿੰਗ ਅਨੁਪਾਤ 868 ਹੈ।ਇਹ ਲਿੰਗ ਅਨੁਪਾਤ ਪੰਜਾਬ ਵਿੱਚ ਸਭ ਤੋਂ ਘੱਟ ਹੈ। ਇੱਥੋਂ ਦੇ ਲੋਕਾਂ ਦੀ ਸਾਖਰਤਾ ਦਰ 68.28% ਹੈ। ਬਠਿੰਡਾ ਚਾਰ ਤਹਿਸੀਲਾਂ ਵਿੱਚ ਵੰਡਿਆ ਹੋਇਆ ਹੈ। ਬਠਿੰਡਾ ਦਾ ਕਿਲ੍ਹਾ ਮੁਬਾਰਕ ਅਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਹੁਤ ਪ੍ਰਸਿੱਧ ਹਨ।
6. ਫ਼ਰੀਦਕੋਟ: ਫ਼ਰੀਦਕੋਟ ਨਾਂ ਬਾਬਾ ਫ਼ਰੀਦ ਜੀ ਦੇ ਨਾਂ ਤੇ ਪਿਆ ਹੈ। ਇਹ 1972 ਈ. ਵਿੱਚ ਪੰਜਾਬ ਦਾ ਜ਼ਿਲ੍ਹਾ ਬਣਿਆ ਸੀ। ਇੱਥੋਂ ਦੀ ਵਸੋਂ ਘਣਤਾ 424 ਪ੍ਰਤੀ ਵਰਗ ਕਿਲੋਮੀਟਰ ਹੈ। ਇੱਥੋਂ ਦਾ ਲਿੰਗ ਅਨੁਪਾਤ 89% ਹੈ। ਇੱਥੋਂ ਦੀ ਸਾਖਰਤਾ ਦਰ 69.55% ਹੈ। ਇਹ ਜ਼ਿਲ੍ਹਾ ਤਿੰਨ ਤਹਿਸੀਲਾਂ ਵਿੱਚ ਵੰਡਿਆ ਹੋਇਆ ਹੈ। ਇਹ ਜ਼ਿਲ੍ਹਾ ਬਾਬਾ ਫ਼ਰੀਦ ਯੂਨੀਵਰਸਿਟੀ ਆੱਫ਼ ਹੈਲਥ ਸਾਇੰਸ ਕਾਰਨ ਪ੍ਰਸਿੱਧ ਹੈ।
ਪ੍ਰਸ਼ਨ 3. ਪੰਜਾਬ ਵਿੱਚ ਕਿਹੜੇ-ਕਿਹੜੇ ਸਥਾਨ ਛੋਟੀਆਂ ਸਨਅਤਾਂ ਵਜੋਂ ਵਿਕਸਿਤ ਹੋਏ ? ਜਾਣਕਾਰੀ ਦਿਉ।
ਉੱਤਰ- ਪੰਜਾਬ ਵਿੱਚ ਛੋਟੀਆਂ ਸਨਅਤਾਂ ਦਾ ਪੰਜਾਬ ਦੀ ਅਰਥ ਵਿਵਸਥਾ ਵਿੱਚ ਬਹੁਮੁੱਲਾ ਯੋਗਦਾਨ ਹੈ। ਪੰਜਾਬ ਵਿੱਚ ਹੌਜ਼ਰੀ, ਸਾਈਕਲ, ਕਾਰਾਂ ਅਤੇ ਟਰੈਕਟਰਾਂ ਦੇ ਪੁਰਜ਼ੇ, ਸਿਲਾਈ ਮਸ਼ੀਨਾਂ, ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਾਂ ਅਤੇ ਉਨ੍ਹਾਂ ਦੇ ਪੁਰਜ਼ੇ, ਖੇਡਾਂ ਦਾ ਸਮਾਨ, ਚਮੜੇ ਦਾ ਸਮਾਨ ਅਤੇ ਕੱਪੜੇ ਅਤੇ ਦੁੱਧ ਉਤਪਾਦ ਆਦਿ ਨਾਲ ਸੰਬੰਧਿਤ 1.56 ਲੱਖ ਸਨਅਤਾਂ ਕੰਮ ਕਰ ਰਹੀਆਂ ਹਨ। ਪੰਜਾਬ ਵਿੱਚ ਹੇਠ ਲਿਖੇ ਸਥਾਨ ਛੋਟੀਆਂ ਸਨਅਤਾਂ ਲਈ ਪ੍ਰਸਿੱਧ ਹਨ—
1. ਜਲੰਧਰ: ਜਲੰਧਰ ਖੇਡਾਂ ਦਾ ਸਮਾਨ ਬਣਾਉਣ ਵਿੱਚ ਸੰਸਾਰ ਪ੍ਰਸਿੱਧ ਹੈ। ਇੱਥੋਂ ਦੇ ਫੁਟਬਾਲ, ਹਾਕੀ ਅਤੇ ਕ੍ਰਿਕੇਟ ਬੈਟ ਦੀ ਵਿਦੇਸ਼ਾਂ ਵਿੱਚ ਬਹੁਤ ਮੰਗ ਹੈ। ਇਸ ਤੋਂ ਇਲਾਵਾ ਜਲੰਧਰ ਵਿੱਚ ਸਿਲਾਈ ਮਸ਼ੀਨਾਂ, ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਾਂ, ਹੈਂਡ ਟੂਲਜ਼ ਅਤੇ ਵਾਟਰ ਪਾਈਪ ਫਿਟਿੰਗ ਦਾ ਅਤੇ ਬਿਜਲੀ ਦਾ ਸਮਾਨ ਵੀ ਤਿਆਰ ਕੀਤਾ ਜਾਂਦਾ ਹੈ।
2. ਕਰਤਾਰਪੁਰ: ਕਰਤਾਰਪੁਰ ਆਪਣੇ ਫਰਨੀਚਰ ਉਦਯੋਗ ਲਈ ਬਹੁਤ ਪ੍ਰਸਿੱਧ ਹੈ। 3. ਅੰਮ੍ਰਿਤਸਰ : ਅੰਮ੍ਰਿਤਸਰ ਉੱਨੀ ਕੱਪੜੇ, ਸ਼ਾਲਾਂ ਅਤੇ ਕੰਬਲ ਬਣਾਉਣ ਲਈ ਬਹੁਤ ਪ੍ਰਸਿੱਧ ਹੈ। ਇਨ੍ਹਾਂ ਤੋਂ ਇਲਾਵਾ ਇੱਥੇ ਸੂਤੀ ਅਤੇ ਰੇਸ਼ਮੀ ਕੱਪੜੇ ਵੀ ਤਿਆਰ ਕੀਤੇ ਜਾਂਦੇ ਹਨ। 4. ਫ਼ਗਵਾੜਾ : ਫ਼ਗਵਾੜਾ ਦੀ ਜੇ. ਸੀ. ਟੀ. ਮਿੱਲ ਵਧੀਆ ਕਿਸਮ ਦਾ ਕੱਪੜਾ ਬਣਾਉਣ ਲਈ ਸਾਰੇ ਭਾਰਤ ਵਿੱਚ ਪ੍ਰਸਿੱਧ ਹੈ।
5. ਲੁਧਿਆਣਾ: ਲੁਧਿਆਣਾ ਆਪਣੇ ਹੌਜ਼ਰੀ ਦੇ ਸਮਾਨ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਇਸ ਕਾਰਨ ਲੁਧਿਆਣਾ ਨੂੰ ਭਾਰਤ ਦਾ ਮਾਨਚੈਸਟਰ ਕਿਹਾ ਜਾਂਦਾ ਹੈ। ਹੌਜ਼ਰੀ ਤੋਂ ਇਲਾਵਾ ਲੁਧਿਆਣਾ ਵਿੱਚ ਸਿਲਾਈ ਮਸ਼ੀਨਾਂ, ਟਰੈਕਟਰ, ਕਾਰਾਂ ਦੇ ਪੁਰਜ਼ੇ ਅਤੇ ਸਾਈਕਲ ਆਦਿ ਦਾ ਵੀ ਨਿਰਮਾਣ ਕੀਤਾ ਜਾਂਦਾ ਹੈ।
6. ਹੁਸ਼ਿਆਰਪੁਰ: ਹੁਸ਼ਿਆਰਪੁਰ ਹਾਕਿੰਸ ਪਰੈਸ਼ਰ ਕੁਕਰ ਅਤੇ ਹੋਰ ਬਰਤਨ, ਸੋਨਾਲਿਕਾ ਟਰੈਕਟਰ, ਸ਼ਰਬਤ, ਜੈਮ, ਆਚਾਰ, ਹੈਂਡ ਟੂਲਜ਼, ਦੁੱਧ ਉਤਪਾਦਨ ਆਦਿ ਲਈ ਪ੍ਰਸਿੱਧ ਹੈ। 7. ਫ਼ਾਜ਼ਿਲਕਾ : ਫ਼ਾਜ਼ਿਲਕਾ ਕਿੰਨੂ ਅਤੇ ਹੋਰ ਰਸਦਾਰ ਫਲਾਂ ਦਾ ਉਤਪਾਦਨ ਕਰਦਾ ਹੈ। ਇਹ ਕਪਾਹ ਦੇ ਉਤਪਾਦਨ ਲਈ ਵੀ ਜਾਣਿਆ ਜਾਂਦਾ ਹੈ।
8. ਪਠਾਨਕੋਟ: ਪਠਾਨਕੋਟ ਆਟਾ ਮਿੱਲਾਂ, ਚਾਵਲ ਸ਼ੈਲਰਾਂ, ਖੇਤੀਬਾੜੀ ਮਸ਼ੀਨਾਂ ਅਤੇ ਬਿਜਲੀ ਦਾ ਸਮਾਨ ਤਿਆਰ ਕਰਨ ਲਈ ਪ੍ਰਸਿੱਧ ਹੈ।
9. ਗੁਰਦਾਸਪੁਰ: ਗੁਰਦਾਸਪੁਰ ਵਿੱਚ ਖੇਤੀਬਾੜੀ ਮਸ਼ੀਨਾਂ, ਮਸ਼ੀਨ ਟੂਲਜ਼, ਦੁੱਧ ਉਤਪਾਦਨ ਅਤੇ ਖੰਡ ਤਿਆਰ ਕੀਤੀ ਜਾਂਦੀ ਹੈ।
10. ਗੋਬਿੰਦਗੜ੍ਹ: ਗੋਬਿੰਦਗੜ੍ਹ ਲੋਹਾ ਨਗਰੀ ਵਜੋਂ ਸਾਰੇ ਭਾਰਤ ਵਿੱਚ ਪ੍ਰਸਿੱਧ ਹੈ। ਇੱਥੇ ਲੋਹੇ ਅਤੇ ਸਟੀਲ ਦੀਆਂ ਬਹੁਤ ਸਾਰੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ।