4. ਲਾਲ ਸਿੰਘ ਕਮਲਾ ਅਕਾਲੀ
ਢੋਲ–ਢਮੱਕਾ
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ‘ਢੋਲ–ਢਮੱਕਾ‘ ਲੇਖ ਅਨੁਸਾਰ ਜਰਮਨਾਂ ਨੇ ਨਾਰਵੇ ਦੇ ਸ਼ਹਿਰ ਓਸਲੋ ਨੂੰ ਕਿਸ ਉਸਤਾਦੀ ਨਾਲ਼ ਮੱਲਿਆ?
ਉੱਤਰ – ਨਾਰਵੇ ਦੇ ਸ਼ਹਿਰ ਓਸਲੋ ਨੂੰ ਮੱਲਣ ਲਈ ਜਰਮਨਾਂ ਨੇ ਜਹਾਜ਼ਾਂ ਵਿੱਚੋਂ ਉੱਤਰ ਕੇ ਆਪਣੇ ਅੱਗੇ 25-30 ਆਦਮੀ ਬੈਂਡ–ਵਾਜਾ ਵਜਾਉਣ ਵਾਲ਼ੇ ਲਾ ਲਏ। ਉਨ੍ਹਾਂ ਦੇ ਪਿੱਛੇ ਜਰਮਨ ਸਿਪਾਹੀ ਪਰੇਟ ਵਾਂਗ ਮਾਰਚ ਕਰਦੇ ਹੋਏ ਓਸਲੋ ਬੰਦਰਗਾਹ ਵਿਚ ਤੁਰ ਪਏ। ਵਾਜਾ ਸੁਣ ਕੇ ਲੋਕੀਂ ਘਰਾਂ ਤੋਂ ਨਿਕਲ ਕੇ ਤਮਾਸ਼ਾ ਵੇਖਦੇ ਵਾਜੇ ਦੀਆਂ ਸੁਰਾਂ ਵਿੱਚ ਮਸਤ ਹੋ ਕੇ ਖ਼ਤਰੇ ਨੂੰ ਸਮਝ ਨਾ ਸਕੇ। ਕਿਸੇ ਨੂੰ ਇਹ ਖ਼ਿਆਲ ਨਾ ਆਇਆ ਕਿ ਜਰਮਨ ਫ਼ੌਜ ਇਸ ਤਰ੍ਹਾਂ ਬੈਂਡ ਵਾਜਾ ਵਜਾਉਂਦੀ ਜਾਂਝੀਆਂ ਵਾਂਗ ਸ਼ਹਿਰ ਵਿਚ ਵੜ ਜਾਵੇਗੀ। ਜਦ ਅਸਲ ਗੱਲ ਦਾ ਪਤਾ ਲੱਗਾ, ਉਦੋਂ ਕੁੱਝ ਨਹੀਂ ਹੋ ਸਕਦਾ ਸੀ। ਇਸ ਤਰ੍ਹਾਂ ਜਰਮਨਾਂ ਨੇ ਓਸਲੋ ਸ਼ਹਿਰ ਨੂੰ ਬਿਨਾਂ ਗੋਲ਼ੀ ਚਲਾਏ ਮੱਲ ਲਿਆ।
ਪ੍ਰਸ਼ਨ 2. ਦੁਨੀਆ ਦਾ ਉਲਟਾਪਨ ਕੀ ਹੈ?
ਉੱਤਰ – ਜਿਹੜਾ ਫ਼ਰੇਬ ਦੀ ਨੀਤੀ ਅਪਣਾ ਕੇ ਦੂਜੇ ਨੂੰ ਕਾਬੂ ਕਰੇ, ਉਹ ਸੱਭਿਆ ਕਹਾਉਂਦਾ ਹੈ, ਪਰੰਤੂ ਜਿਹੜਾ ਹੋਰ ਗੱਲਾਂ–ਬਾਤਾਂ ਨਾ ਕਰੇ, ਬਿਨਾਂ ਹੇਰ–ਫੇਰ ਤੋਂ ਸਿੱਧੀ ਮਤਲਬ ਦੀ ਗੱਲ ਕਰੇ, ਉਹ ਅਸੱਭਿਆ ਅਰਥਾਤ ਪਸ਼ੂ–ਬਿਰਤੀ ਵਾਲ਼ਾ ਕਹਾਉਂਦਾ ਹੈ। ਇਹ ਦੁਨੀਆ ਦਾ ਉਲਟਾਪਨ ਹੈ।
ਪ੍ਰਸ਼ਨ 3. ‘ਢੋਲ–ਢਮੱਕਾ‘ ਲੇਖ ਅਨੁਸਾਰ ਦੂਜਿਆਂ ਨੂੰ ਕਮਲ਼ੇ ਕਰਨ ਦੇ ਕੀ–ਕੀ ਢੰਗ ਵਰਤੇ ਜਾਂਦੇ ਹਨ?
ਉੱਤਰ – ਦੂਜਿਆਂ ਨੂੰ ਕਮਲ਼ੇ ਕਰਨ ਲਈ ਮਨੁੱਖ ਵਿੰਗੇ ਟੇਢੇ ਉਸਤਾਦੀ ਦੇ ਰਾਹ ਘੱਟ ਵਰਤ ਕੇ ਫ਼ਰੇਬ ਦੀ ਨੀਤੀ ਦੀ ਵਰਤੋਂ ਕਰਦਾ ਹੈ। ਉਹ ਆਪਣੇ ਵਿਰੋਧੀ ਵਿਰੁੱਧ ਨਾ ਦਿਸਣ ਵਾਲ਼ੇ ਹਥਿਆਰਾਂ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਸੁਰੀਲੀ ਅਵਾਜ਼, ਲੈਕਚਰ ਅਤੇ ਉੱਚੀ ਅਵਾਜ਼ ਨਾਲ਼ ਲੋਕਾਂ ਨੂੰ ਭਰਮਾ ਕੇ ਆਪਣੇ ਮਗਰ ਲਾਉਂਦਾ ਹੈ। ਸਾਡੇ ਦੇਸ ਵਿੱਚ ਦੂਜਿਆਂ ਨੂੰ ਕਮਲ਼ੇ ਕਰਨ ਲਈ ਸੰਘ ਪਾੜ ਕੇ ਰੌਲਾ ਪਾਉਣ ਦਾ ਢੰਗ ਵਧੇਰੇ ਵਰਤਿਆ ਜਾਂਦਾ ਹੈ।
ਪ੍ਰਸ਼ਨ 4. ਲੇਖਕ ਨੇ ਬਜ਼ਾਰਾਂ ਵਿੱਚ ਪੈਂਦੇ ਰੌਲ਼ੇ ਦੀ ਤੁਲਨਾ ਕਿਨ੍ਹਾਂ–ਕਿਨ੍ਹਾਂ ਪ੍ਰਤੀਕਾਂ ਨਾਲ਼ ਕੀਤੀ ਹੈ?
ਉੱਤਰ – ਬਜ਼ਾਰਾਂ ਵਿੱਚ ਪੈਂਦੇ ਰੌਲ਼ੇ ਦੀ ਤੁਲਨਾ ਲੇਖਕ ਨੇ ਰਾਤ ਨੂੰ ਹਵਾਂਕਦੇ ਗਿੱਦੜਾਂ, ਚਿੜੀਆਂ ਘਰਾਂ ਵਿੱਚ ਰਹਿੰਦੇ ਭਾਂਤ–ਭਾਂਤ ਦੇ ਜਾਨਵਰਾਂ ਦੀਆਂ ਅਵਾਜ਼ਾਂ ਅਤੇ ਬਿੱਲੇ ਤੋਂ ਡਰ ਕੇ ਕਾਂ–ਕਾਂ ਦਾ ਰੌਲ਼ਾ ਪਾਉਂਦੇ ਕਾਵਾਂ ਨਾਲ਼ ਕੀਤੀ ਹੈ।
ਪ੍ਰਸ਼ਨ 5. ਜੰਗਲ਼ ਦੇ ਜਾਨਵਰ ਨੰਗੇ ਪੈਰਾਂ ਦੀ ਆਹਟ ਦੂਰੋਂ ਕਿਉਂ ਸੁਣ ਲੈਂਦੇ ਹਨ?
ਉੱਤਰ – ਜੰਗਲ਼ ਦੇ ਜਾਨਵਰਾਂ ਦੀ ਸੁਣਨ–ਸ਼ਕਤੀ ਬਹੁਤ ਸੂਖ਼ਮ ਹੁੰਦੀ ਹੈ, ਕਿਉਂਕਿ ਉਹ ਮਨੁੱਖੀ ਸੱਭਿਅਤਾ ਦੇ ਰੌਲ਼ੇ–ਰੱਪੇ ਤੋਂ ਦੂਰ ਕੁਦਰਤ ਦੀ ਚੁੱਪ, ਸ਼ਾਂਤੀ ਅਤੇ ਇਕਾਂਤ ਵਿੱਚ ਵੱਸਦੇ ਹਨ। ਇਸ ਲਈ ਉਹ ਦੂਰੋਂ ਨੰਗੇ ਪੈਰਾਂ ਦੀ ਆਹਟ ਸੁਣ ਲੈਂਦੇ ਹਨ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਢੋਲ–ਢਮੱਕਾ‘ ਲੇਖ ਕਿਸ ਦੀ ਰਚਨਾ ਹੈ?
ਉੱਤਰ – ਲਾਲ ਸਿੰਘ ਕਮਲਾ ਅਕਾਲੀ।
ਪ੍ਰਸ਼ਨ 2. ਲੋਕ ਰੌਲ਼ਾ ਪਾ ਕੇ ਲੋਕਾਂ ਨੂੰ ਆਪਣੇ ਮਗਰ ਕਿਉਂ ਲਾਉਂਦੇ ਹਨ?
ਉੱਤਰ – ਆਪਣਾ ਉੱਲੂ ਸਿੱਧਾ ਕਰਨ ਲਈ।
ਪ੍ਰਸ਼ਨ 3. ਕਿਸ ਨੇ ਜੰਗ ਵਿੱਚ ਪਹਿਲੇ ਹਮਲੇ ਨਾਲ਼ ਹੀ ਫ਼ਰਾਂਸ ਤੇ ਬੈਲਜੀਅਮ ਉਲਟਾ ਮਾਰੇ?
ਉੱਤਰ – ਜਰਮਨਾਂ ਨੇ।
ਪ੍ਰਸ਼ਨ 4. ਜਰਮਨਾਂ ਨੇ ਕਿਹੜੇ ਜਹਾਜ਼ੀ ਬੇੜੇ ਨੂੰ ਰੋਕਣ ਦੀ ਕੋਸ਼ਸ਼ ਕੀਤੀ?
ਉੱਤਰ – ਬਰਤਾਨੀਆ ਦੇ।
ਪ੍ਰਸ਼ਨ 5. ਜਰਮਨਾਂ ਨੇ ਡੈਨਮਾਰਕ ਤੇ ਹਾਲੈਂਡ ਤੋਂ ਇਲਾਵਾ ਕਿਹੜਾ ਕੰਢਾ ਮੱਲਣ ਦੀ ਕੋਸ਼ਸ਼ ਕੀਤੀ?
ਉੱਤਰ – ਨਾਰਵੇ ਦਾ।
ਪ੍ਰਸ਼ਨ 6. ਜਰਮਨ ਫ਼ੌਜਾਂ ਨੇ ਬੈਂਡ ਵਜਾਉਂਦਿਆਂ ਕਿਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ?
ਉੱਤਰ – ਓਸਲੋ ਉੱਤੇ।
ਪ੍ਰਸ਼ਨ 7. ਕੌਣ ਬਿਨਾਂ ਸਿੰਙਾਂ ਤੋਂ ਫ਼ਰੇਬ ਤੇ ਨੀਤੀ ਨਾਲ਼ ਦੂਜਿਆਂ ਨੂੰ ਅਧੀਨ ਕਰਨਾ ਚਾਹੁੰਦਾ ਹੈ?
ਉੱਤਰ – ਮਨੁੱਖ।
ਪ੍ਰਸ਼ਨ 8. ਅੱਜ–ਕੱਲ੍ਹ ਦੂਜਿਆਂ ਨੂੰ ਫ਼ਰੇਬ ਤੇ ਨੀਤੀ ਨਾਲ਼ ਕਾਬੂ ਕਰਨ ਵਾਲ਼ੇ ਨੂੰ ਕੀ ਕਹਿੰਦੇ ਹਨ?
ਉੱਤਰ – ਸਭਿਤ।
ਪ੍ਰਸ਼ਨ 9. ਸਾਡਾ ਦੇਸ਼ ਕਿਹੋ–ਜਿਹੇ ਢੋਲ–ਢਮੱਕੇ ਵਾਲ਼ਾ ਦੇਸ ਹੈ?
ਉੱਤਰ – ਹਮਲੇ ਤੇ ਸੰਕੋਚੀ।
ਪ੍ਰਸ਼ਨ 10. ਸਾਡੇ ਦੇਸ ਵਿੱਚ ਸਾਡੀਆਂ ਜੇਬਾਂ ਫਰੋਲਣ ਵਾਲ਼ੇ ਲੋਕ ਕਦੋਂ ਆਪਣਾ ਕੰਮ ਆਰੰਭ ਦਿੰਦੇ ਹਨ?
ਉੱਤਰ – ਸਵੇਰੇ ਹੀ।
ਪ੍ਰਸ਼ਨ 11. ਲੇਖਕ ਅਨੁਸਾਰ ਕਿਹੜੀਆਂ ਚੀਜ਼ਾਂ ਇਕ ਥਾਂ ਨਹੀਂ ਹੋ ਸਕਦੀਆਂ?
ਉੱਤਰ – ਸਮਝ ਅਤੇ ਰੌਲ਼ਾ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037