5.ਸੂਬਾ ਸਿੰਘ
ਵਹਿਮੀ ਤਾਇਆ
ਸਾਰ
ਤਾਏ ਮਨਸਾ ਰਾਮ ਬਹੁਤ ਵਹਿਮ ਚਿੰਬੜੇ ਹੋਏ ਸਨ ਇਸ ਲਈ ਸਾਰੇ ਉਸ ਨੂੰ ‘ਵਹਿਮੀ ਤਾਇਆ’ ਆਖਦੇ ਸਨ। ਜਦ ਉਹ ਲੇਖਕ ਨੂੰ ਪਹਿਲੀ ਵਾਰੀ ਮਿਲ਼ਿਆ ਤਾਂ ਉਸ ਨੂੰ ਵਹਿਮ ਸੀ ਕਿ ਉਸ ਨੂੰ ਮਾੜੀ-ਮਾੜੀ ਭਖ ਰਹਿੰਦੀ ਹੈ। ਉਸ ਨੇ ਮੂੰਹ ਵਿੱਚ ਥਰਮਾਮੀਟਰ ਤੇ ਨਬਜ਼ ਉੱਤੇ ਉਂਗਲਾਂ ਰੱਖੀਆਂ ਹੋਈਆਂ ਸਨ। ਲੇਖਕ ਨੇ ਉਸ ਦੀ ਨਬਜ਼ ਦੇਖ ਕੇ ਬੁਖ਼ਾਰ ਨਾ ਹੋਣ ਬਾਰੇ ਕਿਹਾ, ਪਰ ਉਸ ਯਕੀਨ ਨਹੀਂ ਕੀਤਾ। ਕੁੱਝ ਦਿਨ ਮਗਰੋਂ ਤਾਏ ਨੂੰ ਇੱਕ ਹੋਰ ਵਹਿਮ ਚਿੰਬੜ ਗਿਆ ਕਿ ਬਿਮਾਰੀ ਦੇ ਕੀਟਾਣੂ ਹਰ ਬੰਦੇ ਨਾਲ਼ ਜੁੜੇ ਹੁੰਦੇ ਹਨ। ਇਸ ਕਰਕੇ ਤਾਇਆ ਜੇਕਰ ਕਿਸੇ ਨਾਲ਼ ਝਿਜਕਦਿਆਂ ਹੱਥ ਮਿਲ਼ਾ ਵੀ ਲੈਂਦਾ ਤਾਂ ਫਿਰ ਅੱਧਾ-ਅੱਧਾ ਘੰਟਾ ਸਾਬਣ ਨਾਲ਼ ਧੋਂਦਾ ਰਹਿੰਦਾ। ਇਸੇ ਤਰ੍ਹਾਂ ਇੱਕ ਵਾਰ ਤਾਏ ਦੇ ਘਰ ਕਿਸੇ ਮੁਲਾਕਾਤੀ ਨੇ ਉੱਥੇ ਖੇਡਦੇ ਗੁਆਂਢੀਆਂ ਦੇ ਇੱਕ ਬੱਚੇ ਦਾ ਮੂੰਹ ਚੁੰਮ ਲਿਆ, ਤਾਂ ਤਾਏ ਨੇ ਸਾਬਣ ਨਾਲ਼ ਉਸ ਦਾ ਮੂੰਹ ਰਗੜ-ਰਗੜ ਕੇ ਗੱਲ੍ਹਾਂ ਤੇ ਕੰਨਾਂ ਵਿੱਚੋਂ ਖ਼ੂਨ ਕੱਢ ਦਿੱਤਾ। ਬੱਚੇ ਦੀਆਂ ਚਾਂਗਰਾਂ ਸੁਣ ਉਸ ਦੇ ਘਰ ਵਾਲ਼ੇ ਡਾਗਾਂ ਚੁੱਕ ਕੇ ਆਏ ਤੇ ਉਨ੍ਹਾਂ ਬੱਚੇ ਨੂੰ ਤਾਏ ਤੋਂ ਛੁਡਾਇਆ। ਇੱਕ ਵਾਰ ਤਾਏ ਦਾ ਪੈਰ ਕਿਸ਼ਨੇ ਹਲਵਾਈ ਦੇ ਕੁੱਤੇ ਦੀ ਪੂਛ ਤੇ ਟਿਕ ਗਿਆ ਤੇ ਕੁੱਤਾ ਉਸ ਨੂੰ ਭੌਂਕਣ ਲੱਗਾ, ਤਾਂ ਕੁੱਤੇ ਦੁਆਰਾ ਵੱਢੇ ਜਾਣ ਦੇ ਵਹਿਮ ਕਰਕੇ ਹੀ ਉਸ ਨੇ ਚੌਦਾਂ ਟੀਕੇ ਲੁਆਏ ਤੇ ਕਿਹਾ ਕੁੱਤੇ ਦੀ ਤਾਂ ਹਵਾੜ ਵੀ ਮਾੜੀ ਹੁੰਦੀ ਹੈ। ਇਸੇ ਤਰ੍ਹਾਂ ਇੱਕ ਵਾਰ ਘੋੜੇ ਦੀ ਲਿੱਦ ਉੱਤੇ ਡਿੱਗਣ ਕਰਕੇ ਉਸ ਨੇ ਟੈਟਨਸ ਦਾ ਟੀਕਾ ਲੁਆਇਆ। ਕਿਸੇ ਹਾਦਸੇ ਬਾਰੇ ਸੁਣ ਤਾਇਆ ਵਹਿਮ ਕਰਦਾ ਕਿ ਉਸ ਦੇ ਨਿਕਟਵਰਤੀਆਂ ਵਿਚੋਂ ਕੋਈ ਮਰਿਆ ਜਾਂ ਫੱਟੜ ਹੋਇਆ ਹੈ। ਇਕ ਵਾਰੀ ਤਾਏ ਨੂੰ ਕਿਸੇ ਬੰਦੇ ਦੇ ਦਿਲ ਦੀ ਹਰਕਤ ਬੰਦ ਹੋਣ ਨਾਲ਼ ਮਰਨ ਬਾਰੇ ਸੁਣਨ ਮਗਰੋਂ ਇਹ ਵਹਿਮ ਲੱਗ ਗਿਆ ਕਿ ਉਸ ਦਾ ਦਿਲ ਵੀ ਨਹੀਂ ਧੜਕ ਰਿਹਾ ਅਤੇ ਉਹ ਦਿਲ ਦੀ ਹਰਕਤ ਜਾਂਚਣ ਲਈ ਸੱਜੀ ਵੱਖੀ ਨੂੰ ਘੁੱਟ ਰਿਹਾ ਸੀ। ਇਕ ਮਾਂਦਰੀ ਦੇ ਆਖਣ ’ਤੇ ਤਾਇਆ ਇਹ ਮੰਨਣ ਲੱਗ ਪਿਆ ਕਿ ਉਸ ਦਾ ਸਿਰ ਨਹੀਂ। ਇਹ ਸੁਣ ਕੇ ਲੇਖਕ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਪੱਗ ਕਾਹਦੇ ਉੱਤੇ ਬੰਨ੍ਹੀ ਹੋਈ ਹੈ? ਇਕ ਵਾਰ ਤਾਇਆ ਲੇਖਕ ਕੋਲ਼ ਪੁੱਜਾ ਕਿ ਉਸ ਨੂੰ ਉਹ ਕਿਧਰੇ ਲੈ ਜਾਵੇ, ਕਿਉਂਕਿ ਸ਼ਿੰਗਾਰੂ ਹੋਰਾਂ ਨੇ ਬੱਕਰੀ ਦੇ ਸਿੰਙ ਉੱਤੇ ਛੁਰੀਆਂ ਬੰਨ੍ਹ ਕੇ ਮਾਰਨ ਲਈ ਉਸ ਦੇ ਮਗਰ ਲਾ ਦਿੱਤਾ। ਲੇਖਕ ਨੇ ਉਸ ਨੂੰ ਬਥੇਰਾ ਸਮਝਾਇਆ, ਪਰ ਉਸ ਨੂੰ ਕਦੇ ਵੀ ਸਮਝ ਨਾ ਆਈ। ਇਹ ਸੱਚ ਹੈ ਕਿ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ।
ਛੋਟੇ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ‘ਵਹਿਮੀ ਤਾਇਆ’ ਲੇਖ ਲਿਖਣ ਦਾ ਕੀ ਉਦੇਸ਼ ਹੈ ? ਸੰਖੇਪ ਤੇ ਢੁੱਕਵਾਂ ਉੱਤਰ ਦਿਓ।
ਉੱਤਰ – ਵਹਿਮੀ ਤਾਇਆ ਲੇਖ ਲਿਖਣ ਦਾ ਉਦੇਸ਼ ਇਹ ਸਮਝਾਉਣਾ ਹੈ ਕਿ ਵਹਿਮ ਸਾਡੀ ਮਾਨਸਿਕ ਅਵਸਥਾ ਨਾਲ਼ ਜੁੜੀ ਇੱਕ ਅਜਿਹੀ ਬਿਮਾਰੀ ਹੈ, ਜਿਸ ਦਾ ਕੋਈ ਇਲਾਜ ਨਹੀਂ ਹੁੰਦਾ। ਬਹੁ-ਗਿਣਤੀ ਵਹਿਮ ਅਜਿਹੇ ਹੁੰਦੇ ਹਨ, ਜੋ ਕਦੇ ਵਾਪਰਦੇ ਨਹੀਂ, ਪਰ ਅਸੀਂ ਫਿਰ ਵੀ ਉਹਨਾਂ ਵਿੱਚ ਫਸ ਕੇ ਆਪਣਾ ਕੀਮਤੀ ਸਮਾਂ ਨਸ਼ਟ ਕਰ ਲੈਂਦੇ ਹਾਂ। ਵਹਿਮੀ ਆਦਮੀ ਨੂੰ ਸਮਝਾਇਆ ਨਹੀਂ ਜਾ ਸਕਦਾ। ਉਸ ਦੇ ਅੰਦਰ ਇੱਕ ਤੋਂ ਬਾਅਦ ਇੱਕ ਲਗਾਤਾਰ ਵਹਿਮ ਉਪਜਦੇ ਰਹਿੰਦੇ ਹਨ। ਸਾਨੂੰ ਵਹਿਮੀ ਆਦਮੀ ਤੋਂ ਦੂਰ ਰਹਿਣਾ ਚਾਹੀਦਾ ਹੈ।
ਪ੍ਰਸ਼ਨ 2. “ਵਹਿਮੀਆਂ ਨਾਲ਼ ਮੁਕਾਬਲਾ ਆਕਲ ਭੁੱਲ ਕਰੇਣ,” ਵਹਿਮੀਆਂ ਨਾਲ਼ ਮੁਕਾਬਲਾ ਕਿਉਂ ਨਹੀਂ ਕੀਤਾ ਜਾ ਸਕਦਾ? ਸੰਖੇਪ ਵਿੱਚ ਚਰਚਾ ਕਰੋ।
ਉੱਤਰ – ਇਸ ਕਥਨ ਦੇ ਅਨੁਸਾਰ ਸਿਆਣਾ ਆਦਮੀ ਭੁੱਲ ਕੇ ਵੀ ਵਹਿਮੀ ਆਦਮੀਆਂ ਨਾਲ਼ ਉਹਨਾਂ ਦੇ ਵਹਿਮ ਹਟਾਉਣ ਦੇ ਮੁਕਾਬਲੇ ਵਿੱਚ ਨਹੀਂ ਪੈਂਦਾ। ਕਿਉਂਕਿ ਵਹਿਮੀ ਆਦਮੀ ਵਹਿਮ ਦਾ ਪਿੱਛਾ ਅਸਾਨੀ ਨਾਲ਼ ਨਹੀਂ ਛੱਡਦੇ। ਜੇਕਰ ਇੱਕ ਵਹਿਮ ਦੂਰ ਹੋ ਵੀ ਜਾਵੇ, ਤਾਂ ਉਹ ਬਹੁਤ ਜਲਦੀ ਦੂਜਾ ਵਹਿਮ ਅਪਣਾ ਲੈਂਦੇ ਹਨ । ਵਹਿਮੀ ਆਦਮੀ ਆਪਣੇ ਵਹਿਮ ਨੂੰ ਛੱਡ ਕੇ ਕਿਸੇ ਦੀ ਵੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ। ਸਿਆਣਿਆਂ ਦਾ ਕਿਹਾ ਸਹੀ ਹੈ ਕਿ ਬਾਕੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ, ਪਰ ਵਹਿਮ ਦਾ ਕੋਈ ਇਲਾਜ ਨਹੀਂ ਹੈ। ਲੇਖਕ ਦੇ ਅਨੇਕਾਂ ਯਤਨ ਕਰਨ ਤੋਂ ਬਾਅਦ ਵੀ ਤਾਇਆ ਮਨਸਾ ਰਾਮ ਵਹਿਮਾਂ ਵਿਚੋਂ ਬਾਹਰ ਨਹੀਂ ਆਉਂਦਾ।
ਪ੍ਰਸ਼ਨ 3. “ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਕੌਣ ਹਟਾਏ?” ਇਸ ਕਥਨ ਦੇ ਪੱਖ ਜਾਂ ਵਿਰੋਧ ਵਿੱਚ ਦਲੀਲਾਂ ਦਿਓ।
ਉੱਤਰ – ਇਹ ਸਿਆਣੇ ਆਦਮੀਆਂ ਦਾ ਕਿਹਾ ਹੈ ਕਿ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਦਾ ਕੋਈ ਇਲਾਜ ਨਹੀਂ। ਜੇਕਰ ਤਾਇਆ ਮਨਸਾ ਰਾਮ ਦੇ ਸੰਬੰਧ ਵਿੱਚ ਵੇਖਿਆ ਜਾਵੇ, ਤਾਂ ਇਹ ਗੱਲ ਬਿਲਕੁਲ ਸੱਚ ਸਾਬਤ ਹੁੰਦੀ ਹੈ। ਵਹਿਮੀ ਵਿਅਕਤੀ ਵਹਿਮਾਂ ਵਿੱਚ ਫਸ ਕੇ ਕਿਸੇ ਵੀ ਸਮਝਦਾਰ ਵਿਅਕਤੀ ਦੀ ਗੱਲ ਵੀ ਸਮਝ ਨਹੀਂ ਪਾਉਂਦਾ। ਹਰ ਸਮੇਂ ਉਹ ਵਹਿਮਾਂ ਦਾ ਪਿੱਛਾ ਨਹੀਂ ਛੱਡਦਾ। ਵਹਿਮ ਨੂੰ ਦੂਰ ਕਰਨ ਲਈ ਕੋਈ ਦਵਾਈ ਵੀ ਨਹੀਂ ਹੈ।
ਪ੍ਰਸ਼ਨ 4. ਇਸ ਲੇਖ ਵਿੱਚੋਂ ਤਾਇਆ ਮਨਸਾ ਰਾਮ ਦੇ ਕੁਝ ਦਿਲਚਸਪ ਵਹਿਮਾਂ ਦਾ ਜ਼ਿਕਰ ਸੰਖੇਪ ਵਿੱਚ ਕਰੋ।
ਉੱਤਰ – ਤਾਇਆ ਮਨਸਾ ਰਾਮ ਨੂੰ ਲੱਗਦਾ ਹੈ ਕਿ ਉਸ ਨੂੰ ‘ਭਖ’ ਭਾਵ ਬੁਖ਼ਾਰ ਰਹਿੰਦਾ ਹੈ, ਜਿਸ ਕਰਕੇ ਉਹ ਹਰ ਸਮੇਂ ਆਪਣੇ ਮੂੰਹ ਵਿੱਚ ਥਰਮਾਮੀਟਰ ਪਾਈ ਰੱਖਦਾ ਹੈ। ਜਦੋਂ ਤਾਏ ਨੂੰ ਪਤਾ ਲੱਗਦਾ ਕਿ ਬੰਦਿਆਂ ਨਾਲ਼ ਕੀਟਾਣੂ ਲੱਗੇ ਹੁੰਦੇ ਹਨ, ਤਾਂ ਉਹ ਸਾਰਿਆਂ ਤੋਂ ਦੂਰ ਰਹਿਣਾ ਸੁਰੂ ਕਰ ਦਿੰਦਾ ਹੈ ਅਤੇ ਵਾਰ-ਵਾਰ ਸਾਬਣ ਨਾਲ ਹੱਥ ਧੋਂਦਾ ਹੈ। ਉਹ ਸਰੀਰ ਤੋਂ ਕੀਟਾਣੂਆਂ ਨੂੰ ਮਾਰਨ ਲਈ ਗੁਆਂਢੀਆਂ ਦੇ ਮੁੰਡੇ ਨੂੰ ਸਾਬਣ ਨਾਲ਼ ਰਗੜ-ਰਗੜ ਕੇ ਨਹਾਉਂਦਾ ਹੋਇਆ ਬੁਰਾ ਹਾਲ਼ ਕਰ ਦਿੰਦਾ ਹੈ। ਉਹ ਕੁੱਤੇ ਦੇ ਸਿਰਫ ਭੌਂਕਣ ਕਰਕੇ ਹਵਾੜ ਨੂੰ ਹੀ ਮਾਰੂ ਦੱਸਕੇ ਟੀਕੇ ਲਗਵਾ ਲੈਂਦਾ ਹੈ। ਇਸ ਤੋਂ ਇਲਾਵਾ ਦਿਲ ਦੀ ਧੜਕਣ ਰੁਕਣ ਅਤੇ ਬੱਕਰੀ ਦੇ ਸਿੰਗਾਂ ਨਾਲ਼ ਛੁਰੀਆਂ ਬੱਧੀਆਂ ਵਰਗੇ ਉਸ ਦੇ ਹੋਰ ਵੀ ਕਈ ਦਿਲਚਸਪ ਵਹਿਮ ਹਨ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਵਹਿਮੀ ਤਾਇਆ’ ਲੇਖ ਦਾ ਲੇਖਕ ਕੌਣ ਹੈ?
ਉੱਤਰ – ਸੂਬਾ ਸਿੰਘ।
ਪ੍ਰਸ਼ਨ 2. ‘ਵਹਿਮੀ ਤਾਇਆ’ ਲੇਖ ਵਿੱਚ ਕਿਹੜਾ ਪਾਤਰ ਵਹਿਮ ਦਾ ਸ਼ਿਕਾਰ ਹੈ?
ਉੱਤਰ – ਤਾਇਆ ਮਨਸਾ ਰਾਮ।
ਪ੍ਰਸ਼ਨ 3. ‘ਵਹਿਮੀ ਤਾਇਆ’ ਲੇਖ ਅਨੁਸਾਰ ਦੁਨੀਆ ਵਿੱਚ ਕਿਹੜੀ ਬਿਮਾਰੀ ਦਾ ਇਲਾਜ ਨਹੀਂ ਹੈ?
ਉੱਤਰ – ਵਹਿਮ ਦਾ।
ਪ੍ਰਸ਼ਨ 4. ਤਾਇਆ ਮਨਸਾ ਰਾਮ ਨੇ ਪਹਿਲੀ ਵਾਰ ਮਿਲ਼ਣ ਸਮੇਂ ਲੇਖਕ ਕੋਲ਼ ਕਿਹੜੇ ਵਹਿਮ ਬਾਰੇ ਚਿੰਤਾ ਕੀਤੀ?
ਉੱਤਰ – ਮਾੜੀ-ਮਾੜੀ ਭਖ ਰਹਿਣ ਦੀ।
ਪ੍ਰਸ਼ਨ 5. ਤਾਏ ਨੂੰ ਬੁਖ਼ਾਰ ਤੋਂ ਬਾਅਦ ਹੋਰ ਕਿਹੜਾ ਵਹਿਮ ਚਿੰਬੜ ਗਿਆ?
ਉੱਤਰ – ਕੀਟਾਣੂ ਚਿੰਬੜਨ ਦਾ।
ਪ੍ਰਸ਼ਨ 6. ਹੱਟੀ ਵਿਚ ਬੈਠੇ ਤਾਏ ਦੇ ਮੂੰਹ ਵਿੱਚ ਕੀ ਪਾਇਆ ਹੋਇਆ ਸੀ?
ਉੱਤਰ – ਥਰਮਾਮੀਟਰ।
ਪ੍ਰਸ਼ਨ 7. ਤਾਇਆ ਮਨਸਾ ਰਾਮ ਕਿਹੜੇ ਹਕੀਮ ਦਾ ਨਾਂ ਲੈਂਦਾ ਹੈ ?
ਉੱਤਰ – ਕਰਤਾਰ ਚੰਦ ਦਾ।
ਪ੍ਰਸ਼ਨ 8. ਹਲਵਾਈ ਦੀ ਦੁਕਾਨ ਉੱਤੇ ਤਾਏ ਦਾ ਪੈਰ ਕਿਸ ਉੱਤੇ ਰੱਖਿਆ ਗਿਆ ?
ਉੱਤਰ – ਕੁੱਤੇ ਦੀ ਪੂਛ ਉੱਤੇ।
ਪ੍ਰਸ਼ਨ 9. ਤਾਇਆ ਮਨਸਾ ਰਾਮ ਨੇ ਕੁੱਤੇ ਦੇ ਦੰਦ ਮਾਰਨ ਦੇ ਵਹਿਮ ਵਿੱਚ ਕੀ ਕੀਤਾ?
ਉੱਤਰ – ਚੌਦਾਂ ਟੀਕੇ ਲਗਵਾਏ।
ਪ੍ਰਸ਼ਨ 10. ਦਿਲ ਦੇ ਰੋਗ ਦਾ ਵਹਿਮ ਹੋਣ ਕਰਕੇ ਤਾਏ ਨੇ ਹੱਥ ਕਿੱਥੇ ਰੱਖਿਆ?
ਉੱਤਰ – ਸੱਜੀ ਵੱਖੀ ਉੱਤੇ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037