6. ਬਲਰਾਜ ਸਾਹਨੀ
ਮੁੜ ਵੇਖਿਆ ਪਿੰਡ
ਸਾਰ
16 ਅਕਤੂਬਰ, 1962 ਨੂੰ ਭੇਰੇ ਵੱਲ ਨੱਠਦੀ ਜਾ ਰਹੀ ਬੱਸ ਵਿੱਚ ਬੈਠੇ ਲੇਖਕ ਦੇ ਮਨ ਵਿਚ ਬਚਪਨ ਦੀਆਂ ਯਾਦਾਂ ਘੁੰਮ ਰਹੀਆਂ ਸਨ। ਇੰਨੇ ਨੂੰ ਭੁੱਲੋਵਾਲ ਦਾ ਅੱਡਾ ਆ ਗਿਆ। ਇਹ ਸਥਾਨ ਭੇਰੇ ਤੋਂ ਦਸ-ਬਾਰਾਂ ਮੀਲ ਦੀ ਵਿੱਥ ‘ਤੇ ਸੀ। ਡਰਾਈਵਰ ਨੇ ਦੱਸਿਆ ਕਿ ਬੱਸ ਇੱਥੇ ਪੌਣਾ ਘੰਟਾ ਰੁਕੇਗੀ। ਲੇਖਕ ਕੋਲ਼ ਭੇਰਾ ਵੇਖਣ ਲਈ ਕੇਵਲ ਤਿੰਨ ਘੰਟੇ ਹੀ ਰਹਿ ਗਏ ਸਨ। ਲੇਖਕ ਦੀ ਬੇਨਤੀ ਨੂੰ ਮੰਨਦਿਆਂ ਅੱਡਾ ਇਨਚਾਰਜ ਨੇ ਬੱਸ 15 ਮਿੰਟਾਂ ਦੇ ਅੰਦਰ ਹੀ ਤੋਰ ਦਿੱਤੀ। ਜਦੋਂ ਲੇਖਕ ਭੇਰੇ ਦੇ ਬੱਸ ਅੱਡੇ ਤੇ ਉੱਤਰਿਆ, ਤਾਂ ਉਸ ਦੇ ਸਾਥੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਸ ਨੂੰ ਹਰ ਗਲੀ ‘ਤੇ ਸੜਕ ਯਾਦ ਸੀ। ਬਲੋਚੀ ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਲੇਖਕ ਦੀ ਪਹਿਲੀ ਜਾਣ-ਪਛਾਣ ਭੇਰੇ ਦੀਆਂ ਵਿਸਰੀਆਂ ਖ਼ੁਸ਼ਬੂਆਂ ਨਾਲ਼ ਹੋਈ। ਦੁਲੰਘੜੇ ਮਾਰਦਾ ਉਹ ਸ਼ਹਿਰ ਦੇ ਦੂਜੇ ਸਿਰੇ ਗੰਜ ਮੰਡੀ ਵਾਲ਼ੇ ਚੌਂਕ ਵਿੱਚ ਦੀ ਹੋ ਕੇ ਥਾਣੇ ਜਾ ਪੁੱਜਾ। ਇਨਸਪੈਕਟਰ ਅੱਧਖੜ ਉਮਰ ਦਾ ਆਦਮੀ ਸੀ ਅਤੇ ਭੇਰੇ ਦੇ ਸਾਹਨੀਆਂ ਨੂੰ ਬਹੁਤ ਜਾਣਦਾ ਸੀ। ਉਸ ਨੇ ਲੇਖਕ ਦੇ ਆਉਣ ਅਤੇ ਵਾਪਸੀ ਨੂੰ ਇੱਕੋ ਸਮੇਂ ਹੀ ਪਾਸਪੋਰਟ ਉੱਤੇ ਦਰਜ ਕਰ ਦਿੱਤਾ। ਇੱਥੋਂ ਲੇਖਕ ਸਿੱਧਾ ਆਪਣੇ ਮੁਹੱਲੇ ਵੱਲ ਦੌੜ ਪਿਆ, ਪਰ ਆਪਣੇ ਮੁਹੱਲੇ ਦੇ ਨੇੜੇ ਪਹੁੰਚ ਕੇ ਭੰਬਲ-ਭੂਸਿਆਂ ਵਿੱਚ ਪੈ ਗਿਆ। ਹਰ ਪਾਸੇ ਢੱਠੀਆਂ ਹੋਈਆਂ ਇਮਾਰਤਾਂ ਸਨ ਤੇ ਸਾਰਾ ਹੁਲੀਆ ਬਦਲਿਆ ਹੋਇਆ ਸੀ। ਲੇਖਕ ਨੂੰ ਯਾਦ ਸੀ ਕਿ ਉਨ੍ਹਾਂ ਦੀ ਗਲ਼ੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ। ਉਸ ਘਰ ਦੇ ਸਾਹਮਣੇ ਉਸ ਦੇ ਚਾਚਾ ਜੀ ਦਾ ਘਰ ਸੀ। ਲੇਖਕ ਨੂੰ ਇਹ ਖੂਹ ਤਾਂ ਲੱਭ ਪਿਆ ਪਰ ਉਸ ਦੇ ਨੇੜੇ-ਤੇੜੇ ਨਾ ਕੋਈ ਗਲ਼ੀ ਸੀ ਤੇ ਨਾ ਹੀ ਮਕਾਨ। ਲੇਖਕ ਪੁੱਛਦਾ ਹੋਇਆ ਚੌਧਰੀ ਗ਼ੁਲਾਮ ਮੁਹੰਮਦ ਦੇ ਘਰ ਪੁਹੁੰਚ ਗਿਆ ਜੋ ਲੇਖਕ ਦਾ ਦਾਦੇ-ਪੋਤਰੇ ਭਰਾ ਸੀ, ਪਰ ਉਹ ਵੰਡ ਪਿੱਛੋਂ ਮੁਸਲਮਾਨ ਬਣ ਗਿਆ ਸੀ। ਉਸ ਦੀ ਸ਼ਕਲ ਦੇਖਦਿਆਂ ਹੀ ਲੇਖਕ ਨੂੰ ਉਸ ਦਾ ਬਚਪਨ ਦਾ ਰੂਪ ਚੇਤੇ ਆ ਗਿਆ। ਉਹ ਦੋਵੇਂ ਇਕੱਠੇ ਗਲ਼ੀਆਂ ਵਿੱਚ ਖੇਡਦੇ ਹੁੰਦੇ ਸਨ। ਲੇਖਕ ਦੇ ਪਿਤਾ ਦਾ ਨਾਂ ਸੁਣਦਿਆਂ ਹੀ ਉਸ ਦੇ ਗਲ ਲੱਗ ਕੇ ਜ਼ਾਰੋ-ਜ਼ਾਰ ਰੋਣ ਲੱਗ ਪਿਆ। ਫਿਰ ਉਹ ਲੇਖਕ ਨੂੰ ਆਪਣੇ ਘਰ ਦੇ ਅੰਦਰ ਲੈ ਗਿਆ। ਚੌਧਰੀ ਸਾਹਿਬ ਨੇ ਆਪਣੀ ਪਤਨੀ ਨੂੰ ਚਾਹ ਬਣਾਉਣ ਲਈ ਕਿਹਾ। ਉਸ ਦੇ ਲੜਕੇ ਅਨਵਰ ਨੇ ਆ ਕੇ ਲੇਖਕ ਦੇ ਪੈਰੀਂ ਹੱਥ ਲਾਇਆ। ਲੇਖਕ ਨੇ ਚੌਧਰੀ ਸਾਹਿਬ ਨੂੰ ਆਪਣੇ ਘਰ ਬਾਰੇ ਪੁੱਛਿਆ, ਪਰ ਉਸ ਨੂੰ ਉਸ ਬਾਰੇ ਕੁੱਝ ਯਾਦ ਨਹੀਂ ਸੀ । ਚੌਧਰੀ ਸਾਹਿਬ ਨੇ ਮੁੰਡੇ ਨੂੰ ਭੇਜ ਕੇ ਇਕ ਸੱਤਰ ਕੁ ਸਾਲ ਦੇ ਬੁੱਢੇ ਦੋਸਤ ਮੁਹੰਮਦ ਖ਼ਾਂ ਨੂੰ ਬੁਲਾਇਆ। ਉਸ ਦੀ ਸ਼ਕਲ-ਸੂਰਤ, ਪੱਗ ਤੇ ਬੋਲ-ਚਾਲ ਲੇਖਕ ਦੇ ਪਿਤਾ ਜੀ ਵਰਗੀ ਸੀ। ਦੋਸਤ ਮੁਹੰਮਦ ਖ਼ਾਂ ਨੂੰ ਵੀ ਲੇਖਕ ਦਾ ਘਰ ਭੁੱਲ-ਭੁਲਾ ਚੁੱਕਾ ਸੀ। ਇਸ ਸਮੇਂ ਗ਼ੁਲਾਮ ਮੁਹੰਮਦ ਤੇ ਦੋਸਤ ਮੁਹੰਮਦ ਖ਼ਾਂ ਦੋਵੇਂ ਹੀ ਰੋ ਰਹੇ ਸਨ। ਅਖ਼ੀਰ ਸਿਕੰਦਰ ਚਾਹ ਤਿਆਰ ਹੋਣ ਤੱਕ ਲੇਖਕ ਨੂੰ ਉਠਾਲ ਕੇ ਬਾਹਰ ਲੈ ਗਿਆ। ਅਚਾਨਕ ਲੇਖਕ ਦੀ ਨਜ਼ਰ ਇੱਕ ਘਰ ਦੇ ਵਿਹੜੇ ਵਿੱਚ ਪਈ। ਲੇਖਕ ਨੂੰ ਯਾਦ ਆਇਆ ਕਿ ਉਹ ਇਸ ਘਰ ਦੇ ਵਿਹੜੇ ਵਿੱਚ ਤੇ ਕੋਠੇ ਉੱਪਰ ਚੜ੍ਹ ਕੇ ਖੇਡਦਾ ਹੁੰਦਾ ਸੀ। ਪੌੜੀਆਂ ਕੋਲ਼ ਇੱਕ ਗ਼ਰੀਬੜਾ ਜਿਹਾ ਆਦਮੀ ਚਾਦਰ ਲੈ ਕੇ ਲੰਮਾ ਪਿਆ ਹੋਇਆ ਸੀ। ਉਸ ਨੇ ਲੇਖਕ ਨੂੰ ਅੰਦਰ ਆਉਣ ’ਤੇ ਕੋਠੇ ਉੱਪਰ ਚੜ੍ਹਨ ਦੀ ਆਗਿਆ ਦੇ ਦਿੱਤੀ। ਕੋਠੇ ਉੱਪਰੋਂ ਉਸ ਨੂੰ ਆਪਣੇ ਘਰ ਦਾ ਸੁਫ਼ਾ ਤੇ ਰਸੋਈ ਦਿਸ ਪਏ। ਲੇਖਕ ਚੀਕ ਉੱਠਿਆ ਤੇ ਭੈਣ ਦੀ ਹੋਈ ਕੁੜਮਾਈ ਯਾਦ ਆ ਗਈ। ਲੇਖਕ ਬੋਲਦਾ ਤੇ ਰੋਂਦਾ ਹੋਇਆ ਡਿੱਗ ਪਿਆ। ਅਸਲ ਵਿੱਚ ਉਸ ਨੂੰ ਆਪਣੀ ਮਰ ਚੁੱਕੀ ਭੈਣ ਦੀ ਯਾਦ ਆ ਗਈ ਸੀ।
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ਲੇਖਕ ਭੇਰੇ ਜਾਣ ਲਈ ਕਿਉਂ ਉਤਾਵਲਾ ਹੈ?
ਉੱਤਰ – ਭੇਰਾ ਲੇਖਕ ਦਾ ਜੱਦੀ ਸ਼ਹਿਰ ਹੈ। ਜਿੱਥੇ ਉਸ ਨੇ ਆਪਣੇ ਜੱਦੀ ਘਰ ਵਿੱਚ ਆਪਣਾ ਬਚਪਨ ਗੁਜ਼ਾਰਿਆ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਭੇਰੇ ਦੀਆਂ ਗਲ਼ੀਆਂ ਨਾਲ਼ ਉਸ ਦੀ ਬਚਪਨ ਦੀ ਸਾਂਝ ਸੀ। ਇਸ ਕਰਕੇ ਹੀ ਉਹ ਭੇਰੇ ਜਾਣ ਲਈ ਉਤਾਵਲਾ ਹੈ ।
ਪ੍ਰਸ਼ਨ 2. ਬੱਸ ਅੱਡੇ ਦਾ ਪ੍ਰਬੰਧਕ ਅਤੇ ਥਾਣੇ ਦਾ ਇੰਸਪੈਕਟਰ ਲੇਖਕ ਨਾਲ਼ ਕਿਵੇਂ ਪੇਸ਼ ਆਏ?
ਉੱਤਰ – ਬੱਸ ਅੱਡੇ ਦਾ ਪ੍ਰਬੰਧਕ ਅਤੇ ਥਾਣੇ ਦਾ ਇੰਸਪੈਕਟਰ ਦੋਵੇਂ ਹੀ ਲੇਖਕ ਨਾਲ ਬੜੀ ਹਮਦਰਦੀ ਤੇ ਪਿਆਰ ਭਾਵਨਾ ਨਾਲ਼ ਪੇਸ਼ ਆਏ। ਉਨਾਂ ਨੇ ਲੇਖਕ ਦੇ ਸੁੱਖ ਤੇ ਭਾਵਨਾਵਾਂ ਦਾ ਪੂਰਾ ਖ਼ਿਆਲ ਰੱਖਿਆ। ਇੰਸਪੈਕਟਰ ਨੇ ਪਾਸਪੋਰਟ ਉੱਤੇ ਆਮਦ ਅਤੇ ਰੁਖ਼ਸਤ ਦੇ ਦੋਵੋਂ ਅੰਦਰਾਜ਼ ਇੱਕ ਵਾਰੀ ਹੀ ਕਰ ਦਿੱਤੇ, ਤਾਂ ਜੋ ਦੁਬਾਰਾ ਲੇਖਕ ਨੂੰ ਕੋਤਵਾਲੀ ਨਾ ਆਉਣਾ ਪਵੇ।
ਪ੍ਰਸ਼ਨ 3. ਭੇਰਾ ਸ਼ਹਿਰ ਵਿੱਚ ਖੁਖਰਾਨ ਬਰਾਦਰੀ ਵਾਲ਼ਿਆਂ ਦੇ ਕਿਹੜੇ-ਕਿਹੜੇ ਮੁਹੱਲੇ ਸਨ?
ਉੱਤਰ – ਭੇਰਾ ਨਿੱਕਾ ਜਿਹਾ ਸ਼ਹਿਰ ਸੀ, ਜਿਸ ਵਿੱਚ ਖੁਖਰਾਨ ਬਰਾਦਰੀ ਵਾਲ਼ਿਆਂ ਦੇ ਅਲੱਗ-ਅਲੱਗ ਮੁਹੱਲੇ ਸਨ। ਸਾਹਨੀਆਂ ਦਾ ਮੁਹੱਲਾ, ਅਨੰਦਾਂ ਦਾ ਮੁਹੱਲਾ ਅਤੇ ਕੋਹਲੀਆਂ ਦਾ ਮੁਹੱਲਾ ਆਦਿ।
ਪ੍ਰਸ਼ਨ 4. ‘ਕੀ ਕਰਾਂ ਜੀ ਮਿੱਟੀ ਖਿੱਚ ਲਿਆਈ ਏ’ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
ਉੱਤਰ – ਇਹ ਸ਼ਬਦ ‘ਮੁੜ ਵੇਖਿਆ ਪਿੰਡ’ ਲੇਖ ਵਿੱਚ ਲੇਖਕ ਬਲਰਾਜ ਸਾਹਨੀ ਨੇ ਭੁੱਲੋਵਾਲ ਬੱਸ ਅੱਡੇ ਦੇ ਮੁੰਤਜ਼ਿਮ ਨੂੰ ਉਸ ਸਮੇਂ ਕਹੇ, ਜਦੋਂ ਉਸ ਨੇ ਲੇਖਕ ਨੂੰ ਸਵਾਲ ਕਰਕੇ ਕਿਹਾ,“ਭੇਰੇ ਵਿੱਚ ਹੁਣ ਹੈ ਕੀ, ਜਿਸ ਨੂੰ ਵੇਖਣ ਟੁਰੀ ਜਾ ਰਹੇ ਹੋ?”
ਪ੍ਰਸ਼ਨ 5. ਲੇਖਕ ਨੂੰ ਆਪਣੀ ਗਲ਼ੀ ਦਾ ਦ੍ਰਿਸ਼ ਦੇਖ ਕੇ ਕਿਵੇਂ ਮਹਿਸੂਸ ਹੋਇਆ ?
ਉੱਤਰ – ਲੇਖਕ ਨੂੰ ਯਾਦ ਸੀ ਕਿ ਉਸ ਦੀ ਆਪਣੀ ਗਲ਼ੀ ਦੀ ਨੁੱਕਰ ਉੱਤੇ ਇਕ ਖੂਹ ਹੁੰਦਾ ਸੀ। ਲੇਖਕ ਨੂੰ ਕੋਸ਼ਿਸ਼ ਕਰਨ ’ਤੇ ਖੂਹ ਤਾਂ ਲੱਭ ਗਿਆ, ਪਰ ਹੁਣ ਉੱਥੇ ਨਾ ਕੋਈ ਗਲ਼ੀ ਤੇ ਨਾ ਹੀ ਮਕਾਨ ਸੀ। ਭਾਰਤ ਵੰਡ ਤੋਂ ਪਹਿਲਾਂ ਇਸ ਖੂਹ ਦੇ ਬਿਲਕੁਲ ਸਾਹਮਣੇ ਲੇਖਕ ਦੇ ਚਾਚੇ ਦਾ ਘਰ ਸੀ। ਜਿਸ ਥਾਂ ਗਲ਼ੀਆਂ ਦਾ ਮੇਲ ਹੁੰਦਾ, ਉਹ ਖੁੱਲ੍ਹੀ ਥਾਂ ਸੀ। ਉੱਥੇ ਸਾਰਾ ਦਿਨ ਔਰਤਾਂ ਚਰਖੇ ਚਲਾਉਂਦੀਆਂ ਰਹਿੰਦੀਆਂ ਸਨ। ਲੇਖਕ ਦੇ ਚਾਚੇ ਦੇ ਘਰ ਦਾ ਦਰਵਾਜ਼ਾ ਪੁਰਾਣੀ ਕਿਸਮ ਦਾ ਸੀ, ਜਿਸ ਦੀ ਲੱਕੜੀ ਉੱਪਰ ਬਿਹਤਰੀਨ ਚੋਬਕਾਰੀ ਦਾ ਕੰਮ ਹੋਇਆ ਸੀ।
ਪ੍ਰਸ਼ਨ 6. ਚੌਧਰੀ ਗ਼ੁਲਾਮ ਮੁਹੰਮਦ ਦਾ ਲੇਖਕ ਨਾਲ਼ ਕੀ ਰਿਸ਼ਤਾ ਸੀ?
ਉੱਤਰ – ਚੌਧਰੀ ਗ਼ੁਲਾਮ ਮੁਹੰਮਦ ਅਤੇ ਲੇਖਕ ਇੱਕੋ ਦਾਦੇ ਦੇ ਪੋਤਰੇ ਸਨ। ਭਾਰਤ ਦੀ ਵੰਡ ਤੋਂ ਮਗਰੋਂ ਗ਼ੁਲਾਮ ਮੁਹੰਮਦ ਮੁਸਲਮਾਨ ਬਣ ਗਿਆ ਸੀ, ਪਰ ਲੇਖਕ ਹਿੰਦੂ ਹੀ ਰਿਹਾ।
ਪ੍ਰਸ਼ਨ 7. ਲੇਖਕ ਆਪਣੇ ਘਰ ਨੂੰ ਵੇਖਣ ਸਮੇਂ ਕਿਉਂ ਆਪਾ ਗੁਆ ਬੈਠਿਆ?
ਉੱਤਰ – ਆਪਣਾ ਘਰ ਦੇਖ ਕੇ ਲੇਖਕ ਇਸ ਲਈ ਆਪਾ ਗੁਆ ਬੈਠਿਆ, ਕਿਉਂਕਿ ਉਸ ਘਰ ਨਾਲ਼ ਉਸ ਦੀਆਂ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਸਨ। ਉਹ ਆਪਣੀ ਮਰ ਚੁੱਕੀ ਭੈਣ ਨੂੰ ਯਾਦ ਕਰ ਕੇ ਆਪੇ ਤੋਂ ਬਾਹਰ ਹੋ ਕੇ ਰੋਣ ਲੱਗ ਪਿਆ, ਜਿਸ ਦੀ ਕਿ ਉੱਥੇ ਕੁੜਮਾਈ ਹੋਈ ਸੀ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਮੁੜ ਵੇਖਿਆ ਪਿੰਡ‘ ਲੇਖ ਕਿਸ ਦੀ ਰਚਨਾ ਹੈ?
ਉੱਤਰ – ਬਲਰਾਜ ਸਾਹਨੀ ਦੀ।
ਪ੍ਰਸ਼ਨ 2. ਲੇਖਕ ਵੰਡ ਤੋਂ ਬਾਅਦ ਭੇਰੇ ਕਦੋਂ ਗਿਆ?
ਉੱਤਰ – 16 ਅਕਤੂਬਰ, 1962 ਈ: ਨੂੰ।
ਪ੍ਰਸ਼ਨ 3. ਭੇਰੇ ਰੇਲਵੇ ਸਟੇਸ਼ਨ ਵੱਲੋਂ ਆਉਂਦੇ ਸਭ ਤੋਂ ਪਹਿਲਾਂ ਕਿਹੜਾ ਮੁਹੱਲਾ ਆਉਂਦਾ ਹੈ?
ਉੱਤਰ – ਸਾਹਨੀਆਂ ਦਾ ਮੁਹੱਲਾ।
ਪ੍ਰਸ਼ਨ 4. ਕਿਹੜਾ ਆਦਮੀ ਭੇਰੇ ਦੇ ਸਾਹਨੀਆਂ ਨੂੰ ਜਾਣਦਾ ਸੀ?
ਉੱਤਰ – ਪੁਲਿਸ ਇੰਸਪੈਕਟਰ।
ਪ੍ਰਸ਼ਨ 5. ਭੇਰੇ ਵਿਚ ਲੇਖਕ ਦੀ ਗਲ਼ੀ ਦੀ ਨੁੱਕਰ ‘ਤੇ ਕੀ ਹੁੰਦਾ ਸੀ?
ਉੱਤਰ – ਖੂਹ।
ਪ੍ਰਸ਼ਨ 6. ਕੌਣ ਇੱਕ ਦਾਦੇ ਦੇ ਪੋਤਰੇ ਸਨ?
ਉੱਤਰ – ਲੇਖਕ ਤੇ ਚੌਧਰੀ ਗ਼ੁਲਾਮ ਮੁਹੰਮਦ।
ਪ੍ਰਸ਼ਨ 7. ਲੇਖਕ ਬਚਪਨ ਵਿੱਚ ਕਿਸ ਦੇ ਨਾਲ਼ ਖੇਡਿਆ ਸੀ?
ਉੱਤਰ – ਚੌਧਰੀ ਗ਼ੁਲਾਮ ਮੁਹੰਮਦ ਨਾਲ਼।
ਪ੍ਰਸ਼ਨ 8. ਚੌਧਰੀ ਗ਼ੁਲਾਮ ਮੁਹੰਮਦ ਦੇ ਪੁੱਤਰ ਦਾ ਕੀ ਨਾਂ ਸੀ?
ਉੱਤਰ – ਅਨਵਰ।
ਪ੍ਰਸ਼ਨ 9. ਭੇਰੇ ਦਾ ਪੈਂਡਾ ਕਿੰਨਾ ਸੀ?
ਉੱਤਰ – ਸੱਠ-ਸੱਤਰ ਮੀਲ।
ਪ੍ਰਸ਼ਨ 10. ਭੇਰੇ ਜਾਣ ਸਮੇਂ ਲੇਖਕ ਦੇ ਨਾਲ਼ ਉਸਦੇ ਹੋਰ ਕਿਹੜੇ ਦੋਸਤ ਸਨ?
ਉੱਤਰ – ਸਿਕੰਦਰ, ਸ਼ਾਕਿਰ, ਮੁਸਤਹਿਮੀਨ।
ਪ੍ਰਸ਼ਨ 11. ਲੇਖਕ ਭੇਰੇ ਦੇ ਕਿਹੜੇ ਦਰਵਾਜ਼ੇ ਦਾ ਜ਼ਿਕਰ ਕਰਦਾ ਹੈ?
ਉੱਤਰ – ਬਲੋਚੀ ਦਰਵਾਜੇ ਦਾ।
ਪ੍ਰਸ਼ਨ 12. ਲੇਖਕ ਆਪਣਾ ਘਰ ਦੇਖ ਕੇ ਕਿਸ ਨੂੰ ਯਾਦ ਕਰਕੇ ਰੋਣ ਲੱਗ ਪਿਆ?
ਉੱਤਰ – ਆਪਣੀ ਮਰ ਚੁੱਕੀ ਭੈਣ ਨੂੰ।
ਪ੍ਰਸ਼ਨ 13. ਲੇਖਕ ਦੇ ਛੋਟੇ ਭਰਾ ਦਾ ਕੀ ਨਾਂ ਸੀ?
ਉੱਤਰ – ਭੀਸ਼ਮ।
ਪ੍ਰਸ਼ਨ 14. ਭੁਲੋਵਾਲ ਭੇਰੇ ਤੋਂ ਕਿੰਨੀ ਦੂਰ ਹੈ।
ਉੱਤਰ – ਦਸ-ਬਾਰਾਂ ਮੀਲ ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037 |